ਸੰਜੀਵ ਅਰੋੜਾ ਨੂੰ ਵਧਾਈਆਂ ਦੇਣ ਵਾਲਿਆਂ ਦੀ ਲੱਗੀ ਭੀੜ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਜੂਨ
ਲੁਧਿਆਣਾ ਦੇ ਹਲਕਾ ਪੱਛਮੀ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਜਿੱਤ ਤੋਂ ਬਾਅਦ ਵਧਾਈ ਦੇਣ ਵਾਲੇ ਲੋਕਾਂ ਦੀ ਭੀੜ ਲੱਗੀ ਰਹੀ। ਸੋਮਵਾਰ ਤੋਂ ਲੈ ਕੇ ਹੁਣ ਤੱਕ ਮੰਗਲਵਾਰ ਵਧਾਈਆਂ ਦੇਣ ਵਾਲੇ ਲੋਕ ਲਗਾਤਾਰ ਉਨ੍ਹਾਂ ਦੇ ਦਫ਼ਤਰ ’ਤੇ ਘਰ ਪੁੱਜ ਰਹੇ ਹਨ। ਵੱਡੇ ਵੱਡੇ ਕਾਰੋਬਾਰੀ, ਸਨਅਤਕਾਰ, ਆਮ ਆਦਮੀ ਪਾਰਟੀ ਦੇ ਵਰਕਰ ਸਭ ਵਧਾਈਆਂ ਦੇਣ ਆ ਰਹੇ ਹਨ। ਇਸ ਦੌਰਾਨ ਸੰਜੀਵ ਅਰੋੜਾ ਨੇ ਕਿਹਾ ਕਿ ਲੋਕਾਂ ਨੇ ਜੋ ਵੀ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਹੈ, ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ।
‘ਆਪ’ ਦੇ ਜੇਤੂ ਉਮੀਦਵਾਰ ਸੰਜੀਵ ਅਰੋੜਾ ਨੇ ਕਿਹਾ ਕਿ ਲੋਕ ਵਧਾਈਆਂ ਦੇਣ ਆ ਰਹੇ ਹਨ, ਲੋਕਾਂ ਨੇ ਉਨ੍ਹਾਂ ਦੀ ਜਿੱਤ ਲਈ ਬਹੁਤ ਮਿਹਨਤ ਕੀਤੀ ਹੈ ਜਿਸ ਲਈ ਉਹ ਬਹੁਤ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ 100 ਤੋਂ ਵੱਧ ਦਿਨ ਉਨ੍ਹਾਂ ਨੇ ਚੋਣ ਪ੍ਰਚਾਰ ਕੀਤਾ ਹੈ। ਉਨ੍ਹਾਂ ਨੇ ਜੋ ਵੀ ਵਾਅਦੇ ਲੋਕਾਂ ਨਾਲ ਕੀਤੇ ਹਨ, ਉਹ ਹਰ ਹਾਲ ਵਿੱਚ ਪੂਰੇ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੋਈ ਵੀ ਅਜਿਹਾ ਵਾਅਦਾ ਨਹੀਂ ਕੀਤਾ, ਜੋ ਪੂਰਾ ਨਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜਨਤਾ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਏਗਾ। ਸ਼ਹਿਰ ਦੇ ਵਿਧਾਇਕਾਂ ਨੇ ਵੀ ਸੰਜੀਵ ਅਰੋੜਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।