ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਣੇ 11 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਜੂਨ
ਹਲਕਾ ਪੱਛਮੀ ਲੁਧਿਆਣਾ ਦੀ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਣੇ ਗਿਆਰਾਂ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ, ਜਿਨ੍ਹਾਂ ਵਿੱਚ ਅਕਾਲੀ ਦਲ ਅੰਮ੍ਰਿਤਸਰ ਸਣੇ ਸਾਰੇ ਆਜ਼ਾਦ ਉਮੀਦਵਾਰ ਸ਼ਾਮਲ ਹਨ।
19 ਜੂਨ ਪਈਆਂ ਵੋਟਾ ਦੇ ਚੋਣ ਨਤੀਜੇ ਅੱਜ ਐਲਾਨੇ ਗਏ ਹਨ, ਜਿਸ ਵਿੱਚ ‘ਆਪ’, ਕਾਂਗਰਸ ਅਤੇ ਭਾਜਪਾ ਨੂੰ ਛੱਡਕੇ ਬਾਕੀ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਚਾਰ ਉਮੀਦਵਾਰ ਤਾਂ 100 ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇ ਜਦਕਿ ਇਨ੍ਹਾਂ ਵਿੱਚੋਂ ਤਿੰਨ ਉਮੀਦਵਾਰਾਂ ਤਾਂ 50 ਵੋਟਾਂ ਵੀ ਨਹੀਂ ਹਾਸਲ ਕਰ ਸਕੇ। ਨੋਟਾ ਦੇ ਬਟਨ ਦੀ ਵਰਤੋਂ 793 ਲੋਕਾਂ ਨੇ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੁਰਪ੍ਰੀਤ ਗੋਪੀ ਨੂੰ ਕੇਵਲ 171 ਵੋਟ ਹਾਸਲ ਹੋਏ ਹਨ, ਜਦਕਿ ਉਨ੍ਹਾਂ ਦੇ ਹੱਕ ਵਿੱਚ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਕਈ ਚੋਣ ਮੀਟਿੰਗਾਂ ਵੀ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਈਸਾਈ ਭਾਈਚਾਰੇ ਦੇ ਉਮੀਦਵਾਰ ਐਲਬਰਟ ਦੂਆ ਆਜ਼ਾਦ ਉਮੀਦਵਾਰਾਂ ਵਿੱਚੋਂ ਸਭ ਤੋਂ ਵੱਧ 280 ਵੋਟ ਹਾਸਲ ਕਰਨ ਵਾਲੇ ਇੱਕੋ-ਇੱਕ ਉਮੀਦਵਾਰ ਹਨ। ਜਤਿੰਦਰ ਸ਼ਰਮਾ ਨੂੰ 173, ਨੀਟੂ ਸ਼ਟਰਾਂ ਵਾਲਾ ਨੂੰ 112, ਸ੍ਰੀਮਤੀ ਰੇਨੂੰ ਨੂੰ 108, ਬਲਦੇਵ ਰਾਜ ਕਤਨਾ ਨੂੰ 102, ਰਾਜੇਸ਼ ਸ਼ਰਮਾ ਨੂੰ 87, ਪਵਨਦੀਪ ਸਿੰਘ ਨੂੰ 39, ਇੰਜ ਪਰਮਜੀਤ ਸਿੰਘ ਬਰਾੜ ਨੂੰ 27 ਅਤੇ ਸਭ ਤੋਂ ਘੱਟ ਐਡਵੋਕੇਟ ਗੁਰਦੀਪ ਸਿੰਘ ਕਾਹਲੋਂ ਨੂੰ ਕੇਵਲ 21 ਵੋਟ ਹੀ ਹਾਸਲ ਹੋਏ ਹਨ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਕੁੱਲ 35,179 ਵੋਟਾਂ ਮਿਲੀਆਂ ਹਨ, ਜਦੋਂ ਕਿ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ 24,542 ਵੋਟਾਂ ਹੀ ਮਿਲ ਸਕੀਆਂ ਹਨ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ 20,323 ਵੋਟਾਂ ਮਿਲੀਆਂ ਅਤੇ ਉਹ ਤੀਜੇ ਸਥਾਨ 'ਤੇ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ 8,203 ਵੋਟਾਂ ਨਾਲ ਚੌਥੇ ਸਥਾਨ ’ਤੇ ਰਹੇ ਹਨ।