DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਸੀਂ ਪਾਣੀ ਨੂੰ ਜਾਣਦੇ ਹਾਂ

ਪੈਰ ਚਿੱਕਡ਼ ਕਰਕੇ ਗਿੱਲੇ ਸਨ ਤੇ ਜਿਸਮ ਹੁੰਮਸ ਕਰ ਕੇ। ਪਰ ਹੌਲ਼ੀ-ਹੌਲ਼ੀ ਨੰਗੇ ਪੈਰਾਂ ਨੂੰ ਤੁਰਨ ਦਾ ਵੱਲ ਆ ਗਿਆ ਤੇ ਇੱਕ ਅੱਧਾ ਕਿਲੋਮੀਟਰ ਮੁੱਕਣ ਮਗਰੋਂ ਆਪਣੇ ਵੱਲੋਂ ਨਿਭਾਈ ਜਾਣ ਵਾਲੀ ਡਿਊਟੀ ਦਾ ਗ਼ਰੂਰ ਵੀ ਹੋਣ ਲੱਗ ਪਿਆ। ਇਸ ਗ਼ਰੂਰ ਕਰ ਕੇ ਮੈਨੂੰ ਭੁੱਖ ਵੀ ਵਿਸਰ ਗਈ। ਦਰਅਸਲ, ਜਦੋਂ ਮੈਨੂੰ ਸੱਦਿਆ ਗਿਆ ਸੀ, ਉਦੋਂ ਤੱਕ ਮੈਂ ਰੋਟੀ ਨਹੀਂ ਸੀ ਖਾਧੀ। ਉਸ ਤੋਂ ਮਗਰੋਂ ਤਾਂ ‘ਮੈਂ ਰੋਟੀ ਖਾ ਕੇ ਜਾਨਾਂ’ ਕਹਿਣਾ ਹੀ ਅਸਲੋਂ ਗ਼ੈਰ-ਜ਼ਿੰਮੇਵਾਰੀ ਵਾਲੀ ਗੱਲ ਸੀ। ਜਦੋਂ ਅਸੀਂ ਉਸ ਪਿੰਡ ਪਹੁੰਚੇ ਤਾਂ ਰਾਤ ਦੇ ਗਿਆਰਾਂ ਵੱਜੇ ਸਨ।

  • fb
  • twitter
  • whatsapp
  • whatsapp
Advertisement

ਗੱਲ 1993-94 ਦੀ ਹੈ, ਗੁਰਦਾਸਪੁਰ ਦੀ। ਉਦੋਂ ਮੈਂ ਉੱਥੇ ਨਾਇਬ ਤਹਿਸੀਲਦਾਰ ਹੁੰਦਾ ਸਾਂ। ਦਰਿਆਵਾਂ ਨਾਲ ਲੱਗਦੇ ਜ਼ਿਲ੍ਹਿਆਂ ਦੇ ਲੋਕਾਂ ਤੇ ਅਫਸਰਾਂ ਲਈ ਹੜ੍ਹਾਂ ਦਾ ਮੌਸਮ ਮੁਸ਼ਕਿਲ ਅਤੇ ਇਮਤਿਹਾਨ ਦੀ ਘੜੀ ਹੁੰਦੀ ਹੈ ਤੇ ਇਹ ਘੜੀ ਚਾਰ ਮਹੀਨੇ ਲੰਮੀ ਹੁੰਦੀ ਹੈ ਜੂਨ ਦੇ ਸ਼ੁਰੂ ਤੋਂ ਲੈ ਕੇ ਸਤੰਬਰ ਦੇ ਅੰਤ ਤੱਕ।

ਸਾਰੀਆਂ ਤਹਿਸੀਲਾਂ ’ਚ ਫਲੱਡ ਕੰਟਰੋਲ ਰੂਮ ਬਣਦੇ ਨੇ ਤੇ ਚੌਵੀ ਘੰਟੇ ਇਹ ਜ਼ਿਲ੍ਹਾ ਹੈੱਡਕੁਆਰਟਰ ਦੇ ਕੰਟਰੋਲ ਰੂਮ ਦੀ ਨਿਗਰਾਨੀ ’ਚ ਕੰਮ ਕਰਦੇ ਨੇ। ਸਾਰੇ ਮਹਿਕਮਿਆਂ ਦੇ ਕਰਮਚਾਰੀ ਇਹ ਡਿਊਟੀ ਕਰਨ ਦੇ ਪਾਬੰਦ ਹੁੰਦੇ ਨੇ। ਡਿਊਟੀ ਵਾਲੇ ਕਰਮਚਾਰੀ ਨੂੰ ਉਸ ਕਮਰੇ ’ਚ ਬੈਠਣਾ ਪੈਂਦਾ, ਜਿੱਥੇ ਲੈਂਡਲਾਈਨ ਫੋਨ ਪਿਆ ਹੁੰਦਾ। ਫੋਨ ਦੇ ਨਾਲ ਹੀ ਇੱਕ ਰਜਿਸਟਰ ਰੱਖਿਆ ਹੁੰਦਾ ਸੀ ਜਿਹਦੇ ਕਾਲਮ ਹੁੰਦੇ ਸਨ ਕਿ ਕਿਸ ਦਾ ਫੋਨ ਆਇਆ, ਉਸ ਨੇ ਕੀ ਸੂਚਨਾ ਦਿੱਤੀ ਤੇ ਉਹ ਸੂਚਨਾ ਅੱਗੇ ਕਿਸ ਨੂੰ ਦਿੱਤੀ ਗਈ। ਸੂਚਨਾ ਆਉਣ ਤੇ ਅੱਗੇ ਦੱਸਣ ਦਾ ਟਾਈਮ ਵੀ ਨਾਲ ਲਿਖਣਾ ਹੁੰਦਾ ਸੀ। ਉਦੋਂ ਮੋਬਾਈਲ ਨਹੀਂ ਹੁੰਦੇ ਸਨ। ਪਰ ਮੋਬਾਈਲ ਵਰਗਾ ਹੀ ਇੱਕ ਹੋਰ ਸਾਧਨ ਹੁੰਦਾ ਸੀ ਵਾਇਰਲੈੱਸ ਤੇ ਇਹ ਸਾਧਨ ਪੁਲੀਸ ਕੋਲ ਹੁੰਦਾ ਸੀ। ਇੱਕ ਸੈੱਟ ਡੀ.ਸੀ. ਦੀ ਕੋਠੀ ਵੀ ਲੱਗਾ ਹੁੰਦਾ ਸੀ। ਵਾਇਰਲੈੱਸ ਰਾਹੀਂ ਜਿਹੜਾ ਸੁਨੇਹਾ ਆਉਂਦਾ ਸੀ ਉਹਨੂੰ ਟੀ.ਪੀ.ਐੱਮ. ਆਖਦੇ ਸਨ ਤੇ ਟੀ.ਪੀ.ਐੱਮ. ਸਾਡੇ ਵਾਸਤੇ ਇੰਜ ਸੀ ਜਿਵੇਂ ਆਮ ਲੋਕਾਂ ਵਾਸਤੇ ਮਰਗ ਦੀ ਤਾਰ। ਹੁਣ ਦੀ ਪੀੜ੍ਹੀ ਨੂੰ ਪਤਾ ਨਹੀਂ ਹੋਣਾ ਕਿ ਡਾਕ ਮਹਿਕਮੇ ਕੋਲ ਵੀ ਸਾਈਕਲ ਵਾਂਗੂੰ ਚੱਲਣ ਵਾਲੇ ਚਿੱਠੀ, ਕਾਰਡ ਤੋਂ ਬਿਨਾਂ ਗੋਲੀ ਵਾਂਗ ਵੱਜਣ ਵਾਲੀ ਵਿਧੀ ਵੀ ਸੀ ਇਹਨੂੰ ਤਾਰ ਕਹਿੰਦੇ ਸਨ। ਫ਼ਰਕ ਬਸ ਏਨਾ ਸੀ ਕਿ ਤਾਰ ਵਿੱਚ ਗਿਣੇ ਚੁਣੇ ਲਫ਼ਜ਼ ਹੁੰਦੇ ਸਨ। ਜਿਵੇਂ, 10 ਤਰੀਕ ਨੂੰ ਆ ਰਿਹਾ ਹਾਂ, ਫਲਾਣਾ ਮਰ ਗਿਆ, ਵਗੈਰਾ-ਵਗੈਰਾ। ਇਸ ਵਿੱਚ ਰਾਮ ਕਹਾਣੀ ਨਹੀਂ ਸੀ ਹੁੰਦੀ।

Advertisement

ਜਦੋਂ ਦੀ ਮੈਂ ਗੱਲ ਛੇੜੀ ਹੈ, ਉਦੋਂ ਵੀ ਹੜ੍ਹ ਆਏ ਹੋਏ ਸਨ। ਗੁਰਦਾਸਪੁਰ ਨੂੰ ਦੋ ਦਰਿਆ ਲਗਦੇ ਨੇ। ਪਾਕਿਸਤਾਨ ਵਾਲੇ ਪਾਸੇ ਰਾਵੀ ਤੇ ਦੂਜੇ ਪਾਸੇ ਬਿਆਸ ਦੋਵੇਂ ਹੀ ਜੋਬਨ ’ਤੇ ਸਨ। ਇੱਕ-ਇੱਕ ਵਾਰ ਪਾਸੇ ਰਹਿੰਦਿਆਂ ਦੀ ਤਬਾਹੀ ਕਰ ਕੇ, ਫਿਰ ਓਦਾਂ ਵਗਣ ਲੱਗ ਪਏ ਸਨ ਜਿਵੇਂ ਭਲੇ ਸਮਿਆਂ ’ਚ ਵਗਦੇ ਪਰ ਇੱਕ ਦਿਨ ਸ਼ਾਮ ਨੂੰ ਮੇਰੇ ਸਰਕਾਰੀ ਮਕਾਨ ਦੇ ਦਰਵਾਜ਼ੇ ’ਤੇ ਦਸਤਕ ਹੋਈ।

Advertisement

‘‘ਤਹਿਸੀਲਦਾਰ ਸਾਹਿਬ ਨੇ ਸੱਦਿਐ।’’ ਬੂਹਾ ਖੁੱਲ੍ਹੇ ਤੋਂ ਸਾਹਮਣੇ ਖੜ੍ਹੇ ਤਹਿਸੀਲਦਾਰ ਦੇ ਰਸੋਈਏ ਨੇ ਸੰਕੋਚਵੀਆਂ ਨਜ਼ਰਾਂ ਨਾਲ ਡਰਦਿਆਂ-ਡਰਦਿਆਂ ਆਖਿਆ। ਤੁਸੀਂ ਵੀ ਕਿਸੇ ਦੇ ਘਰ ਜਾ ਕੇ, ਜਿਸ ਨੂੰ ਕਿਤੇ ਸੱਦਿਆ ਗਿਆ ਹੋਵੇ, ਬੂਹਾ ਖੁੱਲ੍ਹਣ ਮਗਰੋਂ ਜੇ ਉਸ ਨੂੰ ਕੱਛੇ ਬਨੈਣ ’ਚ ਵੇਖੋਗੇ ਤਾਂ ਓਦਾਂ ਹੀ ਸੰਕੋਚ ਕਰੋਗੇ, ਜਿਵੇਂ ਉਸ ਵੇਲੇ ਉਸ ਵਿਚਾਰੇ ਨੇ ਕੀਤਾ ਸੀ ਕਿਉਂਕਿ ਉਸ ਵੇਲੇ ਰਾਤ ਦੇ 8 ਵਜੇ ਸਨ।

ਨਵੀਂ ਵਿਆਹੀ ਤੇ ਉਸ ਵੇਲੇ ਗੁਰਦਾਸਪੁਰ ਨਵੀਂ-ਨਵੀਂ ਆਈ ਮੇਰੀ ਪਤਨੀ ਨੂੰ ਇਹ ਸੁਨੇਹਾ ਬੁਰਾ ਲੱਗਣਾ ਹੀ ਸੀ ਤੇ ਉਹਨੂੰ ਲੱਗਾ ਵੀ, ਪਰ ਉਹ ਆਪਣੀ ਮਰਜ਼ੀ ਪੁਗਾਉਣ ਦਾ ਵੇਲਾ ਨਹੀਂ ਸੀ।

‘‘ਹੁਣੇ ਹੁਣੇ ਡੀ.ਸੀ. ਸਾਹਿਬ ਦਾ ਫੋਨ ਆਇਐ, ਅੱਜ ਰਾਤ ਰਾਵੀ ਵਿੱਚ ਫਿਰ ਬਹੁਤ ਜ਼ਿਆਦਾ ਪਾਣੀ ਆਵੇਗਾ, ਤੁਹਾਡੇ ਇਲਾਕੇ ਵਿੱਚ ... ਪਿੰਡ ਹੈ (ਪਿੰਡ ਦਾ ਨਾਂ ਹੁਣ ਮੈਨੂੰ ਭੁੱਲ ਗਿਐ) ਜਿਹਦੇ ’ਚ ਦੋ ਕੁ ਸੌ ਘਰ ਨੇ, ਉਨ੍ਹਾਂ ਨੂੰ ਹੁਣੇ ਹੀ ਪਿੰਡ ਖ਼ਾਲੀ ਕਰਨ ਦਾ ਕਹਿਣੈ।’’ ਤਹਿਸੀਲਦਾਰ ਦਾ ਘਰ ਮੇਰੇ ਘਰ ਦੀ ਉੱਪਰਲੀ ਮੰਜ਼ਿਲ ’ਤੇ ਸੀ। ਪੌੜੀਆਂ ਚੜ੍ਹਦਾ ਮੈਂ ਫ਼ਿਕਰ ’ਚ ਸਾਂ। ਰਾਤ ਦਾ ਵੇਲਾ, ਕੋਈ ਸੇਵਾਦਾਰ ਨਹੀਂ, ਹਾਂ ਫਲੱਡ ਡਿਊਟੀ ਵਾਲੇ ਕਲਰਕ ਨਾਲ ਸੇਵਾਦਾਰ ਵੀ ਹੁੰਦੈ, ਪਰ ਉਹ ਕਿਸੇ ਹੋਰ ਮਹਿਕਮੇ ਦਾ ਹੋਣ ਕਰਕੇ ਏਨੀ ਝਾਲ ਝੱਲਣ ਜੋਗਾ ਨਹੀਂ ਸੀ ਹੋਣਾ। ਮੇਰਾ ਆਪਣਾ ਅਰਦਲੀ ਵੀ ਠੀਕ ਨਹੀਂ ਸੀ। ਸਾਡੀਆਂ ਰਿਹਾਇਸ਼ਾਂ ਦੇ ਪਿੱਛੇ ਸੇਵਾਦਾਰਾਂ ਦੇ ਕੁਆਰਟਰ ਸਨ, ਪਰ ਉਨ੍ਹਾਂ ਵਿੱਚ ਤਹਿਸੀਲ ਦਾ ਕੋਈ ਸੇਵਾਦਾਰ ਨਹੀਂ ਸੀ ਰਹਿੰਦਾ। ਇੱਕੋ ਹੀ ਰਹਿੰਦਾ ਸੀ ਪਰ ਉਹ ਸ਼ਾਇਦ ਏ.ਡੀ.ਸੀ. ਦਫ਼ਤਰ ਲੱਗਾ ਹੋਇਆ ਸੀ। ਬਾਕੀ ਦੇ ਖ਼ਾਲੀ ਕੁਆਰਟਰਾਂ ਵਿੱਚ ਦੋ ਨਾਇਬ ਤਹਿਸੀਲਦਾਰ ਰਹਿੰਦੇ ਸਨ, ਪਰਿਵਾਰਾਂ ਤੋਂ ਬਗ਼ੈਰ।

ਕਾਨੂੰਨਗੋ, ਪਟਵਾਰੀ ਭਾਵੇਂ ਹਾਜ਼ਰ ਹੋ ਸਕਦੇ ਸਨ,

ਪਰ ਸੱਦਣ ਕੌਣ ਜਾਵੇ? ਉਂਜ ਵੀ ਇੱਕ ਵਾਰ ਪਾਣੀ ਤਬਾਹੀ ਕਰਕੇ ਉਤਰ ਚੁੱਕਾ ਸੀ। ਇਸੇ ਕਰਕੇ ਸਾਰਿਆਂ ਵਿੱਚ ਸਹਿਜ ਮਤੇ ਵਾਲਾ ਮਾਹੌਲ ਸੀ। ਆਖ਼ਰ ਮੈਂ

ਖ਼ੁਦ ਜਾਣ ਦੀ ਸੋਚੀ। ਐਮਰਜੈਂਸੀ ਵਾਸਤੇ ਤਹਿਸੀਲਦਾਰ ਦੀ ਗੱਡੀ ਡਰਾਈਵਰ ਸਮੇਤ ਤਿਆਰ ਬਰ ਤਿਆਰ ਹੁੰਦੀ ਸੀ।

ਜਦੋਂ ਮੈਂ ਤਿਆਰ ਹੋ ਕੇ ਬਾਹਰ ਨਿਕਲਿਆ ਤਾਂ ਸ਼ਬਦੇਸ਼ ਕੁਮਾਰ ਨਾਇਬ ਤਹਿਸੀਲਦਾਰ ਗੱਡੀ ਕੋਲ ਖੜ੍ਹਾ ਮੇਰੀ ਉਡੀਕ ਕਰ ਰਿਹਾ ਸੀ। ਉਹ ਅੰਮ੍ਰਿਤਸਰ ਤੋਂ ਸੀ ਤੇ ਡੀ.ਆਰ.ਏ. ਤੋਂ ਤਰੱਕੀ ਹੋ ਕੇ ਆਇਆ ਸੀ। ਕੰਮ ਨੂੰ ਵਧੀਆ ਸੀ। ਬੈਟਰੀ ਉਸ ਦੇ ਹੱਥ ਵਿੱਚ ਸੀ। ਗੁਰਦਾਸਪੁਰ ਤਹਿਸੀਲ ਨਾਇਬ ਤਹਿਸੀਲਦਾਰਾਂ ਦੀਆਂ ਚਾਰ ਅਸਾਮੀਆਂ ਸਨ। ‘‘ਮੈਨੂੰ ਤਹਿਸੀਲਦਾਰ ਸਾਹਿਬ ਨੇ ਤੁਹਾਡੇ ਨਾਲ ਜਾਣ ਲਈ ਕਿਹਾ, ਇਸ ਵੇਲੇ ’ਕੱਲਿਆਂ ਜਾਣਾ ਠੀਕ ਵੀ ਨਹੀਂ ਸੀ।’’ ਉਸ ਨੇ ਅਗਲਵਾਂਢੀ ਆਪਣਾ ਹੱਥ ਵਧਾਉਂਦਿਆਂ ਕਿਹਾ। ਉਸ ਦਾ ਸਾਥ ਮੇਰੇ ਵਾਸਤੇ ਵਰਦਾਨ ਸੀ। ਅਸੀਂ ਨਿਕਲ ਤੁਰੇ। ‘‘ਇਸ ਤੋਂ ਅੱਗੇ ਗੱਡੀ ਨਹੀਂ ਜਾ ਸਕਦੀ।’’ ਇੱਕ ਪਿੰਡ ਤੱਕ ਪਹੁੰਚ ਕੇ ਡਰਾਈਵਰ ਨੇ ਬਰੇਕ ਮਾਰ ਲਈ। ਉਸ ਤੋਂ ਅੱਗੇ ਹੜ੍ਹ ਦੀ ਮਾਰ ਵਾਲਾ ਇਲਾਕਾ ਸੀ, ਜਿਸ ਵਿੱਚ ਗਿੱਟੇ-ਗਿੱਟੇ ਗਾਰਾ ਸੀ। ਕੱਚੀਆਂ ਪਹੀਆਂ ਆਪਣਾ ਵਜੂਦ ਗਵਾ ਚੁੱਕੀਆਂ ਸਨ। ਡਰਾਈਵਰ ਨੂੰ ਭੇਜ ਕੇ ਅਸਾਂ ਉਸ ਪਿੰਡ ਦਾ ਚੌਕੀਦਾਰ ਜਗਾਇਆ। ਚੰਗੀ ਕਿਸਮਤ ਨੂੰ ਉਹ ਬਹੁਤਾ ਬੁੱਢਾ ਨਹੀਂ ਸੀ।

‘‘ਫਲਾਣੇ ਪਿੰਡ ਚੱਲ।’’ ਮੈਂ ਆਖਿਆ।

‘‘ਜੁੱਤੀਆਂ ਲਾਹ ਕੇ ਗੱਡੀ ’ਚ ਈ ਰੱਖ ਦਿਓ ਜਨਾਬ, ਤਿੰਨ ਕਿਲੋਮੀਟਰ ਗਾਰੇ ਵਿੱਚੋਂ ਦੀ ਤੁਰਨਾ ਪੈਣਾ।’’

ਜੁੱਤੀਆਂ ਲਾਹ ਕੇ, ਪੈਂਟਾਂ ਟੰਗ ਕੇ ਅਸੀਂ ਉਸ ਦੇ ਪਿੱਛੇ ਹੋ ਤੁਰੇ।

‘‘ਸਾਹਬ ਜੀ, ਬੈਟਰੀ ਮੈਨੂੰ ਫੜਾ ਦਿਓ, ਹੁਣ ਤਾਂ ਵੱਟਾਂ ਪਗਡੰਡੀਆਂ ਲੱਭ ਕੇ ਤੁਰਨਾ ਪੈਣਾ, ਗਾਰੇ ਕਰਕੇ ਸਾਰਾ ਕੁਝ ਇੱਕ-ਮਿੱਕ ਹੋਇਆ ਪਿਐ।’’

ਦੂਰ ਤੱਕ ਫੈਲੇ ਡਰਾਉਣੇ ਹਨੇਰੇ ਵਿੱਚ ਕਿਤੇ-ਕਿਤੇ ਨਜ਼ਰ ਆਉਂਦੇ ਜਗਦੇ ਚਿਰਾਗ਼ ਤੇ ਚਾਰ-ਚੁਫ਼ੇਰੇ ਬੋਲਦੇ ਸੁਣਦੇ ਬੀਂਡਿਆਂ ਵਾਲੀ ਥਾਂ ਵਿੱਚ ਸਾਡੇ ਗਾਰਾ ਮਿੱਧਦੇ ਪੈਰਾਂ ਦੀ ‘ਖੁੱਚ-ਖੁੱਚ’ ਕਰਕੇ ਆਉਂਦੀ ਆਵਾਜ਼ ਹੀ ਉਸ ਬੀਆਬਾਨ ਵਿੱਚ ਜ਼ਿੰਦਗੀ ਦੀ ਸਹਿਮੀ ਜਿਹੀ ਕਨਸੋਅ ਸੀ। ਜਦੋਂ ਦੇ ਨੌਕਰੀ ’ਤੇ ਲੱਗੇ ਸਾਂ, ਨੰਗੇ ਪੈਰੀਂ ਤੁਰਨ ਦਾ ਚੇਤਾ ਹੀ ਭੁੱਲ ਗਿਆ ਸੀ। ਉਸ ਵੇਲੇ ਕਿਤੇ ਕਿਤੇ ਖੜ੍ਹੇ ਪਾਣੀ ’ਚੋਂ ਲੰਘਦਿਆਂ ਕਈ ਕਿਸਮ ਦੇ ਡਰ ਕਾਲਜੇ ਦਾ ਰੁੱਗ ਭਰ ਲੈਂਦੇ ਸਨ।

‘ਕਿਤੇ ਕੋਈ ਸੱਪ, ਸੁੱਪ ਨਾ ਲੜ ਜਾਏ।’

‘ਕਿਤੇ ਪੈਰ ’ਚ ਕੱਚ ਈ ਨਾ ਵੱਜ ਜੇ।’

ਪੈਰ ਚਿੱਕੜ ਕਰਕੇ ਗਿੱਲੇ ਸਨ ਤੇ ਜਿਸਮ ਹੁੰਮਸ ਕਰ ਕੇ। ਪਰ ਹੌਲ਼ੀ-ਹੌਲ਼ੀ ਨੰਗੇ ਪੈਰਾਂ ਨੂੰ ਤੁਰਨ ਦਾ ਵੱਲ ਆ ਗਿਆ ਤੇ ਇੱਕ ਅੱਧਾ ਕਿਲੋਮੀਟਰ ਮੁੱਕਣ ਮਗਰੋਂ ਆਪਣੇ ਵੱਲੋਂ ਨਿਭਾਈ ਜਾਣ ਵਾਲੀ ਡਿਊਟੀ ਦਾ ਗ਼ਰੂਰ ਵੀ ਹੋਣ ਲੱਗ ਪਿਆ। ਇਸ ਗ਼ਰੂਰ ਕਰ ਕੇ ਮੈਨੂੰ ਭੁੱਖ ਵੀ ਵਿਸਰ ਗਈ। ਦਰਅਸਲ, ਜਦੋਂ ਮੈਨੂੰ ਸੱਦਿਆ ਗਿਆ ਸੀ, ਉਦੋਂ ਤੱਕ ਮੈਂ ਰੋਟੀ ਨਹੀਂ ਸੀ ਖਾਧੀ। ਉਸ ਤੋਂ ਮਗਰੋਂ ਤਾਂ ‘ਮੈਂ ਰੋਟੀ ਖਾ ਕੇ ਜਾਨਾਂ’ ਕਹਿਣਾ ਹੀ ਅਸਲੋਂ ਗ਼ੈਰ-ਜ਼ਿੰਮੇਵਾਰੀ ਵਾਲੀ ਗੱਲ ਸੀ।

ਜਦੋਂ ਅਸੀਂ ਉਸ ਪਿੰਡ ਪਹੁੰਚੇ ਤਾਂ ਰਾਤ ਦੇ ਗਿਆਰਾਂ ਵੱਜੇ ਸਨ। ਚੌਕੀਦਾਰ ਸਰਪੰਚ ਦੇ ਘਰ ਨੂੰ ਜਾਣਦਾ ਸੀ। ਉਸ ਨੂੰ ਸੱਦਣ ਭੇਜ ਕੇ ਅਸੀਂ ਸਰਪੰਚ ਦੇ ਆਉਣ ਦੀ ਉਡੀਕ ਕਰਨ ਲੱਗੇ। ਸੱਚੀ ਗੱਲ ਇਹ ਹੈ ਕਿ ਅਸੀਂ ਏਨਾ ਪੈਂਡਾ ਚਿੱਕੜ ਵਿਚਦੀ ਮਾਰ ਕੇ ਹੰਭ ਗਏ ਸਾਂ। ਉੱਥੇ ਬੈਠਣ ਲਈ ਕੁਝ ਨਹੀਂ ਸੀ। ਆਲ਼ੇ-ਦੁਆਲ਼ੇ ਆਪਣੀਆਂ ਛੱਤਾਂ ’ਤੇ ਜਾਗੋ-ਮੀਟੀ ਬੈਠੇ ਲੋਕਾਂ ਨੇ ਸਾਡੀ ਆਮਦ ਨੂੰ ਮਹਿਸੂਸ ਕਰਕੇ ਉੱਠਣਾ ਤੇ ਆਉਣਾ ਸ਼ੁਰੂ ਕਰ ਦਿੱਤਾ। ਉਹ ਸਾਡੇ ਆਲ਼ੇ-ਦੁਆਲ਼ੇ ਘੇਰਾ-ਘੱਤੀ ਖੜ੍ਹੇ ਸਨ। ਸਰਪੰਚ ਦੇ ਆਉਣ ਤੋਂ ਪਹਿਲਾਂ ਅਸੀਂ ਉਨ੍ਹਾਂ ਨਾਲ ਸਰਸਰੀ ਗੱਲਾਂ ਕਰਦੇ ਰਹੇ। ਅਸੀਂ ਕਿਸੇ ਨਿਆਣੇ ਦੇ ਕੰਨ ਵਿੱਚ ਇਹ ਗੱਲ ਪਾ ਕੇ ਮਾਹੌਲ ਵਿੱਚ ਹਫੜਾ-ਦਫੜੀ ਨਹੀਂ ਪਾਉਣੀ ਚਾਹੁੰਦੇ ਸਾਂ।

‘‘ਸਰਪੰਚ ਸਾਹਿਬ, ਸਾਨੂੰ ਅਫ਼ਸੋਸ ਐ ਕਿ ਅਸੀਂ ਤੁਹਾਨੂੰ ਏਸ ਵੇਲੇ ਦੁਖੀ ਕਰਨ ਆਏ ਆਂ,’’ ਸਰਪੰਚ ਦੇ ਆਏ ਤੋਂ ਮੈਂ ਭੂਮਿਕਾ ਬੰਨ੍ਹਣੀ ਸ਼ੁਰੂ ਕੀਤੀ।

‘‘ਨਹੀਂ, ਨਹੀਂ ਨੈਬ ਸਾਹਿਬ, ਤੁਸੀਂ ਹੁਕਮ ਕਰੋ?’’

‘‘ਆਪਾਂ ਏਦਾਂ ਨਾ ਕਰੀਏ ਕਿ ਘਰ ਚੱਲੋ, ਕੁਝ ਚਾਹ ਪਾਣੀ ਕਰ ਲਾਂਗੇ।’’ ਮੇਰੇ ਬੋਲਣ ਤੋਂ ਪਹਿਲਾਂ ਹੀ ਸਰਪੰਚ ਫਿਰ ਬੋਲ ਪਿਆ।

‘‘ਨਹੀਂ, ਕਿਸੇ ਸ਼ੈਅ ਦੀ ਲੋੜ ਨ੍ਹੀਂ।’’ ਮੈਂ ਝੂਠ ਬੋਲਿਆ। ਮੈਨੂੰ ਪਾਣੀ ਦੀ ਬਹੁਤ ਲੋੜ ਸੀ। ਉਂਜ ਮੇਰੇ ਅੰਦਰ ਇਹ ਗੱਲ ਸੀ ਕਿ ਜੇ ਉਨ੍ਹਾਂ ਕੋਲ ਪਾਣੀ ਹੁੰਦਾ ਤਾਂ ਉਨ੍ਹਾਂ ਪੁੱਛਣਾ ਨਹੀਂ ਸੀ, ਪੇਸ਼ ਕਰਨਾ ਸੀ।

‘‘ਖ਼ਬਰ ਇਹ ਹੈ ਕਿ ਅੱਜ ਰਾਤ ਰਾਵੀ ਵਿੱਚ ਫਿਰ ਬਹੁਤ ਸਾਰਾ ਪਾਣੀ ਆਊਗਾ, ਸਿਰਫ਼ ਤੁਹਾਡੇ ਪਿੰਡ ਨੂੰ ਹੀ ਬਹੁਤਾ ਖ਼ਤਰਾ। ਤੁਸੀਂ ਸਾਰੇ ਹੁਣੇ ਹੀ ਇੱਥੋਂ ਨਿਕਲੋ।’’ ਕਹਿ ਕੇ ਮੈਨੂੰ ਲੱਗਾ ਕਿ ਉਹ ਘਬਰਾਅ ਕੇ ਭੱਜ ਪੈਣਗੇ। ਪਰ ਸਰਪੰਚ ਦੇ ਵੀ ਬੋਲਣ ਤੋਂ ਪਹਿਲਾਂ ਮੇਰੇ ਪਿਛਲੇ ਪਾਸਿਉਂ ਅੱਗੇ ਆ ਕੇ ਇੱਕ ਬਜ਼ੁਰਗ ਬੋਲਿਆ, ‘‘ਰੱਬ ਦਾ ਸ਼ੁਕਰ ਐ ਕਿ ਤੁਸੀਂ ਸਾਡਾ ਫ਼ਿਕਰ ਕੀਤਾ ਤੇ ਰਾਤ ਵੇਲੇ ਚਿੱਕੜ ਵਿੱਚਦੀ ਲੰਘ ਕੇ ਇੱਥੋਂ ਤੱਕ ਆਏ। ਪਰ ਅਸੀਂ ਏਥੋਂ ਕਿਤੇ ਨਹੀਂ ਜਾਣਾ। ਆਪਣਾ ਘਰ ਛੱਡ ਕੇ ਕਿੱਧਰ ਜਾਵਾਂਗੇ ਅਸੀਂ?’’

‘‘ਤੁਹਾਡੀ ਗੱਲ ਠੀਕ ਆ, ਪਰ ਜੇ ਪਾਣੀ ਨੇ ਘਰ ਈ ਨਾ ਛੱਡੇ ਫਿਰ ਤਾਂ ਜਾਓਗੇ ਈ ਨਾ? ਕਾਹਨੂੰ ਜੀਆਂ ਦਾ ਨੁਕਸਾਨ ਕਰਾਉਣਾ, ਬਾਬਾ?’’ ਮੇਰੀ ਬੋਲੀ ਤਲਖ਼ ਹੋ ਗਈ ਸੀ। ਮੈਨੂੰ ਆਪਣੀ ਮਿਹਨਤ ਬੇਕਾਰ ਜਾਣ ਦੇ

ਦੁੱਖ ਨਾਲੋਂ ਉਸ ਗੱਲ ਦਾ ਵੱਧ ਫ਼ਿਕਰ ਸੀ ਕਿ

‘ਜੇ ਇਹ ਦਰਿਆ ਦੇ ਪਾਣੀ ਵਿੱਚ ਰੁੜ੍ਹ ਗਏ ਤਾਂ ਅਸੀਂ ਸਰਕਾਰ ਨੂੰ ਕੀ ਜਵਾਬ ਦੇਵਾਂਗੇ’? ਇਹ ਤਾਂ ਕਿਸੇ ਨੇ ਨਹੀਂ ਮੰਨਣਾ ਸੀ ਕਿ ਪਿੰਡ ਨਾ ਛੱਡਣ ਦੀ ਮਰਜ਼ੀ ਪਿੰਡ ਵਾਲਿਆਂ ਦੀ ਸੀ। ਸਾਡੇ ਤੋਂ ਤਾਂ ਇੱਕ ਹੀ ਗੱਲ ਦਾ ਜਵਾਬ ਨਹੀਂ ਦੇ ਹੋਣਾ ਕਿ ‘ਫਿਰ ਤੁਸੀਂ ਹੋਰ ਕੁਝ ਕਿਉਂ ਨਾ ਕੀਤਾ?’

ਮੈਂ ਨਿਰਾਸ਼ਾ ਨਾਲ ਸਰਪੰਚ ਦੇ ਮੂੰਹ ਵੱਲ ਵੇਖ ਕੇ ਕਿਹਾ, ‘‘ਸਰਪੰਚ ਸਾਹਿਬ, ਜੇ ਇਹ ਜ਼ਰੂਰੀ ਨਾ ਹੁੰਦਾ ਤਾਂ ਅਸੀਂ ਪੈਦਲ ਏਨਾ ਪੈਂਡਾ ਮਾਰ ਕੇ ਏਸ ਹਾਲ ਵਿੱਚ ਏਥੇ ਨਾ ਆਉਂਦੇ।’’

‘‘ਨੈਬ ਸਾਹਬ, ਤੁਹਾਡੀ ਗੱਲ ਸਿਰ ਮੱਥੇ, ਪਰ ਅਸੀਂ ਪਾਣੀ ਨੂੰ ਜਾਣਦੇ ਆਂ, ਉਹ ਆਉਂਦੈ ਤੇ ਚਲਾ ਜਾਂਦੈ। ਵਾਹਿਗੁਰੂ ਨੇ ਸਬਰ ਤੇ ਹੌਸਲਾ ਦਿੱਤੈ, ਡੋਲਦੇ ਨ੍ਹੀਂ ਅਸੀਂ। ਮੈਂ ਲਿਖ ਕੇ ਦੇ ਦਿੰਨਾ ਕਿ ਤੁਸੀਂ ਇੱਥੇ ਆ ਕੇ ਸਾਨੂੰ, ਇਹ ਪਿੰਡ ਖ਼ਾਲੀ ਕਰਨ ਲਈ ਆਖਿਆ ਸੀ, ਪਰ ਅਸੀਂ ਨਹੀਂ ਮੰਨੇ।’’

ਸਰਪੰਚ ਦੇ ਹੱਥਾਂ ਦਾ ਲਿਖਿਆ ਹੱਥ ’ਚ ਲੈ ਕੇ ਅਸੀਂ ਵਾਪਸ ਆ ਗਏ। ਸਾਡੀ ਵਾਪਸੀ ਦਾ ਸਫ਼ਰ ਗ਼ਰੂਰੋਂ ਸੱਖਣਾ ਸੀ।

‘‘ਪਿੰਡ ਖ਼ਾਲੀ ਹੋ ਗਿਆ?’’ ਸਵੇਰੇ ਚਾਰ ਵਜੇ ਜਦੋਂ ਮੈਂ ਵਾਪਸ ਘਰ ਵੜਿਆ ਤਾਂ ਮੇਰੀ ਪਤਨੀ ਨੇ ਮੇਰੇ ਉੱਤਰੇ ਮੂੰਹ ਵੱਲ ਵੇਖੇ ਬਿਨਾਂ ਪੁੱਛਿਆ। ਬਿਨਾਂ ਕੁਝ ਕਹੇ ਮੈਂ ਬਾਥਰੂਮ ’ਚ ਜਾ ਵੜਿਆ।

‘‘ਕਾਨੂੰਨਗੋ ਤੇ ਪਟਵਾਰੀ ਨੂੰ ਕਹਿ ਕੇ ਆ ਕਿ ਉਹ ਸਾਰਾ ਦਿਨ ਉਸੇ ਏਰੀਏ ’ਚ ਰਹਿਣ, ਕੋਈ ਹਬੀ ਨਬੀ ਹੋਵੇ ਤਾਂ ਉਸੇ ਵੇਲੇ ਤਹਿਸੀਲੇ ਫੋਨ ਕਰਨ,’’ ਨਾਸ਼ਤਾ ਕਰ ਕੇ ਸੌਣ ਤੋਂ ਪਹਿਲਾਂ ਮੈਂ ਆਪਣੇ ਅਰਦਲੀ ਨੂੰ ਕਿਹਾ। ਲੰਮੇ ਪੈਣ ਤੋਂ ਪਹਿਲਾਂ ਮੈਂ ਸਰਪੰਚ ਦੀ ਲਿਖਤ ਨੂੰ ਆਪਣੀ ਜੇਬ ’ਚ ਚੈੱਕ ਕੀਤਾ। ਸਾਂਭੀ ਹੋਈ ਸੀ। ਉਹ ਸਿਰਫ਼ ਲਿਖਤ ਨਹੀਂ ਸੀ ਮੇਰੀ ਤੇ ਸ਼ਬਦੇਸ਼ ਕੁਮਾਰ ਦੀ ਖੱਲੜੀ ਦਾ ਸੁਰੱਖਿਆ ਕਵਚ ਸੀ।

ਜਿਵੇਂ ਉਨ੍ਹਾਂ ਕਿਹਾ ਸੀ, ਪਾਣੀ ਆਇਆ ਤੇ ਚਲਾ ਗਿਆ। ਦੋ ਚਾਰ ਮਕਾਨ ਢੱਠਣ ਨਾਲ ਨਾ ਉਨ੍ਹਾਂ ਦਾ ਸਬਰ ਡੋਲਿਆ ਤੇ ਨਾ ਹੌਸਲਾ ਟੁੱਟਿਆ।

ਹੁਣ ਇਹ 2025 ਵਾਲੇ ਹੜ੍ਹ ਵੇਖ ਕੇ ਮੈਨੂੰ ਉਹ ਗੱਲ ਯਾਦ ਆ ਗਈ ਜੋ ਅੱਜ ਤੋਂ ਲਗਭਗ ਤੀਹ ਸਾਲ ਪਹਿਲਾਂ ਹੋਈ ਸੀ। ਪਾਣੀ ਆ ਕੇ ਚਲਾ ਗਿਆ ਤੇ ਬਹੁਤ ਸਾਰਾ ਕੁਝ ਨਾਲ ਵੀ ਲੈ ਗਿਆ, ਪਰ ਪੰਜਾਬੀਆਂ ਦਾ ਸਬਰ ਤੇ ਹੌਸਲਾ ਹਿੱਕ ਤਾਣੀ ਖੜ੍ਹਾ ਹੈ। ਪੰਜਾਬੀਓ, ਤੁਹਾਡੇ ਸਬਰ ਤੇ ਹੌਸਲੇ ਨੂੰ ਸਲਾਮ!

ਸੰਪਰਕ: 99153-35032

Advertisement
×