ਮੂੰਹ ਬੋਲੇ ਰਿਸ਼ਤੇ
ਤਰਸੇਮ ਸਿੰਘ ਭੰਗੂ
ਕਥਾ ਪ੍ਰਵਾਹ
‘ਬਾਪੂ ਤੇਰੇ ਕਰਕੇ ਮੈਂ ਪੈਰਾਂ ’ਤੇ ਖਲੋਅ ਗਿਆ’ ਫੋਨ ਦੀ ਰਿੰਗ ਟੋਨ ਨੇ ਸਾਬਕਾ ਸੂਬੇਦਾਰ ਗੁਰਤੇਜ ਸਿੰਘ ਨੂੰ ਸੁਚੇਤ ਕੀਤਾ। ਸਕਰੀਨ ਉੱਤੇ ਵਿਦੇਸ਼ੀ ਨੰਬਰ ਡਿਸਪਲੇਅ ਹੋ ਰਿਹਾ ਸੀ। ਅਜਿਹੇ ਫੋਨਾਂ ਜ਼ਰੀਏ ਹੁੰਦੇ ਸਾਈਬਰ ਅਪਰਾਧ ਵੀ ਉਸ ਨੂੰ ਯਾਦ ਆਏ। ਉਸ ਨੇ ਪੂਰੀ ਤਰ੍ਹਾਂ ਸੁਚੇਤ ਹੋ ਕੇ ਫੋਨ ਉਠਾ ਕੇ ਹੈਲੋ ਆਖੀ। ਦੂਜੇ ਪਾਸੇ ਤੋਂ ‘‘ਡੈਡੀ ਤਕੜੈਂ?’’ ਦੀ ਜਾਣੀ-ਪਛਾਣੀ ਲੱਗਦੀ ਆਵਾਜ਼ ਨੇ ਝੰਜੋੜਿਆ। ਇੰਜ ਹੀ ਫਰਾਡ ਕਰਨ ਵਾਲੇ ਫੋਨ ਕਰਕੇ ਆਖਦੇ ਨੇ, ‘‘ਪਛਾਣਿਆ! ਪਛਾਣੋ ਖਾਂ ਭਲਾ! ਫਿਰ ਆਖਣਗੇ ਲੈ, ਹੁਣ ਤੁਸੀਂ ਸਾਨੂੰ ਭੁੱਲ ਈ ਗਏ।’’
ਉਸ ਦੇ ਬੱਚਿਆਂ ਤੋਂ ਇਲਾਵਾ ਉਸ ਨੂੰ ਡੈਡੀ ਆਖਣ ਵਾਲਾ ਓਪਰਾ ਬੰਦਾ ਇਹ ਕੌਣ ਹੋਇਆ ਭਲਾ? ਗੁਰਤੇਜ ਨੇ ਮਨਬਚਨੀ ਕੀਤੀ। ਅਜਿਹੇ ਫੋਨਾਂ ਨਾਲ ਹੋਈਆਂ ਠੱਗੀਆਂ ਨੇ ਉਸ ਨੂੰ ਇੱਕ ਵਾਰ ਫਿਰ ਝੰਜੋੜਿਆ। ਉਸ ਨੂੰ ਯਕਦਮ ਯਾਦ ਆਇਆ ਕਿ ਫ਼ੌਜ ਦੀ ਨੌਕਰੀ ਦੌਰਾਨ ਸਿਪਾਹੀ ਹਰਦੀਪ ਸਿੰਘ (ਜਿਸ ਦਾ ਛੋਟਾ ਨਾਮ ਬਿੱਟੂ ਸੀ) ਉਸ ਨੂੰ ਡੈਡੀ ਆਖਿਆ ਕਰਦਾ ਸੀ, ਜਿਸ ਨੂੰ ਉਹ ਮਜ਼ਾਕ ਹੀ ਸਮਝਦਾ ਰਿਹਾ। ਫਿਰ ਵੀ ਸੁਚੇਤ ਰਹਿੰਦੇ ਹੋਏ ਗੁਰਤੇਜ ਨੇ ਕਿਹਾ, ‘‘ਹੈਲੋ ਹਰਦੀਪ ਸਿੰਘ ਬੋਲਦੈਂ?’’
‘‘ਹਰਦੀਪ ਨਹੀਂ, ਸਿਰਫ਼ ਬਿੱਟੂ। ਮੈਂ ਸੋਚਿਆ ਵੇਖਦੇ ਹਾਂ ਡੈਡੀ ਪਛਾਣਦਾ ਵੀ ਹੈ ਕਿ ਨਹੀਂ, ਮੈਂ ਬੜੇ ਯਤਨਾਂ ਨਾਲ ਤੇਰਾ ਫੋਨ ਲੱਭਿਆ ਏ।’’ ਸਾਫ਼ ਹੋ ਗਿਆ ਕਿ ਇਹ ਕੋਈ ਫਰਾਡ ਨਹੀਂ।
ਪੈਨਸ਼ਨ ਆਉਣ ਤੋਂ ਬਾਅਦ ਫ਼ੌਜੀ ਦੋਸਤਾਂ ਨਾਲ ‘ਫ਼ੌਜੀ ਦੀ ਸ਼ਟੇਸ਼ਨ ਤੱਕ ਦੀ ਯਾਰੀ’ ਅਨੁਸਾਰ ਇੱਕ ਦੋ ਨੂੰ ਛੱਡ ਕੇ ਬਹੁਤਿਆਂ ਨਾਲੋਂ ਤਕਰੀਬਨ ਰਾਬਤਾ ਟੁੱਟ ਹੀ ਗਿਆ ਸੀ। ਗੱਲਬਾਤ ਕਰਦਿਆਂ ਪਤਾ ਲੱਗਾ ਕਿ ਮੇਰੇ ਪੈਨਸ਼ਨ ਆਉਣ ਮਗਰੋਂ ਹਰਦੀਪ ਵੀ ਪੈਨਸ਼ਨ ਲੈਣ ਤੋਂ ਬਾਅਦ ਸੰਘਰਸ਼ ਕਰਦਾ ਪੁਰਤਗਾਲ ਪੰਹੁਚ ਗਿਆ ਸੀ ਤੇ ਹੁਣ ਉਹ ਆਪਣੇ ਪਰਿਵਾਰ ਸਮੇਤ ਐੱਨ.ਆਰ.ਆਈ. ਹੈ।
ਬਿੱਟੂ ਨੇ ਹਫ਼ਤੇ ਵਿੱਚ ਇੱਕ ਵਾਰ ਖ਼ੁਦ ਫੋਨ ਕਰਨ ਦਾ ਵਾਅਦਾ ਕਰਕੇ ਫੋਨ ਕੱਟ ਦਿੱਤਾ।
ਬਿੱਟੂ ਦਾ ਫੋਨ ਤਕਰੀਬਨ ਵੀਹ-ਇੱਕੀ ਸਾਲ ਬਾਅਦ ਆਇਆ ਸੀ। ਗੁਰਤੇਜ ਫ਼ੌਜੀ ਜੀਵਨ ਦੇ ਅਤੀਤ ਵਿੱਚ ਗਵਾਚ ਗਿਆ। 1984 ਵਿੱਚ ਦਰਬਾਰ ਸਾਹਿਬ ਉੱਤੇ ਭਾਰਤੀ ਫ਼ੌਜ ਵੱਲੋਂ ਹੋਏ ਨੀਲਾ ਤਾਰਾ ਅਪਰੇਸ਼ਨ ਤੋਂ ਬਾਅਦ ਸਿੱਖ ਯੂਨਿਟਾਂ ਵਿੱਚ ਵੱਡੇ ਪੱਧਰ ’ਤੇ ਹੋਈ ਬਗ਼ਾਵਤ ਮਗਰੋਂ ਕੁਝ ਜਵਾਨਾਂ ਦੀ ਬਦਲੀ ਦੂਸਰੀਆਂ ਯੂਨਿਟਾਂ ਵਿੱਚ ਹੋਣ ਕਰਕੇ ਨਵਾਂ-ਨਵਾਂ ਹਵਾਲਦਾਰ ਬਣਿਆ ਗੁਰਤੇਜ ਸਿੰਘ ਵੀ ਇੱਕ ਰਲਵੀਂ ਯੂਨਿਟ ਵਿੱਚ ਬਦਲ ਕੇ ਗਿਆ ਸੀ।
ਯੂਨਿਟ ਪ੍ਰਮੋਸ਼ਨ ਹੋਣ ਕਰਕੇ ਘੱਟ ਨੌਕਰੀ ਹੋਣ ਦੇ ਬਾਵਜੂਦ ਉਹ ਨਵੀਂ ਯੂਨਿਟ ਵਿੱਚ ਜਾ ਕੇ ਸਭ ਤੋਂ ਸੀਨੀਅਰ ਹੋ ਗਿਆ। ਗੁਰਤੇਜ ਦੇ ਟਰੇਡ ਵਾਲਿਆਂ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ, ‘‘ਦੂਸਰੀ ਯੂਨਿਟ ਵਿੱਚੋਂ ਆਏ ਜੂਨੀਅਰ ਬੰਦੇ ਸਾਡੇ ਨਾਲੋਂ ਸੀਨੀਅਰ ਹੋ ਗਏ ਹਨ, ਇਨ੍ਹਾਂ ਨੂੰ ਵਾਪਸ ਕੀਤਾ ਜਾਵੇ।’’
ਯੂਨਿਟ ਕਮਾਂਡਰ ਨੇ ਸਾਫ਼ ਕਹਿ ਦਿੱਤਾ, ‘‘ਇਹ ਪੋਸਟਿੰਗ ਰਿਕਾਰਡ ਵੱਲੋਂ ਹੋਈ ਹੈ, ਮੈਂ ਕੁਝ ਨਹੀਂ ਕਰ ਸਕਦਾ। ਹਾਂ, ਪ੍ਰਮੋਸ਼ਨ ਦੀ ਸੀਨੀਆਰਟੀ ਅਨੁਸਾਰ ਬਣਦਾ ਹੱਕ ਬਾਹਰੋਂ ਆਉਣ ਵਾਲਿਆਂ ਨੂੰ ਵੀ ਦਿੱਤਾ ਜਾਵੇਗਾ।’’ ਉਸ ਤੋਂ ਬਾਅਦ ਕੋਈ ਨਹੀਂ ਬੋਲਿਆ।
ਕਿਸੇ ਵੀ ਸਰਕਾਰੀ ਸੰਸਥਾ ਵਿੱਚ ਪ੍ਰਮੋਸ਼ਨ ਦੀ ਤਾਰੀਖ਼ ਤੋਂ ਹੀ ਸੀਨੀਆਰਟੀ ਮੰਨੀ ਜਾਂਦੀ ਹੈ। ਜ਼ਿਆਦਾ ਸਰਵਿਸ ਕੋਈ ਮਾਅਨੇ ਨਹੀਂ ਰੱਖਦੀ।
ਜਲਦੀ ਹੀ ਪ੍ਰਮੋਟ ਹੋ ਕੇ ਗੁਰਤੇਜ ਬੀ.ਐੱਚ.ਐੱਮ. (ਬੈਟਰੀ ਹਵਾਲਦਾਰ ਮੇਜਰ) ਬਣ ਗਿਆ। 120 ਜਵਾਨ ਉਸ ਦੇ ਥੱਲੇ ਸਨ। ਬਹੁਤ ਸਾਰੇ ਵਿਅਕਤੀ ਸਰਵਿਸ ਵਿੱਚ ਗੁਰਤੇਜ ਤੋਂ ਸੀਨੀਅਰ ਸਨ। ਆਪਣੇ ਤੋਂ ਜੂਨੀਅਰ ਥੱਲੇ ਨੌਕਰੀ ਕਰਨੀ ਸਭ ਨੂੰ ਚੁਭਦੀ ਹੈ ਪਰ ਗੁਰਤੇਜ ਦੇ ਮਿਲਾਪੜੇ ਸੁਭਾਅ ਅਤੇ ਬੋਲਬਾਣੀ ਨੇ ਹਰੇਕ ਦਾ ਦਿਲ ਜਿੱਤ ਲਿਆ ਸੀ।
ਕੁਝ ਦਿਨਾਂ ਬਾਅਦ ਸਿਖਲਾਈ ਸੈਂਟਰ ਨਾਸਿਕ ਤੋਂ ਦੋ ਸਿੱਖ ਰੰਗਰੂਟ ਸੁਖਦੇਵ ਸਿੰਘ ਤੇ ਹਰਦੀਪ ਸਿੰਘ ਯੂਨਿਟ ਵਿੱਚ ਆ ਗਏ। ਸੁਖਦੇਵ ਸਿੰਘ ਤਾਂ ਬੜਾ ਸ਼ਰਮਾਕਲ ਜਿਹਾ ਸੀ, ਇਸ ਦੇ ਉਲਟ ਹਰ ਵੇਲੇ ਹਸੂੰ-ਹਸੂੰ ਕਰਦੇ ਹਰਦੀਪ ਦਾ ਚਿਹਰਾ ਹੀ ਉਸ ਦੇ ਬੇਹੱਦ ਸ਼ਰਾਰਤੀ ਹੋਣ ਦੀ ਨਿਸ਼ਾਨਦੇਹੀ ਕਰਦਾ ਸੀ। ਰੈਜੀਮੈਂਟ ਹੈੱਡਕੁਆਟਰ ਤੋਂ ਦੋਵੇਂ ਮੁੰਡੇ ਗੁਰਤੇਜ ਦੀ ਬੈਟਰੀ ਵਿੱਚ ਆ ਗਏ। ਉਸ ਨੇ ਉਨ੍ਹਾਂ ਤੋਂ ਸਿਖਲਾਈ ਦੌਰਾਨ ਉਨ੍ਹਾਂ ਦੇ ਤਜਰਬੇ ਅਤੇ ਘਰ-ਪਰਿਵਾਰ ਬਾਰੇ ਪੁੱਛਣ ਲਈ ਹਰਦੀਪ ਸਿੰਘ ਨੂੰ ਕਿਹਾ, ‘‘ਪੁੱਤਰਾ, ਪਹਿਲਾਂ ਤੂੰ ਦੱਸ।’’
‘‘ਡੈਡੀ ਜੀ, ਕੋਈ ਖ਼ਾਸ ਨਹੀਂ, ਸਿਖਲਾਈ ਦੇ ਬਵੰਜਾ ਹਫ਼ਤੇ ਪਤਾ ਹੀ ਨਹੀਂ ਲੱਗਾ ਕਦੋਂ ਬੀਤ ਗਏ।’’
ਗੁਰਤੇਜ ਨੇ ਹੱਸਦਿਆਂ ਕਿਹਾ, ‘‘ਓਏ ..., ਮੈਂ ਤੇਰਾ ਡੈਡੀ ਕਿਵੇਂ ਹੋਇਆ ਭਲਾ!’’
‘‘ਜਿਵੇਂ ਹੁਣੇ-ਹੁਣੇ ਹੀ ਤੁਸੀਂ ਮੈਨੂੰ ਪੁੱਤਰ ਕਿਹਾ ਹੈ ਤੇ ਆਪਣੇ ਆਪ ਹੀ ਡੈਡੀ ਬਣ ਗਏ।’’ ਹਰਦੀਪ ਦੀ ਹਾਜ਼ਰਜਵਾਬੀ ਕਮਾਲ ਦੀ ਸੀ।
ਸੁਖਦੇਵ ਨੇ ਦੱਸਿਆ, ‘‘ਸਰ, ਬਾਕੀ ਤਾਂ ਠੀਕ-ਠਾਕ ਹੀ ਰਿਹਾ ਪਰ ਸਿਖਲਾਈ ਦੌਰਾਨ ਬਿੱਟੂ ਦੀਆਂ ਸ਼ਰਾਰਤਾਂ ਦੀ ਵਜ੍ਹਾ ਨਾਲ ਸਾਨੂੰ ਸਜ਼ਾ ਬਹੁਤ ਮਿਲਦੀ ਸੀ, ਲੱਗਦਾ ਅੱਜ ਵੀ ਇਹੋ ਹੀ ਡੱਡੂ ਛੜੱਪਾ ਲਵਾਊ।’’ ਉਹ ਹਰਦੀਪ ਸਿੰਘ ਵੱਲ ਝਾਕਦਾ ਮੁਸਕਰਾਇਆ।
‘‘ਅੱਛਾ! ਹਰਦੀਪ ਸਿੰਘ ਦਾ ਛੋਟਾ ਨਾਂ ਬਿੱਟੂ ਆ! ਫਿਰ ਅੱਜ ਤੋਂ ਪੁੱਤਰਾ ਤੈਨੂੰ ਬਿੱਟੂ ਹੀ ਬੁਲਾਇਆ ਕਰਾਂਗਾ।’’ ਗੁਰਤੇਜ ਨੇ ਦੱਸਿਆ ਕਿ ਇੱਥੇ ਗ਼ਲਤੀ ਕਰਨ ਵਾਲੇ ਨੂੰ ਹੀ ਸਜ਼ਾ ਮਿਲਦੀ ਹੈ, ਸੈਂਟਰ ਦੀ ਗੱਲ ਹੋਰ ਹੈ।
ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਯੂਨਿਟਾਂ ਵਿੱਚ ਆਏ ਨਵੇਂ ਰੰਗਰੂਟਾਂ ਤੋਂ ਜ਼ਿਆਦਾਤਰ ਫਟੀਕ ਜਾਂ ਸੰਤਰੀ ਦੀ ਡਿਊਟੀ ਹੀ ਕਰਵਾਈ ਜਾਂਦੀ ਹੈ। ਟਰੇਡ ਦਾ ਕੰਮ ਉਹ ਦੋ ਸਾਲ ਬਾਅਦ ਹੀ ਸਿੱਖਦੇ ਹਨ। ਪਹਿਲੇ ਦਿਨ ਤੋਂ ਹੀ ਗੁਰਤੇਜ ਹਰਦੀਪ ਸਿੰਘ ਨੂੰ ਬਿੱਟੂ ਜਾਂ ਪੁੱਤਰਾ ਆਖ ਕੇ ਹੀ ਬੁਲਾਉਂਦਾ ਰਿਹਾ।
ਬਿੱਟੂ ਤੇ ਸੁਖਦੇਵ ਵਿੱਚ ਚੰਗੀ ਗੱਲ ਇਹ ਸੀ ਕਿ ਉਨ੍ਹਾਂ ਨੂੰ ਜੋ ਵੀ ਕੰਮ ਮਿਲਦਾ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਦੇ। ਡਿਊਟੀ ਵੀ ਪੂਰੀ ਮੁਸਤੈਦੀ ਨਾਲ ਦਿੰਦੇ। ਸੁਖਦੇਵ ਤਾਂ ਕੁਝ ਸੰਗਾਊ ਸੀ ਪਰ ਹਰਦੀਪ ਕੰਪਨੀ ਦੇ ਸਾਹਮਣੇ ਵੀ ਗੁਰਤੇਜ ਨੂੰ ਡੈਡੀ ਕਹਿਣੋਂ ਕਦੇ ਨਾ ਝਕਦਾ। ਬੇਸ਼ੱਕ, ਇਹ ਫ਼ੌਜੀ ਅਨੁਸ਼ਾਸਨ ਦੇ ਉਲਟ ਸੀ ਪਰ ਪਤਾ ਨਹੀਂ ਕਿਉਂ ਗੁਰਤੇਜ ਉਸ ਨੂੰ ਕਦੇ ਵੀ ਕੁਝ ਨਾ ਕਹਿ ਸਕਿਆ।
ਇੱਕ ਵਾਰ ਬਿੱਟੂ ਗੋਲਾ ਬਾਰੂਦ ਭੰਡਾਰ ਇਲਾਕੇ ਵਿੱਚ ਚੌਵੀ ਘੰਟੇ ਰਾਤ-ਦਿਨ ਦੀ ਡਿਊਟੀ ’ਤੇ ਤਾਇਨਾਤ ਸੀ। ਹੋਇਆ ਇੰਝ ਕਿ ਬਿੱਟੂ ਨੇ ਰਾਤ ਨੂੰ ਦੂਸਰੀ ਡਿਊਟੀ ਦਸ ਤੋਂ ਬਾਰਾਂ, ਦੋ ਘੰਟੇ ਦੇਣ ਤੋਂ ਬਾਅਦ ਤੀਸਰੇ ਸੰਤਰੀ ਨੂੰ ਉਠਾਇਆ ਜੋ ਕਾਫ਼ੀ ਸੀਨੀਅਰ ਸੀ। ਉਸ ਨੇ ਉੱਠ ਕੇ ਬੈਠਦਿਆਂ ਕਿਹਾ, ‘‘ਪੈ ਜਾ ਹੁਣ ਤੂੰ।’’
ਬਿੱਟੂ ਕੰਬਲ ਵਿੱਚ ਵੜ ਗਿਆ। ਉਹ ਤਾਂ ਲੰਮਾ ਪੈਂਦਾ ਹੀ ਸੌਂ ਗਿਆ। ਪਰ ਪੁਰਾਣੇ ਸੰਤਰੀ ਨੇ ਕੰਧ ਨਾਲ ਢੋਅ ਲਾ ਲਈ। ਉਹ ਗੂੜ੍ਹੀ ਨੀਂਦ ’ਚੋਂ ਸੁੱਤਾ ਉੱਠਿਆ ਸੀ, ਉਸ ਦੀ ਬੈਠੇ-ਬੈਠੇ ਦੀ ਦੁਬਾਰਾ ਅੱਖ ਲੱਗ ਗਈ। ਉਸ ਨੇ ਅਗਲੇ ਸੰਤਰੀ ਨੂੰ ਜਗਾਇਆ ਹੀ ਨਹੀਂ। ਚੈੱਕ ਕਰਨ ਆਏ ਡਿਊਟੀ ਅਫਸਰ ਨੇ ਪੂਰੀ ਗਾਰਦ ਸੁੱਤੀ ਹੋਈ ਫੜ ਲਈ। ਉਸ ਨੇ ਸਾਰੇ ਬਾਹਰ ਕੱਢ ਲਏ।
‘‘ਕੌਣ ਆ ਗਾਰਦ ਕਮਾਂਡਰ?’’ ਡਿਊਟੀ ਅਫਸਰ ਨੇ ਟਾਰਚ ਮਾਰਦਿਆਂ ਪੁੱਛਿਆ।
‘‘ਨਾਇਕ ਦੇਵੀ ਲਾਲ ਸਰ,’’ ਨਾਲ ਹੀ ਉਹ ਸਾਵਧਾਨ ਹੋ ਗਿਆ।
‘‘ਦੇਵੀ ਲਾਲ! ਤੇਰੀ ਸਾਰੀ ਗਾਰਦ ਸੁੱਤੀ ਪਈ ਸੀ। ਦੁਸ਼ਮਣ ਕੁਝ ਵੀ ਕਰ ਸਕਦਾ ਸੀ। ਕਿਹੜੇ ਸੰਤਰੀ ਦੀ ਡਿਊਟੀ ਸੀ ਇਸ ਵਕਤ?’’
‘‘ਵਕਤ ਦੇ ਹਿਸਾਬ ਨਾਲ ਤਾਂ ਸਰ ਪਹਿਲੇ ਸੰਤਰੀ ਯਾਨੀ ਕਿ ਦੋ ਤੋਂ ਚਾਰ ਵਾਲੇ ਦੀ ਹੈ।’’ ਦੇਵੀ ਲਾਲ ਨੇ ਘੜੀ ਵੇਖ ਕੇ ਕਿਹਾ।
ਜਦੋਂ ਉਸ ਜਵਾਨ ਨੂੰ ਪੁੱਛਿਆ ਤਾਂ ਉਹ ਬੋਲਿਆ, ‘‘ਸਰ, ਮੈਨੂੰ ਤਾਂ ਬਾਰਾਂ ਤੋਂ ਦੋ ਵਾਲੇ ਨੇ ਜਗਾਇਆ ਹੀ ਨਹੀਂ।’’
‘‘ਸਰ, ਮੈਂ ਪੂਰੇ ਬਾਰਾਂ ਵਜੇ ਇਸ ਨੂੰ ਜਗਾਇਆ ਸੀ।’’ ਬਿੱਟੂ ਨੇ ਉਸੇ ਵੇਲੇ ਪੁਰਾਣੇ ਸਿਪਾਹੀ ਨੂੰ ਜਗਾਉਣ ਦੀ ਆਪਣੀ ਸਫ਼ਾਈ ਦੇ ਦਿੱਤੀ ਪਰ ਉਸ ਨੂੰ ਸੁੱਤੇ ਰਹੇ ਪੁਰਾਣੇ ਸਿਪਾਹੀ ਉੱਤੇ ਅੰਤਾਂ ਦਾ ਗੁੱਸਾ ਆ ਰਿਹਾ ਸੀ ਜਿਸ ਨੇ ਅਗਲਾ ਸੰਤਰੀ ਜਗਾਇਆ ਹੀ ਨਹੀਂ ਸੀ। ਉਸ ਵੇਲੇ ਸਾਹਿਬ ਦੇ ਹੁੰਦਿਆਂ ਬਿੱਟੂ ਨੇ ਚੁੱਪ ਰਹਿਣਾ ਹੀ ਮੁਨਾਸਿਬ ਸਮਝਿਆ।
ਫ਼ੌਜੀ ਕਾਨੂੰਨਾਂ ਅਨੁਸਾਰ ਡਿਊਟੀ ’ਤੇ ਸੁੱਤੇ ਫੜੇ ਜਾਣ ਵਾਲੇ, ਜੰਗ ਦੇ ਮੈਦਾਨ ਵਿੱਚੋਂ ਭਗੌੜੇ, ਆਪਸ ਵਿੱਚ ਲੜਨ ਵਾਲੇ, ਜਾਤੀ ਭੇਦ-ਭਾਵ ਕਰਨ ਵਾਲੇ, ਛੁੱਟੀ ਤੋਂ ਗ਼ੈਰਹਾਜ਼ਰ, ਖ਼ੁਫ਼ੀਆ ਜਾਣਕਾਰੀ ਦੇਣ ਵਾਲੇ ਆਦਿ ਨੂੰ ਗੋਲੀ ਮਾਰਨ ਜਾਂ ਕੋਰਟਮਾਰਸ਼ਲ ਦਾ ਹੁਕਮ ਹੁੰਦਾ ਹੈ। ਬਹੁਤੇ ਆਰਮੀ ਆਰਡਰਾਂ ਵਿੱਚ ਜ਼ਿਆਦਾਤਰ ਗੋਲੀ ਦਾ ਹੁਕਮ ਹੀ ਪੜ੍ਹਾਇਆ ਜਾਂਦਾ ਹੈ ਪਰ ਥੋੜ੍ਹੀ ਸਜ਼ਾ ਦੇ ਕੇ ਨਰਮੀ ਵਰਤੀ ਜਾਂਦੀ ਹੈ। ਡਿਊਟੀ ਅਫਸਰ ਨਰਮ ਸੀ। ਉਸ ਨੇ ਕਿਹਾ, ‘‘ਜੇ ਮੈਂ ਤੁਹਾਡੀ ਗਾਰਦ ਦੀ ਰਿਪੋਰਟ ਕਰ ਦਿੱਤੀ ਤਾਂ ਤੁਹਾਡਾ ਕੋਰਟ ਮਾਰਸ਼ਲ ਪੱਕਾ ਹੈ। ਹੁਣ ਤੁਹਾਡੀ ਸਜ਼ਾ ਇਹੀ ਹੈ ਕਿ ਗਾਰਦ ਬਦਲੀ ਹੋਣ ਤੱਕ ਤੁਸੀਂ ਸਾਰੇ ਇਕੱਠੇ ਹੀ ਪਹਿਰਾ ਦਿਓਗੇ, ਮੈਂ ਦੁਬਾਰਾ ਕਦੇ ਵੀ ਚੈੱਕ ਕਰ ਸਕਦਾ ਹਾਂ।’’ ਕਹਿ ਕੇ ਡਿਊਟੀ ਅਫਸਰ ਚਲਾ ਗਿਆ।
ਸਾਹਿਬ ਦੇ ਜਾਣ ਮਗਰੋਂ ਬਿੱਟੂ ਨਵਾਂ ਹੋਣ ਕਰਕੇ ਸੌਣ ਵਾਲੇ ਸੰਤਰੀ ਨੇ ਆਪ ਸੱਚਾ ਹੋਣ ਦੇ ਮਾਰੇ ਗਾਰਦ ਕਮਾਂਡਰ ਨੂੰ ਕਹਿ ਦਿੱਤਾ, ‘‘ਆਹ ... ਰੰਗਰੂਟ ਨੇ ਮੈਨੂੰ ਜਗਾਇਆ ਹੀ ਨਹੀਂ, ਸਾਰੀ ਗਾਰਦ ਦੀ ਬੇਇੱਜ਼ਤੀ ਕਰਵਾ ਦਿੱਤੀ।’’
ਏਨਾ ਆਖਣ ਦੀ ਦੇਰ ਸੀ ਕਿ ਬਿੱਟੂ ਨੇ ਉਸ ਨੂੰ ਢਾਹ ਹੀ ਲਿਆ। ਦੂਸਰੇ ਤਿੰਨਾਂ ਵੱਲੋਂ ਛੁਡਾਉਣ ਦੇ ਬਾਵਜੂਦ ਸੰਤਰੀ ਵਾਲੇ ਡੰਡੇ ਨਾਲ ਉਸ ਨੂੰ ਝੰਬ ਸੁੱਟਿਆ।
ਜਦੋਂ ਸਾਰੀ ਗੱਲ ਗਾਰਦ ਕਮਾਂਡਰ ਨੇ ਅਗਲੇ ਦਿਨ ਗੁਰਤੇਜ ਨੂੰ ਦੱਸੀ ਤਾਂ ਉਸ ਨੇ ਬਿੱਟੂ ਨੂੰ ਬੁਲਾ ਕੇ ਪੂਰੀ ਗੱਲ ਦੱਸਣ ਲਈ ਕਿਹਾ।
‘‘ਡੈਡੀ, ਉਹਦੀ ਕਿਸਮਤ ਚੰਗੀ ਸੀ ਬਚ ਗਿਆ। ਮੈਂ ਤਾਂ ... ਨੂੰ ਮਾਰ ਈ ਦੇਣਾ ਸੀ। ... ਆਪ ਉੱਠਿਆ ਨਹੀਂ, ਗ਼ਲਤੀ ਮੇਰੀ ਕੱਢ ਦਿੱਤੀ।’’ ਬਿੱਟੂ ਦਾ ਭਖਦਾ ਚਿਹਰਾ ਹੀ ਦੱਸ ਰਿਹਾ ਸੀ ਕਿ ਉਹ ਸੱਚਾ ਹੈ।
ਉਸ ਬੈਟਰੀ ਦਾ ਸੀਨੀਅਰ ਸੂਬੇਦਾਰ ਕੇਹਰ ਸਿੰਘ ਬੜਾ ਕਾਨੂੰਨੀ ਸੀ। ਉਸ ਤੋਂ ਹਰੇਕ ਹੀ ਡਰਦਾ ਸੀ। ਡਿਊਟੀ ਦੌਰਾਨ ਬਿੱਟੂ ਦੀ ਲੜਾਈ ਵਾਲੀ ਗੱਲ ਵੀ ਉਹਦੇ ਤੱਕ ਪਹੁੰਚ ਗਈ। ਉਹ ਸੋਚਦਾ ਸੀ ਕਿ ਰੰਗਰੂਟ ਦਾ ਦਿਲ ਐਨਾ ਨਹੀਂ ਵਧਣਾ ਚਾਹੀਦਾ। ਉਸ ਨੇ ਬਿੱਟੂ ਨੂੰ ਪੱਕਾ ਹੁਕਮ ਜਾਰੀ ਕਰ ਦਿੱਤਾ, ‘‘ਮੇਰੀ ਨਜ਼ਰ ਪੈਂਦਿਆਂ ਹੀ ਤੂੰ ਫਰੰਟ ਰੂਲ ਲਾਉਣੇ ਸ਼ੁਰੂ ਕਰ ਦੇਣੇ ਨੇ, ਤੇਰੇ ਕੰਮ ਦੀ ਲੋੜ ਨਹੀਂ।’’
ਬਿੱਟੂ ਨੇ ਤਾਂ ਨਾਜਾਇਜ਼ ਆਰਡਰ ਮੰਨ ਲਿਆ ਪਰ ਗੁਰਤੇਜ ਨੂੰ ਚੰਗਾ ਨਹੀਂ ਲੱਗਾ। ਬਿੱਟੂ ਵਿੱਚ ਇਹੀ ਸਿਫ਼ਤ ਸੀ ਕਿ ਉਹ ਡਿਊਟੀ ਸਹੀ ਕਰਦਾ ਸੀ ਪਰ ਗ਼ਲਤ ਕਿਹਾ ਬਰਦਾਸ਼ਤ ਨਹੀਂ ਸੀ ਕਰਦਾ। ਇੱਕ ਦਿਨ ਬਿੱਟੂ ਗੁਰਤੇਜ ਦੇ ਕਮਰੇ ਵਿੱਚ ਆ ਕੇ ਬੋਲਿਆ, ‘‘ਡੈਡੀ, ਮੈਂ ਤੁਹਾਨੂੰ ਐਵੇਂ ਨ੍ਹੀਂ ਡੈਡੀ ਆਖਦਾ, ਤੁਹਾਡੀ ਸ਼ਕਲ ਮੇਰੇ ਪਿਓ ਨਾਲ ਮਿਲਦੀ ਹੈ। ਜਿਸ ਦਿਨ ਮੇਰੇ ਕਰਕੇ ਤੁਹਾਡੇ ’ਤੇ ਕੋਈ ਉਂਗਲ ਚੁੱਕੇ ਤਾਂ ਬੇਸ਼ੱਕ ਚਮੜੀ ਉਧੇੜ ਦਿਓ, ਸੀ ਨਹੀਂ ਕਰਦਾ। ਕੇਹਰ ਸਾਹਿਬ ਨੂੰ ਕਹੋ ਕਿ ਆਪਣਾ ਤਾਨਾਸ਼ਾਹੀ ਹੁਕਮ ਬਦਲ ਲਵੇ ਨਹੀਂ ਤਾਂ ਸੀ.ਓ. ਸਾਹਿਬ ਵੀ ਹੈ ਨੇ।’’
ਗੁਰਤੇਜ ਵੀ ਸਮਝਦਾ ਸੀ ਕਿ ਸੀਨੀਅਰ ਸੂਬੇਦਾਰ ਦਾ ਹੁਕਮ ਗ਼ਲਤ ਹੈ। ਉਸ ਨੇ ਸਾਹਿਬ ਨੂੰ ਬੇਨਤੀ ਕਰਦਿਆਂ ਕਿਹਾ, ‘‘ਸਰ, ਇਹ ਮੁੰਡਾ ਮਾੜਾ ਨਹੀਂ। ਕਿਸੇ ਵੀ ਦਿੱਤੇ ਕੰਮ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਂਦਾ ਹੈ।’’ ਜਦੋਂ ਸਾਹਿਬ ਨੇ ਬਿੱਟੂ ਨੂੰ ਪਰਖ ਲਿਆ ਤਾਂ ਉਹ ਵੀ ਨਰਮ ਹੋ ਗਿਆ।
ਗੰਨਰਾਂ ਵਿੱਚ ਮਾਹਰ ਲੇਅਰ ਸਾਰੇ ਨਹੀਂ ਹੁੰਦੇ। ਹੌਲਦਾਰ ਸਮੇਤ ਛੇ ਜਵਾਨਾਂ ਦੀ ਟੀਮ ਵਿੱਚ ਇੱਕ ਦੋ ਹੀ ਹੁੰਦੇ ਹਨ ਜੋ ਬਤੌਰ ਲੇਅਰ ਫਾਇਰ ਕਰਨ ਵਾਲੀ ਸੀਟ ਉੱਤੇ ਬੈਠਦੇ ਨੇ। ਤੋਪ ਦਾ ਗੋਲਾ ਟਾਰਗੇਟ ’ਤੇ ਬਿਲਕੁਲ ਸਹੀ ਹਿੱਟ ਕਰਨਾ ਲੇਅਰ ਦੇ ਹੱਥ ਹੁੰਦਾ ਹੈ। ਪਹਿਲਾ ਗੋਲਾ ਹਿੱਟ ਕਰਨ ਵਾਲੇ ਨੂੰ ਕਮਾਂਡੈਂਟ ਵੱਲੋਂ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ। ਦਸਵੀਂ ਪਾਸ ਬਿੱਟੂ ਜਲਦੀ ਹੀ ਮਾਹਰ ਲੇਅਰ ਬਣ ਗਿਆ ਸੀ।
ਗੁਰਤੇਜ ਸਿੰਘ ਉਸ ਵੇਲੇ ਫੈਮਿਲੀ ਸਮੇਤ ਫੌਜੀ ਕੁਆਰਟਰਾਂ ਵਿੱਚ ਰਹਿੰਦਾ ਸੀ। ਬਿੱਟੂ ਵੀ ਵਿਆਹ ਕਰਵਾ ਕੇ ਪਤਨੀ ਨੂੰ ਨਾਲ ਲੈ ਆਇਆ। ਉਹ ਤਾਂ ਉਸ ਨੂੰ ਹਮੇਸ਼ਾ ਡੈਡੀ ਆਖਦਾ ਹੀ ਸੀ। ਐਤਵਾਰ ਗੁਰਦੁਆਰਾ ਸਾਹਿਬ ਪ੍ਰੋਗਰਾਮ ਵਿੱਚ ਪਰਿਵਾਰ ਸਮੇਤ ਆਏ ਗੁਰਤੇਜ ਅਤੇ ਉਸ ਦੀ ਪਤਨੀ ਨੂੰ ਮਿਲਦਾ ਬੋਲਿਆ, ‘‘ਕਮਲਜੀਤ, ਇਹ ਵੀ ਮੇਰੇ ਮੰਮੀ-ਡੈਡੀ ਨੇ, ਇਹ ਕਦੇ ਨਾ ਭੁੱਲੀਂ।’’ ਗੁਰਤੇਜ ਉਸ ਦੀ ਪਤਨੀ ਨੂੰ ਪਿਆਰ ਨਾ ਦਿੰਦਾ, ਇਹ ਹੋ ਹੀ ਨਹੀਂ ਸਕਦਾ ਸੀ।
ਕੁਝ ਸਮੇਂ ਮਗਰੋਂ ਗੁਰਤੇਜ ਸਿੰਘ ਆਪਣੇ ਨੰਬਰ ’ਤੇ ਜੇ.ਸੀ.ਓ. (ਜੂਨੀਅਰ ਕਮਿਸ਼ਨਡ ਅਫਸਰ) ਬਣ ਗਿਆ। ਜੇ.ਸੀ.ਓ. ਬਣਨ ਕਰ ਕੇ ਉਹ ਆਪਣੇ ਟ੍ਰੇਡ ਅਤੇ ਰੈਜੀਮੈਂਟਲ ਡਿਊਟੀ ਤੱਕ ਸੀਮਤ ਹੋ ਗਿਆ। ਜਦੋਂ ਕਦੇ ਉਹ ਡਿਊਟੀ ਅਫਸਰ ਲੱਗਦਾ ਤਾਂ ਗਾਰਦਾਂ ਤੁਰਨ ਵੇਲੇ ਬਿੱਟੂ ਆਖਦਾ, ‘‘ਡੈਡੀ ਦੇ ਡਿਊਟੀ ਅਫਸਰ ਹੁੰਦਿਆਂ ਵੀ ਨਹੀਂ ਸੌਣਾ ਤਾਂ ਫਿਰ ਕਦੋਂ ਸੌਣਾ ਆ।’’ ਪਰ ਅਜਿਹੀ ਕੁਤਾਹੀ ਉਸ ਨੇ ਕਦੇ ਵੀ ਨਾ ਕੀਤੀ ਜਿਸ ਕਰਕੇ ਉਸ ਦੀ ਵਜ੍ਹਾ ਨਾਲ ਬੇਇੱਜ਼ਤੀ ਹੋਵੇ। ਬਿੱਟੂ ਵੱਲੋਂ ਗੁਰਤੇਜ ਨੂੰ ਡੈਡੀ ਕਹਿਣ ਦਾ ਸਿਲਸਿਲਾ ਗੁਰਤੇਜ ਦੇ ਪੈਨਸ਼ਨ ਆਉਣ ਤੱਕ ਚੱਲਦਾ ਰਿਹਾ।
ਉਸ ਦੇ ਪੈਨਸ਼ਨ ਜਾਣ ਦੀ ਤਾਰੀਖ਼ ਆਈ ਹੋਈ ਸੀ। ਯੂਨਿਟ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਵਿੱਚ ਸੀ। ਭਾਵੇਂ ਪੈਨਸ਼ਨ ਆਉਣ ਵਾਲੇ ਨੂੰ ਇੱਕ ਮਹੀਨਾ ਪਹਿਲਾਂ ਫ੍ਰੀ ਕਰ ਦਿੱਤਾ ਜਾਂਦਾ ਸੀ ਪਰ ਜੇ.ਸੀ.ਓ. ਘੱਟ ਹੋਣ ਕਾਰਨ ਗੁਰਤੇਜ ਸਿੰਘ ਨੂੰ ਬਾਰਡਰ ਦੇ ਨੇੜੇ ਗੋਲਾ ਭੰਡਾਰ ’ਤੇ ਗਾਰਦ ਇੰਚਾਰਜ ਵਜੋਂ ਭੇਜ ਦਿੱਤਾ। ਇੱਥੇ ਉਸ ਸਮੇਤ ਵੱਖ-ਵੱਖ ਰੈਂਕਾਂ ਦੇ ਕੋਈ ਵੀਹ ਕੁ ਜਵਾਨ, ਇੱਕ ਗੱਡੀ ਅਤੇ ਡਰਾਈਵਰ ਤਾਇਨਾਤ ਸਨ। ਬਿੱਟੂ ਵੀ ਇੱਥੇ ਡਿਊਟੀ ’ਤੇ ਸੀ। ਇੱਥੇ ਡਿਊਟੀ ਹਥਿਆਰਾਂ ਨਾਲ ਸੀ। ਏਥੇ ਆਇਆਂ ਹਮੇਸ਼ਾ ਵਾਂਗ ਬਿੱਟੂ ਖ਼ੁਸ਼ ਹੁੰਦਾ ਹੋਇਆ ਬੋਲਿਆ, ‘‘ਮੇਰਾ ਡੈਡੀ ਕਮਾਂਡਰ ਆ। ਹੁਣ ਨ੍ਹੀਂ ਆਪਾਂ ਡਿਊਟੀ ਦੇਂਦੇ!’’
‘‘ਪੁੱਤ, ਹੁਣ ਸਗੋਂ ਦੂਹਰੀ ਡਿਊਟੀ ਕਰਨੀ ਪਊ, ਸੰਤਰੀ ਪਹਿਰਾ ਵੀ ਤੇ ਡੈਡੀ ਦੀ ਸੇਵਾਦਾਰੀ ਵੀ।’’ ਗੁਰਤੇਜ ਨੇ ਵੀ ਹੱਸਦਿਆਂ ਕਿਹਾ ਕਿਉਂਕਿ ਫ਼ੌਜ ਵਿੱਚ ਜੇ.ਸੀ.ਓ. ਨੂੰ ਇੱਕ ਸਹਾਇਕ ਮਿਲਦਾ ਹੈ।
ਪਹਿਲੇ ਜੇ.ਸੀ.ਓ. ਨੇ ਡਿਊਟੀ ਅਤੇ ਹਥਿਆਰਾਂ ਸਬੰਧੀ ਦੱਸਦਿਆਂ ਕਿਹਾ, ‘‘ਸਾਹਬ, ਤੁਸੀਂ ਤਾਂ ਪਹਿਲੀ ਤਰੀਕ ਨੂੰ ਪੈਨਸ਼ਨ ਵਾਸਤੇ ਰਿਕਾਰਡ ਵਿੱਚ ਜਾਣਾ ਸੀ! ਤੁਹਾਨੂੰ ਕਿਵੇਂ ਭੇਜ ਦਿੱਤਾ?’’
‘‘ਸਾਹਿਬ, ਫ਼ੌਜੀ ਬੰਦਾ ਘਰ ਪਹੁੰਚਣ ਤੱਕ ਹੁਕਮ ਦਾ ਪਾਬੰਦ ਹੁੰਦਾ ਹੈ।’’ ਗੁਰਤੇਜ ਸਿੰਘ ਨੇ ਸੰਖੇਪ ਜੁਆਬ ਦਿੰਦਿਆਂ ਕਿਹਾ।
ਗੁਰਤੇਜ ਨੂੰ ਇੱਥੇ ਆਏ ਨੂੰ ਚਾਰ ਕੁ ਦਿਨ ਹੀ ਹੋਏ ਸਨ ਕਿ ਬਿੱਟੂ ਇੱਕ ਜਵਾਨ ਨਾਲ ਕਿਸੇ ਚੁਭਵੀਂ ਗੱਲ ਤੋਂ ਲੜ ਪਿਆ। ਸੀਨੀਅਰ ਗਾਰਦ ਕਮਾਂਡਰ ਹੌਲਦਾਰ ਕਸ਼ਮੀਰ ਸਿੰਘ ਨੇ ਦੋ ਜਵਾਨਾਂ ਦੇ ਲੜਨ ਦੀ ਸੂਚਨਾ ਤੁਰੰਤ ਗੁਰਤੇਜ ਨੂੰ ਦੇ ਦਿੱਤੀ। ਜਦੋਂ ਉਹ ਗਿਆ ਤਾਂ ਉਹ ਹਾਲੇ ਵੀ ਗੁਥਮ-ਗੁੱਥਾ ਸਨ। ਉਸ ਦੇ ਗਏ ਤੋਂ ਉਹ ਸਾਹੋ-ਸਾਹੀ ਹੋਏ ਇੱਕ-ਦੂਜੇ ਨੂੰ ਛੱਡ ਕੇ ਖਲੋ ਗਏ। ਗੁਰਤੇਜ ਨੇ ਮਹਿਸੂਸ ਕੀਤਾ ਕਿ ਗੁੱਸੇ ਵਿੱਚ ਕੁਝ ਵੀ ਵਾਪਰ ਸਕਦਾ ਸੀ। ਉਸ ਨੇ ਬੜੇ ਠਰੰਮੇ ਨਾਲ ਡਿਊਟੀਆਂ ’ਤੇ ਖਲੋਤੇ ਜਵਾਨ ਛੱਡ ਕੇ ਬਾਕੀ ਸਾਰੇ ਜਵਾਨਾਂ ਨੂੰ ਵਰਦੀਆਂ ਪਾ ਕੇ ਬਾਹਰ ਆਉਣ ਲਈ ਕਿਹਾ। ਸੀਨੀਅਰ ਗਾਰਦ ਕਮਾਂਡਰ ਨੂੰ ਸਾਰਾ ਐਮੂਨੀਸ਼ਨ ਅਤੇ ਰਾਈਫਲਾਂ ਚੈੱਕ ਕਰਨ ਲਈ ਆਖਿਆ। ਸਭ ਕੁਝ ਠੀਕ-ਠਾਕ ਸੀ।
ਗੁਰਤੇਜ ਨੇ ਸੀਨੀਅਰ ਗਾਰਦ ਕਮਾਂਡਰ ਨੂੰ ਲੜਨ ਵਾਲੇ ਦੋਵਾਂ ਜਵਾਨਾਂ ਸੈਕਿੰਡ ਗਾਰਦ ਕਮਾਂਡਰ ਅਤੇ ਡਰਾਈਵਰ ਨੂੰ ਗੱਡੀ ਤਿਆਰ ਕਰਨ ਲਈ ਕਿਹਾ ਤਾਂ ਕਿ ਯੂਨਿਟ ਵਿੱਚ ਜਾ ਕੇ ਡਿਊਟੀ ਦੌਰਾਨ ਲੜਨ ਦੀ ਰਿਪੋਰਟ ਸੀ.ਓ. ਸਾਹਿਬ ਨੂੰ ਦਿੱਤੀ ਜਾਵੇ ਤੇ ਬਦਲੇ ਵਿੱਚ ਦੂਸਰੇ ਜਵਾਨ ਲਿਆਂਦੇ ਜਾਣ। ਬਿੱਟੂ ਅਤੇ ਲੜਨ ਵਾਲੇ ਮੁੰਡੇ ਦੀ ਪ੍ਰਮੋਸ਼ਨ ਵੀ ਹੋਣ ਵਾਲੀ ਸੀ।
ਕਾਫ਼ੀ ਸਮਾਂ ਪਹਿਲਾਂ ਨਵੇਂ ਆਏ ਬਿੱਟੂ ਦਾ ਇੰਝ ਡਿਊਟੀ ਮੌਕੇ ਲੜਨਾ ਤੇ ਡਿਊਟੀ ਅਫਸਰ ਵੱਲੋਂ ਆਪਣੀ ਸਜ਼ਾ ਦੇ ਕੇ ਬਚਾਅ ਕਰਨਾ ਵੀ ਗੁਰਤੇਜ ਨੂੰ ਯਾਦ ਆਇਆ। ਓਥੇ ਤਾਂ ਡੰਡੇ ਨਾਲ ਡਿਊਟੀ ਸੀ, ਇੱਥੇ ਹਥਿਆਰਾਂ ਨਾਲ ਸੀ। ਨਤੀਜਾ ਸੋਚ ਕੇ ਗੁਰਤੇਜ ਧੁਰ ਅੰਦਰ ਤਾਈਂ ਕੰਬ ਗਿਆ। ਗੁੱਸੇ ਵਿੱਚ ਜੇ ਕੋਈ ਹਾਦਸਾ ਵਾਪਰ ਜਾਂਦਾ ਤਾਂ ਉਹ ਪੈਨਸ਼ਨ ਤੋਂ ਵਾਂਝਾ ਹੋ ਸਕਦਾ ਸੀ। ਕੋਰਟਮਾਰਸ਼ਲ ਤਾਂ ਵੱਟ ’ਤੇ ਪਿਆ ਸੀ। ਵੀਹ ਸਾਲ ਦੀ ਕਮਾਈ ਖੂਹ ਵਿੱਚ ਪੈ ਜਾਣੀ ਸੀ।
ਗੁਰਤੇਜ ਵੀ ਆਪਣੇ ਟੈਂਟ ਵਿੱਚ ਆ ਕੇ ਯੂਨਿਟ ਜਾਣ ਵਾਸਤੇ ਤਿਆਰ ਹੋਣ ਲੱਗ ਪਿਆ। ਥੋੜ੍ਹੀ ਦੇਰ ਬਾਅਦ ਗਾਰਦ ਕਮਾਂਡਰ ਕਸ਼ਮੀਰ ਸਿੰਘ ਨੇ ਟੈਂਟ ਦੇ ਬਾਹਰ ਆ ਕੇ ਕਿਹਾ, ‘‘ਮੇਅ ਆਈ ਕਮ ਇਨ ਸਰ?’’
‘‘ਹਾਂ-ਹਾਂ, ਆਓ ਕਸ਼ਮੀਰ ਸਿੰਘ।’’
ਕਸ਼ਮੀਰ ਸੈਲਿਊਟ ਮਾਰ ਕੇ ਅੰਦਰ ਹੋ ਕੇ ਬੋਲਿਆ, ‘‘ਸਰ, ਮੇਰੀ ਬੇਨਤੀ ਹੈ ਕਿ ਇਨ੍ਹਾਂ ਨੂੰ ਤੁਸੀਂ ਆਪਣੇ ਤੌਰ ’ਤੇ ਸਜ਼ਾ ਦੇ ਦਿਓ। ਜੇ ਪੇਸ਼ੀ ਹੋ ਗਈ ਤਾਂ ਇਨ੍ਹਾਂ ਦਾ ਨੁਕਸਾਨ ਬਹੁਤ ਹੋ ਜਾਣਾ ਆ, ਪ੍ਰਮੋਸ਼ਨ ਵੀ ਰੁਕ ਜਾਵੇਗੀ। ਤੁਹਾਨੂੰ ਵੀ ਪਤਾ ਹੈ ਕਿ ਸੀ.ਓ. ਸਾਹਿਬ ਅਜਿਹੇ ਮਾਮਲਿਆਂ ਵਿੱਚ ਬਹੁਤ ਸਖ਼ਤ ਹੈ।’’
ਗੁਰਤੇਜ ਦਾ ਜੁਆਬ ਸੁਣਨ ਲਈ ਕਸ਼ਮੀਰ ਸਿੰਘ ਚੁੱਪ ਹੋ ਗਿਆ।
‘‘ਕਸ਼ਮੀਰ ਸਿਆਂ! ਇਨ੍ਹਾਂ ਤਾਂ ਮੈਨੂੰ ਭੇਜ ਦਿੱਤਾ ਸੀ ਅੱਜ ਹੀ ਪੈਨਸ਼ਨ।’’ ਬਿੱਟੂ ਉੱਤੇ ਗੁਰਤੇਜ ਨੂੰ ਪਹਿਲੀ ਵਾਰ ਗੁੱਸਾ ਆਇਆ ਸੀ।
‘‘ਸਰ, ਹੁਣ ਉਹ ਪਛਤਾ ਵੀ ਰਹੇ ਨੇ ਤੇ ਆਖ ਰਹੇ ਹਨ ਕਿ ਸਾਹਿਬ ਜਿਹੜੀ ਮਰਜ਼ੀ ਸਜ਼ਾ ਦੇ ਦੇਣ ਸਾਨੂੰ ਮਨਜ਼ੂਰ ਹੈ।’’ ਕਸ਼ਮੀਰ ਸਿੰਘ ਨਹੀਂ ਚਾਹੁੰਦਾ ਸੀ ਕਿ ਉਨ੍ਹਾਂ ਨੂੰ ਯੂਨਿਟ ਵਿੱਚ ਲਿਜਾਇਆ ਜਾਵੇ।
‘‘ਬੁਲਾ ਉਨ੍ਹਾਂ ਨੂੰ।’’ ਕਹਿ ਕੇ ਗੁਰਤੇਜ ਵਰਦੀ ਉਤਾਰਨ ਲੱਗ ਪਿਆ।
ਇਸ ਯੂਨਿਟ ਵਿੱਚ ਆ ਕੇ ਆਪਣੀ ਡਿਊਟੀ ਕਰਦਿਆਂ ਗੁਰਤੇਜ ਨੇ ਅੱਜ ਤੱਕ ਕਿਸੇ ਨੂੰ ਕੋਈ ਸਜ਼ਾ ਨਹੀਂ ਸੀ ਦਿੱਤੀ। ਸ਼ਾਇਦ ਉਹ ਵੀ ਜਾਣਦੇ ਸਨ ਕਿ ਸਾਹਿਬ ਨੇ ਮਾੜੀ ਮੋਟੀ ਸਜ਼ਾ ਦੇ ਕੇ ਛੱਡ ਦੇਣਾ ਹੈ, ਪਰ ਇਹ ਉਨ੍ਹਾਂ ਦਾ ਭੁਲੇਖਾ ਸੀ। ਗੁਰਤੇਜ ਪੀ.ਟੀ. ਡਰੈੱਸ ਪਾ ਕੇ ਬਾਹਰ ਆ ਗਿਆ। ਕਸ਼ਮੀਰ ਸਿੰਘ ਨੇ ਵੀ ਦੋਵੇਂ ਜਵਾਨ ਲਿਆ ਕੇ ਉਸ ਦੇ ਸਾਹਮਣੇ ਖੜ੍ਹੇ ਕਰ ਦਿੱਤੇ।
‘‘ਤੁਹਾਨੂੰ ਸ਼ਰਮ ਆ ਰਹੀ ਹੈ ਜਾਂ ਨਹੀਂ? ਸਾਹਿਬ ਵਰਗਾ ਸ਼ਰੀਫ ਇੱਕ ਵੀ ਜੇ.ਸੀ.ਓ. ਯੂਨਿਟ ਵਿੱਚ ਨਹੀਂ।’’ ਗੁਰਤੇਜ ਦੇ ਕੁਝ ਬੋਲਣ ਤੋਂ ਪਹਿਲਾਂ ਕਸ਼ਮੀਰ ਸਿੰਘ ਹੀ ਬੋਲਿਆ।
‘‘ਮੇਰੀ ਸਜ਼ਾ ਕੱਟ ਲਓਗੇ?’’ ਗੁਰਤੇਜ ਪੂਰਾ ਗੰਭੀਰ ਸੀ। ਉਹ ਉਨ੍ਹਾਂ ਦੇ ਮੂੰਹੋਂ ਸੁਣਨਾ ਚਾਹੁੰਦਾ ਸੀ।
‘‘ਜੀ ਸਰ।’’ ਦੋਵੇਂ ਇਕੱਠੇ ਹੀ ਬੋਲੇ।
‘‘ਜਾਓ ਫਿਰ ਪਾਣੀ ਵਾਲੀਆਂ ਖਾਲੀ ਬਖਾਲਾਂ ਲਿਆਓ ਚੁੱਕ ਕੇ।’’
ਉਹ ਦੋਵੇਂ ਬਖਾਲਾਂ ਚੁੱਕ ਲਿਆਏ।
‘‘ਹੁਣ ਮੇਰੀ ਗੱਲ ਧਿਆਨ ਨਾਲ ਸੁਣੋ। ਫ਼ੌਜ ਵਿੱਚ ਸ਼ੇਰ ਤੇ ਬੱਕਰੀ ਇਕੱਠੇ ਇੱਕੋ ਘਾਟ ਤੋਂ ਪਾਣੀ ਪੀਂਦੇ ਨੇ। ਇੱਥੇ ਕੋਈ ਘਾਟ ਤਾਂ ਨਹੀਂ, ਤੁਸੀਂ ਇਕੱਠਿਆਂ ਥੱਲਿਓਂ ਸਾਫ਼ ਚਸ਼ਮੇ ਤੋਂ ਪਾਣੀ ਲਿਆ ਕੇ ਪੂਰੀ ਗਾਰਦ ਨੂੰ ਇਸ਼ਨਾਨ ਕਰਾਉਣਾ ਹੈ। ਹੁਣ ਤੁਸੀਂ ਰਸਤੇ ਵਿੱਚ ਲੜ ਕੇ ਮਰ ਵੀ ਜਾਓ ਮੈਨੂੰ ਕੋਈ ਚਿੰਤਾ ਨਹੀਂ। ਯੂਨਿਟ ਵਿੱਚ ਰਿਪੋਰਟ ਦੇ ਦਿਆਂਗਾ ਕਿ ਪਾਣੀ ਭਰਨ ਗਏ ਲੜ ਪਏ ਸਨ। ਹਥਿਆਰ ਤੁਹਾਡੇ ਸਾਡੇ ਕੋਲ ਹਨ। ਜੇ ਨਹੀਂ ਤਾਂ ਯੂਨਿਟ ਨੂੰ ਤੁਰ ਪਓ।’’
ਚਸ਼ਮੇ ਤੋਂ ਪਾਣੀ ਭਰ ਕੇ ਸਾਰੀ ਗਾਰਦ ਨੂੰ ਨਵਾਲਣ ਦਾ ਮਤਲਬ ਸੀ ਪਹਾੜੀ ਇਲਾਕੇ ਵਿੱਚ ਭਾਰ ਸਮੇਤ ਵੀਹ ਮੀਲ ਦਾ ਸਫ਼ਰ।
ਉਨ੍ਹਾਂ ਦੇ ਜਾਣ ਤੋਂ ਬਾਅਦ ਗੁਰਤੇਜ ਨੇ ਕਸ਼ਮੀਰ ਸਿੰਘ ਨੂੰ ਲੰਗਰ ਵਾਲੇ ਬਾਲਣ ਵਿੱਚੋਂ ਦੋ ਸੋਟੇ ਲਿਆਉਣ ਲਈ ਕਿਹਾ। ਕਸ਼ਮੀਰ ਸਿੰਘ ਨੇ ਵੀ ਗੁਰਤੇਜ ਦੀ ਭਲਮਾਣਸੀ ਹੀ ਵੇਖੀ ਸੀ, ਗੁੱਸਾ ਨਹੀਂ। ਪੰਦਰਾਂ ਕੁ ਮਿੰਟਾਂ ਵਿੱਚ ਅੱਗੇ-ਪਿੱਛੇ ਪਾਣੀ ਦੀਆਂ ਭਰੀਆਂ ਬਖਾਲਾਂ ਚੁੱਕੀ ਆਉਂਦੇ ਦੋਵੇਂ ਨਜ਼ਰ ਪਏ। ਨੇੜੇ ਆ ਕੇ ਉਹ ਬਖਾਲਾਂ ਉਤਾਰਨ ਹੀ ਲੱਗੇ ਸਨ ਕਿ ਗੁਰਤੇਜ ਨੇ ਰੋਕਦਿਆਂ ਕਿਹਾ, ‘‘ਬਖਾਲਾਂ ਉਤਾਰਨੀਆਂ ਨਹੀਂ, ਦੌੜ ਕੇ ਚੱਲ।’’
ਇੱਕ ਪਾਸੇ ਸੋਟੇ ਸਮੇਤ ਕਸ਼ਮੀਰ ਸਿੰਘ ਨੂੰ ਖੜ੍ਹਾ ਕਰ ਦਿੱਤਾ। ਇੱਕ ਪਾਸੇ ਗੁਰਤੇਜ ਆਪ ਖਲੋ ਗਿਆ। ਭਰੀਆਂ ਬਖਾਲਾਂ ਨਾਲ ਉਤਰਾਈ ਚੜ੍ਹਾਈ ਨੇ ਦੋਵਾਂ ਦੀਆਂ ਵਰਦੀਆਂ ਵਗਦੇ ਪਸੀਨੇ ਨਾਲ ਗੜੁੱਚ ਕਰ ਦਿੱਤੀਆਂ। ਪੰਦਰਾਂ ਮਿੰਟ ਵਿੱਚ ਹੀ ਦੋਵੇਂ ਔਖੇ-ਔਖੇ ਤੁਰਨ ਲੱਗ ਪਏ।
‘‘ਬਖਾਲਾਂ ਥੱਲੇ ਰੱਖ ਦਿਓ। ਥੱਲੇ ਪੈਰਾਂ ਭਾਰ ਬੈਠ ਜਾਓ, ਅੱਜ ਤੁਹਾਨੂੰ ਲੜਾਈ ਵੇਲੇ ਦੁਸ਼ਮਣ ਨੂੰ ਧੋਖਾ ਦੇਣ ਵਾਲੀਆਂ ਚਾਲਾਂ ਯਾਦ ਕਰਾਉਂਦਾ ਹਾਂ ਜੋ ਤੁਸੀਂ ਸੈਂਟਰ ਵਿੱਚ ਵੀ ਸਿੱਖੀਆਂ ਹੋਣਗੀਆਂ। ਡੱਡੂ ਚਾਲ ਸ਼ੁਰੂ ਕਰੋ,
ਦੂਸਰਾ ਹੁਕਮ ਸੀ ਲੁੜਕਣੀ ਚਾਲ ਫਿਰ ਕੂਹਣੀਆਂ ਭਾਰ ਕਰਾਲਿੰਗ।’’ ਸਾਹੋ-ਸਾਹੀ ਹੋਇਆਂ ਨੂੰ ਵੇਖ ਕੇ ਗੁਰਤੇਜ ਨੂੰ ਤਰਸ ਵੀ ਆ ਰਿਹਾ ਸੀ ਪਰ ਗੁੱਸਾ ਘੱਟ ਨਹੀਂ ਸੀ ਹੋ ਰਿਹਾ। ਰੋਕ ਕੇ ਫਿਰ ਬਖਾਲਾਂ ਚੁੱਕਣ ਨੂੰ ਕਿਹਾ। ਦੋ ਤਿੰਨ ਬੈਠਕਾਂ ਤੋਂ ਬਾਅਦ ਦੂਸਰੇ ਨੇ ਬਖਾਲ ਥੱਲੇ ਰੱਖ ਕੇ ਹਫਦਿਆਂ ਆਖਿਆ, ‘‘ਸਾਹਿਬ ਭਾਵੇਂ ਗੋਲੀ ਮਾਰ ਦਿਓ, ਹੁਣ ਨਹੀਂ ਹਿੰਮਤ ਤੁਰਨ ਦੀ।’’ ਬਿੱਟੂ ਚੀਹੜਾ ਨਿਕਲਿਆ, ਟੱਸ ਤੋਂ ਮੱਸ ਨਹੀਂ ਹੋਇਆ। ਗੁਰਤੇਜ ਨੇ ਬਿੱਟੂ ਨੂੰ ਵੀ ਬਖਾਲ ਥੱਲੇ ਰੱਖਣ ਲਈ ਆਖ ਦੋਵਾਂ ਨੂੰ ਆਰਾਮ ਨਾਲ ਖਲੋਣ ਲਈ ਆਖਿਆ।
‘‘ਮੇਰੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ। ਤੁਸੀਂ ਮੇਰੇ ਛੋਟੇ ਭਰਾਵਾਂ ਵਰਗੇ ਹੋ। ਫ਼ੌਜ ਕੱਚੇ ਧਾਗੇ ਨਾਲ ਬੱਝੀ ਹੋਈ ਹੈ, ਇੰਜ ਤਾਂ ਵੱਖੋ-ਵੱਖਰੇ ਸੂਬਿਆਂ ਦੇ ਜਵਾਨ ਆਪੋ ਵਿੱਚ ਹੀ ਲੜ ਕੇ ਮਰ ਜਾਣਗੇ! ਕਮਲਿਓ ਕੋਈ ਪੈਲ਼ੀ ਬੰਨਾ ਵੰਡਣਾ ਸੀ! ਜੇ ਕੁਝ ਵਾਪਰ ਜਾਂਦਾ ਫਿਰ ਮੈਂ ਤਾਂ ਪਾ ਲਈ ਸੀ ਪੈਨਸ਼ਨ।’’ ਗੁਰਤੇਜ ਦੇ ਬੋਲਾਂ ਵਿੱਚ ਥੋੜ੍ਹੀ ਨਰਮੀ ਸੀ।
ਕਸ਼ਮੀਰ ਸਿੰਘ ਨੂੰ ਗਾਰਦ ਦੇ ਟੈਂਟ ਵਿੱਚ ਜਾਣ ਲਈ ਕਹਿ ਕੇ ਗੁਰਤੇਜ ਨੇ ਦੋਵਾਂ ਨੂੰ ਆਪਣੇ ਟੈਂਟ ਵਿੱਚ ਆਉਣ ਲਈ ਆਖਿਆ। ਮੰਜੀ ’ਤੇ ਬਿਠਾ ਕੇ ਪਹਿਲਾਂ ਦੋਵਾਂ ਨੂੰ ਮਟਕੇ ਵਿੱਚੋਂ ਪਾਣੀ ਪਿਆਇਆ।
ਦੋਵੇਂ ਚੁੱਪ ਸਨ ਜਿਵੇਂ ਬੋਲਣ ਲਈ ਉਨ੍ਹਾਂ ਕੋਲੋਂ ਸ਼ਬਦ ਮੁੱਕ ਗਏ ਹੋਣ।‘‘ਪਹਿਲੀ ਗੱਲ ਤਾਂ ਕਿਸੇ ਨੂੰ ਲੜਨਾ ਚਾਹੀਦਾ ਹੀ ਨਹੀਂ ਪਰ ਤੁਸੀਂ ਇੱਕੋ ਸੂਬੇ ਦੇ ਹੋ ਕੇ ਵੀ ਮਰਨ-ਮਾਰਨ ’ਤੇ ਉਤਾਰੂ ਹੋਏ ਬੈਠੇ ਸੀ। ਮੇਰੀ ਸਜ਼ਾ ਤੁਹਾਡੇ ਤੋਂ ਝੱਲ ਨਹੀਂ ਹੋਈ।’’ ਗੁਰਤੇਜ ਨੇ ਛੋਟੇ ਮੇਜ਼ ਤੋਂ ਗੁਟਕਾ ਸਾਹਿਬ ਫੜ ਕੇ ਕਿਹਾ, ‘‘ਗੁਰੂ ਗ੍ਰੰਥ ਸਾਹਿਬ ਜੀ ਦੀ ਕਸਮ ਖਾਓ ਕਿ ਅੱਗੇ ਤੋਂ ਕਦੀ ਵੀ ਲੜੋਗੇ ਨਹੀਂ।’’
‘‘ਸਰ, ਮੈਂ ਕਸਮ ਖਾਂਦਾ ਹਾਂ ਕਿ ਜਿੰਨਾ ਚਿਰ ਤੁਸੀਂ ਏਥੇ ਹੋ ਨਹੀਂ ਲੜਾਂਗਾ।’’ ਬਿੱਟੂ ਹੀ ਬੋਲਿਆ। ਪਤਾ ਨਹੀਂ ਕਿਸ ਗੱਲ ਦਾ ਗੁੱਸਾ ਸੀ। ਖ਼ਾਸ ਗੱਲ ਗੁਰਤੇਜ ਨੇ ਨੋਟ ਕੀਤੀ ਕਿ ਬਿੱਟੂ ਨੇ ਅੱਜ ਡੈਡੀ ਦੀ ਥਾਂ ਪਹਿਲੀ ਵਾਰ ਸਰ ਆਖਿਆ।
‘‘ਇਹਦਾ ਮਤਲਬ ਇਹ ਹੋਇਆ ਕਿ ਮੇਰੇ ਜਾਣ ਮਗਰੋਂ ਵੀ ਝੋਟੇ ਵਾਲਾ ਵੈਰ ਨਹੀਂ ਛੱਡੋਗੇ।’’ ਗੁਰਤੇਜ ਨੇ ਗੁਟਕਾ ਸਾਹਿਬ ਸਟੂਲ ਉੱਤੇ ਰੱਖ ਦਿੱਤਾ।
‘‘ਬਿੱਟੂ ਪੁੱਤਰ, ਰਿਸ਼ਤੇ ਬਣਾਉਣੇ ਤਾਂ ਬੜੇ ਸੌਖੇ ਨੇ ਪਰ ਨਿਭਾਉਣੇ ਬਹੁਤ ਔਖੇ ਨੇ। ਅਸੀਂ ਪੂਰੇ ਮੁਲਕ ਦੇ ਵੱਖ-ਵੱਖ ਸੂਬਿਆਂ ’ਚੋਂ ਫ਼ੌਜ ਵਿੱਚ ਆਏ ਭਰਾਵਾਂ ਵਾਂਗ ਰਹਿੰਦੇ ਹਾਂ।’’
ਗੁਰਤੇਜ ਨੇ ਆਪਣੇ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਦਰਅਸਲ, ਗੁਰਤੇਜ ਬਿੱਟੂ ਨਾਲ ਦਿਲੋਂ ਜੁੜਿਆ ਹੋਇਆ ਸੀ ਪਰ ਫ਼ੌਜੀ ਅਨੁਸ਼ਾਸਨ ਕਾਇਮ ਰੱਖਣਾ ਵੀ ਜ਼ਰੂਰੀ ਸੀ।
‘‘ਠੀਕ ਹੈ ਡੈਡੀ, ਨਹੀਂ ਲੜਾਂਗੇ।’’ ਬਿੱਟੂ ਜਲਦੀ ਹੀ ਸਮਝ ਗਿਆ।
‘‘ਰੱਖੋ ਫਿਰ ਗੁਟਕਾ ਸਾਹਿਬ ਉੱਤੇ ਹੱਥ।’’ ਗੁਰਤੇਜ ਦੇ ਆਖਦਿਆਂ ਹੀ ਦੋਵਾਂ ਨੇ ਹੱਥ ਰੱਖ ਦਿੱਤੇ।
‘‘ਪਾਓ ਜੱਫ਼ੀ ਖੜ੍ਹੇ ਹੋ ਕੇ ਤੇ ਜਾਓ ਆਪਣੇ ਟੈਂਟ ਵਿੱਚ।’’ ਆਖਦਿਆਂ ਗੁਰਤੇਜ ਦਾ ਗੱਚ ਭਰ ਆਇਆ ਪਰ ਉਸ ਨੇ ਪਤਾ ਨਹੀਂ ਲੱਗਣ ਦਿੱਤਾ।
ਰਿਕਾਰਡ ਵਿੱਚ ਜਾਣ ਤੋਂ ਦੋ ਦਿਨ ਪਹਿਲਾਂ ਹੀ ਗੋਲ਼ਾ ਭੰਡਾਰ ਤੋਂ ਗੁਰਤੇਜ ਦੀ ਬਦਲੀ ਕਰ ਦਿੱਤੀ ਗਈ। ਕਸ਼ਮੀਰ ਸਿੰਘ ਨੂੰ ਕਹਿ ਕੇ ਬਿੱਟੂ ਤੇ ਦੂਸਰਾ ਜਵਾਨ ਗੰਨਮੈਨ ਵਜੋਂ ਗੱਡੀ ਵਿੱਚ ਬੈਠ ਕੇ ਗੁਰਤੇਜ ਨੂੰ ਯੂਨਿਟ ਵਿੱਚ ਛੱਡਣ ਆਏ।
ਡਿਊਟੀ ’ਤੇ ਵਾਪਸ ਮੁੜਨ ਲੱਗਿਆਂ ਦੋਵਾਂ ਨੂੰ ਗੁਰਤੇਜ ਨੇ ਪਾਸੇ ਨਾਲ ਘੁੱਟਦਿਆਂ ਭਰੀਆਂ ਅੱਖਾਂ ਨਾਲ ਕਿਹਾ, ‘‘ਗੁਰੂ ਦਾ ਤੇ ਮੇਰਾ ਵਿਸ਼ਵਾਸ ਨਾ ਤੋੜਿਓ।’’ ਤੁਰਨ ਲੱਗਿਆਂ ਦੋਵਾਂ ਦੀਆਂ ਅੱਖਾਂ ਹੰਝੂਆਂ ਨਾਲ ਤਰ ਸਨ।
ਵਰਤਮਾਨ ਵਿੱਚ ਪਰਤ ਕੇ ਗੁਰਤੇਜ ਸਿੰਘ ਨੇ ਮਹਿਸੂਸ ਕੀਤਾ ਕਿ ਪੈਨਸ਼ਨ ਆ ਕੇ ਉਹ ਸੂਬਾ ਸਰਕਾਰ ਦੀ ਨੌਕਰੀ ਤੋਂ ਵੀ ਸੇਵਾਮੁਕਤ ਹੋ ਗਿਆ ਸੀ। ਬਿੱਟੂ ਦਾ ਫੋਨ ਵੀਹ-ਇੱਕੀ ਸਾਲ ਬਾਅਦ ਆਇਆ ਸੀ।
ਵਾਅਦੇ ਮੁਤਾਬਿਕ ਹਰੇਕ ਐਤਵਾਰ ਉਸ ਦਾ ਫੋਨ ਆਉਂਦਾ ਰਿਹਾ। ਕਮਲਜੀਤ ਤੇ ਬਿੱਟੂ ਕਦੇ ਬਾਪੂ-ਬੇਬੇ ਤੇ ਕਦੇ ਮੰਮੀ-ਡੈਡੀ ਸੰਬੋਧਨ ਕਰਦਿਆਂ ਗੱਲ ਕਰਦੇ। ਬਿੱਟੂ ਦੇ ਬੱਚੇ ਵੀ ਜਵਾਨ ਹੋ ਗਏ ਸਨ। ਇਸ ਅਰਸੇ ਦੌਰਾਨ ਬਿੱਟੂ ਦੇ ਜਨਮ ਦਾਤੇ ਆਪਣੀ-ਆਪਣੀ ਅਉਧ ਪੂਰੀ ਕਰਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਬਿੱਟੂ ਵੀਡੀਓ ਕਾਲ ਕਰਦਾ ਕਈ ਵਾਰ ਭਾਵੁਕ ਹੋ ਕੇ ਆਖਦਾ, ‘‘ਮੈਨੂੰ ਹਮੇਸ਼ਾ ਇਹੀ ਮਹਿਸੂਸ ਹੁੰਦਾ ਹੈ ਕਿ ਮੇਰੇ ਮਾਤਾ-ਪਿਤਾ ਜਿਊਂਦੇ ਹਨ।’’
ਇੱਕ ਐਤਵਾਰ ਬਿੱਟੂ ਦਾ ਫੋਨ ਸੀ, ‘‘ਬਾਪੂ ਤਕੜੈਂ? ਮੇਰੀ ਗੱਲ ਧਿਆਨ ਨਾਲ ਸੁਣ, ਤੇਰੇ ਵਿੱਚੋਂ ਮੈਂ ਪਿਓ ਵੇਖਿਆ ਹੀ ਨਹੀਂ, ਤੈਨੂੰ ਪਿਓ ਮੰਨਿਆ ਵੀ ਹੈ। ਪੰਜਾਬ ਵਿੱਚ ਮੇਰੇ ਬਹੁਤ ਸਾਰੇ ਰਿਸ਼ਤੇਦਾਰ ਹਨ ਪਰ ਮੈਂ ਤੇਰੇ ਤੋਂ ਵੱਧ ਕਿਸੇ ਉੱਤੇ ਵੀ ਯਕੀਨ ਨਹੀਂ ਕਰ ਸਕਦਾ। ਤੇਰੀ ਪੋਤਰੀ ਦੇ ਰਿਸ਼ਤੇ ਦੀ ਗੱਲ ਚੱਲ ਰਹੀ ਹੈ। ਇੱਥੇ ਰਹਿੰਦਾ ਮੁੰਡਾ ਹੈ। ਮੈਂ ਚਾਹੁੰਦਾ ਹਾਂ ਕਿ ਤੂੰ ਖ਼ੁਦ ਜਾ ਕੇ ਪਤਾ ਕਰ ਕਿ ਜੋ ਕੁਝ ਮੁੰਡੇ ਬਾਰੇ ਦੱਸਿਆ ਜਾ ਰਿਹਾ ਹੈ ਕੀ ਉਹ ਸੱਚ ਹੈ! ਤੁਸੀਂ ਉਸ ਦੇ ਮਾਤਾ-ਪਿਤਾ ਨੂੰ ਸਿਰਫ਼ ਇਹੀ ਕਹਿਣਾ ਹੈ ਕਿ ਕੱਲ੍ਹ ਨੂੰ ਸਾਡੀ ਧੀ ਨੂੰ ਕੋਈ ਮਿਹਣਾ ਨਾ ਵੱਜੇ।’’ ਹੁਣ ਬਿੱਟੂ ਤੇ ਕਮਲਜੀਤ ਬਹੁਤੀ ਵਾਰ ਉਨ੍ਹਾਂ ਨੂੰ ਬੇਬੇ-ਬਾਪੂ ਕਹਿਣ ਲੱਗ ਪਏ ਸਨ।
ਗੁਰਤੇਜ ਨੇ ਆਪਣਾ ਫਰਜ਼ ਨਿਭਾਉਂਦੇ ਹੋਏ ਪਹੁੰਚ ਕੀਤੀ। ਜਾਇਦਾਦ ਬਾਰੇ ਜਾਣਕਾਰੀ ਸਹੀ ਸੀ। ਜਦੋਂ ਗੱਲ ਚੱਲ ਰਹੀ ਸੀ ਤਾਂ ਆਪਣੇ ਬਜ਼ੁਰਗ ਪਿਤਾ ਨੂੰ ਅੰਦਰ ਆਉਂਦੇ ਵੇਖ ਬਿੱਟੂ ਦਾ ਬਣਨ ਵਾਲਾ ਕੁੜਮ ਗੁਰਤੇਜ ਨੂੰ ਹੌਲੀ ਦੇਣੇ ਬੋਲਿਆ, ‘‘ਤੁਹਾਨੂੰ ਪਤਾ ਹੈ ਕਿ ਬਜ਼ੁਰਗ ਪੁਰਾਣੇ ਖ਼ਿਆਲਾਂ ਦੇ ਹਨ ਇਨ੍ਹਾਂ ਸਾਹਮਣੇ ਕੋਈ ਗੱਲ ਨਾ ਕਰਨਾ।’’ ਗੁਰਤੇਜ ਸੋਚ ਰਿਹਾ ਸੀ ਕਿ ਵੱਡੇ ਤਾਂ ਸਗੋਂ ਚੰਗੀ ਸਲਾਹ ਦਿੰਦੇ ਨੇ। ਬਜ਼ੁਰਗ ਥੋੜ੍ਹੀ ਦੇਰ ਬੈਠ ਕੇ ਫਿਰ ਬਾਹਰ ਚਲਾ ਗਿਆ।
ਗੁਰਤੇਜ ਨੂੰ ਬੀਬੀ ਦਾ ਕਿਹਾ ਅਖਾਣ ਯਾਦ ਆ ਗਿਆ, ‘‘ਲੱਸੀ ਵੀ ਮੰਗਣ ਜਾਣਾ ਤੇ ਭਾਂਡਾ ਵੀ ਲੁਕਾਉਣਾ।’’
ਬਿੱਟੂ ਦੀ ਧੀ ਯਾਨੀ ਗੁਰਤੇਜ ਦੀ ਮੂੰਹ ਬੋਲੀ ਪੋਤਰੀ ਦਾ ਰਿਸ਼ਤਾ ਤੈਅ ਹੋ ਗਿਆ। ਠਾਕਾ ਸਥਾਨਕ ਸ਼ਹਿਰ ਦੇ ਇੱਕ ਵੱਡੇ ਹੋਟਲ ਵਿੱਚ ਸੀ। ਬਿੱਟੂ ਨਹੀਂ ਆ ਸਕਿਆ। ਜੋ ਸਤਿਕਾਰ ਗੁਰਤੇਜ ਅਤੇ ਉਸ ਦੀ ਪਤਨੀ ਨੂੰ ਉਸ ਮੌਕੇ ਨੂੰਹ ਕਮਲਜੀਤ ਨੇ ਦਾਦੇ-ਦਾਦੀ ਵਜੋਂ ਦਿੱਤਾ ਉਹ ਰਿਸ਼ਤਿਆਂ ਦੀ ਪਾਕੀਜ਼ਗੀ ਸੀ ਜੋ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਨੂੰਹ ਰਾਣੀ ਕਮਲਜੀਤ ਨੇ ਬਤੌਰ ਲੜਕੀ ਦਾ ਦਾਦਾ-ਦਾਦੀ ਹਰ ਗੱਲ ਉਨ੍ਹਾਂ ਤੋਂ ਪੁੱਛ ਕੇ ਕੀਤੀ। ਲਾਈਵ ਜੁੜਿਆ ਬਿੱਟੂ ਕਹਿ ਰਿਹਾ ਸੀ, ‘‘ਜਦੋਂ ਮੇਰਾ ਪਿਓ ਤੇ ਮਾਂ ਹਾਜ਼ਰ ਹੈ ਫਿਰ ਮੈਨੂੰ ਕਾਹਦਾ ਫ਼ਿਕਰ ਆ।’’ ਮੁੰਡੇ ਦਾ ਪਰਿਵਾਰ ਇਸ ਮੂੰਹ ਬੋਲੇ ਰਿਸ਼ਤੇ ਨੂੰ ਮਹਿਸੂਸ ਕਰਦਾ ਹੈਰਾਨ ਸੀ।
ਠੀਕ ਇੱਕ ਸਾਲ ਬਾਅਦ ਬਿੱਟੂ ਆਪਣੀ ਧੀ ਦੇ ਵਿਆਹ ਵਾਸਤੇ ਪਰਿਵਾਰ ਸਮੇਤ ਪੰਜਾਬ ਆਇਆ। ਗੁਰਤੇਜ ਵੀ ਪਰਿਵਾਰ ਸਮੇਤ ਪਹੁੰਚ ਗਿਆ।
ਪੋਤਰੀ ਸੰਦੀਪ ਦੀ ਬਰਾਤ ਆ ਗਈ। ਸਮਾਜਿਕ ਤੌਰ ’ਤੇ ਗੁਰਤੇਜ ਇਹ ਸੋਚ ਕੇ ਥੋੜ੍ਹਾ ਪਿੱਛੇ ਜਿਹੇ ਖਲੋਤਾ ਹੋਇਆ ਸੀ ਕਿ ਪਿਤਾ ਨਾ ਹੋਣ ਦੀ ਸੂਰਤ ਵਿੱਚ ਪਰਿਵਾਰ ਵਿੱਚੋਂ ਚਾਚੇ ਦੀ ਮਿਲਣੀ ਕਰਵਾਈ ਜਾਂਦੀ ਹੈ। ਕੁੜਮਾਂ ਦੀ ਮਿਲਣੀ ਤੋਂ ਬਾਅਦ ਮਾਮੇ ਅਤੇ ਚਾਚੇ ਦੀ ਮਿਲਣੀ ਹੋਈ। ਜਦੋਂ ਦਾਦੇ ਦੀ ਮਿਲਣੀ ਵਾਸਤੇ ਆਵਾਜ਼ ਆਈ ਤਾਂ ਬਿੱਟੂ ਆਪਣੇ ਸੁਭਾਅ ਅਨੁਸਾਰ ਉੱਚੀ ਦੇਣੇ ਬੋਲਿਆ, ‘‘ਬਾਪੂ ਕਿੱਥੇ ਐਂ? ਐਧਰ ਆ, ਜੇ ਮੇਰਾ ਪਿਓ ਏਂ ਤਾਂ ਦਾਦੇ ਵਾਲੇ ਫਰਜ਼ ਵੀ ਨਿਭਾਅ।’’
ਇੱਕ ਓਪਰੇ ਸ਼ਖ਼ਸ ਨੂੰ ਬਿੱਟੂ ਵੱਲੋਂ ਕਹੇ ਗਏ ਸ਼ਬਦ ਸੁਣ ਕੇ ਪਿੰਡ ਦੇ ਲੋਕ ਅਤੇ ਰਿਸ਼ਤੇਦਾਰ ਹੱਕੇ-ਬੱਕੇ ਰਹਿ ਗਏ ਸਨ। ਇੰਜ ਹੀ ਬਿੱਟੂ ਤੇ ਕਮਲਜੀਤ ਨੇ ਪੋਤਰੇ ਮਨਦੀਪ ਦੇ ਵਿਆਹ ਵੇਲੇ ਵੀ ਗੁਰਤੇਜ ਦੇ ਸਾਰੇ ਪਰਿਵਾਰ ਨੂੰ ਸਨਮਾਨ ਦਿੱਤਾ। ਬਿੱਟੂ ਤੇ ਕਮਲਜੀਤ ਵੱਲੋਂ ਰੁਕਣ ਲਈ ਜ਼ੋਰ ਲਾਉਣ ਦੇ ਬਾਵਜੂਦ ਮਜਬੂਰੀ ਕਰਕੇ ਗੁਰਤੇਜ ਦੇ ਪਰਿਵਾਰ ਨੇ ਮੁੜਨਾ ਸੀ। ਬੂੰਦੀ ਵਾਲਾ ਡੱਬਾ ਗੱਡੀ ਵਿੱਚ ਰੱਖ ਕੇ ਬਿੱਟੂ ਕਹਿ ਰਿਹਾ ਸੀ, ‘‘ਬਾਪੂ, ਮੈਂ ਪੈਨਸ਼ਨ ਕਿਵੇਂ ਆਇਆ ਹਾਲੇ ਸਾਰੀਆਂ ਗੱਲਾਂ ਕਰਨੀਆਂ ਨੇ। ਸਾਰੇ ਕੰਮ ਸਮੇਟ ਕੇ ਵਾਪਸ ਮੁੜਨ ਤੋਂ ਪਹਿਲਾਂ ਅਸੀਂ ਆਵਾਂਗੇ ਕਿਸੇ ਦਿਨ ਤੇ ਰੱਜ ਕੇ ਗੱਲਾਂ ਕਰਾਂਗੇ।’’
ਵਾਪਸ ਆਉਂਦਿਆਂ ਗੁਰਤੇਜ ਦੀਆਂ ਨੂੰਹਾਂ ਆਪਣੇ ਡੈਡੀ ਦੇ ਮੂੰਹ ਬੋਲੇ ਨੂੰਹ-ਪੁੱਤ ਅਤੇ ਪੋਤੇ-ਪੋਤੀ ਦੀਆਂ ਸਿਫ਼ਤਾਂ ਕਰਦਿਆਂ ਆਖ ਰਹੀਆਂ ਸਨ, ‘‘ਡੈਡੀ, ਸਾਨੂੰ ਤੁਹਾਡੇ ’ਤੇ ਫਖ਼ਰ ਹੈ। ਵਰਤਮਾਨ ਵਿੱਚ ਤਾਂ ਗੂੜ੍ਹੇ ਰਿਸ਼ਤੇ ਵੀ ਮਿਲਣ-ਗਿਲਣ ਤੋਂ ਪਾਸਾ ਵੱਟਦੇ ਜਾ ਰਹੇ ਹਨ। ਲੋਕ ਇੰਨੇ ਸੁਆਰਥੀ ਹੋ ਗਏ ਹਨ ਕਿ ਆਖਦੇ ਹਨ, ਅਸੀਂ ਆਵਾਂਗੇ ਤਾਂ ਕੀ ਦਿਓਗੇ ਤੇ ਤੁਸੀਂ ਆਓਗੇ ਤਾਂ ਕੀ ਲਿਆਓਗੇ।’’
ਸੰਪਰਕ: 94656-56214