ਸਹਿਕਾਰੀ ਸਭਾਵਾਂ ’ਚੋਂ ਯੂਰੀਆ ਦੀ ਕਿੱਲਤ ਖ਼ਤਮ ਕਰਨ ਦੀ ਮੰਗ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 21 ਜੂਨ
ਝੋਨਾ ਲਾਉਣ ਦਾ ਕੰਮ ਪੂਰੇ ਪੰਜਾਬ ਵਿੱਚ ਜ਼ੋਰਾਂ ’ਤੇ ਹੈ ਅਜਿਹੇ ਹਾਲਾਤਾਂ ਵਿੱਚ ਕਿਸਾਨਾਂ ਨੂੰ ਝੋਨਾ ਪਾਲਣ ਲਈ ਸਹਿਕਾਰੀ ਸਭਾਵਾਂ ਤੋਂ ਯੂਰੀਆ ਨਾ ਮਿਲਣ ਕਰਕੇ ਉਨ੍ਹਾਂ ਵਿੱਚ ਰੋਸ ਵੱਧ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਅਤੇ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਹੜਕਾ, ਲੱਖਾ, ਚਕਰ, ਰਸੂਲਪੁਰ, ਮੱਲ੍ਹਾ, ਅਖਾੜਾ, ਡੱਲਾ ਆਦਿ ਪਿੰਡਾਂ ਵਿੱਚ ਸਹਿਕਾਰੀ ਸੁਸਾਇਟੀਆਂ ਵਿੱਚੋਂ ਯੂਰੀਆ ਨਾ ਮਿਲਣ ਕਾਰਨ ਕਿਸਾਨਾਂ ਨੂੰ ਖੁਆਰ ਹੋਣਾ ਪੈ ਰਿਹਾ ਹੈ।
ਇਸ ਸਬੰਧੀ ਅੱਜ ਕਿਸਾਨ ਆਗੂਆਂ ਨੇ ਮਾਰਕਫੈੱਡ ਅਤੇ ਖੇਤੀਬਾੜੀ ਵਿਭਾਗ ਤੋਂ ਮੰਗ ਕੀਤੀ ਕਿ ਸਬੰਧਤ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਵਿੱਚ ਯੂਰੀਆ ਖਾਦ ਤੁਰੰਤ ਪਹੁੰਚਾਉਣ ਦੀ ਗਾਰੰਟੀ ਦਿੱਤੀ ਜਾਵੇ। ਕਿਸਾਨ ਆਗੂਆਂ ਨੇ ਦੱਸਿਆ ਕਿ ਗੱਲਬਾਤ ਦੌਰਾਨ ਅਧਿਕਾਰੀਆਂ ਨੇ ਯੂਰੀਆ ਸਪਲਾਈ ਦਾ ਭਰੋਸਾ ਦਿਵਾਇਆ ਹੈ। ਪਰ ਜੇਕਰ ਅਣਗਹਿਲੀ ਹੋਈ ਜਾਂ ਦੇਰੀ ਹੋਣ ਦੀ ਹਾਲਤ ਵਿੱਚ ਕਿਸਾਨ ਜਥੇਬੰਦੀ ਆਉਂਦੇ ਹਫ਼ਤੇ ਸਬੰਧਤ ਦਫ਼ਤਰਾਂ ਦਾ ਘਿਰਾਓ ਕਰਨ ਲਈ ਮਜਬੂਰ ਹੋਵੇਗੀ।