‘ਪੰਜਾਬੀ ਟ੍ਰਿਬਿਊਨ’ ਦੇ 7 ਜੂਨ ਦੇ ਅੰਕ ਵਿੱਚ ਸੁਖਜੀਤ ਸਿੰਘ ਵਿਰਕ ਦਾ ਮਿਡਲ ‘ਕਰਜ਼’ ਪੜ੍ਹਿਆ। ਲੇਖਕ ਨੇ ਆਪਣੇ ਬਚਪਨ ਵੇਲੇ ਦੇ ਅਤੇ ਜਨਮ ਤੋਂ ਪਹਿਲਾਂ ਦੇ ਕਿਰਤੀ ‘ਭਾਊ ਚਰਨੇ’ ਦੀ ਬਾਤ ਪਾਈ ਹੈ। ਰਚਨਾ ਪੜ੍ਹ ਕੇ ਸੱਤਵੇਂ ਦਹਾਕੇ ਤੋਂ ਲੈ ਕੇ ਜਦੋਂ ਤੱਕ ਖੇਤੀ ਦਾ ਮਸ਼ੀਨੀਕਰਨ ਨਹੀਂ ਸੀ ਹੋਇਆ, ਉਸ ਵੇਲੇ ਦੇ ਵੱਡੇ ਘਰਾਂ ਦੇ ਸੀਰੀ, ਪਾਲ਼ੀਆਂ ਤੇ ਕਾਮਿਆਂ ਦੇ ਪਰਿਵਾਰਾਂ ਦੀ ਤਸਵੀਰ ਇਕਦਮ ਫਿਲਮੀ ਦ੍ਰਿਸ਼ ਦੀ ਤਰ੍ਹਾਂ ਅੱਖਾਂ ਸਾਹਮਣੇ ਆ ਗਈ।
ਮੈਨੂੰ ਯਾਦ ਹੈ ਸਾਡਾ ਨਾਨਕਾ ਪਿੰਡ ਨੇੜੇ ਹੀ ਸੀ ਮਲ ਸਿੰਘ ਵਾਲਾ। ਮੇਰੇ ਮਾਮੇ ਹੋਰਾਂ ਨੇ ਆਪਣੇ ਸਹੁਰਿਆਂ ਵੱਲੋਂ ਦੂਰ ਵਾਟ ਵਿਆਹ ਜਾਣਾ ਸੀ। ਉਦੋਂ ਵਿਆਹਾਂ ਵਿੱਚ ਪੂਰਾ ਪਰਿਵਾਰ ਗੱਡਾ ਲੱਦ ਕੇ ਜਾਂਦਾ ਤੇ ਪੰਜ ਸੱਤ ਦਿਨ ਰਹਿੰਦਾ। ਘਰ ਡੰਗਰ ਵੱਛਾ ਅਤੇ ਖੇਤਾਂ ਦਾ ਕੰਮ ਕਿਸੇ ਰਿਸ਼ਤੇਦਾਰ ਨੂੰ ‘ਸੰਭਾਅ ਕੇ’ ਜਾਂਦੇ ਸੀ। ਇੱਕ ਦਿਨ ਬੇਬੇ ਨੇ ਦੱਸਿਆ ਕਿ ਆਉਂਦੇ ਵੀਰਵਾਰ ਨੂੰ ਆਪਾਂ ਦੋ ਤਿੰਨ ਜਣਿਆਂ ਨੇ ਤੇਰੇ ਮਾਮੇ ਹੋਰਾਂ ਦਾ ਘਰ ਸੰਭਾਲਣ ਜਾਣਾ ਹੈ ਭਾਈ। ਇੱਕ ਤਾਂ ਨਾਨਕਿਆਂ ਦਾ ਚਾਅ, ਦੂਜਾ ਘਰ ਤੋਂ ਨਵੀਂ ਜਗ੍ਹਾ ਜਾਣ ਦਾ ਵੱਖਰਾ ਹੀ ਨਜ਼ਾਰਾ। ਖ਼ੁਸ਼ੀ ਵਿੱਚ ਜਾਣੋਂ ਭੁੱਖ ਮਰਗੀ। ਉਦੋਂ ਮੈਂ ਮਸਾਂ ਦਸ ਕੇ ਸਾਲ ਦਾ ਹੋਵਾਂਗਾ।
ਜਾਂਦਿਆਂ ਹੀ ਸਾਡੇ ਸਾਹਮਣੇ ਸਾਡੇ ਵੱਡੇ ਮਾਮੇ ਨੇ ਆਪਣੇ ਪੁਰਾਣੇ ਸੀਰੀ ਬੋਖਲ ਨੂੰ ਸਮਝਾਉਂਦਿਆਂ ਕਿਹਾ, ਲੈ ਭਾਣਜੇ ਦਾ ਖਿਆਲ ਰੱਖੀਂ, ਕੋਠੇ ’ਤੇ ਨਾ ਚੜ੍ਹਨ ਦੇਈਂ, ਕਿਸੇ ਮਸ਼ੀਨ ’ਚ ਹੱਥ ਨਾ ਦੇ ਲਵੇ, ਇੱਲਤੀ ਹੈ ਆਦਿ। ਜਾਣੋਂ ਮੇਰੇ ’ਤੇ ਬੋਖਲ ਸਿੰਘ ਦਾ ਸਖ਼ਤ ਜ਼ਾਬਤਾ ਲਾ ਦਿੱਤਾ। ਨਾਲੇ ਕਹਿ ਗਏ, ‘‘ਭੈਣੇ, ਘਰ ਬਾਹਰ ਬੋਖਲ ਸੰਭਾਲੂਗਾ।’’ ਮੈਂ ਬੇਬੇ ਕੋਲ ਜਾ ਕੇ ਭੋਲੇ ਜਿਹੇ ਮੂੰਹ ਨਾਲ ਕਿਹਾ, ‘‘ਬੇਬੇ, ਆਪਾਂ ਨੂੰ ਬੋਖਲ ਸੰਭਾਲੂਗਾ।’’ ਸਾਰੇ ਹਾਸਾ ਪੈ ਗਿਆ!
ਸੱਚਮੁੱਚ ਲਿਖਾਰੀ ਨੇ ਚਰਨੇ ਵਰਗੇ ਕਿਰਤੀਆਂ ਦੀ ਮਿਹਨਤ, ਲਗਨ, ਇਮਾਨਦਾਰੀ ਅਤੇ ਜ਼ਿਮੀਂਦਾਰ ਪਰਿਵਾਰ ਨਾਲ ਅਟੁੱਟ ਰਿਸ਼ਤੇ ਦੀ ਕਥਾ ਬਿਆਨ ਕੀਤੀ ਹੈ। ਅਜਿਹੇ ਕਿਰਤੀਆਂ ਨੇ ਕਿੰਨੇ ਘਰ ਵਸਾਏ ਨੇ ਤੇ ਆਪਣੀਆਂ ਦੋ ਚਾਰ ਪੀੜ੍ਹੀਆਂ ਨੂੰ ਇੱਕੋ ਘਰ ਵਿੱਚ ਬੁੱਢੀਆਂ-ਕੁੱਬੀਆਂ ਕਰਕੇ ਲੈ ਗਏ। ਉਹ ਜ਼ਿਮੀਂਦਾਰ ਪਰਿਵਾਰ ਕਿਤੇ ਦੇ ਕਿਤੇ ਪਹੁੰਚ ਗਏ ਤੇ ਕਿਰਤੀਆਂ ਦੀ ਕਬੀਲਦਾਰੀ ਦੀ ਚਰਖੀ ਨੇ ਕਿਤੇ ਪੱਕੇ ਤੰਦ ਨਹੀਂ ਪਾਏ।
ਲੇਖਕ ਦੇ ਪਿਤਾ ਦਾ ਪੁੱਛਣਾ ਕਿ ਚਰਨਾ ਭਾਊ ਆਇਆ ਸੀ, ਉਹਨੂੰ ਕੀ ਦਿੱਤਾ? ਇੱਥੋਂ ਉਨ੍ਹਾਂ ਦੀ ਚਰਨੇ ਪ੍ਰਤੀ ਅਹਿਸਾਨਮੰਦੀ ਦੀ ਝਲਕ ਪੈਂਦੀ ਹੈ। ਮੇਰੀ ਇਨ੍ਹਾਂ ਵਰਗੇ ਸਾਰੇ ‘ਭਾਊ ਚਰਨਿਆਂ’ ਨੂੰ ਦਿਲੋਂ ਸਲਾਮ!
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ