ਦੋਰਾਹਾ ’ਚ ਟੀਵੀ ਸੀਰੀਅਲ ‘ਸੀਆਈਡੀ’ ਦੀ ਨਕਲ ਕਰਦਿਆਂ 13 ਸਾਲਾ ਬੱਚੀ ਦੀ ਮੌਤ
ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 28 ਮਈ
ਇਥੋਂ ਨੇੜਲੇ ਅੜੈਚਾਂ ਕਲੋਨੀ ਇਲਾਕੇ ਵਿਚ ਟੀਵੀ ਸੀਰੀਅਲ ਸੀਆਈਡੀ ਨਾਟਕ ਦੀ ਨਕਲ ਕਰਦਿਆਂ 13 ਸਾਲਾ ਬੱਚੀ ਆਪਣੀ ਜਾਨ ਗੁਆ ਬੈਠੀ ਹੈ। ਅੱਠਵੀਂ ਜਮਾਤ ਦੀ ਵਿਦਿਆਰਥਣ ਅਨੀਤਾ ਦਾ ਪਰਿਵਾਰ ਪਿੱਛੋਂ ਬਿਹਾਰ ਨਾਲ ਸਬੰਧਤ ਹੈ ਤੇ ਪਿਛਲੇ ਛੇ ਮਹੀਨੇ ਤੋਂ ਦੋਰਾਹਾ ਵਿਖੇ ਰਹਿ ਰਿਹਾ ਸੀ।
ਮ੍ਰਿਤਕਾ ਦੇ ਪਿਤਾ ਰਾਜ ਬਲਵ ਨੇ ਦੱਸਿਆ ਕਿ ਉਹ ਸ਼ਾਮ ਸਮੇਂ ਬਾਜ਼ਾਰ ਕਿਸੇ ਕੰਮ ਗਏ ਸਨ ਅਤੇ ਅਨੀਤਾ ਆਪਣੇ ਭਰਾ ਤੇ ਗੁਆਂਢੀਆਂ ਦੇ ਬੱਚਿਆਂ ਨਾਲ ਘਰ ਵਿਚ ਸੀਆਈਡੀ ਨਾਟਕ ਦੇਖ ਰਹੀ ਸੀ। ਇਸ ਦੌਰਾਨ ਬੱਚੇ ਨਾਟਕ ਦੇ ਇਕ ਸੀਨ ਦੀ ਨਕਲ ਕਰਨ ਲੱਗੇ ਅਤੇ ਅਨੀਤਾ ਇਕ ਤਾਰ ਪੱਖੇ ਨਾਲ ਬੰਨ੍ਹ ਕੇ ਆਪਣੇ ਗਲੇ ਵਿਚ ਪਾ ਕੇ ਮੇਜ਼ ’ਤੇ ਚੜ੍ਹ ਗਈ। ਇਸੇ ਦੌਰਾਨ ਮੇਜ਼ ਟੁੱਟ ਗਿਆ ਅਤੇ ਤਾਰ ਉਸ ਦੇ ਗਲੇ ਵਿਚ ਫਸ ਕੇ ਲਟਕ ਗਈ। ਇਹ ਦੇਖ ਕੇ ਬੱਚੇ ਘਬਰਾ ਗਏ ਅਤੇ ਅਨੀਤਾ ਨੂੰ ਬਚਾਉਣ ਲਈ ਰੌਲਾ ਪਾਇਆ। ਉਨ੍ਹਾਂ ਦੀ ਆਵਾਜ਼ ਸੁਣ ਕੇ ਗੁਆਂਢੀਆਂ ਨੇ ਜਦੋਂ ਬੱਚੀ ਨੂੰ ਹੇਠਾਂ ਉਤਾਰ ਕੇ ਹਸਪਤਾਲ ਪਹੁੰਚਾਇਆ ਤਾਂ ਉਸ ਸਮੇਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਘਟਨਾ ਦੀ ਸੂਚਨਾ ਮਿਲਣ ’ਤੇ ਦੋਰਾਹਾ ਪੁਲੀਸ ਦੀ ਟੀਮ ਮੌਕੇ ਤੇ ਪੁੱਜੀ। ਐੱਸਐੱਚਓ ਅਕਾਸ਼ ਦੱਤ ਨੇ ਦੱਸਿਆ ਕਿ ਲੜਕੀ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।