ਨਿੱਜੀ ਪੱਤਰ ਪ੍ਰੇਰਕ
ਖੰਨਾ, 25 ਜੂਨ
ਖੰਨਾ ਪ੍ਰਸ਼ਾਸਨ ਵੱਲੋਂ ਲੰਬੇ ਸਮੇਂ ਬਾਅਦ ਸ਼ਹਿਰ ਦੀਆਂ ਨਾਜਾਇਜ਼ ਕਲੋਨੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ। ਇਸ ਤਹਿਤ ਨਗਰ ਕੌਂਸਲ ਦੀਆਂ ਟੀਮਾਂ ਨੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਦੀ ਅਗਵਾਈ ਹੇਠਾਂ ਇਥੋਂ ਦੇ ਲਲਹੇੜੀ ਰੋਡ ਅਤੇ ਰਤਨਹੇੜੀ ਰੋਡ ’ਤੇ ਬਣੀਆਂ ਤਿੰਨ ਕਲੋਨੀਆਂ ਵਿਰੁੱਧ ਕਾਰਵਾਈ ਨੂੰ ਅੰਜਾਮ ਦਿੰਦਿਆਂ ਗ਼ੈਰਕਾਨੂੰਨੀ ਉਸਾਰੀਆਂ ਢਾਹ ਦਿੱਤੀਆਂ। ਇਸ ਤੋਂ ਇਲਾਵਾ ਗੈਰ ਕਾਨੂੰਨੀ ਤੌਰ ’ਤੇ ਇੰਟਰਲਾਕ ਟਾਈਲਾਂ ਵਿਛਾ ਕੇ ਬਣਾਈਆਂ ਸੜਕਾਂ ਨੂੰ ਜੇਸੀਬੀ ਨਾਲ ਪੁੱਟ ਕੇ ਟੀਮਾਂ ਨੇ ਸੀਵਰੇਜ ਪਾਈਪਾਂ ਤੋੜ ਦਿੱਤੀਆਂ।
ਸੂਤਰਾਂ ਅਨੁਸਾਰ ਨਗਰ ਕੌਂਸਲ ਦੇ ਰਾਡਾਰ ’ਤੇ ਦੋ ਹੋਰ ਕਲੋਨੀਆਂ ਹਨ ਜਿਨ੍ਹਾਂ ਵਿਰੁੱਧ ਜਲਦ ਕਾਰਵਾਈ ਕੀਤੀ ਜਾ ਸਕਦੀ ਹੈ। ਦੱਸਣਯੋਗ ਹੈ ਕਿ ਖੰਨਾ ਸ਼ਹਿਰ ਵਿਚ ਅਨੇਕਾਂ ਗੈਰ ਕਾਨੂੰਨੀਆਂ ਕਲੋਨੀਆਂ ਬਣਾਈਆਂ ਗਈਆਂ ਹਨ ਅਤੇ ਗਲਤ ਕਲੋਨੀਆਂ ਦਾ ਨਿਰਮਾਣ ਕਰਨ ਵਾਲੇ ਕਲੋਨਾਈਜ਼ਰ ਲੋਕਾਂ ਨੂੰ ਗੁੰਮਰਾਹ ਕਰਕੇ ਆਪਣਾ ਲਾਭ ਕਮਾ ਕੇ ਫ਼ਰਾਰ ਹੋ ਜਾਂਦੇ ਹਨ ਤੇ ਬਾਅਦ ਵਿਚ ਇਸਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਜਾਣਕਾਰੀ ਅਨੁਸਾਰ ਕਿਸੇ ਵਿਅਕਤੀ ਨੇ ਨਗਰ ਕੌਂਸਲ ’ਚ ਸ਼ਿਕਾਇਤ ਕੀਤੀ ਸੀ ਕਿ ਲਲਹੇੜੀ ਰੋਡ ਅਤੇ ਰਤਨਹੇੜੀ ਰੋਡ ਤੇ ਗੈਰ ਕਾਨੂੰਨੀ ਕਲੋਨੀਆਂ ਕੱਟ ਕੇ ਉੱਥੇ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ। ਕੌਂਸਲ ਦੇ ਈਓ ਚਰਨਜੀਤ ਸਿੰਘ ਨੇ ਕਿਹਾ ਕਿ ਗੈਰ ਕਾਨੂੰਨੀ ਤੌਰ ’ਤੇ ਕੱਟੀਆਂ ਕਲੋਨੀਆਂ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੌਂਸਲ ਨੂੰ ਨਜਾਇਜ਼ ਕਲੋਨੀਆਂ ਬਾਰੇ ਮਿਲੀ ਸ਼ਿਕਾਇਤ ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਆਮ ਲੋਕਾਂ ਨੂੰ ਧੋਖਾ ਖਾਣ ਤੋਂ ਬਚਣ ਦੀ ਸਲਾਹ ਦਿੱਤੀ।