DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੁੱਢੇ ਦਰਿਆ ’ਚ ਲਗਾਤਾਰ ਡਿੱਗ ਰਿਹੈ ਡੇਅਰੀਆਂ ਦਾ ਦੂਸ਼ਿਤ ਪਾਣੀ

ਤਾਜਪੁਰ ਰੋਡ ’ਤੇ ਕਰੋੜਾਂ ਰੁਪਏ ਦੇ ਸੁਰਜੀਤੀ ਪ੍ਰਾਜੈਕਟ ਨੂੰ ਲੱਗ ਰਹੀ ਹੈ ਢਾਹ
  • fb
  • twitter
  • whatsapp
  • whatsapp
featured-img featured-img
ਤਾਜਪੁਰ ਰੋਡ ’ਤੇ ਡੇਅਰੀ ਕੰਪਲੈਕਸ ’ਚੋਂ ਬੁੱਢੇ ਦਰਿਆ ਵਿੱਚ ਡਿੱਗ ਰਿਹਾ ਦੂਸ਼ਿਤ ਪਾਣੀ।
Advertisement

ਸਤਵਿੰਦਰ ਬਸਰਾ

ਲੁਧਿਆਣਾ, 5 ਜੂਨ

Advertisement

ਬੁੱਢਾ ਦਰਿਆ ਅੱਜਕਲ੍ਹ ਬੁੱਢੇ ਨਾਲੇ ਦੇ ਨਾਂ ਨਾਲ ਪਛਾਣ ਬਣਾ ਚੁੱਕਾ ਹੈ। ਇਸ ਨੂੰ ਦੁਬਾਰਾ ਬੁੱਢਾ ਦਰਿਆ ਬਣਾਉਣ ਲਈ ਵਾਤਾਵਰਨ ਪ੍ਰੇਮੀਆਂ ਦੇ ਨਾਲ ਨਾਲ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਬਾਵਜੂਦ ਡੇਅਰੀਆਂ ਵਾਲਿਆਂ ਦਾ ਪ੍ਰਦੂਸ਼ਿਤ ਪਾਣੀ ਬੁੱਢੇ ਦਰਿਆ ਵਿੱਚ ਡਿਗਣੋਂ ਬੰਦ ਨਹੀਂ ਹੋ ਰਿਹਾ। ਇਹ ਪ੍ਰਦੂਸ਼ਿਤ ਪਾਣੀ ਬੁੱਢੇ ਦਰਿਆ ਦੀ ਪੁਨਰਸੁਰਜੀਤੀ ਲਈ ਕਰੋੜਾਂ ਰੁਪਏ ਦੇ ਚੱਲ ਰਹੇ ਪ੍ਰਾਜੈਕਟ ਨੂੰ ਵੱਡੀ ਢਾਹ ਲਾ ਰਿਹਾ ਹੈ।ਬੁਢੇ ਦਰਿਆ ਦਾ ਪ੍ਰਦੂਸ਼ਿਤ ਪਾਣੀ ਨਾ ਸਿਰਫ ਇਸ ਦੇ ਨਾਲ ਲੱਗਦੀਆਂ ਬਸਤੀਆਂ ਦੇ ਲੋਕਾਂ ਨੂੰ ਬਿਮਾਰੀਆਂ ਵੰਡ ਰਿਹਾ ਹੈ ਸਗੋਂ ਸਤਲੁਜ ਦੇ ਰਾਹੀਂ ਹੋਰਨਾਂ ਸੂਬਿਆਂ ਵਿੱਚ ਵੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਵੰਡ ਰਿਹਾ ਹੈ।

ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਭਾਵੇਂ ਪਹਿਲਾਂ ਵੀ ਕਈ ਸਰਕਾਰਾਂ ਵੱਲੋਂ ਇਸ ਨੂੰ ਸਾਫ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਪਰ ਇਹ ਲਗਾਤਾਰ ਹੋਰ ਪ੍ਰਦੂਸ਼ਿਤ ਹੁੰਦਾ ਗਿਆ। ਹੁਣ ਇਹ ਬੁੱਢੇ ਦਰਿਆ ਤੋਂ ਬੁੱਢਾ ਨਾਲ ਬਣ ਚੁੱਕਾ ਹੈ। ਇਸ ਦੀ ਪੁਨਰਸੁਰਜੀਤੀ ਲਈ ਕਰੋੜਾਂ ਰੁਪਏ ਖਰਚ ਕੇ ਟ੍ਰੀਟਮੈਂਟ ਪਲਾਂਟ ਲਾਏ ਗਏ ਹਨ। ਕਈ ਉਦਯੋਗਿਕ ਇਕਾਈਆਂ ਅਤੇ ਡੇਅਰੀਆਂ ਵਾਲਿਆਂ ਦੇ ਚਲਾਨ ਕੱਟੇ ਗਏ ਹਨ। ਬਾਬਾ ਸੀਚੇਵਾਲ ਵੱਲੋਂ ਲਗਾਤਾਰ ਬੁੱਢੇ ਦਰਿਆ ਵਿੱਚੋਂ ਗਾਰ ਕੱਢਣ ਦਾ ਕੰਮ ਕਰਵਾਇਆ ਜਾ ਰਿਹਾ ਹੈ। ਦਰਿਆ ਦੇ ਕਿਨਾਰਿਆਂ ਦੇ ਇਸ਼ਨਾਨ ਘਾਟ ਤਿਆਰ ਕਰਵਾਏ ਗਏ ਹਨ। ਲੋਕਾਂ ਨੂੰ ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਨਾ ਕਰਨ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਪਰ ਇਸ ਦੇ ਬਾਵਜੂਦ ਕਈ ਲੋਕਾਂ ਵੱਲੋਂ ਬੁੱਢੇ ਦਰਿਆ ਵਿੱਚ ਗੰਦਾ ਪਾਣੀ ਸੁੱਟਿਆ ਜਾ ਰਿਹਾ ਹੈ। ਤਾਜਪੁਰ ਰੋਡ ’ਤੇ ਪੈਂਦੀਆਂ ਡੇਅਰੀਆਂ ਦਾ ਪਾਣੀ ਬੰਦ ਕੀਤਾ ਹੋਇਆ ਹੈ ਪਰ ਫਿਰ ਵੀ ਪ੍ਰਦੂਸ਼ਿਤ ਪਾਣੀ ਬੁੱਢੇ ਦਰਿਆ ਵਿੱਚ ਲਗਾਤਾਰ ਡਿਗਦਾ ਆ ਰਿਹਾ ਹੈ। ਇਸ ਕਾਰਨ ਬੁੱਢੇ ਦਰਿਆ ਨੂੰ ਸਾਫ ਕਰਨ ਦੀਆਂ ਕੋਸ਼ਿਸ਼ਾਂ ਅਸਫਲ ਹੋ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸੱਚਮੁੱਚ ਹੀ ਬੁੱਢੇ ਦਰਿਆ ਦੀ ਪੁਰਾਤਨ ਦਿੱਖ ਵਾਪਸ ਲਿਆਉਣੀ ਹੈ ਤਾਂ ਪ੍ਰਦੂਸ਼ਿਤ ਪਾਣੀ, ਬੁੱਢੇ ਦਰਿਆ ਵਿੱਚ ਡਿਗਣਾ ਪੂਰੀ ਤਰ੍ਹਾਂ ਬੰਦ ਹੋਣਾ ਚਾਹੀਦਾ ਹੈ।

Advertisement
×