ਸੁਨੇਤ ਸਕੂਲ ਵਿੱਚ ਅਕਾਦਮਿਕ ਬਲਾਕ ਦਾ ਉਦਘਾਟਨ
ਨਹਿਰੂ ਸਿਧਾਂਤ ਕੇਂਦਰ ਟਰੱਸਟ ਦੇ ਸਹਿਯੋਗ ਨਾਲ ਨਵੇਂ ਬਣੇ ਸੁਨੇਤ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਕਾਦਮਿਕ ਬਲਾਕ ਦਾ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਉਦਘਾਟਨ ਕੀਤਾ। ਇਸ ਅਕਾਦਮਿਕ ਬਲਾਕ ’ਤੇ 25.5 ਲੱਖ ਰੁਪਏ ਦੀ ਲਾਗਤ ਆਈ ਹੈ। ਉਦਘਾਟਨ ਸਮਾਰੋਹ ਵਿੱਚ ਨਹਿਰੂ ਸਿਧਾਂਤ ਕੇਂਦਰ ਟਰੱਸਟ ਦੇ ਪ੍ਰਧਾਨ ਰਾਕੇਸ਼ ਭਾਰਤੀ ਮਿੱਤਲ, ਉਪ ਪ੍ਰਧਾਨ ਸੁਨੀਲ ਗੁਪਤਾ, ਜਨਰਲ ਸਕੱਤਰ ਬਿਪਿਨ ਗੁਪਤਾ ਅਤੇ ਟਰੱਸਟ ਦੇ ਹੋਰ ਅਹੁਦੇਦਾਰਾਂ ਅਤੇ ਸਥਾਨਕ ਪ੍ਰਸ਼ਾਸਨ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਡੀਸੀ ਨੇ ਰਾਕੇਸ਼ ਭਾਰਤੀ ਮਿੱਤਲ ਅਤੇ ਨਹਿਰੂ ਸਿਧਾਂਤ ਕੇਂਦਰ ਟਰੱਸਟ ਦਾ ਇਸ ਯੋਗਦਾਨ ਲਈ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਨਵਾਂ ਅਕਾਦਮਿਕ ਬਲਾਕ ਵਿਦਿਆਰਥੀਆਂ ਨੂੰ ਸਮਾਰਟ ਅਤੇ ਆਧੁਨਿਕ ਸਿੱਖਿਆ ਹਾਸਲ ਕਰਨ ਦੇ ਸਮਰੱਥ ਬਣਾਏਗਾ। ਸ਼੍ਰੀ ਜੈਨ ਨੇ ਕਿਹਾ ਕਿ ਇਹ ਪਹਿਲ ਸਰਕਾਰੀ ਅਤੇ ਨਿੱਜੀ ਸਕੂਲ ਸਿੱਖਿਆ ਵਿਚਕਾਰ ਪਾੜੇ ਨੂੰ ਪੂਰਾ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੈ। ਰਾਕੇਸ਼ ਭਾਰਤੀ ਮਿੱਤਲ ਨੇ ਟਰੱਸਟ ਵੱਲੋਂ ਸਮਾਜ ਅਤੇ ਖਾਸ ਕਰਕੇ ਸਕੂਲਾਂ/ਬੱਚਿਆਂ ਲਈ ਕੀਤੇ ਜਾ ਰਹੇ ਕੰਮਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਐਲਾਨ ਕੀਤਾ ਕਿ ਟਰੱਸਟ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਸੁਨੇਤ ਨੂੰ ਅਪਣਾਇਆ ਹੈ। ਜਿਸ ਕਰਕੇ ਉਹ ਸਕੂਲ ਨੂੰ ਪੂਰੀਆਂ ਸਹੂਲਤਾਂ ਵਾਲੇ ਕਲਾਸਰੂਮ ਪ੍ਰਦਾਨ ਕਰੇਗਾ। ਉਨ੍ਹਾਂ ਨੇ ਇਸ ਪ੍ਰਾਜੈਕਟ ਨੂੰ ਹਕੀਕਤ ਬਣਾਉਣ ਵਿੱਚ ਟਰੱਸਟ, ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ।