ਪੁਲੀਸ ਥਾਣਾ ਹਠੂਰ ਦੀ ਪੁਲੀਸ ਨੇ ਪਿੰਡ ਚਕਰ ਦੀ ਰਹਿਣ ਵਾਲੀ ਵਿਧਵਾ ਔਰਤ ਦੀ ਜ਼ਮੀਨ ਨੂੰ ਜਬਰੀ ਵਾਹੁਣ ਅਤੇ ਫਸਲ ਬੀਜਣ ਵਾਲੇ 5 ਵਿਅਕਤੀਆਂ ਸਣੇ ਤਿੰਨ ਅਣਪਛਾਤਿਆਂ ਦੇ ਕੇਸ ਦਰਜ ਕੀਤਾ ਹੈ। ਵਿਧਵਾ ਔਰਤ ਦੇ ਪਿਤਾ ਪ੍ਰਗਟ ਸਿੰਘ ਜੌਹਲ ਵਾਸੀ ਪਿੰਡ ਚੂਹੇਕੀ (ਨੂਰਮਹਿਲ) ਜਲੰਧਰ ਨੇ ਦੱਸਿਆ ਕਿ ਉਸਦੀ ਲੜਕੀ ਪਿੰਡ ਚਕਰ ਵਿਆਹੀ ਹੋਈ ਹੈ,ਅਤੇ ਉਸਦੇ ਜਵਾਈ ਲਾਲ ਸਿੰਘ ਦੀ ਕਰੀਬ 12 ਕਿੱਲੇ ਜ਼ਮੀਨ ਪਿੰਡ ਚਕਰ ਵਿੱਚ ਹੈ,ਜਿਸ ਨੂੰ ਪਿਛਲੇ ਕਈ ਵਰ੍ਹਿਆਂ ਤੋਂ ਕ੍ਰਿਪਾਲ ਸਿੰਘ ਨਾਮਕ ਕਿਸਾਨ ਠੇਕੇ(ਚਗੋਤੇ) ਮਾਮਲੇ ’ਤੇ ਵਾਹੁੰਦਾ ਸੀ। ਸਾਲ 2005 ਵਿੱਚ ਲਾਲ ਸਿੰਘ ਦੀ ਮੌਤ ਹੋ ਗਈ ਸੀ ਬਾਅਦ ’ਚ ਪੈਲੀ ਦੀ ਦੇਖਭਾਲ ਅਤੇ ਠੇਕਾ ਵਗੈਰਾ ਲਾਲ ਸਿੰਘ ਦੀ ਪਤਨੀ ਨਵਰੂਪ ਕੌਰ ਹੀ ਲੈਂਦੀ ਸੀ। ਇਸ ਸਾਲ ਕਿਸਾਨ ਕ੍ਰਿਪਾਲ ਸਿੰਘ ਨੇ ਆਪਣੇ ਨਿੱਜੀ ਰੁਝੇਵਿਆਂ ਕਾਰਨ ਪੈਲੀ ਠੇਕੇ ਤੋਂ ਛੱਡ ਦਿੱਤੀ। ਇਸ ਵਾਰ ਸ਼ਿਕਾਇਤ ਕਰਤਾ ਪ੍ਰਗਟ ਸਿੰਘ ਜੌਹਲ ਆਪ ਖੇਤੀ ਕਰਨ ਲੱਗਾ ਪਰ ਕੱਲ੍ਹ ਇਸ ਜ਼ਮੀਨ ’ਤੇ ਗੁਰਦੇਵ ਸਿੰਘ ਵਾਸੀ ਪਿੰਡ ਡਾਂਗੋਂ, ਬਹਾਦਰ ਸਿੰਘ, ਸੁਖਦੇਵ ਸਿੰਘ ਦੋਵੇਂ ਵਾਸੀ ਪਿੰਡ ਚਕਰ, ਗੁਰਵੀਰ ਸਿੰਘ ਵਾਸੀ ਪਿੰਡ ਸਹਿਬਜ਼ਪੁਰਾ (ਰਾਏਕੋਟ), ਪਰਵਿੰਦਰ ਸਿੰਘ ਉਰਫ ਪਿੰਦਰ ਵਾਸੀ ਪਿੰਡ ਲੀਲ (ਸੁਧਾਰ) ਆਪਣੇ ਤਿੰਨ ਦੇ ਕਰੀਬ ਹੋਰ ਅਣਪਛਾਤੇ ਸਾਥੀਆਂ ਨਾਲ ਜ਼ਮੀਨ ’ਤੇ ਆਏ ਅਤੇ ਜਮੀਨ ਵਿੱਚ ਪਾਣੀ ਛੱਡ ਕੇ ਕੁੱਝ ਕੁ ਹਿੱਸੇ ’ਚ ਫਸਲ ਦੀ ਬਿਜਾਈ ਕਰਨ ਲੱਗ ਪਏ ਅਤੇ ਰਹਿੰਦੀ ਜ਼ਮੀਨ ਨੂੰ ਕਬਜ਼ੇ ਦੀ ਨੀਅਤ ਨਾਲ ਵਾਹੁਣ ਲੱਗ ਗਏ। ਨਵਰੂਪ ਕੌਰ ਦੀ ਸ਼ਿਕਾਇਤ ’ਤੇ ਪੁਲੀਸ ਮੁਲਜ਼ਮਾਂ ਖ਼ਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।