ਅਧਿਆਪਕ ਜਥੇਬੰਦੀਆਂ ਦੀ ਕੈਬਨਿਟ ਸਬ-ਕਮੇਟੀ ਨਾਲ ਮੀਟਿੰਗ
ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਜੂਨ
ਬੀਤੇ ਦਿਨੀਂ ਲੁਧਿਆਣਾ ਵਿੱਚ ਕੀਤੇ ਸੰਘਰਸ਼ ਦੇ ਮੱਦੇਨਜ਼ਰ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, 6635 ਈਟੀਟੀ ਯੂਨੀਅਨ ਤੋਂ ਸੁਮਿਤ ਕੰਬੋਜ, 4161 ਮਾਸਟਰ ਕਾਡਰ ਯੂਨੀਅਨ ਦੇ ਬਲਕਾਰ ਮਘਾਣੀਆਂ, ਮੈਰੀਟੋਰੀਅਸ ਸਕੂਲ ਅਧਿਆਪਕ ਯੂਨੀਅਨ ਦੇ ਡਾ. ਟੀਨਾ ਅਤੇ 899 ਅੰਗਰੇਜ਼ੀ ਅਸਾਮੀਆਂ ’ਚੋਂ ਰਿਕਾਸਟ ਸੂਚੀਆਂ ਤੋਂ ਪ੍ਰਭਾਵਿਤ ਅਧਿਆਪਕਾਂ ਵਿੱਚੋਂ ਮੈਡਮ ਹੀਨਾ ਨੇ ਸਾਂਝੇ ਵਫ਼ਦ ਦੇ ਰੂਪ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਅਧਾਰਿਤ ਕੈਬਨਿਟ ਸਬ ਕਮੇਟੀ ਨਾਲ ਅਧਿਆਪਕਾਂ ਦੇ ਸਮੁੱਚੇ ਵਿੱਤੀ ਅਤੇ ਵਿਭਾਗੀ ਮਾਮਲਿਆਂ ਬਾਰੇ ਚੰਡੀਗੜ੍ਹ ਵਿੱਚ ਵਿਸਤਾਰਿਤ ਮੀਟਿੰਗ ਕੀਤੀ। ਇਸ ਮੌਕੇ ਸਰਕਾਰ ਵੱਲੋਂ ਹੋਰ ਵੀ ਕਈ ਉੱਚ ਅਧਿਕਾਰੀ ਮੌਜੂਦ ਸਨ।
ਮੀਟਿੰਗ ਵਿੱਚ ਹੋਈ ਗੱਲਬਾਤ ਸਾਂਝੀ ਕਰਦੇ ਹੋਏ ਡੀਟੀਐੱਫ ਪੰਜਾਬ ਦੇ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਸੂਬਾ ਮੀਤ ਪ੍ਰਧਾਨ ਗੁਰਪਿਆਰ ਕੋਟਲੀ, ਸ਼ਿਵ ਕੁਮਾਰ ਅਤੇ ਸੁਨੀਲ ਫਾਜ਼ਿਲਕਾ ਨੇ ਦੱਸਿਆ ਕਿ ਕੈਬਨਿਟ ਸਬ-ਕਮੇਟੀ ਨੇ ਨਿਯੁਕਤੀ ਸੂਚੀਆਂ ਰਿਕਾਸਟ ਹੋਣ ਕਾਰਨ ਪ੍ਰਭਾਵਿਤ ਵੱਖ-ਵੱਖ ਕਾਡਰਾਂ ਦੇ ਬੇਕਸੂਰ ਅਧਿਆਪਕਾਂ ਦੀ ਹੁਣ ਤੱਕ ਦੀ ਨੌਕਰੀ ਤੇ ਭਵਿੱਖ ਪੂਰਨ ਸੁਰੱਖਿਅਤ ਰੱਖਣ ਅਤੇ 180 ਈ.ਟੀ.ਟੀ. ਅਧਿਆਪਕਾਂ ਦੇ ਮੁੱਢਲੀ ਭਰਤੀ ਅਨੁਸਾਰ ਸਾਰੇ ਲਾਭ ਬਹਾਲ ਕਰਨ, ਅਧਿਆਪਕਾਂ ਦੀ ਆਪਸੀ ਬਦਲੀ ’ਤੇ ਲਗਾਈਆਂ ਹਰ ਤਰ੍ਹਾਂ ਦੀਆਂ ਸ਼ਰਤਾਂ ਹਟਾਉਣ ਦਾ ਭਰੋਸਾ ਦਿੱਤਾ ਹੈ। ਇਸ ਤੋਂ ਇਲਾਵਾ ਟੀਚਿੰਗ ਅਤੇ ਨਾਨ-ਟੀਚਿੰਗ ਦੀਆਂ ਪੈਡਿੰਗ ਤਰੱਕੀਆਂ 31 ਜੁਲਾਈ 2025 ਤੱਕ ਮੁਕੰਮਲ ਕਰਨ, ਸਮੂਹ 5178 ਅਧਿਆਪਕਾਂ ਨੂੰ ਪਰਖ ਸਮੇਂ ਵਿੱਚ ਪੂਰੇ ਤਨਖਾਹ ਸਕੇਲ ਦੇਣ ਅਤੇ ਨਵੀਂ ਭਰਤੀਆਂ ਸ਼ੁਰੂ ਕਰਨ ਦਾ ਭਰੋਸਾ ਮਿਲਿਆ ਹੈ। ਮੈਰੀਟੋਰੀਅਸ ਸਕੂਲ ਅਧਿਆਪਕਾਂ ਅਤੇ ਸਮੱਗਰਾ ਅਧੀਨ ਨਾਨ ਟੀਚਿੰਗ ਕਰਮਚਾਰੀਆਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਪ੍ਰਕਿਰਿਆ ਨੂੰ ਸਮਾਂਬੱਧ ਕਰਨ ਦੀ ਗੱਲ ਆਖੀ ਗਈ ਹੈ।
ਆਗੂਆਂ ਵੱਲੋਂ ਕੰਪਿਊਟਰ ਅਧਿਆਪਕਾਂ, ਐਸੋਸੀਏਟ ਟੀਚਰਜ਼ ਅਤੇ ਵਿਸ਼ੇਸ਼ ਅਧਿਆਪਕਾਂ ਨੂੰ ਵੀ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਮੰਗ ਰੱਖੀ ਗਈ। ਸਿੱਖਿਆ ਸਕੱਤਰ ਨੇ ਨਰਿੰਦਰ ਭੰਡਾਰੀ, ਡਾ. ਰਵਿੰਦਰ ਕੰਬੋਜ਼, 11 ਓਡੀਐੱਲ ਅਧਿਆਪਕਾਂ ਦੇ ਪੈਂਡਿੰਗ ਰੈਗੂਲਰ ਆਰਡਰ ਇੱਕ ਹਫਤੇ ਵਿੱਚ ਜਾਰੀ ਕਰਨ ਅਤੇ 3582 ਅਧਿਆਪਕਾਂ ਨੂੰ ਟ੍ਰੇਨਿੰਗ ਦੀ ਮਿਤੀ ਤੋਂ ਸਾਰੇ ਲਾਭ ਦੇਣ ਦਾ ਭਰੋਸਾ ਦਿੱਤਾ ਹੈ। ਦੂਜੇ ਪਾਸੇ ਆਪਣੇ ਘਰਾਂ ਤੋਂ ਸੈਕੜੇ ਕਿਲੋਮੀਟਰ ਦੂਰ ਸੇਵਾਵਾਂ ਨਿਭਾਅ ਰਹੇ ਨਵ-ਨਿਯੁਕਤ ਅਧਿਆਪਕਾਂ, 6635 ਈਟੀਟੀ, 4161 ਮਾਸਟਰ, ਪੱਖਪਾਤੀ ਸਟੇਸ਼ਨ ਚੋਣ ਨੀਤੀ ਦਾ ਸ਼ਿਕਾਰ ਪ੍ਰੋਮੋਟਡ ਅਧਿਆਪਕਾਂ ਨੂੰ ਸਟੇਅ ਦੀ ਸ਼ਰਤ ਹਟਾ ਕੇ ਬਦਲੀਆਂ ਦੀ ਪ੍ਰਕਿਰਿਆ ਵਿੱਚ ਮੌਕਾ ਦੇਣ ’ਤੇ ਹਾਲੇ ਕੋਈ ਸਹਿਮਤੀ ਨਹੀਂ ਮਿਲੀ ਹੈ, ਜਿਸ ਕਾਰਨ ਜਥੇਬੰਦੀਆਂ ਨੇ ਇਸ ’ਤੇ ਸੰਘਰਸ਼ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ।
ਅਧਿਆਪਕਾਂ-ਮੁਲਾਜ਼ਮਾਂ ਦੇ ਵਿੱਤੀ ਮਾਮਲਿਆਂ ’ਤੇ ਗੱਲਬਾਤ ਦੌਰਾਨ ਵਿੱਤ ਮੰਤਰੀ ਨੇ ਦੱਸਿਆ ਕਿ ਛੇਵੇਂ ਪੰਜਾਬ ਤਨਖ਼ਾਹ ਕਮਿਸ਼ਨ ਦੀ ਪੈਂਡਿੰਗ ਰਿਪੋਰਟ ਜਲਦ ਜਾਰੀ ਕੀਤੀ ਜਾ ਰਹੀ ਹੈ। ਮੁਲਾਜ਼ਮਾਂ ਦੇ ਪੈਂਡਿੰਗ 13% ਮਹਿੰਗਾਈ ਭੱਤਾ ਜਾਰੀ ਕਰਨ ਪ੍ਰਤੀ ਵਿੱਤ ਮੰਤਰੀ ਨੇ ਜਲਦ ਮੁੱਖ ਮੰਤਰੀ ਨਾਲ ਗੱਲ ਕਰਕੇ ਇੱਕ ਕਿਸ਼ਤ ਜਾਰੀ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਡੀ.ਟੀ.ਐੱਫ. ਤੋਂ ਹਰਿੰਦਰ ਪਟਿਆਲਾ, ਡਾ. ਰਵਿੰਦਰ ਕੰਬੋਜ਼ ਅਤੇ ਜਸਵੀਰ ਅਮਲੋਹ ਵੀ ਮੌਜੂਦ ਰਹੇ।