ਮੀਂਹ ਕਾਰਨ ਲੁਧਿਆਣਾ ਸ਼ਹਿਰ ਹੋਇਆ ਜਲ-ਥਲ
ਸਾਉਣ ਮਹੀਨੇ ਦੀ ਪਹਿਲੀ ਬਰਸਾਤ ਨੇ ਲੁਧਿਆਣਾ ਸ਼ਹਿਰ ਜਲ-ਥਲ ਕਰ ਦਿੱਤਾ ਹੈ। ਤੜਕਸਾਰ ਤੋਂ ਲੱਗੀ ਮੀਂਹ ਦੀ ਝੜੀ ਦੁਪਹਿਰ ਤੱਕ ਚਲਦੀ ਰਹੀ। ਸ਼ਹਿਰ ਵਿੱਚ ਮੀਂਹ ਦੇ ਪਾਣੀ ਪ੍ਰਬੰਧਾਂ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਨਗਰ ਨਿਗਮ ਦੇ ਅਫ਼ਸਰਾਂ ਦੇ ਝੂਠੇ ਦਾਅਵੇ ਸਾਰਿਆਂ ਦੇ ਸਾਹਮਣੇ ਆ ਗਏ। ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਪਾਣੀ ਭਰ ਗਿਆ ਤੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਇਆ। ਕੁਝ ਇਲਾਕੇ ਤਾਂ ਅਜਿਹੇ ਸਨ ਕਿ ਜਿਥੇ ਸਵੇਰ ਤੋਂ ਪੈ ਰਹੇ ਮੀਂਹ ਕਾਰਨ 2 ਤੋਂ 3 ਫੁੱਟ ਤੱਕ ਪਾਣੀ ਭਰ ਗਿਆ। ਸ਼ਹਿਰ ਦੇ ਰਾਹੋਂ ਰੋਡ, ਬਸਤੀ ਜੋਧੇਵਾਲ, ਸੁਭਾਸ਼ ਨਗਰ, ਸ਼ਕਤੀ ਨਗਰ, ਸ਼ਿਵਾਜੀ ਨਗਰ, ਹੈਬੋਵਾਲ, ਚੰਦਰ ਨਗਰ, ਸ਼ਿਵਪੁਰੀ, ਸਲੇਮ ਟਾਬਰੀ ਪੁਲ, ਵਰਧਮਾਨ ਚੌਕ, ਚੰਡੀਗੜ੍ਹ ਰੋਡ ਐੱਲਆਈਜੀ ਫਲੈਟ, ਜਮਾਲਪੁਰ ਵੀਰ ਪੈਲੇਸ ਨੇੜੇ, ਢੋਲੇਵਾਲ ਰੋਡ, ਮਿਲਰਗੰਜ, ਰਾਹੋ ਰੋਡ, ਗਿੱਲ ਚੌਕ ਪੁਲ, 6 ਨੰਬਰ ਡਿਵੀਜ਼ਨ ਨੇੜੇ ਇਲਾਕਿਆਂ ਵਿੱਚ ਤਾਂ ਕਾਫ਼ੀ ਪਾਣੀ ਭਰ ਗਆ। ਇਸ ਦੇ ਨਾਲ ਹੀ ਬੁੱਢਾ ਦਰਿਆ ਨੇੜੇ ਢੋਕਾ ਮੁਹੱਲੇ ਵਿੱਚ ਸੀਵਰੇਜ ਦਾ ਪਾਣੀ ਗਲੀਆਂ ਵਿੱਚ ਆ ਗਿਆ।
ਸ਼ਹਿਰ ਵਿੱਚ ਪਾਣੀ ਦੇ ਵਿਗੜਦੇ ਹਾਲਾਤਾਂ ਤੋਂ ਬਾਅਦ ਨਿਗਮ ਦੇ ਅਧਿਕਾਰੀਆਂ ਨੂੰ ਵੀ ਸੜਕਾਂ ’ਤੇ ਉਤਰਣਾ ਪਿਆ। ਬੁੱਢਾ ਦਰਿਆ ਦੀ ਚੌੜਾਈ ਘਟਣ ਕਾਰਨ, ਨਿਗਮ ਅਧਿਕਾਰੀਆਂ ਨੂੰ ਡਰ ਸੀ ਕਿ ਪਾਣੀ ਓਵਰਫਲੋਅ ਹੋ ਕੇ ਸੜਕਾਂ ਅਤੇ ਲੋਕਾਂ ਦੇ ਘਰਾਂ ਤੱਕ ਪਹੁੰਚ ਸਕਦਾ ਹੈ। ਇਸ ਲਈ ਪਾਣੀ ਦੇ ਵਹਾਅ ਨੂੰ ਕਰੇਨ ਦੀ ਮਦਦ ਨਾਲ ਮੋੜ ਦਿੱਤਾ ਗਿਆ ਅਤੇ ਬੁੱਢੇ ਦਰਿਆ ਵਿੱਚ ਮੀਂਹ ਦੌਰਾਨ ਵੀ ਸਫ਼ਾਈ ਜਾਰੀ ਰਹੀ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਦੇਰ ਸ਼ਾਮ ਤੱਕ ਪਾਣੀ ਭਰਿਆ ਰਿਹਾ। ਜਿਸ ਕਾਰਨ ਉਥੋਂ ਲੰਘਣ ਵਾਲੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ। ਸਕੂਲਾਂ ਦੇ ਬਾਹਰ ਪਾਣੀ ਭਰਨ ਕਾਰਨ ਬੱਚੇ ਤੇ ਮਾਪੇ ਪ੍ਰੇਸ਼ਾਨ
ਹੋਏ। ਸ਼ਹਿਰ ਦੇ ਜ਼ਿਆਦਾਤਰ ਸਕੂਲਾਂ ਦੇ ਬਾਹਰ ਸਵੇਰੇ ਤੇਜ਼ ਮੀਂਹ ਕਾਰਨ ਕਾਫ਼ੀ ਪਾਣੀ ਭਰ ਗਿਆ, ਜਿਸ ਕਾਰਨ ਸਕੂਲ ਆਉਣ ਵਾਲੇ ਬੱਚੇ ਤੇ ਉਨ੍ਹਾਂ ਨੂੰ ਛੱਡਣ ਆਉਣ ਵਾਲੇ ਮਾਪਿਆਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਸਕੂਲਾਂ ਦੇ ਬਾਹਰ ਕਾਫ਼ੀ ਪਾਣੀ ਭਰ ਗਿਆ। ਮਾਡਲ ਟਾਊਨ ਸਥਿਤ ਬੀਸੀਐੱਮ ਆਰੀਆ ਸਕੂਲ, ਸੈਕਰਡ ਹਾਰਟ ਕਾਨਵੈਂਟ ਸਕੂਲ, ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ, ਗ੍ਰੀਨਲੈਂਡ ਸਕੂਲ ਜਲੰਧਰ ਬਾਈਪਾਸ, ਬੀਸੀਐਮ ਸਕੂਲ ਚੰਡੀਗੜ੍ਹ ਰੋਡ ਸਣੇ ਜ਼ਿਆਦਾਤਰ ਸਕੂਲਾਂ ਦੇ ਬਾਹਰ ਕਾਫ਼ੀ ਪਾਣੀ ਭਰ ਗਿਆ। ਇਸ ਦੌਰਾਨ ਰੂਪਾ ਮਿਸਤਰੀ ਗਲੀ ਵਿੱਚ ਇੱਕ ਅਸੁਰੱਖਿਅਤ ਬਿਲਡਿੰਗ ਦੀ ਬਾਲਕੋਨੀ ਦਾ ਇੱਕ ਹਿੱਸਾ ਡਿੱਗ ਗਿਆ। ਲੋਕਾਂ ਨੇ ਮੌਕੇ ’ਤੇ ਹੀ ਮਲਬਾ ਹਟਾ ਦਿੱਤਾ। ਛੋਟੀਆਂ ਗਲੀਆਂ ਵਿੱਚ ਬਣੀ ਅਸੁਰੱਖਿਅਤ ਇਮਾਰਤ ਦੇ ਅਚਾਨਕ ਢਹਿ ਜਾਣ ਕਾਰਨ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ।