ਐੱਨਸੀਸੀ ਕੈਡੇਟਸ ਵੱਲੋਂ ਵਾਤਾਵਰਨ ਜਾਗਰੂਕਤਾ ਰੈਲੀ
ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਕਰਮਸਰ ਰਾੜਾ ਸਾਹਿਬ ਵਿੱਚ ਅੱਜ ‘ਹਰਿਆਲੀ ਵਧਾਓ, ਭਵਿੱਖ ਬਚਾਓ’ ਸੂਤਰ ਨੂੰ ਅਮਲ ਵਿੱਚ ਲਿਆਉਂਦਿਆਂ 3-ਪੰਜਾਬ ਬਟਾਲੀਅਨ ਐੱਨਸੀਸੀ ਲੁਧਿਆਣਾ ਦੇ ਕਮਾਂਡਿੰਗ ਅਫਸਰ ਕਰਨਲ ਰੋਹਿਤ ਖੰਨਾ ਦੇ ਨਿਰਦੇਸ਼ਾਂ ਅਤੇ ਸਕੂਲ ਦੇ ਪ੍ਰਿੰਸੀਪਲ ਡਾ. ਧੀਰਜ ਕੁਮਾਰ ਥਪਲਿਆਲ ਅਤੇ ਕੈਪਟਨ ਰਣਜੀਤ ਸਿੰਘ ਦੀ ਅਗਵਾਈ ਹੇਠ ਪੌਦੇ ਲਗਾਉਣ ਸਬੰਧੀ ਰੈਲੀ ਕੱਢੀ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਖਾਲੀ ਪਈਆਂ ਥਾਵਾਂ ਨੂੰ ਹਰਿਆ-ਭਰਿਆ ਬਣਾਉਣ ਤੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਵੱਲ ਯਥਾਰਥਿਕ ਕਦਮ ਚੁੱਕਣਾ ਸੀ। ਇਸ ਮੌਕੇ ਸੀਟੀਓ ਮੈਡਮ ਹਰਪ੍ਰੀਤ ਕੌਰ ਅਤੇ ਸੀਟੀਓ. ਰਵੀ ਸ਼ਰਮਾ ਵੀ ਐਨਸੀਸੀ ਕੈਡਿਟਾਂ ਨਾਲ ਸ਼ਾਮਿਲ ਰਹੇ। ਇਸ ਮੌਕੇ ਐੱਨਸੀਸੀ ਕੈਡਿਟਾਂ ਨੇ ਬੜੇ ਜੋਸ਼ ਅਤੇ ਜਜ਼ਬੇ ਨਾਲ ਭਰਪੂਰ ਹੋ ਕੇ ਖਾਲੀ ਪਈਆਂ ਥਾਵਾਂ ਉੱਤੇ ਰੁੱਖ ਲਗਾਉਣ ਲਈ ਨਾਅਰੇ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਆਪ ਵੀ ਅਨੇਕਾਂ ਪ੍ਰਕਾਰ ਦੇ ਪੌਦੇ ਲਗਾਏ। ਐੱਨਸੀਸੀ ਕੈਡਿਟਾਂ ਵੱਲੋਂ ਸੜਕਾਂ ਤੇ ਨਹਿਰ ਕਿਨਾਰੇ ਖਾਲੀ ਪਈਆਂ ਥਾਵਾਂ ਤੇ ਨਿੰਮ, ਅੰਬ, ਗੁਲਮੋਹਰ, ਆਮਲਾ ਅਤੇ ਹੋਰ ਪੁਰਾਤਨ ਕਿਸਮਾਂ ਦੇ ਬੂਟੇ ਲਗਾਏ ਗਏ।
ਇਸ ਮੌਕੇ 'ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਤੇ ਵਾਤਾਵਰਨ ਪ੍ਰੇਮੀ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਕਿਹਾ ਕਿ ਇਹ ਉਪਰਾਲਾ ਸਿਰਫ਼ ਬੂਟੇ ਲਗਾਉਣ ਤੱਕ ਸੀਮਤ ਨਹੀਂ, ਸਗੋਂ ਇਹ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਭਵਿੱਖ ਵੱਲ ਚੁੱਕਿਆ ਗਿਆ ਇੱਕ ਅਹਿਮ ਕਦਮ ਹੈ। ਐੱਨਸੀਸੀ ਕੈਡਿਟਾਂ ਦੇ ਜ਼ਰੀਏ ਉਹਨਾਂ ਇੱਕ ਛੋਟਾ ਜਿਹਾ ਪਰਿਵਰਤਨ ਲਿਆਉਣਾ ਚਾਹੁੰਦੇ ਹਨ। ਇਹ ਮੁਹਿੰਮ ਨਿਰੋਲ ਵਾਤਾਵਰਨ ਸੁਰੱਖਿਅਤ ਰੱਖਣ ਲਈ ਹੀ ਨਹੀਂ, ਸਗੋਂ ਭਵਿੱਖ ਦੀਆਂ ਪੀੜ੍ਹੀਆਂ ਲਈ ਵੀ ਇੱਕ ਸੁੰਦਰ ਤੋਹਫ਼ਾ ਸਾਬਤ ਹੋਵੇਗਾ।
ਅੰਤ ਵਿੱਚ, ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਵੀ ਆਪਣੇ ਆਲ਼ੇ-ਦੁਆਲ਼ੇ ਦੀ ਜ਼ਮੀਨ 'ਤੇ ਪੌਦੇ ਲਗਾ ਕੇ ਪ੍ਰਕਿਰਤੀ ਨਾਲ ਨਾਤਾ ਜੋੜਨ।