ਜੀਐੱਨਡੀਈਸੀ ਵਿੱਚ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ
ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੇ ਅਪਲਾਈਡ ਸਾਇੰਸਿਜ਼ ਵਿਭਾਗ ਨੇ ਏਆਈਸੀਟੀਈ-ਪ੍ਰਵਾਨਿਤ 8-ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਯੂਐੱਚਵੀ-99) ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਪੇਸ਼ੇਵਰ ਕਾਲਜਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਸਰਵ ਵਿਆਪਕ ਮਨੁੱਖੀ ਕਦਰਾਂ-ਕੀਮਤਾਂ ਨੂੰ ਸਥਾਪਤ ਕਰਨਾ ਰਿਹਾ। ਪ੍ਰੋਗਰਾਮ ਵਿੱਚ ਵੱਖ-ਵੱਖ ਕਾਲਜਾਂ ਦੇ ਲਗਭਗ 100 ਫੈਕਲਟੀ ਮੈਂਬਰਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੌਰਾਨ ਭਾਗੀਦਾਰਾਂ ਨੇ ਆਪਣੇ ਆਪ, ਪਰਿਵਾਰ, ਸਮਾਜ ਅਤੇ ਕੁਦਰਤ ਨਾਲ ਸਦਭਾਵਨਾ, ਸਹਿ-ਹੋਂਦ, ਵਿਸ਼ਵਾਸ ਤੋਂ ਪਿਆਰ ਤੱਕ ਦੀ ਯਾਤਰਾ, ਬੱਚੇ ਦੀ ਪਰਵਰਿਸ਼, ਸਹੀ ਮੁਲਾਂਕਣ ਆਦਿ ਬਾਰੇ ਬਹੁਤ ਰੂਚੀ ਨਾਲ ਸਿੱਖਿਆ।
ਪ੍ਰੋਗਰਾਮ ਦੇ ਆਖਰੀ ਦਿਨ ਫੈਕਲਟੀ ਮੈਂਬਰਾਂ ਵੱਲੋਂ ਆਪਣੇ ਅਨੁਭਵ ਸਾਂਝੇ ਕਰਦਿਆਂ ਪ੍ਰੋਗਰਾਮ ਦੌਰਾਨ ਪ੍ਰਾਪਤ ਕੀਤੀਆਂ ਆਪਣੀਆਂ ਸਿੱਖਿਆਵਾਂ ਅਤੇ ਸੂਝਾਂ ਬਾਰੇ ਗੱਲ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਆਈਕੇਜੀਪੀਟੀਯੂ, ਜਲੰਧਰ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਸੁਸ਼ੀਲ ਮਿੱਤਲ ਰਹੇ। ਉਹਨਾਂ ਜੀਐਨਡੀਈਸੀ ਵਿਸ਼ਵਵਿਆਪੀ ਮਨੁੱਖੀ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਵਾਲੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਅੱਜ ਦੇ ਸਮੇਂ ਦੌਰਾਨ ਵਿਦਿਆਰਥੀ ਜੀਵਨ ਵਿੱਚ ਤਰੱਕੀ ਲਈ ਮਨੁੱਖੀ ਕਦਰਾਂ-ਕੀਮਤਾਂ ਨੂੰ ਅਪਨਾਉਣਾ ਸਮੇਂ ਦੀ ਲੋੜ ਦੱਸਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਕੀਤੀ ਅਤੇ ਉਹਨਾਂ ਨੇ ਫੈਕਲਟੀ ਨੂੰ ਇਨ੍ਹਾਂ ਕਦਰਾਂ-ਕੀਮਤਾਂ ਨੂੰ ਆਪਣੇ ਅਧਿਆਪਨ ਵਿੱਚ ਜੋੜਨ ਲਈ ਉਤਸ਼ਾਹਿਤ ਕੀਤਾ। ਇਸ ਦੌਰਾਨ ਬਿਧੀ ਚੰਦ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ 8 ਦਿਨਾਂ ਦੇ ਪ੍ਰੋਗਰਾਮ ਦਾ ਅਣਥੱਕ ਮਿਹਨਤ ਨਾਲ ਪ੍ਰਬੰਧਨ ਅਤੇ ਨਿਰੀਖਣ ਕੀਤਾ।
ਕੋਆਰਡੀਨੇਟਰ ਯੂਐੱਚਵੀ ਸੈੱਲ ਆਈਕੇਜੀਪੀਟੀਯੂ ਜਿਤੇਂਦਰ ਨਰੂਲਾ ਅਤੇ ਡਾ. ਪ੍ਰਿਆ ਦਰਸ਼ਨੀ ਨੇ ਬਤੌਰ ਮਾਹਿਰ ਬੁਲਾਰਿਆਂ, ਪ੍ਰੋਗਰਾਮ ਵਿੱਚ ਭਾਗ ਲਿਆ। ਐਫਡੀਪੀ ਦੇ ਸਾਰੇ ਸੈਸ਼ਨਾਂ ਨੂੰ ਦੇ ਸਫਲਤਾਪੂਰਵਕ ਆਯੋਜਨ ਡਾ. ਅਮਰਜੋਤ ਕੌਰ, ਡਾ. ਜਸਪ੍ਰੀਤ ਸਿੰਘ ਅਤੇ ਡਾ. ਸਹਿਬਾਜ਼ ਸਿੰਘ ਬਰਾੜ ਵੱਲੋਂ ਕੀਤਾ ਗਿਆ। ਮੁੱਖੀ ਅਪਲਾਈਡ ਸਾਇੰਸ ਡਾ. ਹਰਪ੍ਰੀਤ ਕੌਰ ਗਰੇਵਾਲ ਨੇ ਸਥਾਨਕ ਕੋਆਰਡੀਨੇਟਰਾਂ ਨੂੰ ਉਨ੍ਹਾਂ ਦੇ ਅਣਥੱਕ ਯਤਨਾਂ ਅਤੇ ਸਖ਼ਤ ਮਿਹਨਤ ਲਈ ਵਧਾਈ ਦਿੱਤੀ। ਪ੍ਰੋਗਰਾਮ ਦੇ ਅਖ਼ੀਰ ਵਿਚ ਭਾਗੀਦਾਰਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ।