ਮੰਗਲਵਾਰ ਦੁਪਹਿਰ ਦੀ ਨੀਂਦ
‘ਮੰਗਲਵਾਰ ਦੁਪਹਿਰ ਦੀ ਨੀਂਦ’ ਗੈਬਰੀਅਲ ਗਾਰਸੀਆ ਮਾਰਖੇਜ਼ ਦੀ ਸਪੇਨੀ ਕਹਾਣੀ ‘ਲਾ ਸਿਏਸਤਾ ਡੈੱਲ ਮਾਰਟਿਸ’ ਦਾ ਪੰਜਾਬੀ ਅਨੁਵਾਦ ਹੈ। ‘ਸਿਏਸਤਾ’ ਦਾ ਅਰਥ ਹੈ ਦੁਪਹਿਰ ਦੀ ਨੀਂਦ। ਲਾਤੀਨੀ ਅਮਰੀਕਾ ਵਿੱਚ ਗਰਮੀ ਦੇ ਦਿਨਾਂ ਵਿੱਚ ਦੁਪਹਿਰ ਵੇਲੇ ਰੋਟੀ ਖਾਣ ਤੋਂ ਬਾਅਦ ਕੁਝ ਸਮੇਂ ਲਈ ਸਾਰੇ ਕੰਮ-ਧੰਦੇ ਬੰਦ ਕਰਕੇ ਆਰਾਮ ਕਰਨ ਜਾਂ ਸੌਣ ਦਾ ਰਿਵਾਜ ਹੈ। ਇਹ ਗਰਮੀ ਤੋਂ ਬਚਣ ਦਾ ਉਨ੍ਹਾਂ ਦਾ ਦੇਸੀ ਢੰਗ ਹੈ। ਹਥਲਾ ਪੰਜਾਬੀ ਅਨੁਵਾਦ ਸਵਜੀਤ (ਸੰਪਰਕ: 98725-57001) ਨੇ ਇਸ ਕਹਾਣੀ ਦੇ ਅੰਗਰੇਜ਼ੀ ਅਨੁਵਾਦ ‘ਟਿਊਜ਼ਡੇਅ ਸਿਏਸਤਾ’ ਤੋਂ ਕੀਤਾ ਹੈ।
ਰੇਲਗੱਡੀ ਰੇਤਲੀਆਂ ਚੱਟਾਨਾਂ ਦੀ ਥਰਥਰਾਉਂਦੀ ਸੁਰੰਗ ਵਿੱਚੋਂ ਬਾਹਰ ਨਿਕਲੀ ਅਤੇ ਦੇਖਣ ਨੂੰ ਇੱਕੋ ਜਿਹੇ ਲੱਗਦੇ ਕੇਲੇ ਦੇ ਬਾਗ਼ ਪਾਰ ਕਰਦੀ ਹੋਈ ਅੱਗੇ ਵਧਣ ਲੱਗੀ। ਹਵਾ ਸਿੱਲ੍ਹੀ ਹੋ ਗਈ ਸੀ ਅਤੇ ਸਮੁੰਦਰੀ ਹਵਾ ਹੁਣ ਮਹਿਸੂਸ ਨਹੀਂ ਹੋ ਰਹੀ ਸੀ। ਗੱਡੀ ਦੇ ਡੱਬੇ ਦੀ ਖਿੜਕੀ ਵਿੱਚੋਂ ਧੂੰਏਂ ਦਾ ਦਮਘੋਟੂ ਬੱਦਲ ਅੰਦਰ ਆ ਵੜਿਆ। ਰੇਲ ਦੀ ਪਟੜੀ ਦੇ ਨਾਲ-ਨਾਲ ਚੱਲ ਰਹੀ ਤੰਗ ਸੜਕ ’ਤੇ ਹਰੇ ਕੇਲਿਆਂ ਦੇ ਗੁੱਛਿਆਂ ਨਾਲ ਲੱਦੇ ਰੇਹੜੇ ਜਾ ਰਹੇ ਸਨ। ਸੜਕ ਤੋਂ ਦੂਰ ਪਰ੍ਹੇ ਖਿੰਡਵੇਂ ਜਿਹੇ ਖਾਲੀ ਪਲਾਟ ਦਿਸਦੇ ਸਨ ਜਿੱਥੇ ਬਿਜਲੀ ਦੇ ਪੱਖਿਆਂ ਵਾਲੇ ਦਫ਼ਤਰ, ਲਾਲ ਇੱਟਾਂ ਵਾਲੀਆਂ ਇਮਾਰਤਾਂ ਅਤੇ ਧੂੜ ਭਰੇ ਪਾਮ ਦੇ ਰੁੱਖਾਂ ਤੇ ਗੁਲਾਬ ਦੇ ਬੂਟਿਆਂ ’ਚ ਲੁਕੇ ਘਰ ਦਿਸਦੇ ਸਨ। ਘਰਾਂ ਦੀਆਂ ਛੱਤਾਂ ’ਤੇ ਚਿੱਟੇ ਰੰਗ ਦੀਆਂ ਕੁਰਸੀਆਂ ਤੇ ਛੋਟੇ ਮੇਜ਼ ਪਏ ਸਨ। ਸਵੇਰ ਦੇ ਗਿਆਰਾਂ ਵੱਜੇ ਸਨ ਅਤੇ ਗਰਮੀ ਅਜੇ ਪੈਣ ਨਹੀਂ ਸੀ ਲੱਗੀ।
‘‘ਜੇ ਤੂੰ ਖਿੜਕੀ ਬੰਦ ਕਰ ਦੇਵੇਂ ਤਾਂ ਚੰਗਾ ਹੋਵੇਗਾ,’’ ਔਰਤ ਨੇ ਕਿਹਾ, ‘‘ਨਹੀਂ ਤਾਂ ਤੇਰੇ ਵਾਲ਼ ਕਾਲਖ ਨਾਲ ਭਰ ਜਾਣਗੇ।’’ ਕੁੜੀ ਨੇ ਕੋਸ਼ਿਸ਼ ਕੀਤੀ, ਪਰ ਜੰਗ ਲੱਗਿਆ ਸ਼ੀਸ਼ੇ ਦਾ ਪੱਲਾ ਆਪਣੀ ਥਾਂ ਤੋਂ ਨਾ ਹਿੱਲਿਆ। ਤੀਜੇ ਦਰਜੇ ਦੇ ਇੱਕੋ-ਇੱਕ ਡੱਬੇ ਵਿੱਚ ਉਨ੍ਹਾਂ ਦੋਵਾਂ ਤੋਂ ਸਿਵਾਏ ਹੋਰ ਕੋਈ ਸਵਾਰੀ ਨਹੀਂ ਸੀ। ਜਦ ਇੰਜਣ ਦਾ ਧੂੰਆਂ ਖਿੜਕੀ ਰਾਹੀਂ ਅੰਦਰ ਆਉਣੋਂ ਨਾ ਹਟਿਆ ਤਾਂ ਕੁੜੀ ਨੇ ਆਪਣੀ ਸੀਟ ਛੱਡ ਦਿੱਤੀ ਅਤੇ ਉੱਥੇ ਆਪਣਾ ਸਾਮਾਨ ਰੱਖ ਦਿੱਤਾ। ਇਹ ਇੱਕ ਪਲਾਸਟਿਕ ਦਾ ਝੋਲਾ ਸੀ ਜਿਸ ਵਿੱਚ ਖਾਣ ਦੀਆਂ ਕੁਝ ਚੀਜ਼ਾਂ ਅਤੇ ਅਖ਼ਬਾਰ ਵਿੱਚ ਲਪੇਟਿਆ ਇੱਕ ਗੁਲਦਸਤਾ ਸੀ। ਉਹ ਖਿੜਕੀ ਤੋਂ ਪਰ੍ਹੇ ਆਪਣੀ ਮਾਂ ਦੇ ਸਾਹਮਣੇ ਸੀਟ ’ਤੇ ਬੈਠ ਗਈ। ਉਨ੍ਹਾਂ ਦੋਵਾਂ ਨੇ ਮਾਤਮੀ ਕੱਪੜੇ ਪਹਿਨੇ ਹੋਏ ਸਨ।
ਕੁੜੀ ਦੀ ਉਮਰ ਬਾਰਾਂ ਸਾਲ ਸੀ ਅਤੇ ਉਹ ਪਹਿਲੀ ਵਾਰ ਰੇਲ ਗੱਡੀ ’ਚ ਸਫ਼ਰ ਕਰ ਰਹੀ ਸੀ। ਉਹ ਔਰਤ ਭਾਵੇਂ ਉਸ ਦੀ ਮਾਂ ਸੀ ਪਰ ਉਸ ਦੀਆਂ ਪਲਕਾਂ ’ਤੇ ਉੱਭਰੀਆਂ ਨੀਲੀਆਂ ਨਸਾਂ ਅਤੇ ਉਸ ਦੇ ਛੋਟੇ, ਨਰਮ ਅਤੇ ਬੇਢੱਬੇ ਸਰੀਰ ’ਤੇ ਕਜ਼ਾਕਾਂ ਵਾਂਗੂੰ ਸਿਉਂਤੀ ਪੁਸ਼ਾਕ ਪਾਈ ਹੋਣ ਕਾਰਨ ਉਹ ਕਿਤੇ ਜ਼ਿਆਦਾ ਬੁੱਢੀ ਲੱਗਦੀ ਸੀ। ਉਹ ਸੀਟ ’ਤੇ ਆਪਣੀ ਪਿੱਠ ਮਜ਼ਬੂਤੀ ਨਾਲ ਟਿਕਾ ਕੇ ਬੈਠੀ ਸੀ। ਉਸ ਦੇ ਹੱਥਾਂ ਵਿੱਚ ਘਸਿਆ ਜਿਹਾ ਚਮੜੇ ਦਾ ਬੈਗ ਘੁੱਟ ਕੇ ਫੜਿਆ ਹੋਇਆ ਸੀ। ਉਹ ਇਉਂ ਆਗਿਆਕਾਰੀ ਤੇ ਸ਼ਾਂਤ ਦਿਸ ਰਹੀ ਸੀ ਜਿਵੇਂ ਗ਼ਰੀਬੀ ਦਾ ਆਦੀ ਕੋਈ ਇਨਸਾਨ ਦਿਸਦਾ ਹੈ।
ਬਾਰ੍ਹਾਂ ਵਜੇ ਤੋਂ ਬਾਅਦ ਗਰਮੀ ਪੈਣ ਲੱਗੀ। ਗੱਡੀ ਦਸ ਕੁ ਮਿੰਟਾਂ ਲਈ ਕਿਸੇ ਸੁੰਨ-ਮਸਾਨ ਸਟੇਸ਼ਨ ’ਤੇ ਪਾਣੀ ਭਰਨ ਲਈ ਰੁਕੀ, ਜਿੱਥੇ ਆਲੇ-ਦੁਆਲੇ ਕੋਈ ਪਿੰਡ ਜਾਂ ਕਸਬਾ ਨਹੀਂ ਸੀ। ਸਟੇਸ਼ਨ ਤੋਂ ਬਾਹਰ ਬਾਗ਼ਾਂ ਦੀ ਰਹੱਸਮਈ ਚੁੱਪ ਵਿੱਚੋਂ ਪਰਛਾਵੇਂ ਸਾਫ਼ ਦਿਸ ਰਹੇ ਸਨ ਪਰ ਡੱਬੇ ਅੰਦਰਲੀ ਖੜੋਤ ਮਾਰੀ ਹਵਾ ਚਮੜੇ (ਖੱਲੜੀ) ਵਰਗੀ ਹਮਕ ਮਾਰ ਰਹੀ ਸੀ। ਗੱਡੀ ਨੇ ਮੁੜ ਰਫ਼ਤਾਰ ਨਾ ਫੜੀ। ਇਸ ਤੋਂ ਬਾਅਦ ਗੱਡੀ ਦੋ ਇੱਕੋ ਜਿਹੇ ਦਿਸਦੇ ਕਸਬਿਆਂ ਕੋਲ ਰੁਕੀ, ਜਿਨ੍ਹਾਂ ਦੇ ਲੱਕੜ ਦੇ ਘਰ ਭੜਕੀਲੇ ਰੰਗਾਂ ਨਾਲ ਰੰਗੇ ਹੋਏ ਸਨ। ਔਰਤ ਦਾ ਸਿਰ ਝੁਕਿਆ ਤੇ ਉਹ ਊਂਘਣ ਲੱਗੀ। ਕੁੜੀ ਨੇ ਆਪਣੇ ਬੂਟ ਲਾਹੇ ਅਤੇ ਗੁਲਦਸਤੇ ’ਤੇ ਪਾਣੀ ਛਿੜਕਣ ਲਈ ਗੁਸਲਖਾਨੇ ਅੰਦਰ ਚਲੀ ਗਈ।
ਜਦੋਂ ਉਹ ਮੁੜ ਆਪਣੀ ਸੀਟ ’ਤੇ ਆਈ ਤਾਂ ਉਸ ਦੀ ਮਾਂ ਖਾਣੇ ਲਈ ਉਸ ਦੀ ਉਡੀਕ ਕਰ ਰਹੀ ਸੀ। ਉਸ ਨੇ ਪਨੀਰ ਦਾ ਇੱਕ ਟੁਕੜਾ, ਮੱਕੀ ਦੀ ਬਰੈੱਡ ਦਾ ਅੱਧਾ ਰੋਲ ਤੇ ਇੱਕ ਮਿੱਠਾ ਬਿਸਕੁਟ ਕੁੜੀ ਨੂੰ ਖਾਣ ਵਾਸਤੇ ਦਿੱਤਾ ਅਤੇ ਪਲਾਸਟਿਕ ਦੇ ਝੋਲੇ ’ਚੋਂ ਇੰਨਾ ਕੁ ਹੀ ਸਾਮਾਨ ਖ਼ੁਦ ਲਈ ਵੀ ਕੱਢ ਲਿਆ। ਜਦੋਂ ਉਹ ਖਾਣਾ ਖਾ ਰਹੀਆਂ ਸਨ ਤਾਂ ਰੇਲ ਗੱਡੀ ਹੌਲੀ ਰਫ਼ਤਾਰ ਨਾਲ ਲੋਹੇ ਦੇ ਇੱਕ ਪੁਲ ਤੋਂ ਲੰਘੀ ਅਤੇ ਇੱਕ ਕਸਬਾ ਪਾਰ ਕੀਤਾ। ਇਹ ਦੇਖਣ ਨੂੰ ਤਾਂ ਪਹਿਲੇ ਕਸਬਿਆਂ ਵਰਗਾ ਹੀ ਸੀ ਪਰ ਇੱਥੇ ਸਟੇਸ਼ਨ ’ਤੇ ਸਵਾਰੀਆਂ ਦੀ ਭੀੜ ਸੀ। ਬਾਹਰ ਤਿੱਖੀ ਧੁੱਪ ਵਿੱਚ ਕੋਈ ਬੈਂਡ ਖੁਸ਼ਦਿਲ ਸੰਗੀਤ ਵਜਾ ਰਿਹਾ ਸੀ। ਕਸਬੇ ਦੇ ਦੂਜੇ ਪਾਸੇ ਕੇਲੇ ਦੇ ਬਾਗ਼ ਖ਼ਤਮ ਹੋ ਗਏ ਸਨ ਅਤੇ ਉਸ ਤੋਂ ਅੱਗੇ ਸਿਰਫ਼ ਔੜਾਂ ਮਾਰੀ ਤ੍ਰੇੜਾਂ ਭਰੀ ਧਰਤੀ ਸੀ।
ਔਰਤ ਨੇ ਖਾਣਾ ਛੱਡ ਦਿੱਤਾ।
“ਆਪਣੇ ਬੂਟ ਪਾ ਲੈ।” ਉਸ ਨੇ ਕਿਹਾ।
ਕੁੜੀ ਨੇ ਬਾਹਰ ਤੱਕਿਆ। ਉਸ ਨੂੰ ਦੂਰ ਤੱਕ ਔੜਾਂ ਮਾਰੀ ਧਰਤੀ ਤੋਂ ਇਲਾਵਾ ਕੁਝ ਨਾ ਦਿਸਿਆ। ਰੇਲ ਗੱਡੀ ਨੇ ਰਫ਼ਤਾਰ ਫੜ ਲਈ। ਉਸ ਨੇ ਬਿਸਕੁਟ ਦਾ ਆਖ਼ਰੀ ਟੁਕੜਾ ਝੋਲੇ ਵਿੱਚ ਰੱਖਿਆ ਤੇ ਛੇਤੀ ਛੇਤੀ ਬੂਟ ਪਾ ਲਏ। ਔਰਤ ਨੇ ਉਸ ਨੂੰ ਕੰਘਾ ਫੜਾਇਆ।
“ਵਾਲ਼ ਵਾਹ ਲੈ।” ਉਸ ਨੇ ਕਿਹਾ। ਜਦੋਂ ਕੁੜੀ ਵਾਲ਼ ਵਾਹ ਰਹੀ ਸੀ ਤਾਂ ਰੇਲ ਗੱਡੀ ਨੇ ਸੀਟੀ ਮਾਰਨੀ ਸ਼ੁਰੂ ਕਰ ਦਿੱਤੀ। ਔਰਤ ਨੇ ਆਪਣੀਆਂ ਉਂਗਲਾਂ ਨਾਲ ਉਸ ਦੀ ਗਰਦਨ ਤੋਂ ਪਸੀਨਾ ਪੂੰਝਿਆ ਅਤੇ ਉਸ ਦੇ ਚਿਹਰੇ ਤੋਂ ਤੇਲ ਸਾਫ਼ ਕੀਤਾ। ਜਦੋਂ ਕੁੜੀ ਵਾਲ ਵਾਹ ਹਟੀ, ਉਦੋਂ ਰੇਲ ਗੱਡੀ ਕਸਬੇ ਦੇ ਬਾਹਰਲੇ ਘਰਾਂ ਕੋਲੋਂ ਲੰਘ ਰਹੀ ਸੀ ਜਿਹੜੇ ਪਹਿਲਿਆਂ ਨਾਲੋਂ ਵੱਡੇ ਤੇ ਜ਼ਿਆਦਾ ਉਦਾਸ ਸਨ।
“ਜੇ ਤੂੰ ਕੁਝ ਕਰਨੈ ਤਾਂ ਹੁਣੇ ਕਰ ਲੈ, ਫੇਰ ਭਾਵੇਂ ਪਿਆਸ ਨਾਲ ਮਰਦੀ ਹੋਵੇਂ ਤਾਂ ਵੀ ਪਾਣੀ ਨਹੀਂ ਪੀਣਾ ਅਤੇ ਜੋ ਚਾਹੇ ਹੋ ਜਾਵੇ, ਰੋਣਾ ਬਿਲਕੁਲ ਨਹੀਂ।”
ਕੁੜੀ ਨੇ ਹਾਂ ’ਚ ਸਿਰ ਹਿਲਾਇਆ। ਇੰਜਣ ਦੀ ਸੀਟੀ ਤੇ ਪੁਰਾਣੇ ਡੱਬਿਆਂ ਦੀ ਖੜਖੜਾਹਟ ਨਾਲ ਭਰੀ ਖੁਸ਼ਕ ਤੇ ਬਲ਼ਦੀ ਹਵਾ ਦਾ ਬੁੱਲਾ ਖਿੜਕੀ ਰਾਹੀਂ ਅੰਦਰ ਆਇਆ। ਔਰਤ ਨੇ ਬਚੇ-ਖੁਚੇ ਖਾਣੇ ਵਾਲਾ ਝੋਲਾ ਤਹਿ ਕਰਕੇ ਬੈਗ ਵਿੱਚ ਪਾ ਲਿਆ। ਤਪਦੇ ਅਗਸਤ ਦੇ ਮੰਗਲਵਾਰ ਦੇ ਦਿਨ, ਉਸ ਕਸਬੇ ਦੀ ਪੂਰੀ ਤਸਵੀਰ ਇੱਕ ਪਲ ਲਈ ਖਿੜਕੀ ਵਿੱਚੋਂ ਚਮਕੀ। ਕੁੜੀ ਨੇ ਗੁਲਦਸਤਾ ਗਿੱਲੇ ਅਖ਼ਬਾਰ ਵਿੱਚ ਲਪੇਟ ਲਿਆ, ਖਿੜਕੀ ਕੋਲੋਂ ਰਤਾ ਕੁ ਪਾਸੇ ਹਟੀ ਅਤੇ ਆਪਣੀ ਮਾਂ ਵੱਲ ਤੱਕਿਆ। ਮਾਂ ਨੇ ਵੀ ਉਸ ਨੂੰ ਸੁਖਾਵੀਂ ਨਜ਼ਰ ਨਾਲ ਦੇਖਿਆ। ਰੇਲ ਗੱਡੀ ਸੀਟੀ ਵਜਾਉਂਦੀ ਹੌਲੀ ਹੁੰਦੀ ਹੁੰਦੀ ਕੁਝ ਦੇਰ ਬਾਅਦ ਰੁਕ ਗਈ।
ਸਟੇਸ਼ਨ ’ਤੇ ਕੋਈ ਨਹੀਂ ਸੀ। ਸੜਕ ਦੇ ਦੂਜੇ ਪਾਸੇ, ਬਦਾਮ ਦੇ ਰੁੱਖਾਂ ਦੀ ਛਾਂ ਵਾਲੇ ਰਸਤੇ ’ਤੇ ਸਿਰਫ਼ ਪੂਲ ਖੇਡਣ ਵਾਲਾ ਇੱਕ ਹਾਲ ਖੁੱਲ੍ਹਾ ਸੀ। ਕਸਬਾ ਗਰਮੀ ਨਾਲ ਤਪ ਰਿਹਾ ਸੀ। ਉਹ ਦੋਵੇਂ ਰੇਲ ਗੱਡੀ ’ਚੋਂ ਉਤਰੀਆਂ ਤੇ ਟਾਈਲਾਂ ’ਚ ਉੱਗੇ ਘਾਹ ਵਾਲੇ ਰਸਤੇ ’ਤੇ ਚੱਲਦਿਆਂ ਵੀਰਾਨ ਪਏ ਸਟੇਸ਼ਨ ਤੋਂ ਬਾਹਰ ਗਲੀ ਦੇ ਛਾਂ ਵਾਲੇ ਪਾਸੇ ਆ ਗਈਆਂ।
ਲਗਭਗ ਦੋ ਵੱਜ ਚੁੱਕੇ ਸਨ। ਉਸ ਵੇਲੇ ਕਸਬੇ ਦੇ ਲੋਕ ਦੁਪਹਿਰੇ ਨੀਂਦ ਦੇ ਢੌਂਕੇ ਲਾ ਰਹੇ ਸਨ। ਦੁਕਾਨ, ਦਫ਼ਤਰ ਅਤੇ ਸਕੂਲ ਗਿਆਰਾਂ ਵਜੇ ਬੰਦ ਹੋ ਗਏ ਸਨ ਤੇ ਰੇਲ ਗੱਡੀ ਦੀ ਵਾਪਸੀ ਵੇਲੇ ਯਾਨੀ ਚਾਰ ਵਜੇ ਤੋਂ ਕੁਝ ਸਮਾਂ ਪਹਿਲਾਂ ਹੀ ਖੁੱਲ੍ਹਣੇ ਸਨ। ਸਿਰਫ਼ ਸਟੇਸ਼ਨ ਤੋਂ ਬਾਹਰਵਾਰ ਇੱਕ ਹੋਟਲ, ਉਸ ਦਾ ਬਾਰ, ਪੂਲ ਹਾਲ ਅਤੇ ਪਲਾਜ਼ਾ ਦੇ ਨਾਲ ਲੱਗਵਾਂ ਟੈਲੀਗ੍ਰਾਫ ਦਫ਼ਤਰ ਹੀ ਖੁੱਲ੍ਹਾ ਸੀ। ਘਰਾਂ ਦੇ ਕੁੰਡੇ ਅੰਦਰੋਂ ਬੰਦ ਸਨ ਤੇ ਖਿੜਕੀਆਂ ’ਤੇ ਪਰਦੇ ਤਾਣੇ ਹੋਏ ਸਨ। ਇਨ੍ਹਾਂ ’ਚੋਂ ਜ਼ਿਆਦਾਤਰ ਘਰ ਕੇਲਾ ਕੰਪਨੀ ਦੇ ਨਕਸ਼ੇ ਮੁਤਾਬਿਕ ਬਣੇ ਹੋਏ ਸਨ। ਕਈ ਘਰ ਤਾਂ ਅੰਦਰੋਂ ਇੰਨੇ ਤਪ ਰਹੇ ਸਨ ਕਿ ਲੋਕ ਵਰਾਂਡੇ ’ਚ ਬੈਠ ਕੇ ਖਾਣਾ ਖਾ ਰਹੇ ਸਨ। ਬਾਕੀ ਲੋਕ ਬਦਾਮ ਦੇ ਰੁੱਖਾਂ ਦੀ ਛਾਂ ਹੇਠਾਂ ਕੰਧਾਂ ਨਾਲ ਕੁਰਸੀਆਂ ਦੀ ਢੋਅ ਲਾਈ ਗਲੀ ਵਿੱਚ ਹੀ ਸੁੱਤੇ ਪਏ ਸਨ।
ਦਰੱਖਤਾਂ ਦੀ ਛਾਂ ਹੇਠ ਬਿਨਾਂ ਕਿਸੇ ਦੀ ਨੀਂਦ ਖਰਾਬ ਕੀਤਿਆਂ ਉਹ ਔਰਤ ਤੇ ਕੁੜੀ ਚੁੱਪਚਾਪ ਗਲੀਆਂ ਵਿੱਚੋਂ ਲੰਘਦੀਆਂ ਗਈਆਂ। ਉਹ ਸਿੱਧਾ ਪਾਦਰੀ ਦੇ ਘਰ ਪਹੁੰਚੀਆਂ। ਔਰਤ ਨੇ ਆਪਣੀ ਉਂਗਲ ਦਾ ਨਹੁੰ ਦਰਵਾਜ਼ੇ ’ਤੇ ਲੱਗੀ ਜਾਲ਼ੀ ਨਾਲ ਰਗੜਿਆ। ਥੋੜ੍ਹੀ ਦੇਰ ਉਡੀਕ ਕੀਤੀ ਅਤੇ ਦੁਬਾਰਾ ਫਿਰ ਰਗੜਿਆ। ਅੰਦਰੋਂ ਬਿਜਲੀ ਵਾਲੇ ਪੱਖੇ ਦੀ ਆਵਾਜ਼ ਆ ਰਹੀ ਸੀ। ਉਨ੍ਹਾਂ ਨੂੰ ਕੋਈ ਪੈੜਚਾਲ ਨਾ ਸੁਣੀ ਤੇ ਨਾ ਹੀ ਦਰਵਾਜ਼ਾ ਚਰਮਰਾਉਣ ਦੀ ਹੀ ਆਵਾਜ਼ ਸੁਣੀ। ਫਿਰ ਉਨ੍ਹਾਂ ਨੂੰ ਦਰਵਾਜ਼ੇ ਦੀ ਜਾਲ਼ੀ ਕੋਲ ਕਿਸੇ ਦੀ ਆਵਾਜ਼ ਸੁਣਾਈ ਦਿੱਤੀ।
“ਕੌਣ ਹੈ?” ਔਰਤ ਨੇ ਜਾਲ਼ੀ ਵਿੱਚੋਂ ਅੰਦਰ ਝਾਕਣ ਦੀ ਕੋਸ਼ਿਸ਼ ਕੀਤੀ। “ਪਾਦਰੀ ਜੀ ਨੂੰ ਮਿਲਣਾ ਹੈ।” “ਉਹ ਤਾਂ ਸੌਣ ਚਲੇ ਗਏ ਹਨ।”
“ਬਹੁਤ ਜ਼ਰੂਰੀ ਹੈ।” ਔਰਤ ਨੇ ਜ਼ੋਰ ਪਾ ਕੇ ਕਿਹਾ।
ਉਸ ਦੀ ਆਵਾਜ਼ ਨਰਮ, ਪਰ ਦ੍ਰਿੜ੍ਹ ਸੀ। ਬਿਨਾਂ ਆਵਾਜ਼ ਦੇ ਦਰਵਾਜ਼ਾ ਥੋੜ੍ਹਾ ਜਿਹਾ ਖੁੱਲ੍ਹਿਆ ਅਤੇ ਭਾਰੀ ਸਰੀਰ ਵਾਲੀ ਇੱਕ ਬਿਰਧ ਔਰਤ ਨਜ਼ਰੀਂ ਪਈ, ਉਸ ਦੇ ਚਿਹਰੇ ’ਤੇ ਪਿਲੱਤਣ ਛਾਈ ਹੋਈ ਸੀ ਅਤੇ ਸਿਰ ਦੇ ਵਾਲ ਧੌਲੇ ਸਨ। ਮੋਟੇ ਸ਼ੀਸ਼ੇ ਵਾਲੀ ਐਨਕ ਪਿੱਛੇ ਉਸ ਦੀਆਂ ਅੱਖਾਂ ਬਹੁਤ ਛੋਟੀਆਂ ਲੱਗ ਰਹੀਆਂ ਸਨ।
“ਅੰਦਰ ਆ ਜਾਓ।” ਪੂਰਾ ਦਰਵਾਜ਼ਾ ਖੋਲ੍ਹਦਿਆਂ ਉਸ ਨੇ ਕਿਹਾ।
ਉਹ ਕਮਰੇ ਵਿੱਚ ਆ ਗਈਆਂ, ਜਿੱਥੇ ਮੁਰਝਾਏ ਫੁੱਲਾਂ ਦੀ ਗੰਧ ਭਰੀ ਹੋਈ ਸੀ। ਉਹ ਔਰਤ ਉਨ੍ਹਾਂ ਨੂੰ ਲੱਕੜ ਦੇ ਇੱਕ ਬੈਂਚ ਕੋਲ ਲੈ ਗਈ ਅਤੇ ਬੈਠਣ ਲਈ ਕਿਹਾ। ਕੁੜੀ ਬੈਠ ਗਈ ਪਰ ਔਰਤ ਗੁਆਚੀ ਜਿਹੀ, ਦੋਵਾਂ ਹੱਥਾਂ ਵਿੱਚ ਬੈਗ ਘੁੱਟ ਕੇ ਫੜੀ ਖੜ੍ਹੀ ਰਹੀ। ਬਿਜਲੀ ਦੇ ਪੱਖੇ ਦੀ ਆਵਾਜ਼ ਤੋਂ ਬਿਨਾਂ ਹੋਰ ਕੁਝ ਵੀ ਸੁਣਾਈ ਨਹੀਂ ਸੀ ਦੇ ਰਿਹਾ।
ਉਸ ਘਰ ਦੀ ਔਰਤ ਪਿਛਲੇ ਦਰਵਾਜ਼ੇ ਵਿੱਚ ਦੁਬਾਰਾ ਦਿਸੀ। ਉਸ ਨੇ ਬਹੁਤ ਹੌਲੀ ਦੇਣੇ ਕਿਹਾ: “ਉਹ ਤਿੰਨ ਵਜੇ ਆਉਣ ਲਈ ਕਹਿ ਰਹੇ ਨੇ। ਹਾਲੇ ਪੰਜ ਮਿੰਟ ਪਹਿਲਾਂ ਹੀ ਸੌਣ ਲਈ ਗਏ ਹਨ।”
“ਟਰੇਨ ਸਾਢੇ ਤਿੰਨ ਵਜੇ ਤੁਰ ਪੈਂਦੀ ਹੈ।” ਉਸ ਨੇ ਸੰਖੇਪ ਵਿੱਚ ਸਿੱਧਾ-ਸਾਦਾ ਜਿਹਾ ਜਵਾਬ ਦਿੱਤਾ। ਉਸ ਦੀ ਸਧੀ ਹੋਈ ਆਵਾਜ਼ ਵਿੱਚ ਬਹੁਤ ਸਾਰੇ ਅਰਥ ਲੁਕੇ ਹੋਏ ਸਨ। ਪਹਿਲੀ ਵਾਰ ਉਸ ਘਰ ਦੀ ਔਰਤ ਮੁਸਕਰਾਈ।
ਜਦੋਂ ਦਰਵਾਜ਼ਾ ਬੰਦ ਹੋ ਗਿਆ ਤਾਂ ਔਰਤ ਆਪਣੀ ਕੁੜੀ ਦੇ ਕੋਲ ਬੈਠ ਗਈ। ਮਿਲਣ ਆਏ ਮਹਿਮਾਨਾਂ ਦੇ ਬੈਠਣ ਵਾਲਾ ਉਹ ਤੰਗ ਜਿਹਾ ਕਮਰਾ ਖਾਲੀ ਸੀ ਪਰ ਸਜਿਆ ਹੋਇਆ ਤੇ ਸਾਫ਼ ਸੁਥਰਾ ਸੀ। ਕਮਰੇ ਨੂੰ ਵਿਚਾਲਿਓਂ ਵੰਡਦੀ ਲੱਕੜ ਦੀ ਰੇਲਿੰਗ ਦੇ ਪਰਲੇ ਪਾਸੇ ਮੇਜ਼ਪੋਸ਼ ਨਾਲ ਢਕਿਆ ਇੱਕ ਸਾਦਾ ਜਿਹਾ ਮੇਜ਼ ਪਿਆ ਸੀ ਅਤੇ ਉਸ ਉੱਪਰ ਇੱਕ ਪੁਰਾਣਾ ਟਾਈਪ ਰਾਈਟਰ ਤੇ ਇੱਕ ਗੁਲਦਸਤਾ ਰੱਖਿਆ ਹੋਇਆ ਸੀ। ਉਸ ਪਿੱਛੇ ਸਥਾਨਕ ਲੋਕਾਂ ਦੇ ਵੇਰਵਿਆਂ ਵਾਲੇ ਰਜਿਸਟਰ ਪਏ ਸਨ। ਸਪੱਸ਼ਟ ਤੌਰ ’ਤੇ ਇਸ ਸਾਰੀ ਵਿਵਸਥਾ ਪਿੱਛੇ ਕਿਸੇ ਬੁੱਢ ਕੁਆਰੀ ਔਰਤ ਦਾ ਹੱਥ ਸੀ।
ਦਰਵਾਜ਼ਾ ਫਿਰ ਖੁੱਲ੍ਹਿਆ ਅਤੇ ਇਸ ਵਾਰ ਰੁਮਾਲ ਨਾਲ ਆਪਣੀ ਐਨਕ ਸਾਫ਼ ਕਰਦਾ ਪਾਦਰੀ ਬਾਹਰ ਆਇਆ। ਜਦ ਉਸ ਨੇ ਐਨਕ ਲਾਈ ਤਾਂ ਗੱਲ ਸਾਫ਼ ਹੋ ਗਈ ਕਿ ਇਹ ਉਸ ਔਰਤ ਦਾ ਭਰਾ ਹੈ, ਜਿਸ ਨੇ ਦਰਵਾਜ਼ਾ ਖੋਲ੍ਹਿਆ ਸੀ। “ਮੈਂ ਤੁਹਾਡੀ ਕੀ ਮਦਦ ਕਰ ਸਕਦਾ ਹਾਂ?” ਉਸ ਔਰਤ ਨੇ ਕਿਹਾ, “ਮੈਨੂੰ ਕਬਰਿਸਤਾਨ ਦੀ ਚਾਬੀ ਚਾਹੀਦੀ ਹੈ।”
ਕੁੜੀ ਗੁਲਦਸਤਾ ਆਪਣੀ ਗੋਦੀ ਵਿੱਚ ਟਿਕਾਈ ਬੈਠੀ ਸੀ ਅਤੇ ਕੁਰਸੀ ਹੇਠਾਂ ਉਸ ਨੇ ਪੈਰ ਇੱਕ-ਦੂਜੇ ਦੇ ਉੱਤੋਂ ਦੀ ਲੰਘਾ ਕੇ ਰੱਖੇ ਹੋਏ ਸਨ। ਪਾਦਰੀ ਨੇ ਪਹਿਲਾਂ ਉਸ ਨੂੰ ਦੇਖਿਆ ਤੇ ਫਿਰ ਉਸ ਔਰਤ ਨੂੰ। ਉਸ ਤੋਂ ਬਾਅਦ ਖਿੜਕੀ ਵਿੱਚ ਲੱਗੀ ਜਾਲੀ ਵਿੱਚੋਂ ਚਮਕਦੇ ਬੱਦਲ ਵਿਹੂਣੇ ਆਸਮਾਨ ਵੱਲ ਦੇਖਿਆ।
“ਇੰਨੀ ਗਰਮੀ ਵਿੱਚ?” ਉਸ ਨੇ ਕਿਹਾ, “ਤੁਸੀਂ ਸੂਰਜ ਛਿਪਣ ਦੀ ਉਡੀਕ ਕਰ ਸਕਦੇ ਸੀ।” ਔਰਤ ਨੇ ਚੁੱਪ-ਚਾਪ ਸਿਰ ਹਿਲਾਇਆ। ਪਾਦਰੀ ਰੇਲਿੰਗ ਦੇ ਪਰਲੇ ਪਾਸੇ ਗਿਆ ਅਤੇ ਅਲਮਾਰੀ ਵਿੱਚੋਂ ਕੱਪੜੇ ਵਿੱਚ ਬੰਨ੍ਹੀ ਇੱਕ ਕਿਤਾਬ, ਲੱਕੜ ਦਾ ਪੈੱਨ ਹੋਲਡਰ ਅਤੇ ਸਿਆਹੀ ਵਾਲੀ ਦਵਾਤ ਕੱਢੀ। ਫਿਰ ਉਹ ਮੇਜ਼ ’ਤੇ ਬੈਠ ਗਿਆ। ਉਸ ਦੇ ਸਿਰ ’ਤੇ ਵਾਲਾਂ ਦੀ ਜੋ ਕਮੀ ਸੀ ਉਹ ਉਸ ਦੇ ਹੱਥਾਂ ਉਤਲੇ ਵਾਲ਼ ਪੂਰੀ ਕਰ ਰਹੇ ਸਨ।
ਉਸ ਨੇ ਪੁੱਛਿਆ, “ਤੁਸੀਂ ਕਿਸ ਦੀ ਕਬਰ ’ਤੇ ਜਾ ਰਹੀਆਂ ਹੋ?” ਔਰਤ ਨੇ ਜਵਾਬ ਦਿੱਤਾ, “ਕਾਰਲੋਜ਼ ਸੇਂਤੇਨੋ ਦੀ।” “ਕਿਸ ਦੀ?” “ਕਾਰਲੋਜ਼ ਸੇਂਤੋਨੇ ਦੀ,” ਔਰਤ ਨੇ ਦੁਹਰਾਇਆ। ਪਾਦਰੀ ਅਜੇ ਵੀ ਨਾ ਸਮਝਿਆ। “ਉਸ ਚੋਰ ਦੀ ਜਿਹੜਾ ਪਿਛਲੇ ਹਫ਼ਤੇ ਇੱਥੇ ਮਾਰਿਆ ਗਿਆ ਸੀ।” ਉਸ ਨੇ ਉਸੇ ਲਹਿਜੇ ਵਿੱਚ ਕਿਹਾ, “ਮੈਂ ਉਸ ਦੀ ਮਾਂ ਹਾਂ।”
ਪਾਦਰੀ ਨੇ ਉਸ ਨੂੰ ਗਹੁ ਨਾਲ ਦੇਖਿਆ। ਉਸ ਨੇ ਵੀ ਸ਼ਾਂਤੀ ਨਾਲ ਖ਼ੁਦ ’ਤੇ ਕਾਬੂ ਰੱਖਦੇ ਹੋਏ ਟਿਕਟਿਕੀ ਲਾ ਕੇ ਪਾਦਰੀ ਨੂੰ ਦੇਖਿਆ। ਪਾਦਰੀ ਸ਼ਰਮਿੰਦਾ ਹੋ ਗਿਆ। ਉਸ ਨੇ ਸਿਰ ਝੁਕਾ ਕੇ ਲਿਖਣਾ ਸ਼ੁਰੂ ਕੀਤਾ। ਕਾਗਜ਼ ਭਰਦਿਆਂ ਉਸ ਨੇ ਔਰਤ ਤੋਂ ਕਈ ਸਵਾਲ ਪੁੱਛੇ ਅਤੇ ਉਹ ਵੀ ਬਿਨਾਂ ਝਿਜਕ ਸਹੀ ਸਹੀ ਜਵਾਬ ਦਿੰਦੀ ਰਹੀ, ਜਿਵੇਂ ਕਿਤੋਂ ਪੜ੍ਹ ਕੇ ਸੁਣਾ ਰਹੀ ਹੋਵੇ। ਪਾਦਰੀ ਨੂੰ ਪਸੀਨਾ ਆਉਣ ਲੱਗਿਆ। ਕੁੜੀ ਨੇ ਆਪਣੇ ਖੱਬੇ ਪੈਰ ਦੇ ਬੂਟ ਦਾ ਫੀਤਾ ਖੋਲ੍ਹ ਦਿੱਤਾ ਅਤੇ ਆਪਣੀ ਅੱਡੀ ਬੈਂਚ ਦੀ ਛੜ ਉੱਤੇ ਰੱਖ ਦਿੱਤੀ। ਉਸ ਨੇ ਆਪਣੇ ਸੱਜੇ ਪੈਰ ਨਾਲ ਵੀ ਇੰਝ ਹੀ ਕੀਤਾ।
ਇਹ ਸਾਰੀ ਘਟਨਾ ਕੁਝ ਹੀ ਬਲਾਕ ਦੂਰ, ਇੱਕ ਹਫ਼ਤਾ ਪਹਿਲਾਂ ਸੋਮਵਾਰ ਨੂੰ ਸਵੇਰੇ ਤਿੰਨ ਵਜੇ ਵਾਪਰੀ। ਰੈਬੇਕਾ ਨਾਮ ਦੀ ਵਿਧਵਾ ਭਾਂਤ-ਭਾਂਤ ਦੀਆਂ ਚੀਜ਼ਾਂ ਨਾਲ ਭਰੇ ਘਰ ਵਿੱਚ ਇਕੱਲੀ ਰਹਿੰਦੀ ਸੀ। ਉਸ ਨੇ ਸੁਣਿਆ ਕਿ ਕੋਈ ਸੜਕ ਵਾਲੇ ਦਰਵਾਜ਼ੇ ਨੂੰ ਬਾਹਰੋਂ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਉੱਠੀ ਤੇ ਕੱਪੜਿਆਂ ਦੀ ਅਲਮਾਰੀ ’ਚੋਂ ਇੱਕ ਪੁਰਾਣਾ ਪਿਸਤੌਲ ਕੱਢ ਲਿਆਈ, ਜਿਹੜਾ ਕਰਨਲ ਔਰੇਲਿਆਨੋ ਬੁਏਂਦਿਆ ਤੋਂ ਬਾਅਦ ਕਦੇ ਨਹੀਂ ਸੀ ਵਰਤਿਆ ਗਿਆ। ਉਹ ਪਿਸਤੌਲ ਲੈ ਕੇ ਹਨੇਰੇ ਵਿੱਚ ਹੀ ਡਰਾਇੰਗ ਰੂਮ ਵਿੱਚ ਲੁਕ ਗਈ। ਉਹ ਜਿੰਦਰੇ ਦੀ ਆਵਾਜ਼ ਕਾਰਨ ਓਨਾ ਨਹੀਂ, ਜਿੰਨਾ 28 ਸਾਲਾਂ ਦੇ ਇਕਲਾਪੇ ਕਾਰਨ ਆਪਣੇ ਅੰਦਰ ਪੈਦਾ ਹੋਏ ਡਰ ਕਾਰਨ ਚੌਕਸ ਹੋ ਗਈ ਸੀ। ਆਪਣੀ ਕਲਪਨਾ ਵਿੱਚ ਉਸ ਨੇ ਨਾ ਕੇਵਲ ਦਰਵਾਜ਼ੇ ਸਗੋਂ ਜਿੰਦਰੇ ਦੀ ਠੀਕ-ਠਾਕ ਉਚਾਈ ਦਾ ਅੰਦਾਜ਼ਾ ਵੀ ਲਾ ਲਿਆ। ਉਸ ਨੇ ਦੋਵੇਂ ਹੱਥਾਂ ਵਿੱਚ ਪਿਸਤੌਲ ਘੁੱਟ ਕੇ ਫੜਿਆ, ਅੱਖਾਂ ਬੰਦ ਕੀਤੀਆਂ ਅਤੇ ਘੋੜਾ ਦੱਬ ਦਿੱਤਾ।
ਗੋਲੀ ਚਲਾਉਣ ਤੋਂ ਇਕਦਮ ਬਾਅਦ ਟੀਨ ਦੀ ਛੱਤ ’ਤੇ ਵਰ੍ਹਦੇ ਮੀਂਹ ਦੀ ਆਵਾਜ਼ ਤੋਂ ਬਿਨਾਂ ਹੋਰ ਕੁਝ ਵੀ ਸੁਣਾਈ ਨਾ ਦਿੱਤਾ। ਉਸ ਮਗਰੋਂ ਉਸ ਨੇ ਸੀਮਿੰਟ ਦੇ ਬਣੇ ਫੁੱਟਪਾਥ ’ਤੇ ਬਹੁਤ ਹੌਲੀ ਜਿਹੀ ਕਿਸੇ ਧਾਤ ਦੇ ਡਿੱਗਣ ਦੀ ਆਵਾਜ਼ ਸੁਣੀ ਅਤੇ ਨਾਲ ਹੀ ਇੱਕ ਸ਼ਾਂਤ, ਕੋਮਲ ਅਤੇ ਬੇਹੱਦ ਥੱਕੀ ਜਿਹੀ ਆਵਾਜ਼ ਵਿੱਚ ‘‘ਓਹ, ਮਾਂ!’’ ਸੁਣਿਆ। ਚੀਥੜੇ ਹੋਏ ਨੱਕ ਵਾਲਾ ਇੱਕ ਆਦਮੀ ਘਰ ਦੇ ਸਾਹਮਣੇ ਮਰਿਆ ਪਿਆ ਸੀ। ਉਸ ਨੇ ਰੰਗੀਨ ਧਾਰੀਦਾਰ ਕਮੀਜ਼, ਸਾਧਾਰਨ ਜਿਹੀ ਪੈਂਟ ਪਾਈ ਹੋਈ ਸੀ, ਜਿਸ ਵਿੱਚ ਬੈਲਟ ਦੀ ਥਾਂ ਰੱਸੀ ਬੰਨ੍ਹੀ ਹੋਈ ਸੀ ਅਤੇ ਉਹ ਪੈਰੋਂ ਨੰਗਾ ਸੀ। ਸਾਰੇ ਕਸਬੇ ਵਿੱਚ ਉਸ ਨੂੰ ਕੋਈ ਨਹੀਂ ਜਾਣਦਾ ਸੀ।
ਪਾਦਰੀ ਨੇ ਜਦੋਂ ਲਿਖਣਾ ਖ਼ਤਮ ਕੀਤਾ ਤਾਂ ਬੁੜਬੁੜਾਇਆ, “ਅੱਛਾ! ਤਾਂ ਉਸ ਦਾ ਨਾਮ ਕਾਰਲੋਜ਼ ਸੇਂਤੇਨੋ ਸੀ।” “ਕਾਰਲੋਜ਼ ਅੱਯਾਲਾ,” ਔਰਤ ਨੇ ਕਿਹਾ, “ਉਹ ਮੇਰਾ ਇਕਲੌਤਾ ਪੁੱਤਰ ਸੀ।”
ਪਾਦਰੀ ਅਲਮਾਰੀ ਕੋਲ ਗਿਆ। ਅਲਮਾਰੀ ਦੇ ਦਰਵਾਜ਼ੇ ਦੇ ਅੰਦਰਲੇ ਪਾਸੇ ਦੋ ਜੰਗ ਖਾਧੀਆਂ ਵੱਡੀਆਂ ਵੱਡੀਆਂ ਚਾਬੀਆਂ ਲਟਕ ਰਹੀਆਂ ਸਨ। ਇਹ ਚਾਬੀਆਂ ਕੁੜੀ ਦੀ ਕਲਪਨਾ ਵਿਚਲੀਆਂ ਸੇਂਟ ਪੀਟਰ ਦੀਆਂ ਚਾਬੀਆਂ ਵਰਗੀਆਂ ਲੱਗਦੀਆਂ ਸਨ ਤੇ ਮਾਂ ਦੀ ਕਲਪਨਾ ਵਰਗੀਆਂ ਵੀ ਜਦੋਂ ਉਹ ਬੱਚੀ ਹੁੰਦੀ ਸੀ। ਸ਼ਾਇਦ ਪਾਦਰੀ ਨੇ ਵੀ ਕਦੇ ਨਾ ਕਦੇ ਚਾਬੀਆਂ ਬਾਰੇ ਅਜਿਹੀ ਹੀ ਕਲਪਨਾ ਕੀਤੀ ਹੋਵੇਗੀ। ਉਸ ਨੇ ਚਾਬੀਆਂ ਲਈਆਂ ਤੇ ਰੇਲਿੰਗ ’ਤੇ ਪਈ ਕਾਪੀ ਉੱਤੇ ਰੱਖ ਦਿੱਤੀਆਂ ਅਤੇ ਔਰਤ ਵੱਲ ਦੇਖਦਿਆਂ ਕਾਪੀ ’ਤੇ ਉਸ ਥਾਂ ਵੱਲ ਉਂਗਲ ਨਾਲ ਇਸ਼ਾਰਾ ਕੀਤਾ ਜਿੱਥੇ ਉਸ ਨੇ ਹੁਣੇ ਹੁਣੇ ਲਿਖਿਆ ਸੀ।
“ਇੱਥੇ ਦਸਤਖ਼ਤ ਕਰੋ।” ਔਰਤ ਨੇ ਬੈਗ ਕੱਛ ’ਚ ਲਿਆ ਤੇ ਕਾਪੀ ’ਤੇ ਆਪਣਾ ਨਾਮ ਝਰੀਟ ਦਿੱਤਾ। ਕੁੜੀ ਨੇ ਗੁਲਦਸਤਾ ਚੁੱਕਿਆ ਤੇ ਪੈਰ ਘੜੀਸਦੀ ਰੇਲਿੰਗ ਕੋਲ ਆ ਕੇ ਆਪਣੀ ਮਾਂ ਨੂੰ ਧਿਆਨ ਨਾਲ ਦੇਖਣ ਲੱਗੀ।
ਪਾਦਰੀ ਨੇ ਲੰਮਾ ਸਾਹ ਭਰਿਆ। “ਤੁਸੀਂ ਕਦੇ ਉਸ ਨੂੰ ਸਹੀ ਰਾਹ ’ਤੇ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ?”
“ਉਹ ਚੰਗਾ ਇਨਸਾਨ ਸੀ।” ਦਸਤਖ਼ਤ ਕਰਨ ਮਗਰੋਂ ਔਰਤ ਨੇ ਜਵਾਬ ਦਿੱਤਾ।
ਪਾਦਰੀ ਨੇ ਪਹਿਲਾਂ ਉਸ ਔਰਤ ਤੇ ਫਿਰ ਕੁੜੀ ਨੂੰ ਦੇਖਿਆ ਤੇ ਮਹਿਸੂਸ ਕੀਤਾ ਕਿ ਉਨ੍ਹਾਂ ਦਾ ਆਪਣੇ ਰੋਣ ’ਤੇ ਪੂਰਾ ਕਾਬੂ ਸੀ। ਔਰਤ ਉਸੇ ਆਵਾਜ਼ ਵਿੱਚ ਕਹਿੰਦੀ ਰਹੀ: “ਮੈਂ ਉਸ ਨੂੰ ਕਿਹਾ ਸੀ ਕਿ ਲੋੜਵੰਦਾਂ ਦੇ ਘਰੋਂ ਚੋਰੀ ਨਾ ਕਰੀਂ ਤੇ ਉਸ ਨੇ ਮੇਰੀ ਗੱਲ ਮੰਨੀ ਵੀ। ਜਦੋਂ ਉਹ ਪੈਸੇ ਕਮਾਉਣ ਲਈ ਮੁੱਕੇਬਾਜ਼ੀ ਕਰਿਆ ਕਰਦਾ ਸੀ ਤਾਂ ਅਕਸਰ ਹੀ ਕੁੱਟ ਦਾ ਝੰਬਿਆ ਵਿਚਾਰਾ ਤਿੰਨ-ਤਿੰਨ ਦਿਨ ਮੰਜੇ ਨਾਲ ਜੁੜਿਆ ਰਹਿੰਦਾ ਸੀ।”
“ਸਾਨੂੰ ਉਸ ਦੇ ਸਾਰੇ ਦੰਦ ਕਢਵਾਉਣੇ ਪਏ ਸਨ।” ਕੁੜੀ ਨੇ ਵਿੱਚੋਂ ਟੋਕਦਿਆਂ ਕਿਹਾ।
“ਹਾਂ” ਔਰਤ ਨੇ ਸਹਿਮਤ ਹੁੰਦਿਆਂ ਕਿਹਾ, “ਉਨ੍ਹੀਂ ਦਿਨੀਂ ਹਰ ਬੁਰਕੀ ਦਾ ਸਵਾਦ ਮੈਨੂੰ ਉਸ ਕੁੱਟ ਵਰਗਾ ਲੱਗਦਾ ਸੀ, ਜਿਹੜੀ ਸ਼ਨਿਚਰਵਾਰ ਦੀਆਂ ਰਾਤਾਂ ਨੂੰ ਮੇਰੇ ਪੁੱਤ ਨੂੰ ਸਹਿਣੀ ਪੈਂਦੀ ਸੀ।”
“ਈਸ਼ਵਰ ਦੀ ਲੀਲ੍ਹਾ, ਉਹੀ ਜਾਣੇ।” ਪਾਦਰੀ ਨੇ ਕਿਹਾ।
ਉਸ ਨੇ ਇਹ ਗੱਲ ਕਿਸੇ ਖ਼ਾਸ ਨਿਸ਼ਚੇ ਨਾਲ ਨਹੀਂ ਕਹੀ ਸੀ। ਕੁਝ ਤਾਂ ਇਸ ਕਰਕੇ ਕਹੀ ਕਿ ਉਸ ਦੇ ਤਜਰਬੇ ਨੇ ਉਸ ਨੂੰ ਕੁਝ ਸ਼ੱਕੀ ਜਿਹਾ ਬਣਾ ਦਿੱਤਾ ਸੀ ਅਤੇ ਕੁਝ ਗਰਮੀ ਦੇ ਅਸਰ ਕਰਕੇ। ਉਸ ਨੇ ਸਲਾਹ ਦਿੱਤੀ ਕਿ ਗਰਮੀ ਤੋਂ ਬਚਣ ਲਈ ਉਨ੍ਹਾਂ ਨੂੰ ਸਿਰ ਢਕ ਲੈਣੇ ਚਾਹੀਦੇ ਹਨ। ਕਾਰਲੋਜ਼ ਸੇਂਤੇਨੋ ਦੀ ਕਬਰ ਦਾ ਟਿਕਾਣਾ ਸਮਝਾਉਂਦੇ ਹੋਏ ਉਹ ਲਗਭਗ ਨੀਂਦ ਵਿੱਚ ਹੀ ਬੋਲ ਰਿਹਾ ਅਤੇ ਉਬਾਸੀਆਂ ਲੈ ਰਿਹਾ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਵਾਪਸ ਆਉਣ ਤਾਂ ਉਨ੍ਹਾਂ ਨੂੰ ਦਰਵਾਜ਼ਾ ਖੜਕਾਉਣ ਦੀ ਲੋੜ ਨਹੀਂ। ਉਹ ਚਾਬੀਆਂ ਦਰਵਾਜ਼ੇ ਥੱਲਿਓਂ ਅੰਦਰ ਸੁੱਟ ਦੇਣ ਅਤੇ ਜੇ ਚਾਹੁਣ ਤਾਂ ਚਰਚ ਲਈ ਭੇਟਾ ਵੀ ਚਾਬੀਆਂ ਦੇ ਨਾਲ ਹੀ ਦੇ ਸਕਦੀਆਂ ਹਨ। ਔਰਤ ਨੇ ਉਸ ਦੀਆਂ ਹਦਾਇਤਾਂ ਬਹੁਤ ਧਿਆਨ ਨਾਲ ਸੁਣੀਆਂ ਅਤੇ ਬਿਨਾਂ ਮੁਸਕਰਾਏ ਹੀ ਉਸ ਦਾ ਧੰਨਵਾਦ ਕੀਤਾ।
ਗਲੀ ਵਾਲਾ ਦਰਵਾਜ਼ਾ ਖੋਲ੍ਹਣ ਲੱਗੇ ਪਾਦਰੀ ਨੇ ਦੇਖਿਆ ਕਿ ਕੋਈ ਦਰਵਾਜ਼ੇ ਦੀ ਜਾਲ਼ੀ ’ਤੇ ਨੱਕ ਟਿਕਾ ਕੇ ਅੰਦਰ ਝਾਕ ਰਿਹਾ ਸੀ। ਬਾਹਰ ਕੁਝ ਬੱਚੇ ਖੜ੍ਹੇ ਸਨ। ਜਦੋਂ ਦਰਵਾਜ਼ਾ ਖੁੱਲ੍ਹਿਆ ਤਾਂ ਬੱਚੇ ਨੱਸ ਗਏ। ਆਮ ਤੌਰ ’ਤੇ ਦਿਨ ਦੇ ਇਸ ਵੇਲੇ ਗਲੀਆਂ ਵਿੱਚ ਕੋਈ ਨਹੀਂ ਹੁੰਦਾ। ਪਰ ਅੱਜ ਨਾ ਸਿਰਫ਼ ਬੱਚੇ ਸਗੋਂ ਵੱਡੇ ਵੀ ਬਾਹਰ ਗਲੀ ਵਿੱਚ ਬਦਾਮ ਦੇ ਰੁੱਖਾਂ ਹੇਠ ਖੜ੍ਹੇ ਸਨ। ਪਾਦਰੀ ਨੇ ਲੂ ’ਚ ਤੈਰਦੀ ਗਲੀ ਦਾ ਮੁਆਇਨਾ ਕੀਤਾ ਅਤੇ ਸਾਰੀ ਗੱਲ ਸਮਝ ਗਿਆ। ਉਸ ਨੇ ਹੌਲੀ ਜਿਹੀ ਦਰਵਾਜ਼ਾ ਮੁੜ ਬੰਦ ਕਰ ਦਿੱਤਾ। “ਜ਼ਰਾ ਰੁਕੋ,” ਉਸ ਨੇ ਔਰਤ ਵੱਲ ਬਿਨਾਂ ਦੇਖਿਆਂ ਕਿਹਾ। ਉਸ ਦੀ ਭੈਣ ਪਿਛਲੇ ਦਰਵਾਜ਼ੇ ਕੋਲ ਪ੍ਰਗਟ ਹੋਈ। ਉਸ ਨੇ ਰਾਤ ਵਾਲੇ ਕੱਪੜਿਆਂ ਉੱਤੇ ਕਾਲੀ ਜੈਕਟ ਪਹਿਨੀ ਹੋਈ ਸੀ ਤੇ ਉਸ ਦੇ ਵਾਲ ਉਸ ਦੇ ਮੋਢਿਆਂ ’ਤੇ ਲਹਿਰਾ ਰਹੇ ਸਨ। ਉਸ ਨੇ ਖ਼ਾਮੋਸ਼ੀ ਨਾਲ ਪਾਦਰੀ ਵੱਲ ਦੇਖਿਆ।
“ਕੀ ਹੋਇਆ?” ਪਾਦਰੀ ਨੇ ਪੁੱਛਿਆ। “ਲੋਕਾਂ ਨੂੰ ਪਤਾ ਲੱਗ ਗਿਆ।” ਉਸ ਦੀ ਭੈਣ ਨੇ ਹੌਲੀ ਜਿਹੀ ਕਿਹਾ।
“ਚੰਗਾ ਹੋਵੇਗਾ ਜੇ ਤੁਸੀਂ ਪਿਛਲੇ ਦਰਵਾਜ਼ੇ ਥਾਣੀਂ ਜਾਓ।” ਪਾਦਰੀ ਨੇ ਕਿਹਾ। “ਓਧਰ ਵੀ ਇਹੀ ਹਾਲ ਹੈ।” ਭੈਣ ਨੇ ਕਿਹਾ, “ਸਾਰਾ ਸ਼ਹਿਰ ਖਿੜਕੀਆਂ ਕੋਲ ’ਕੱਠਾ ਹੋਇਆ ਖੜ੍ਹਾ ਹੈ।”
ਜਾਪਦਾ ਸੀ ਜਿਵੇਂ ਉਸ ਔਰਤ ਨੂੰ ਅਜੇ ਤੱਕ ਗੱਲ ਸਮਝ ਨਹੀਂ ਸੀ ਆਈ। ਉਸ ਨੇ ਲੋਹੇ ਦੀ ਜਾਲੀ ’ਚੋਂ ਬਾਹਰ ਝਾਤੀ ਮਾਰਨ ਦੀ ਕੋਸ਼ਿਸ਼ ਕੀਤੀ। ਫਿਰ ਉਸ ਨੇ ਕੁੜੀ ਤੋਂ ਗੁਲਦਸਤਾ ਫੜਿਆ ਤੇ ਦਰਵਾਜ਼ੇ ਵੱਲ ਨੂੰ ਤੁਰ ਪਈ। ਕੁੜੀ ਉਸ ਦੇ ਪਿੱਛੇ ਪਿੱਛੇ ਚੱਲ ਪਈ।
“ਸੂਰਜ ਛਿਪਣ ਤੱਕ ਰੁਕ ਜਾਓ।” ਪਾਦਰੀ ਨੇ ਕਿਹਾ।
“ਤੁਸੀਂ ਗਰਮੀ ’ਚ ਭੁੱਜ ਜਾਓਗੀਆਂ।” ਭੈਣ ਨੇ ਕਮਰੇ ਦੇ ਪਿਛਲੇ ਪਾਸਿਓਂ ਬਿਨਾਂ ਹਿੱਲੇ ਕਿਹਾ, “ਥੋੜ੍ਹੀ ਦੇਰ ਰੁਕੋ, ਮੈਂ ਤੁਹਾਨੂੰ ਛਤਰੀ ਲਿਆ ਦਿੰਦੀ ਹਾਂ।”
“ਨਹੀਂ, ਸ਼ੁਕਰੀਆ,” ਔਰਤ ਨੇ ਜਵਾਬ ਦਿੱਤਾ। “ਅਸੀਂ ਜਿਵੇਂ ਹਾਂ, ਠੀਕ ਹਾਂ।” ਉਸ ਨੇ ਕੁੜੀ ਦਾ ਹੱਥ ਘੁੱਟ ਕੇ ਫੜਿਆ ਤੇ ਬਾਹਰ ਗਲੀ ’ਚ ਹੋ ਤੁਰੀ।