ਨਿੱਜੀ ਪੱਤਰ ਪ੍ਰੇਰਕ
ਖੰਨਾ, 6 ਜੂਨ
ਸਰਸਵਤੀ ਸੰਸਕ੍ਰਿਤ ਕਾਲਜ ਖੰਨਾ ਦੀ ਪ੍ਰਧਾਨਗੀ ਦਾ ਅਹੁਦਾ ਮੁੜ ਸੀਏ ਰਾਕੇਸ਼ ਗੋਇਲ ਨੂੰ ਦਿੱਤਾ ਗਿਆ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਕਾਲਜ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਹੋਈ ਸੀ ਜਿਸ ਵਿਚ ਸਰਸਵਤੀ ਪੈਨਲ ਆਫ ਐਜੂਕੇਸ਼ਨ ਦੀ ਜਿੱਤ ਹੋਈ ਸੀ। ਅੱਜ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਲਈ ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਕਰਦਿਆਂ ਨਵੀਂ ਕਾਰਜਕਾਰਨੀ ਲਈ ਮੁੜ ਤੋਂ ਰਾਕੇਸ਼ ਗੋਇਲ ਨੂੰ ਸੰਸਥਾ ਦਾ ਮੁਖੀ ਅਤੇ ਦਵਾਰਕਾ ਦਾਸ ਨੂੰ ਸਕੱਤਰ ਚੁਣਿਆ ਗਿਆ।
ਇਸ ਤੋਂ ਇਲਾਵਾ ਮਨੋਜ ਤਿਵਾੜੀ-ਮੀਤ ਪ੍ਰਧਾਨ, ਰਾਕੇਸ਼ ਢੰਡ-ਸੰਯੁਕਤ ਸਕੱਤਰ ਅਤੇ ਕਮਲ ਕਿਸ਼ੋਰ ਗੋਡ-ਅੰਦਰੂਨੀ ਅਡੀਟਰ ਚੁਣੇ ਗਏ। ਪ੍ਰਧਾਨ ਗੋਇਲ ਨੇ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਬੰਧਕੀ ਕਮੇਟੀ ਸੰਗਠਨ ਦੀ ਬਿਹਤਰੀ ਲਈ ਕੰਮ ਕਰੇਗੀ ਜਿਸ ਵਿਚ ਕਿਸੇ ਤਰ੍ਹਾਂ ਦੀ ਰਾਜਨੀਤੀ ਨਹੀਂ ਲਿਆਂਦੀ ਜਾਵੇਗੀ। ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਵਿਚ ਦੋ ਪੈਨਲਾਂ ਦੇ 25 ਮੈਬਰਾਂ ਨੇ 15 ਮੈਂਬਰੀ ਪ੍ਰਬੰਧਕੀ ਕਮੇਟੀ ਲਈ ਚੋਣ ਲੜੀ ਜਿਨ੍ਹਾਂ ਵਿਚੋਂ ਪਹਿਲੇ 15 ਮੈਬਰਾਂ ਨੇ ਕਮੇਟੀ ਦਾ ਗਠਨ ਕੀਤਾ। ਚੋਣਾਂ ਵਿਚ ਸਰਸਵਤੀ ਪੈਨਲ ਆਫ ਐਜੂਕੇਸ਼ਨ ਦੇ 13 ਅਤੇ ਵਿਰੋਧੀ ਪੈਨਲ ਸਨਾਤਨ ਸ਼ਕਤੀ ਪੈਨਲ ਫਾਰ ਐਜੂਕੇਸ਼ਨ ਦੇ 2 ਮੈਂਬਰ ਜਿੱਤੇ।