ਕਿੱਥੇ ਬੋਲ ਉਹ ਰੱਬੀ ਕਲਾਮ ਵਰਗੇ?
ਸੁਖਪਾਲ ਸਿੰਘ ਗਿੱਲ
ਪ੍ਰੋਫੈਸਰ ਪੂਰਨ ਸਿੰਘ ਦੇ ਸ਼ਬਦ ‘ਅਸਲੀ ਤੇ ਸੁੱਚਾ ਸਾਹਿਤ ਮਹਾਤਮਾ ਲੋਕਾਂ ਦੇ ਅੰਮ੍ਰਿਤ ਬਚਨ ਹੁੰਦੇ ਹਨ’ ਪੜ੍ਹੇ ਤਾਂ ਇਕਦਮ ਧਿਆਨ ਭੂਸ਼ਨ ਧਿਆਨਪੁਰੀ ਵੱਲ ਗਿਆ। ਉਹ ਮੇਰੇ ਕਾਲਜ ਅਧਿਆਪਕ ਸਨ। ਉਨ੍ਹਾਂ ਦਾ ਅਸਲੀ ਨਾਂ ਬੇਨਤੀਸਰੂਪ ਸ਼ਰਮਾ ਸੀ। ਧਿਆਨਪੁਰ ਗੁਰਦਾਸਪੁਰ ਤੋਂ ਰੂਪਨਗਰ ਦੀ ਅਫਸਰ ਕਾਲੋਨੀ ਵਿੱਚ ਵਸੇ ਸਨ। ਤੁਰ ਕੇ ਕਾਲੋਨੀ ਤੋਂ ਕਾਲਜ ਜਾਣਾ ਉਨ੍ਹਾਂ ਦੀ ਆਦਤ ਅਤੇ ਸ਼ੌਕ ਸੀ। ਦਰਮਿਆਨੀ ਚਾਲ ਨਾਲ ਜਦੋਂ ਸੀਨੇ ਨਾਲ ਰਜਿਸਟਰ ਲਗਾ ਕੇ ਕਾਲਜ ਜਾਂਦੇ। ਉਨ੍ਹਾਂ ਦੇ ਪੁੱਜਣ ਨਾਲ ਕਾਲਜ ਵਿੱਚ ਰੌਣਕ ਲੱਗ ਜਾਂਦੀ। ਰੂਪ ਸਰੂਪ ਅਤੇ ਰਚਨਾ ਪੱਖੋਂ ਨਿਵੇਕਲੀ ਪਹੁੰਚ ਰੱਖਦੇ ਭੂਸ਼ਨ ਧਿਆਨਪੁਰੀ ਦੀ ਭਾਸ਼ਾ ਹਲੀਮੀ ਵਾਲੀ ਸੀ। ਵੱਡਾ ਗੁਣ ਇਹ ਸੀ ਕਿ ਉਹ ਕਾਲਜ ਅਤੇ ਸਮਾਜ ਵਿੱਚ ਕਦੇ ਧਿਰ ਨਹੀਂ ਬਣੇ।
1990 ਦੇ ਦੌਰ ਵਿੱਚ ਕਾਲਜ ਦੇ ਦਿਨਾਂ ਦੌਰਾਨ ਮੇਰੇ ਪਿਤਾ ਜੀ ਨੇ ਅਖ਼ਬਾਰ ਚੁੱਕੀ ਤਾਂ ਮੈਨੂੰ ਚਾਰ ਸਤਰਾਂ ਪੜ੍ਹ ਕੇ ਸੁਣਾਈਆਂ ਜਿਨ੍ਹਾਂ ਵਿੱਚੋਂ ਇੱਕ ਸਤਰ ਇਹ ਸੀ: ‘ਨਾਕੇ ਵਾਲਿਆਂ ਬੱਸਾਂ ਫਰੋਲ ਸੁੱਟੀਆਂ, ਦੋ ਮਾਚਿਸਾਂ ਇੱਕ ਬਲੇਡ ਮਿਲਿਆ’। ਉਨ੍ਹਾਂ ਕਿਹਾ ਕਿ ਇਹ ਸਤਰਾਂ ਹਰ ਰੋਜ਼ ਤੇਰੇ ਕਾਲਜ ਦੇ ਅਧਿਆਪਕ ਬੇਨਤੀਸਰੂਪ ਸ਼ਰਮਾ ਲਿਖਦੇ ਹਨ। ਸਵੇਰੇ ਕਾਲਜ ਜਾ ਕੇ ਭੂਸ਼ਨ ਜੀ ਨੂੰ ਲੱਭਿਆ ਅਤੇ ਪੁੱਛਿਆ, “ਸਰ, ਪੰਜਾਬੀ ਟ੍ਰਿਬਿਊਨ ਵਿੱਚ ਕਵੀਓ ਵਾਚ ਅਤੇ ਅਜੀਤ ਵਿੱਚ ਅੱਜ ਦੀ ਗੱਲ ਤੁਸੀਂ ਹੀ ਲਿਖਦੇ ਹੋ?” ਉਨ੍ਹਾਂ ਕਿਹਾ, “ਹਾਂ ਹਾਂ ਕਾਕਾ ਜੀ, ਮੈਂ ਹੀ ਲਿਖਦਾ ਹਾਂ।” ਇਹ ਕਹਿ ਕੇ ਉਨ੍ਹਾਂ ਮੇਰੀ ਪਿੱਠ ਥਾਪੜੀ ਅਤੇ ਕਾਲਜ ਵੱਲ ਚਲੇ ਗਏ। ਅਸੀਂ ਵੀ ਪਿੱਛੇ ਕਲਾਸ ਵਿੱਚ ਪੁੱਜ ਗਏ। ਉਨ੍ਹਾਂ ਵੱਲੋਂ ਵਾਰਸ ਦੀ ਹੀਰ ਜੋ ਸਿਲੇਬਸ ਦਾ ਹਿੱਸਾ ਸੀ ਪੜ੍ਹਾਈ ਗਈ। ਮੂੰਹੋਂ ਫੁੱਲਾਂ ਵਾਂਗ ਕਿਰਦੇ ਸ਼ਬਦਾਂ ਨਾਲ ਉਨ੍ਹਾਂ ਜਿਵੇਂ ਸੱਚ-ਮੁੱਚ ਹੀਰ ਪ੍ਰਗਟ ਕਰ ਦਿੱਤੀ। ਉਸ ਘੜੀ ਤੋਂ ਮੈਂ ਉਨ੍ਹਾਂ ਦਾ ਮੁਰੀਦ ਹੋ ਗਿਆ। ਉਨ੍ਹਾਂ ਦਾ ਸਰੂਪ ਖੁੱਲ੍ਹੀ ਤੇ ਲੰਬੀ ਦਾੜ੍ਹੀ ਅਤੇ ਸਿਰ ਤੋਂ ਮੋਨੇ ਵਾਲਾ ਸੀ। ਬੱਸ ਮੈਨੂੰ ਇਸੇ ਗੱਲ ਦਾ ਪਛਤਾਵਾ ਹੈ ਕਿ ਮੈਂ ਉਨ੍ਹਾਂ ਦੇ ਸਰੂਪ ਬਾਰੇ ਸੰਗਦੇ ਹੋਏ ਨੇ ਕਦੇ ਨਹੀਂ ਪੁੱਛਿਆ।
ਪੰਜਾਬੀ ਭਾਸ਼ਾ ਨਾਲ ਉਨ੍ਹਾਂ ਦਾ ਮੇਲ ਕਿੱਤੇ ਕਰਕੇ ਨਹੀਂ ਸੀ ਸਗੋਂ ਉਹ ਤਾਂ ਖੁੱਭ ਕੇ ਪੰਜਾਬੀ ਬੋਲਦੇ ਅਤੇ ਪੜ੍ਹਾਉਂਦੇ ਸਨ। ਮਾਂ ਬੋਲੀ ਜ਼ਰੀਏ ਹੀ ਝਲਕਦਾ ਸੀ ਕਿ ਉਨ੍ਹਾਂ ਨੇ ਪੰਜਾਬੀ ਬੋਲੀ ਨਾਲ ਆਪਣੀ ਸ਼ਖ਼ਸੀਅਤ ਦਾ ਵਿਕਾਸ ਅਤੇ ਸਵੈ-ਸੱਭਿਅਤਾ ਹਾਸਲ ਕੀਤੀ। ਉਨ੍ਹਾਂ ਦੀ ਭਾਸ਼ਾ ਤੋਂ ਹੀ ਉਨ੍ਹਾਂ ਦਾ ਅਸਲੀ ਰੂਪ ਨਿਖਰਿਆ ਹੋਇਆ ਸੀ। ਇੱਕ ਵਾਰ ਮੇਰੇ ਤੋਂ ਕਿਸੇ ਹੋਰ ਭਾਸ਼ਾ ਵਿੱਚ ਉਨ੍ਹਾਂ ਨਾਲ ਗੱਲਬਾਤ ਹੋਈ। ਉਨ੍ਹਾਂ ਤੁਰੰਤ ਬਾਅਦ ਮੇਰੇ ਉੱਤੇ ਹੀ ਟਕੋਰ ਕਰ ਦਿੱਤੀ, ‘‘ਕਾਕਾ ਜੀ, ਜਦੋਂ ਪੰਜਾਬੀ ਕੋਈ ਹੋਰ ਭਾਸ਼ਾ ਬੋਲਦਾ ਹੈ ਤਾਂ ਇਉਂ ਲੱਗਦਾ ਹੈ ਕਿ ਉਹ ਝੂਠ ਬੋਲਦਾ ਹੈ।’’ ਇੱਕ ਹੋਰ ਰਚਨਾ ਉਨ੍ਹਾਂ ਬਾਰੇ ਪੜ੍ਹੀ ਸੁਣੀ। ਉਹ ਇਹ ਸੀ ਕਿ ਉਨ੍ਹਾਂ ਲਿਖਾਰੀ ਸਭਾ ਦਾ ਮੈਂਬਰ ਬਣਨ ਲਈ ਅਰਜ਼ੀ ਦਿੱਤੀ। ਕੁਝ ਚਿਰ ਬਾਅਦ ਉਨ੍ਹਾਂ ਨੂੰ ਅਰਜ਼ੀ ਵਾਪਸ ਕਰ ਕੇ ਕਹਿ ਦਿੱਤਾ ਗਿਆ ਕਿ ਸਾਡੀ ਮਜਬੂਰੀ ਹੈ ਅਸੀਂ ਤੁਹਾਨੂੰ ਸਭਾ ਦਾ ਮੈਂਬਰ ਨਹੀਂ ਬਣਾ ਸਕਦੇ। ਜਨਵਰੀ 2008 ਵਿੱਚ ਉਨ੍ਹਾਂ ਸਾਹਿਤਕ ਬਾਣ ਮਾਰ ਕੇ ਇਸ ਦਾ ਜਵਾਬ ਇਉਂ ਦਿੱਤਾ, ‘ਸਾਹਿਤ ਜਦੋਂ ਸਭਾ ਨਾਲ ਜੁੜ ਜਾਂਦਾ ਏ ਤਾਂ ਸਭਾ ਮੁੱਖ ਹੋ ਜਾਂਦੀ ਏ, ਸਾਹਿਤ ਪਛੜ ਜਾਂਦਾ ਏ।’
ਧਿਆਨਪੁਰੀ ਬਾਰੇ ਜਾਪਦਾ ਹੈ ਕਿ ਉਨ੍ਹਾਂ ਦੀ ਪਿੰਡਾਂ ਵੱਲ ਖਿੱਚ ਵੱਧ ਸੀ। ਉਹ ਦੱਸਦੇ ਹਨ ਕਿ ਪਿੰਡ ਨਹੀਂ ਛੱਡਦਾ। ਪਿੰਡ ਪ੍ਰਕਿਰਤੀ ਹੈ ਅਤੇ ਸ਼ਹਿਰ ਸੰਸਕ੍ਰਿਤੀ ਹੈ। ਪਿੰਡ ਸ਼ਹਿਰ ਦਾ ਅੰਨਦਾਤਾ ਹੈ। ਪਿੰਡਾਂ ’ਚ ਕਿਸਾਨ ਵੱਸਦੇ ਹਨ। ਉਨ੍ਹਾਂ ਨੇ ਪਿੰਡਾਂ ਦੇ ਜੀਵਨ ਨੂੰ ਸ਼ਹਿਰਾਂ ਨਾਲੋਂ ਵੱਧ ਸੰਸਕ੍ਰਿਤਕ ਮੰਨਿਆ। ਉਨ੍ਹਾਂ ਇਸ ਦੀ ਗਵਾਹੀ ਇਉਂ ਦਿੱਤੀ, ‘ਸ਼ਹਿਰ ਨੂੰ ਹੱਸਦਾ ਤੱਕਣਾ ਤਾਂ ਉਸ ਨੂੰ ਪਿੰਡ ਵੱਲ ਤੋਰੋ, ਜੇ ਪਿੰਡ ਨੂੰ ਰੋਦਿਆਂ ਤੱਕਣਾ ਤਾਂ ਕਹੋ ਉਸ ਨੂੰ ਸ਼ਹਿਰ ਜਾਏ।’
ਭੂਸ਼ਨ ਧਿਆਨਪੁਰੀ ਸ਼ਿਵ ਕੁਮਾਰ ਬਟਾਲਵੀ ਦੇ ਸਾਥੀ ਭੂਸ਼ਨ ਸਨ। ਉਨ੍ਹਾਂ ਦੀ ਇੱਕ ਆਮ ਤਸਵੀਰ ਫੈਲੀ ਹੋਈ ਹੈ, ਜਿਸ ਵਿੱਚ ਉਹ ਸੁਰਜੀਤ ਪਾਤਰ ਨੂੰ ਜਿਸ ਤਰ੍ਹਾਂ ਮਿਲਦੇ ਹਨ ਉਸ ਸਾਦਗੀ ਅਤੇ ਮੋਹ ਭਿੱਜੇ ਦ੍ਰਿਸ਼ ਨੂੰ ਪਾਤਰ ਦੀ ਰਚਨਾ ਰਾਹੀਂ ਵਰਣਿਤ ਕੀਤਾ ਗਿਆ ਹੈ: ‘ਜਦੋਂ ਤੱਕ ਲਫ਼ਜ਼ ਜਿਉਂਦੇ ਨੇ, ਸੁਖਨਵਰ ਜਿਉਣ ਮਰ ਕੇ ਵੀ, ਉਹ ਕੇਵਲ ਜਿਸਮ ਹੁੰਦੇ ਨੇ, ਜੋ ਸਿਵਿਆਂ ਵਿੱਚ ਸਵਾਹ ਬਣਦੇ’।
ਜੀਵਨ ਦਾ ਅੰਤ ਹੁੰਦਾ ਹੈ, ਪਰ ਆਖ਼ਰ ਸ਼ਮਸ਼ਾਨ ਤੱਕ ਹੁੰਦਾ ਹੈ। ਜੀਵਨ ਦਾ ਨਿਸ਼ਾਨਾ ਕਬਰ ਨਹੀਂ ਹੋਣੀ ਚਾਹੀਦੀ ਸਗੋਂ ਬਾਅਦ ਵਿੱਚ ਪਿੱਛੇ ਛੱਡੀ ਵਿਰਾਸਤ ਨੂੰ ਲੋਕ ਸਾਂਭਣ ਅਤੇ ਅਪਣਾਉਣ। ਇਨ੍ਹਾਂ ਸਤਰਾਂ ਦਾ ਧਾਰਨੀ ਭੂਸ਼ਨ ਖ਼ੁਦ ਸੀ। ਉਨ੍ਹਾਂ ਦੀਆਂ ਰਚਨਾਵਾਂ ਅੱਜ ਦੇ ਹਾਲਾਤ ਅਨੁਸਾਰ ਢੁੱਕਵੀਆਂ ਹਨ। ਇਸ ਤੋਂ ਲੱਗਦਾ ਹੈ ਕਿ ਉਨ੍ਹਾਂ ਦੀ ਰੂਹ ਪੰਜਾਬੀਆਂ ਵਿੱਚ ਇੱਕ-ਮਿੱਕ ਹੈ: ‘ਅਸੀਂ ਲੱਖ ਲੜੀਏ, ਅਸੀਂ ਲੱਖ ਭਿੜੀਏ, ਵਿੱਚੋਂ ਇੱਕ ਆਪਾਂ ਸਾਡਾ ਰੱਬ ਜਾਣੇ, ਤਾਂਹੀਓ ਤੁਸੀਂ ਸਾਨੂੰ ਕਮਲੇ ਸਮਝਦੇ ਓ, ਸਾਡੇ ਖੇਤ ਕਣਕਾਂ, ਧੋਡੇ ਘਰੀਂ ਦਾਣੇ, ਸਾਰੇ ਰੋਂਦੇ ਨੇ ਆਪਣੇ ਲਾਲਚਾਂ ਨੂੰ, ਦੁੱਖ ਦਰਦ ਪੰਜਾਬ ਦਾ ਕੌਣ ਜਾਣੇ ,ਅਸੀਂ ਕਰਾਂਗੇ ਗੱਲ ਪੰਜਾਬੀਆਂ ਦੀ ਲੰਡਨ ਹੋਈਏ, ਲਾਹੌਰ ਜਾਂ ਲੁਧਿਆਣੇ’।
ਬੇਬਾਕ ਹੋ ਕੇ ਸਾਹਿਤ ਜ਼ਰੀਏ ਵੱਖ-ਵੱਖ ਕੁਰੀਤੀਆਂ ’ਤੇ ਚੋਟ ਕਰਨੀ ਉਨ੍ਹਾਂ ਦਾ ਸੁਭਾਅ ਸੀ। ਉਨ੍ਹਾਂ ਦਾ ਲਹਿਜਾ ਅੰਦਾਜ਼ ਸਭ ਉੱਪਰ ਆਪਣਾ ਜਾਦੂ ਛੱਡਦਾ ਸੀ। ਅੰਮ੍ਰਿਤਾ ਪ੍ਰੀਤਮ ਨੇ ਇਸੇ ਤਰਜ਼ ’ਤੇ ਉਨ੍ਹਾਂ ਨੂੰ ਚਿੱਠੀ ਲਿਖੀ ਸੀ, ਜਿਸ ਵਿੱਚ ਸਮੁੰਦਰ ਕੁੱਜੇ ਵਿੱਚ ਬੰਦ ਸੀ। ਇੱਕ ਸਤਰ ਇਹ ਵੀ ਸੀ, ‘ਅੰਦਾਜ਼-ਏ-ਭੂਸ਼ਨ ਨੂੰ ਮੇਰਾ ਸਲਾਮ ਆਖਣਾ’।
ਅੱਜ ਰੂਪਨਗਰ ਦੀਆਂ ਗਲੀਆਂ ਉਨ੍ਹਾਂ ਦੀਆਂ ਸੰਦਲੀ ਪੈੜਾਂ ਦੀ ਖੂਸ਼ਬੂ ਨੂੰ ਤਰਸਦੀਆਂ ਹਨ। ਅਫਸਰ ਕਾਲੋਨੀ ਦੀ ਤਾਂ ਰੌਣਕ ਹੀ ਉੱਡ ਗਈ ਹੈ: ‘ਕਿੱਥੇ ਗਏ ਜਿਹੜੇ ਇਨ੍ਹਾਂ ਘਰਾਂ ਅੰਦਰ ਬੰਦੇ ਰਹਿੰਦੇ ਸੀ ਰੱਬ ਦੇ ਨਾਮ ਵਰਗੇ?, ਵਾਰਿਸ਼ ਸ਼ਾਹ ਵਰਗੇ, ਪੂਰਨ ਸਿੰਘ ਵਰਗੇ, ਸ਼ਿਵ ਕੁਮਾਰ ਵਰਗੇ, ਧਨੀ ਰਾਮ ਵਰਗੇ, ਕਿੱਥੇ ਗਏ ਦਰਵੇਸ਼ ਫਕੀਰ ਆਸ਼ਿਕ, ਕਿੱਥੇ ਬੋਲ ਉਹ ਰੱਬੀ ਕਲਾਮ ਵਰਗੇ, ਛੱਡੋ ਬਾਬਿਓ! ਹੋਰ ਕੋਈ ਕਥਾ ਛੇੜੋ, ਅੱਜਕੱਲ੍ਹ ਇੱਥੇ ਹਾਲਾਤ ਆਮ ਵਰਗੇ।’ ਉਹ ਸਾਹਿਤ ਵਿੱਚ ਵਸਾਈ ਰੂਹ ਕਰਕੇ ਅੱਜ ਜਿਊਂਦੇ ਹਨ, ਪਰ ਸਰੀਰਕ ਤੌਰ ’ਤੇ ਸਾਡੇ ਕੋਲ ਨਹੀਂ ਹਨ। ਉਨ੍ਹਾਂ ਦੀਆਂ ਪੈੜਾਂ ਅਫਸਰ ਕਲੋਨੀ ਤੋਂ ਕਾਲਜ ਤੱਕ ਉੱਕਰੀਆਂ ਰਹਿਣਗੀਆਂ।
ਸੰਪਰਕ: 98781-11445