ਵਾਹ ਨੀ ਬਿਜਲੀਏ
ਦੱਸਦੇ ਹਨ ਕਿ ਪਿੰਡਾਂ ਵਿੱਚ ਬਿਜਲੀ ਨਵੀਂ ਨਵੀਂ ਆਈ ਤਾਂ ਲੋਕਾਂ ਦੀ ਹੈਰਾਨੀ ਦੀ ਹੱਦ ਨਹੀਂ ਸੀ ਰਹੀ। ਪਹਿਲਾਂ ਲੋਕ ਦੀਵੇ ਬਾਲਦੇ। ਦਿਨ ਖੜ੍ਹੇ ਹੀ ਰੋਟੀ ਟੁੱਕ ਪਕਾ ਕੇ ਵਿਹਲੇ ਹੋ ਜਾਂਦੇ। ਦੀਵੇ ਦੀ ਕੰਬਦੀ ਲੋਅ ਵਿੱਚ ਪਰਛਾਵੇਂ ਵੱਡੇ ਛੋਟੇ ਹੁੰਦੇ। ਬਿਜਲੀ ਦੀ ਚਕਾਚੌਂਧ ਵਿੱਚ ਪਰਛਾਵਿਆਂ ਦਾ ਵਜੂਦ ਖ਼ਤਮ ਹੋ ਗਿਆ।
ਗਰਮੀਆਂ ’ਚ ਵਿਹੜੇ ਵਿੱਚ ਜਾਂ ਕੋਠੇ ਉੱਪਰ ਅਤੇ ਸਰਦੀਆਂ ਵਿੱਚ ਸਬ੍ਹਾਤਾਂ ਵਿੱਚ ਪਾਲੋ ਪਾਲ ਮੰਜੇ ਡਾਹ ਕੇ ਗੱਲਾਂ ਹੁੰਦੀਆਂ, ਬਾਤਾਂ ਪੈਂਦੀਆਂ ਤੇ ਹੁੰਗਾਰੇ ਭਰੇ ਜਾਂਦੇ। ਕਿਸੇ ਪਰੀ ਲੋਕ ਦੀ ਸੈਰ ਵਰਗੀਆਂ ਬਾਤਾਂ ਹੁੰਦੀਆਂ।
ਬਿਜਲੀ ਨੇ ਜ਼ਿੰਦਗੀ ਜਿਊਣ ਦਾ ਤਰੀਕਾ ਹੀ ਬਦਲ ਦਿੱਤਾ। ਮਧਾਣੀਆਂ ਅਤੇ ਆਟਾ ਚੱਕੀਆਂ ਬਿਜਲੀ ’ਤੇ ਹੋ ਗਈਆਂ। ਸਾਡੀਆਂ ਜਰਵਾਣੀਆਂ ਸੁਆਣੀਆਂ ਸ਼ੂਗਰ ਅਤੇ ਦਿਲ ਦੀਆਂ ਮਰੀਜ਼ ਹੋਣ ਲੱਗੀਆਂ। ਚੱਕੀ ਝੋਂਦੀਆਂ ਤੇ ਹੱਥੀਂ ਦੁੱਧ ਰਿੜਕਦੀਆਂ ਤ੍ਰੀਮਤਾਂ ਦੇ ਕਦੋਂ ਤੇਜ਼ਾਬ ਬਣਦਾ ਸੀ ਤੇ ਕਦੋਂ ਬਲੱਡ ਵਧਣ ਦੀ ਸ਼ਿਕਾਇਤ ਹੁੰਦੀ ਸੀ!
ਹੱਥ ਵਾਲੀ ਮਸ਼ੀਨ ਨਾਲ ਟੋਕਾ ਕਰਨ ਨਾਲ ਹੱਥਾਂ ਦੀਆਂ ਉਂਗਲਾਂ ਤੋਂ ਲੈ ਕੇ ਪੈਰਾਂ ਦੇ ਪੰਜਿਆਂ ਤੱਕ ਦੀ ਵਰਜਿਸ਼ ਹੁੰਦੀ ਸੀ। ਜਿਮ ਦੀ ਮਹਿੰਗੀ ਤੋਂ ਮਹਿੰਗੀ ਮਸ਼ੀਨ ਵੀ ਕੀ ਰੀਸ ਕਰੇਗੀ?
ਕੁਤਰੇ ਵਾਲੀਆਂ ਮਸ਼ੀਨਾਂ ਵੀ ਬਿਜਲੀ ’ਤੇ ਹੋ ਗਈਆਂ।
ਚਰ੍ਹੀ ਦੀਆਂ ਦਸ ਪੰਡਾਂ ਹੱਥੀਂ ਕੁਤਰ ਕੇ ਪਸੀਨੇ ਨਾਲ ਗੜੁੱਚ ਹੋਏ ਗੁੰਦਵੇਂ ਸਰੀਰਾਂ ਵਿੱਚੋਂ ਆਉਂਦੀ ਤੀਬਰ ਮਹਿਕ ਗਾਇਬ ਹੋ ਗਈ। ਸਰੀਰ ਦੀ ਦੁਰਗੰਧ ਮਿਟਾਉਣ ਲਈ ਡੀਓ ਤੇ ਮਹਿੰਗੇ ਪ੍ਰਫਿਊਮਾਂ ਦੀ ਲੋੜ ਪੈਣ ਲੱਗੀ। ਮਸ਼ੀਨਰੀ ਨੇ ਜਵਾਨਾਂ ਦੇ ਪੱਟਾਂ ਤੇ ਡੌਲਿਆਂ ’ਚ ਪੈਦੀਆਂ ਮਛਲੀਆਂ ਖੋਰ ਦਿੱਤੀਆਂ।
ਹੱਡ ਭੰਨਵੀਂ ਮਿਹਨਤ ਨਾਲ ਉੱਭਰੀਆਂ ਨਾੜਾਂ ਵਾਲੇ ਮਿਹਨਤੀ ਹੱਥਾਂ ਦੀਆਂ ਪੁਸ਼ਤਾਂ ਅਤੇ ਮੇਲਿਆਂ ਵਿੱਚੋਂ ੧ਓ ਲਿਖਾਉਣ ਵਾਲੇ ਨਾ ਰਹੇ। ਫਾਸਟ ਫੂਡ ਤੇ ਸਟੀਰੌਇਡ ਵਾਲੇ ਪ੍ਰੋਟੀਨ ਖਾ ਖਾ ਕੇ ਬਣਾਏ ਸਰੀਰਾਂ ਉੱਪਰ ਲੰਮੇ ਚੌੜੇ ਅੰਗਰੇਜ਼ੀ ਟੈਟੂ ਬਣਨ ਲੱਗੇ।
ਪਿੰਡਾਂ ਦੇ ਲੋਕਾਂ ਦੀਆਂ ਗੋਗੜਾਂ ਵਧਣ ਲੱਗ ਪਈਆਂ। ਸਟੰਟ ਪੈਣ ਲੱਗੇ। ਸ਼ਹਿਰਾਂ ਦੇ ਹਸਪਤਾਲ ਫਾਈਵ ਸਟਾਰ ਹੋ ਗਏ। ਅਲਟਰਾਸਾਊਂਡ, ਐਂਜੀਓਗਰਾਫੀ, ਐਮ.ਆਰ.ਆਈ. ਸ਼ਬਦ ਹਰ ਇੱਕ ਦੀ ਜ਼ੁਬਾਨ ’ਤੇ ਚੜ੍ਹ ਗਏ।
ਬਿਜਲੀ ਨਾਲ ਦਿਨ ਰਾਤ ਚਲਦੀਆਂ ਮੋਟਰਾਂ ਨੇ ਸਾਡੀ ਧਰਤੀ ਮਾਂ ਵਿੱਚੋਂ ਪਾਣੀ ਸੂਤ ਕੇ ਉਸ ਦੀ ਕੁੱਖ ਨੂੰ ਬੰਜਰ ਕਰ ਦਿੱਤਾ। ਪਤਾ ਨਹੀਂ ਇਹ ਤਰੱਕੀ ਸੀ ਕਿ ਬਰਬਾਦੀ!
ਬਿਜਲੀ ਨਾਲ ਚਲਦੇ ਏਸੀਆਂ ਨੇ ਕਮਰਿਆਂ ’ਚ ਤਾਜ਼ੀ ਹਵਾ ਦਾ ਆਉਣਾ ਵਰਜਿਤ ਕਰ ਦਿੱਤਾ। ਘਰ ਦੇ ਜੀਅ ਇਕੱਲੇ ਇਕੱਲੇ ਹੋ ਕੇ ਇੰਟਰਨੈੱਟ ਦੇ ਜਾਅਲੀ, ਤਲਿਸਮੀ ਸੰਸਾਰ ਵਿੱਚ ਗੁੰਮ ਕੇ ਮੋਬਾਈਲਾਂ ਵਿੱਚੋਂ ਖ਼ੁਸ਼ੀਆਂ ਲੱਭਦੇ ਲੱਭਦੇ ਵਿਰਕਤ ਮਾਨਸਿਕਤਾ ਦੇ ਸ਼ਿਕਾਰ ਹੋ ਗਏ। ਉੱਚੀਆਂ ਉੱਚੀਆਂ ਕੰਧਾਂ ਵੀ ਘਰਾਂ ਦੀਆਂ ਇੱਜ਼ਤਾਂ ਤੇ ਇੰਟਰਨੈੱਟ ਰਾਹੀਂ ਵੜੀਆਂ ਹਵਸੀ, ਗਲੀਜ਼ ਨਜ਼ਰਾਂ ਨੂੰ ਰੋਕਣ ਵਿੱਚ ਅਸਮਰੱਥ ਹੋ ਗਈਆਂ।
ਮੋਬਾਈਲਾਂ ਨੇ ਸੰਗਾਂ ਸ਼ਰਮਾਂ ਲਾਹ ਕੇ ਅਹੁ ਮਾਰੀਆਂ। ਰਿਸ਼ਤਿਆਂ ਵਿੱਚ ਇੱਕ ਨਵੀਂ ਕਿਸਮ ਦਾ ਨਿਘਾਰ ਆਉਣ ਲੱਗਿਆ। ਇਸ ਤੋਂ ਇਲਾਵਾ ਜੋ ਕੁਝ ਇਸ ਅਖੌਤੀ ਤਰੱਕੀ ਦੇ ਦੌਰ ਵਿੱਚ ਵਾਪਰ ਰਿਹਾ ਹੈ, ਉਹ ਹਰ ਬੰਦੇ ਦੀ ਆਪੋ ਆਪਣੀ ਵੱਖਰੀ ਤ੍ਰਾਸਦੀ ਹੈ।
ਖ਼ੈਰ, ਮੈਂ ਬਿਜਲੀ ਬਾਰੇ ਕੁਝ ਹਲਕੀਆਂ ਫੁਲਕੀਆਂ ਗੱਲਾਂ ਲਿਖਣੀਆਂ ਸਨ, ਪਰ ਲਿਖਣ ਬੈਠਾ ਤਾਂ ਸੂਈ ਹੋਰ ਹੀ ਪਾਸੇ ਟਿਕ ਗਈ। ਚਲੋ, ਹੁਣ ਕੁਝ ਹੱਸ ਖੇਡ ਵੀ ਲਿਆ ਜਾਵੇ।
ਦੋ ਦੇਸੀ ਹਮਾਤੜ ਜਿਹੇ ਬੰਦੇ ਰਾਜਸਥਾਨ ਤੋਂ ਪੰਜਾਬ ਵਿੱਚ ਆਪਣੇ ਇੱਕ ਸਰਦੇ ਪੁੱਜਦੇ ਰਿਸ਼ਤੇਦਾਰ ਨੂੰ ਮਿਲਣ ਆ ਗਏ। ਰੋਟੀ ਖੁਆਉਣ ਤੋਂ ਬਾਅਦ ਦੋਵਾਂ ਦਾ ਉਤਾਰਾ ਚੁਬਾਰੇ ਵਿੱਚ ਸੀ ਜਿੱਥੇ ਨਵੀਂ ਨਵੀਂ ਆਈ ਬਿਜਲੀ ਦਾ ਲਾਟੂ (ਬਲਬ) ਜਗ ਰਿਹਾ ਸੀ। ਭਾਈਵੰਦਾਂ ਦੇ ਘਰੇ ਤਾਂ ਦੀਵੇ ਜਗਦੇ ਸੀ, ਜੋ ਮਾੜੀ ਜੀ ਫੂਕ ਨਾਲ ਬੁਝ ਜਾਂਦੇ। ਦੋਵੇਂ ਅੱਧੀ ਰਾਤ ਤੱਕ ਗੱਲਾਂ ਮਾਰਦੇ ਰਹੇ। ਜਦੋਂ ਸੌਣ ਦਾ ਵੇਲਾ ਆਇਆ ਤਾਂ ਬਲਬ ਬੁਝਾਉਣਾ ਨਾ ਆਵੇ। ਦੋਵਾਂ ਨੇ ਮੰਜੇ ਉੱਪਰ ਚੜ੍ਹ ਕੇ ਪਹਿਲਾਂ ਤਾਂ ਬਲਬ ਨੂੰ ਬੁਝਾਉਣ ਲਈ ਫੂਕਾਂ ਮਾਰੀਆਂ। ਜਦੋਂ ਨਾ ਬੁਝਿਆ ਤਾਂ ਪਰਨਿਆਂ ਨਾਲ ਝੱਲਾਂ ਮਾਰ ਮਾਰ ਕੇ ਬੁਝਾਉਂਦੇ ਰਹੇ। ਅਖੀਰ ਸੌਂ ਗਏ। ਸਵੇਰ ਨੂੰ ਮੇਜ਼ਬਾਨ ਰਾਤ ਵਾਲੀ ਗੱਲ ਸੁਣ ਕੇ ਬਹੁਤ ਹੱਸਿਆ।
ਜਦੋਂ ਪਿੰਡਾਂ ਵਾਲੇ ਵੀ ਲਾਈਟ ਦੇ ਆਦੀ ਹੋ ਗਏ ਤਾਂ ਬਿਜਲੀ ਚਲੇ ਜਾਣ ’ਤੇ ਘੁੱਪ ਹਨੇਰਾ ਹੋ ਜਾਣਾ। ਲੋਕਾਂ ਨੇ ਦੀਵਾ ਬਾਲਣ ਲਈ ਸੀਖਾਂ ਵਾਲੀ ਡੱਬੀ ਲੱਭਣ ਵੇਲੇ ਹਨੇਰੇ ’ਚ ਠੇਡੇ ਖਾਈ ਜਾਣੇ।
ਇੱਕ ਕਹਿੰਦਾ, ‘‘ਯਾਰ, ਆਹ ਬਿਜਲੀ ਤਾਂ ਸਕਿੰਟ ’ਚ ਈ ਭੱਜ ਜਾਂਦੀ ਐ ।ਇਹਦਾ ਭੋਰਾ ਨਕਾਲ ਵੀ ਹੈਨੀ ... ਦਾ...!’’
ਨਕਾਲ ਤੋਂ ਭਾਵ ਪਾਣੀ ਦੀ ਵਾਰੀ ਖ਼ਤਮ ਹੋਣ ’ਤੇ ਵੀ ਖਾਲ ’ਚ ਬਚਿਆ ਪਾਣੀ ਕਾਫ਼ੀ ਚਿਰ ਪੈਲੀ ਸਿੰਜਦਾ ਰਹਿੰਦਾ।
ਕਹਿੰਦੇ ਇੱਕ ਬੇਬੇ ਕਣਕ ਦਾ ਗੱਟਾ ਸਿਰ ’ਤੇ ਰੱਖ ਕੇ ਚੱਕੀ ’ਤੇ ਜਾਣ ਲੱਗੀ ਤਾਂ ਦੂਜੀ ਬੁੜ੍ਹੀ ਕਹਿੰਦੀ, ‘‘ਭਾਈ, ਖ਼ੁਸ਼ੀ ਨੂੰ ਜਾਹ ਦੋ ਦਿਨ ਬੱਤੀ ਨੀ ਆਉਣੀ ਅਜੇ।’’
‘‘ਲੈ ਕੁੜੇ ਇਹੋ ਜਾ ਕੀ ਲੋਹੜਾ ਹੋ ਗਿਆ...?’’
‘‘ਨੀ ਭੈਣੇ ਕਹਿੰਦੇ... ਅਖੇ ਉਹ ਜਾਇ ਖਾਣੇ ਦਾ ਗਰਾਮਸੇਵਕ ਮੱਚ ਗਿਆ। ਕਹਿੰਦੇ ਦੋ ਦਿਨ ਲੱਗਣਗੇ ਠੀਕ ਹੋਣ ’ਚ।’’
ਬੇਬੇ ਟਰਾਂਸਫਾਰਮਰ ਨੂੰ ਗਰਾਮਸੇਵਕ ਹੀ ਦੱਸੀ ਜਾਵੇ।
ਸੰਪਰਕ: 97790-22410