ਜਬਰ ਵਿਰੋਧੀ ਰੈਲੀ ’ਚ ਸ਼ਮੂਲੀਅਤ ਦਾ ਫ਼ੈਸਲਾ
ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 29 ਮਈ
ਇੱਥੇ ਗੁਰਦੁਆਰਾ ਟਾਹਲੀਆਣਾ ਸਾਹਿਬ ਵਿੱਚ ਪੰਜਾਬ ਕਿਸਾਨ ਯੂਨੀਅਨ ਦੀ ਅਹਿਮ ਮੀਟਿੰਗ ਵਿਚ 2 ਜੂਨ ਨੂੰ ਜਗਰਾਉਂ ਵਿੱਚ ਹੋਣ ਵਾਲੀ ਜਬਰ ਵਿਰੋਧੀ ਰੈਲੀ ਵਿੱਚ ਵੱਡੇ ਪੱਧਰ 'ਤੇ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ। ਕਿਸਾਨ ਆਗੂ ਸੁਖਮਿੰਦਰ ਸਿੰਘ ਛੱਜਾਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਡਾਕਟਰ ਗੁਰਚਰਨ ਸਿੰਘ ਰਾਏਕੋਟ, ਜਸਵਿੰਦਰ ਸਿੰਘ ਲਾਡੀ, ਅਜਮੇਰ ਸਿੰਘ, ਮਲਕੀਅਤ ਸਿੰਘ, ਮੋਹਨ ਸਿੰਘ ਬੜਿੰਗ ਨੇ ਸੰਬੋਧਨ ਕਰਦਿਆਂ ਸੂਬਾ ਸਰਕਾਰ ਵੱਲੋਂ ਲੁਧਿਆਣਾ ਜ਼ਿਲ੍ਹੇ ਦੀ 24,311 ਏਕੜ ਉਪਜਾਊ ਜ਼ਮੀਨ ਗ੍ਰਹਿਣ ਕਰਨ ਲਈ ਅਰਬਨ ਅਸਟੇਟ ਦੇ ਬਹਾਨੇ ਵੱਡੇ ਪੂੰਜੀਪਤੀਆਂ ਨੂੰ ਦੇਣ ਦੇ ਫ਼ੈਸਲੇ ਵਿਰੁੱਧ ਫ਼ੈਸਲਾਕੁਨ ਸੰਘਰਸ਼ ਵਿੱਢਿਆ ਜਾਵੇਗਾ।
ਕਿਸਾਨ ਆਗੂਆਂ ਨੇ ਸਹਿਕਾਰੀ ਅਦਾਰਿਆਂ ਦਾ ਕਰਜ਼ਾ ਕਿਸਾਨਾਂ ਅਤੇ ਮਜ਼ਦੂਰਾਂ ਤੋਂ ਜਬਰੀ ਵਸੂਲਣ ਦੇ ਐਲਾਨ, ਬਾਇਓ ਗੈਸ ਪਲਾਂਟ ਦਾ ਵਿਰੋਧ ਕਰ ਰਹੇ ਅੰਦੋਲਨਕਾਰੀਆਂ ਉਪਰ ਜਬਰ ਅਤੇ ਗ੍ਰਿਫ਼ਤਾਰੀਆਂ, ਬੇਜ਼ਮੀਨੇ ਲੋਕਾਂ ਵੱਲੋਂ ਜਮਹੂਰੀ ਹੱਕ ਮੰਗਣ 'ਤੇ ਜਬਰ ਗ੍ਰਿਫ਼ਤਾਰੀਆਂ ਦੇ ਮਾਮਲੇ 'ਤੇ ਚਰਚਾ ਕੀਤੀ। ਕਿਸਾਨ ਆਗੂਆਂ ਨੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ। ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਭੈਣੀ, ਅਮਰਜੀਤ ਸਿੰਘ, ਬਹਾਦਰ ਸਿੰਘ, ਇਕਬਾਲ ਸਿੰਘ ਛੱਜਾਵਾਲ, ਸੰਤੋਖ ਸਿੰਘ ਛੱਜਾਵਾਲ ਅਤੇ ਨਾਹਰ ਸਿੰਘ ਨੇ ਵੀ ਚਰਚਾ ਵਿੱਚ ਭਾਗ ਲਿਆ।