ਹਰਿਆਣਾ ਗੁਰਦੁਆਰਾ ਕਮੇਟੀ ਮੈਂਬਰਾਂ ਦੇ ਡੋਪ ਟੈਸਟ ਕਰਵਾਉਣ ਦੀ ਮੰਗ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਗੁਰਬੀਰ ਸਿੰਘ ਤਲਾਕੌਰ ਨੇ ਹਰਿਆਣਾ ਸਿੱਖ ਗੁਰਦੁਆਰਾ ਚੋਣ ਕਮਿਸ਼ਨ ਅਤੇ ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ 11 ਮੈਂਬਰੀ ਐਗਜੈਕਟਿਵ ਅਤੇ ਪੂਰੇ ਜਨਰਲ ਹਾਊਸ ਦਾ ਡੋਪ ਟੈਸਟ ਕਰਾਇਆ ਜਾਵੇ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਕੁੱਝ ਕੁ ਕਮੇਟੀ ਮੈਂਬਰਾਂ ਦੇ ਵੱਖ ਵੱਖ ਤਰ੍ਹਾਂ ਦੇ ਨਸ਼ੇ ਕਰਨ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ।
ਅੱਜ ਇਥੇ ਗੁਰਬੀਰ ਸਿੰਘ ਨੇ ਕਿਹਾ ਕਿ ਸੰਗਤ ਦੀ ਇਹ ਸ਼ਿਕਾਇਤ ਚਿੰਤਾ ਦਾ ਵਿਸ਼ਾ ਹੈ ਜਦਕਿ ਧਾਰਮਿਕ ਸੰਸਥਾ ਦਾ ਪ੍ਰਤੀਨਿਧ ਸਾਫ਼ ਸੁਥਰਾ ਤੇ ਨਸ਼ਾ ਰਹਿਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਐਕਟ 2014 ਵਿੱਚ ਵੀ ਲਿਖਿਆ ਹੋਇਆ ਹੈ ਕਿ ਇਸ ਕਮੇਟੀ ਦਾ ਕੋਈ ਵੀ ਮੈਂਬਰ ਕਿਸੇ ਤਰ੍ਹਾਂ ਦੇ ਨਸ਼ੇ ਦਾ ਸੇਵਨ ਨਾ ਕਰਦਾ ਹੋਵੇ। ਉਨ੍ਹਾਂ ਕਿਹਾ ਕਿ ਡੌਪ ਟੈਸਟ ਦੌਰਾਨ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤੇ ਉਸ ਦੀ ਮੈਂਬਰਸ਼ਿਪ ਤੁਰੰਤ ਰੱਦ ਕੀਤੀ ਜਾਵੇ।
ਮੀਤ ਪ੍ਰਧਾਨ ਗੁਰਬੀਰ ਸਿੰਘ ਤਲਾਕੌਰ ਨੇ ਕਿਹਾ ਕਿ ਕਮੇਟੀ ਮੈਂਬਰਾਂ ਦਾ ਵਫ਼ਦ ਇਸ ਸਬੰਧੀ ਪੁਲੀਸ ਕਮਿਸ਼ਨਰ ਨੂੰ ਮੰਗ ਪੱਤਰ ਵੀ ਦੇਵੇਗਾ।
ਨਸ਼ਾ ਕਰਨ ਵਾਲਿਆਂ ਲਈ ਇਥੇ ਕੋਈ ਥਾਂ ਨਹੀਂ: ਦਾਦੂਵਾਲ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧ ਵਿੱਚ ਸਾਫ਼ ਸੁਥਰੇ ਅਕਸ ਵਾਲੇ ਗੁਰਮਤਿ ਅਨੁਸਾਰ ਚੱਲਣ ਵਾਲੇ ਆਗੂਆਂ ਦਾ ਸ਼ਾਮਲ ਹੋਣਾ ਜ਼ਰੂਰੀ ਹੈ। ਜੇਕਰ ਕਿਸੇ ਮੈਂਬਰ ਬਾਰੇ ਗੁਰਬੀਰ ਸਿੰਘ ਤਲਾਕੌਰ ਨੂੰ ਕੋਈ ਸ਼ਿਕਾਇਤ ਮਿਲੀ ਹੈ ਤਾਂ ਇਸ ਦੀ ਜਾਂਚ ਕਰਾਉਣ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।