ਨਾਂ ਵਿੱਚ ਕੀ ਰੱਖਿਐ...
ਜਦੋਂ ਵੀ ਕੋਈ ਇਨਸਾਨ ਇਸ ਧਰਤੀ ’ਤੇ ਆਉਂਦਾ ਹੈ ਤਾਂ ਉਦੋਂ ਹੀ ਘਰ ਵਾਲਿਆਂ ਤੇ ਰਿਸ਼ਤੇਦਾਰਾਂ ਵੱਲੋਂ ਉਸ ਦਾ ਕੋਈ ਸੋਹਣਾ ਜਿਹਾ ਨਾਮ ਰੱਖਣ ਦੀ ਹੋੜ ਜਿਹੀ ਸ਼ੁਰੂ ਹੋ ਜਾਂਦੀ ਹੈ। ਅੱਜਕੱਲ੍ਹ ਇਹ ਵਰਤਾਰਾ ਕੁਝ ਜ਼ਿਆਦਾ ਹੀ ਹੈ... ਚਲੋ ਹੋਣਾ ਵੀ ਚਾਹੀਦਾ ਹੈ ਕਿਉਂਕਿ ਇਹ ਹੀ ਤਾਂ ਚਾਵਾਂ ਤੇ ਖ਼ੁਸ਼ੀਆਂ ਭਰੇ ਪਲ ਹੁੰਦੇ ਹਨ।
ਕਿਸੇ ਬੱਚੇ ਦੇ ਨਾਮ ਰੱਖਣ ਬਾਰੇ ਮੈਨੂੰ ਅੱਜ ਵੀ ਕਿਸੇ ਨਾ ਕਿਸੇ ਦਾ ਫੋਨ ਆ ਜਾਂਦਾ ਹੈ ਤੇ ਅੱਗੋਂ ਬੜੀ ਹੀ ਮਿੱਠੀ ਜਿਹੀ ਆਵਾਜ਼ ਵਿੱਚ ਕਹਿੰਦਾ ਹੈ, ‘‘ਭਾ’ਜੀ! ਤੁਸੀਂ ਕਵੀ ਹੋ, ਬੱਚੇ ਦਾ ਕੋਈ ਸੋਹਣਾ ਜਿਹਾ ਨਾਮ ਦੱਸੋ, ਨਾਮ ਦਾ ਆਹ ਅੱਖਰ ਨਿਕਲਿਆ ਹੈ।’’ ਤੇ ਮੈਂ ਆਪਣੀ ਸਮਝ ਮੁਤਾਬਿਕ ਸੁਝਾਅ ਦੇ ਦਿੰਦਾ ਹਾਂ ਤੇ ਖ਼ੁਸ਼ੀ ਹੈ ਕਿ ਮੇਰਾ ਦਿੱਤਾ ਸੁਝਾਅ ਸੌ ਫ਼ੀਸਦੀ ਮਨਜ਼ੂਰ ਹੋ ਜਾਂਦਾ ਹੈ।
ਹੁਣ ਮੈਂ ਉਸ ਸਮੇਂ ਵੱਲ ਪਰਤਦਾਂ ਹਾਂ ਜਦੋਂ ਮੈਂ ਖ਼ੁਦ ਇਸ ਧਰਤੀ ’ਤੇ ਆਇਆ ਸਾਂ ਤਾਂ ਮੇਰੇ ਪਰਿਵਾਰ ਵਿੱਚ ਵੀ ਮੇਰਾ ਕੋਈ ਸੋਹਣਾ ਜਿਹਾ ਨਾਮ ਰੱਖਣ ਦੀ ਹੋੜ ਜਿਹੀ ਲੱਗ ਗਈ ਸੀ। ਇਨ੍ਹਾਂ ਗੱਲਾਂ ਦਾ ਮੈਨੂੰ ਵੱਡਾ ਹੋ ਕੇ ਬਹੁਤ ਦੇਰ ਬਾਅਦ ਪਤਾ ਲੱਗਿਆ। ਮੇਰੇ ਦਾਦਾ ਜੀ ਤੇ ਦਾਦੀ ਜੀ ਨੇ ਗੁਰਦੁਆਰਾ ਸਾਹਿਬ ਜਾ ਕੇ ਭਾਈ ਸਾਹਿਬ ਨੂੰ ਬੇਨਤੀ ਕੀਤੀ ਤਾਂ ਉੱਥੇ ਅੱਖਰ ‘ਤੱਤਾ’ ਨਿਕਲਿਆ ਤੇ ਇਸ ਅੱਖਰ ਦੀ ਖ਼ੁਸ਼ੀ ਨੇ ਘਰ ਦਾ ਮਾਹੌਲ ਹੀ ਪੂਰਾ ਤੱਤਾ ਕਰ ਦਿੱਤਾ। ਤੱਤੇ ’ਤੇ ਕੋਈ ਕੁਝ ਨਾਮ ਦੱਸੇ ਤੇ ਕੋਈ ਕੁਝ, ਮੇਰੀ ਵੱਡੀ ਭੂਆ ਕਹੇ, ‘‘ਮੈਂ ਤਾਂ ਆਪਣੇ ਭਤੀਜੇ ਦਾ ਨਾਂਅ ਤਰਸੇਮ ਰੱਖੂੰਗੀ।’’ ਛੋਟੀ ਭੂਆ ਦੀ ਆਪਣੀ ਆਵਾਜ਼ ਸੀ, ‘‘ਨਹੀਂ.. ਨਹੀਂ... ਮੈਂ ਤਾਂ ਆਪਣੇ ਭਤੀਜੇ ਦਾ ਨਾਂਅ ਤਸਵੀਰ ਰੱਖਾਂਗੀ। ਬਿਲਕੁਲ ਮੇਰੇ ਭਤੀਜੇ ਵਰਗਾ ਹੈ ਇਹ ਨਾਮ।’’ ਨਾਵਾਂ ਦੇ ਇਸ ਸ਼ੋਰ ਵਿੱਚ ਚਾਚਾ ਵੀ ਆਪਣੀ ਨਾਅਰੇ ਵਰਗੀ ਆਵਾਜ਼ ਨਾਲ ਹਾਜ਼ਰ ਸੀ ਤੇ ਉਹ ਬੋਲਿਆ, ‘‘ਮੈਂ ਤਾਂ ਇਸ ਦਾ ਨਾਮ ਤੇਜਿੰਦਰ ਰੱਖਾਂਗਾ। ਮੇਰਾ ਦੋਸਤ ਤੇਜਿੰਦਰ ਹੈ ਤੇ ਉਹ ਹਾਕੀ ਦਾ ਬਹੁਤ ਹੀ ਚੋਟੀ ਦਾ ਖਿਡਾਰੀ ਵੀ। ਇਹ ਵੀ ਵੱਡਾ ਹੋ ਕੇ ਹਾਕੀ ਦਾ ਖਿਡਾਰੀ ਹੀ ਬਣੇਗਾ।’’ ਚਾਚੇ ਨੇ ਆਪਣੀ ਇਸ ਗੱਲ ਨਾਲ ਮੈਨੂੰ ਜੰਮਦੇ ਨੂੰ ਹੀ ਹਾਕੀ ਦਾ ਖਿਡਾਰੀ ਵੀ ਐਲਾਨ ਦਿੱਤਾ।
ਕਹਿੰਦੇ, ਹੋਰ ਤਾਂ ਕੋਈ ਬੋਲੇ ਨਾ ਪਰ ਇਨ੍ਹਾਂ ਤਿੰਨਾਂ ਨੇ ਹੀ ਸਾਰੇ ਘਰ ਨੂੰ ਸਿਰ ’ਤੇ ਚੁੱਕਿਆ ਹੋਇਆ ਸੀ। ਕੋਈ ਵੀ ਕਿਸੇ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ। ਮੇਰੀ ਮਾਂ ਤੇ ਦਾਦੀ ਇਸ ਰੌਲੇ ਰੱਪੇ ਨੂੰ ਮਾਣਦੀਆਂ ਹੋਈਆਂ ਖ਼ੁਸ਼ੀ ਨਾਲ ਨਿੰਮਾ ਨਿੰਮਾ ਮੁਸਕੁਰਾ ਰਹੀਆਂ ਸਨ। ਜਦੋਂ ਇਨ੍ਹਾਂ ਤਿੰਨਾਂ ’ਚੋਂ ਕੋਈ ਉਨ੍ਹਾਂ ਨੂੰ ਇਹ ਕਹਿੰਦਾ ਕਿ ‘ਤੁਸੀਂ ਵੀ ਕੁਝ ਬੋਲੋ’ ਤਾਂ ਉਨ੍ਹਾਂ ਕੋਲ ਮੁਸਕਰਾਉਣ ਤੋਂ ਬਿਨਾਂ ਹੋਰ ਕੋਈ ਚਾਰਾ ਨਾ ਹੁੰਦਾ।
ਪੂਰਾ ਦਿਨ ਘਰ ਵਿੱਚ ਇਹੋ ਸ਼ੋਰ ਪੈਂਦਾ ਰਿਹਾ। ਫਿਰ ਸ਼ਾਮ ਵੇਲੇ ਦਾਦਾ ਜੀ ਆਪਣੀ ਡਿਊਟੀ ਤੋਂ ਘਰ ਪਰਤੇ। ਮੇਰੇ ਦਾਦਾ ਜੀ ਇਲਾਕੇ ਦੇ ਪਟਵਾਰੀ ਸਨ ਤੇ ਇਲਾਕੇ ਵਿੱਚ ਉਨ੍ਹਾਂ ਦਾ ਪੂਰਾ ਨਾਮ ਬੋਲਦਾ ਸੀ, ਪੂਰੇ ਠਾਠ ਬਾਠ ਸੀ ਉਨ੍ਹਾਂ ਦੇ। ਸਾਡੇ ਘਰ ਆਪੋ ਆਪਣੇ ਕੰਮ ਕਰਵਾਉਣ ਵਾਲਿਆਂ ਦੀ ਭੀੜ ਜਿਹੀ ਲੱਗੀ ਰਹਿੰਦੀ ਸੀ ਤੇ ਚੁੱਲ੍ਹੇ ’ਤੇ ਚਾਹ ਦਾ ਪਤੀਲਾ ਹਰ ਵਕਤ ਹਾਜ਼ਰ ਹੀ ਰਹਿੰਦਾ। ਦਾਦਾ ਜੀ ਦੀ ਹਰ ਗੱਲ ਲੋਹੇ ’ਤੇ ਲੀਕ ਵਾਂਗ ਸੀ, ਹਰ ਕੋਈ ਉਨ੍ਹਾਂ ਦੀ ਗੱਲ ਨੂੰ ਸਤਿਬਚਨ ਕਹਿ ਕੇ ਪ੍ਰਵਾਨ ਕਰ ਲੈਂਦਾ। ਘਰ ਵੀ ਉਨ੍ਹਾਂ ਦਾ ਪੂਰਾ ਰੋਹਬ ਸੀ। ਜਦੋਂ ਉਹ ਘਰ ਦੀ ਦਹਿਲੀਜ਼ ਟੱਪਦੇ ਤਾਂ ਘਰ ਵਿੱਚ ਚੁੱਪ ਪਸਰ ਜਾਂਦੀ। ਭੂਆ ਤੇ ਚਾਚੇ ਆਪੋ ਆਪਣੀਆਂ ਕਿਤਾਬਾਂ ਲੈ ਕੇ ਬੈਠ ਜਾਂਦੇ। ਘਰ ਵੀ ਉਨ੍ਹਾਂ ਦੀ ਹਰ ਗੱਲ ਇਲਾਹੀ ਹੁਕਮ ਵਾਂਗ ਹੀ ਹੁੰਦੀ, ਕਿਸੇ ਦੀ ਕੀ ਤਾਕਤ ਕਿ ਉਨ੍ਹਾਂ ਦੀ ਗੱਲ ਨੂੰ ਕੋਈ ਕੱਟ ਜਾਵੇ!
ਰਾਤ ਦੀ ਰੋਟੀ ਖਾਂਦਿਆਂ ਪਹਿਲਾਂ ਤਾਂ ਸਾਰੇ ਚੁੱਪ ਚੁੱਪ ਰਹੇ। ਫਿਰ ਨਿੱਕੀ ਭੂਆ ਨੇ ਜੇਰਾ ਜਿਹਾ ਕਰਦਿਆਂ ਤੇ ਡਰਦਿਆਂ ਡਰਦਿਆਂ ਨਾਮ ਰੱਖਣ ਵਾਲੀ ਗੱਲ ਤੋਰ ਲਈ ਤੇ ਸਾਰਿਆਂ ਦੇ ਚਿਹਰੇ ’ਤੇ ਇੱਕ ਵੱਖਰੀ ਹੀ ਰੌਣਕ ਆ ਗਈ ਕਿ ਹੁਣ ਸਾਰੀ ਗੱਲ ਦਾ ਪਿਤਾ ਜੀ ਹੀ ਨਿਬੇੜਾ ਕਰਨਗੇ। ਦਾਦੀ ਨੇ ਉਨ੍ਹਾਂ ਨੂੰ ਦੱਸਿਆ ਕਿ ਇਨ੍ਹਾਂ ਨੇ ਬੱਚੇ ਦੇ ਅੱਡ ਅੱਡ ਨਾਮ ਰੱਖੇ ਨੇ ਤੇ ਹੁਣ ਤੁਸੀਂ ਦੱਸੋ ਕਿ ਤੁਹਾਨੂੰ ਇਨ੍ਹਾਂ ’ਚੋਂ ਕਿਹੜਾ ਨਾਮ ਪਸੰਦ ਹੈ। ਦਾਦਾ ਜੀ ਉਨ੍ਹਾਂ ਤਿੰਨਾਂ ਵੱਲ ਇਉਂ ਦੇਖਣ ਲੱਗ ਪਏ, ਜਿਵੇਂ ਕਹਿ ਰਹੇ ਹੋਣ, ‘ਦੱਸੋ ਭਾਈ ਤੁਸੀਂ ਕੀ ਕੀ ਸੱਪ ਕੱਢਿਐ!’ ਤਿੰਨੇ ਹੁੱਬ ਹੁੱਬ ਕੇ ਆਪੋ-ਆਪਣਾ ਰੱਖਿਆ ਨਾਮ ਇਸ ਆਸ ਨਾਲ ਪਿਤਾ ਜੀ ਨੂੰ ਦੱਸਣ ਲੱਗੇ ਕਿ ਦਾਦਾ ਜੀ ਉਨ੍ਹਾਂ ਦੇ ਸੋਚੇ ਨਾਮ ’ਤੇ ਹੀ ਆਪਣੀ ਪੱਕੀ ਮੋਹਰ ਲਾ ਦੇਣਗੇ ਪਰ ਇਹ ਉਨ੍ਹਾਂ ਦੀ ਆਸ ਦੇ ਜਵਾਂ ਹੀ ਉਲਟ ਸੀ। ਉਹ ਸਾਰਿਆਂ ਦੀ ਗੱਲ ਸੁਣਦੇ ਰਹੇ ਤੇ ਫਿਰ ਇਕਦਮ ਬੋਲੇ, ‘‘ਇਨ੍ਹਾਂ ਤਿੰਨਾਂ ਨਾਵਾਂ ’ਚੋਂ ਮੈਨੂੰ ਕੋਈ ਵੀ ਨਾਂ ਪਸੰਦ ਨਹੀਂ!’’ ਏਨਾ ਸੁਣਦਿਆਂ ਹੀ ਭੂਆ ਤੇ ਚਾਚਿਆਂ ਨੂੰ ਰੋਟੀ ਖਾਣੀ ਵੀ ਔਖੀ ਹੋ ਗਈ। ‘‘ਮੈਂ ਤਾਂ ਆਪਣੇ ਪੋਤੇ ਦਾ ਨਾਂ ਤਰਲੋਚਨ ਰੱਖਾਂਗਾ ਤਰਲੋਚਨ ਸਿੰਘ। ਭਲਿਓ! ਨਾਮ ਉਹ ਹੁੰਦਾ ਹੈ ਜਿਸ ਨਾਲ ਬੋਲਣ ਵਾਲੇ ਦਾ ਮੂੰਹ ਜਿਹਾ ਭਰ ਜਾਵੇ ਤੇ ਸੁਣਨ ਵਾਲੇ ਨੂੰ ਵੀ ਸਵਾਦ ਜਿਹਾ ਆ ਜਾਵੇ!’’ ਦਾਦਾ ਜੀ ਦਾ ਇਹ ਐਲਾਨ ਸੁਣ ਕੇ ਤਿੰਨਾਂ ਨੇ ਨੀਵੀਆਂ ਪਾ ਲਈਆਂ। ਇਸ ਤੋਂ ਬਿਨਾਂ ਉਨ੍ਹਾਂ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ। ਨਾਲੇ ਦਾਦਾ ਜੀ ਦੀ ਗੱਲ ਨੂੰ ਕਿਹੜਾ ਮਾਈ ਦਾ ਲਾਲ ਕੱਟ ਸਕਦਾ ਸੀ? ਇਸ ਦੇ ਨਾਲ ਹੀ ਮੇਰਾ ਨਾਮ ਤਰਲੋਚਨ ਸਿੰਘ ਪੱਕਾ ਹੋ ਗਿਆ। ਘਰ ਵਿੱਚ ਕੋਈ ਮੈਨੂੰ ਤਰਲੋਚਨ, ਕੋਈ ਲੋਚਨ ਤੇ ਕੋਈ ਲੋਚਾ ਕਹਿ ਕੇ ਆਵਾਜ਼ ਮਾਰਦਾ। ਪ੍ਰਾਇਮਰੀ ਸਕੂਲ ਵਿੱਚ ਪੜ੍ਹਦਿਆਂ ਦੋਸਤ ਮਿੱਤਰ ਲੋਚੀ ਲੋਚੀ ਕਹਿਣ ਲੱਗ ਪਏ ਤੇ ਮੈਨੂੰ ਵੀ ਇਹ ਨਾਮ ਚੰਗਾ ਚੰਗਾ ਲੱਗਣ ਲੱਗਿਆ। ਹੁਣ ਸਾਰਿਆਂ ਦੇ ਮੂੰਹ ’ਤੇ ਇਹੋ ਨਾਮ ਚੜ੍ਹਿਆ ਹੋਇਆ ਸੀ ਤੇ ਉਹ ਸਿਲਸਿਲਾ ਅੱਜ ਤੀਕ ਵੀ ਜਾਰੀ ਹੈ।
ਆਪਣੇ ਨਾਂ ਨਾਲ ਜੁੜੀ ਇੱਕ ਗੱਲ ਹੋਰ ਯਾਦ ਆ ਗਈ। ਕੁਝ ਸਮਾਂ ਪਹਿਲਾਂ ਇੱਕ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਮੌਕੇ ਗੁਰਦੁਆਰਾ ਸਾਹਿਬ ਗਏ ਤਾਂ ਉੱਥੋਂ ਦੇ ਭਾਈ ਸਾਹਿਬ, ਜੋ ਮੇਰੀਆਂ ਕਵਿਤਾਵਾਂ ਤੇ ਗ਼ਜ਼ਲਾਂ ਨੂੰ ਬਹੁਤ ਪਸੰਦ ਕਰਦੇ ਨੇ ਤੇ ਆਪਣੇ ਪ੍ਰਵਚਨਾਂ ਵਿੱਚ ਵੀ ਕਦੇ ਕਦੇ ਸ਼ਿਅਰ ਬੋਲਦੇ ਰਹਿੰਦੇ ਨੇ, ਉਸ ਦਿਨ ਪਤਾ ਨਹੀਂ ਉਨ੍ਹਾਂ ਨੂੰ ਕੀ ਹੋਇਆ। ਉਹ ਇਕਦਮ ਮੈਨੂੰ ਆਵਾਜ਼ ਮਾਰ ਕੇ ਕਹਿਣ ਲੱਗੇ, ‘‘ਇੱਕ ਮਿੰਟ ਰੁਕਿਓ, ਮੇਰੀ ਗੱਲ ਸੁਣ ਕੇ ਜਾਇਓ!’’ ਤੇ ਮੈਂ ਉੱਥੇ ਹੀ ਰੁਕ ਗਿਆ। ਉਹ ਮੇਰੇ ਨੇੜੇ ਆ ਕੇ ਹੌਲੀ ਜਿਹੀ ਕਹਿਣ ਲੱਗੇ, ‘‘ਮੈਂ ਤੁਹਾਡੇ ਨਾਲ ਕਈ ਦਿਨਾਂ ਤੋਂ ਇੱਕ ਗੱਲ ਕਰਨੀ ਚਾਹੁੰਦਾ ਸਾਂ। ਚਲੋ, ਅੱਜ ਉਹ ਕਰ ਹੀ ਲੈਂਦਾ ਹਾਂ।’’ ਫਿਰ ਕਹਿਣ ਲੱਗੇ, ‘‘ਤੁਸੀਂ ਬਹੁਤ ਹੀ ਵਧੀਆ ਇਨਸਾਨ ਹੋ, ਬਹੁਤ ਹੀ ਪਿਆਰੇ ਕਵੀ ਹੋ, ਬਸ ਇੱਕੋ ਹੀ ਕਮੀ ਹੈ!’’ ਉਨ੍ਹਾਂ ਦੇ ਇਹ ਬੋਲ ਸੁਣ ਕੇ ਮੈਂ ਹੈਰਾਨ ਹੋਇਆ ਉਨ੍ਹਾਂ ਦੇ ਮੂੰਹ ਵੱਲ ਦੇਖਣ ਲੱਗਿਆ ਤੇ ਉਹ ਫਿਰ ਦੁਬਾਰਾ ਬੋਲੇ, ‘‘ਤੂੰ ਸਿੱਖਾਂ ਸਰਦਾਰਾਂ ਦਾ ਮੁੰਡਾ ਏਂ ਪਰ ਆਪਣੇ ਨਾਮ ਨਾਲ ‘ਸਿੰਘ’ ਨਹੀਂ ਲਾਉਂਦਾ। ਸਿਰਫ਼ ਤ੍ਰੈਲੋਚਨ ਲੋਚੀ ਹੀ ਲਿਖਦਾ ਏਂ ਤੂੰ। ਆਪਣਾ ਪੂਰਾ ਨਾਮ ਲਿਖਿਆ ਕਰ ਤ੍ਰੈਲੋਚਨ ਸਿੰਘ ਲੋਚੀ।’’
ਭਾਈ ਸਾਹਿਬ ਦੇ ਇਨ੍ਹਾਂ ਬੋਲਾਂ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਤੇ ਮੈਂ ਸਿਰ ਹਿਲਾਉਂਦਾ ਹਿਲਾਉਂਦਾ ਬਾਹਰ ਨੂੰ ਤੁਰ ਪਿਆ ਤੇ ਸਿਆਣਿਆਂ ਦਾ ਇੱਕ ਕਥਨ ਵੀ ਮੇਰੇ ਨਾਲ ਨਾਲ ਹੋ ਤੁਰਿਆ ਕਿ ‘ਨਾਂ ਵਿੱਚ ਕੀ ਰੱਖਿਆ’ ਤੇ ਇੱਕ ਹੋਰ ਪੁਰਖੇ ਦੇ ਬੋਲ ਯਾਦ ਆਏ ਕਿ ਬੰਦੇ ਦਾ ਕਿਰਦਾਰ, ਨੀਅਤ ਤੇ ਕੰਮ ਹੀ ਸੋਹਣੇ ਹੋਣੇ ਚਾਹੀਦੇ ਨੇ, ਨਾਮ ਤਾਂ ਫਿਰ ਆਪਣੇ ਆਪ ਹੀ ਸੋਹਣੇ ਬਣ ਜਾਂਦੇ ਨੇ।
ਸੰਪਰਕ: 98142-53315