ਅਦੁੱਤੀ ਤੇ ਬੇਮਿਸਾਲ ਸ਼ਹਾਦਤ
ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਸਮੇਂ ਦਾ ਦ੍ਰਿਸ਼। ਦੁਨੀਆ ਦੇ ਧਰਮ ਇਤਿਹਾਸ ਅੰਦਰ ਅਜਿਹੀ ਮਿਸਾਲ ਕਿਧਰੇ ਨਹੀਂ ਮਿਲਦੀ ਜਦੋਂ ਕਿਸੇ ਧਰਮ ਗੁਰੂ ਨੇ ਆਪਣੇ ਲਈ ਨਹੀਂ ਸਗੋਂ ਦੂਜੇ ਧਰਮ ਦੇ ਲੋਕਾਂ ਦੀ ਧਾਰਮਿਕ ਆਜ਼ਾਦੀ ਲਈ ਆਪਣੀ ਕੁਰਬਾਨੀ ਦਿੱਤੀ...
ਦੁਨੀਆ ਦੇ ਧਰਮ ਇਤਿਹਾਸ ਅੰਦਰ ਅਜਿਹੀ ਮਿਸਾਲ ਕਿਧਰੇ ਨਹੀਂ ਮਿਲਦੀ ਜਦੋਂ ਕਿਸੇ ਧਰਮ ਗੁਰੂ ਨੇ ਆਪਣੇ ਲਈ ਨਹੀਂ ਸਗੋਂ ਦੂਜੇ ਧਰਮ ਦੇ ਲੋਕਾਂ ਦੀ ਧਾਰਮਿਕ ਆਜ਼ਾਦੀ ਲਈ ਆਪਣੀ ਕੁਰਬਾਨੀ ਦਿੱਤੀ ਹੋਵੇ। ਅੱਜ ਜਦੋਂ ਖਾਲਸਾ ਪੰਥ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਮਨਾ ਰਿਹਾ ਹੈ ਤਾਂ ਗੁਰੂ ਸਾਹਿਬ ਦੀ ਸ਼ਹਾਦਤ ਦੇ ਸੰਕਲਪ ਪ੍ਰਤੀ ਸੰਜੀਦਾ ਹੋਣਾ ਸਮੁੱਚੀ ਮਾਨਵਤਾ ਦਾ ਫਰਜ਼ ਹੈ ਕਿਉਂਕਿ ਗੁਰੂ ਸਾਹਿਬ ਦੀ ਸ਼ਹਾਦਤ ਅੱਜ ਦੇ ਪ੍ਰਸੰਗ ਵਿੱਚ ਹੋਰ ਵੀ ਮਹੱਤਵਪੂਰਨ ਹੈ।
ਇਤਿਹਾਸ ਅਨੁਸਾਰ ਜਦੋਂ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ’ਚ ਕਸ਼ਮੀਰ ਵਿੱਚੋਂ ਆਏ ਪੰਡਤਾਂ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਔਰੰਗਜ਼ੇਬ ਦੀ ਹਕੂਮਤ ਵੱਲੋਂ ਜਬਰੀ ਧਰਮ ਪਰਿਵਰਤਨ ਅਤੇ ਦੁੱਖਾਂ ਦੀ ਲੰਮੀ ਦਾਸਤਾਨ ਸੁਣਾਈ ਤਾਂ ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਕਿਸੇ ਮਹਾਨ ਪੁਰਖ ਦੇ ਬਲੀਦਾਨ ਨਾਲ ਹਕੂਮਤ ਦੇ ਅੱਤਿਆਚਾਰ ਰੁਕ ਜਾਣਗੇ। ਉੱਥੇ ਖੜ੍ਹੇ ਬਾਲਕ ਗੋਬਿੰਦ ਰਾਏ ਜੀ ਨੇ ਸਹਿਜ-ਸੁਭਾਅ ਹੀ ਗੁਰੂ ਪਿਤਾ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ, ‘‘ਗੁਰੂ ਪਿਤਾ ਜੀ, ਤੁਹਾਡੇ ਨਾਲੋਂ ਸਤਿ ਪੁਰਖ ਅਤੇ ਮਹਾਤਮਾ ਹੋਰ ਕੌਣ ਹੋ ਸਕਦਾ ਹੈ।’’ ਇਸ ਤਰ੍ਹਾਂ ਦੇ ਭੋਲੇ ਪਰ ਦੂਰ-ਅੰਦੇਸ਼ੀ ਵਾਲੇ ਬਚਨ ਸੁਣ ਕੇ ਹੋਰ ਸਭ ਲੋਕ ਹੱਕੇ-ਬੱਕੇ ਰਹਿ ਗਏ ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਨ ਅੰਦਰ ਖ਼ੁਸ਼ੀ ਦੀ ਲਹਿਰ ਦੌੜ ਗਈ। ਆਪ ਨੇ ਬਾਲ ਗੋਬਿੰਦ ਰਾਏ ਨੂੰ ਬੜੇ ਪ੍ਰਤਾਪੀ ਅਤੇ ਸਮਰਥ ਸਮਝ ਕੇ ਛਾਤੀ ਨਾਲ ਲਗਾ ਲਿਆ ਅਤੇ ਕਸ਼ਮੀਰੀ ਪੰਡਤਾਂ ਨੂੰ ਉਨ੍ਹਾਂ ਦੇ ਧਰਮ ਦੀ ਰਖਵਾਲੀ ਦਾ ਭਰੋਸਾ ਦਿੱਤਾ।
ਸਿੱਖ ਇਤਿਹਾਸ ਮੁਤਾਬਿਕ ਜਦੋਂ ਨੌਵੇਂ ਪਾਤਸ਼ਾਹ ਅਤੇ ਉਨ੍ਹਾਂ ਦੇ ਕੁਝ ਸਿੱਖਾਂ ਨੂੰ ਕੈਦ ਕੀਤਾ ਗਿਆ ਤਾਂ ਗੁਰੂ ਸਾਹਿਬ ’ਤੇ ਹਕੂਮਤੀ ਵਾਰ ਸ਼ੁਰੂ ਹੋਏ। ਹਕੂਮਤ ਨੇ ਪਹਿਲਾਂ ਤਾਂ ਜ਼ਬਾਨੀ ਡਰਾਵੇ ਅਤੇ ਲਾਲਚ ਦਿੱਤੇ ਕਿ ਉਹ ਮੁਸਲਮਾਨ ਬਣਨਾ ਮੰਨ ਜਾਣ ਪਰ ਜਦੋਂ ਗੁਰੂ ਸਾਹਿਬ ਨਾ ਮੰਨੇ ਤਾਂ ਹਕੂਮਤੀ ਜ਼ੁਲਮ-ਜਬਰ ਆਰੰਭ ਕਰ ਦਿੱਤਾ ਗਿਆ। ਪਹਿਲਾਂ ਗੁਰੂ ਜੀ ਨਾਲ ਗ੍ਰਿਫ਼ਤਾਰ ਕੀਤੇ ਗਏ ਭਾਈ ਦਿਆਲਾ ਜੀ, ਭਾਈ ਮਤੀਦਾਸ ਜੀ ਅਤੇ ਭਾਈ ਸਤੀ ਦਾਸ ਜੀ ਨੂੰ ਤਸੀਹੇ ਦਿੱਤੇ ਗਏ। ਗੁਰੂ ਸਾਹਿਬ ਦੀਆਂ ਅੱਖਾਂ ਸਾਹਮਣੇ ਇਨ੍ਹਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਸ਼ਹੀਦ ਕੀਤਾ ਗਿਆ। ਧੰਨ ਸਨ ਗੁਰੂ ਦੇ ਸਿਦਕੀ ਸਿੱਖ ਜਿਨ੍ਹਾਂ ਮੌਤ ਨੂੰ ਖ਼ੁਦ ਕਲਾਵੇ ਵਿੱਚ ਲਿਆ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ ਦੋ-ਫਾੜ ਕਰ ਦਿੱਤਾ ਗਿਆ। ਗੁਰੂ ਦੇ ਸਿੱਖ ਨੇ ਸੀਅ ਵੀ ਨਹੀਂ ਕੀਤੀ ਅਤੇ ਵਾਹਿਗੁਰੂ ਦਾ ਜਾਪ ਕਰਦਿਆਂ ਸ਼ਹੀਦ ਹੋ ਗਏ। ਹਕੂਮਤ ਦੇ ਅਹਿਲਕਾਰ ਗੁਰੂ ਸਾਹਿਬ ਦਾ ਪ੍ਰਤੀਕਰਮ ਉਡੀਕਦੇ ਰਹੇ, ਪਰ ਗੁਰੂ ਸਾਹਿਬ ਅਡੋਲ ਚਿੱਤ ਸਨ। ਫਿਰ ਭਾਈ ਦਿਆਲਾ ਜੀ ਨੂੰ ਦੇਗ ਦੇ ਉਬਲਦੇ ਪਾਣੀ ਵਿੱਚ ਸੁੱਟ ਕੇ ਉਬਾਲ ਦਿੱਤਾ। ਗੁਰੂ ਦੇ ਸਿੱਖ ਨੇ ਸੀਅ ਤੱਕ ਨਹੀਂ ਕੀਤੀ। ਇਹ ਦ੍ਰਿਸ਼ ਵੇਖ ਕੇ ਆਸ-ਪਾਸ ਦੇ ਲੋਕਾਂ ਦੇ ਦਿਲ ਹਿੱਲ ਗਏ ਸਨ ਪਰ ਗੁਰੂ ਸਾਹਿਬ ਅਡੋਲ ਸਨ। ਹਕੂਮਤ ਦੇ ਜਲਾਦਾਂ ਨੇ ਭਾਈ ਸਤੀਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ। ਇਹ ਕਹਿਰ ਵੀ ਗੁਰੂ ਸਾਹਿਬ ਨੂੰ ਹਰਾ ਨਾ ਸਕਿਆ। ਹਕੂਮਤ ਨੇ ਗੁਰੂ ਸਾਹਿਬ ਦੇ ਸਾਹਮਣੇ ਭਿਆਨਕਤਾ ਦੀ ਹੱਦ ਕਰ ਦਿੱਤੀ ਸੀ। ਕਿਤਨੇ ਭਿਆਨਕ ਤੇ ਡਰਾਉਣੇ ਦ੍ਰਿਸ਼ ਸਨ, ਜਿਸ ਦੀ ਕਲਪਨਾ ਕਰਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ ਪਰ ਗੁਰੂ ਦੇ ਸੱਚੇ ਸਿੱਖ ਜ਼ੁਲਮ ਸਹਿ ਕੇ ਵੀ ਸਿੱਖੀ ਦੇ ਰਸਤੇ ਤੋਂ ਭਟਕੇ ਨਹੀਂ। ਹਕੂਮਤ ਬੌਖਲਾ ਉੱਠੀ ਕਿਉਂਕਿ ਹਾਰ ਉਸ ਦੇ ਸਾਹਮਣੇ ਸੀ, ਗੁਰੂ ਸਾਹਿਬ ਜਿੱਤ ਰਹੇ ਸਨ। ਅਖੀਰ ਗੁਰੂ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ।
ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਅਨਿਆਂ ਵਿਰੁੱਧ ਸੰਘਰਸ਼ ਦਾ ਐਲਾਨਨਾਮਾ ਹੈ। ਇਸ ਸ਼ਹਾਦਤ ਦਾ ਆਦਰਸ਼ ਜਿੱਥੇ ਮਾਨਵ ਧਰਮ ਦੀ ਸੁਰੱਖਿਆ ਸੀ, ਉੱਥੇ ਮਨੁੱਖ ਜਾਤੀ ਦੇ ਵਿਚਾਰ ਵਿਸ਼ਵਾਸ ਦੀ ਸੁਤੰਤਰਤਾ ਅਤੇ ਉਸ ਦੀ ਜ਼ਮੀਰ ਦੀ ਆਜ਼ਾਦੀ ਵਾਲੇ ਬੁਨਿਆਦੀ ਹੱਕਾਂ-ਅਧਿਕਾਰਾਂ ਦੀ ਬਰਕਰਾਰੀ ਵੀ ਸੀ। ਉਸ ਸਮੇਂ ਦੇ ਸਭ ਤੋਂ ਵੱਡੇ ਮੁਗ਼ਲ ਸਾਮਰਾਜ ਨੂੰ ਵੱਡੀ ਚੁਣੌਤੀ ਅਤੇ ਔਰੰਗਜ਼ੇਬ ਵੱਲੋਂ ਸਾਰੇ ਹਿੰਦੋਸਤਾਨ ਨੂੰ ਇਸਲਾਮ ਦੇ ਝੰਡੇ ਹੇਠ ਲਿਆਉਣ ਲਈ ਜਬਰੀ ਧਰਮ ਬਦਲਣ ਦੀ ਅਪਣਾਈ ਗਈ ਹਿੰਸਕ ਨੀਤੀ ਨੂੰ ਇੱਕ ਕਰੜੀ ਵੰਗਾਰ ਵੀ ਸੀ। ਇਹ ਇਤਿਹਾਸਕ ਘਟਨਾ 350 ਸਾਲ ਪਹਿਲਾਂ ਦਿੱਲੀ ਵਿੱਚ ਵਾਪਰੀ, ਜਿਸ ਤੋਂ ਸਿੱਧ ਹੁੰਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸੰਸਾਰ ਅੰਦਰ ਅਦੁੱਤੀ ਅਤੇ ਬੇਮਿਸਾਲ ਹੈ। ਨੌਵੇਂ ਪਾਤਸ਼ਾਹ ਦੀ ਸ਼ਹਾਦਤ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿੱਚ ਫ਼ਰਮਾਇਆ ਹੈ:
ਠੀਕਰਿ ਫੋਰਿ ਦਿਲੀਸਿ ਸਿਰਿ ਪ੍ਰਭ ਪੁਰ ਕੀਯਾ ਪਯਾਨ॥
ਤੇਗ ਬਹਾਦਰ ਸੀ ਕ੍ਰਿਆ ਕਰੀ ਨਾ ਕਿਨਹੂੰ ਆਨ॥
ਨੌਵੇਂ ਪਾਤਸ਼ਾਹ ਦੀ ਸ਼ਹਾਦਤ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਮੋੜ ਸੀ ਜੋ ਧਾਰਮਿਕ, ਰਾਜਨੀਤਿਕ ਅਤੇ ਆਰਥਿਕ ਆਜ਼ਾਦੀ ਦੀ ਖ਼ਾਤਰ ਹੋਈ। ਗੁਰੂ ਸਾਹਿਬ ਦੀ ਸ਼ਹਾਦਤ ਭਾਰਤ ਲਈ ਹੀ ਨਹੀਂ ਸਗੋਂ ਸਮੁੱਚੇ ਸੰਸਾਰ ਲਈ ਚਾਨਣ ਮੁਨਾਰੇ ਦਾ ਕਾਰਜ ਕਰ ਰਹੀ ਹੈ।
ਨੌਵੇਂ ਪਾਤਸ਼ਾਹ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਮੌਕੇ ਜਿੱਥੇ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਨੂੰ ਵਿਸ਼ਵ ਪੱਧਰ ’ਤੇ ਮਨੁੱਖੀ ਅਧਿਕਾਰ ਦਿਵਸ ਵਜੋਂ ਮਨਾਉਣ ਦੇ ਯਤਨ ਹੋਣੇ ਚਾਹੀਦੇ ਹਨ, ਉੱਥੇ ਮੌਜੂਦਾ ਸਮੇਂ ਲੋਕਾਂ ਦੀ ਧਾਰਮਿਕ ਆਜ਼ਾਦੀ ’ਤੇ ਹੋ ਰਹੇ ਹਮਲਿਆਂ ਖ਼ਿਲਾਫ਼ ਇੱਕਜੁਟਤਾ ਨਾਲ ਆਵਾਜ਼ ਉਠਾਉਣਾ ਵੀ ਸਾਡਾ ਫਰਜ਼ ਹੈ।
ਅੱਜ ਸਰਕਾਰਾਂ ਇਹ ਗੱਲ ਸੋਚਣ ਕਿ ਨੌਵੇਂ ਪਾਤਸ਼ਾਹ ਨੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦੇ ਕੇ ਇਤਿਹਾਸ ਸਿਰਜਿਆ ਸੀ, ਪਰ ਅੱਜ ਗੁਰੂ ਸਾਹਿਬ ਦੇ ਅਨੁਯਾਈ ਸਿੱਖਾਂ ਨੂੰ ਆਪਣੇ ਹੀ ਦੇਸ਼ ਭਾਰਤ ਅੰਦਰ ਪਛਾਣ ਦੀਆਂ ਕਈ ਚੁਣੌਤੀਆਂ ਮੌਜੂਦ ਹਨ। ਸਿੱਖਾਂ ਦੇ ਕਕਾਰਾਂ ਨੂੰ ਅਕਸਰ ਹੀ ਚੁਣੌਤੀ ਦਿੱਤੀ ਜਾ ਰਹੀ ਹੈ। ਪ੍ਰੀਖਿਆਵਾਂ ਅੰਦਰ, ਹਵਾਈ ਅੱਡਿਆਂ ਉੱਤੇ, ਮੈਟਰੋ ਸਟੇਸ਼ਨਾਂ ਜਾਂ ਹੋਰ ਕੰਮਕਾਜੀ ਥਾਵਾਂ ’ਤੇ ਸਿੱਖਾਂ ਨੂੰ ਕਕਾਰ ਉਤਾਰਨ ਲਈ ਮਜਬੂਰ ਕੀਤਾ ਜਾਂਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ’ਤੇ ਭਾਰਤ ਸਰਕਾਰ ਇਸ ਸੰਜੀਦਾ ਮਸਲੇ ਵੱਲ ਧਿਆਨ ਦੇਵੇ ਤੇ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੀ ਰਖਵਾਲੀ ਲਈ ਸੰਤੁਲਿਤ ਪਹੁੰਚ ਅਪਣਾਵੇ।
ਸਿੱਖਾਂ ਦਾ ਇੱਕ ਮਸਲਾ ਹੋਰ ਵੀ ਬਹੁਤ ਅਹਿਮ ਹੈ, ਜਿਸ ਨਾਲ ਕੌਮ ਅੰਦਰ ਬੇਗਾਨਗੀ ਦਾ ਅਹਿਸਾਸ ਪਨਪ ਰਿਹਾ ਹੈ। ਇਹ ਮਸਲਾ ਬੰਦੀ ਸਿੰਘਾਂ ਦੀ ਰਿਹਾਈ ਦਾ ਹੈ ਕਿਉਂਕਿ ਕਿਸੇ ਨੂੰ ਤਿੰਨ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਜੇਲ੍ਹਾਂ ਵਿੱਚ ਬੰਦ ਰੱਖਣਾ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ। ਬੰਦੀ ਸਿੰਘਾਂ ਨੇ ਆਪਣੀਆਂ ਬਣਦੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ, ਪਰ ਉਨ੍ਹਾਂ ਨੂੰ ਰਿਹਾਅ ਨਾ ਕਰਨਾ ਨਾਇਨਸਾਫ਼ੀ ਹੈ। ਸਰਕਾਰ ਇਸ ’ਤੇ ਹਮਦਰਦੀ ਨਾਲ ਗ਼ੌਰ ਕਰੇ ਕਿਉਂਕਿ ਸਾਲ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਹਿਲਾਂ ਹੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਹੈ। ਹੁਣ ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਦੀ ਸ਼ਤਾਬਦੀ ਇਸ ਵਾਅਦੇ ਨੂੰ ਪੂਰਿਆਂ ਕਰਨ ਲਈ ਇੱਕ ਅਹਿਮ ਮੌਕਾ ਹੈ। ਇਸ ਲਈ ਸਰਕਾਰ ਵੱਡਾ ਦਿਲ ਦਿਖਾਵੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰੇ।
ਸਿੱਖ ਕੌਮ ਨੂੰ ਵੀ ਇੱਕ ਜ਼ਰੂਰੀ ਅਪੀਲ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਹੁੰਦਿਆਂ ਕੌਮੀ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਹੋਵੇ। ਅੱਜ ਨਸ਼ਿਆਂ ਤੇ ਪਤਿਤਪੁਣੇ ਦੇ ਰੁਝਾਨ ਵਿਰੁੱਧ ਲਾਮਬੰਦ ਹੋਣ ਦੀ ਜ਼ਰੂਰਤ ਹੈ। ਹਰ ਕੋਈ ਇਸ ਪ੍ਰਤੀ ਆਪੋ-ਆਪਣੀ ਜ਼ਿੰਮੇਵਾਰੀ ਨਿਭਾਵੇ ਅਤੇ ਗੁਰੂ ਸਾਹਿਬ ਦੇ ਆਦਰਸ਼ਾਂ ਅਨੁਸਾਰ ਕੌਮ ਦੀ ਚੜ੍ਹਦੀ ਕਲਾ ਲਈ ਯਤਨ ਕਰੇ। ਇਹੀ ਗੁਰੂ ਸਾਹਿਬ ਪ੍ਰਤੀ ਸੱਚਾ ਸਤਿਕਾਰ ਹੋਵੇਗਾ।
* ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

