ਕੀ ਪਤੈ ਕਦ ਆ ਵੜੇ ਲਟਕੰਦੜਾ!
ਆਪਣੀ ਉਮਰ ਦੇ 72ਵੇਂ ਸਾਲ ਵਿੱਚ ਇਹ ਕਹਿਣਾ ‘ਹਾਲੇ ਵੀ ਮੂਰਖ ਤੇ ਅਭਿਮਾਨੀ ਇਸ਼ਕ, ਅੱਖ ਨਾ ਝਮਕੇ ਨਿਮਖ, ਖੋਹਲ ਕੇ ਰੱਖਦਾ ਹੈ ਭਿੱਤ... ਕੀ ਪਤਾ ਕਦ ਚੜ੍ਹ ਪਵੇ ਉਹ ਚੰਦੜਾ ਕੀ ਪਤਾ ਕਰ ਆ ਵੜੇ ਲਟਕੰਦੜਾ’ ਪ੍ਰੋ. ਮੋਹਨ ਸਿੰਘ ਦੇ ਨਿੱਜੀ ਅਹਿਸਾਸਾਂ ਨੂੰ ਖੁੱਲ੍ਹ ਕੇ ਪ੍ਰਗਟ ਕਰਨ ਦੀ ਹਾਮੀ ਭਰਦਾ ਹੈ।
ਇਸ਼ਕ ਨੂੰ ਹੱਡੀਂ ਹੰਢਾਉਣ ਵਾਲੇ ਪ੍ਰੋ. ਮੋਹਨ ਸਿੰਘ ਨੇ ਪੰਜਾਬੀ ਕਵਿਤਾ ਨਾਲ ਇਸ਼ਕ ਨੂੰ ਮਰਦੇ ਦਮ ਤੱਕ ਸਿਰਤੋੜ ਨਿਭਾਇਆ। ਬਸੰਤ, ਅੰਬੀ ਦਾ ਬੂਟਾ, ਦੇਸ਼ ਪਿਆਰ, ਰੱਬ, ਕੁੜੀ ਪੋਠੋਹਾਰ ਦੀ ਅਤੇ ਖ਼ਾਨਾਗ਼ਾਹੀਂ ਦੀਵਾ ਬਾਲਦੀਏ ਉਸ ਦੀਆਂ ਅਜਿਹੀਆਂ ਕਵਿਤਾਵਾਂ ਸਨ ਜਿਨ੍ਹਾਂ ਨੇ ਉਸ ਨੂੰ ਉਸ ਦੇ ਸਮੇਂ ਦੌਰਾਨ ਹੀ ਪੰਜਾਬੀਆਂ ਵਿੱਚ ਮਕਬੂਲ ਕਰ ਦਿੱਤਾ। ਮੋਹਨ ਸਿੰਘ ਦਾ ਇਸ਼ਕ ਨਿੱਜ ਤੋਂ ਸ਼ੁਰੂ ਹੋ ਕੇ ਨਿਵੇਕਲੇ ਢੰਗ ਨਾਲ ਲੋਕਾਂ ਦੇ ਗ਼ਮਾਂ ਦੀ ਆਵਾਜ਼ ਬਣ ਜਾਂਦਾ ਹੈ। ਸੰਨ 1935 ਸ਼ੁਰੂ ਤੋਂ ਹੋਇਆ ਕਲਮ ਦਾ ਸਫ਼ਰ 1977 ਵਿੱਚ ‘ਬੂਹੇ’ ਨਾਂ ਦੀ ਕਵਿਤਾ ਦੇ ਆਧਾਰਿਤ ਨਾਂ ਉੱਤੇ ‘ਬੂਹੇ’ ਕਿਤਾਬ ਨਾਲ ਸਮਾਪਤ ਹੁੰਦਾ ਹੈ। ਚਾਰ ਹੰਝੂ ਤੋਂ ਸ਼ੁਰੂ ਹੋ ਕੇ ਸਾਵੇ ਪੱਤਰ, ਕਸੁੰਭੜਾ, ਅਧਵਾਟੇ, ਕੱਚ ਸੱਚ, ਆਵਾਜ਼ਾਂ, ਵੱਡਾ ਵੇਲਾ, ਜੰਦਰੇ, ਜੈ ਮੀਰ, ਬੂਹੇ ਤੱਕ ਦਾ ਸਫ਼ਰ ਰਾਹੀਂ ਸਮੇਂ ਦੇ ਸੱਚ ਦੀ ਮਸ਼ਾਲ ਨੂੰ ਬਾਲਦਾ ਉਹ ਅਗਾਂਹਵਧੂ ਕਵੀ ਵਜੋਂ ਸਥਾਪਿਤ ਹੁੰਦਾ ਹੈ। ਉਸ ਤੋਂ ਗੁਰੂ ਨਾਨਕ ਦੇਵ ਜੀ ਦੀ 500ਵੀਂ ਵਰ੍ਹੇ ਗੰਢ ਉੱਤੇ ਨਾਨਕਾਇਣ ਵੀ ਲਿਖਾਈ ਗਈ ਸੀ ਪਰ ਉਹ ਹਰਮਨ ਪਿਆਰੀ ਨਹੀਂ ਹੋਈ।
ਰੱਬ ਦੇ ਮਾਮਲੇ ਵਿੱਚ ਵੱਖ ਵੱਖ ਧਰਮਾਂ ਨਾਲ ਜੁੜੇ ਝਗੜੇ ਝੇੜੇ ਮੋਹਨ ਸਿੰਘ ਦੇ ਮਾਨਵਵਾਦੀ ਮਨ ਨੂੰ ਬੜਾ ਦੁਖੀ ਕਰਦੇ ਹਨ। ਤਰਕਸ਼ੀਲਤਾ ਨਾਲ ਉਸ ਨੂੰ ਰੱਬ ਦੇ ਮਸਲੇ ਦਾ ਹੱਲ ਨਹੀਂ ਲੱਭਦਾ। ਇਸੇ ਲਈ ਆਖਦਾ ਹੈ: ‘ਤੇਰੀ ਖੋਜ ਵਿੱਚ ਅਕਲ ਦੇ ਖੰਭ ਝੜ ਗਏ’। ਉਹ ਰੱਬ ਨੂੰ ਪੁਕਾਰਦਾ ਹੈ: ਇੱਕ ਘੜੀ ਜੇ ਖੁੱਲ੍ਹਾ ਦੀਦਾਰ ਦੇਵੇਂ, ਸਾਡਾ ਨਿੱਤ ਦਾ ਰੇੜਕਾ ਚੁੱਕ ਜਾਵੇ। ਤੇਰੀ ਜ਼ੁਲਫ਼ ਦਾ ਸਾਂਝਾ ਪਿਆਰ ਹੋਵੇ, ਝਗੜਾ ਮੰਦਰ ਮਸੀਤ ਦਾ ਮੁੱਕ ਜਾਵੇ।ਬਸੰਤ ਨਾਂ ਦੀ ਕਵਿਤਾ ਵਿੱਚ ਮੋਹਨ ਸਿੰਘ ਇਕਬਾਲ ਕਰਦਾ ਹੈ ਕਿ ਪਤਨੀ ਬਸੰਤ ਦੀ ਮੌਤ ਕਾਰਨ ਪੈਦਾ ਹੋਏ ਦਰਦ ਨੇ ਉਸ ਨੂੰ ਸ਼ਾਇਰ ਬਣਾਇਆ: ‘ਮੋਹਨ ਕਿੰਜ ਬਣਦਾ ਤੂੰ ਸ਼ਾਇਰ, ਜੇਕਰ ਮੈਂ ਨਾ ਮਰਦੀ’। ਮੋਹਨ ਸਿੰਘ ਆਪਣੇ ਸਮੇਂ ਦੇ ਸਮਕਾਲੀ ਸਮਾਜ ਨੂੰ ਪ੍ਰਵਾਨ ਨਹੀਂ ਕਰਦਾ: ‘ਛੱਡ ਦੇ ਚੂੜੇ ਵਾਲੀਏ ਕੁੜੀਏ ਛੱਡ ਦੇ ਮੇਰੀ ਬਾਂਹ, ਮੈਂ ਨਹੀਂ ਰਹਿਣਾ ਤੇਰੇ ਗਿਰਾਂ’।ਜਦੋਂ ਵੀ ਉਹ ਬਾਗ਼ੀ ਬਣ ਕੇ ਆਪਣੇ ਦਿਲ ਦੀ ਗੱਲ ਕਰਦਾ ਹੈ ਤਾਂ ਵੀ ਔਰਤ ਦਾ ਰੂਪ ਉਸ ਵਿੱਚ ਡਲ੍ਹਕਾਂ ਮਾਰਦਾ ਹੈ। ਮਨੁੱਖੀ ਜੀਵਨ ਵਿੱਚ ਅਗਲੀ ਪੀੜ੍ਹੀ ਦੇ ਰੂਪ ਵਿੱਚ ਬੱਚੇ ਦੇ ਜਨਮ ਦੀ ਅਹਿਮੀਅਤ ਨੂੰ ਉਹ ਬਾਖ਼ੂਬੀ ਬਿਆਨ ਕਰਦਾ ਹੈ: ਬੱਚੇ ਜਿਹਾ ਨਾ ਮੇਵਾ ਡਿੱਠਾ, ਜਿੰਨਾ ਕੱਚਾ ਓਨਾ ਮਿੱਠਾ’। ‘ਅੰਬੀ ਦਾ ਬੂਟਾ’ ਉਸ ਦੀ ਅਜਿਹੀ ਕਵਿਤਾ ਹੈ ਜਿਸ ਵਿੱਚ ਮਰਦ ਔਰਤ ਦਾ ਪਿਆਰ ਝਨਾਂ ਦੇ ਤੇਜ਼ ਵਹਿਣ ਵਾਂਗ ਵਹਿੰਦਾ ਹੈ। ਮੋਹਨ ਸਿੰਘ ਖੋਜੀ ਪ੍ਰਵਿਰਤੀ ਦਾ ਮਾਲਕ ਵੀ ਹੈ। ਉਹ ਜ਼ਿੰਦਗੀ ਨੂੰ ਖੜੋਤ ਵਿੱਚ ਰੱਖਣ ਦਾ ਹਾਮੀ ਨਹੀਂ ਹੈ: ‘ਦੇਹ ਹਵਾ ਦਾ ਜੀਵਨ ਸਾਨੂੰ ਸਦਾ ਖੋਜ ਵਿੱਚ ਰਹੀਏ, ਹਰ ਦਮ ਤਲਬ ਸੱਜਣ ਦੀ ਕਰੀਏ, ਠੰਢੇ ਕਦੇ ਨਾ ਪਈਏ’।
ਕਸੁੰਭੜਾ ਕਾਵਿ ਸੰਗ੍ਰਹਿ ਵਿੱਚ ਸੁਹਾਂ ਦਰਿਆ ਪਾਰ ਕਰਦੀ ਕੁੜੀ ਪੋਠੋਹਾਰ ਦੀ ਕਵਿਤਾ ਉਸ ਦੀ ਕਲਾ ਨੂੰ ਚਾਰ ਚੰਨ ਲਾਉਂਦੀ ਹੈ ਅਤੇ ਇਸ ਵਿੱਚ ਆਪਣੇ ਦਰਦ ਨੂੰ ਉਹ ਕੁੜੀ ਦੀ ਉਂਗਲੀ ਫੜ ਕੇ ਪਾਰ ਲੰਘਣ ਦੀ ਲੋਚਾ ਵੀ ਕਰਦਾ ਹੈ। ਸਾਵੇ ਪੱਤਰ ਤੇ ਕਸੁੰਭੜਾ ਪਿੱਛੋਂ ਉਸ ਦੀ ਕਿਤਾਬ ਆਉਂਦੀ ਹੈ ‘ਅਧਵਾਟੇ’। ਇਸ ਦੇ ਸਿਰਲੇਖ ਤੋਂ ਮਹਿਸੂਸ ਹੁੰਦਾ ਹੈ ਕਿ ਕਵੀ ਦੁਬਿਧਾ ਵਿੱਚ ਹੈ। ਇਸ ਵਿੱਚ ਆਈ ਕਵਿਤਾ ‘ਕੋਈ ਆਇਆ ਸਾਡੇ ਵਿਹੜੇ’ ਜਿਵੇਂ ਉਸ ਦੀ ਨੀਰਸਤਾ ਨੂੰ ਤੋੜਦੀ ਹੈ। ਇਹ ਕਵਿਤਾ ਸਭਿਆਚਾਰਕ ਪ੍ਰੋਗਰਾਮਾਂ ਵਿੱਚ ਖ਼ੂਬ ਧੁੰਮ ਪਾਉਣ ਦੇ ਸਮਰੱਥ ਹੈ। ‘ਕੁਝ ਚਿਰ ਪਿੱਛੋਂ’ ਕਵਿਤਾ ਦੇ ਇੱਕ ਬੰਦ ਵਿੱਚ ਮੋਹਨ ਸਿੰਘ ਨਿੱਜੀ ਮੁਹੱਬਤ ਨੂੰ ਵੰਗਾਰਦਾ ਹੈ: ਉਹ ਕੀ ਪਿਆਰ ਜੋ ਕਰੇ ਕਿਸੇ ਦੀ ਦੁਨੀਆਂ ਇਤਨੀ ਸੌੜੀ, ਦੋ ਬਾਹਾਂ ਦੀ ਤੰਗ ਵਲਗਣੋਂ ਜੋ ਨਾ ਹੋਵੇ ਚੌੜੀ। ਮੰਦਾ ਜੀਵਨ ਦਾ ਹੱਕ ਖੋਹਣਾ, ਖੁਹਾਉਣਾ ਹੋਰ ਮੰਦੇਰਾ। ਬੇਸ਼ੱਕ ਪਿਆਰ ਹੈ ਉੱਚੀ ਵਸਤੂ, ਜਿਉਣਾ ਹੋਰ ਉਚੇਰਾ’। ਇਸ ਤਰ੍ਹਾਂ ਉਹ ਦੁਬਿਧਾ ਵਿੱਚੋਂ ਪਾਰ ਲੰਘਣ ਦਾ ਯਤਨ ਕਰਦਾ ਹੈ।
ਅਗਲੇ ਪੜਾਅ 1950 ਦੀ ਕਿਤਾਬ ‘ਕੱਚ ਸੱਚ’ ਕਵੀ ਨੂੰ ਅਧਵਾਟੇ ਵਿੱਚੋਂ ਪਾਰ ਲੰਘਾ ਦਿੰਦੀ ਹੈ। ਦੇਸ਼ ਆਜ਼ਾਦ ਹੋ ਚੁੱਕਾ ਸੀ ਅਤੇ ਪੰਜਾਬ ਉੱਤੇ ਇਸ ਵੰਡ ਦੇ ਜ਼ਖ਼ਮ ਗਹਿਰੇ ਸਨ। ਇਸ ਦਰਦ ਨੂੰ ਉਹ ‘ਗੁਰੂ ਨਾਨਕ ਨੂੰ’ ਕਵਿਤਾ ਵਿੱਚ ਜ਼ੁਬਾਨ ਦਿੰਦਾ ਹੈ: ਤੂੰ ਰੱਬ ਨੂੰ ਵੰਗਾਰਿਆ, ਤੈਨੂੰ ਵੰਗਾਰਾਂ ਮੈਂ; ਆਇਆ ਨਾ ਤੈਂ ਕੀ ਦਰਦ ਏਨਾ ਘਾਣ ਹੋ ਗਿਆ।
ਸਮਾਜ ਵਿੱਚ ਗ਼ਰੀਬੀ ਅਮੀਰੀ ਦੇ ਡੂੰਘੇ ਪਾੜੇ ਨੂੰ ਉਹ ‘ਦੋ ਟੋਟਿਆਂ ਦੇ ਵਿੱਚ ਭੋਂ ਟੁੱਟੀ’ ਕਵਿਤਾ ਵਿੱਚ ਰੂਪਮਾਨ ਕਰਦਾ ਹੈ ਅਤੇ ਚੀਨ ਵਿੱਚ ਮਾਓ ਜ਼ੇ ਤੁੰਗ ਦੁਆਰਾ ਲਿਆਂਦੇ ਇਨਕਲਾਬ ਨੂੰ ‘ਮੌਲੀ ਮੁੜ ਕੇ ਧਰਤੀ ਚੀਨ ਦੀ’ ਕਵਿਤਾ ਵਿੱਚ ਪਰੋਂਦਾ ਹੈ। ਇਹ ਸੱਚ ਅੱਜ ਦੁਨੀਆ ਸਾਹਵੇਂ ਹੋਰ ਵੀ ਵੱਡੀ ਤਾਕਤ ਨਾਲ ਗੂੰਜ ਰਿਹਾ ਹੈ।
ਸੰਨ 1954 ਵਿੱਚ ਛਪੀ ਇਸ ਤੋਂ ਅਗਲੀ ਕਾਵਿ ਪੁਸਤਕ ‘ਆਵਾਜ਼ਾਂ’ ਵਿੱੱਚ ਕਵੀ ਸੰਸਾਰ ਪੱਧਰ ਉੱਤੇ ਉੱਠੀ ਸਮਾਜਵਾਦ ਦੀ ਕ੍ਰਾਂਤੀ ਨੂੰ ਮਾਨਤਾ ਦਿੰਦਾ ਹੈ: ‘ਦਗ਼ੀ ਕੁੰਦਨ ਵਾਂਗ ਦੇਹ ਮਜ਼ਦੂਰ ਦੀ, ਚਮਕੀ ਦਾਰੂ ਵਾਂਗ ਮੁੜ ਕਿਰਤੀ ਦੀ ਅੱਖ’। ਕਵੀ ਦੀ ਸੋਚ ਇਸ ਪੜਾਅ ਉੱਤੇ ਲੋਕਾਂ ਦੇ ਦਰਦ ਨਾਲ ਭਰੀ ਠਾਠਾਂ ਮਾਰ ਰਹੀ ਹੈ। ਉਹ ਮੁਹੱਬਤ ਦੇ ਨਿੱਜੀ ਸਰੋਕਾਰ ਵਿੱਚੋਂ ਨਿਕਲ ਜਾਂਦਾ ਮਹਿਸੂਸ ਕਰਦਾ ਹੈ। ਜੱਟੀਆਂ ਦਾ ਗੀਤ ਅਤੇ ਗੱਜਣ ਸਿੰਘ ਨਾਂ ਦੀ ਵੱਡੀ ਕਵਿਤਾ ਸਮਾਜ ਵਿੱਚ ਲੁੱਟ-ਖਸੁੱਟ ਦੇ ਅਹਿਸਾਸ ਨੂੰ ਜਗਾਉਂਦੀ ਹੈ। ਇਹ ਉਹ ਸਮਾਂ ਸੀ ਜਦੋਂ ਅੱਧਾ ਯੂਰਪ ਸਮਾਜਵਾਦ ਦੇ ਰੰਗ ਵਿੱਚ ਰੰਗਿਆ ਗਿਆ ਸੀ।
ਸੰਨ 1958 ਵਿੱਚ ਉਸ ਦੀ ਕਾਵਿ ਪੁਸਤਕ ‘ਵੱਡਾ ਵੇਲਾ’ ਨੂੰ ਸਾਹਿਤ ਅਕਾਦਮੀ ਇਨਾਮ ਨਾਲ ਨਿਵਾਜਿਆ ਗਿਆ। ਚੰਗੇ ਸਮਾਜ ਦੀ ਸਿਰਜਣਾ ਲਈ ਉਹ ਸੰਘਰਸ਼ ਭਰਪੂਰ ਜ਼ਿੰਦਗੀ ਨੂੰ ਮਾਨਤਾ ਦਿੰਦਾ ਹੈ: ‘ਲੱਖ ਬਾਹਾਂ ਵਿੱਚ ਆਉਂਦਾ ਜਦ ਇੱਕ ਹੁਲਾਰਾ, ਲੱਖ ਬੁਲ੍ਹਾਂ ਤੇ ਬੋਲਦਾ ਜਦ ਇੱਕ ਸੁਨੇਹੜਾ। ਲੱਖ ਨੈਣਾਂ ਵਿੱਚ ਲਟਕਦਾ ਜਦ ਇੱਕੋ ਸੁਫ਼ਨਾ, ਭਰਦਾ ਨਾਲ ਸੁਗੰਧ ਦੇ ਜੀਵਨ ਦਾ ਵਿਹੜਾ’। ਉਹ ਵਰਤਮਾਨ ਦੀ ਅਹਿਮੀਅਤ ਉੱਤੇ ਜ਼ੋਰ ਦਿੰਦਾ ਹੈ। ਬੀਤਿਆ ਸਮਾਂ ਤਾਂ ਆਪਣੇ ਰੰਗ ਦਿਖਾ ਚੁੱਕਿਆ ਹੁੰਦਾ ਹੈ: ‘ਵਰਤਮਾਨ ਗਲ ਪਾਓ ਨਾ ਬੀਤੇ ਦੇ ਲੀੜੇ’।
ਸੰਨ 1964 ਵਿੱਚ ਉਸ ਦਾ ਕਾਵਿ ਸੰਗ੍ਰਹਿ ‘ਜੰਦਰੇ’ ਇਸ਼ਕ ਦਾ ਚਿੰਤਨ ਕਰਦਾ ਹੈ, ਉਸ ਦੀ ਗੌਰਵ ਗਾਥਾ ਬਿਆਨ ਨਹੀਂ ਕਰਦਾ। ਆਪਣੇ ਸਮਕਾਲੀ ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਦੇ ਸਹਿਜ ਪ੍ਰੀਤ ਦੇ ਸਿਧਾਂਤ ਉੱਤੇ ਇੱਕ ਬੰਦ ਵਿੱਚ ਇਉਂ ਬਿਆਨ ਕੀਤਾ ਹੈ: ‘ਹੋਵੇਗਾ ਸਹਿਜ ਪ੍ਰੀਤ ਦਾ ਰੁਤਬਾ ਵੀ ਕੁਝ ਜ਼ਰੂਰ, ਅੰਬਾਂ ਦੀ ਭੁੱਖ ਅੰਬਾਖੜੀ ਲਾਵੇ ਨਾ ਜਾਨੀਆ’।‘ਵਣਜਾਰਨ’ ਕਵਿਤਾ ਵਿੱਚ ਵਰਤੀ ਬਿੰਬਾਵਲੀ ਬਾਕਮਾਲ ਹੈ। ਜ਼ਿੰਦਗੀ ਨੂੰ ਉਹ ਕੇਵਲ ਖ਼ੁਸ਼ੀਆਂ ਦੀ ਟੋਕਰੀ ਨਹੀਂ ਸਮਝਦਾ ਸਗੋਂ ਦੁੱਖਾਂ ਦੀ ਖਾਰੀ ਵੀ ਆਖਦਾ ਹੈ।
ਸੰਨ 1968 ਵਿੱਚ ਛਪਿਆ ਕਾਵਿ ਸੰਗ੍ਰਹਿ ‘ਜੈ ਮੀਰ’ ਹਿੰਦ-ਰੂਸ ਦੋਸਤੀ ਨੂੰ ਸਮਰਪਿਤ ਹੈ। ਮੀਰ ਲਫ਼ਜ਼ ਰੂਸੀ ਹੈ ਜਿਸ ਦਾ ਅਰਥ ਹੈ ਅਮਨ। ਉਹ ਲਿਖਦਾ ਹੈ: ‘ਜਾਗੋ ਜੱਗ ਦਿਓ ਅਮਨ ਪਸੰਦੋ, ਹੋ ਨਾ ਜਾਏ ਅਖੀਰ, ਜੈ ਮੀਰ!’’ ਇਸ ਵਿੱਚ ਸ਼ਾਮਲ ਇੱਕ ਗ਼ਜ਼ਲ ਦਾ ਬੰਦ ਕਵੀ ਵੱਲੋਂ ਕੀਤੇ ਯਤਨਾਂ ਦੀ ਤਸਵੀਰ ਇਉਂ ਉਲੀਕਦਾ ਹੈ: ‘ਅਸਾਂ ਵੀ ਦੋਸਤੋ ਕੁੱਝ ਤਾਂ ਮੁਕਾਈਆਂ ਬੂੰਦਾਂ, ਕੀ ਹੋਇਆ ਚਾਕ ਜੇ ਸਾਰਾ ਨਾ ਸਾਥੋਂ ਸੀ ਹੋਇਆ’।
ਸੰਨ 1977 ਵਿੱਚ ਪ੍ਰੋ. ਮੋਹਨ ਸਿੰਘ ਦਾ ਆਖ਼ਰੀ ਕਾਵਿ ਸੰਗ੍ਰਹਿ ‘ਬੂਹੇ’ ਆਇਆ, ਜਿਸ ਵਿੱਚ ਉਹ ਆਪਣੇ ਜੀਵਨ ਵਿੱਚ ਬਿਤਾਈਆਂ ਤੇ ਹੰਢਾਈਆਂ ਭਾਵਨਾਵਾਂ ਦਾ ਇਜ਼ਹਾਰ ਬਾਖ਼ੂਬੀ ਕਰਦਾ ਹੈ। ਇੱਕ ਗੀਤ ਵਿੱਚ ਤਾਂ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਉਸ ਨੇ ਆਪਣੇ ਆਖ਼ਰੀ ਪਲਾਂ ਦੀ ਨਿਸ਼ਾਨਦੇਹੀ ਕਰ ਲਈ ਹੋਵੇ: ‘ਸਰਾਂ ਦੇ ਪਾਣੀ ਸੁੱਕ ਚੱਲੇ, ਸੁੱਕ ਚੱਲੇ। ਰਥ ਤਾਰਿਆਂ ਦੇ ਰੁਕ ਚੱਲੇ, ਰੁਕ ਚੱਲੇ’। ਸਵੈਜੀਵਨੀ ਵਾਂਗ ਇਸ ਸੰਗ੍ਰਹਿ ਦੀਆਂ ਸਮੁੱਚੀਆਂ ਕਵਿਤਾਵਾਂ ਜ਼ਿੰਦਗੀ ਦੇ ਸਮੁੱਚੇ ਸਫ਼ਰ ਦੌਰਾਨ ਹੰਢਾਏ ਜਜ਼ਬਿਆਂ ਦੀ ਮੁਕੰਮਲ ਤਸਵੀਰ ਪੇਸ਼ ਕਰਦੀਆਂ ਹਨ।
ਆਪਣੀ ਉਮਰ ਦੇ 72ਵੇਂ ਸਾਲ ਵਿੱਚ ਇਹ ਕਹਿਣਾ ‘ਹਾਲੇ ਵੀ ਮੂਰਖ ਤੇ ਅਭਿਮਾਨੀ ਇਸ਼ਕ, ਅੱਖ ਨਾ ਝਮਕੇ ਨਿਮਖ, ਖੋਹਲ ਕੇ ਰੱਖਦਾ ਹੈ ਭਿੱਤ... ਕੀ ਪਤਾ ਕਦ ਚੜ੍ਹ ਪਵੇ ਉਹ ਚੰਦੜਾ ਕੀ ਪਤਾ ਕਰ ਆ ਵੜੇ ਲਟਕੰਦੜਾ’ ਕਵੀ ਦੇ ਨਿੱਜੀ ਅਹਿਸਾਸਾਂ ਨੂੰ ਖੁੱਲ੍ਹ ਕੇ ਪ੍ਰਗਟ ਕਰਨ ਦੀ ਹਾਮੀ ਭਰਦਾ ਹੈ। ਅਕਸਰ ਮਨੁੱਖ ਦੋ ਜੀਵਨ ਜਿਉਂਦਾ ਹੈ, ਇੱਕ ਨਿੱਜੀ ਅਤੇ ਇੱਕ ਸਮਾਜਿਕ। ਨਿੱਜੀ ਜੀਵਨ ਵਿੱਚ ਬਹੁਤ ਓਹਲੇ ਹੁੰਦੇ ਹਨ ਅਤੇ ਸਮਾਜਿਕ ਜੀਵਨ ਲੋਕਾਂ ਦੇ ਸਾਹਵੇਂ ਖੁੱਲ੍ਹੀ ਕਿਤਾਬ ਵਾਂਗ ਹੁੰਦਾ ਹੈ। ਪ੍ਰੋ. ਮੋਹਨ ਸਿੰਘ ਨੇ ਇਸ਼ਕ ਦੀ ਕੁਠਾਲੀ ਵਿੱਚ ਢਲ ਕੇ ਲੋਕਾਂ ਦੇ ਦੁੱਖਾਂ ਦਰਦਾਂ ਅਤੇ ਕਿਰਤੀ ਦੀ ਲੁੱਟ ਨੂੰ ਖ਼ਤਮ ਕਰ ਕੇ ਸੋਹਣਾ ਗਰਾਂ ਸਿਰਜਣ ਦੇ ਗੀਤ ਗਾਏ ਜਿਸ ਲਈ ਉਹ ਹਮੇਸ਼ਾ ਸਾਡੀਆਂ ਯਾਦਾਂ ਵਿੱਚ ਵਸਿਆ ਰਹੇਗਾ। ਉਸ ਦੀ ਕਵਿਤਾ ਵਿੱਚੋਂ ਪੁਰਾਣੇ ਪੰਜਾਬ ਦੇ ਬਲਦਾਂ ਦੀਆਂ ਟੱਲੀਆਂ ਦੀ ਆਵਾਜ਼, ਛੱਤੋ ਦੀ ਬੇਰੀ ਦੇ ਬੇਰਾਂ ਦੀ ਖ਼ੁਸ਼ਬੂ, ਖੂਹ ਦਾ ਸੰਗੀਤ ਅਤੇ ਭੱਖੜੇ ਦੇ ਤਿੱਖੇ ਕੰਡਿਆਂ ਦੀ ਚੋਭ ਦਾ ਅਹਿਸਾਸ ਹੁੰਦਾ ਰਹੇਗਾ। ਉਹ ਆਪਣੀ ਸੁਰਤ ਵਿੱਚ ਕੋਈ ਗਿਲਾ ਸ਼ਿਕਵਾ ਨਹੀਂ ਲੈ ਕੇ ਗਿਆ। ਇਸ ਦਾ ਪਤਾ ਇਨ੍ਹਾਂ ਸ਼ਬਦਾਂ ਦੀ ਗੂੰਜ ਤੋਂ ਲੱਗਦਾ ਹੈ: ਉਨ੍ਹਾਂ ਵਾਂਗ ਦਰਿਆਵਾਂ ਕਈ ਵਹਿਣ ਬਦਲੇ, ਮਾਧੋ ਬਦਲੇ ਮਗਰ ਨਾ ਹੁਸੈਨ ਬਦਲੇ, ਕਦੋਂ ਨਦੀਆਂ ਨਿਭਾਉਂਦੀਆਂ ਕਿਨਾਰਿਆਂ ਦੇ ਨਾਲ... ਚਲੋ ਸਾਡੇ ਵੱਲੋਂ ਨਿਭ ਗਈ ਪਿਆਰਿਆਂ ਦੇ ਨਾਲ...।
ਬਹੁਤ ਸਾਲ ਉਸ ਦੇ ਜਨਮ ਦਿਨ ਉੱਤੇ ਲੁਧਿਆਣਾ ਵਿਖੇ ਪ੍ਰੋ. ਮੋਹਨ ਸਿੰਘ ਮੇਲਾ ਭਰਦਾ ਵੀ ਰਿਹਾ, ਪਰ ਹੁਣ ਕਾਫ਼ੀ ਸਾਲਾਂ ਤੋਂ ਬੰਦ ਹੈ।