ਪੁਰਾਤਨ ਅਤੇ ਵਿਰਾਸਤੀ ਖੇਡਾਂ ਦੇ ਹੱਕ ’ਚ ਡਟੇ ਇਯਾਲੀ ਤੇ ਸਮਰਥਕ
ਜਸਬੀਰ ਸਿੰਘ ਸ਼ੇਤਰਾ
ਮੁੱਲਾਂਪੁਰ ਦਾਖਾ, 30 ਜੂਨ
ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਭਨੋਹੜ ਦੇ ਖੇਡ ਸਟੇਡੀਅਮ ਵਿੱਚ ਪੰਜਾਬ ਦੀਆਂ ਪੁਰਾਤਨ ਅਤੇ ਵਿਰਾਸਤੀ ਖੇਡਾਂ ਜ਼ਰੀਏ ਪੰਜਾਬੀ ਸਭਿਆਚਾਰ ਅਤੇ ਪੰਜਾਬ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਅਤੇ ਪ੍ਰਫੁੱਲਤ ਕਰਨ ਲਈ ਕਬੂਤਰ ਸੰਘਰਸ਼ ਕਮੇਟੀ ਵੱਲੋਂ ਵੱਡਾ ਇਕੱਠ ਕੀਤਾ ਗਿਆ। ਲਗਾਤਾਰ ਪੰਜਾਬ ਦੀ ਅਮੀਰ ਵਿਰਾਸਤ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਮਕਸਦ ਨਾਲ ਹੰਭਲਾ ਮਾਰ ਰਹੀ ਸੰਘਰਸ਼ ਕਮੇਟੀ ਮੈਂਬਰਾਂ ਦੇ ਅਣਥੱਕ ਯਤਨਾਂ ਨੇ ਅੱਜ ਵੱਡਾ ਰੰਗ ਲਿਆਂਦਾ ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਖੇਡ ਪ੍ਰੇਮੀ ਇਕੱਠੇ ਹੋਏ। ਇਸ ਮੌਕੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪ੍ਰਬੰਧਕਾਂ ਵੱਲੋਂ ਪੰਜਾਬ ਦੀ ਵਿਰਾਸਤ ਅਤੇ ਸਭਿਆਚਾਰ ਨੂੰ ਬਚਾਉਣ ਦੇ ਮੰਤਵ ਹੇਠ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉੱਦਮ ਦੱਸਦਾ ਹੈ ਕਿ ਜਦੋਂ ਅੱਜ ਦੁਨੀਆਂ ਭਰ ਦੇ ਲੋਕ ਆਪੋ ਆਪਣੇ ਸਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਹਨ ਤਾਂ ਉੱਥੇ ਹੀ ਪੰਜਾਬੀ ਸਭਿਆਚਾਰ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਦਾ ਸਭਿਆਚਾਰ ਅਤੇ ਵਿਰਾਸਤੀ ਖੇਡਾਂ ਨੂੰ ਬਚਾਉਣ ਲਈ ਉਹ ਪੰਜਾਬ ਦੇ ਨਾਲ ਡੱਟ ਕੇ ਖੜ੍ਹੇ ਹਨ।
ਵਿਧਾਇਕ ਇਆਲੀ ਨੇ ਪੰਜਾਬ ਵਿਧਾਨ ਸਭਾ ਵਿੱਚ ਵੀ ਵਿਰਾਸਤੀ ਖੇਡਾਂ ਜਿਵੇਂ ਬੈਲ ਗੱਡੀਆਂ, ਘੋੜਿਆਂ, ਸ਼ਿਕਾਰੀ ਕੁੱਤਿਆਂ ਦੀਆਂ ਦੌੜਾਂ ਅਤੇ ਕਬੂਤਰਬਾਜ਼ੀ ਨੂੰ ਬਚਾਉਣ ਲਈ ਆਵਾਜ਼ ਬੁਲੰਦ ਕਰਨ ਦੀ ਗੱਲ ਕਹੀ। ਉਨ੍ਹਾਂ ਆਪਣੇ ਬਜ਼ੁਰਗਾਂ ਦੇ ਸਮੇਂ ਦੀ ਸਾਂਝ ਪਾਉਂਦੇ ਕਿਹਾ ਕਿ ਬਜ਼ੁਰਗ ਖੇਤਾਂ ਵਿੱਚ ਕੰਮ ਕਰਦੇ ਜਾਨਵਰਾਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਤਰ੍ਹਾਂ ਸਮਝਦੇ ਸਨ। ਘਰ ਵਿੱਚ ਰੱਖੇ ਜਾਨਵਰ ਘਰ ਦੀ ਅਮੀਰੀ ਦੀ ਨਿਸ਼ਾਨੀ ਹੋਇਆ ਕਰਦੇ ਸਨ। ਵਿਧਾਇਕ ਸ੍ਰੀ ਇਯਾਲੀ ਨੇ ਚਿੰਤਾ ਜ਼ਾਹਿਰ ਕੀਤੀ ਕਿ ਅੱਜ ਅਸੀਂ ਪੱਛਮੀ ਸਭਿਆਚਾਰ ਦੇ ਪ੍ਰਭਾਵ ਹੇਠ ਆਪਣੀ ਅਮੀਰ ਵਿਰਾਸਤ ਤੋਂ ਦੂਰ ਹੋ ਰਹੇ ਹਾਂ। ਪ੍ਰਬੰਧਕਾਂ ਦੀ ਇਸ ਕੋਸ਼ਿਸ਼ ਨੂੰ ਹਰ ਪਿੰਡ ਹਰ ਘਰ ਤੱਕ ਲਿਜਾਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਜਵਾਨੀ ਨੂੰ ਨਸ਼ੇ ਤੋਂ ਬਚਾਉਣ ਲਈ ਸਿਹਤਯਾਬ ਪੰਜਾਬ ਦੀ ਨੀਂਹ ਦਾ ਧੁਰਾ ਵਿਰਾਸਤੀ ਖੇਡਾਂ ਹਨ।