ਐੱਨਸੀਸੀ ਕੈਡੇਟਿਸ ਨੂੰ ਮਾਰਸ਼ਲ ਆਰਟਸ ਦੀ ਸਿਖਲਾਈ ਦਿੱਤੀ
ਲੁਧਿਆਣਾ (ਖੇਤਰੀ ਪ੍ਰਤੀਨਿਧ): ਪੰਜਾਬ ਗਰਲਜ਼ ਬਟਾਲੀਅਨ ਐੱਨਸੀਸੀ ਲੁਧਿਆਣਾ ਦੇ ਚੱਲ ਰਹੇ ਸਾਲਾਨਾ ਸਿਖਲਾਈ ਕੈਂਪ ਦੇ ਹਿੱਸੇ ਵਜੋਂ 415 ਐੱਨਸੀਸੀ ਗਰਲ ਕੈਡਿਟਾਂ ਨੂੰ ਸਵੈ-ਰੱਖਿਆ ਲਈ ਮਾਰਸ਼ਲ ਆਰਟਸ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਹ ਕੈਂਪ ਕਮਾਂਡੈਂਟ ਕਰਨਲ ਆਰਐੱਸ ਚੌਹਾਨ ਦੀ ਅਗਵਾਈ ਹੇਠ ਲਗਾਇਆ ਜਾ ਰਿਹਾ ਹੈ। ਕੈਂਪ ਦੌਰਾਨ ਨਾ ਸਿਰਫ਼ ਅਨੁਸ਼ਾਸਨ ਅਤੇ ਮਸ਼ਕ ਰਾਹੀਂ, ਸਗੋਂ ਵਿਹਾਰਕ ਜੀਵਨ ਹੁਨਰਾਂ ਨਾਲ ਵੀ ਕੈਡਿਟਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਮਾਹਿਰ ਇੰਸਟ੍ਰਕਟਰਾਂ ਦੀ ਅਗਵਾਈ ਹੇਠ ਮਾਰਸ਼ਲ ਆਰਟਸ ਸਿਖਲਾਈ ਸੈਸ਼ਨ, ਨੌਜਵਾਨ ਕੈਡਿਟਾਂ ਨੂੰ ਅਸਲ-ਜੀਵਨ ਦੀਆਂ ਸਥਿਤੀਆਂ ਵਿੱਚ ਆਪਣੇ-ਆਪ ਨੂੰ ਬਚਾਉਣ ਲਈ ਲੋੜੀਂਦੀਆਂ ਤਕਨੀਕਾਂ ਅਤੇ ਹਾਂ-ਪੱਖੀ ਸੋਚ ਬਣਾ ਕੇ ਰੱਖਣ ਲਈ ਤਿਆਰ ਕੀਤੇ ਗਏ ਹਨ। ਸਿਖਲਾਈ ਵਿੱਚ ਸਥਿਤੀ ਸੰਬੰਧੀ ਜਾਗਰੂਕਤਾ ਅਤੇ ਮਨੋਵਿਗਿਆਨਕ ਤਿਆਰੀ ਦੇ ਨਾਲ-ਨਾਲ ਬਚਣ ਦੀਆਂ ਤਕਨੀਕਾਂ ਸ਼ਾਮਲ ਹਨ। ਕਰਨਲ ਆਰਐੱਸ ਚੌਹਾਨ ਨੇ ਅੱਜ ਦੇ ਮਾਹੌਲ ਵਿੱਚ ਅਜਿਹੀ ਸਿਖਲਾਈ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਵੈ-ਰੱਖਿਆ ਸਿਰਫ਼ ਇੱਕ ਸਰੀਰਕ ਹੁਨਰ ਨਹੀਂ ਹੈ, ਸਗੋਂ ਇੱਕ ਮਾਨਸਿਕਤਾ ਹੈ। ਮਾਰਸ਼ਲ ਆਰਟਸ ਰਾਹੀਂ ਕੈਡੇਟਿਸ ਨਾ ਸਿਰਫ਼ ਤਕਨੀਕੀ ਪਹਿਲੂ ਸਿੱਖ ਰਹੇ ਹਨ, ਸਗੋਂ ਅੰਦਰੂਨੀ ਤਾਕਤ ਅਤੇ ਲਚਕੀਲੇਪਣ ਦੀ ਭਾਵਨਾ ਵੀ ਪ੍ਰਾਪਤ ਕਰ ਰਹੇ ਹਨ। ਸਾਲਾਨਾ ਸਿਖਲਾਈ ਕੈਂਪ ਐੱਨਸੀਸੀ ਕੈਡਿਟਾਂ ਦੇ ਸਰਵਪੱਖੀ ਵਿਕਾਸ, ਅਨੁਸ਼ਾਸਨ, ਲੀਡਰਸ਼ਿਪ, ਰਾਸ਼ਟਰੀ ਮਾਣ ਅਤੇ ਸਰੀਰਕ ਤਿਆਰੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਸੰਪੂਰਨ ਪਲੇਟਫਾਰਮ ਵਜੋਂ ਕੰਮ ਕਰਦਾ ਹੈ।