ਮਜੀਠੀਆ ਦੀ ਗ੍ਰਿਫ਼ਤਾਰੀ ਸਿਆਸੀ ਬਦਲੇ ਤੋਂ ਪ੍ਰੇਰਿਤ: ਕੋਟਲੀ
ਨਿੱਜੀ ਪੱਤਰ ਪ੍ਰੇਰਕ
ਖੰਨਾ, 26 ਜੂਨ
ਸਾਬਕਾ ਕਾਂਗਰਸੀ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਅੱਜ ਇਥੇ ਕਿਹਾ ਕਿ ‘ਆਪ’ ਸਰਕਾਰ ਪਿਛਲੇ ਚਾਰ ਸਾਲਾਂ ਤੋਂ ਵਿਰੋਧੀਆਂ ਨੂੰ ਕਿਨਾਰੇ ਲਾਉਣ ਦੀ ਨੀਤੀ ’ਤੇ ਕੰਮ ਕਰ ਰਹੀ ਹੈ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਵੀ ਸਰਕਾਰ ਦਬਾਅ ਦੀ ਰਾਜਨੀਤੀ ਤੇ ਝੂਠੇ ਪਰਚਿਆਂ ਦੀ ਸਿਆਸਤ ਦਾ ਹਿੱਸਾ ਹੈ। ਮਾਨ ਸਰਕਾਰ ਨੇ ਪੰਜਾਬ ਨੂੰ ਪੁਲੀਸ ਸਟੇਟ ਬਣਾ ਦਿੱਤਾ ਹੈ ਜੋ ਨਿੰਦਣਯੋਗ ਹੈ ਕਿਉਂਕਿ ਮਜੀਠੀਆ ਕੋਈ ਅਤਿਵਾਦੀ ਨਹੀਂ। ਕੋਟਲੀ ਨੇ ਕਿਹਾ ਇਹ ਕਾਰਵਾਈ ਬੁਖਲਾਹਟ ’ਚ ਆ ਕੇ ਕੀਤੀ ਗਈ ਹੈ ਇਕ ਪਾਸੇ ਤਾਂ ਕੇਜਰੀਵਾਲ, ਬਿਕਰਮ ਸਿੰਘ ਮਜੀਠੀਆ ਤੋਂ ਮੁਆਫ਼ੀ ਮੰਗ ਰਿਹਾ ਹੈ ਦੂਜੇ ਪਾਸੇ ਇਹ ਕਾਰਵਾਈ ਕੀਤੀ ਗਈ।
ਅੱਜ ਇਥੇ ਪਾਰਟੀ ਆਗੂਆਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਮਜੀਠੀਆ ਖਿਲਾਫ਼ ਕੋਈ ਕੇਸ ਸੀ ਤਾਂ ਨੋਟਿਸ ਭੇਜ ਕੇ ਬੁਲਾਇਆ ਜਾ ਸਕਦਾ ਸੀ। ਉਨ੍ਹਾਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੂੰ ਸਵਾਲ ਕੀਤਾ ਕਿ ਚਾਰ ਸਾਲ ਹੋ ਚੁੱਕੇ ਹਨ, ਸਰਕਾਰ ਨੇ ਹੁਣ ਤੱਕ ਖੰਨਾ ਸ਼ਹਿਰ ਦਾ ਕੀ ਵਿਕਾਸ ਕੀਤਾ ਦੱਸਿਆ ਜਾਵੇ। ਲੋਕਾਂ ਨੇ 2022 ਵਿੱਚ ‘ਆਪ’ ’ਤੇ ਭਰੋਸਾ ਕੀਤਾ ਸੀ ਪਰ ਹੁਣ ਆਉਣ ਵਾਲੇ ਸਮੇਂ ਵਿਚ ਲੋਕਾਂ ਇਨ੍ਹਾਂ ਨੂੰ ਮੂੰਹ ਵੀ ਨਹੀਂ ਲਾਉਣਗੇ। ਉਨ੍ਹਾਂ ਨਗਰ ਕੌਂਸਲ ਪ੍ਰਧਾਨ ਦੀ ਗੱਡੀ ਸਬੰਧੀ ਕਿਹਾ ਕਿ ਜਿਹੜੇ ਅਫ਼ਸਰ ਇਸ ਗੱਡੀ ਨੂੰ ਵਰਤ ਰਹੇ ਹਨ ਉਸ ਸਬੰਧੀ ਸਾਡੀ ਸਰਕਾਰ ਆਉਣ ’ਤੇ ਪੂਰਾ ਹਿਸਾਬ ਲਿਆ ਜਾਵੇਗਾ।
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਕਿਹਾ ਕਿ ਸ਼ਹਿਰ ਵਿਚ ਕਰੋੜਾਂ ਰੁਪਏ ਦੀ ਮਸ਼ੀਨਰੀ ਲਿਆਂਦੀ ਗਈ ਹੈ। ਕਾਂਗਰਸ ਦੀ ਕਮੇਟੀ ਵੱਲੋਂ ਸ਼ਹਿਰ ਦੇ ਵਿਕਾਸ ਲਈ 70 ਕਰੋੜ ਦੇ ਕਰੀਬ ਸ਼ਹਿਰ ਦੇ ਵਾਰਡਾਂ ਵਿਚ ਸੜਕਾਂ ਤੇ ਗਲੀਆਂ ਦਾ ਵਿਕਾਸ ਕੀਤਾ ਗਿਆ ਜਦੋਂ ਕਿ ਮੰਤਰੀ ਸੌਂਦ ਵਾਰ ਵਾਰ ਇਕ ਗੱਲ ਕਹਿ ਰਹੇ ਹਨ ਕਿ ਪ੍ਰਧਾਨ ਕੰਮਾਂ ਵਿਚ ਅੜਿੱਕਾ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਬਾਬਾ ਅੰਬੇਦਕਰ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਲਾ ਕੇ ਸੰਵਿਧਾਨ ਦੀਆਂ ਧੱਜੀਆਂ ਉਡਾਉਂਦੀ ਹੈ ਪਰ ਉਨ੍ਹਾਂ ਦੇ ਸਿਧਾਤਾਂ ਤੇ ਨਹੀਂ ਚੱਲ ਰਹੀ। ਆਪ ਸਰਕਾਰ ਵੱਲੋਂ ਇਕ ਵੀ ਪੈਸਾ ਨਗਰ ਕੌਂਸਲ ਨੂੰ ਨਹੀਂ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ, ਵਿਕਾਸ ਮਹਿਤਾ, ਸਤਨਾਮ ਸਿੰਘ ਸੋਨੀ, ਹਰਜਿੰਦਰ ਸਿੰਘ ਇਕੋਲਾਹਾ ਤੇ ਹੋਰ ਹਾਜ਼ਰ ਸਨ।