ਜਦੋਂ ਸਿਲਾਈ ਦੀ ਦੁਕਾਨ ਖੋਲ੍ਹੀ
ਪਿਤਾ ਜੀ ਸਿਲਾਈ ਦਾ ਕੰਮ ਕਰਦੇ ਸਨ। ਇਸ ਲਈ ਘਰ ਅੰਦਰ ਭੈਣ ਭਰਾਵਾਂ ’ਚੋਂ ਵੱਡਾ ਹੋਣ ਕਾਰਨ ਸਾਰੇ ਕੰਮ ਮੈਨੂੰ ਪਹਿਲਾਂ ਸ਼ੁਰੂ ਕਰਨੇ ਪਏ। ਕੱਪੜਿਆਂ ਦੇ ਬਟਨ ਲਾਉਣੇ, ਕਾਜ ਕਰਨੇ, ਪ੍ਰੈੱਸ ਕਰਨੀ ਬਚਪਨ ਵਿੱਚ ਹੀ ਕਰਨੇ ਸ਼ੁਰੂ ਕਰ ਦਿੱਤੇ ਸਨ। ਹੌਲੀ ਹੌਲੀ ਭੈਣ ਭਰਾ ਵੀ ਚਾਅ ਨਾਲ ਕੰਮ ਕਰਨ ਲੱਗ ਪਏ। ਸਕੂਲ ਦੀ ਪੜ੍ਹਾਈ, ਮੱਝਾਂ ਦਾ ਕੰਮ, ਕੱਚੇ ਘਰ ਦੀ ਹਰੇਕ ਸਾਲ ਪੋਚਾ-ਪਾਚੀ ਕਰਨੀ ਪੈਂਦੀ ਸੀ। ਹੌਲੀ ਹੌਲੀ ਹਲਕੇ ਕੱਪੜੇ ਸਿਲਾਈ ਵੀ ਕਰਨ ਲੱਗ ਗਿਆ। ਇਹ ਸਿਲਸਿਲਾ ਬੀਏ ਤੋਂ ਬਾਅਦ ਆਰਟ/ਕਰਾਫਟ ਟੀਚਰਜ਼ ਟ੍ਰੇਨਿੰਗ ਦਾ ਡਿਪਲੋਮਾ 1982 ’ਚ ਕਰਨ ਤੱਕ ਚਲਦਾ ਰਿਹਾ। ਪਿੰਡ ਹੀ ਸਿੱਧੇ ਸਾਦੇ ਕੱਪੜੇ ਸਿਲਾਈ ਕਰ ਲੈਂਦੇ, ਪਿਤਾ ਜੀ ਕਟਾਈ ਕਰ ਕੇ ਦੇ ਦਿੰਦੇ ਸੀ। ਡੀਈਓ ਪਟਿਆਲਾ ਵੱਲੋਂ ਰੁਜ਼ਗਾਰ ਦਫ਼ਤਰ ਰਾਹੀਂ ਉਮੀਦਵਾਰ ਸੱਦ ਕੇ ਛੇ ਮਹੀਨੇ ਦੇ ਆਧਾਰ ’ਤੇ ਜ਼ਿਲ੍ਹੇ ਅੰਦਰ ਖਾਲੀ, ਛੁੱਟੀ ਵਾਲੀ ਥਾਂ ’ਤੇ ਅਧਿਆਪਕਾਂ ਦੀ ਭਰਤੀ ਮੈਰਿਟ ਬਣਾ ਕੇ ਆਰਡਰ ਦਿੱਤੇ ਜਾਂਦੇ ਸੀ। ਟਰੇਨਿੰਗ ਕਰਨ ਉਪਰੰਤ 1982 ਵਿੱਚ ਮੈਂ ਰੁਜ਼ਗਾਰ ਦਫ਼ਤਰ ਨੌਕਰੀ ਲਈ ਨਾਮ ਦਰਜ ਕਰਵਾ ਦਿੱਤਾ। ਇਸੇ ਸਾਲ ਹੀ ਮੈਨੂੰ ਐਡਹਾਕ ਅਧਿਆਪਕ ਭਰਤੀ ਦਾ ਰੁਜ਼ਗਾਰ ਦਫ਼ਤਰ ਰਾਹੀਂ ਇੰਟਰਵਿਊ ਪੱਤਰ ਆ ਗਿਆ। ਮੈਂ ਇਸ ਭਰਤੀ ਲਈ ਮੈਰਿਟ ਵਿੱਚ ਰਾਖਵੇਂਕਰਨ ਕਾਰਨ ਤੀਜੇ ਨੰਬਰ ’ਤੇ ਸੀ, ਉਂਝ ਦੂਜੇ ਨੰਬਰ ’ਤੇ ਸੀ ਪਰ ਇਸ ਪੂਰੀ ਲਿਸਟ ’ਚੋਂ ਸਿਰਫ਼ ਦੋ ਅਧਿਆਪਕਾਂ ਨੂੰ ਆਰਡਰ ਮਿਲ ਸਕੇ ਕਿਉਂਕਿ ਇਹ ਲਿਸਟ ਛੇ ਮਹੀਨੇ ਲਈ ਹੀ ਲਾਗੂ ਸੀ, ਪਰ ਇਸ ਅਰਸੇ ਦੌਰਾਨ ਕੋਈ ਹੋਰ ਆਸਾਮੀ ਖਾਲੀ ਨਾ ਹੋਈ।
ਇਸ ਤੋਂ ਬਾਅਦ 1984 ’ਚ ਫਿਰ ਦੁਬਾਰਾ ਇੰਟਰਵਿਊ ਦਿੱਤੀ। ਮੇਰਾ ਪਹਿਲਾਂ ਦੀ ਤਰ੍ਹਾਂ ਮੈਰਿਟ ’ਚ ਤੀਜਾ ਨੰਬਰ ਹੀ ਸੀ। ਪਹਿਲੇ ਦੋ ਅਧਿਆਪਕ ਜੌਇਨ ਕਰ ਗਏ। ਅਖ਼ੀਰ ’ਤੇ ਮੈਨੂੰ ਵੀ 18 ਜਨਵਰੀ 1984 ਨੂੰ ਛੁੱਟੀ ਵਾਲੀ ਥਾਂ ’ਤੇ ਆਰਡਰ ਸਰਕਾਰੀ ਮਿਡਲ ਸਕੂਲ ਨਨਹੇੜਾ (ਸਮਾਣਾ) ਦੇ ਮਿਲ ਗਏ। ਇੱਥੇ ਸਬੰਧਿਤ ਅਧਿਆਪਕਾ ਛੁੱਟੀ ’ਤੇ ਚੱਲ ਰਹੀ ਸੀ, ਜਿਸ ਵਿੱਚ ਉਸ ਸਮੇਂ ਵਾਧਾ ਵੀ ਹੋ ਜਾਂਦਾ ਸੀ। ਅਧਿਆਪਕਾ ਨੇ ਛੁੱਟੀ ’ਚ ਹਫ਼ਤੇ ਦਾ ਵਾਧਾ ਕਰਵਾ ਲਿਆ। ਇਸ ਲਈ ਮੈਂ ਸਕੂਲੋਂ ਰਿਲੀਵ ਹੋ ਕੇ ਦੁਬਾਰਾ ਦਫ਼ਤਰੋਂ ਆਰਡਰ ਲੈ ਕੇ ਇੱਥੇ ਹੀ ਕੁਝ ਦਿਨ ਹੋਰ ਹਾਜ਼ਰੀ ਦਿੱਤੀ। ਸਕੂਲ ਦੇ ਅਧਿਆਪਕਾਂ ਤੋਂ ਪਤਾ ਲੱਗਿਆ ਕਿ ਹਰੇਕ ਸਾਲ ਉਹ ਅਧਿਆਪਕਾ ਇਸੇ ਤਰ੍ਹਾਂ ਛੁੱਟੀ ਦਾ ਆਨੰਦ ਮਾਣਦੀ ਸੀ। ਮੇਰੇ ਪਿੰਡ ਦਾ ਰਮਿੰਦਰ ਕੁਮਾਰ ਸਮਾਣਾ ਤਹਿਸੀਲ ਦਫ਼ਤਰ ਵਿੱਚ ਨੌਕਰੀ ਕਰਦਾ ਸੀ। ਉਸ ਕੋਲ ਰਹਿਣ ਕਰ ਕੇ ਅਸੀਂ ਸਮਾਣੇ ਤੋਂ ਇਕੱਠੇ ਹੀ ਪਿੰਡ ਆ ਜਾਂਦੇ। ਇਸ ਤੋਂ ਬਾਅਦ ਰਿਲੀਵ ਹੋ ਕੇ ਫਿਰ ਘਰ ਬੈਠ ਗਿਆ ਕਿਉਂਕਿ ਖਾਲੀ ਜਾਂ ਛੁੱਟੀ ਵਾਲੀ ਕੋਈ ਅਸਾਮੀ ਜ਼ਿਲ੍ਹੇ ’ਚ ਨਹੀਂ ਸੀ। ਬ੍ਰੇਕ ਜ਼ਿਆਦਾ ਪੈਣ ਦੇ ਡਰੋਂ ਮੈਂ ਕਈ ਦੋਸਤ ਅਧਿਆਪਕਾਂ ਨੂੰ ਛੁੱਟੀ ਦਿਵਾ ਕੇ ਉਨ੍ਹਾਂ ਦੀ ਥਾਂ ਕੁਝ ਦਿਨ ਹਾਜ਼ਰ ਹੁੰਦਾ ਰਿਹਾ। ਇਹ ਵਰਤਾਰਾ 11 ਅਪਰੈਲ ਤੱਕ ਚੱਲਿਆ। ਮਹੀਨੇ ਦੀ ਬ੍ਰੇਕ ਬਾਅਦ ਮੈਂ ਡੀਈਓ ਦਫ਼ਤਰੋਂ ਆਰਡਰ ਲੈ ਕੇ 10 ਮਈ ਨੂੰ ਖਾਲੀ ਆਸਾਮੀ ’ਤੇ ਸਰਕਾਰੀ ਮਿਡਲ ਸਕੂਲ ਮਵੀ ਕਲਾਂ (ਸਮਾਣਾ) ਵਿਖੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਮੈਂ ਰਮਿੰਦਰ ਕੁਮਾਰ ਕੋਲ ਸਮਾਣਾ ਵਿਖੇ ਫਿਰ ਰਹਿਣ ਲੱਗਿਆ।
ਜੂਨ ਚੜ੍ਹਦਿਆਂ ਹੀ ਪੰਜਾਬ ਵਿੱਚ ਕਰਫਿਊ ਲੱਗ ਗਿਆ। ਅਸੀਂ ਪਿੰਡ ਗਏ ਹੋਏ ਸੀ। ਭਾਰਤੀ ਫ਼ੌਜ ਨੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ’ਤੇ ਹਮਲਾ ਕਰ ਦਿੱਤਾ। ਕਈ ਦਿਨਾਂ ਬਾਅਦ ਕਰਫਿਊ ’ਚ ਢਿੱਲ ਹੋਣ ਉਪਰੰਤ ਮੈਂ, ਰਮਿੰਦਰ ਅਤੇ ਇੱਕ ਹੋਰ ਸਾਥੀ ਸਾਈਕਲਾਂ ’ਤੇ ਹੀ ਪਿੰਡੋਂ ਸਮਾਣੇ ਨੂੰ ਚੱਲ ਪਏ ਕਿਉਂਕਿ ਅਜੇ ਬੱਸ ਸੇਵਾ ਬੰਦ ਸੀ। ਨਾਭੇ ਤੋਂ ਥੂਹੀ ਵਾਲੀ ਨਹਿਰ ਕੱਚੀ ਪੱਟੜੀ ਹੁੰਦੇ ਹੋਏ ਨਦਾਮਪੁਰ ਦੇ ਪੁਲ ਤੋਂ ਪਿੰਡਾਂ ਵਿਚਦੀ ਸਿੱਧੇ ਸਮਾਣੇ ਆਪਣੇ ਟਿਕਾਣਿਆਂ ’ਤੇ ਪੁੱਜ ਗਏ। ਜਿਸ ਕਮਰੇ ’ਚ ਅਸੀਂ ਰਹਿੰਦੇ ਸੀ, ਨਾਲ ਦੇ ਘਰੋਂ ਟੀਵੀ ਤੋਂ ਉਸ ਸਮੇਂ ਦੇ ਅਕਾਲ ਤਖਤ ਦੇ ਜਥੇਦਾਰ ਦਾ ਬਿਆਨ ਵਾਰ-ਵਾਰ ਸੁਣਾਈ ਦੇ ਰਿਹਾ ਸੀ ਕਿ ਤੋਸ਼ਾਖਾਨਾ ਬਿਲਕੁਲ ਠੀਕ-ਠਾਕ ਹੈ, ਪਰ ਹਾਲਾਤ ਕੁਝ ਹੋਰ ਹੀ ਸਨ। ਹੌਲੀ-ਹੌਲੀ ਹਾਲਾਤ ਠੀਕ ਹੋ ਗਏ। ਇਸ ਤਰ੍ਹਾਂ ਮੈਂ ਖਾਲੀ ਅਸਾਮੀ ਉੱਪਰ ਇਸ ਸਕੂਲ ’ਚ ਨਿਸ਼ਚਿੰਤ ਹੋ ਕੇ ਸੇਵਾ ਨਿਭਾਅ ਰਿਹਾ ਸੀ। ਅਚਾਨਕ 20 ਜੂਨ 1984 ਨੂੰ ਮੇਰੇ ਤੋਂ ਸੀਨੀਅਰ ਅਧਿਆਪਕਾ ਨੇ ਮੈਨੂੰ ਰਿਲੀਵ ਕਰ ਦਿੱਤਾ ਅਤੇ ਮੈਂ ਡੀਈਓ ਦਫ਼ਤਰ ਪਟਿਆਲਾ ਵਿਖੇ ਜਾ ਰਿਪੋਰਟ ਕਰ ਦਿੱਤੀ। ਕੋਈ ਅਸਾਮੀ ਖਾਲੀ ਨਾ ਹੋਣ ਕਰਕੇ ਮੈਂ ਹੁਣ ਘਰ ਹੀ ਕੰਮ ਕਰਦਾ ਸੀ। ਜੇ ਮੈਂ ਚਾਹੁੰਦਾ ਤਾਂ ਕਿਸੇ ਅਧਿਆਪਕ ਨੂੰ ਛੁੱਟੀ ਦਿਵਾ ਕੇ ਉਸ ਦੀ ਜਗ੍ਹਾ ਕੁਝ ਦਿਨ ਕੰਮ ਕਰਕੇ ਪਈ ਬ੍ਰੇਕ ਤੋੜ ਕੇ ਸਮਾਂ ਲੰਘਾ ਲੈਂਦਾ, ਇਸੇ ਤਰ੍ਹਾਂ ਹੋਰਾਂ ਅਧਿਆਪਕਾਂ ਦੀ ਤਰ੍ਹਾਂ ਮੈਂ ਵੀ ਰੈਗੂਲਰ ਹੋ ਜਾਣਾ ਸੀ। ਆਰਡਰਾਂ ਦੀ ਲੰਮੀ ਉਡੀਕ ਤੋਂ ਬਾਅਦ ਮੇਰੀ ਸੋਚ ਦੁਕਾਨਦਾਰੀ ਵੱਲ ਹੋ ਗਈ ਕਿਉਂਕਿ ਅਸੀਂ ਤਿੰਨੇ ਭਰਾ ਮਾੜੀ ਮੋਟੀ ਸਿਲਾਈ ਤਾਂ ਕਰ ਲੈਂਦੇ ਸੀ, ਪਰ ਕਟਿੰਗ ਕਿਸੇ ਨੂੰ ਨਹੀਂ ਆਉਂਦੀ ਸੀ। ਉਦੋਂ ਸਿਲਾਈ ਦੇ ਕੰਮ ਦੀ ਦਿਹਾੜੀ ਤਨਖ਼ਾਹ ਨਾਲੋਂ ਜ਼ਿਆਦਾ ਜਾਪਦੀ ਸੀ। ਮੈਨੂੰ ਆਪਣੇ ਆਪ ’ਤੇ ਪਤਾ ਨਹੀਂ ਕਿਵੇਂ ਇੰਨਾ ਵਿਸਵਾਸ਼ ਸੀ ਕਿ ਮੈਂ ਬਿਨਾ ਸਿਖਲਾਈ ਲਏ ਦੁਕਾਨ ਖੋਲ੍ਹਣ ਦਾ ਵੱਡਾ ਕਦਮ ਚੁੱਕ ਲਿਆ। ਮੈਂ ਘਾਹ ਮੰਡੀ ਐਮਸੀ ਮਾਰਕੀਟ ਵਿੱਚ ਤਿਲਕ ਰਾਜ ਦੁੱਗਲ ਤੋਂ ਦੁਕਾਨ ਕਿਰਾਏ ’ਤੇ ਲੈ ਲਈ। ਮਹੂਰਤ ਦੇ ਕਾਰਡ ਛਪਵਾ ਕੇ ਅਕਤੂਬਰ 1984 ਨੂੰ ਦੁਕਾਨ ਦਾ ਉਦਘਾਟਨ ਕਰ ਦਿੱਤਾ। ਇਸ ਮੌਕੇ ਮੇਰੇ ਮਾਮਾ ਜੀ ਰਾਮ ਸਿੰਘ ਜੱਸਲ ਨੇ ਮੈਨੂੰ ਕਟਿੰਗ ਬਾਰੇ ਮੁੱਢਲੇ ਕੁਝ ਨੁਕਤੇ ਦੱਸ ਦਿੱਤੇ। ਤਿੰਨ ਕੁ ਮਹੀਨੇ ਬਾਅਦ ਮਿਉਂਸਿਪਲ ਕਮੇਟੀ ਨੇ ਮਾਰਕੀਟ ’ਚ ਖਾਲੀ ਪਈਆਂ ਦੁਕਾਨਾਂ ਦੀ ਬੋਲੀ ਰੱਖ ਲਈ ਤਾਂ ਮੈਂ ਇੱਕ ਦੁਕਾਨ ਆਪਣੇ ਨਾਂ ’ਤੇ ਬੋਲੀ ਦੇ ਕੇ ਲੈ ਲਈ ਅਤੇ ਇਸ ਦੁਕਾਨ ਵਿੱਚ ਕੰਮ ਸ਼ੁਰੂ ਕਰ ਦਿੱਤਾ। ਫਿਰ ਤਾਂ ਮੈਂ ਕੁਝ ਨਹੀਂ ਦੇਖਿਆ ਤੇ ਅੱਗੇ ਨੂੰ ਵਧਦੇ ਗਏ। ਇੱਕ ਵਾਰੀ ਤਾਂ ਸ਼ਹਿਰ ’ਚ ‘ਸਟੂਡੈਂਟ ਟੇਲਰਜ਼’ ਦਾ ਨਾਂ ਨਾਮਵਰ ਟੇਲਰਾਂ ਤੱਕ ਪੁੱਜ ਗਿਆ। ਇਸ ਤਰ੍ਹਾਂ ਮੇਰਾ ਵਾਕਫ਼ੀਅਤ ਦਾ ਦਾਇਰਾ ਪਿੰਡਾਂ ਤੋਂ ਲੈ ਕੇ ਸ਼ਹਿਰ ਤੱਕ ਵਧਦਾ ਗਿਆ।
ਮੈਂ ਨਾਲੋ ਨਾਲ ਬੇਰੁਜ਼ਗਾਰ ਆਰਟ/ਕਰਾਫਟ ਟੀਚਰਜ਼ ਯੂਨੀਅਨ ਨਾਲ ਜੁੜੇ ਹੋਣ ਕਾਰਨ ਯੂਨੀਅਨ ਦੀਆਂ ਮੰਗਾਂ, ਮੀਟਿੰਗਾਂ ਆਦਿ ਬਾਰੇ ਪ੍ਰੈੱਸ ਨੋਟ ਅਖ਼ਬਾਰਾਂ ਨੂੰ ਭੇਜਦਾ ਰਹਿੰਦਾ। ਯੂਨੀਅਨ ਦੇ ਪਟਿਆਲਾ ਜ਼ਿਲ੍ਹੇ ਦਾ ਕੰਮ ਮੇਰੀ ਦੁਕਾਨ ਤੋਂ ਹੀ ਚੱਲਦਾ ਸੀ ਅਤੇ ਮੈਂ ਦੁਕਾਨ ਦੇ ਕੰਮ ਨੂੰ ਵੀ ਸਾਂਭਦਾ, ਸਾਰੇ ਕਾਰੀਗਰਾਂ ਨੂੰ ਕਟਾਈ ਕਰ ਕੇ ਦੇਣ ਦਾ ਕੰਮ ਮੈਂ ਹੀ ਕਰਦਾ, ਭਰਾ ਅਤੇ ਕਾਰੀਗਰ ਸਿਲਾਈ ਹੀ ਕਰਦੇ। ਇਸ ਦੇ ਨਾਲ ਹੀ ਚੰਡੀਗੜ੍ਹ ਰੈਲੀਆਂ, ਧਰਨਿਆਂ, ਲਗਾਤਾਰ ਭੁੱਖ ਹੜਤਾਲ ਵਿੱਚ ਰਾਤਾਂ ਕੱਟਣ ਦੀ ਵੀ ਹਾਜ਼ਰੀ ਲੁਆਉਂਦਾ। ਸਿੱਖਿਆ ਵਿਭਾਗ ’ਚ ਵਿਭਾਗੀ ਚੋਣ ਕਮੇਟੀ ਵੱਲੋਂ ਮੇਰੀ ਚੋਣ ਹੋਣ ਉਪਰੰਤ ਅਖ਼ੀਰ 30 ਅਪਰੈਲ 1997 ਨੂੰ ਤਕਰੀਬਨ 13 ਸਾਲ ਦੀ ਬਰੇਕ ਬਾਅਦ ਬਤੌਰ ਰੈਗੂਲਰ ਅਧਿਆਪਕ ਸਰਕਾਰੀ ਹਾਈ ਸਕੂਲ ਉਲਾਣਾ ਵਿਖੇ ਹਾਜ਼ਰ ਹੋ ਕੇ ਮੁੜ ਨੌਕਰੀ ਵਿੱਚ ਆਇਆ। ਇਸ ਤਰ੍ਹਾਂ ਹੋਣਾ ਮੇਰੀ ਸਮਝ ਤੋਂ ਬਾਹਰ ਹੈ ਕਿ ਮੇਰਾ ਨੌਕਰੀ ’ਚ ਹੱਥ ਪੈਣ ਦੇ ਬਾਵਜੂਦ ਮੈਂ ਕਾਮਯਾਬ ਕਿਉਂ ਨਾ ਹੋਇਆ, ਨਹੀਂ ਤਾਂ ਮੈਂ ਘੱਟੋ-ਘੱਟ ਲੈਕਚਰਾਰ ਸੇਵਾਮੁਕਤ ਹੁੰਦਾ ਕਿਉਂਕਿ ਐੱਮਏ ਮੇਰੀ 1984 ਤੋਂ ਪਹਿਲਾਂ ਹੀ ਕੀਤੀ ਹੋਈ ਸੀ। ਬਾਕੀ ਮੇਰੇ ਨਾਲ ਦੇ ਭਰਤੀ ਹੋਏ ਸਾਥੀ ਸਰਵਿਸ ਵਿੱਚ ਰਹਿ ਗਏ ਅਤੇ ਪੱਕੇ ਹੋ ਕੇ ਬਾਅਦ ’ਚ ਟਿਕ ਕੇ ਸੇਵਾ ਨਿਭਾਉਂਦੇ ਰਹੇ। ਇਹ ਸ਼ੰਘਰਸ਼ਮਈ ਜ਼ਿੰਦਗੀ ਦੇ ਪਲ ਮੇਰੇ ਜ਼ਿਹਨ ’ਚ ਹਮੇਸ਼ਾ ਰਹਿਣਗੇ।
ਸੰਪਰਕ: 94635-53962