ਤੀਆਂ ਦੇ ਤਿਉਹਾਰ ਮੌਕੇ ਸੱਭਿਆਚਾਰ ਦੀ ਝਲਕ ਪੇਸ਼
ਇਥੇ ਚੰਡੀਗੜ੍ਹ ਰੋਡ ’ਤੇ ਪੈਂਦੇ ਸੈਕਟਰ-33 ਦੀਆਂ ਔਰਤਾਂ ਨੇ ਸੈਕਟਰ-32 ਦੇ ਇੱਕ ਰੈਸਤਰਾਂ ਵਿੱਚ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਪੂਰੇ ਹਾਲ ਨੂੰ ਪੁਰਾਤਨ ਸੱਭਿਆਚਾਰਕ ਰੰਗ ਵਿੱਚ ਰੰਗਿਆ ਹੋਇਆ ਸੀ। ਸੋਹਣੇ ਪੰਜਾਬੀ ਪਹਿਰਾਵੇ ਪਾ ਕੇ ਪਹੁੰਚੀਆਂ ਔਰਤਾਂ ਅਤੇ ਨੌਜਵਾਨ ਕੁੜੀਆਂ ਪੰਜਾਬ ਦੇ ਅਮੀਰ ਸੱਭਿਆਚਾਰ ਦੀ ਤਸਵੀਰ ਪੇਸ਼ ਕਰ ਰਹੀਆਂ ਸਨ। ਸਮਾਗਮ ਦੇ ਸ਼ੁਰੂ ਵਿੱਚ ਪ੍ਰਬੰਧਕਾਂ ਸ਼ੈਲੀ ਅਤੇ ਸਬਰੀਨਾਂ ਨੇ ਸਾਰਿਆਂ ਦਾ ਨਿੱਘਾ ਸਵਾਗਤ ਕਰਦਿਆਂ ਦੱਸਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਤਿਉਹਾਰ ਆਪਣੀ ਵੱਖਰੀ ਛਾਪ ਛੱਡੇਗਾ। ਉਨ੍ਹਾਂ ਕਿਹਾ ਕਿ ਇਸ ਸਮਾਗਮ ਨੂੰ ਕਰਵਾਉਣ ਦਾ ਮਕਸਦ ਪੁਰਾਣੀਆਂ ਰੀਤਾਂ ਨੂੰ ਦੁਬਾਰਾ ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਹੈ। ਸਮਾਗਮ ਵਿੱਚ ਪਹੁੰਚੀਆਂ ਔਰਤਾਂ ਅਤੇ ਮੁਟਿਆਰਾਂ ਨੇ ਬੋਲੀਆਂ, ਗਿੱਧਾ ਅਤੇ ਕਿੱਕਲੀ ਪਾ ਕੇ ਸਮਾਗਮ ਨੂੰ ਹੋਰ ਵੀ ਚਾਰਚੰਨ੍ਹ ਲਾ ਦਿੱਤੇ। ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਪਕਵਾਨਾਂ ਦਾ ਸਵਾਦ ਵੀ ਚਖਿਆ। ਸ਼ੈਲੀ ਅਤੇ ਸਬਰੀਨਾਂ ਨੇ ਦੱਸਿਆ ਕਿ ਪੁਰਾਤਨ ਸਮੇਂ ਵਿੱਚ ਇਹ ਤਿਓਹਾਰ ਸਾਉਣ ਦੇ ਮਹੀਨੇ ਆਪਣੇ ਪੇਕੇ ਆਈਆਂ ਕੁੜੀਆਂ ਵੱਲੋਂ ਆਪਣੀਆਂ ਸਹੇਲੀਆਂ ਨਾਲ ਮਿਲ ਕੇ ਮਨਾਇਆ ਜਾਂਦਾ ਸੀ। ਉਨ੍ਹਾਂ ਨੇ ਵੀ ਲਗਾਤਾਰ ਦੂਜੇ ਸਾਲ ਸਾਰੀਆਂ ਸਹੇਲੀਆਂ ਨੂੰ ਇਕੱਠੀਆਂ ਕਰਕੇ ਇਹ ਤਿਉਹਾਰ ਮਨਾਉਣ ਦਾ ਉਪਰਾਲਾ ਕੀਤਾ ਹੈ, ਜੋ ਕਾਫੀ ਸਫ਼ਲ ਰਿਹਾ ਹੈ। ਉਨ੍ਹਾਂ ਨੇ ਅਗਲੇ ਸਾਲ ਫਿਰ ਇਕੱਠੀਆਂ ਹੋਣ ਵਾਅਦੇ ਨਾਲ ਸਮਾਗਮ ਦੀ ਸਮਾਪਤੀ ਕੀਤੀ।