DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

... ਜਦੋਂ ਤਾਈ ਨਿਹਾਲੀ ਨੇ ਵਰਤ ਰੱਖਿਆ

ਤਾਈ ਨਿਹਾਲੀ ਨੇ ਪਹਿਲੀ ਵਾਰ ਕਰਵਾਚੌਥ ਦਾ ਵਰਤ ਰੱਖਿਆ। ਰਾਤ ਪੈਣ ’ਤੇ ਵਰਤ ਸੰਪੂਰਨ ਕਰਨ ਲਈ ਚੰਦਰਮਾ ਨੂੰ ਅਰਗ ਦੇਣ ਲਈ ਕੋਠੇ ਉੱਪਰ ਖੜ੍ਹੇ ਤਾਏ ਨਰੈਣੇ ਅਤੇ ਤਾਈ ਨਿਹਾਲੀ ’ਚੋਂ ਕਦੇ ਤਾਇਆ ਆਖੇ ਕਿ ਬਈ ਚੰਦਰਮਾ ਨੂੰ ਅਰਗ ਮੈਂ ਦੇਣੈਂ,...

  • fb
  • twitter
  • whatsapp
  • whatsapp
Advertisement

ਤਾਈ ਨਿਹਾਲੀ ਨੇ ਪਹਿਲੀ ਵਾਰ ਕਰਵਾਚੌਥ ਦਾ ਵਰਤ ਰੱਖਿਆ। ਰਾਤ ਪੈਣ ’ਤੇ ਵਰਤ ਸੰਪੂਰਨ ਕਰਨ ਲਈ ਚੰਦਰਮਾ ਨੂੰ ਅਰਗ ਦੇਣ ਲਈ ਕੋਠੇ ਉੱਪਰ ਖੜ੍ਹੇ ਤਾਏ ਨਰੈਣੇ ਅਤੇ ਤਾਈ ਨਿਹਾਲੀ ’ਚੋਂ ਕਦੇ ਤਾਇਆ ਆਖੇ ਕਿ ਬਈ ਚੰਦਰਮਾ ਨੂੰ ਅਰਗ ਮੈਂ ਦੇਣੈਂ, ਕਦੇ ਤਾਈ ਆਖੇ ਕਿ ਬਈ ਚੰਦਰਮਾ ਨੂੰ ਅਰਗ ਮੈਂ ਦੇਣੈਂ। ਕਾਫ਼ੀ ਚਿਰ ਤੂੰ-ਤੂੰ, ਮੈਂ-ਮੈਂ ਹੋਣ ਤੋਂ ਬਾਅਦ ਰੌਲਾ ਤਾਏ-ਤਾਈ ਦੇ ਝਾਟ ਮਝੀਟੇ ਹੋਣ ਤੱਕ ਪਹੁੰਚ ਗਿਆ। ਤਾਈ ਦੇ ਗੋਡਿਆਂ ਹੇਠਾਂ ਲਿਤਾੜੇ ਹੋਏ ਤਾਏ ਨੇ ਤਾਈ ਦੀ ਵੱਖੀ ਵਿੱਚ ਐਸੀ ਮੁੱਕੀ ਮਾਰੀ ਕਿ ਤਾਈ ਦੇ ਜ਼ੋਰ-ਜ਼ੋਰ ਦੇ ਪਾਏ ਹੋਏ ਚੀਕ-ਚਿਹਾੜੇ ਨੇ ਸਾਰੇ ਆਂਢ-ਗੁਆਂਢ ਨੂੰ ਪਲਾਂ ’ਚ ਹੀ ਇਕੱਠਾ ਕਰ ਲਿਆ। ‘ਕੱਠੇ ਹੋਏ ਗੁਆਂਢੀਆਂ ਦੇ ਹਜ਼ੂਮ ਤੋਂ ਤਾਏ ਨੇ ਇਨਸਾਫ਼ ਦੀ ਮੰਗ ਕਰਦਿਆਂ ਕਿਹਾ, ‘‘ਭਾਈ, ਸਾਰੇ ਜਣੇ ਕੰਨ ਕਰਕੇ ਸੁਣਿਓਂ ਜ਼ਰਾ...

ਥੋਡੀ ਤਾਈ ਮੈਨੂੰ ਅੱਜ ਸਵੇਰੇ ਸਵੇਰੇ ਤਕਰੀਬਨ ਤਿੰਨ ਵਜੇ ਹੀ ਜਾਗਣ ਸਮੇਂ ਕਹਿੰਦੀ ਕਿ ਅੱਜ ਮੈਂ ਕਰਵਾਚੌਥ ਦਾ ਵਰਤ ਰੱਖਣੈਂ, ਤੁਸੀਂ ਚੁੱਲ੍ਹੇ ਵਿੱਚ ਚਾਰ ਕੁ ਪਾਥੀਆਂ ਲਾ ਕੇ ਮੇਰੇ ਵਾਸਤੇ ਨਹਾਉਣ ਲਈ ਪਾਣੀ ਗਰਮ ਕਰ ਦਿਓ, ਰਸੋਈ ਵਿੱਚ ਪਈਆਂ ਫੇਣੀਆਂ ਤਿਆਰ ਕਰਨਾ, ਦੋ-ਤਿੰਨ ਵੱਡੇ ਸਾਰੇ ਕੇਲੇ ਚਾਕੂ ਨਾਲ ਦੋਵੇਂ ਪਾਸਿਉਂ ਸਾਫ਼ ਕਰਕੇ, ਦੋ ਕੁ ਸੇਬ ਚੰਗੀ ਤਰ੍ਹਾਂ ਛਿੱਲ ਕੇ ਮੇਰੇ ਪ੍ਰੈੱਸ ਕੀਤੇ ਕੱਪੜੇ, ਕੰਘੀ, ਸੁਰਮਾ, ਸੁਰਖੀ, ਪਾਊਡਰ ਆਦਿ ਮੇਰਾ ਮੇਕਅੱਪ ਦਾ ਸਾਮਾਨ ਸ਼ੋਅਕੇਸ ਕੋਲ ਰੱਖਿਓ। ਫਿਰ ਅੱਜ ਆਪੇ ਹੀ ਪੱਠਿਆਂ ਦਾ ਕੁਤਰਾ ਵੀ ’ਕੱਲੇ ਹੀ ਕਰਨਾ, ਮੱਝ ਨੂੰ ਨੁਹਾ-ਧੁਆ ਥਾਂ ਸਿਰ ਬੰਨ੍ਹ ਕੇ ਪੱਠੇ ਖਾਣ ਤੋਂ ਬਾਅਦ ਜ਼ਰਾ ਖਲ ਰਲਾ ਦੇਣੀ, ਉੱਤੋਂ ਅਖੇ, ਰੋਜ਼ ਕਹਿੰਨੀ ਐਂ ਵਈ ਮੱਝ ਦਾ ਕਿੱਲਾ ਹਿਲਦਾ, ਉਹ ਵੀ ਚੰਗੀ ਤਰ੍ਹਾਂ...। ਮੇਰੇ ਇਹ ਸਾਰੇ ਕੰਮ ਕਰਨ ਤੋਂ ਬਾਅਦ ਥੋਡੀ ਤਾਈ ਨੇ ਉੱਠਣ ਸਾਰ ਮੇਰੇ ਵੱਲੋਂ ਬਣਾਈਆਂ ਗਈਆਂ ਫੇਣੀਆਂ ਦਾ ਡੌਂਗਾ, ਸੇਬ, ਕੇਲੇ, ਨਾਰੀਅਲ ਆਦਿ ਸਭ ਦੇ ਸਪਾਟੇ ਫੇਰ ਦਿੱਤੇ। ਨਾਲੇ ਕਹੇ, ‘ਮੈਂ ਤਾਰਿਆਂ ਦੀ ਛਾਵੇਂ-ਛਾਵੇਂ ਭੋਜਨ ਕਰਨੈਂ।’ ਖਾਣਾ ਖਾ ਕੇ ਥੋਡੀ ਤਾਈ ਗਈ ਸੌਂ ਤੇ ਲੱਗ ਪਈ ਘੁਰਾੜੇ ਮਾਰਨ। ਇਹ ਤਾਂ ਕਾਲੇ ਨਾਗ ਦੇ ਬੱਚੇ ਵਾਂਗੂੰ ਫੂੰ-ਫੂੰ ਕਰੀ ਜਾਵੇ। ਸਵੇਰੇ ਗੋਡੇ ਜਿੱਡਾ ਦਿਨ ਚੜ੍ਹਨ ’ਤੇ ਮੈਂ ਜੱਕਾਂ-ਤੱਕਾਂ ਜਿਹੀਆਂ ਕਰਦੇ ਨੇ ਸਾਢੇ ਕੁ ਨੌਂ ਵਜੇ ਇਹਨੂੰ ਹਲੂਣ ਕੇ ਵੇਖਿਆ ਕਿ ਕਿਤੇ ਖਾਧਾ ਹੋਇਆ ਭੋਜਨ ਫੂਡ ਪੌਇਜ਼ਨ ਬਣ ਕੇ ਰਿਐਕਸ਼ਨ ਹੀ ਨਾ ਕਰ ਗਿਆ ਹੋਵੇ, ਬਈ ਗੱਲ ਉਹੀ ਹੋਈ। ਜਿਵੇਂ ਕਹਿੰਦੇ ਹੁੰਦੇ ਨੇ ਕਿ ਜਾਂਦੀਏ ਬਲਾਏ ਨੀ ਦੁਪਹਿਰਾ ਕੱਟ ਜਾਹ। ਉੱਠਣ ਸਾਰ ਮੈਨੂੰ ਇਹਨੇ ਮੂਵ ਵਾਲੀ ਡੱਬੀ ਫੜਾਉਂਦਿਆਂ ਕਿਹਾ, ‘ਨਰੈਣਿਆ, ਮੇਰਾ ਤਾਂ ਚਿੱਤ ਘਾਊਂ-ਮਾਊਂ ਜਿਹਾ ਕਰਦੈ, ਘੇਰ ਚੜ੍ਹਦੀ, ਸਿਰ ਦੁਖਦੈ, ਚੱਕਰ ਆਉਂਦੇ ਐ, ਨਿਰਣਾ ਕਾਲਜਾ ਜਿਉਂ ਹੋਇਆ। ਬਈ ਇਹ ਮੂਵ ਮਲੋ ਮੇਰੇ ਮੱਥੇ ਉੱਪਰ ਖਵਰੇ ਸਿਰ ਦੁਖਣੋਂ ਹਟ ਹੀ ਜਾਵੇ। ਭਾਈ, ਮੈਂ ਸਭ ਕੀਤਾ। ਫੇਰ ਵੀ ਪੱਬ ਨ੍ਹੀਂ ਲੱਗਣ ਦਿੱਤਾ। ਅਖੇ, ਤੁਸੀਂ ਮੈਨੂੰ ਕਰਵਾਚੌਥ ਦੀਆਂ ਕੁੱਜੀਆਂ ਉੱਪਰ ਰੱਖਣ ਲਈ ਕਿਤੋਂ ਗਵਾਰੇ ਦੀਆਂ ਫਲੀਆਂ ਜਾਂ ਚਿੱਬੜ ਲਿਆ ਕੇ ਦੇਵੋ, ਅੱਜਕੱਲ੍ਹ ਗਵਾਰਾ ਕੌਣ ਬੀਜਦਾ ਐ? ਝੋਨੇ ਵਾਲੇ ਵਾਹਣ ਨੇ, ਲੋਕਾਂ ਨੇ ਸਪਰੇਹਾਂ ਕਰ-ਕਰ ਕੇ ਚਿੱਭੜਾਂ ਦੀਆਂ ਵੇਲਾਂ ਤਾਂ ਉੱਗਣ ਹੀ ਨਹੀਂ ਦਿੱਤੀਆਂ। ਸੌ ਕਿੱਲਾ ਮੈਂ ਗਾਹ ਮਾਰਿਆ, ਫਿਰ ਕਿਤੇ ਜਾ ਕੇ ਬੁੜੇ ਹੰਸੇ ਦੀ ਕਪਾਹ ’ਚੋਂ ਦੋ-ਚਾਰ ਕੱਚ ਪਲਿੱਲੇ ਜਿਹੇ ਚੂੰਏ ਚਿੱਬੜ ਮਿਲੇ। ਭੁੱਖਣ-ਭਾਣੇ ਨੂੰ ਉੱਤੋਂ ਬਾਰ੍ਹਾਂ ਵੱਜ ਗਏ।

Advertisement

ਅਜੇ ਮੈਂ ਲਿਆ ਕੇ ਚਿੱਬੜ ਫੜਾਏ ਹੀ ਸੀ ਕਿ ਉਤੋਂ ਫਿਰ ਹੁਕਮ ਦਿੱਤਾ ਕਿ ਬਈ ਜਾਓ ਜਾ ਕੇ ਹੁਣ ਬ੍ਰਾਹਮਣਾਂ ਦੀ ਬੁੜ੍ਹੀ ਨੂੰ ਆਖ ਕੋ ਆਵੋ ਕਿ ਮੈਨੂੰ ਠੀਕ ਦੋ ਵਜੇ ਕਰਵਾ ਚੌਥ ਦੀ ਕਥਾ ਸੁਣਾ ਜਾਵੇ। ਅਜੇ, ਮੈਂ ਉਹਨੂੰ ਆਖ ਕੇ ਆਇਆ ਹੀ ਸੀ ਕਿ ਆਰਡਰ ਫੇਰ ਤਿਆਰ, ਅਖੇ ਮੇਰਾ ਹਾਰ ਵਾਲਾ ਤਾਗਾ ਟੁੱਟਿਆ ਪਿਆ ਏ, ਮੈਂ ਗਹਿਣੇ ਪਹਿਨ ਕੇ ਕਥਾ ਸੁਣਨੀ ਐਂ, ਨਾ ਜਾਣੀਏਂ ਹਾਰ ਕਿਤੇ ਡਿੱਗ ਪਵੇ। ਨਾਲੇ ਮੇਰੀਆਂ ਸ਼ਕੰਦਰੀਆਂ ਬਦਲਾ ਕੇ ਲਿਆ ਦੇਵੋ ਸੁਨਿਆਰੇ ਤੋਂ, ਮੈਂ ਕੌੜਾ ਘੁੱਟ ਪੀ ਕੇ ਸਭ... ਫੇਰ ਇਹ ਤਾਂ ਕਥਾ ਸੁਣਨ ਸਾਰ ਕਿੱਲੋ ਵਾਲਾ ਪਾਣੀ ਦਾ ਭਰਿਆ ਜੱਗ ਪੀ ਕੇ ਫਿਰ ਸੌਂ ਗਈ। ਸੌਣ ਲੱਗੀ ਆਰਡਰ ਤੇ ਆਰਡਰ ਸੁਣਾ ਗਈ ਕਿ ਬਈ ਮੱਝ ਦੀ ਦੁਪਹਿਰ ਤਿੰਨ ਵਜੇ ਵਾਲੀ ਸੰਨ੍ਹੀ ਰਲਾਉਣੀ, ਸੰਨ੍ਹੀ ਖਾਣ ਤੋਂ ਬਾਅਦ ਮੱਝ ਦੀ ਧਾਰ ਕੱਢਣੀ, ਨਾਲੋ-ਨਾਲ ਦੋ ਕਿੱਲੇ ਦੁੱਧ ਡੋਲੂ ਵਿੱਚ ਪਾ ਕੇ ਉੱਤੋਂ ਅੱਧਾ ਕੁ ਕਿੱਲੋ ਪਾਣੀ ਮਿਲਾ ਕੇ ਡੇਅਰੀ ਪਾ ਆਉਣੈਂ, ਬਾਕੀ ਭਾਂਡਾ-ਟੀਂਡਾ, ਮੰਜੇ ਬਿਸਤਰੇ ਸਮੇਂ ਸਿਰ... ਹੋਰ ਕੰਮਕਾਜ ਅਜੇ ਤੱਕ ਲੋਟ ਨਹੀਂ ਆਇਆ। ਜਦੋ ਮੈਂ ਕਿਸੇ ਕੰਮ ਤੋਂ ਮਾੜੀ-ਮੋਟੀ ਜਿਹੀ ਨਾਂਹ-ਨੁੱਕਰ ਕਰਿਆ ਕਰਾਂ ਤਾਂ ਅੱਗੋਂ ਮੈਨੂੰ ਚਾਰੇ ਖੁਰ ਚੁੱਕ ਕੇ ਪੈ ਜਾਵੇ। ਅਖੇ, ਤੇਰਾ ਈ ਸਿਆਪਾ ਕਰਦੀ ਐਂ, ਲੰਮੀ ਉਮਰ ਵਾਸਤੇ ਹੁੰਦੈ ਇਹ ਵਰਤ, ਮੈਂ ਕਹਿੰਨੀ ਆਂ ਬਈ ਚੱਲ ਤੂੰ ਹੋਰ ਚਾਰ ਵਰ੍ਹੇ ਜਿਉਂਦਾ ਰਹੇਂ।

Advertisement

ਇਹਨੂੰ ਪੁੱਛਣ ਆਲਾ ਹੋਵੇ ਕਿ ਬਈ ਕਈ ਛੜੇ ਉੱਚੇ ਤੋਂ ਉੱਚੇ ਅਹੁਦਿਆਂ ਤੱਕ ਪਹੁੰਚ ਗਏ ਸਨ, ਬਈ ਉਨ੍ਹਾਂ ਵਿਚਾਰਿਆਂ ਲਈ ਕੀਹਨੇ ਵਰਤ ਰੱਖੇ ਹੋਣਗੇ...?’’

‘‘ਹੀਂ...ਹੀਂ..ਹੀ...!’’ (ਸਾਰੇ ਹੱਸ ਪਏ)

ਤਾਇਆ ਫਿਰ ਦੁੱਖ ਫੋਲਣ ਲੱਗਾ, ‘‘ਹੁਣ, ਉਹ ਸੁੱਤੀ ਪਈ ਫਟਾਫਟ ਉੱਠੀ ਤੇ ਉੱਠ ਕੇ ਕੋਠੇ ਉੱਤੇ ਚੜ੍ਹ ਗਈ। ਕਮਲੀ ਨੇ ਕਿਸੇ ਨੂੰ ਪੁੱਛਿਆ ਤੱਕ ਵੀ ਨਹੀਂ। ਮੈਂ ਤਾਂ ਸਵੇਰ ਦਾ ਨਿਰਣੇ ਕਾਲਜੇ ਫਿਰਦਾ ਰਿਹਾ। ਸਵੇਰ ਦੀ ਚੱਲ ਸੋ ਚੱਲ ਹੋਈ ਰਹੀ। ਸਹੁੰ ਰੱਬ ਦੀ, ਘੁੱਟ ਪਾਣੀ ਵੀ ਨਹੀਂ ਪੀ ਕੇ ਦੇਖਿਆ। ਹੁਣ ਮੈਂ ਕਿਹਾ ਨਿਹਾਲੀਏ ਚੁੰਨੀ ਲੜ ਬੰਨ੍ਹੇ ਚੌਲ ਮੈਨੂੰ ਦੇ ਦੇ ਕਿਉਂਕਿ ਤੂੰ ਤਾਂ ਸਵੇਰ ਦੀ ਰੱਜੀ-ਪੁੱਜੀ ਫਿਰਦੀ ਐਂ। ਘਰਾੜੇ ਮਾਰ-ਮਾਰ ਨੀਂਦ ਲਾਹ ਲਈ। ਬਈ, ਹੁਣ ਤੁਸੀਂ ਇਉਂ ਦੱਸੋ ਕਿ ਵਰਤ ਥੋਡੀ ਤਾਈ ਦਾ ਹੋਇਆ ਕਿ ਮੇਰਾ, ਫਰਜ਼ ਮੇਰਾ ਬਣਦੈ ਚੰਦਰਮਾ ਨੂੰ ਅਰਗ ਦੇਣ ਦਾ ਕਿ ਥੋਡੀ ਤਾਈ ਦਾ?’’

ਗੁਆਂਢੀ ਹੁੰਗਾਰਾ ਭਰਨ ਤੋਂ ਡਰਦੇ ਸਨ ਕਿ ਜੇ ਉਨ੍ਹਾਂ ਤਾਏ ਵੱਲ ਹੁੰਗਾਰਾ ਭਰਿਆ ਤਾਂ ਕਿਤੇ ਸਵੇਰ ਨੂੰ ਤਾਈ ਨਾ ਸਾਡੇ ਨਾਲ ਆਢਾ ਲਾ ਲਵੇ, ਜੇ ਤਾਈ ਦਾ ਹੁੰਗਾਰਾ ਭਰਿਆ ਤਾਂ ਕਿਤੇ ਤਾਇਆ ਨਾ ਗੁੱਸੇ ਹੋ ਜਾਵੇ। ਗੁਆਂਢੀਆਂ ਨੇ ਦੋਵਾਂ ਦੀ ਸੁਲ੍ਹਾ-ਸਫਾਈ ਕਰਵਾਉਂਦਿਆਂ ਤਾਈ ਤੋਂ ਚੰਦਰਮਾ ਨੂੰ ਅਰਗ ਦੇਣ ਵਾਲੇ ਅੱਧੇ ਚੌਲ ਫੜੇ ਤੇ ਤਾਏ ਨੂੰ ਸਾਰਿਆਂ ਨੇ ਇੱਕੋ ਰਲਵੀਂ ਆਵਾਜ਼ ’ਚ ਕਿਹਾ, “ਤਾਇਆ ਜੀ, ਅਰਗ ਤਾਂ ਤੁਸੀਂ ਵੀ ਦੇ ਦੇਵੋ ਤੇ ਤਾਈ ਵੀ, ਪਰ ਤਾਇਆ ਜੀ ਇੱਕ ਗੱਲ ਦਾ ਖਿਆਲ ਰੱਖਿਓ, ਚੰਦਰਮਾ ਨੂੰ ਅਰਗ ਦੇਣ ਤੋਂ ਪਹਿਲਾਂ ਸਿਰ ’ਤੇ ਚੁੰਨੀ ਲੈਣੀ ਨਾ ਭੁੱਲਿਓ...।” ਹੁਣ ਸਾਰਿਆਂ ਦੀ ਖਿੜਖਿੜਾਹਟ ਕਾਰਨ ਉੱਪਰ ਆਕਾਸ਼ ‘ਚ ਚੰਦਰਮਾ ਵੀ ਜ਼ੋਰ-ਜ਼ੋਰ ਦੀ ਹੱਸ ਰਿਹਾ ਜਾਪਦਾ ਸੀ।

ਸੰਪਰਕ: 98781-17285

Advertisement
×