DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੀ ਨਾਂ ਦਿਆਂ ਇਸ ਬਾਤ ਨੂੰ!

ਚਰਨਜੀਤ ਸਿੰਘ ਰਾਜੌਰ ਕਥਾ ਪ੍ਰਵਾਹ ਘਰ ਵਿੱਚ ਸੋਗ ਦਾ ਮਾਹੌਲ ਹੈ। ਹਰ ਕੋਈ ਚੁੱਪਚਾਪ ਇਕੱਲਾ-ਇਕੱਲਾ ਬੈਠਾ ਹੈ। ਕੱਲ੍ਹ ਰਾਤ ਤੱਕ ਤਾਂ ਸਭ ਠੀਕ-ਠਾਕ ਸੀ। ਫਿਰ ਸਵੇਰ ਹੁੰਦਿਆਂ ਕੀ ਹੋ ਗਿਆ। ਅਜੇ ਕੱਲ੍ਹ ਸਰਦ ਰਾਤ ਦੇ ਹਨੇਰੇ ਵਿੱਚ ਕੋਈ ਪਰਛਾਵਾਂ ਮੇਰੀਆਂ...
  • fb
  • twitter
  • whatsapp
  • whatsapp
Advertisement

ਚਰਨਜੀਤ ਸਿੰਘ ਰਾਜੌਰ

ਕਥਾ ਪ੍ਰਵਾਹ

Advertisement

ਘਰ ਵਿੱਚ ਸੋਗ ਦਾ ਮਾਹੌਲ ਹੈ। ਹਰ ਕੋਈ ਚੁੱਪਚਾਪ ਇਕੱਲਾ-ਇਕੱਲਾ ਬੈਠਾ ਹੈ। ਕੱਲ੍ਹ ਰਾਤ ਤੱਕ ਤਾਂ ਸਭ ਠੀਕ-ਠਾਕ ਸੀ। ਫਿਰ ਸਵੇਰ ਹੁੰਦਿਆਂ ਕੀ ਹੋ ਗਿਆ। ਅਜੇ ਕੱਲ੍ਹ ਸਰਦ ਰਾਤ ਦੇ ਹਨੇਰੇ ਵਿੱਚ ਕੋਈ ਪਰਛਾਵਾਂ ਮੇਰੀਆਂ ਅੱਖਾਂ ਅੱਗੇ ਚਹਿਲਕਦਮੀ ਕਰਦਿਆਂ ਪਿੱਛੇ ਨੂੰ ਮੁੜ ਗਿਆ। ਮੈਂ ਕਾਹਲੀ ਵਿੱਚ ਕੰਬਲ ਵਿੱਚੋਂ ਮੂੰਹ ਕੱਢਿਆ ਤਾਂ ਇਹ ਚਹਿਲਕਦਮੀ ਹੁਣ ਸ਼ਾਂਤ ਹੋ ਗਈ ਸੀ, ਸ਼ਾਇਦ ਉਹ ਮੈਨੂੰ ਮਿਲਣ ਆਇਆ ਸੀ। ਮੈਂ ਕਿਉਂ ਇਹ ਮਹਿਸੂਸ ਕਰ ਰਹੀ ਹਾਂ? ਮੈਨੂੰ ਕਿਉਂ ਵਾਰ-ਵਾਰ ਇਹ ਲੱਗਦਾ ਹੈ ਕਿ ਉਹ ਮੈਨੂੰ ਮਿਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੇਰੇ ਨਾਲ ਜਮਾਤ ਵਿੱਚ ਪੜ੍ਹਦਾ ਮਨਜੋਤ ਵਿਹੜੇ ਵਾਲਿਆਂ ਦਾ ਮੁੰਡਾ ਸੀ। ਪੜ੍ਹਨ ਵਿੱਚ ਬਹੁਤ ਹੁਸ਼ਿਆਰ ਮਨਜੋਤ ਛੋਟੇ ਹੁੰਦਿਆਂ ਹੀ ਮਾਂ ਮਹਿੱਟਰ ਹੋ ਚੁੱਕਿਆ ਸੀ। ਪਿਤਾ ਸ਼ਰਾਬ ਦਾ ਆਦੀ, ਮਾਂ ਨਾਲ ਰੋਜ਼ ਲੜਦਾ-ਝਗੜਦਾ ਅਤੇ ਕੁੱਟਮਾਰ ਕਰਦਾ। ਇੱਕ ਦਿਨ ਇਸੇ ਲੜਾਈ ਨੇ ਮਾਂ ਨੂੰ ਮਨਜੋਤ ਤੋਂ ਹਮੇਸ਼ਾ-ਹਮੇਸ਼ਾ ਲਈ ਖੋਹ ਲਿਆ।

ਛੋਟੇ ਹੁੰਦਿਆਂ ਮੇਰੀ ਮਾਂ ਅਤੇ ਚਾਚੀ ਤੋਂ ਅਕਸਰ ਮੈਂ ਇਹ ਗੱਲਾਂ ਸੁਣਦੀ। ਬਸ ਉਦੋਂ ਤੋਂ ਹੀ ਮੇਰੇ ਮਨ ਵਿੱਚ ਮਨਜੋਤ ਲਈ ਇੱਕ ਅਲੱਗ ਥਾਂ ਬਣ ਗਈ। ਉਹ ਮੇਰੇ ਲਈ ਤਰਸ ਦਾ ਪਾਤਰ ਹੁੰਦਿਆਂ ਪਤਾ ਹੀ ਨਾ ਲੱਗਾ ਕਦੋਂ ਦਿਲ ਵਿੱਚ ਵੱਸ ਗਿਆ। ਪੜ੍ਹਨ ਵਿੱਚ ਤਾਂ ਮਨਜੋਤ ਹੁਸ਼ਿਆਰ ਹੀ ਸੀ ਸਗੋਂ ਦਿੱਖ ਪੱਖੋਂ ਵੀ ਸੋਹਣਾ-ਸੁਨੱਖਾ ਸੀ। ਮਨਜੋਤ ਹਮੇਸ਼ਾ ਜਮਾਤ ਵਿੱਚ ਪਹਿਲੇ ਨੰਬਰ ’ਤੇ ਆਉਂਦਾ। ਮੈਂ ਇਹ ਸੋਚ-ਸੋਚ ਬੜੀ ਹੈਰਾਨ ਹੁੰਦੀ ਕਿ ਉਨ੍ਹਾਂ ਦਾ ਇੱਕ ਕਮਰੇ ਵਾਲਾ ਘਰ ਕੱਚਾ ਸੀ ਅਤੇ ਬਰਸਾਤ ਦੇ ਦਿਨਾਂ ਵਿੱਚ ਚੋਂਦਾ ਵੀ ਸੀ, ਬਿਨਾਂ ਦਰਵਾਜ਼ੇ ਤੋਂ ਪੋਹ-ਮਾਘ ਦੀ ਠੰਢ ਅਤੇ ਬਿਨਾਂ ਪੱਖੇ ਤੋਂ ਜੇਠ-ਹਾੜ ਦੀ ਗਰਮੀ ਵਿੱਚ ਮਤਰੇਈ ਮਾਂ ਵੱਲੋਂ ਰੋਜ਼ ਦੀ ਕੁੱਟ, ਖਾਣ ਨੂੰ ਰੋਟੀ ਨਾ ਦੇਣ, ਘਰ ਦਾ ਸਾਰਾ ਕੰਮ ਕਰਾਉਣ ਦੇ ਬਾਵਜੂਦ ਮਨਜੋਤ ਪੜ੍ਹਨ ਵਿੱਚ ਏਨਾ ਹੁਸ਼ਿਆਰ ਕਿਵੇਂ ਸੀ। ਕਈ ਵਾਰ ਮੈਨੂੰ ਮਨਜੋਤ ਤੋਂ ਈਰਖਾ ਵੀ ਹੁੰਦੀ ਕਿਉਂਕਿ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਵੀ ਲਗਾਤਾਰ ਕਈ ਸਾਲਾਂ ਤੋਂ ਮੈਂ ਜਮਾਤ ਵਿੱਚ ਦੂਜੇ ਨੰਬਰ ’ਤੇ ਹੀ ਆ ਰਹੀ ਸੀ। ਕਈ ਵਾਰ ਜਮਾਤ ਵਿੱਚ ਮਨਜੋਤ ਨੂੰ ਵੇਖ ਕੇ ਮੇਰਾ ਰੋਣਾ ਵੀ ਨਿਕਲ ਆਉਂਦਾ। ਕੜਾਕੇ ਦੀ ਠੰਢ ਵਿੱਚ ਵੀ ਸਿਰਫ਼ ਪੈਂਟ-ਕਮੀਜ਼ ਅਤੇ ਚੱਪਲਾਂ ਵਿੱਚ ਉਸ ਨੂੰ ਵੇਖ ਕੇ ਮੈਨੂੰ ਕਾਂਬਾ ਛਿੜ ਜਾਂਦਾ। ਕਈ ਵਾਰ ਉਸ ਦੇ ਮੂੰਹ ਅਤੇ ਹੱਥਾਂ ’ਤੇ ਜ਼ਖ਼ਮ ਹੋਏ ਹੁੰਦੇੇ ਕਈ ਵਾਰ ਮਤਰੇਈ ਮਾਂ ਨੇ ਭੁੱਖਾ ਹੀ ਉਸ ਨੂੰ ਘਰੋਂ ਤੋਰ ਦੇਣਾ ਪਰ ਮਨਜੋਤ ਸਭ ਨੂੰ ਹੱਸ ਕੇ ਹੀ ਮਿਲਦਾ।

ਜਿਵੇਂ ਉਸ ਨੂੰ ਮਤਰੇਈ ਮਾਂ ਤੋਂ ਕੋਈ ਪ੍ਰੇਸ਼ਾਨੀ ਹੀ ਨਹੀਂ ਸੀ ਪਰ ਸਾਰਾ ਪਿੰਡ ਜਾਣਦਾ ਸੀ ਕਿ ਰਾਣੀ ਮਨਜੋਤ ਨਾਲ ਕਿਹੋ ਜਿਹਾ ਵਰਤਾਅ ਕਰਦੀ ਸੀ। ਉਂਝ ਤਾਂ ਮਨਜੋਤ ਦਾ ਪਿਓ ਸ਼ਿੰਦਾ ਸਾਡੇ ਸੀਰੀ ਰਲਿਆ ਹੋਇਆ ਸੀ ਪਰ ਉਹ ਨਸ਼ੇ ਦਾ ਆਦੀ ਸੀ। ਇਸ ਲਈ ਪਿਤਾ ਜੀ ਉਸ ਨੂੰ ਘਰ ਵਿੱਚ ਘੱਟ ਹੀ ਵਾੜਦੇ ਅਤੇ ਖੇਤਾਂ ਵਿੱਚ ਹੀ ਕੰਮ ਲਾਈ ਰੱਖਦੇ। ਗੋਹੇ-ਕੂੜੇ ਦਾ ਕੰਮ ਕਦੇ ਰਾਣੀ ਅਤੇ ਕਦੇ ਮਨਜੋਤ ਆ ਕੇ ਕਰ ਜਾਂਦਾ। ਉਦੋਂ ਕਈ ਵਾਰ ਤਾਂ ਮਨਜੋਤ ਮੈਨੂੰ ਸਰ੍ਹੋਂ ਦੇ ਉਸ ਫੁੱਲ ਵਰਗਾ ਲੱਗਦਾ ਜਿਸ ਨੂੰ ਹਿੱਕ ਨਾਲ ਲਾਉਣ ਨੂੰ ਦਿਲ ਕਰਦਾ, ਪਰ ਫਿਰ ਮਨਜੋਤ ਮੈਨੂੰ ਕੰਢਿਆਂ ਵਿੱਚ ਖਿੜੇ ਗੁਲਾਬ ਵਰਗਾ ਲੱਗਣ ਲਗਦਾ, ਜਿਸ ਨੂੰ ਤੋੜ ਕੇ ਆਪਣੇ ਕੋਲ ਸਾਂਭ ਕੇ ਰੱਖਣ ਨੂੰ ਦਿਲ ਤਾਂ ਕਰਦਾ ਪਰ ਹਰ ਵਾਰੀ ਕੰਢਿਆਂ ਵੱਲ ਵੇਖ ਕੇ ਰੂਹ ਕੰਬ ਉੱਠਦੀ। ਮਨਜੋਤ ਬਾਰੇ ਸੋਚਣਾ ਮੈਨੂੰ ਪਹੁ ਫੁਟਾਲੇ ਤੋਂ ਪਹਿਲਾਂ ਦੀ ਲਾਲੀ ਵਰਗਾ ਲਗਦਾ-ਲਗਦਾ ਅਚਾਨਕ ਢਲਦੇ ਸੂਰਜ ਤੋਂ ਬਾਅਦ ਹੋਏ ਘੁੱਪ ਹਨੇਰੇ ਵਰਗਾ ਲੱਗਣ ਲੱਗਦਾ।

ਪੜ੍ਹਦੇ-ਪੜ੍ਹਦੇ ਅਕਸਰ ਮੈਨੂੰ ਉਸ ਦਾ ਖ਼ਿਆਲ ਆ ਜਾਂਦਾ ਤੇ ਮੈਂ ਉਸ ਖ਼ਿਆਲ ਨੂੰ ਲੈ ਕੇ ਬਹੁਤ ਦੂਰ ਤੱਕ ਦੇ ਸੁਪਨੇ ਲੈਣ ਲੱਗਦੀ। ਲੱਗਦਾ ਸੀ ਕਿ ਮਨਜੋਤ ਪੜ੍ਹ-ਲਿਖ ਕੇ ਚੰਗਾ ਅਫ਼ਸਰ ਬਣ ਜਾਵੇ ਤਾਂ ਫਿਰ ਖੌਰੇ ਕੋਈ ਉਮੀਦ ਜਾਗ ਜਾਵੇ। ਇੱਥੇ ਪਹੁੰਚਦਿਆਂ ਅਕਸਰ ਮੇਰਾ ਖ਼ੁਆਬ ਟੁੱਟ ਜਾਂਦਾ ਅਤੇ ਮੈਂ ਹੜਬੜਾ ਕੇ ਫਿਰ ਪੜ੍ਹਨ ਬੈਠ ਜਾਂਦੀ। ਦਸਵੀਂ ਜਮਾਤ ਬੋਰਡ ਦੀ ਸੀ। ਸ਼ਹਿਰ ਦੇ ਸਕੂਲ ਵਿੱਚ ਪ੍ਰੀਖਿਆ ਕੇਂਦਰ ਬਣਿਆ ਸੀ। ਮੈਨੂੰ ਕਦੇ ਵੀਰਾ ਤੇ ਕਦੇ ਪਿਤਾ ਜੀ ਪੇਪਰ ਦੇਣ ਲਈ ਲੈ ਜਾਂਦੇ। ਰਸਤੇ ਵਿੱਚ ਬਾਕੀ ਵਿਦਿਆਰਥੀ ਸਾਈਕਲਾਂ ’ਤੇ ਸ਼ਰਾਰਤਾਂ ਕਰਦੇ ਜਾ ਰਹੇ ਹੁੰਦੇ ਪਰ ਉਹ ਤੁਰ ਕੇ ਹੀ ਜਾਂਦਿਆਂ ਸਕੂਲ ਦੇ ਨਜ਼ਦੀਕ ਰੋਜ਼ ਸਾਨੂੰ ਮਿਲਦਾ। ਜਿੱਥੇ ਨਾਲ ਦੇ ਵਿਦਿਆਰਥੀ ਉਸ ਨੂੰ ਟਿੱਚਰਾਂ ਕਰਦੇ, ਉੱਥੇ ਮੇਰੇ ਪਿਤਾ ਜੀ ਉਸ ਵਿਚਾਰੇ ਦੀ ਲਾਚਾਰੀ ਦਾ ਜ਼ਿਕਰ ਕਰਕੇ ਚੁੱਪ ਕਰ ਜਾਂਦੇ। ਮੈਂ ਉਨ੍ਹਾਂ ਦੀ ਕਿਸੇ ਗੱਲ ਦਾ ਕੋਈ ਹੁੰਗਾਰਾ ਨਾ ਭਰਦੀ। ਪਰ ਮੈਨੂੰ ਉਦੋਂ ਬਹੁਤ ਗੁੱਸਾ ਆਉਂਦਾ ਜਦੋਂ ਵੀਰਾ ਉਸ ਨੂੰ ਉਸ ਦੀ ਜਾਤੀ ਦਾ ਨਾਂ ਲੈ ਕੇ ਗਾਲ੍ਹਾਂ ਕੱਢਦਾ ਤੇ ਉਸ ਕੋਲੋਂ ਗੱਡੀ ਤੇਜ਼ ਕੱਢ ਕੇ ਲੈ ਕੇ ਜਾਂਦਾ। ਮੈਂ ਡਰ ਜਾਂਦੀ ਕਿ ਵੀਰੇ ਨੂੰ ਕਿਸੇ ਗੱਲ ਦਾ ਕੋਈ ਸ਼ੱਕ ਤਾਂ ਨਹੀਂ। ਪਰ ਫਿਰ ਸੋਚਦੀ ਕਿ ਵੀਰੇ ਦੀ ਤਾਂ ਇਹ ਆਦਤ ਹੀ ਸੀ, ਘਰ ਆਏ ਕਿਸੇ ਵੀ ਗ਼ਰੀਬ-ਗੁਰਬੇ ਨਾਲ ਉਹ ਠੀਕ ਵਰਤਾਅ ਨਹੀਂ ਸੀ ਕਰਦਾ। ਪਿਤਾ ਜੀ ਦੇ ਕਈ ਵਾਰ ਸਮਝਾਉਣ ’ਤੇ ਵੀ ਵੀਰੇ ਨੇ ਆਪਣਾ ਸੁਭਾਅ ਨਹੀਂ ਸੀ ਬਦਲਿਆ। ਦਸਵੀਂ ਦੇ ਪੇਪਰ ਨਿਬੜੇ ਤਾਂ ਮਨਜੋਤ ਸ਼ਹਿਰ ਗੱਡੀਆਂ ਦਾ ਕੰਮ ਸਿੱਖਣ ਲੱਗਿਆ। ਦੋ ਮਹੀਨੇ ਬਾਅਦ ਨਤੀਜਾ ਆਇਆ ਤਾਂ ਨਤੀਜੇ ਨੇ ਸਭ ਨੂੰ ਹੈਰਾਨ ਅਤੇ ਪੱਬਾਂ ਭਾਰ ਕਰ ਦਿੱਤਾ। ਮਨਜੋਤ ਜਮਾਤ, ਸਕੂਲ ਜਾਂ ਜ਼ਿਲ੍ਹੇ ਵਿੱਚੋਂ ਹੀ ਨਹੀਂ ਸਗੋਂ ਪੂਰੇ ਸੂਬੇ ਵਿੱਚ ਪਹਿਲੇ ਨੰਬਰ ’ਤੇ ਆਇਆ ਸੀ। ਇਹ ਗੱਲ ਜੰਗਲ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ। ਮਨਜੋਤ ਦੇ ਘਰ ਲੋਕਾਂ ਦਾ ਤਾਂਤਾ ਲੱਗ ਗਿਆ। ਸ਼ਿੰਦੇ ਨੇ ਖ਼ੁਸ਼ੀ ਵਿੱਚ ਏਨੀ ਸ਼ਰਾਬ ਪੀ ਲਈ ਸੀ ਕਿ ਉਸ ਨੂੰ ਆਪਣਾ ਕੋਈ ਹੋਸ਼ ਨਹੀਂ ਸੀ। ਓਧਰ ਰਾਣੀ ਦੀ ਤਾਂ ਜਿਵੇਂ ਮਾਂ ਹੀ ਮਰ ਗਈ ਹੋਵੇ, ਆਪਣੇ ਘਰ ਰੱਖਿਆ ਰਾਣੀ ਦਾ ਭਾਣਜਾ ਜਿਹੜਾ ਸ਼ਹਿਰ ਦੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਦਾ ਸੀ ਸਾਰੇ ਪੇਪਰਾਂ ਵਿੱਚੋਂ ਫੇਲ ਹੋ ਗਿਆ। ਇਨ੍ਹਾਂ ਸਭ ਗੱਲਾਂ ਤੋਂ ਅਣਜਾਣ ਮਨਜੋਤ ਹਨੇਰੇ ਹੋਏ ਕੰਮ ਤੋਂ ਘਰ ਆਇਆ ਤਾਂ ਰਾਣੀ ਅਤੇ ਉਸ ਦੇ ਭਾਣਜੇ ਬਿੱਟੂ ਨੇ ਮਨਜੋਤ ਨੂੰ ਕਮਰੇ ਵਿੱਚ ਲਿਜਾ ਕੇ ਉਸ ਦਾ ਚੰਗਾ ਕੁਟਾਪਾ ਚਾੜ੍ਹਿਆ ਅਤੇ ਨਕਲ ਮਾਰ ਕੇ ਪਾਸ ਹੋਣ ਦੇ ਇਲਜ਼ਾਮ ਉਸ ’ਤੇ ਲਾਉਣ ਲੱਗੇ। ਆਂਢ-ਗੁਆਂਢ ਦੇ ਸਭ ਲੋਕ ਇਹ ਵੇਖ ਕੇ ਬਹੁਤ ਨਿਰਾਸ਼ ਹੋ ਰਹੇ ਸਨ ਪਰ ਉਹ ਵਿਚਾਰੇ ਲੜਾਕੂ ਰਾਣੀ ਦੇ ਡਰੋਂ ਬੋਲ ਵੀ ਕੁਝ ਨਹੀਂ ਸਨ ਸਕਦੇ। ਉਸ ਰਾਤ ਮਨਜੋਤ ਰੋਂਦਾ-ਰੋਂਦਾ ਭੁੱਖਾ ਹੀ ਸੌਂ ਗਿਆ। ਸਵੇਰ ਹੋਈ ਤਾਂ ਮਨਜੋਤ ਬਿਨਾਂ ਨਾਹਤੇ-ਧੋਤੇ, ਬਿਨਾਂ ਕੁਝ ਖਾਧੇ-ਪੀਤੇ ਸੂਰਜ ਨਿਕਲਣ ਤੋਂ ਪਹਿਲਾਂ ਹੀ ਘਰੋਂ ਨਿਕਲ ਗਿਆ। ਤੁਰਦਾ-ਤੁਰਦਾ ਉਹ ਸ਼ਹਿਰ ਪਹੁੰਚਿਆ ਤਾਂ ਦਿਨ ਨਿਕਲ ਚੁੱਕਾ ਸੀ। ਦੁਕਾਨ ਮੂਹਰੇ ਝਾੜੂ ਮਾਰਦੇ ਮਨਜੋਤ ਨੂੰ ਮਾਸਟਰ ਕਿਸ਼ੋਰੀ ਲਾਲ ਜੀ ਨੇ ਜੋਤ ਕਹਿ ਕੇ ਆਵਾਜ਼ ਮਾਰੀ ਤਾਂ ਉਹ ਹਰ ਵਾਰ ਦੀ ਤਰ੍ਹਾਂ ਬਹੁਤ ਖ਼ੁਸ਼ ਹੋ ਕੇ ਉਨ੍ਹਾਂ ਨੂੰ ਮਿਲਿਆ। ਮਨਜੋਤ ਨੇ ਮਾਸਟਰ ਜੀ ਦੇ ਪੈਰੀਂ ਹੱਥ ਲਾਏ ਤਾਂ ਉਸ ਦੀ ਹਾਲਤ ਵੇਖ ਕੇ ਮਾਸਟਰ ਜੀ ਦਾ ਦਿਲ ਭਰ ਆਇਆ। ਜਦੋਂ ਮਾਸਟਰ ਜੀ ਨੇ ਮਨਜੋਤ ਅਤੇ ਉਸ ਦੇ ਉਸਤਾਦ ਨੂੰ ਮਨਜੋਤ ਦੇ ਪੂਰੇ ਸੂਬੇ ਵਿੱਚ ਪਹਿਲੇ ਨੰਬਰ ’ਤੇ ਆਉਣ ਵਾਲੀ ਗੱਲ ਦੱਸੀ ਤਾਂ ਮਨਜੋਤ ਦਾ ਉਸਤਾਦ ਬਹੁਤ ਖੁਸ਼ ਹੋਇਆ ਪਰ ਮਨਜੋਤ ਨੂੰ ਇਸ ਗੱਲ ਦਾ ਬਹੁਤਾ ਫ਼ਰਕ ਨਾ ਪਿਆ। ਉਹ ਝਾੜੂ ਚੁੱਕ ਕੇ ਮੁੜ ਸਫ਼ਾਈ ਕਰਨ ਲੱਗ ਪਿਆ। ਇਹ ਵੇਖ ਕੇ ਮਾਸਟਰ ਜੀ ਅਤੇ ਉਸਤਾਦ ਉਸ ਦੇ ਤਾਜ਼ੇ ਜ਼ਖ਼ਮਾਂ ਅਤੇ ਪਾਟੇ ਕੱਪੜਿਆਂ ਵੱਲ ਵੇਖ ਕੇ ਸਭ ਸਮਝਦਿਆਂ ਮਾਯੂਸ ਹੋ ਗਏ। ਸਾਰੇ ਸ਼ਹਿਰ ਅਤੇ ਪਿੰਡ ਲਈ ਇਹ ਬਹੁਤ ਮਾਣ ਵਾਲੀ ਗੱਲ ਸੀ ਪਰ ਮਨਜੋਤ ਨੇ ਇਸ ਗੱਲ ਵੱਲ ਬਹੁਤਾ ਧਿਆਨ ਨਾ ਦਿੱਤਾ। ਕੁਝ ਸਮਾਂ ਲੰਘਣ ਤੋਂ ਬਾਅਦ ਸਭ ਇਹ ਗੱਲ ਭੁੱਲ ਗਏ। ਹਾਂ, ਮੈਂ ਜ਼ਿਲ੍ਹੇ ਵਿੱਚ ਅਤੇ ਆਪਣੇ ਸਕੂਲ ਵਿੱਚ ਦੂਜੇ ਨੰਬਰ ’ਤੇ ਆਈ ਸਾਂ, ਜਿਸ ਦਾ ਮੇਰੇ ਪਿਤਾ ਜੀ ਨੇ ਮਜ਼ਾਕ ਅਤੇ ਮੇਰੇ ਵੀਰੇ ਨੇ ਗੁੱਸਾ ਮਨਾਇਆ ਸੀ। ਉਨ੍ਹਾਂ ਨੂੰ ਸ਼ਾਇਦ ਮੇਰੀ ਦੂਜੀ ਪੁਜ਼ੀਸ਼ਨ ਦੀ ਏਨੀ ਖ਼ੁਸ਼ੀ ਨਹੀਂ ਸੀ ਜਿੰਨਾ ਮਨਜੋਤ ਦੇ ਅੱਵਲ ਆਉਣ ’ਤੇ ਗੁੱਸਾ ਸੀ। ਵੀਰੇ ਨੇ ਮਨਜੋਤ ਦੀ ਜਾਤ ਦਾ ਨਾਂ ਲੈ ਕੇ ਉਸ ਨੂੰ ਬਹੁਤ ਗਾਲ੍ਹਾਂ ਕੱਢੀਆਂ। ਇਸ ਵਾਰ ਮਾਂ ਜਾਂ ਪਿਤਾ ਜੀ ਨੇ ਵੀ ਵੀਰੇ ਨੂੰ ਇਹ ਸਭ ਕਰਨ ’ਤੇ ਬਿਲਕੁਲ ਨਾ ਝਿੜਕਿਆ। ਦਿਨ ਲੰਘਦੇ ਗਏ। ਮੈਂ ਹੁਣ ਗਿਆਰਵੀਂ ਜਮਾਤ ਵਿੱਚ ਦਾਖਲਾ ਲੈਣਾ ਸੀ। ਪਿੰਡ ਵਾਲਾ ਸਕੂਲ ਸਿਰਫ਼ ਦਸਵੀਂ ਜਮਾਤ ਤੱਕ ਦਾ ਸੀ। ਇਸ ਲਈ ਪਿਤਾ ਜੀ ਮੇਰਾ ਦਾਖਲਾ ਸ਼ਹਿਰ ਦੇ ਸਰਕਾਰੀ ਸਕੂਲ ਵਿੱਚ ਮੈਡੀਕਲ ਵਿੱਚ ਕਰਵਾ ਆਏ ਕਿਉਂਕਿ ਉਨ੍ਹਾਂ ਦਾ ਸੁਪਨਾ ਮੈਨੂੰ ਡਾਕਟਰ ਬਣਾਉਣ ਦਾ ਸੀ ਅਤੇ ਮੇਰਾ ਵੀ ਇਹੋ ਸੁਪਨਾ ਸੀ। ਪਿਤਾ ਜੀ ਨੇ ਮੈਨੂੰ ਸਕੂਲ ਛੱਡਣ ਅਤੇ ਘਰ ਆਉਣ ਲਈ ਰਿਕਸ਼ਾ ਲਵਾ ਦਿੱਤਾ ਸੀ, ਜਿਸ ਵਿੱਚ ਅਸੀਂ ਪਿੰਡ ਦੀਆਂ ਤਿੰਨ ਕੁੜੀਆਂ ਇਕੱਠੀਆਂ ਜਾਂਦੀਆਂ। ਮੈਂ ਬਹੁਤ ਆਸ ਨਾਲ ਅੱਜ ਤਿਆਰ ਹੋ ਕੇ ਸਕੂਲ ਜਾਣ ਲਈ ਨਿਕਲੀ ਕਿ ਅੱਜ ਮਨਜੋਤ ਨਾਲ ਰੱਜ ਕੇ ਗੱਲਾਂ ਕਰਾਂਗੀ ਕਿਉਂਕਿ ਉੱਥੇ ਸਾਨੂੰ ਜਾਨਣ ਵਾਲਾ ਕੋਈ ਨਹੀਂ ਹੋਵੇਗਾ। ਅੱਜ ਗੱਲਾਂ-ਗੱਲਾਂ ਵਿੱਚ ਉਸ ਅੱਗੇ ਆਪਣੇ ਪਿਆਰ ਦਾ ਇਜ਼ਹਾਰ ਵੀ ਕਰ ਦਿਆਂਗੀ। ਮੈਨੂੰ ਸੀ ਕਿ ਮੈਂ ਦੂਜੇ ਨੰਬਰ ’ਤੇ ਆਈ ਹਾਂ ਤੇ ਮੈਡੀਕਲ ਲਿਆ ਹੈ, ਫਿਰ ਮਨਜੋਤ ਤਾਂ ਪਹਿਲੇ ਨੰਬਰ ’ਤੇ ਆਇਆ ਹੈ ਉਸ ਨੇ ਵੀ ਮੈਡੀਕਲ ਹੀ ਲਿਆ ਹੋਵੇਗਾ। ਮੈਂ ਰਾਹ ਵਿੱਚ ਸੋਚਦੀ-ਸੋਚਦੀ ਉੱਥੇ ਪਹੁੰਚ ਗਈ ਜਿਸ ਹਸਪਤਾਲ ਵਿੱਚ ਮੈਂ ਤੇ ਮਨਜੋਤ ਡਾਕਟਰ ਹਾਂ ਅਤੇ ਅਸੀਂ ਇਕੱਠੇ ਹੀ ਗੱਡੀ ਵਿੱਚ ਪਿੰਡੋਂ ਹਸਪਤਾਲ ਆਉਂਦੇ ਹਾਂ। ਮੇਰੇ ਬਾਹੀਂ ਚੂੜਾ ਅਤੇ ਮਨਜੋਤ ਨੇ ਸੂਹੇ ਰੰਗ ਦੀ ਪੱਗ ਬੰਨ੍ਹੀ ਹੋਈ ਹੈ। ਮੇਰਾ ਧਿਆਨ ਉਦੋਂ ਟੁੱਟਿਆ ਜਦੋਂ ਮੈਨੂੰ ਮਨਜੋਤ ਦਿਸਿਆ। ਉਹ ਸੜਕ ਦੇ ਨਾਲ-ਨਾਲ ਕੱਚੇ ਰਸਤੇ ’ਤੇ ਸ਼ਹਿਰ ਵੱਲ ਨੂੰ ਤੁਰਿਆ ਜਾ ਰਿਹਾ ਸੀ। ਉਸ ਨੇ ਉਹੀ ਮੈਲੇ ਜਿਹੇ ਕੱਪੜੇ ਪਾਏ ਹੋਏ ਸਨ। ਇਸ ਤੋਂ ਮੈਨੂੰ ਪਤਾ ਲੱਗ ਗਿਆ ਕਿ ਉਹ ਸਕੂਲ ਤਾਂ ਨਹੀਂ ਸੀ ਜਾ ਰਿਹਾ। ਮੇਰਾ ਦਿਲ ਰੋ ਰਿਹਾ ਸੀ। ਉਸ ਦਿਨ ਮੇਰਾ ਸਕੂਲ ਦਾ ਪਹਿਲਾ ਦਿਨ ਸੀ ਪਰ ਮੇਰਾ ਸਕੂਲ ਵਿੱਚ ਦਿਲ ਨਾ ਲੱਗਾ। ਹਰ ਕੋਈ ਅਧਿਆਪਕ ਹਰ ਕੋਈ ਵਿਦਿਆਰਥੀ ਬੜੀ ਹੈਰਾਨੀ ਨਾਲ ਮਨਜੋਤ ਦੀਆਂ ਹੀ ਗੱਲਾਂ ਕਰ ਰਿਹਾ ਸੀ। ਮੇਰਾ ਹੁਣ ਪੜ੍ਹਾਈ ਵਿੱਚ ਦਿਲ ਨਾ ਲੱਗਦਾ, ਨਾ ਕਿਸੇ ਨਾਲ ਕੋਈ ਗੱਲ ਕਰਨ ਨੂੰ ਦਿਲ ਕਰਦਾ, ਨਾ ਕੁਝ ਖਾਣ ਨੂੰ ਦਿਲ ਕਰਦਾ। ਮੈਂ ਬਸ ਮਨਜੋਤ ਬਾਰੇ ਹੀ ਸੋਚੀ ਜਾਂਦੀ ਕਿ ਉਸ ਵਰਗਾ ਹੁਸ਼ਿਆਰ ਮੁੰਡਾ ਅੱਗੇ ਪੜ੍ਹਾਈ ਕਿਉਂ ਨਹੀਂ ਕਰ ਰਿਹਾ, ਕੀ ਕਾਰਨ ਹੋ ਸਕਦਾ ਹੈ? ਫਿਰ ਮੈਨੂੰ ਮਾਤਾ ਜੀ ਅਤੇ ਚਾਚੀ ਜੀ ਦੀਆਂ ਗੱਲਾਂ ਤੋਂ ਪਤਾ ਲੱਗਾ ਕਿ ਸ਼ਰਾਬ ਪੀ-ਪੀ ਕੇ ਸ਼ਿੰਦੇ ਦੇ ਗੁਰਦੇ ਖ਼ਰਾਬ ਹੋ ਗਏ ਅਤੇ ਉਹ ਮਰਨ ਕੰਢੇ ਪਿਆ ਹੈ। ਇਸ ਕਰਕੇ ਘਰ ਦੀ ਸਾਰੀ ਜ਼ਿੰਮੇਵਾਰੀ ਹੁਣ ਮਨਜੋਤ ਸਿਰ ਪੈ ਗਈ। ਉੱਤੋਂ ਰਾਣੀ ਨੇ ਵੀ ਕੰਮ ਛੱਡ ਦਿੱਤਾ ਸੀ ਅਤੇ ਘਰ ਵੀ ਚੋਰੀਓਂ ਆਪਣੇ ਨਾਂ ਕਰਵਾ ਲਿਆ ਸੀ। ਉਹ ਸ਼ਿੰਦੇ ਨੂੰ ਛੱਡ ਕੇ ਆਪਣੇ ਭਾਣਜੇ ਨਾਲ ਕਿਤੇ ਚਲੀ ਗਈ ਸੀ। ਹੁਣ ਮਨਜੋਤ ਘਰ ਦਾ ਸਾਰਾ ਕੰਮ ਵੀ ਕਰਦਾ, ਆਪਣੇ ਬਾਪੂ ਦੀ ਦੇਖਭਾਲ ਵੀ ਕਰਦਾ ਅਤੇ ਕੰਮ ’ਤੇ ਵੀ ਜਾਂਦਾ। ਹੌਲੀ-ਹੌਲੀ ਉਸ ਨੇ ਕੰਮ ’ਤੇ ਜਾਣਾ ਵੀ ਬੰਦ ਕਰ ਦਿੱਤਾ। ਹੁਣ ਉਹ ਮੈਨੂੰ ਕਦੇ ਹੀ ਰਾਹ ਵਿੱਚ ਦਿਸਦਾ। ਹੁਣ ਉਹ ਸੋਹਣਾ ਵੀ ਨਹੀਂ ਸੀ ਰਿਹਾ। ਰੰਗ ਪਹਿਲਾਂ ਨਾਲੋਂ ਬਹੁਤ ਕਾਲਾ ਹੋ ਗਿਆ ਸੀ ਜਿਵੇਂ ਉਸ ਦਾ ਖ਼ੂਨ ਹੀ ਸੁੱਕ ਗਿਆ ਹੋਵੇ। ਸਰੀਰ ਵੀ ਜਮ੍ਹਾਂ ਮਰੀਅਲ ਜਿਹਾ ਹੋ ਗਿਆ ਸੀ। ਹੁਣ ਕਦੇ-ਕਦਾਈਂ ਰਾਹ ਵਿੱਚ ਜਾਂਦਾ ਉਹ ਵੀ ਮੇਰੇ ਵੱਲ ਵੇਖ ਲੈਂਦਾ ਸੀ। ਉਹ ਮੈਨੂੰ ਤਰਸੀ ਜਿਹੀ ਨਿਗ੍ਹਾ ਨਾਲ ਵੇਖਦਾ, ਜਿਵੇਂ ਮੇਰੇ ਤੋਂ ਕੁਝ ਮੰਗਣਾ ਚਾਹੁੰਦਾ ਹੋਵੇ। ਮੈਂ ਡਰ ਜਾਂਦੀ ਤੇ ਡਰ ਕੇ ਮੂੰਹ ਪਰ੍ਹਾਂ ਕਰ ਲੈਂਦੀ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਦਾ। ਮੈਂ ਸੋਚਦੀ ਕਿ ਜਿਸ ਮੁੰਡੇ ਨੇ ਦਸ ਸਾਲ ਇਕੱਠਿਆਂ ਪੜ੍ਹਦਿਆਂ ਮੈਨੂੰ ਕਦੇ ਚੱਜ ਨਾਲ ਬੁਲਾਇਆ ਨਹੀਂ, ਉਹ ਹੁਣ ਮੇਰੇ ਵੱਲ ਐਵੇਂ ਤਰਸੀ ਜਿਹੀ ਨਿਗ੍ਹਾ ਨਾਲ ਕਿਉਂ ਵੇਖਦਾ ਹੈ। ਸਾਰਾ ਦਿਨ ਮੇਰੇ ਮਨ ਵਿੱਚ ਇਹੋ ਖ਼ਿਆਲ ਚਲਦੇ ਰਹਿੰਦੇ। ਦਿਨ ਬੀਤਦੇ ਗਏ, ਸਾਲ ਬੀਤਦੇ ਗਏ ਅਤੇ ਹੁਣ ਮਨਜੋਤ ਮੈਨੂੰ ਦਿਸਣੋਂ ਹਟ ਗਿਆ ਅਤੇ ਮੇਰਾ ਦਾਖਲਾ ਮੈਡੀਕਲ ਕਾਲਜ ਵਿੱਚ ਡਾਕਟਰੀ ਦੀ ਪੜ੍ਹਾਈ ਲਈ ਹੋ ਗਿਆ। ਮੇਰਾ ਧਿਆਨ ਹੁਣ ਪੜ੍ਹਾਈ ਵਿੱਚ ਹੋਣ ਕਰਕੇ ਮਨਜੋਤ ਵੱਲ ਨਾ ਜਾਂਦਾ। ਕਦੇ ਕਦਾਈਂ ਸੌਣ ਦਾ ਵੇਲਾ ਹੁੰਦਾ ਜਾਂ ਸਕੂਲ ਮੂਹਰੋਂ ਲੰਘਦੀ ਤਾਂ ਉਹ ਯਾਦ ਆ ਜਾਂਦਾ। ਫਿਰ ਇੱਕ ਦਿਨ ਮੈਂ ਕਾਲਜੋਂ ਵਾਪਸ ਆਈ ਤਾਂ ਮਾਂ ਤੋਂ ਪਤਾ ਲੱਗਿਆ ਕਿ ਉਹ ਇਸ ਦੁਨੀਆ ਤੋਂ ਜਾ ਚੁੱਕਿਆ ਸੀ। ਮਾਂ ਨੇ ਦੱਸਿਆ ਕਿ ਪਿਤਾ ਦੇ ਗੁਰਦੇ ਖ਼ਰਾਬ ਹੋਣ ’ਤੇ ਮਨਜੋਤ ਨੇ ਆਪਣੇ ਪਿਤਾ ਨੂੰ ਆਪਣਾ ਇੱਕ ਗੁਰਦਾ ਦੇ ਦਿੱਤਾ ਸੀ।

ਗੁਰਦਾ ਦੇ ਤਾਂ ਦਿੱਤਾ ਪਰ ਸ਼ਰਾਬੀ ਪਿਓ ਫਿਰ ਵੀ ਸ਼ਰਾਬ ਪੀਣੋਂ ਨਾ ਹਟਿਆ। ਇੱਧਰ ਜ਼ਖ਼ਮ ਦੀ ਸਫ਼ਾਈ ਦਾ ਧਿਆਨ ਨਾ ਰੱਖਣ ਕਰਕੇ ਮਨਜੋਤ ਦੀ ਸਿਹਤ ਵੀ ਜ਼ਿਆਦਾ ਖਰਾਬ ਰਹਿਣ ਲੱਗੀ। ਅੰਤ ਇਨਫੈਕਸ਼ਨ ਜ਼ਿਆਦਾ ਫੈਲਣ ਕਰਕੇ ਉਸ ਦਾ ਦੂਜਾ ਗੁਰਦਾ ਖਰਾਬ ਹੋ ਗਿਆ। ਫਿਰ ਵੀ ਉਹ ਆਪਣੀ ਗੰਭੀਰ ਹਾਲਤ ਨੂੰ ਅਣਗੌਲਿਆਂ ਕਰਦਾ ਰਿਹਾ ਅਤੇ ਇਲਾਜ ਵੀ ਕੋਈ ਨਾ ਲਿਆ। ਇਸ ਦੇ ਸਿੱਟੇ ਵਜੋਂ ਉਹ ਤੜਫਦਾ-ਤੜਫਦਾ ਦੁਨੀਆ ਛੱਡ ਗਿਆ। ਇਸ ਗੱਲ ਨੂੰ ਮਹੀਨਾ ਹੋ ਗਿਆ ਸੀ ਅਤੇ ਮੈਨੂੰ ਅੱਜ ਪਤਾ ਲੱਗਿਆ। ਮੇਰੀਆਂ ਅੱਖਾਂ ਅੱਗੇ ਸਾਰਾ ਉਹ ਸਕੂਲ ਦਾ ਸਮਾਂ ਆ ਗਿਆ, ਉਹ ਸੋਹਣਾ ਸੁਨੱਖਾ ਮਨਜੋਤ ਆ ਗਿਆ। ਮੈਂ ਬਹੁਤ ਹੈਰਾਨ ਸੀ ਕਿ ਜੇਕਰ ਮਨਜੋਤ ਨੂੰ ਪੂਰੇ ਹੋਏ ਨੂੰ ਮਹੀਨੇ ਤੋਂ ਵੀ ਵੱਧ ਹੋ ਗਿਆ ਤਾਂ ਪਿਛਲੇ ਇੱਕ ਮਹੀਨੇ ਤੋਂ ਰੋਜ਼ ਰਾਤ ਨੂੰ ਮੇਰੇ ਨਾਲ ਗੱਲਾਂ ਕਰਨ ਵਾਲਾ ਉਹ ਸ਼ਖ਼ਸ ਕੌਣ ਸੀ। ਮੈਨੂੰ ਜਾਪਦਾ ਕਿ ਰੋਜ਼ ਰਾਤ ਨੂੰ ਪਤਾ ਨਹੀਂ ਕਿਹੜੇ ਵਕਤ ਉਹ ਮੇਰੇ ਪੈਰਾਂ ਕੋਲ ਆ ਕੇ ਬਹਿ ਜਾਂਦਾ, ਕੁਝ ਕਹਿਣਾ ਚਾਹੁੰਦਾ ਪਰ ਕਹਿੰਦਾ ਨਾ। ਮੈਂ ਹੀ ਬੋਲੀ ਜਾਂਦੀ। ਉਹ ਹਮੇਸ਼ਾ ਵਾਂਗੂੰ ਮੂੰਹ ਥੱਲੇ ਕਰਕੇ ਸੁਣਦਾ ਰਹਿੰਦਾ। ਮੇਰੀ ਅਚਾਨਕ ਚੀਕ ਨਿਕਲ ਗਈ, ਜਦੋਂ ਅੱਜ ਵੀ ਉਹ ਮੇਰੇ ਕੋਲ ਆਇਆ ਤੇ ਮੈਂ ਉੱਠ ਕੇ ਉਸ ਨਾਲ ਚੱਲ ਪਈ।

ਸੰਪਰਕ: 84279-29558

Advertisement
×