DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੁਣ ਕਦੋਂ ਮਿਲੇਗਾ ਮਿਹਰ ਅਲੀ ਵਰਗਾ ਮੇਅਰ !

ਰਾਮਚੰਦਰ ਗੁਹਾ ਮੈਂ 2006 ਵਿੱਚ, ਹੁਣ ਬੰਦ ਹੋ ਚੁੱਕੇ, ‘ਟਾਈਮ ਆਊਟ ਮੁੰਬਈ’ ਵਿੱਚ ਇੱਕ ਲੇਖ ਲਿਖਿਆ ਸੀ, ਜਿਸ ਵਿੱਚ ਕਿਸੇ ਸ਼ਹਿਰੀ ਖੇਤਰ ਨੂੰ ‘ਵਿਸ਼ਵ ਸ਼ਹਿਰ’ ਮੰਨੇ ਜਾਣ ਦੇ ਮਾਪਦੰਡ ਨਿਰਧਾਰਤ ਕੀਤੇ ਸਨ। ਮੈਂ ਦਲੀਲ ਦਿੱਤੀ ਸੀ ਕਿ ਵਿਸ਼ਵ ਸ਼ਹਿਰ ਦਾ...
  • fb
  • twitter
  • whatsapp
  • whatsapp

ਰਾਮਚੰਦਰ ਗੁਹਾ

ਮੈਂ 2006 ਵਿੱਚ, ਹੁਣ ਬੰਦ ਹੋ ਚੁੱਕੇ, ‘ਟਾਈਮ ਆਊਟ ਮੁੰਬਈ’ ਵਿੱਚ ਇੱਕ ਲੇਖ ਲਿਖਿਆ ਸੀ, ਜਿਸ ਵਿੱਚ ਕਿਸੇ ਸ਼ਹਿਰੀ ਖੇਤਰ ਨੂੰ ‘ਵਿਸ਼ਵ ਸ਼ਹਿਰ’ ਮੰਨੇ ਜਾਣ ਦੇ ਮਾਪਦੰਡ ਨਿਰਧਾਰਤ ਕੀਤੇ ਸਨ। ਮੈਂ ਦਲੀਲ ਦਿੱਤੀ ਸੀ ਕਿ ਵਿਸ਼ਵ ਸ਼ਹਿਰ ਦਾ ਲਕਬ ਲੈਣ ਲਈ ਕਿਸੇ ਸ਼ਹਿਰ ਦਾ ਆਕਾਰ ਵਿੱਚ ਵਿਸ਼ਾਲ ਹੋਣਾ, ਇਤਿਹਾਸਕ ਡੂੰਘਾਈ, ਖੁਸ਼ਹਾਲ ਸੱਭਿਆਚਾਰਕ ਜੀਵਨ, ਸ਼ਲਾਘਾਯੋਗ ਸਮਾਜਿਕ (ਭਾਸ਼ਾਈ ਅਤੇ ਧਾਰਮਿਕ ਸਮੇਤ) ਵਿਭਿੰਨਤਾ ਅਤੇ ਇੱਕ ਆਰਥਿਕ ਸ਼ਕਤੀ ਹੋਣਾ ਜ਼ਰੂਰੀ ਹੈ। ਮੈਂ ਇਹ ਸਿੱਟਾ ਕੱਢਿਆ ਕਿ ਦੁਨੀਆ ਦੇ ਸਿਰਫ਼ ਤਿੰਨ ਸ਼ਹਿਰ- ਲੰਡਨ, ਨਿਊਯਾਰਕ ਅਤੇ ਮੁੰਬਈ - ਵਿਸ਼ਵ ਸ਼ਹਿਰਾਂ ਦੀ ਕਤਾਰ ਵਿੱਚ ਆਉਂਦੇ ਹਨ।

ਨਿਊਯਾਰਕ ਦੀ ਮੇਅਰਸ਼ਿਪ ਲਈ ਜ਼ੋਹਰਾਨ ਮਾਮਦਾਨੀ ਦੀ ਪ੍ਰਚਾਰ ਮੁਹਿੰਮ ਬਾਰੇ ਪੜ੍ਹਦਿਆਂ ਮੈਨੂੰ ਉਹ ਲੇਖ ਯਾਦ ਆਇਆ। ਕਮਾਲ ਦੀ ਗੱਲ ਹੈ ਕਿ ਇਸਾਈਆਂ ਦੇ ਦਬਦਬੇ ਵਾਲੇ ਲੰਡਨ ਵਿੱਚ ਪਹਿਲਾਂ ਹੀ ਇੱਕ ਮੁਸਲਿਮ ਮੇਅਰ ਹੈ; ਕੀ ਨਿਊਯਾਰਕ, ਜੋ ਹੁਣ ਤੱਕ ਇਸਾਈ ਅਤੇ ਯਹੂਦੀ (ਤੇ ਨਾਸਤਿਕ) ਮੇਅਰਾਂ ਲਈ ਜਾਣਿਆ ਜਾਂਦਾ ਹੈ, ਦਾ ਵੀ ਛੇਤੀ ਹੀ ਕੋਈ ਮੁਸਲਿਮ ਮੇਅਰ ਹੋ ਸਕਦਾ ਹੈ? ਇਸ ਸਵਾਲ ’ਤੇ ਗੌਰ ਕਰਦਿਆਂ ਮੈਨੂੰ ਇਹ ਸੋਚ ਕੇ ਹੈਰਾਨੀ ਹੋਈ ਕਿ ਸਾਡਾ ਤੀਜੀ ਦੁਨੀਆ ਦੇ ਮੁਲਕ ਦਾ ਸ਼ਹਿਰ ਮੁੰਬਈ ਇਸ ਦੌੜ ਵਿੱਚ ਉਨ੍ਹਾਂ ਸ਼ਹਿਰਾਂ ਤੋਂ ਅੱਗੇ ਹੈ ਕਿਉਂਕਿ ਇੱਥੇ ਛੇ ਮੁਸਲਿਮ ਮੇਅਰ ਰਹਿ ਚੁੱਕੇ ਹਨ - ਪਹਿਲਾ ਮੁਸਲਿਮ ਮੇਅਰ 1934 ਵਿੱਚ ਅਤੇ ਆਖ਼ਰੀ 1963 ਵਿੱਚ ਬਣਿਆ ਸੀ।

ਇਹ ਕਾਲਮ ਬੰਬਈ ਦੇ ਇਨ੍ਹਾਂ ਮੁਸਲਿਮ ਮੇਅਰਾਂ ਵਿੱਚੋਂ ਇੱਕ ’ਤੇ ਕੇਂਦਰਿਤ ਹੈ ਜਿਸ ਮੇਅਰ ਲਈ ਉਸ ਦਾ ਇਹ ਛੋਟਾ ਜਿਹਾ ਕਾਰਜਕਾਲ ਉਸ ਦਾ ਇਕਲੌਤਾ ਜਾਂ ਸਭ ਤੋਂ ਮਹੱਤਵਪੂਰਨ ਅਹੁਦਾ ਨਹੀਂ ਸੀ। ਉਸ ਦਾ ਨਾਮ ਸੀ ਯੂਸਫ਼ ਮਿਹਰ ਅਲੀ। ਹੁਣ ਉਸ ਬਾਰੇ ਲਿਖਣ ਦੇ ਕਾਰਨਾਂ ਵਿੱਚੋਂ ਇੱਕ ਇਹ ਹੈ ਕਿ ਉਸ ਦੀ ਮੌਤ 75 ਸਾਲ ਪਹਿਲਾਂ ਜੁਲਾਈ ਮਹੀਨੇ ਹੋਈ ਸੀ।

1903 ਵਿੱਚ ਬੰਬਈ ਵਿੱਚ ਜਨਮੇ, ਮਿਹਰ ਅਲੀ ਨੇ ਜੇਡੀ ਭਰਦਾ ਹਾਈ ਸਕੂਲ ਅਤੇ ਐਲਫਿਨਸਟਨ ਕਾਲਜ ਤੋਂ ਪੜ੍ਹਾਈ ਕੀਤੀ ਜਿੱਥੇ ਉਸ ਨੇ ਬਹਿਸ ਮੁਬਾਹਿਸੇ ਦੀ ਕਲਾ ਨਾਲ ਨਾਮਣਾ ਖੱਟਿਆ ਸੀ। ਉਸ ਨੇ ਕਾਨੂੰਨ ਦੀ ਡਿਗਰੀ ਵੀ ਪ੍ਰਾਪਤ ਕੀਤੀ ਪਰ ਉਸ ਦੇ ਸਿਆਸੀ ਵਿਚਾਰਾਂ ਕਾਰਨ ਉਸ ਨੂੰ ਵਕੀਲ ਵਜੋਂ ਪ੍ਰੈਕਟਿਸ ਕਰਨ ਦਾ ਲਾਇਸੈਂਸ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਕਿਉਂਕਿ ਉਸ ਨੇ ਆਪਣਾ ਜੀਵਨ ਆਜ਼ਾਦੀ ਸੰਗਰਾਮ ਦੇ ਲੇਖੇ ਲਾ ਦਿੱਤਾ ਸੀ, 1928 ਵਿੱਚ ਸਾਈਮਨ ਕਮਿਸ਼ਨ ਖ਼ਿਲਾਫ਼ ਵਿਰੋਧ ਪ੍ਰਦਰਸ਼ਨਾਂ ਵਿੱਚ ਸਰਗਰਮ ਭੂਮਿਕਾ ਨਿਭਾਈ ਸੀ ਅਤੇ ਦੋ ਸਾਲ ਬਾਅਦ ‘ਨਮਕ ਸੱਤਿਆਗ੍ਰਹਿ’ ਦੌਰਾਨ ਜੇਲ੍ਹ ਕੱਟੀ ਸੀ।

1934 ਵਿੱਚ ਕਾਂਗਰਸ ਸੋਸ਼ਲਿਸਟ ਪਾਰਟੀ (ਸੀਐੱਸਪੀ) ਦਾ ਗਠਨ ਕੀਤਾ ਗਿਆ ਸੀ ਜੋ ਮਹਾਤਮਾ ਗਾਂਧੀ ਦੀ ਅਗਵਾਈ ਹੇਠਲੀ ਮੂਲ ਪਾਰਟੀ ਨੂੰ ਇੱਕ ਸਮਤਾਵਾਦੀ ਦਿਸ਼ਾ ਦੇਣ ਦੀ ਕੋਸ਼ਿਸ਼ ਸੀ। ਮਿਹਰ ਅਲੀ ਦਾ ਨਾਂ ਸੀਐੱਸਪੀ ਦੇ ਸਭ ਤੋਂ ਵਧੀਆ ਬੁਲਾਰਿਆਂ ਵਿੱਚ ਸ਼ੁਮਾਰ ਹੋਣ ਲੱਗ ਪਿਆ ਜਿਨ੍ਹਾਂ ਦੀ ਏਸ਼ੀਆ ਅਤੇ ਅਫਰੀਕਾ ਦੇ ਹੋਰ ਹਿੱਸਿਆਂ ਵਿੱਚ ਮਜ਼ਦੂਰਾਂ ਦੇ ਅਧਿਕਾਰਾਂ ਅਤੇ ਬਸਤੀਵਾਦ ਵਿਰੋਧੀ ਅੰਦੋਲਨਾਂ ਵਿੱਚ ਖ਼ਾਸ ਦਿਲਚਸਪੀ ਸੀ। 1930ਵਿਆਂ ਦੇ ਦਹਾਕੇ ਦੌਰਾਨ ਉਨ੍ਹਾਂ ਪੂਰੇ ਹਿੰਦੋਸਤਾਨ ਵਿੱਚ ਅਣਥੱਕ ਯਾਤਰਾ ਕੀਤੀ ਅਤੇ ਜ਼ਮੀਨੀ ਪੱਧਰ ’ਤੇ ਸਮਾਜਵਾਦ ਦੇ ਸਿਧਾਂਤਾਂ ਨੂੰ ਉਤਸ਼ਾਹਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਯੂਰਪ ਅਤੇ ਅਮਰੀਕਾ ਦਾ ਦੌਰਾ ਵੀ ਕੀਤਾ ਤਾਂ ਜੋ ਉੱਥੇ ਡੈਮੋਕਰੇਟਿਕ ਸੋਸ਼ਲਿਸਟਾਂ ਨਾਲ ਸਾਂਝ ਬਣਾਈ ਜਾ ਸਕੇ।

ਅਪਰੈਲ 1942 ਵਿੱਚ, ਯੂਸਫ਼ ਮਿਹਰ ਅਲੀ ਨੂੰ ਬੰਬਈ ਦਾ ਮੇਅਰ ਚੁਣਿਆ ਗਿਆ। ਉਸੇ ਸਾਲ ਅਗਸਤ ਵਿੱਚ ਗਾਂਧੀ ਨੇ ‘ਭਾਰਤ ਛੱਡੋ’ ਅੰਦੋਲਨ ਸ਼ੁਰੂ ਕੀਤਾ ਸੀ। ਜਦੋਂ ਗਾਂਧੀ ਏਆਈਸੀਸੀ ਸੈਸ਼ਨ ਲਈ ਰੇਲਗੱਡੀ ਰਾਹੀਂ ਬੰਬਈ ਪਹੁੰਚੇ ਤਾਂ ਮੇਅਰ ਹੋਣ ਨਾਤੇ ਉਨ੍ਹਾਂ ਦਾ ਰਸਮੀ ਸਵਾਗਤ ਕਰਨ ਦੀ ਜ਼ਿੰਮੇਵਾਰੀ ਮਿਹਰ ਅਲੀ ਨੂੰ ਸੌਂਪੀ ਗਈ ਸੀ। ਇਸ ਸੈਸ਼ਨ ਵਿੱਚ ਇਤਿਹਾਸਕ ਮਤਾ ਪਾਸ ਕੀਤਾ ਗਿਆ ਸੀ। ਦੰਦਕਥਾਵਾਂ ਵਿੱਚ ਦੱਸਿਆ ਜਾਂਦਾ ਹੈ ਕਿ ਯੂਸਫ਼ ਮਿਹਰ ਅਲੀ ਨੇ ‘ਭਾਰਤ ਛੱਡੋ’ ਦਾ ਨਾਅਰਾ ਦਿੱਤਾ ਸੀ; ਇਹ ਜਾਣਕਾਰੀ ਗ਼ਲਤ ਹੋ ਸਕਦੀ ਹੈ, ਹਾਲਾਂਕਿ ਮਿਹਰ ਅਲੀ ਨੇ 1928 ਵਿੱਚ ‘ਸਾਈਮਨ ਵਾਪਸ ਜਾਓ!’ ਦਾ ਨਾਅਰਾ ਘੜਿਆ ਸੀ। ਜ਼ਿਕਰਯੋਗ ਹੈ ਕਿ 1986 ਵਿੱਚ ਪ੍ਰਕਾਸ਼ਿਤ ਮਧੂ ਦੰਡਵਤੇ ਦੀ ਜੀਵਨੀ ’ਚ ਇਹ ਦਾਅਵਾ ਨਹੀਂ ਕੀਤਾ ਗਿਆ, ਉਹ ਸਿਰਫ਼ ਇੰਨਾ ਲਿਖਦੀ ਹੈ ਕਿ ‘ਮਹਾਤਮਾ ਗਾਂਧੀ ਦੇ ਆਸ਼ੀਰਵਾਦ ਨਾਲ, ਮਿਹਰ ਅਲੀ ਦੇ ਪਦਮਾ ਪ੍ਰਕਾਸ਼ਨ ਵਿੱਚ 1942 ਦੇ ਅਗਸਤ ਇਨਕਲਾਬ ਦੀ ਪੂਰਬ ਸੰਧਿਆ ’ਤੇ ‘ਭਾਰਤ ਛੱਡੋ’ ਸਿਰਲੇਖ ਵਾਲਾ ਇੱਕ ਕਿਤਾਬਚਾ ਪ੍ਰਕਾਸ਼ਿਤ ਕੀਤਾ ਗਿਆ ਸੀ’।

ਇੱਕ ਵਾਰ ਜੇਲ੍ਹ ਦੀ ਸਜ਼ਾ ਦੌਰਾਨ ਮਿਹਰ ਅਲੀ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਤੋਂ ਬਹੁਤ ਦੂਰ, ਲਾਹੌਰ ਵਿੱਚ ਕੈਦ ਕੀਤਾ ਗਿਆ ਸੀ। ਉਨ੍ਹਾਂ ਆਪਣੀ ਜੇਲ੍ਹ ਡਾਇਰੀ ਵਿੱਚ ਲਿਖਿਆ ਸੀ ਕਿ ਇਸ ਗੱਲ ਨੇ ਉਸ ਨੂੰ ਬੜਾ ਪ੍ਰਭਾਵਿਤ ਕੀਤਾ ਕਿ ਉਹ ਉਸ ਕੋਠੜੀ ਦੇ ਬਹੁਤ ਨੇੜੇ ਕੈਦ ਸੀ ਜਿੱਥੇ ਲਾਲਾ ਲਾਜਪਤ ਰਾਏ ਕੈਦ ਰਹੇ ਸਨ, ਉਸ ਵਿਹੜੇ ਦੇ ਬਹੁਤ ਨੇੜੇ ਸੀ ਜਿੱਥੇ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦਿੱਤੀ ਗਈ ਸੀ ਤੇ ‘ਉਸ ਪ੍ਰਸਿੱਧ ਖੂਹ ਦੇ ਬਹੁਤ ਨੇੜੇ ਸੀ ਜਿਸ ਦਾ ਪਾਣੀ ਮਹਾਰਾਜਾ ਰਣਜੀਤ ਸਿੰਘ ਨੂੰ ਬੇਹੱਦ ਪਸੰਦ ਸੀ ਅਤੇ ਇਹ ਅੱਜ [1942] ਸਾਰੀ ਜੇਲ੍ਹ ਦੇ ਕੈਦੀਆਂ ਨੂੰ ਵਰਤਾਇਆ ਜਾਂਦਾ ਹੈ’।

ਮੈਂ ਖ਼ੁਦ ਯੂਸਫ਼ ਮਿਹਰ ਅਲੀ ਬਾਰੇ ਪਹਿਲੀ ਵਾਰ 1980ਵਿਆਂ ਦੇ ਦਹਾਕੇ ਦੇ ਸ਼ੁਰੂ ਵਿੱਚ ਸੁਣਿਆ ਸੀ ਜਦੋਂ ਇੱਕ ਦੋਸਤ ਨੇ ਉਨ੍ਹਾਂ ਦੇ ਨਾਮ ’ਤੇ ਰੱਖੇ ਗਏ ਸ਼ਹਿਰੀ ਅਧਿਐਨ ਕੇਂਦਰ ਵਿੱਚ ਕੰਮ ਕੀਤਾ ਸੀ। ਕੁਝ ਸਾਲਾਂ ਬਾਅਦ ਮੈਂ ਨਿਊਯਾਰਕ ਦੀ ਇੱਕ ਕਿਤਾਬਾਂ ਦੀ ਦੁਕਾਨ ਤੋਂ ਅਮਰੀਕੀ ਪੱਤਰਕਾਰ ਅਤੇ ਇਤਿਹਾਸਕਾਰ ਬਰਟਰਮ ਡੀ. ਵੁਲਫ਼ ਦੇ ਲੇਖਾਂ ਦਾ ਸੰਗ੍ਰਹਿ ਖਰੀਦਿਆ। ਕਿਤਾਬ ਦਾ ਨਾਮ ਸੀ ‘ਸਟਰੇਂਜ ਕਮਿਊਨਿਸਟਸ ਆਈ ਹੈਵ ਨੋਨ’ (ਮੇਰੇ ਵਾਕਿਫ਼ਕਾਰ ਅਜਬ ਕਮਿਊਨਿਸਟ) ਅਤੇ ਇਸ ਵਿੱਚ ਇੱਕ ਲੇਖ ਮਿਹਰ ਅਲੀ ਬਾਰੇ ਸੀ ਜਿਸ ਦਾ ਰਹੱਸਮਈ ਜਿਹਾ ਸਿਰਲੇਖ ਸੀ: ‘ਗਾਂਧੀ ਬਨਾਮ ਲੈਨਿਨ’।

ਮਿਹਰ ਅਲੀ ਵੱਲੋਂ ਅਮਰੀਕਾ ਦੇ ਪਹਿਲੇ ਦੌਰੇ ਮੌਕੇ 1930ਵਿਆਂ ’ਚ ਉਸ ਦੀ ਵੁਲਫ ਨਾਲ ਦੋਸਤੀ ਹੋਈ। ਮਿਹਰ ਅਲੀ ਨੂੰ ਮਿਲਣ ਤੋਂ ਪਹਿਲਾਂ ਵੁਲਫ ਸਿਰਫ਼ ਅਜਿਹੇ ਕਮਿਊਨਿਸਟਾਂ ਨੂੰ ਜਾਣਦਾ ਸੀ ਜੋ ਸੋਵੀਅਤ ਤਾਨਾਸ਼ਾਹਾਂ ਲੈਨਿਨ ਅਤੇ ਸਟਾਲਿਨ ਦੇ ਅੰਨ੍ਹੇ ਭਗਤ ਸਨ ਅਤੇ ਉਨ੍ਹਾਂ ਦੇ ਬੇਹੱਦ ਅਨੈਤਿਕ ਤੌਰ-ਤਰੀਕਿਆਂ ਨੂੰ ਵੀ ਵਾਜਬ ਠਹਿਰਾਉਂਦੇ ਸਨ। ਮਿਹਰ ਅਲੀ ਨਾਲ ਗੱਲਬਾਤ ਕਰਦਿਆਂ ਵੁਲਫ ਉਸ ਦੇ ਸਮਾਜਵਾਦ ਵਿਚਲੀ ਰਹਿਮਦਿਲੀ ਵਾਲੇ ਮਨੁੱਖਤਾਵਾਦ ਤੋਂ ਪ੍ਰਭਾਵਿਤ ਹੋਇਆ ਅਤੇ ਇਹ ਸਮਝ ਸਕਿਆ ਕਿ ਕਾਂਗਰਸ ਸੋਸ਼ਲਿਸਟ ਪਾਰਟੀ ਅੰਦਰ ਗਾਂਧੀ ਦੇ ਪ੍ਰਭਾਵ ਨੇ ਕਿਵੇਂ ਇਸ ਨੂੰ ਕਮਿਊਨਿਸਟਾਂ ਵਾਲੇ ਨੈਤਿਕ ਵਿਗਾੜਾਂ ਤੋਂ ਬੇਲਾਗ ਰੱਖਿਆ ਸੀ।

ਵੁਲਫ, ਯੂਸਫ਼ ਮਿਹਰ ਅਲੀ ਨੂੰ ਕੇਪ ਕੌਡ ਦੇ ਸਿਖਰ ’ਤੇ ਲਿਜਾਣ ਦੀ ਮਨਮੋਹਕ ਕਹਾਣੀ ਸੁਣਾਉਂਦਾ ਹੈ ਜਿੱਥੇ ਅੰਧ ਮਹਾਸਾਗਰ ਤੇ ਮੈਸੇਚੁਐਸਟਸ ਦੀ ਖਾੜੀ ਦੇ ਪਾਣੀ ਮਿਲਦੇੇ ਹਨ। ਮਿਹਰ ਅਲੀ ਕਾਰ ’ਚੋਂ ਉਤਰਿਆ, ਆਪਣੀਆਂ ਚੱਪਲਾਂ ਪਿੱਛੇ ਛੱਡ ਪਾਣੀ ਵਿੱਚ ਵੜ ਗਿਆ। ਜਦੋਂ ਮਿਹਰ ਅਲੀ ਤੁਰ ਕੇ ਸੜਕ ਵੱਲ ਨੂੰ ਆਇਆ, ਵੁਲਫ ਚੇਤੇ ਕਰਦਾ ਹੈ, ‘ਉਸ ਦਾ ਚਿਹਰਾ ਖ਼ੁਸ਼ੀ ਨਾਲ ਖਿੜਿਆ ਹੋਇਆ ਸੀ ਜੋ ਮੈਂ ਪਹਿਲਾਂ ਕਦੇ ਨਹੀਂ ਦੇਖਿਆ ਸੀ।’ ਉਸ ਨੇ ਮੈਨੂੰ ਸਮਝਾਇਆ, ‘‘ਅਸੀਂ ਭਾਰਤੀ ਮੰਨਦੇ ਹਾਂ ਕਿ ਪਾਣੀਆਂ ਦਾ ਹਰ ਸੰਗਮ ਇੱਕ ਪਵਿੱਤਰ ਸਥਾਨ ਹੈ’’।’

ਮਿਹਰ ਅਲੀ ਦੀ ਪਹਿਲੀ ਅਮਰੀਕਾ ਫੇਰੀ ’ਤੇ ਵੁਲਫ ਨੇ ਦੇਖਿਆ ਕਿ ਉਸ ਦੇ ਮਨ ਵਿੱਚ ਬਰਤਾਨਵੀ ਬਸਤੀਵਾਦ ਦੀਆਂ ਜ਼ਿਆਦਤੀਆਂ ਵਿਰੁੱਧ ਰੋਸ ਭਰਿਆ ਹੋਇਆ ਸੀ। ਹਾਲਾਂਕਿ, 1946 ਵਿੱਚ ਉਸ ਦੀ ਦੂਜੀ ਅਮਰੀਕਾ ਫੇਰੀ ਵੇਲੇ ਤੱਕ ਇਹ ਸਪੱਸ਼ਟ ਹੋ ਗਿਆ ਸੀ ਕਿ ਹਿੰਦੋਸਤਾਨ ਛੇਤੀ ਹੀ ਆਜ਼ਾਦ ਹੋ ਜਾਵੇਗਾ ਤਾਂ ਮਿਹਰ ਅਲੀ ਨੂੰ ਉਸੇ ਜ਼ਾਲਿਮ ਹਾਕਮ ਬਾਰੇ ਚੰਗੇ ਬੋਲ ਬੋਲਦੇ ਸੁਣਿਆ ਗਿਆ, ਉਸ ਨੇ ਆਪਣੇ ਅਮਰੀਕੀ ਦੋਸਤ ਨੂੰ ‘ਉਨ੍ਹਾਂ ਚੰਗੀਆਂ ਚੀਜ਼ਾਂ ਬਾਰੇ ਦੱਸਿਆ ਜੋ ਬਰਤਾਨਵੀ ਸ਼ਾਸਨ ਨੇ ਭਾਰਤੀ ਸੱਭਿਅਤਾ ਤੇ ਸੱਭਿਆਚਾਰ ਨੂੰ ਦਿੱਤੀਆਂ ਸਨ, ਇਨ੍ਹਾਂ ਵਿੱਚ ਸਭ ਤੋਂ ਉੱਤੇ ਸੀ ਵਿਅਕਤੀਗਤ ਤੇ ਨਾਗਰਿਕ ਹੱਕਾਂ ਦੀ ਜ਼ਾਮਨੀ, ਜੋ ਬਰਤਾਨਵੀ ਪਰੰਪਰਾ ’ਚ ਡੂੰਘੀ ਸਮੋਈ ਹੈ।’

ਉਸ ਦਾ ਮਨ ਇਸ ਤਰ੍ਹਾਂ ਬਦਲਣ ਤੋਂ ਵੁਲਫ ਹੈਰਾਨ ਰਹਿ ਗਿਆ। ਉਸ ਨੇ ਮਿਹਰ ਅਲੀ ਨੂੰ ਪੁੱਛਿਆ ਕਿ ਉਹ ਹੁਣ ‘ਬਰਤਾਨਵੀ ਨਿਆਂ ਦੀ ਭਾਵਨਾ’ ਦੀ ਪ੍ਰਸ਼ੰਸਾ ਕਿਵੇਂ ਕਰ ਸਕਦਾ ਹੈ ਜਦੋਂਕਿ ਇਸ ਨੇ ਉਸ ਨੂੰ ਇੰਨੇ ਲੰਮੇ ਸਮੇਂ ਤੱਕ ਜੇਲ੍ਹ ’ਚ ਡੱਕੀ ਰੱਖਿਆ। ਮਿਹਰ ਅਲੀ ਨੇ ਜਵਾਬ ਦਿੱਤਾ: ‘ਜਦ ਉਹ ਸਾਡਾ ਦਮਨ ਵੀ ਕਰ ਰਹੇ ਸਨ, ਤਾਂ ਉਹ ਇਸ ਬਾਰੇ ਬੇਚੈਨ ਸਨ। ਬਰਤਾਨਵੀ ਜੇਲ੍ਹ ਵਿੱਚ ਭੁੱਖ ਹੜਤਾਲ ਕਰ ਕੇ ਮੈਨੂੰ... ਤੁਹਾਡੀ ਜਾਂ ਕਿਸੇ ਹੋਰ ਲੇਖਕ ਦੀ ਕਿਤਾਬ ਪੜ੍ਹਨ ਨੂੰ ਮਿਲ ਸਕਦੀ ਸੀ। ਹਿਟਲਰ ਜਾਂ ਸਟਾਲਿਨ ਵਰਗਿਆਂ ਦੀਆਂ ਜੇਲ੍ਹਾਂ ਵਿੱਚ ਮੈਂ ਅਜਿਹਾ ਕਰਦਾ ਤਾਂ ਮੈਨੂੰ ਗੋਲੀ ਮਾਰਨ ਦਾ ਹੁਕਮ ਸੁਣਾਇਆ ਜਾਂਦਾ... ਜੇ ਮਹਾਤਮਾ ਗਾਂਧੀ ਸੋਵੀਅਤ ਸੰਘ ਵਿੱਚ ਹੁੰਦੇ ਤਾਂ ਵਿਰੋਧ ਪ੍ਰਗਟਾਉਣ ਦੇ ਅਗਲੇ ਹੀ ਪਲ਼ ਉਨ੍ਹਾਂ ਨੂੰ ਹਮੇਸ਼ਾ ਲਈ ਗਾਇਬ ਕਰ ਦਿੱਤੇ ਜਾਣਾ ਸੀ। ਅੰਗਰੇਜ਼ਾਂ ਨੇ ਘੱਟੋ-ਘੱਟ ਇਹ ਤਾਂ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਉਸ ਦੇ ਵਿਰੋਧ ਬਾਰੇ ਦੱਸਣਾ ਪਵੇਗਾ, ਭਾਵੇਂ ਉਹ ਇਸ ਦਾ ਮਜ਼ਾਕ ਉਡਾਉਂਦੇ ਅਤੇ ਉਸ ਨੂੰ ਕੈਦ ਕਰਦੇ ਸਨ। ... ਇਹੀ ਕਾਰਨ ਹੈ ਕਿ ਉਸ ਨੇ ਸਾਨੂੰ ਅੰਗਰੇਜ਼ਾਂ ਵੱਲੋਂ ਕੀਤੇ ਗਏ ਬੁਰੇ ਕੰਮਾਂ ਨਾਲ ਨਫ਼ਰਤ ਕਰਨਾ ਸਿਖਾਇਆ ਪਰ ਅੰਗਰੇਜ਼ਾਂ ਨੂੰ ਨਫ਼ਰਤ ਕਰਨਾ ਨਹੀਂ।’

ਮਧੂ ਦੰਡਵਤੇ ਦੀ ਜੀਵਨੀ ਦੀ ਆਪਣੀ ਜਾਣ-ਪਛਾਣ ਵਿੱਚ ਕਾਂਗਰਸ ਸੋਸ਼ਲਿਸਟ ਪਾਰਟੀ ’ਚ ਮਿਹਰ ਅਲੀ ਦੇ ਸਾਬਕਾ ਸਾਥੀ ਰਹੇ ਅਚਿਯੁਤ ਪਟਵਰਧਨ ਨੇ ਉਸ ਨੂੰ (ਮੇਹਰਅਲੀ) ‘ਇੱਕ ਮਹਾਨ ਮਾਨਵਵਾਦੀ ਗਰਦਾਨਿਆ। ਉਸ ਦੀ ਕੋਈ ਹੋਰ ਸੰਕੀਰਨ ਮਜ਼ਹਬੀ ਪਛਾਣ ਨਹੀਂ ਸੀ। ਉਹ ਪੁਰਾਤਨ ਭਾਰਤੀ ਸੱਭਿਆਚਾਰ ਦੇ ਡੂੰਘੇ ਮੋਹ ਨਾਲ ਪ਼ਲਿਆ ਸੀ।’ ਮਨੁੱਖਤਾ ਦੇ ਕਸ਼ਟ ਘੱਟ ਕਰਨ ਦੀ ਮਿਹਰ ਅਲੀ ਦੀ ਜੀਵਨ ਭਰ ਦੀ ਖ਼ਾਹਿਸ਼, ਕਲਾ ਤੇ ਸਾਹਿਤ ਵਿੱਚ ਉਸ ਦੀ ਡੂੰਘੀ ਦਿਲਚਸਪੀ ਦੇ ਨਾਲ-ਨਾਲ ਚੱਲੀ, ਜਿਸ ’ਚ ਵਾਤਾਵਰਨਵਾਦ ਵੀ ਨਾਲ-ਨਾਲ ਚੱਲਦਾ ਰਿਹਾ। ਪਟਵਰਧਨ ਯਾਦ ਕਰਦਾ ਹੈ ਕਿ ਉਸ ਦਾ ਦੋਸਤ ‘ਹਿਮਾਲਿਆ ਪਰਬਤਮਾਲਾ ਸਾਹਮਣੇ ਵਿਸਮਾਦ ਅਵਸਥਾ ’ਚ ਖੜ੍ਹਾ ਸੀ ਤੇ ਉਸ ਨੇ ਅਥਾਹ ਆਕਾਸ਼ ਵੱਲੋਂ ਅਨੰਤ ਬਰਫ਼ੀਲੀਆਂ ਚੋਟੀਆਂ ਦੇ ਕੰਨਾਂ ’ਚ ਕੀਤੀ ਘੁਸਰ-ਮੁਸਰ ਦੇ ਰਾਜ਼ਾਂ ਨੂੰ ਫੜ ਲਿਆ ਸੀ ਜਿੱਥੇ ਇਨਸਾਨ ਪਹਿਲਾਂ ਕਦੇ ਨਹੀਂ ਪਹੁੰਚਿਆ ਸੀ’।

ਕਿਤਾਬ ਵਿੱਚ ਇੱਕ ਥਾਂ ਹੋਰ ਦੰਡਵਤੇ ਉਸ ਦੇ ਇੱਕ ਹੋਰ ਪੁਰਾਣੇ ਸਾਥੀ, ਮਹਾਨ ਸਮਾਜਵਾਦੀ-ਨਾਰੀਵਾਦੀ ਕਮਲਾਦੇਵੀ ਚੱਟੋਪਾਧਿਆਏ ਦਾ ਹਵਾਲਾ ਦਿੰਦਾ ਹੈ, ਜਿਸ ਨੇ ਜੁਲਾਈ 1950 ਵਿੱਚ ਯੂਸਫ਼ ਮਿਹਰ ਅਲੀ ਦੀ ਮੌਤ ਮਗਰੋਂ ਲਿਖਿਆ ਸੀ: ‘ਨਿਡਰ ਹੁੰਦਿਆਂ ਵੀ ਕੋਮਲ, ਦਲੇਰ ਹੁੰਦਿਆਂ ਵੀ ਵਿਚਾਰਸ਼ੀਲ; ਕਿਸੇ ਵੀ ਕੁਰਬਾਨੀ ਲਈ ਤਿਆਰ ਪਰ ਫਿਰ ਵੀ ਪਿਆਰ ਅਤੇ ਸਨੇਹ ਨਾਲ ਭਰਪੂਰ, ਮਿਹਰ ਅਲੀ ਵਿਲੱਖਣ ਪੁਰਸ਼ ਸੀ ਸਿਆਸਤ ਤੇ ਧਰਮ ਦੋਵਾਂ ਖੇਤਰਾਂ ਵਿੱਚ ਉਸ ਦੇ ਸਮਰਪਿਤ ਦੋਸਤ ਤੇ ਵਫ਼ਾਦਾਰ ਸਾਥੀ ਸਨ’। ਇੱਕ ਹੋਰ ਸਾਥੀ, ਟਰੇਡ ਯੂਨੀਅਨ ਆਗੂ ਤੇ ਗੋਆ ਦੇ ਸੁਤੰਤਰਤਾ ਸੰਗਰਾਮੀ, ਪੀਟਰ ਅਲਵਾਰੇਜ਼ ਨੇ ਬੰਬਈ ਦੀ ਅਸੈਂਬਲੀ ਵਿੱਚ ਆਪਣੇ ਸ਼ਰਧਾਂਜਲੀ ਭਾਸ਼ਣ ਵਿੱਚ ਕਿਹਾ ਕਿ ਮੇਹਰਅਲੀ ‘ਅੱਗ ਤੇ ਸ਼ਹਿਦ ਦਾ ਮਿਸ਼ਰਣ ਸੀ ਜੋ ਆਪਣੇ ਹਿੱਤ ਭੁੱਲ ਕੇ ਬਾਕੀ ਸਭ ਦੇ ਮਾਨਵੀ ਹਿੱਤਾਂ ਲਈ ਫ਼ਿਕਰਮੰਦ ਰਹਿੰਦਾ ਸੀ’।

ਇਸ ਨਿਸੁਆਰਥ ਭਾਵਨਾ, ਦੂਜਿਆਂ ਦੇ ਕਲਿਆਣ ਤੇ ਖ਼ੁਸ਼ੀ ਪ੍ਰਤੀ ਸੰਪੂਰਨ ਵਚਨਬੱਧਤਾ ਕਾਰਨ ਹੀ ਮਿਹਰ ਅਲੀ ਨੇ ਆਪਣੀ ਸਿਹਤ ਦੀ ਪਰਵਾਹ ਨਾ ਕੀਤੀ ਜਿਸ ਕਾਰਨ ਉਸ ਦੀ ਛੇਤੀ ਮੌਤ ਹੋ ਗਈ। ਆਖ਼ਰੀ ਦਿਨਾਂ ’ਚ ਉਸ ਨੂੰ ਬਿਮਾਰੀ ਦੀ ਹਾਲਤ ’ਚ ਬੰਬਈ ਦੇ ਇੱਕ ਪ੍ਰਸਿੱਧ ਹਸਪਤਾਲ ਵਿੱਚ ਲਿਆਂਦਾ ਗਿਆ, ਪਰ ਜਦੋਂ ਇਲਾਜ ਨਾਲ ਕੋਈ ਰਾਹਤ ਨਾ ਮਿਲੀ ਤਾਂ ਮਿਹਰ ਅਲੀ ਨੇ ਜੈਪ੍ਰਕਾਸ਼ ਨਰਾਇਣ ਨੂੰ ਕਿਹਾ ਕਿ ਉਹ ਉਸ ਨੂੰ ਘਰ ਵਾਪਸ ਲੈ ਜਾਵੇ ਤਾਂ ਜੋ ਉਹ ਉੱਥੇ ਮਰ ਸਕੇ, ਕਿਉਂਕਿ ‘ਉਹ ਆਪਣਾ ਇਲਾਜ ਕਰਨ ਵਾਲੇ ਡਾਕਟਰਾਂ ਨੂੰ ਬਦਨਾਮੀ ਨਹੀਂ ਦਿਵਾਉਣੀ ਚਾਹੁੰਦਾ ਸੀ’। ਇਸੇ ਤਰ੍ਹਾਂ ਦੰਡਵਤੇ ਲਿਖਦੇ ਹਨ, ‘ਆਪਣੀ ਜ਼ਿੰਦਗੀ ਦੇ ਆਖ਼ਰੀ ਪਲਾਂ ਵਿੱਚ ਵੀ ਯੂਸਫ਼ ਦੂਜਿਆਂ ਲਈ ਫ਼ਿਕਰਮੰਦ ਸੀ’। ਉਸ ਦੀ ਮੌਤ ’ਤੇ ਹਰ ਸਿਆਸੀ ਵਿਚਾਰਧਾਰਾ ਦੇ ਲੋਕ ਇਕੱਠੇ ਹੋਏ। ਰੂੜੀਵਾਦੀ ਕਾਂਗਰਸੀ ਅੰਤਿਮ ਸੰਸਕਾਰ ਮੌਕੇ ਕੱਟੜਪੰਥੀ ਸਮਾਜਵਾਦੀਆਂ ਦੇ ਨਾਲ-ਨਾਲ ਵਿਚਰ ਰਹੇ ਸਨ।

ਮੁੰਬਈ ਵਿੱਚ ਕਿਸੇ ਮੁਸਲਿਮ ਵਿਅਕਤੀ ਦਾ ਮੇਅਰ ਹੋਣਾ ਆਮ ਗੱਲ ਵੀ ਸੀ ਤੇ ਖ਼ਾਸ ਵੀ। ਤ੍ਰਾਸਦੀ ਇਹ ਹੈ ਕਿ ਇਨ੍ਹਾਂ ਦਹਾਕਿਆਂ ਵਿੱਚ ਲੰਡਨ ਤੇ ਨਿਊਯਾਰਕ ਵਧੇਰੇ ਖੁੱਲ੍ਹੇ ਮਨ ਵਾਲੇ ਬਣ ਗਏ ਹਨ, ਧਾਰਮਿਕ ਅਤੇ ਭਾਸ਼ਾਈ ਵੰਨ-ਸੁਵੰਨਤਾ ਦਾ ਜ਼ਿਆਦਾ ਖ਼ੈਰਮਕਦਮ ਕਰਦੇ ਹਨ ਜਦੋਂਕਿ ਮੁੰਬਈ ਵਧੇਰੇ ਤੰਗਨਜ਼ਰ ਹੋ ਗਈ ਹੈ। ਇਹ ਪਤਾ ਨਹੀਂ ਕਿ ਮੁੰਬਈ ਕਦੋਂ ਜਾਂ ਕਿਵੇਂ, ਦੁਬਾਰਾ ਕਦੇ ਯੂਸਫ਼ ਮਿਹਰ ਅਲੀ ਵਰਗਾ ਮੇਅਰ ਚੁਣੇਗੀ ਜੋ ਸਮਾਜਵਾਦੀ, ਬੁੱਧੀਜੀਵੀ, ਦੇਸ਼ ਭਗਤ ਤੇ ਵਿਸ਼ਵਵਾਦੀ ਹੋਵੇ; ਮੂਲੋਂ ਅਜਿਹਾ ਬੰਦਾ ਜਿਸ ਨੇ ਆਪਣੇ ਸ਼ਹਿਰ, ਦੇਸ਼ ਅਤੇ ਦੁਨੀਆ ਨੂੰ ਮਹਾਨ ਬਣਾਇਆ।