ਵਾਰਡ 21 ਦੀਆਂ ਸਮੱਸਿਆਵਾਂ ਸਬੰਧੀ ਈਓ ਨੂੰ ਮੰਗ ਪੱਤਰ ਸੌਂਪਿਆ
ਇਥੋਂ ਦੇ ਵਾਰਡ ਨੰਬਰ-21 ਦੇ ਵਸਨੀਕਾਂ ਦਾ ਇਕ ਵਫ਼ਦ ਵਾਰਡ ਨਾਲ ਸਬੰਧਤ ਸਮੱਸਿਆਵਾਂ ਸਬੰਧੀ ਸਮਾਜ ਸੇਵੀ ਸੰਸਥਾ ਵਾਇਸ ਆਫ਼ ਖੰਨਾ ਸਿਟੀਜ਼ਨਜ਼ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਦੀ ਅਗਵਾਈ ਹੇਠ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ। ਇਲਾਕੇ ਦੇ ਲੋਕਾਂ ਨੇ ਵਾਰਡ ਵਿਚ ਜਗ੍ਹਾ ਜਗ੍ਹਾ ਖੜ੍ਹੇ ਰਹਿੰਦੇ ਗੰਦੇ ਪਾਣੀ, ਕੂੜੇ, ਖੁੱਲ੍ਹੇ ਛੱਡੇ ਟੋਇਆਂ ਦੇ ਮਾੜੇ ਹਾਲਾਤ ਸਬੰਧੀ ਈਓ ਨੂੰ ਜਾਣੂੰ ਕਰਵਾਉਂਦਿਆਂ ਉਕਤ ਇਲਾਕੇ ਵਿੱਚ ਪਹਿਲ ਦੇ ਆਧਾਰ ’ਤੇ ਵਿਕਾਸ ਕਾਰਜ ਕਰਵਾਉਣ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿਚ ਰਾਹਗੀਰਾਂ ਦਾ ਲੰਘਣਾ ਮੁਸ਼ਕਿਲ ਹੋ ਗਿਆ ਹੈ ਅਤੇ ਹਰ ਸਮੇਂ ਬਿਮਾਰੀ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਵਾਰਡ ਵਾਸੀਆਂ ਨੇ ਇਲਾਕੇ ਦੇ ਇਕਲੌਤੇ ਮਾਤਾ ਰਾਣੀ ਪਾਰਕ ਦੀ ਦਿੱਖ ਸੁਧਾਰਨ ਲਈ ਨਗਰ ਕੌਂਸਲ ਨੂੰ ਅਪੀਲ ਕੀਤੀ ਤਾਂ ਜੋ ਇਸ ਪਾਰਕ ਵਿਚ ਸਵੇਰ-ਸ਼ਾਮ ਬਜ਼ੁਰਗ ਸੈਰ ਕਰ ਸਕਣ ਅਤੇ ਬੱਚਿਆਂ ਦੇ ਖੇਡਣ ਲਈ ਚੰਗਾ ਦਾ ਪ੍ਰਬੰਧ ਹੋ ਸਕੇ। ਇਸ ਮੌਕੇ ਈਓ ਨੇ ਵਫ਼ਦ ਨੂੰ ਪਹਿਲ ਦੇ ਆਧਾਰ ’ਤੇ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿਵਾਇਆ ਅਤੇ ਤੁਰੰਤ ਕਾਰਵਾਈ ਕਰਦਿਆਂ ਪਾਰਕ ਵਿੱਚ ਸਫ਼ਾਈ ਅਰੰਭ ਕਰਵਾਈ। ਇਸ ਮੌਕੇ ਜੇਈ ਸੰਦੀਪ ਸਿੰਘ, ਸੁਪਰਡੈਂਟ ਅਮਰਪਾਲ ਸਿੰਘ ਵਾਲੀਆ, ਪ੍ਰਦੀਪ ਗੋਇਲ, ਅਮਨ ਜਾਲੂ, ਗਗਨ ਨਾਰੰਗ, ਕਮਲ ਵਰਮਾ, ਸੰਜੇ ਕੁਮਾਰ, ਸਤੀਸ਼ ਕੁਮਾਰ ਤੇ ਹੋਰ ਹਾਜ਼ਰ ਸਨ।