ਟਰੇਨ
ਗੁਰਮੀਤ ਕੜਿਆਲਵੀ
ਉਨ੍ਹਾਂ ਦੋਵਾਂ ਨੇ ਆਪਣੇ ਸੀਟ ਨੰਬਰ ਨੂੰ ਧਿਆਨ ਨਾਲ ਵੇਖਿਆ ਅਤੇ ਸਾਮਾਨ ਵਾਲਾ ਬੈਗ ਵਿਚਕਾਰ ਖਾਲੀ ਥਾਂ ’ਤੇ ਰੱਖਦਿਆਂ ਲੰਮਾ ਸਾਰਾ ਸਾਹ ਲਿਆ। ਆਦਮੀ ਨੇ ਖੜ੍ਹੇ ਖੜ੍ਹੇ ਹੀ ਆਸੇ ਪਾਸੇ ਨਜ਼ਰ ਮਾਰ ਕੇ ਸਵਾਰੀਆਂ ਦਾ ਜਾਇਜ਼ਾ ਲਿਆ।
‘‘ਸ਼ੁਕਰ ਐ...।’’ ਆਖਦਿਆਂ ਉਹ ਸੀਟ ’ਤੇ ਡਿੱਗ ਪਿਆ। ਜਿਸ ਢੰਗ ਨਾਲ ਉਹ ਸੀਟ ’ਤੇ ਬੈਠਾ ਸੀ, ਉਸ ਨੂੰ ਬੈਠ ਗਿਆ ਨਾਲੋਂ ਡਿੱਗ ਪਿਆ ਕਹਿਣਾ ਹੀ ਠੀਕ ਹੋਵੇਗਾ। ਔਰਤ ਨੇ ਵੀ ਚੋਰ ਅੱਖ ਨਾਲ ਮੇਰੇ ਵੱਲ ਸਿਰ ਤੋਂ ਪੈਰਾਂ ਤੱਕ ਵੇਖਿਆ ਤੇ ਘੂਰਦਿਆਂ ਹੋਇਆਂ ਪਤੀ ਵੱਲ ਵੇਖਣ ਲੱਗੀ।
ਕਲਕੱਤਾ ਐਕਸਪ੍ਰੈੱਸ ਨੇ ਲੰਮੀ ਸਾਰੀ ਚੀਕ ਮਾਰੀ ਤੇ ਤਿੰਨ ਚਾਰ ਹੁੱਝਕੇ ਜਿਹੇ ਮਾਰ ਕੇ ਅਗਲੇ ਸਫ਼ਰ ’ਤੇ ਤੁਰ ਪਈ। ਆਦਮੀ ਨੇ ਖਿੜਕੀ ਰਾਹੀਂ ਪਿੱਛੇ ਰਹਿ ਗਏ ਸਟੇਸ਼ਨ ਵੱਲ ਸਰਸਰੀ ਜਿਹੀ ਨਜ਼ਰ ਮਾਰੀ। ਉੱਤਰੀ ਰੇਲਵੇ, ਸਹਾਰਨਪੁਰ ਸਟੇਸ਼ਨ ਹੁਣ ਧੁੰਦਲਾ-ਧੁੰਦਲਾ ਦਿਖਾਈ ਦੇਣ ਲੱਗਾ ਸੀ। ਉਧਰੋਂ ਨਜ਼ਰ ਹਟਾ ਕੇ ਉਸ ਨੇ ਆਪਣੀ ਘੜੀ ਵੱਲ ਵੇਖਿਆ।
‘‘ਸ਼ੁਕਰ ਐ...!’’ ਆਦਮੀ ਨੇ ਆਖਿਆ ਤਾਂ ਔਰਤ ਦਾ ਚਿਹਰਾ ਸੁਆਲੀਆ ਨਿਸ਼ਾਨ ਵਰਗਾ ਬਣ ਗਿਆ ਜਿਵੇਂ ਪੁੱਛ ਰਹੀ ਹੋਵੇ, ‘‘ਕਾਹਦਾ ਸ਼ੁਕਰ ਐ?’’
‘‘ਸ਼ੁਕਰ ਐ- ਜ਼ਿਆਦਾ ਵੇਟ ਨਹੀਂ ਕਰਨੀ ਪਈ। ਟਰੇਨ ਆਪਣੇ ਟਾਈਮ ਤੋਂ ਪੰਦਰਾਂ-ਵੀਹ ਮਿੰਟ ਈ ਲੇਟ ਹੈ।’’ ਔਰਤ ਦਾ ਚਿਹਰਾ ਕੁਝ ਕੁ ਤਾਂ ਬਦਲਿਆ ਪਰ ਫਿਰ ਵੀ ਸਵਾਲੀਆ ਜਿਹਾ ਬਣਿਆ ਰਿਹਾ।
‘‘ਦਸ-ਵੀਹ ਮਿੰਟ ਲੇਟ ਕੋਈ ਲੇਟ ਨਹੀਂ ਹੁੰਦੀ। ਅੱਜਕੱਲ੍ਹ ਤਾਂ ਟਰੇਨਾਂ ਦਾ ਬੁਰਾ ਹਾਲ ਹੈ। ਛੇ-ਛੇ, ਸੱਤ-ਸੱਤ ਘੰਟੇ ਵੀ ਲੇਟ ਹੋ ਜਾਂਦੀਆਂ ਨੇ। ਮੈਨੂੰ ਤਾਂ ਡਰ ਖਾਈ ਜਾਂਦਾ ਸੀ ਕਿਤੇ ਪਲੇਟਫਾਰਮ ’ਤੇ ਕੋਈ ਜਾਣ ਪਛਾਣ ਵਾਲਾ ਹੀ ਨਾ ਮਿਲ ਪਏ। ਸੌ ਸਵਾਲ ਕਰਦਾ। ਕਿੱਥੋਂ ਆਏ? ਕਿੱਥੇ ਚੱਲੇ? ਫਿਰ ਸ਼ੱਕੀ-ਸ਼ੱਕੀ ਨਜ਼ਰਾਂ। ਮੈਨੂੰ ਤਾਂ ਹੁਣ ਸਾਰੀਆਂ ਨਜ਼ਰਾਂ ਹੀ ਸ਼ੱਕੀ ਅਤੇ ਘੂਰਦੀਆਂ ਲੱਗਦੀਆਂ ਨੇ।’’ ਔਰਤ ਗੱਲਾਂ ਸੁਣੀ ਜਾਂਦਿਆਂ ਵੀ ਬੈਗ ’ਚੋਂ ਸਾਮਾਨ ਕੱਢ ਕੇ ਰੱਖਣ ਵਿੱਚ ਰੁੱਝੀ ਰਹੀ।
“ਸਰਦਾਰ ਜੀ, ਪਿੱਛਿਓਂ ਆਏ ਜੇ?’’ ਮੈਂ ਸਮਝ ਗਿਆ ਆਦਮੀ ਨੇ ਬਰਥ ਵਿੱਚ ਪਸਰੀ ਚੁੱਪ ਨੂੰ ਤੋੜਨ ਲਈ ਹੀ ਇਹ ਸਵਾਲ ਕੀਤਾ ਵਰਨਾ ਸਹਾਰਨਪੁਰ ਦੇ ਸਟੇਸ਼ਨ ’ਤੋਂ ਚੜ੍ਹਦਿਆਂ ਉਨ੍ਹਾਂ ਨੂੰ ਇਹ ਤਾਂ ਪਤਾ ਲੱਗ ਹੀ ਗਿਆ ਹੋਵੇਗਾ ਕਿ ਮੈਂ ਪਹਿਲਾਂ ਹੀ ਸੀਟ ’ਤੇ ਲੇਟਿਆ ਹੋਇਆ ਸਾਂ। ਜ਼ਾਹਰ ਸੀ ਪਿੱਛਿਓਂ ਹੀ ਆ ਰਿਹਾ ਸਾਂ।
‘‘ਹਾਂ ਜੀ।’’
‘‘ਸ਼ੁਕਰ ਐ...!’’ ਮੈਂ ਸਮਝਿਆ ‘ਸ਼ੁਕਰ’ ਇਸ ਦਾ ਤਕੀਆ ਕਲਾਮ ਹੋਵੇਗਾ।
‘‘ਸ਼ੁਕਰ ਐ...! ਕੋਈ ਮਾੜਾ ਯਾਤਰੂ ਮਿਲ ਜਾਵੇ ਤਾਂ ਸਫ਼ਰ ਕੱਟਣਾ ਔਖਾ ਹੋ ਜਾਂਦਾ।’’ ਮੈਨੂੰ ਲੱਗਿਆ ਉਸ ਦੇ ਹਿਸਾਬ ਨਾਲ ਮੈਂ ਚੰਗਾ ਯਾਤਰੂ ਸਾਂ ਜਾਂ ਉਹ ਮੇਰੇ ਤੋਂ ਚੰਗਾ ਯਾਤਰੂ ਹੋਣ ਦੀ ਤਵੱਕੋ ਰੱਖਦਾ ਸੀ।
‘‘ਲੱਗਦੈ ਅੱਗੇ ਦੂਰ ਤੱਕ ਜਾਣੈ।’’ ਉਸ ਦੇ ਇੰਝ ਦੇ ਸਾਧਾਰਨ ਵਾਕ ’ਚ ਵੀ ਸਵਾਲ ਸੀ।
‘‘ਹਾਂ ਦੂਰ ਦਾ ਹੀ ਸਫ਼ਰ ਐ।’’ ਮੈਂ ਜਾਣਬੁੱਝ ਕੇ ਆਪਣੀ ਮੰਜ਼ਿਲ ਵਾਲੇ ਸਟੇਸ਼ਨ ਦਾ ਨਾਂ ਨਹੀਂ ਦੱਸਿਆ, ਭਾਵੇਂ ਉਸ ਦੇ ਸਵਾਲ ’ਚੋਂ ਇਹ ਮੰਜ਼ਿਲ ਪੁੱਛਣ ਦੀ ਉਤਸੁਕਤਾ ਸਾਫ਼ ਝਲਕਦੀ ਸੀ।
ਫਿਰ ਕਿੰਨੀ ਦੇਰ ਚੁੱਪ ਤਣੀ ਰਹੀ।
‘‘ਸਰਦਾਰ ਜੀ, ਜਿਹੜਾ ਸਕੂਨ ਹਰਿਮੰਦਰ ਸਾਹਿਬ ਜਾ ਕੇ ਮਿਲਦਾ...।’’ ਉਸ ਨੇ ਦੋ ਤਿੰਨ ਵਾਰ ਕੰਨਾਂ ਦੀਆਂ ਪਤੀਸੀਆਂ ਨੂੰ ਹੱਥ ਲਾ ਕੇ ਸਿਰ ਏਧਰ ਓਧਰ ਮਾਰਿਆ, ‘‘ਮੈਂ ਤਿੰਨ ਚਾਰ ਵਾਰ ਜਾ ਚੁੱਕਾਂ ਗੋਲਡਨ ਟੈਂਪਲ। ਸੱਚਮੁੱਚ ਬੜਾ ਸਕੂਨ ਮਿਲਦੈ।’’
‘‘ਰੱਬ ਦਾ ਘਰ ਜੋ ਹੈ। ਰੱਬ ਦੇ ਘਰ ਸਕੂਨ ਮਿਲਦਾ ਈ ਏ। ਸਾਰੇ ਧਰਮਾਂ ਦੇ ਲੋਕ ਬੜੀ ਆਸਥਾ ਨਾਲ ਜਾਂਦੇ ਨੇ ਦਰਬਾਰ ਸਾਹਿਬ। ਚੌਵੀ ਘੰਟੇ ਦਰਵਾਜ਼ੇ ਖੁੱਲ੍ਹੇ ਰਹਿੰਦੇ ਨੇ ਸਾਰਿਆਂ ਲਈ।’’
‘‘ਸਹੀ ਆਖਿਆ ਤੁਸਾਂ। ਬਿਲਕੁਲ ਠੀਕ ਏ- ਪਰ ਇਸ ਮੁਲਕ ’ਚ ਜ਼ੁਲਮ ਬੜੇ ਹੋਏ ਹਿੰਦੂਆਂ-ਸਿੱਖਾਂ ’ਤੇ। ਹੋਰ ਤੇ ਹੋਰ ਗੁਰੂ ਸਾਹਿਬ ਦੇ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਵੀ ਨਹੀਂ ਬਖ਼ਸ਼ਿਆ। ਮਾਸੂਮ ਬੱਚਿਆਂ ਨੂੰ ਨੀਹਾਂ ’ਚ ਚਿਣਵਾ ਦਿੱਤਾ ਮੁਸਲਮਾਨਾਂ ਨੇ।’’
‘‘ਮੁਸਲਮਾਨਾਂ ਨੇ ਨਹੀਂ - ਮੁਗ਼ਲਾਂ ਨੇ।’’ ਮੈਂ ਆਪਣੀ ਸਮਝ ਮੁਤਾਬਿਕ ਦਰੁਸਤ ਕੀਤਾ।
‘‘ਆਫਟਰ ਆਲ ਮੁਗ਼ਲ ਵੀ ਤੇ ਮੁਸਲਮਾਨ ਈ ਸਨ ਨਾ।’’
‘‘ਇਉਂ ਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਾਛੀਵਾੜੇ ਦੇ ਜੰਗਲਾਂ ਵਿੱਚੋਂ ਮੁਗਲਾਂ ਦੇ ਘੇਰੇ ’ਚੋਂ ਉੱਚ ਦਾ ਪੀਰ ਬਣਾ ਕੇ ਕੱਢ ਲਿਜਾਣ ਵਾਲੇ ਨਬੀ ਖਾਂ ਤੇ ਗਨੀ ਖਾਂ ਵੀ ਤਾਂ ਮੁਸਲਮਾਨ ਸਨ। ਹੋ ਸਕਦਾ ਤੁਸੀਂ ਕਦੇ ਸੱਯਦ ਪੀਰ ਬੁੱਧੂ ਸ਼ਾਹ ਬਾਰੇ ਵੀ ਸੁਣਿਆ ਹੋਵੇ- ਉਸ ਨੇ ਤਾਂ ਆਪਣੇ ਪਰਿਵਾਰ ਦੇ ਕਿੰਨੇ ਹੀ ਜੀਅ ਸ਼ਹੀਦ ਕਰਵਾ ਲਏ ਸਨ ਗੁਰੂ ਸਾਹਿਬ ਲਈ।’’ ਮੇਰੀ ਗੱਲ ਸੁਣ ਕੇ ਉਸ ਨੇ ਹਲਕੇ ਜਿਹੇ ਮੋਢੇ ਸੁੰਗੇੜੇ।
‘‘ਸਰਹਿੰਦ ਦੇ ਨਵਾਬ ਵਜ਼ੀਰ ਖਾਨ ਵੱਲੋਂ ਗੁਰੂ ਸਾਹਿਬ ਦੇ ਬੱਚਿਆਂ ਨੂੰ ਨੀਹਾਂ ਵਿੱਚ ਚਿਣਾ ਦੇਣ ਦੇ ਫ਼ੈਸਲੇ ਖ਼ਿਲਾਫ਼ ਹਾਅ ਦਾ ਨਾਅਰਾ ਮਾਰਨ ਵਾਲਾ ਮਾਲੇਰਕੋਟਲੇ ਦਾ ਨਵਾਬ ਵੀ ਮੁਸਲਮਾਨ ਹੀ ਸੀ। ਦਰਅਸਲ ਗੱਲ ਹਿੰਦੂ-ਸਿੱਖ-ਮੁਸਲਮਾਨ ਦੀ ਨਹੀਂ, ਜ਼ੁਲਮ ਤੇ ਜ਼ਾਲਮ ਦੀ ਹੁੰਦੀ ਹੈ। ਜ਼ੁਲਮ ਕੋਈ ਵੀ ਕਰੇ ਜ਼ਾਲਮ ਹੁੰਦਾ ਏ ਤੇ ਜ਼ਾਲਮ ਦਾ ਕੋਈ ਧਰਮ ਨਹੀਂ ਹੁੰਦਾ।’’
ਉਸ ਦਾ ਚਿਹਰਾ ਦੱਸਦਾ ਸੀ ਉਹ ਮੇਰੀ ਗੱਲ ਨਾਲ ਕੁਝ ਨਾ ਕੁਝ ਤਾਂ ਸਹਿਮਤ ਹੋਇਆ ਸੀ।
‘‘ਹੁਣ ਆਜ਼ਾਦੀ ਸਮੇਂ ਹੋਈ ਦੇਸ਼ ਵੰਡ ਦੇ ਕਤਲੇਆਮ ਨੂੰ ਹੀ ਲੈ ਲਵੋ। ਹਿੰਦੂ ਸਿੱਖ ਭੇਸ ਵਾਲੇ ਫਸਾਦੀਆਂ ਨੇ ਬੇਗੁਨਾਹ ਮੁਸਲਮਾਨ ਮਾਰੇ ਤੇ ਮੁਸਲਮਾਨਾਂ ਦੇ ਭੇਸ ਵਿਚਲੇ ਫਸਾਦੀਆਂ ਨੇ ਬੇਗੁਨਾਹ ਹਿੰਦੂਆਂ-ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ। ਸਨ ਦੋਵੇਂ ਪਾਸੇ ਫਸਾਦੀ ਹੀ। ਏਧਰ ਹਿੰਦੂ-ਸਿੱਖਾਂ ਨੇ ਆਪਣੇ ਮੁਸਲਮਾਨ ਹਮਸਾਇਆਂ ਨੂੰ ਬਚਾਇਆ ਤੇ ਓਧਰ ਮੁਸਲਮਾਨਾਂ ਨੇ ਸਦੀਆਂ ਤੋਂ ਨਾਲ ਰਹਿ ਰਹੇ ਹਿੰਦੂ ਸਿੱਖ ਭਰਾਵਾਂ ਨੂੰ ਜਾਨ ਦੀ ਬਾਜ਼ੀ ਲਾ ਕੇ ਮੌਤ ਦੇ ਮੂੰਹ ’ਚੋਂ ਕੱਢਿਆ। ਇਹ ਬੜਾ ਵੱਡਾ ਸੱਚ ਹੈ।’’ ਮੈਨੂੰ ਹੁਣ ਤੱਕ ਪਤਾ ਲੱਗ ਚੁੱਕਾ ਸੀ ਜਾਂ ਮੈਂ ਮਹਿਸੂਸ ਕਰ ਲਿਆ ਸੀ ਕਿ ਉਹ ਪੜ੍ਹਿਆ-ਲਿਖਿਆ ਵਿਅਕਤੀ ਹੈ, ਜਿਸ ਨੂੰ ਅਸਲੀਅਤ ਪਤਾ ਹੈ ਪਰ ਇਸ ਤਰ੍ਹਾਂ ਹਾਰ ਮੰਨ ਲੈਣੀ ਸ਼ਾਇਦ ਉਸ ਨੂੰ ਮਨਜ਼ੂਰ ਨਹੀਂ। ਟਰੇਨ ਦੇ ਪਹੀਏ ਟਰੈਕ ਨਾਲ ਘਸਰਦੇ ਥੱਕੀ ਜਿਹੀ ਆਵਾਜ਼ ਕੱਢਣ ਲੱਗੇ ਤਾਂ ਉਹ ਉੱਠ ਕੇ ਦਰਵਾਜ਼ੇ ਕੋਲ ਗਿਆ ਤੇ ਬਾਹਰ ਝਾਤੀ ਮਾਰੀ। ਟਰੇਨ ਰੁਕਣ ਲਈ ਪੈਰ ਮਲਣ ਲੱਗੀ। ਸਾਹਮਣੇ ਨਜੀਬਾਬਾਦ ਦਾ ਰੇਲਵੇ ਸਟੇਸ਼ਨ ਸਵਾਗਤ ਕਰ ਰਿਹਾ ਸੀ।
‘‘ਸ਼ੁਕਰ ਐ...! ਇਹੋ ਜਿਹੇ ਸ਼ਹਿਰਾਂ ਦੇ ਨਾਂ ਤਬਦੀਲ ਹੋਣ ਲੱਗੇ ਨੇ। ਇਹੋ ਜਿਹੇ ਨਾਂ ਸੁਣ ਕੇ ਤਾਂ ਗ਼ੁਲਾਮੀ ਦਾ ਅਹਿਸਾਸ ਹੁੰਦਾ ਰਹਿੰਦਾ ਏ।’’ ਵਾਪਸ ਆ ਕੇ ਸੀਟ ’ਤੇ ਬੈਠਦਿਆਂ ਉਸ ਨੇ ਆਪਣਾ ਪ੍ਰਤੀਕਰਮ ਦਿੱਤਾ।
‘‘ਸ਼ਹਿਰਾਂ-ਥਾਵਾਂ ਦੇ ਨਾਂ ਬਦਲਣ ਨਾਲ ਇਤਿਹਾਸ ਨਹੀਂ ਬਦਲਿਆ ਜਾ ਸਕਦਾ। ਬੀਤੇ ’ਤੇ ਕਾਲਖ਼ ਮਲ਼ ਕੇ ਅਸੀਂ ਭਵਿੱਖ ਨੂੰ ਸੁਨਹਿਰਾ ਨਹੀਂ ਬਣਾ ਸਕਦੇ। ਰੂਸ ਦੇ ਇੱਕ ਇਲਾਕੇ ਦੀ ਛੋਟੀ ਜਿਹੀ ਭਾਸ਼ਾ ਹੈ ਅਵਾਰ ਭਾਸ਼ਾ। ਇਸ ਦਾ ਲੇਖਕ ਰਸੂਲ ਹਮਜ਼ਾਤੋਵ ‘ਮੇਰਾ ਦਾਗਿਸਤਾਨ’ ਨਾਂ ਦੀ ਪੁਸਤਕ ’ਚ ਲਿਖਦਾ ਹੈ ਕਿ ਜੇਕਰ ਤੁਸੀਂ ਬੀਤੇ ’ਤੇ ਪਿਸਤੌਲ ਚਲਾਉਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ।’’ ਰਸੂਲ ਹਮਜ਼ਾਤੋਵ ਅਤੇ ‘ਮੇਰਾ ਦਾਗਿਸਤਾਨ’ ਦਾ ਨਾਂ ਸੁਣ ਕੇ ਉਹ ਚੌਂਕਿਆ।
‘‘ਫਾਇਦਾ ਕੀ ਹੋਊ ਇਹ ਪੁਰਾਣੇ ਨਾਂ ਰੱਖੇ ਰਹਿਣ ਦਾ?’’
‘‘ਨਵੇਂ ਰੱਖ ਲੈਣ ਨਾਲ ਵੀ ਕੀ ਬਦਲ ਜਾਊ?’’ ਮੈਂ ਉਸ ਦੇ ਸਵਾਲ ਦੇ ਜਵਾਬ ’ਚ ਸਵਾਲ ਕਰ ਕੇ ਸਿਰਫ਼ ਹਲਕਾ ਜਿਹਾ ਮੁਸਕਰਾਇਆ ਭਾਵੇਂ ਮੈਂ ਇਸ ਬਾਰੇ ਲੰਮਾ ਚੌੜਾ ਬੋਲ ਸਕਦਾ ਸਾਂ। ਹੁਣ ਤੱਕ ਟਰੇਨ ਮੁਰਾਦਾਬਾਦ ਦੇ ਸਟੇਸ਼ਨ ’ਤੇ ਪੈਰ ਰੱਖ ਚੁੱਕੀ ਸੀ। ਮੈਂ ਚਿਹਰੇ ’ਤੇ ਗੰਭੀਰ ਜਿਹੀ ਮੁਸਕਰਾਹਟ ਲਿਆਉਂਦਿਆਂ ਸਟੇਸ਼ਨ ’ਤੇ ਲਿਖੇ ‘ਮੁਰਾਦਾਬਾਦ’ ਸ਼ਬਦ ਵੱਲ ਇਸ਼ਾਰਾ ਕਰਦਿਆਂ ਉਸ ਦਾ ਧਿਆਨ ਉਧਰ ਵੱਲ ਮੋੜ ਦਿੱਤਾ।
‘‘ਇਹ ਜਿਗਰ ਮੁਰਾਦਾਬਾਦੀ ਦਾ ਸ਼ਹਿਰ ਹੈ। ਜਿਗਰ ਬਾਰੇ ਤਾਂ ਜਾਣਦੇ ਹੀ ਹੋਵੋਂਗੇ?’’
‘‘ਹਾਂ ਜਾਣਦਾ ਹਾਂ ਜਿਗਰ ਮੁਰਾਦਾਬਾਦੀ ਬਾਰੇ।’’ ਉਸ ਨੇ ਸੰਖੇਪ ਜਿਹਾ ਉੱਤਰ ਦਿੱਤਾ।
‘‘ਹਮ ਕੋ ਮਿਟਾ ਸਕੇ ਯੇ ਜ਼ਮਾਨੇ ਮੇਂ ਦਮ ਨਹੀਂ, ਹਮ ਸੇ ਹੈ ਜ਼ਮਾਨਾ ਜ਼ਮਾਨੇ ਸੇ ਹਮ ਨਹੀਂ।’’ ਜਿਗਰ ਦਾ ਸ਼ੇਅਰ ਸੁਣਾਉਂਦਿਆਂ ਮੈਂ ਉਸ ਬਾਰੇ ਦੱਸਣ ਲੱਗਾ, ‘‘ਉਰਦੂ ਜ਼ੁਬਾਨ ਦਾ ਬੜਾ ਉੱਚ ਪਾਏ ਦਾ ਸ਼ਾਇਰ। ਕਮਾਲ! ਹੁਣ ਤੁਸੀਂ ਇਹ ਨਾ ਕਹਿ ਦੇਣਾ ਕਿ ਉਰਦੂ ਮੁਸਲਮਾਨਾਂ ਦੀ ਜ਼ੁਬਾਨ ਹੈ, ਹਿੰਦੀ ਹਿੰਦੂਆਂ ਦੀ ਤੇ ਪੰਜਾਬੀ ਸਿੱਖਾਂ ਦੀ ਜ਼ੁਬਾਨ ਹੈ।’’
‘‘ਪਾਕਿਸਤਾਨੀ ਲੋਕ ਉਰਦੂ ਹੀ ਤੇ ਵਰਤਦੇ ਨੇ।’’ ਉਸ ਦੀ ਗੱਲ ਸੁਣ ਕੇ ਮੈਂ ਹੱਸ ਪਿਆ।
‘‘ਭਾਈ ਸਾਹਿਬ-ਉਰਦੂ ਪਾਕਿਸਤਾਨੀਆਂ ਦੀ ਨਹੀਂ ਸਾਡੀ ਆਪਣੀ ਜ਼ੁਬਾਨ ਹੈ। ਜਿਸ ਇਲਾਕੇ ’ਚੋਂ ਆਪਾਂ ਲੰਘ ਰਹੇ ਹਾਂ, ਇਸ ਦੇ ਆਲੇ ਦੁਆਲੇ ’ਚੋਂ ਪੈਦਾ ਹੋਈ ਨਫ਼ਾਸਤ ਭਰੀ ਜ਼ੁਬਾਨ ਹੈ। ਮਿੱਠੀ ਤੇ ਅਦਬ ਵਾਲੀ।’’ ਗੱਲ ਮੈਂ ਉਰਦੂ ਤੱਕ ਹੀ ਸੀਮਤ ਰੱਖੀ ਵਰਨਾ ਚਾਹੁੰਦਾ ਤਾਂ ਮੈਂ ਇਹ ਸੀ ਕਿ ਲੱਗਦੇ ਹੱਥ ਪੰਜਾਬੀ ਭਾਸ਼ਾ ਨਾਲ ਹੋਏ ਧੱਕਿਆਂ ਬਾਰੇ ਦੱਸਦਿਆਂ ਆਖਾਂ ਕਿ ਪੰਜਾਬੀ ਪੰਜਾਬੀਆਂ ਦੀ ਜ਼ੁਬਾਨ ਹੈ, ਹਿੰਦੂ ਸਿੱਖਾਂ ਜਾਂ ਮੁਸਲਮਾਨਾਂ ਦੀ ਨਹੀਂ। ਦੱਸਣਾ ਤਾਂ ਇਹ ਵੀ ਚਾਹੁੰਦਾ ਸਾਂ ਕਿ ਜਿੰਨੇ ਲੋਕ ਹਿੰਦੁਸਤਾਨ ’ਚ ਪੰਜਾਬੀ ਬੋਲਦੇ ਨੇ, ਉਸ ਨਾਲੋਂ ਢਾਈ ਗੁਣਾਂ ਲੋਕ ਪਾਕਿਸਤਾਨ ’ਚ ਰਹਿੰਦੇ ਨੇ ਪੰਜਾਬੀ ਬੋਲਣ ਵਾਲੇ-ਪਰ ਆਪਣੇ ਅੰਦਰਲੇ ਭਾਸ਼ਣ ਕਰਤਾ ਨੂੰ ਥਾਪੜ ਕੇ ਚੁੱਪ ਕਰਵਾ ਦਿੱਤਾ।
ਹੁਣ ਸਾਡੇ ਵਿਚਕਾਰ ਫੇਰ ਲੰਮੀ ਚੁੱਪ ਤਣ ਗਈ। ਉਹ ਕਿੰਨਾ ਚਿਰ ਚੁੱਪ ਰਿਹਾ। ਉਸ ਦੀ ਪਤਨੀ ਨੇ ਵੀ ਵਾਰ-ਵਾਰ ਇਸ਼ਾਰਾ ਕਰਕੇ ਚੁੱਪ ਕਰਵਾ ਦਿੱਤਾ ਸੀ। ਉਹ ਖਿੜਕੀ ਰਾਹੀਂ ਦੂਰ ਤੱਕ ਵੇਖਦਾ ਰਿਹਾ। ਮੈਂ ਸਮਝ ਗਿਆ ਕਿ ਉਸਦਾ ਮਨ ਓਨੀ ਤੇਜ਼ੀ ਨਾਲ ਹੀ ਦੌੜ ਰਿਹਾ ਜਿੰਨੀ ਤੇਜ਼ੀ ਨਾਲ ਟਰੇਨ ਤੋਂ ਬਾਹਰ ਨਦੀਆਂ, ਨਾਲੇ, ਰੁੱਖ, ਤਲਾਬ, ਟੈਲੀਫੋਨ-ਬਿਜਲੀ ਦੇ ਖੰਭੇ ਤੇ ਫਸਲਾਂ ਦੌੜ ਰਹੀਆਂ ਨੇ। ਗੱਡੀ ਬਰੇਲੀ ਸਟੇਸ਼ਨ ’ਤੇ ਪੈਰ ਘੜੀਸ-ਘੜੀਸ ਕੇ ਤੁਰਦਿਆਂ ਰੁਕ ਗਈ। ਹੁਣ ਮੇਰੇ ਅੰਦਰਲਾ ਕੀੜਾ ਕੁਰਬਲ ਕੁਰਬਲ ਕਰਨ ਲੱਗਾ। ਮੇਰਾ ਜੀਅ ਕਰਦਾ ਸੀ ਉਸਨੂੰ ਵਸੀਮ ਬਰੇਲਵੀ ਬਾਰੇ ਦੱਸਾਂ ਅਤੇ ਉਸਦਾ ਬਹੁ-ਚਰਚਿਤ ਸ਼ੇਅਰ ‘‘ਖ਼ੁਦ ਕੋ ਮਨਵਾਨੇ ਕਾ ਮੁਝਕੋ ਭੀ ਹੁਨਰ ਆਤਾ ਹੈ। ਮੈਂ ਵੋਹ ਕਤਰਾ ਹੂੰ ਸਮੰਦਰ ਮੇਰੇ ਘਰ ਆਤਾ ਹੈ।’’ ਗੁਣਗੁਣਾ ਕੇ ਸੁਣਾਵਾਂ ਤੇ ਇਹ ਵੀ ਦੱਸਾਂ ਕਿ ਵਸੀਮ ਗੰਗਾ ਜਮਨੀ ਤਹਿਜ਼ੀਬ ਦਾ ਉਹ ਸ਼ਾਹਕਾਰ ਸ਼ਾਇਰ ਹੈ ਜੋ ਮੇਰਾ ਹੀ ਨਹੀਂ ਲੱਖਾਂ ਕਰੋੜਾਂ ਲੋਕਾਂ ਦਾ ਪਸੰਦੀਦਾ ਉਰਦੂ ਸ਼ਾਇਰ ਹੈ ਤੇ ਜਿਸਦੀਆਂ ਗ਼ਜ਼ਲਾਂ ਦੇਸ਼ ਦੇ ਮਸ਼ਹੂਰ ਗ਼ਜ਼ਲ ਗਾਇਕ ਜਗਜੀਤ ਸਿੰਘ ਨੇ ਗਾਈਆਂ ਹਨ। ਫੇਰ ਮੈਂ ਆਪ ਹੀ ਆਪਣੇ ਅੰਦਰਲੇ ਕੀੜੇ ਨੂੰ ਇਹ ਸੋਚਦਿਆਂ ਕਿ ਏਨਾ ਗਿਆਨ ਦੇਣ ਦਾ ਕੋਈ ਫ਼ਾਇਦਾ ਨਹੀਂ, ਜਿਵੇਂ ਕਿਵੇਂ ਸ਼ਾਂਤ ਕਰ ਲਿਆ।
‘‘ਇਹ ਵੀ ਇੱਕ ਉਰਦੂ ਸ਼ਾਇਰ ਦਾ ਸ਼ਹਿਰ ਹੈ।’’ ਮੈਂ ਬਿਨਾ ਸ਼ਾਇਰ ਦਾ ਨਾਂ ਲਏ ਏਨਾ ਕੁ ਤਾਂ ਆਖ ਹੀ ਦਿੱਤਾ ਪਰ ਉਸ ਨੇ ਕੋਈ ਖ਼ਾਸ ਹੁੰਗਾਰਾ ਨਾ ਭਰਿਆ। ਹੁਣ ਉਹ ਦੋਵੇਂ ਜੀਅ ਖਿੜਕੀ ਰਾਹੀਂ ਬਾਹਰ ਵੇਖ ਰਹੇ ਸਨ।
ਗੱਡੀ ਕਦੋਂ ਦੀ ਪਿਤਾਮਬਰਪੁਰ ਸਟੇਸ਼ਨ ਪਿੱਛੇ ਛੱਡ ਆਈ ਸੀ ਤੇ ਹੁਣ ਤਿਲਹਰ ਆ ਰੁਕੀ ਸੀ। ‘ਚਾਏ-ਚਾਏ’ ਦੀ ਕਾਵਾਂ ਰੌਲੀ ਨੇ ਡੱਬੇ ’ਚ ਘੂਕ ਸੁੱਤੀਆਂ ਅਤੇ ਅੱਧ ਸੁੱਤੀਆਂ ਸਵਾਰੀਆਂ ਨੂੰ ਬੈਠਿਆਂ ਕਰ ਦਿੱਤਾ। ਮੀਆਂ-ਬੀਵੀ ਨੇ ਪੀਣ ਲਈ ਚਾਹ ਲੈ ਲਈ ਅਤੇ ਮੇਰੇ ਨਾਂਹ-ਨੁੱਕਰ ਕਰਦਿਆਂ ਵੀ ਇੱਕ ਗਿਲਾਸ ਮੇਰੇ ਹੱਥ ਫੜਾ ਦਿੱਤਾ। ਮੈਂ ਵੀ ਬੈਗ ’ਚੋਂ ਬਿਸਕੁਟਾਂ ਦਾ ਪੈਕੇਟ ਕੱਢਿਆ ਤੇ ਖੋਲ੍ਹ ਕੇ ਉਨ੍ਹਾਂ ਅੱਗੇ ਕਰ ਦਿੱਤਾ। ਸ਼ਾਹਜਹਾਨਪੁਰ ਆਉਂਦਿਆਂ ਤੱਕ ਸਾਡੇ ’ਚੋਂ ਕਿਸੇ ਨੇ ਹੋਰ ਕੋਈ ਗੱਲ ਨਾ ਕੀਤੀ। ਵਿੱਚ-ਵਿੱਚ ਉਨ੍ਹਾਂ ਦੋਵਾਂ ਨੇ ਆਪਸ ਵਿੱਚ ਏਨੀ ਹੌਲੀ ਹੌਲੀ ਆਵਾਜ਼ ’ਚ ਗੱਲਾਂ ਕੀਤੀਆਂ ਜਿਸ ਦੀ ਮੈਨੂੰ ਕੋਈ ਸਮਝ ਨਾ ਲੱਗੀ।
‘‘ਹੁਣ ਸ਼ਾਹਜਹਾਨਪੁਰ ਸ਼ਹਿਰ ਨੂੰ ਹੀ ਲੈ ਲਵੋ- ਬੜਾ ਪ੍ਰਚੀਨ ਵੈਦਿਕ ਸ਼ਹਿਰ ਹੈ। ਸ਼ਹਿਰ ਦੇ ਆਲੇ-ਦੁਆਲੇ ਦੇ ਇਲਾਕੇ ’ਚ ਬੜੇ ਪ੍ਰਚੀਨ ਹਿੰਦੂ ਮੰਦਰ ਨੇ ਪਰ ਸ਼ਹਿਰ ਦਾ ਨਾਂ ਹੈ ਸ਼ਾਹਜਹਾਨਪੁਰ।’’ ਸਟੇਸ਼ਨ ’ਤੇ ਲੱਗਾ ਸ਼ਾਹਜਹਾਨਪੁਰ ਦਾ ਬੋਰਡ ਜਿਵੇਂ ਉਸ ਦੀਆਂ ਅੱਖਾਂ ਵਿੱਚ ਕੁੱਕਰੇ ਵਾਂਗ ਰੜਕਿਆ ਸੀ। ਉਸ ਦੀਆਂ ਤਿਉੜੀਆਂ ਸੰਘਣੀਆਂ ਹੋ ਗਈਆਂ। ਮੈਂ ਅਜੇ ਕੁਝ ਕਹਿਣ ਹੀ ਲੱਗਾ ਸੀ ਕਿ ਉਸ ਨੇ ਇਤਿਹਾਸ ਦਾ ਅਗਲਾ ਵਰਕਾ ਮੇਰੇ ਅੱਗੇ ਖੋਲ੍ਹ ਦਿੱਤਾ।
‘‘ਤੁਸੀਂ ਤਾਂ ਪੜ੍ਹਨ-ਲਿਖਣ ਦੇ ਖਾਸੇ ਸ਼ੌਕੀਨ ਲੱਗਦੇ ਓਂ। ਕਾਕੋਰੀ ਕਾਂਡ ਬਾਰੇ ਤਾਂ ਸੁਣਿਆ ਈ ਹੋਊ?’’
‘‘ਕਿਉਂ ਨਹੀਂ? ਸਾਡੇ ਆਜ਼ਾਦੀ ਸੰਗਰਾਮ ਦੀ ਏਡੀ ਵੱਡੀ ਘਟਨਾ ਹੈ- ਬਹੁਤ ਹੀ ਮਹੱਤਵਪੂਰਨ।’’
‘‘ਕਾਕੋਰੀ ਕਾਂਡ ਦੇ ਮਹਾਨ ਕ੍ਰਾਂਤੀਕਾਰੀ ਪੰਡਿਤ ਰਾਮ ਪ੍ਰਸਾਦ ਬਿਸਮਿਲ ਤੇ ਠਾਕਰ ਰੌਸ਼ਨ ਸਿੰਘ ਇੱਥੋਂ ਦੇ ਹੀ ਸਨ- ਸ਼ਾਹਜਹਾਨਪੁਰ ਦੇ ਮਹਾਨ ਇਨਕਲਾਬੀ ਯੋਧੇ।’’ ਮੈਂ ਉਸ ਦੀ ਗੱਲ ਦਾ ਸਿਰ ਝੁਕਾ ਕੇ ਇਹਤਰਾਮ ਕੀਤਾ।
‘‘ਤੁਸੀਂ ਥੋੜ੍ਹਾ ਚਿਰ ਪਹਿਲਾਂ ਜਿਗਰ ਮੁਰਾਦਾਬਾਦੀ ਦਾ ਵਿਖਿਆਨ ਕੀਤਾ ਸੀ, ਪੰਡਿਤ ਬਿਸਮਿਲ ਜੀ ਉਨ੍ਹਾਂ ਨਾਲੋਂ ਕਿਤੇ ਵੱਡੇ ਸ਼ਾਇਰ ਸਨ। ‘ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਨਾ ਹੈ ਜ਼ੋਰ ਕਿਤਨਾ ਬਾਜੂ-ਏ-ਕਾਤਿਲ ਮੇਂ ਹੈ।’ ਜੋਸ਼ ਆ ਜਾਂਦਾ ਹੈ ਸੁਣ ਕੇ।’’
‘‘ਬਿਲਕੁਲ ਸਹੀ ਕਿਹਾ, ਬੜੇ ਮਹਾਨ ਇਨਕਲਾਬੀ ਸ਼ਾਇਰ ਸਨ ਬਿਸਮਿਲ ਸਾਹਿਬ !’’ ਮੈਂ ਹਾਂ ’ਚ ਹਾਂ ਮਿਲਾਈ ਭਾਵੇਂ ਮੈਂ ਦੱਸਣਾ ਚਾਹੁੰਦਾ ਸਾਂ ਕਿ ‘ਸਰਫਰੋਸ਼ੀ’ ਵਾਲਾ ਸ਼ੇਅਰ ਰਾਮ ਪ੍ਰਸਾਦ ਬਿਸਮਿਲ ਦਾ ਨਹੀਂ ਬਲਕਿ ਬਿਸਮਿਲ ਅਜ਼ੀਮਾਬਾਦੀ ਦਾ ਹੈ। ਪਰ ਮੈਂ ਕੁਝ ਨਾ ਬੋਲਿਆ। ਦਰਅਸਲ ਉਸ ਦੇ ਵਾਂਗ ਬਹੁਤੇ ਲੋਕਾਂ ਨੂੰ ਭੁਲੇਖਾ ਹੈ ਕਿ ਇਹ ਸ਼ੇਅਰ ਪੰਡਿਤ ਰਾਮ ਪ੍ਰਸਾਦ ਬਿਸਮਿਲ ਦਾ ਹੈ। ਮੈਂ ਆਪ ਵੀ ਤਾਂ ਬੜਾ ਚਿਰ ਇਹੀ ਸਮਝਦਾ ਰਿਹਾ ਸਾਂ।
“ਕਾਕੋਰੀ ਕਾਂਡ ਦੇ ਯੋਧੇ ਪੰਡਿਤ ਰਾਮ ਪ੍ਰਸਾਦ ਬਿਸਮਿਲ ਤੇ ਠਾਕਰ ਰੌਸ਼ਨ ਸਿੰਘ ਦੇਸ਼ ਲਈ ਫਾਂਸੀ ਦੇ ਤਖਤੇ ’ਤੇ ਝੂਲ ਗਏ। ਪੂਰੀ ‘ਕੌਮ’ ਨੂੰ ਇਨ੍ਹਾਂ ਸੂਰਬੀਰਾਂ ਦੀ ਕੁਰਬਾਨੀ ’ਤੇ ਫਖ਼ਰ ਹੈ।’’ ਉਸ ਨੇ ‘ਕੌਮ’ ਸ਼ਬਦ ’ਤੇ ਖਾਸਾ ਭਾਰ ਪਾਇਆ।
‘‘ਕਾਕੋਰੀ ਕਾਂਡ ਵੇਲੇ ਅਸ਼ਫਾਕ ਉੱਲਾ ਖਾਨ ਵੀ ਨਾਲ ਸੀ। ਫਾਂਸੀ ਵੀ ਇਹ ਤਿੰਨੇ ਇਕੱਠੇ ਹੀ ਲੱਗੇ ਸਨ। ਤਿੰਨਾਂ ਨੂੰ ਅੱਡ-ਅੱਡ ਕਰਕੇ ਵੇਖਿਆ ਹੀ ਨਹੀਂ ਜਾ ਸਕਦਾ।’’ ਹੁਣ ਮੇਰੇ ਤੋਂ ਰਹਿ ਨਹੀਂ ਸੀ ਹੋਇਆ। ਉਸ ਨੇ ਇੰਜ ਦਾ ਵਿਖਾਵਾ ਕੀਤਾ ਜਿਵੇਂ ਮੇਰੀ ਗੱਲ ਉਸ ਨੂੰ ਸੁਣਾਈ ਹੀ ਨਾ ਦਿੱਤੀ ਹੋਵੇ।
ਗੱਡੀ ਸਾਹਜ਼ਹਾਨਪੁਰ ਦੇ ਮੁਸਲਿਮ ਬਹੁਲ ਇਲਾਕੇ ’ਚੋਂ ਗੁਜ਼ਰ ਰਹੀ ਸੀ। ਗਲੀਆਂ ਬਾਜ਼ਾਰਾਂ ਵਿੱਚ ਮੁਸਲਿਮ ਧਰਮ ਦੇ ਲੋਕ ਆਪਣੀਆਂ ਰਵਾਇਤੀ ਟੋਪੀਆਂ ਪਾਈ ਏਧਰ-ਓਧਰ ਜਾ ਆ ਰਹੇ ਸਨ। ਨਿੱਕੀਆਂ ਵੱਡੀਆਂ ਮਸਜਿਦਾਂ ਦੇ ਗੋਲ ਗੁੰਬਦ ਬੜੀ ਤੇਜ਼ੀ ਨਾਲ ਪਿਛਾਂਹ ਨੂੰ ਭੱਜਦੇ ਜਾਂਦੇ ਸਨ। ਉਸ ਨੂੰ ਪਤਾ ਨਹੀਂ ਕੀ ਯਾਦ ਆਇਆ। ਉਸ ਨੇ ਕਾਹਲੀ ਨਾਲ ਆਪਣਾ ਮੋਬਾਈਲ ਕੱਢਿਆ ਤੇ ਛੇਤੀ-ਛੇਤੀ ਉਂਗਲ ਸਕਰੀਨ ’ਤੇ ਘੁੰਮਾਉਣ ਲੱਗਿਆ। ਇੱਕ ਵੀਡੀਓ ਚਲਾ ਕੇ ਸਕਰੀਨ ਮੇਰੇ ਅੱਗੇ ਕਰ ਦਿੱਤੀ, ‘‘ਵੇਖੋ! ਵੇਖੋ ਤਾਂ ਸਹੀ। ਇਨ੍ਹਾਂ ਲੋਕਾਂ ਦੇ ਤਾਂ ਮੁਹੱਲਿਆਂ ’ਚ ਜਾਂਦਿਆਂ ਵੀ ਡਰ ਲੱਗਦਾ। ਕਿੰਨੀ ਵਹਿਸ਼ਤ ਹੈ ਇਨ੍ਹਾਂ ਲੋਕਾਂ ਦੇ ਚਿਹਰਿਆਂ ’ਤੇ!’’ ਮੈਂ ਮੋਬਾਈਲ ਉਸ ਦੇ ਹੱਥੋਂ ਫੜ ਕੇ ਗਹੁ ਨਾਲ ਵੇਖਿਆ।
“ਇਹ ਵਹਿਸ਼ਤ ਨਹੀ ਦਹਿਸ਼ਤ ਨਾਲ ਭਰੇ ਚਿਹਰਿਆਂ ਦੀ ਵੀਡੀਓ ਹੈ। ਧਿਆਨ ਨਾਲ ਵੇਖੋ- ਕਿੰਨਾ ਡਰੇ ਹੋਏ ਨੇ। ਇਹ ਐਡਿਟ ਕੀਤੀ ਵੀਡੀਓ ਹੈ-ਅਸਲ ਵੇਖੋਗੇ ਤਾਂ ਹੋ ਸਕਦਾ ਤੁਹਾਡੀ ਰੂਹ ਵੀ ਕੰਬ ਜਾਵੇ।’’
ਉਹ ਇੱਕ ਪਲ ਲਈ ਝਿਜਕਿਆ ਜ਼ਰੂਰ ਪਰ ਆਪਣੇ ਅੰਦਰਲੀ ਝਿਜਕ ਨੂੰ ਲੁਕਾ ਕੇ ਨਵੇਂ ਆਏ ਸਟੇਸ਼ਨ ਵੱਲ ਇਸ਼ਾਰਾ ਕਰਦਿਆਂ ਬੋਲਿਆ, ‘‘ਹੁਣ ਰੋਜ਼ਾ ਆ ਗਿਆ। ਫੇਰ ਅੱਗੇ ਸ਼ਾਹਬਾਦ ਆਊ। ਯਕੀਨ ਨਹੀਂ ਆਉਂਦਾ, ਇਹ ਹਿੰਦੋਸਤਾਨ ਹੈ ਜਾਂ ਪਾਕਿਸਤਾਨ ? ਪਤਾ ਨਹੀਂ ਸਰਕਾਰ ਕਿਸ ਦੇ ਮੂੰਹ ਵੱਲ ਵੇਖ ਰਹੀ ਹੈ। ਇਨ੍ਹਾਂ ਦੇ ਨਾਂ ਕਿਉਂ ਨਹੀ ਬਦਲਦੀ?’’
‘‘ਬਦਲੇ ਤਾਂ ਜਾ ਰਹੇ ਨੇ ਇੱਕ-ਇੱਕ ਕਰਕੇ।’’ ਮੈਂ ਟੋਨ ਥੋੜ੍ਹੀ ਜਿਹੀ ਘੁਮਾ ਲਈ।
‘‘ਇੱਕੋ ਵਾਰ ਫਸਤਾ ਵੱਢਣ ਪਰ੍ਹੇ।’’ ਮੈਂ ਉਸ ਦੀ ਗੱਲ ਸੁਣ ਕੇ ਹੱਸ ਪਿਆ।
‘‘ਕਿਉਂ ਬਿਨਾਂ ਵਜ੍ਹਾ ਬੋਲੀ ਜਾ ਰਹੇ ਓ? ਚੁੱਪ ਨਹੀਂ ਰਿਹਾ ਜਾਂਦਾ?’’ ਪਤਨੀ ਨੇ ਤਿੱਖੇ ਸੁਰ ਨਾਲ ਉਸ ਨੂੰ ਵਰਜਿਆ।
‘‘ਭਰਾ ਜੀ। ਗੁੱਸਾ ਨਾ ਕਰਿਓ, ਇਨ੍ਹਾਂ ਦਾ ਦਿਮਾਗ਼ ਠੀਕ ਨਹੀਂ ਰਹਿੰਦਾ ਅੱਜਕੱਲ੍ਹ। ਐਵੇਂ ਫਾਲਤੂ ਬੋਲਦੇ ਰਹਿੰਦੇ ਨੇ।’’ ਉਸ ਨੇ ਘਰਵਾਲੇ ਵੱਲ ਘੂਰ ਕੇ ਵੇਖਿਆ।
‘‘ਨਹੀਂ ਭੈਣ ਜੀ, ਗੁੱਸੇ ਵਾਲੀ ਕੋਈ ਗੱਲ ਨਹੀਂ। ਇਹ ਤਾਂ ਐਵੇਂ ਸਰਸਰੀ ਗੱਲਾਂ ਨੇ! ਸੱਚੀ ਗੱਲ ਤਾਂ ਇਹ ਹੈ ਕਿ ਅਜਿਹੀਆਂ ਗੱਲਾਂ ਸਿਆਸਤ ਵੱਲੋਂ ਆਮ ਲੋਕਾਂ ਦੇ ਮਨਾਂ ’ਚ ਭਰੀਆਂ ਜਾ ਰਹੀਆਂ ਨੇ- ਲੋਕਾਂ ’ਤੇ ਅਸਰ ਵੀ ਹੋ ਰਿਹਾ ਤੇਜ਼ੀ ਨਾਲ ਬਲਕਿ ਹੋ ਈ ਚੁੱਕਾ ਪੂਰੀ ਤਰ੍ਹਾਂ।’’
‘‘ਭਰਾ ਜੀ? ਤੁਸੀਂ ਭਲਾ ਜਾ ਕਿੱਥੇ ਰਹੇ ਓ?’’ ਔਰਤ ਨੇ ਇਹ ਗੱਲ ਸ਼ਾਇਦ ਟਰੈਕ ਬਦਲਣ ਲਈ ਹੀ ਪੁੱਛੀ ਸੀ। ਘੱਟੋ ਘੱਟ ਮੈਨੂੰ ਤਾਂ ਇਹੀ ਅਹਿਸਾਸ ਹੋਇਆ।
‘‘ਵਾਰਾਨਸੀ।’’
‘‘ਸ਼ੁਕਰ ਐ...!’’ ਪਤੀ ਕੁਝ ਕਹਿਣ ਲੱਗਾ ਸੀ ਪਰ ਔਰਤ ਨੇ ਪਤੀ ਦੀ ਗੱਲ ਕੱਟਦਿਆਂ ਆਖਿਆ, ‘‘ਭਰਾ ਜੀ, ਫੇਰ ਤਾਂ ਕਿਸਮਤ ਵਾਲੇ ਓ। ਗੰਗਾ ਮਈਆ ਨੇ ਬੁਲਾਇਆ ਹੈ ਤੁਹਾਨੂੰ। ਸ਼ਾਮ ਵੇਲੇ ਆਰਤੀ ਜ਼ਰੂਰ ਵੇਖਿਓ ਘਾਟ ’ਤੇ।’’
‘‘ਭਾਈ ਸਾਹਿਬ ਤੁਸੀਂ ਕਿੱਥੇ ਜਾਣਾ?’’ ਮੈਂ ਇਹ ਸੋਚ ਕਿ ਇਖ਼ਲਾਕੀ ਤੌਰ ’ਤੇ ਮੈਨੂੰ ਵੀ ਇਹ ਸਵਾਲ ਪੁੱਛਣਾ ਚਾਹੀਦਾ ਹੈ, ਮਹਿਜ਼ ਰਸਮੀ ਕਾਰਵਾਈ ਵਜੋਂ ਪੁੱਛ ਲਿਆ ਵਰਨਾ ਮੇਰੇ ਅੰਦਰ ਕੋਈ ਦਿਲਚਸਪੀ ਨਹੀਂ ਸੀ ਜਾਗੀ।
‘‘ਕਹਿ ਕੇ ਤਾਂ ਅਸੀਂ ਵੀ ਵਾਰਾਨਸੀ ਦਾ ਹੀ ਆਏ ਹਾਂ।’’ ਉਸ ਦੀ ਆਵਾਜ਼ ਬੜੀ ਧੀਮੀ ਅਤੇ ਉਦਾਸੀ ਭਰੀ ਸੀ।
‘‘ਕੀ ਮਤਲਬ? ਕਿਸ ਨੂੰ ਕਹਿ ਕੇ ਆਏ? ਜਾਣਾ ਨਹੀਂ ਵਾਰਾਨਸੀ?’’
ਉਸ ਆਦਮੀ ਨੇ ਕੋਈ ਉੱਤਰ ਨਾ ਦਿੱਤਾ ਸਗੋਂ ਖਿੜਕੀ ਰਾਹੀਂ ਦੂਰ-ਦੁਮੇਲ ਵੱਲ ਵੇਖਣ ਲੱਗਾ।
‘‘ਅਸਲ ਵਿੱਚ ਨਾ ਭਰਾ ਜੀ, ਸਾਨੂੰ ਸਾਲ-ਛੇ ਮਹੀਨੇ ਬਾਅਦ ਕਿਸੇ ਨਾ ਕਿਸੇ ਤੀਰਥ ਦਾ ਬਹਾਨਾ ਬਣਾ ਕੇ ਘਰੋਂ ਨਿਕਲਣਾ ਪੈਂਦਾ। ਕਦੇ ਆਖਦੇ ਹਾਂ ਦਵਾਰਕਾ ਪੁਰੀ ਚੱਲੇ ਹਾਂ, ਕਦੇ ਕਹਿੰਦੇ ਹਾਂ ਜਗਨਨਾਥ ਪੁਰੀ- ਕਦੇ ਅਯੁੱਧਿਆ ਧਾਮ, ਕਦੇ ਕਾਸ਼ੀ, ਕਦੇ ਮਥਰਾ। ਬੱਸ ਬਣਾ ਲੈਂਦੇ ਹਾਂ ਕੋਈ ਨਾ ਕੋਈ ਬਹਾਨਾ। ਜਾਣਾ-ਜੂਣਾ ਭਲਾ ਕਿੱਥੇ ਹੁੰਦਾ?’’ ਔਰਤ ਦਾ ਗਲ਼ਾ ਭਰ ਆਇਆ। ਉਸ ਦੀ ਗੱਲ ਨੇ ਗੱਲ ਹੋਰ ਉਲਝਾ ਦਿੱਤੀ। ਮੇਰੇ ਅੰਦਰ ਕਾਹਲ਼ ਜਿਹੀ ਪੈ ਗਈ। ਮੈਂ ਅਜੇ ਕੁਝ ਪੁੱਛਣ ਲਈ ਅਹੁਲ ਹੀ ਰਿਹਾ ਸਾਂ ਕਿ ਆਦਮੀ ਬੋਲ ਪਿਆ।
‘‘ਤੁਹਾਡੇ ਸਿੱਖਾਂ ’ਚ ਇੱਕ ਗੱਲ ਤਾਂ ਵਧੀਆ ਹੈ। ਸਿੱਖ ਦਾ ਮਤਲਬ ਹੁੰਦਾ ਹੈ ਸਿੱਖ। ਕੋਈ ਜਾਤ ਪਾਤ ਦਾ ਪੰਗਾ ਤਾਂ ਨਹੀਂ ਨਾ ਹੁੰਦਾ। ਸਾਡਾ ਤਾਂ ਜ਼ਿਆਦਾ ਈ ਔਖਾ। ਸਾਡੇ ਸਮਾਜ ’ਚ ਜਾਤਾਂ-ਪਾਤਾਂ ਵਾਲੀਆਂ ਕੰਧਾਂ ਬਹੁਤ ਉੱਚੀਆਂ। ਬੰਦਾ ਜਾਤ ਵਾਲੀ ਕੰਧ ਪਾਰ ਕਰਕੇ ਦੂਜੇ ਪਾਸੇ ’ਚ ਜਾ ਈ ਨ੍ਹੀ ਸਕਦਾ। ਮੇਰੇ ਕਹਿਣ ਦਾ ਮਤਲਬ...।’’ ਉਸ ਨੇ ਮੂੰਹ ਵਿਚਲਾ ਪਾਣੀ ਸੰਘ ਵਿੱਚ ਲਿਜਾ ਕੇ ਸੰਘ ਤਰ ਕੀਤਾ। ਮੈਂ ਮਹਿਸੂਸ ਕੀਤਾ ਉਸ ਨੇ ਇਹ ਗੱਲ, ਪਹਿਲਾਂ ਚੱਲ ਰਹੀ ਗੱਲ ਨੂੰ ਟਾਲਣ ਲਈ ਹੀ ਆਖੀ ਸੀ।
‘‘ਮੇਰਾ ਮਤਲਬ, ਕੋਈ ਜਾਤ ਦੇ ਉਪਰਲੇ ਡੰਡੇ ’ਤੇ ਬੈਠਾ ਕੋਈ ਉਸ ਤੋਂ ਥੱਲੇ ਵਾਲੇ ’ਤੇ। ਕੋਈ ਸਭ ਤੋਂ ਨੀਵੇਂ ਵਾਲੇ ਡੰਡੇ ’ਤੇ। ਉਪਰਲੇ ਡੰਡੇ ਵਾਲਾ, ਹੇਠਲੇ ਡੰਡੇ ਵਾਲੇ ਨਾਲ ਕੋਈ ਰਿਸ਼ਤੇਦਾਰੀ ਨਹੀਂ ਰੱਖਦਾ... ਸਾਡੇ ਤਾਂ ਬੜੀਆਂ ਉੱਚੀਆਂ ਕੰਧਾਂ ਨੇ ਸਰਦਾਰ ਜੀ।’’
‘‘ਹਾਂ, ਇਹ ਕੰਧਾਂ ਤਾਂ ਵਾਕਈ ਬੜੀਆਂ ਉੱਚੀਆਂ ਹੁੰਦੀਆਂ।’’ ਮੇਰੀ ਆਵਾਜ਼ ਕੰਬਣ ਲੱਗੀ।
‘‘ਤੁਹਾਨੂੰ ਸੌਖਾ ਹੈ- ਸਿੱਖਾਂ ’ਚ ਐਹੋ ਜਿਹਾ ਝਮੇਲਾ ਤਾਂ ਨਹੀਂ ਹੈ।’’ ਉਸ ਦੀ ਗੱਲ ਸੁਣ ਕੇ ਮੈਂ ਕੁਝ ਨਹੀਂ ਬੋਲਿਆ ਪਰ ਆਪਣੇ ਆਪ ਹੀ ਮੇਰੀ ਨੀਵੀਂ ਪੈ ਗਈ।
‘‘ਸਾਡੀ ਸਾਕਾਚਾਰੀ ’ਚ ਇੱਕ ਲੜਕੀ ਨੇ ਸ਼ੂਦਰਾਂ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ। ਬੜਾ ਕਲੇਸ਼ ਖੜ੍ਹਾ ਹੋਇਆ।’’
‘‘ਅੱਛਾ!’’ ਮੈਂ ਐਵੇਂ ਜਿਹੇ ਹੈਰਾਨੀ ਜ਼ਾਹਰ ਕੀਤੀ।
‘‘ਹੋਰ ਕੀ- ਸਾਰੇ ਰਿਸ਼ਤੇਦਾਰ ਲੜਕੀ ਦੇ ਮਾਂ-ਬਾਪ ’ਤੇ ਦਬਾਅ ਪਾ ਰਹੇ ਨੇ ਕਿ ਲੜਕੇ-ਲੜਕੀ ’ਚੋਂ ਜੋ ਵੀ ਮਿਲਦਾ ਮਾਰ ਦਿਉ। ਹੁਣ ਲੜਕੀ ਵਾਲੇ ਲੱਭਦੇ ਫਿਰਦੇ ਨੇ ਮੁੰਡੇ ਕੁੜੀ ਨੂੰ।’’
‘‘ਕਿਉਂ?’’
‘‘ਅਸਲ ਵਿੱਚ ਨਾ ਜੀ ਵੇਖਿਆ ਜਾਵੇ ਤਾਂ ਕਸੂਰ ਲੜਕੀ ਵਾਲਿਆਂ ਦਾ ਵੀ ਕੋਈ ਨਹੀਂ। ਸ਼ਰੀਕੇ-ਭਾਈਚਾਰੇ ਦਾ ਦਬਾਅ ਈ ਐਨਾ। ਥੋਨੂੰ ਦੱਸਿਆ ਤਾਂ ਹੈ, ਕੰਧਾਂ ਈ ਬਹੁਤ ਉੱਚੀਆਂ ਨੇ। ਲੜਕੀ ਨੇ ਆਲੇ-ਦੁਆਲੇ ਉਸਰੀ ਕੰਧ ਤੋਂ ਪਾਰ ਵੇਖਿਆ ਈ ਨਹੀਂ, ਬਲਕਿ ਛਾਲ ਮਾਰ ਦਿੱਤੀ। ਇਹ ਕੋਈ ਛੋਟਾ ਕਸੂਰ ਤੇ ਨਹੀਂ ਨਾ?’’
ਆਦਮੀ ਨੇ ਆਪਣੀ ਘਰਵਾਲੀ ਵੱਲ ਵੇਖਿਆ, ਪਰ ਉਸ ਨੇ ਅੱਖਾਂ ਨਾ ਮਿਲਾਈਆਂ। ਮੈਨੂੰ ਲੱਗਾ ਦੋਵੇਂ ਜੀਅ ਹੀ ਇੱਕ ਦੂਜੇ ਤੋਂ ਅੱਖਾਂ ਚੁਰਾ ਰਹੇ ਸਨ।
“ਭਾਈ ਸਾਹਿਬ, ਇਹ ਤਾਂ ਠੀਕ ਹੈ ਕਿ ਮਾਂ-ਪਿਓ ਨੇ ਲੜਕੀ ਨੂੰ ਜਨਮ ਦਿੱਤਾ। ਪਾਲਿਆ-ਪੋਸਿਆ, ਪਰ ਉਹਦੀ ਜ਼ਿੰਦਗੀ ’ਤੇ ਉਨ੍ਹਾਂ ਦਾ ਕੀ ਹੱਕ ਐ? ਅਸੀਂ ਜੇ ਕਿਸੇ ਨੂੰ ਜ਼ਿੰਦਗੀ ਦੇ ਨਹੀਂ ਸਕਦੇ ਤਾਂ ਉਸ ਦੀ ਜ਼ਿੰਦਗੀ ਲੈਣ ਦਾ ਵੀ ਸਾਨੂੰ ਹੱਕ ਨਹੀਂ ਹੈ? ਫਿਰ ਸ਼ਰੀਕਾ-ਭਾਈਚਾਰਾ ਕੌਣ ਹੁੰਦਾ ਕਿਸੇ ਦੇ ਧੀ-ਪੁੱਤ ਦੀ ਜ਼ਿੰਦਗੀ ਦਾ ਫ਼ੈਸਲਾ ਕਰਨ ਵਾਲਾ?’’ ਸ਼ਬਦ ਮੇਰਾ ਸਾਥ ਨਹੀਂ ਸਨ ਦੇ ਰਹੇ। ਮੈਂ ਖ਼ੁਦ ਆਪਣੇ ਆਪ ’ਤੇ ਹੈਰਾਨ ਸਾਂ ਕਿ ਏਨਾ ਕੁਝ ਕਿਵੇਂ ਬੋਲ ਦਿੱਤਾ ਸੀ।
‘‘ਵੇਖੋ ਭਾਈ ਸਾਹਿਬ! ਸਾਰੇ ਵੇਦਾਂ-ਗ੍ਰੰਥਾਂ ’ਚ ਏਹੀ ਲਿਖਿਆ...। ਏਹੀ ਕਿ ਜੇ ਕਿਸੇ ਨੂੰ ਜ਼ਿੰਦਗੀ ਦੇ ਨਹੀਂ ਸਕਦੇ ਤਾਂ ਉਸ ਦੀ ਜ਼ਿੰਦਗੀ ਲੈਣ ਦਾ ਵੀ ਹੱਕ ਨਹੀਂ ਰੱਖਦੇ। ਮਹਾਤਮਾ ਬੁੱਧ ਜੀ ਦੇ ਵੀ ਇਹੀ ਵਿਚਾਰ ਸਨ।’’ ਮੈਨੂੰ ਕਿਸੇ ਗ੍ਰੰਥ ਵੇਦ ਦਾ ਕੋਈ ਸ਼ਲੋਕ ਤਾਂ ਯਾਦ ਨਹੀਂ ਸੀ ਪਰ ਬਹੁਤੇ ਲੋਕਾਂ ਵਾਂਗ ਆਪਣੀ ਦਲੀਲ ਲਈ ਧਾਰਮਿਕ ਗ੍ਰੰਥਾਂ ਦੀ ਓਟ ਲੈਣ ’ਚ ਹਰਜ਼ ਵੀ ਕੀ ਸੀ? ਮਹਾਤਮਾ ਬੁੱਧ ਦਾ ਨਾਂ ਵੀ ਮੈਂ ਇਉਂ ਹੀ ਵਿੱਚ ਲੈ ਆਂਦਾ ਸੀ।
‘‘ਅਸੀਂ ਵੀ ਤਾਂ ਇਹੀ ਆਖਦੇ ਹਾਂ।’’ ਉਸ ਆਦਮੀ ਦੀ ਆਵਾਜ਼ ਰੋਣਹਾਕੀ ਹੋ ਗਈ।
‘‘ਤੁਸੀਂ ਲੜਕੀ ਨਾਲੋਂ ਉਮਰ ਭਰ ਲਈ ਸਬੰਧ ਤੋੜ ਲਵੋ। ਸਮਝ ਲਵੋ ਉਹ ਤੁਹਾਡੇ ਲਈ ਮਰ ਗਈ- ਤੁਸੀਂ ਉਹਦੇ ਲਈ ਮਰ ਮੁੱਕ ਗਏ। ਤੁਸੀਂ ਬਾਈਕਾਟ ਕਰ ਦਿਓ ਉਹਦਾ ਪਰ ਉਸ ਦੀ ਜ਼ਿੰਦਗੀ ’ਚ ਜ਼ਹਿਰ ਘੋਲਣਾ ਠੀਕ ਨਹੀਂ।’’ ਮੇਰਾ ਜੀਅ ਕੀਤਾ ਮੂੰਹ ਦੂਜੇ ਪਾਸੇ ਕਰਕੇ ਆਪਣੀਆਂ ਅੱਖਾਂ ’ਚ ਆਇਆ ਪਾਣੀ ਸਾਫ਼ ਕਰ ਲਵਾਂ।
‘‘ਸਾਡੇ ਨੇੜੇ ਹੋਇਆ ਸੀ ਇਹੋ ਜਿਹਾ ਇੱਕ ਵਾਕਿਆ। ਕੁੜੀ ਵਾਲਿਆਂ ਪਹਿਲਾਂ ਤਾਂ ਲੜਕੀ ਦਾ ਬਾਈਕਾਟ ਕਰ ਦਿੱਤਾ। ਫਿਰ ਲੋਕਾਂ ਦੀ ਚੁੱਕ ’ਚ ਆ ਕੇ ਧੀ ਜਵਾਈ ’ਤੇ ਹਮਲਾ ਕਰ ਦਿੱਤਾ। ਲੜਕੇ ਲੜਕੀ ਦੇ ਸੱਟਾਂ ਬਹੁਤ ਵੱਜੀਆਂ, ਪਰ ਜਾਨੋਂ ਬਚ ਗਏ। ਹੁਣ ਸਾਰੇ ਜਣੇ ਜੇਲ੍ਹ ਅੰਦਰ ਬੈਠੇ। ਲੋਕਾਂ ਦਾ ਕੀ ਗਿਆ?’’ ਕੁੜੀ ਮੁੰਡੇ ਉੱਪਰ ਹਮਲੇ ਵਾਲੀ ਗੱਲ ਮੈਂ ਵੈਸੇ ਹੀ ਘੜ ਲਈ।
ਮੇਰੀ ਗੱਲ ਸੁਣ ਕੇ ਉਸ ਨੇ ਹਟਕੋਰੇ ਭਰੇ ਤੇ ਫਿਰ ਹੁਬਕੀਂ ਹੁਬਕੀਂ ਰੋਣ ਲੱਗਾ। ਆਪਣੇ ਦੋਵੇਂ ਹੱਥ ਮੇਰੇ ਮੋਢਿਆਂ ’ਤੇ ਰੱਖੇ ਅਤੇ ਫਿਰ ਸਿਰ ਵੀ ਮੇਰੇ ਮੋਢੇ ਉੱਤੇ ਟਿਕਾ ਦਿੱਤਾ। ਔਰਤ ਵੀ ਸਾੜੀ ਦੇ ਪੱਲੂ ’ਚ ਮੂੰਹ ਛੁਪਾ ਕੇ ਹਟਕੋਰੇ ਭਰਨ ਲੱਗੀ। ਮੈਂ ਇਸ ਵਰਤਾਰੇ ਤੋਂ ਹੈਰਾਨ ਹੋ ਗਿਆ ਸਾਂ। ਉਹ ਦੋਵੇਂ ਜੀਅ ਤਾਂ ਜਿਵੇਂ ਚਿਰਾਂ ਤੋਂ ਹੀ ਰੋਣ ਆਪਣੇ ਅੰਦਰ ਡੱਕੀ ਫਿਰਦੇ ਸਨ। ਮੈਂ ਆਦਮੀ ਦਾ ਸਿਰ ਮੋਢੇ ਤੋਂ ਪਾਸੇ ਨਾ ਕੀਤਾ। ਸਵਾਰੀਆਂ ਵੀ ਅਜੀਬ-ਅਜੀਬ ਨਜ਼ਰਾਂ ਨਾਲ ਸਾਡੇ ਵੱਲ ਵੇਖਣ ਲੱਗੀਆਂ ਸਨ।
‘‘ਮੁਆਫ਼ ਕਰਨਾ ਸਰਦਾਰ ਜੀ! ਕੋਈ ਮੋਢਾ ਹੀ ਨਹੀਂ ਸੀ ਮਿਲਦਾ ਰੋਣ ਨੂੰ। ਕਿੰਨੇ ਮਹੀਨਿਆਂ ਤੋਂ ਭਰੇ ਪਏ ਸਾਂ। ਮੈਨੂੰ ਲੱਗਾ ਤੁਹਾਡੇ ਮੋਢੇ ਨਾਲੋਂ ਵਧੀਆ ਢਾਰਸ ਹੋਰ ਕੋਈ ਹੋ ਹੀ ਨਹੀਂ ਸਕਦਾ।’’
ਗੱਲ ਮੇਰੀ ਸਮਝੋਂ ਬਾਹਰ ਸੀ। ਆਪਣੇ ਕਿਸੇ ਰਿਸ਼ਤੇਦਾਰ ਦੀ ਲੜਕੀ ਵੱਲੋਂ ਪ੍ਰੇਮ ਵਿਆਹ ਕਰਵਾ ਲੈਣ ਦੀ ਗੱਲ ਸੁਣਾਉਂਦਿਆਂ-ਸੁਣਾਉਂਦਿਆਂ ਕੀ ਹੋ ਗਿਆ ਸੀ ਇਨ੍ਹਾਂ ਨੂੰ? ਇਸ ’ਚ ਇਨ੍ਹਾਂ ਦੇ ਐਨਾ ਰੋਣ ਵਾਲੀ ਕੀ ਗੱਲ ਸੀ? ਰੋਣਾ ਤਾਂ ਸਗੋਂ ਮੈਨੂੰ ਚਾਹੀਦਾ ਸੀ।
ਉਸ ਨੇ ਇੱਕ ਪਲ ਆਪਣੀ ਪਤਨੀ ਵੱਲ ਵੇਖਿਆ ਤੇ ਗੱਲ ਦੁਬਾਰਾ ਸ਼ੁਰੂ ਕਰ ਲਈ, ‘‘... ਤੇ ਕਿਸੇ ਕੁੜੀ ਵੱਲੋਂ ਧਰਮ ਤੋਂ ਬਾਹਰ ਦੇ ਲੜਕੇ ਨਾਲ ਵਿਆਹ ਕਰਵਾ ਲੈਣ ਬਾਰੇ ਤਾਂ ਸੋਚਿਆ ਵੀ ਨਹੀਂ ਜਾ ਸਕਦਾ। ਇਹ ਤਾਂ ਬਰਦਾਸ਼ਤ ਤੋਂ ਹੀ ਬਾਹਰੀ ਗੱਲ ਹੋ ਜਾਂਦੀ।’’
‘‘ਹਾਂ ਅੱਜਕੱਲ੍ਹ ਜਿਵੇਂ ਦੇ ਹਾਲਾਤ ਚੱਲ ਰਹੇ- ਔਖਾ ਹੈ। ਸਮੱਸਿਆ ਤਾਂ ਖੜ੍ਹੀ ਹੋ ਹੀ ਜਾਂਦੀ ਹੈ।’’ ਮੈਂ ਕਹਿਣਾ ਤਾਂ ਕੁਝ ਹੋਰ ਚਾਹੁੰਦਾ ਸਾਂ ਪਰ ਐਨ ਆਖ਼ਰੀ ਸਮੇਂ ਆਪਣੇ ਸ਼ਬਦ ਬੋਚ ਲਏ। ਮੇਰੇ ਮੂੰਹੋਂ, ‘‘ਹਾਂ ਧਰਮ ਸਮੱਸਿਆ ਤਾਂ ਖੜ੍ਹੀ ਕਰਦਾ ਹੀ ਹੈ।’’ ਨਿਕਲ ਚੱਲਿਆ ਸੀ।
‘‘ਤੇ ਸਰਦਾਰ ਸਾਹਿਬ...! ਜੇ ਲੜਕਾ ਮੁਸਲਮਾਨ ਹੋਵੇ...?’’ ਉਸ ਦੇ ਸਵਾਲ ਨੇ ਚੁੱਪ ਲੰਮੀ ਕਰ ਦਿੱਤੀ। ਦੇਸ਼ ਦੇ ਅਜੋਕੇ ਹਾਲਾਤ ਦੇ ਚੱਲਦਿਆਂ, ਇਸ ਸਵਾਲ ਦਾ ਜਵਾਬ ਮੇਰੇ ਕੋਲ ਨਹੀਂ ਸੀ।
ਚੁੱਪ ਦਾ ਗਲੇਸ਼ੀਅਰ ਆਖ਼ਰ ਉਸਦੀ ਪਤਨੀ ਨੇ ਤੋੜਿਆ।
‘‘ਤੁਸੀਂ ਹੋਰ ਗੱਲ ਨ੍ਹੀ ਕਰ ਸਕਦੇ ਭਰਾ ਜੀ ਨਾਲ? ਆਪਣਾ ਈ ਰੋਣਾ ਲੈ ਕੇ ਬਹਿ ਗਏ।’’ ਉਸ ਨੇ ਪਤੀ ਨੂੰ ਬੜੇ ਹੀ ਨਪੇ-ਤੁਲੇ ਸ਼ਬਦਾਂ ਨਾਲ ਝਿੜਕਿਆ।
‘‘ਭਰਾ ਜੀ, ਮੇਰੇ ਖਿਆਲ ’ਚ ਟਰੇਨ ਹਰਦੋਈ ਆ ਗਈ ਹੈ। ਫੇਰ ਸ਼ਾਂਡਲੀਆ ਰੁਕੇਗੀ। ਹੋਰ ਵੀ ਨਿੱਕੇ-ਮੋਟੇ ਸਟੇਸ਼ਨ ਆਉਣਗੇ। ਫੇਰ ਲਖਨਊ। ਮੇਰੇ ਖਿਆਲ ’ਚ ਟਰੇਨ ਠੀਕ ਟਾਈਮ ’ਚ ਈ ਚੱਲ ਰਹੀ ਹੈ।’’ ਪਤਨੀ ਨੇ ਗੱਲ ਦਾ ਵਿਸ਼ਾ ਬਦਲਿਆ।
‘‘ਸਰਦਾਰ ਜੀ...! ਅਸੀਂ ਤੁਹਾਨੂੰ ਦੱਸਿਆ ਸੀ ਨਾ ਕਿ ਅਸੀਂ ਗਲੀ-ਗੁਆਂਢ ਤੇ ਸ਼ਰੀਕਾਚਾਰੀ ’ਚ ਵਾਰਾਨਸੀ ਜਾਣ ਬਾਰੇ ਆਖ ਕੇ ਆਏ ਹਾਂ, ... ਅਸੀਂ ਵਾਰਾਨਸੀ ਨਹੀਂ ਬਾਰਾਬੰਕੀ ਜਾਣਾ ਹੈ।’’ ਪਤਨੀ ਦੇ ਰੋਕਦਿਆਂ-ਰੋਕਦਿਆਂ ਵੀ ਉਹ ਆਖ ਗਿਆ।
ਬਾਰਾਬੰਕੀ ਦਾ ਨਾਂ ਸੁਣਦਿਆਂ ਹੀ ਮੇਰੇ ਜ਼ਿਹਨ ’ਚ ਆਪਣੇ ਸਮੇਂ ਦੇ ਚਰਚਿਤ ਫਿਲਮੀ ਗੀਤਕਾਰ ਤੇ ਅਜ਼ੀਮ ਸ਼ਾਇਰ ਖੁਮਾਰ ਬਾਰਾਬੰਕਵੀ ਦੇ ਕਈ ਨਗਮੇ ਤੇ ਸ਼ੇਅਰ ਗੂੰਜਣ ਲੱਗੇ। ਉਨ੍ਹਾਂ ਦਾ ਇੱਕ ਸ਼ੇਅਰ, ‘‘ਦੂਸਰੋਂ ਪਰ ਅਗਰ ਤਬਸਰਾ ਕੀਜੀਏ, ਤੋ ਸਾਮਨੇ ਆਈਨਾ ਰੱਖ ਲੀਯਾ ਕੀਜੀਏ’’ ਤਾਂ ਪਿਛਲੇ ਸਮੇਂ ਤੋਂ ਮੈਨੂੰ ਹਰ ਵੇਲੇ ਕੁਰੇਦਦਾ ਰਹਿੰਦਾ ਸੀ।
‘‘ਬਾਰਾਬੰਕੀ? ਬਾਰਾਬੰਕੀ ਕਿਵੇਂ ਜਾ ਰਹੇ ਓ?’’ ਮੈਂ ਆਪਣੇ ਆਪ ਨੂੰ ਵਾਪਸ ਡੱਬੇ ’ਚ ਲਿਆਂਦਾ।
‘‘ਬੇਟੀ ਨੂੰ ਮਿਲਣ।’’
‘‘ਬੇਟੀ ਕੋਈ ਜੌਬ ਕਰਦੀ ਹੈ ਇੱਥੇ?’’
‘‘ਏਥੇ ਵਿਆਹੀ ਹੈ।’’ ਬੜਾ ਸੰਖੇਪ ਜਵਾਬ ਸੀ।
‘‘ਏਨੀ ਦੂਰ ਵਿਆਹ ਦਿੱਤਾ ਬੇਟੀ ਨੂੰ?’’
ਉਨ੍ਹਾਂ ਦੋਵਾਂ ਨੇ ਇੱਕ ਦੂਜੇ ਵੱਲ ਵੇਖਿਆ ਤੇ ਨੀਵੀਂ ਪਾ ਲਈ।
‘‘ਕਰਵਾ ਲਿਆ ਉਸ ਨੇ।’’ ਪਹਿਲਾਂ ਵਾਂਗ ਹੀ ਤਿੰਨ ਸ਼ਬਦਾਂ ਦਾ ਵਾਕ ਸੀ। ਉਨ੍ਹਾਂ ਦੇ ਚਿਹਰੇ ’ਤੇ ਉਦਾਸੀ ਦੀ ਪਰਤ ਹੋਰ ਗੂੜ੍ਹੀ ਹੋ ਗਈ।
‘‘ਇਸ ’ਚ ਉਦਾਸ ਹੋਣ ਵਾਲੀ ਕੀ ਗੱਲ ਹੈ? ਵੈਸੇ ਵੀ ਅੱਜਕੱਲ੍ਹ ਦੀ ਜੈਨਰੇਸ਼ਨ ਪੇਰੈਂਟਸ ਦੀ ਸਹਿਮਤੀ ਕਿੱਥੇ ਲੈਂਦੀ ਹੈ। ਸਗੋਂ ਚੰਗਾ ਹੈ - ਆਪਣੀ ਮਰਜ਼ੀ ਦਾ ਜੀਵਨ ਸਾਥੀ ਚੁਣ ਲੈਂਦੇ ਨੇ।’’ ਇਹ ਗੱਲ ਜਿੰਨੇ ਸਹਿਜ ਸੁਭਾਵਿਕ ਢੰਗ ਨਾਲ ਮੈਂ ਆਖੀ ਸੀ, ਓਨਾ ਸਹਿਜ ਸੁਭਾਵਿਕ ਮੈਂ ਰਿਹਾ ਨਹੀਂ ਸਾਂ। ਮੇਰਾ ਅੰਦਰਲਾ ਆਪਾ ਸ਼ਰਮਸਾਰ ਹੋ ਰਿਹਾ ਸੀ।
‘‘ਅਸਲ ਵਿੱਚ ਨਾ ਭਰਾ ਜੀ, ਮੁੰਡਾ ਮੁਸਲਮਾਨ ਹੈ। ਕੀ ਕਰਦੇ? ਬੇਟੀ, ਜ਼ਿੱਦ ਕਰ ਬੈਠੀ। ਦੋਵੇਂ ਬੈਂਕ ’ਚ ਇਕੱਠੇ ਜੌਬ ਕਰਦੇ ਸਨ- ਕਰਵਾ ਲਿਆ। ਬੇਵੱਸ ਹੋ ਗਏ ਬੇਟੀ ਦੀ ਜ਼ਿੱਦ ਅੱਗੇ।’’
‘‘ਇਹਦੇ ’ਚ ਨਾ ਤਾਂ ਨਿਰਾਸ਼ ਹੋਣ ਵਾਲੀ ਕੋਈ ਗੱਲ ਹੈ ਤੇ ਨਾ ਉਦਾਸ ਹੋਣ ਵਾਲੀ। ਤੁਸੀਂ ਇਤਿਹਾਸ ਤਾਂ ਪੜ੍ਹਿਆ ਹੀ ਹੋਊ... ਕਿੰਨੇ ਰਾਜਿਆਂ ਨੇ ਆਪਣੀਆਂ ਧੀਆਂ ਮੁਸਲਿਮ ਰਾਜਕੁਮਾਰਾਂ ਨਾਲ ਵਿਆਹੀਆਂ।’’ ਮੈਂ ਕਿੰਨੇ ਹੀ ਰਾਜਿਆਂ ਦੇ ਨਾਂ ਗਿਣਵਾ ਦਿੱਤੇ।
‘‘ਉਹ ਰਾਜੇ ਮਹਾਰਾਜੇ ਸਨ।’’
‘‘ਹੁਣ ਵੀ ਬਥੇਰੇ ਅਜਿਹੇ ਵੱਡੇ ਲੀਡਰ ਨੇ ਜਿਨ੍ਹਾਂ ਦੀਆਂ ਬੇਟੀਆਂ ਨੇ ਧਰਮ ਤੋਂ ਬਾਹਰ ਜਾ ਕੇ ਮੁੰਡਿਆਂ ਨਾਲ ਵਿਆਹ ਕਰਵਾਇਆ। ਬਾਲੀਵੁੱਡ ਦੀ ਫਿਲਮ ਇੰਡਸਟਰੀ ਦਾ ਤਾਂ ਹਿਸਾਬ ਹੀ ਨਹੀਂ। ਸੈਫ ਅਲੀ ਖਾਨ ਤੋਂ ਲੈ ਕੇ ਸ਼ਾਹਰੁਖ ਖਾਨ ਤੱਕ। ਕਿਧਰੇ ਕੋਈ ਰੌਲਾ ਨਹੀਂ ਪਿਆ।’’
‘‘ਸਰਦਾਰ ਜੀ, ਇਨ੍ਹਾਂ ਲੋਕਾਂ ਦੀ ਤਾਂ ਦੁਨੀਆ ਈ ਵੱਖਰੀ ਹੈ। ਸ਼ਾਇਦ ਬੜੀਆਂ ਛੋਟੀਆਂ ਗੱਲਾਂ ਹੋਣ ਇਨ੍ਹਾਂ ਲਈ। ਪਰ ਆਪਣੇ ਸਮਾਜ ’ਚ ਤਾਂ...।’’ ਉਸ ਨੇ ਦੁਬਾਰਾ ਪਤਨੀ ਵੱਲ ਵੇਖਿਆ।
‘‘ਆਪਣੇ ਸਮਾਜ ’ਚ ਰਹਿਣਾ ਬੜਾ ਮੁਸ਼ਕਿਲ ਹੈ ਸਰਦਾਰ ਸਾਹਿਬ। ਜਦੋਂ ਨਿਕਿਤਾ ਨੇ ਸਮਾਜ ਦੀਆਂ ਉੱਚੀਆਂ ਕੰਧਾਂ ਤੋਂ ਛਾਲ ਮਾਰ ਕੇ ਪ੍ਰਵੇਜ਼ ਨਾਲ ਵਿਆਹ ਕਰਵਾ ਲਿਆ, ਸਾਡਾ ਤਾਂ ਜਿਊਣਾ ਈ ਔਖਾ ਕਰ ਦਿੱਤਾ ਸਮਾਜ ਨੇ। ਸਾਨੂੰ ਪਤਾ ਜਾਂ ਸਾਡੇ ਰਾਮ ਨੂੰ...।’’
‘‘ਇਹ ਸਮਾਜ ਦਾ ਤਾਣਾ-ਪੇਟਾ ਵੀ ਬੜਾ ਗੁੰਝਲਦਾਰ ਹੈ। ਨਾਗਵਲ ਈ ਪਾ ਲੈਂਦਾ ਬੰਦੇ ਨੂੰ। ਬੰਦਾ ਜਾਵੇ ਤਾਂ ਕਿਧਰ ਜਾਵੇ?’’ ਮੈਂ ਪਤਾ ਨਹੀਂ ਉਸ ਨੂੰ ਕਿਹਾ ਸੀ ਜਾਂ ਆਪਣੇ ਆਪ ਨੂੰ।
‘‘ਕੀ-ਕੀ ਗੱਲਾਂ ਨਹੀਂ ਕੀਤੀਆਂ ਲੋਕਾਂ ਨੇ। ਜਿਵੇਂ ਭੱਠੀ ’ਚ ਦਾਣੇ ਭੁੱਜਦੇ ਨੇ, ਇੰਜ ਭੁੰਨ ਦਿੰਦੇ ਸਨ ਸਾਨੂੰ। ਇੱਕ ਰਿਸ਼ਤੇਦਾਰ ਨੇ ਤਾਂ ਇੱਥੋਂ ਤੱਕ ਆਖ ਦਿੱਤਾ, ‘‘ਤੁਹਾਨੂੰ ਤੇ ਹੁਣ ਮੌਜ ਲੱਗ ਗਈ ਏ। ਚਿਕਨ ਬਰਿਆਨੀ ਮਿਲਿਆ ਕਰੂ ਖਾਣ ਨੂੰ। ਕੀ-ਕੀ ਨਹੀਂ ਝੱਲਿਆ ਅਸੀਂ।
‘‘ਓਹ! ਵਾਹਿਗੁਰੂ।’’ ਮੈਂ ਦੋਵੇਂ ਹੱਥਾਂ ਨਾਲ ਆਪਣਾ ਸਿਰ ਘੁੱਟਿਆ।
‘‘ਦੂਰ ਨੇੜੇ ਦੇ ਰਿਸ਼ਤੇਦਾਰਾਂ ਦੀ ਤਾਂ ਛੱਡੋ, ਮੇਰੇ ਸਕੇ ਭਰਾ ਨੇ ਵੀ ਲਕੀਰ ਖਿੱਚ ਦਿੱਤੀ... ਜਾਂ ਬੇਟੀ ਦਾ ਬਾਈਕਾਟ ਕਰਾਂ ਜਾਂ...।’’
‘‘ਫੇਰ?’’
‘‘ਕੀ ਕਰਦੇ? ਸਮਾਜ ਵਿੱਚ ਰਹਿਣਾ ਸੀ। ਅਸੀਂ ਲੋਕਾਂ ਸਾਹਮਣੇ ਡੱਕੇ ਤੋੜਦਿਆਂ ਧੀ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ। ਇਸ ਤੋਂ ਹੋਰ ਅੱਗੇ ਨਹੀਂ ਸੀ ਜਾ ਸਕਦੇ ਅਸੀਂ...’’
‘‘ਫੇਰ?’’
‘‘‘ਅਸੀਂ ਤਾਂ ਅਜੇ ਵੀ ਸ਼ੁਕਰ ਕਰਦੇ ਹਾਂ, ਕੋਈ ਹੋਰ ਵੱਡਾ ਬਖੇੜਾ ਖੜ੍ਹਾ ਨਹੀਂ ਹੋਇਆ- ਨਹੀਂ ਤਾਂ ਜਿਵੇਂ ਤਾਂ ਮਾਹੌਲ ਬਣਿਆ ਪਿਆ, ਕੁਝ ਵੀ ਹੋ ਸਕਦਾ ਸੀ। ਫੇਰ ਕੀ ਕਰਦੇ ਭਲਾ?’’
‘‘ਸ਼ੁਕਰ ਹੈ ਬਾਬੇ ਨਾਨਕ ਦਾ।’’ ਮਸਲੇ ਦੀ ਗੰਭੀਰਤਾ ਬਾਰੇ ਸੋਚਦਿਆਂ ਇੱਕ ਵਾਰ ਤਾਂ ਮੈਂ ਕੰਬ ਹੀ ਗਿਆ।
‘‘ਇਹ ਤਾਂ ਮਾਂ ਹੈ ਨਿਕਿਤਾ ਦੀ। ਨੌਂ ਮਹੀਨੇ ਢਿੱਡ ’ਚ ਰੱਖ ਕੇ ਦੁਨੀਆ ਵਿਖਾਈ ਉਸ ਨੂੰ। ਮੈਂ... ਮੈਂ ਵੀ ਮੋਢਿਆਂ ’ਤੇ ਚੁੱਕ ਕੇ ਖਿਡਾਇਆ। ਉਹ ਤਾਂ ਸੌਂਦੀ ਵੀ ਮੇਰੀਆਂ ਬਾਹਵਾਂ ’ਤੇ ਸਿਰ ਰੱਖ ਕੇ ਸੀ।’’ ਉਸ ਨੇ ਡੁਸਕਦਿਆਂ ਸਿਰ ਦੁਬਾਰਾ ਮੇਰੇ ਮੋਢੇ ’ਤੇ ਰੱਖ ਲਿਆ।
ਮੈਂ ਆਪਣੇ ਅੰਦਰਲੀ ਚੀਕ ਨੂੰ ਜਿਵੇਂ-ਕਿਵੇਂ ਬੰਨ੍ਹ ਮਾਰ ਕੇ ਪਾਣੀ ਵਾਲੀ ਬੋਤਲ ਉਸ ਵੱਲ ਕਰਦਿਆਂ ਪਾਣੀ ਪੀਣ ਦਾ ਇਸ਼ਾਰਾ ਕੀਤਾ।
‘‘ਹੁਣ ਅਸੀਂ ਥੋੜ੍ਹੇ ਚਿਰ ਬਾਅਦ ਤੀਰਥ ਯਾਤਰਾ ਦਾ ਬਹਾਨਾ ਲਾ ਕੇ ਘਰੋਂ ਨਿਕਲ ਆਉਂਦੇ ਹਾਂ। ਕਿੰਨੇ-ਕਿੰਨੇ ਦਿਨ ਰਹਿ ਜਾਂਦੇ ਹਾਂ ਬੇਟੀ ਕੋਲ। ਸਰਦਾਰ ਜੀ, ਬੇਟੀ ਹੁਣ ਵੀ ਮੇਰੀਆਂ ਬਾਹਾਂ ’ਤੇ ਸਿਰ ਰੱਖ ਕੇ ਸੌਂ ਜਾਂਦੀ ਹੈ। ਮੇਰੀਆਂ ਬੁੱਢੀਆਂ ਤੇ ਕਮਜ਼ੋਰ ਹੋ ਚੁੱਕੀਆਂ ਬਾਹਵਾਂ ਸੌਂ ਜਾਂਦੀਆਂ ਨੇ ਪਰ ਮੈਂ ਧੀ ਰਾਣੀ ਨੂੰ ਉਠਾਉਂਦਾ ਨਹੀਂ ਹਾਂ।’’
ਉਸ ਨੇ ਸੰਤੁਸ਼ਟੀ ਦਾ ਲੰਮਾ ਸਾਹ ਭਰਿਆ।
‘‘ਸਰਦਾਰ ਜੀ, ਅਸੀਂ ਜਾਣ ਲੱਗੇ ਕਿਸੇ ਦੁਕਾਨ ਤੋਂ ਪ੍ਰਸਾਦਿ ਵਗੈਰਾ ਲੈ ਜਾਂਦੇ ਹਾਂ। ਜਾ ਕੇ ਵੰਡ ਦਿੰਦੇ ਹਾਂ ਜਾਣ-ਪਛਾਣ ਵਾਲੇ ਲੋਕਾਂ ਦੇ ਘਰਾਂ ’ਚ। ਕਦੇ ਕਿਸੇ ਧਾਮ ਦਾ ਆਖ ਕੇ ਕਦੇ ਕਿਸੇ ਧਾਮ ਦਾ ਦੱਸ ਕੇ।’’
‘‘ਹੇ ਵਾਹਿਗੁਰੂ! ਧੀ ਤਾਂ ਵੈਰੀ ਦੁਸ਼ਮਣ ਦੀ ਵੀ ਆਪਣੇ ਘਰ ਸੁਖੀ ਵੱਸੇ।’’ ਮੇਰੇ ਹੱਥ ਆਪਮੁਹਾਰੇ ਸ਼ੁਕਰਾਨੇ ਲਈ ਜੁੜ ਗਏ।
‘‘ਭਰਾ ਜੀ! ਧੀ ਬੜੀ ਖ਼ੁਸ਼ ਹੈ ਆਪਣੇ ਘਰ। ਦਾਮਾਦ ਪ੍ਰਵੇਜ਼ ਬਹੁਤ ਪਿਆਰਾ ਬੱਚਾ ਹੈ। ਦੁਨੀਆ ਦਾ ਸਭ ਤੋਂ ਖ਼ੂਬਸੂਰਤ ਅਤੇ ਸਿਆਣਾ ਲੜਕਾ। ਬੜੀ ਸੇਵਾ ਕਰਦਾ ਹੈ ਸਾਡੀ। ਜਿੰਨੇ ਦਿਨ ਅਸੀਂ ਰਹਿੰਦੇ ਹਾਂ, ਛੁੱਟੀ ਲੈ ਲੈਂਦਾ ਹੈ। ਘੁਮਾਉਣ ਟੁਰਿਆ ਰਹਿੰਦਾ ਸਾਨੂੰ ਲੈ ਕੇ। ਕਦੇ ਏਧਰ-ਕਦੇ ਓਧਰ। ਥੱਕਦਾ-ਅੱਕਦਾ ਈ ਨਹੀਂ।’’ ਔਰਤ ਦੇ ਚਿਹਰੇ ’ਤੇ ਮਰਦ ਨਾਲੋਂ ਕਿਤੇ ਜ਼ਿਆਦਾ ਸ਼ਾਂਤੀ ਪਸਰੀ ਵਿਖਾਈ ਦਿੰਦੀ ਸੀ। ਉਹ ਹੁਣ ਪੂਰੀ ਤਰ੍ਹਾਂ ਸਹਿਜ ਸੀ।
‘‘ਤੇ ਸਰਦਾਰ ਜੀ, ਥੋਨੂੰ ਹੋਰ ਦੱਸਾਂ। ਜਿੰਨੇ ਦਿਨ ਵੀ ਅਸੀਂ ਧੀ ਦੇ ਘਰ ਰਹਿੰਦੇ ਹਾਂ, ਧੀ ਘਰ ਕਿਸੇ ਤਰ੍ਹਾਂ ਦਾ ਨੌਨਵੈਜ ਨਹੀਂ ਬਣਦਾ। ਮੈਨੂੰ ਤਾਂ ਇਹ ਵੀ ਨਹੀਂ ਪਤਾ ਉਹ ਖਾਂਦੇ ਵੀ ਹੈਨ ਜਾਂ ਨਹੀਂ। ਕਦੇ ਪੁੱਛਣ ਦੀ ਲੋੜ ਈ ਨਹੀਂ ਸਮਝੀ। ਲੋੜ ਵੀ ਕੀ ਹੈ? ਮੈਨੂੰ ਆਪਣੇ ਉਸ ਰਿਸ਼ਤੇਦਾਰ ਉੱਪਰ ਬੜਾ ਗੁੱਸਾ ਆਉਂਦਾ ਰਹਿੰਦਾ। ਜੀਅ ਕਰਦਾ ਹੁੰਦਾ ਕੰਨੋਂ ਫੜ ਕੇ ਆਪਣੀ ਧੀ ਦੇ ਘਰ ਲੈ ਆਵਾਂ... ਫੇਰ ਸੋਚੀਦਾ, ਕੀ ਮੂੰਹ ਲੱਗਣਾ ਐਹੋ ਜਿਹੇ ਲੋਕਾਂ ਦੇ।’’
‘‘ਹਾਂ ਅ...ਅ!’’ ਮੈਂ ਮੀਲਾਂ ਲੰਮਾ ਸਾਹ ਲਿਆ। ਮੈਂ ਹੈਰਾਨੀ ਨਾਲ ਉਸ ਵੱਲ ਵੇਖਿਆ- ਕੀ ਇਹ ਉਹੀ ਆਦਮੀ ਹੈ ਜੋ ਕੁਝ ਘੰਟੇ ਪਹਿਲਾਂ, ਬਿਲਕੁਲ ਹੀ ਹੋਰ ਤਰ੍ਹਾਂ ਦੀਆਂ ਗੱਲਾਂ ਕਰਦਾ ਸੀ।
ਗੱਡੀ ਇਨਕਲਾਬੀ ਤੇ ਰੁਮਾਂਟਿਕ ਸ਼ਾਇਰ ਮਜਾਜ਼ ਲਖਨਵੀ ਅਤੇ ਨਵਾਬਾਂ ਦੇ ਸ਼ਹਿਰ ਲਖਨਊ ’ਚੋਂ ਕਦੋਂ ਦੀ ਲੰਘ ਚੁੱਕੀ ਸੀ। ਬਾਰਾਬੰਕੀ ਦੇ ਸਟੇਸ਼ਨ ’ਤੇ ਉਤਰਨ ਵਾਲੀਆਂ ਸਵਾਰੀਆਂ ’ਚ ਹਿਲਜੁੱਲ ਸ਼ੁਰੂ ਹੋ ਗਈ। ਉਹ ਦੋਵੇਂ ਜੀਅ ਸੀਟ ਦੇ ਥੱਲਿਓਂ ਆਪਣਾ ਬੈਗ ਕੱਢਣ ਲੱਗੇ।
‘‘ਸ਼ੁਕਰ ਐ! ਸ਼ੁਕਰ ਹੈ ਸਰਦਾਰ ਜੀ ਤੁਸੀਂ ਮਿਲ ਗਏ ਟਰੇਨ ’ਚ। ਤੁਹਾਡੇ ਮੋਢੇ ’ਤੇ ਸਿਰ ਰੱਖ ਕੇ ਦਿਲ ਦਾ ਬੋਝ ਹੌਲਾ ਕਰ ਲਿਆ। ਇਹ ਗੱਲਾਂ ਹੋਰ ਕਿਸੇ ਨਾਲ ਨਹੀਂ ਸਨ ਕੀਤੀਆਂ ਜਾ ਸਕਦੀਆਂ। ਤੁਸੀਂ ਵੀ ਬਹੁਤ ਹੌਸਲਾ ਦਿੱਤਾ। ਮੈਨੂੰ ਤਾਂ ਆਏਂ ਲੱਗਿਆ ਜਿਵੇਂ ਕਿੰਨੇ ਵਰ੍ਹਿਆਂ ਬਾਅਦ ਜ਼ਿੰਦਗੀ ਨੂੰ ਦੁਬਾਰਾ ਮਿਲੇ ਹੋਈਏ।’’ ਉਸ ਦੀਆਂ ਅੱਖਾਂ ’ਚ ਅਜੀਬ ਤਰ੍ਹਾਂ ਦੀ ਸੰਤੁਸ਼ਟੀ ਝਲਕਦੀ ਸੀ। ਮੇਰੇ ਅੰਦਰ ਖੁਮਾਰ ਬਾਰਾਬੰਕਵੀ ਦਾ ਸ਼ੇਅਰ ਤੁਰਨ ਲੱਗਾ-ਆਜ ਨਾਗਾਹ ਹਮ ਕਿਸੀ ਸੇ ਮਿਲੇ, ਬਾਦ ਮੁੱਦਤ ਕੇ ਜ਼ਿੰਦਗੀ ਸੇ ਮਿਲੇ।
‘‘ਸਰਦਾਰ ਸਾਹਿਬ, ਮੈਨੂੰ ਪੱਕਾ ਯਕੀਨ ਹੈ ਕਿ ਤੁਸੀਂ ਵੀ ਧੀ ਦੇ ਬਾਪ ਹੋਵੋਗੇ, ਤਾਂ ਹੀ ਸੁਣ ਲਿਆ ਸਾਡਾ ਦੁੱਖ ਦਰਦ। ਰੱਬ ਤੁਹਾਡੀ ਧੀ ਨੂੰ ਖ਼ੁਸ਼ ਰੱਖੇ।’’
ਉਸ ਦੇ ਐਨਾ ਆਖਣ ਦੀ ਦੇਰ ਸੀ ਮੇਰਾ ਜਿਵੇਂ ਕੜ ਹੀ ਪਾਟ ਗਿਆ। ਅੱਖਾਂ ’ਚ ਚਿਰਾਂ ਦੇ ਡੱਕੇ ਸਤਲੁਜ ਬਿਆਸ ਵਹਿਣ ਲੱਗੇ। ਉਹ ਦੋਵੇਂ ਜੀਅ ਹੈਰਾਨ ਪ੍ਰੇਸ਼ਾਨ ਹੋ ਗਏ।
‘‘ਸਰਦਾਰ ਜੀ...?’’
‘‘ਭਰਾ ਜੀ... ਕੀ ਗੱਲ ਹੋ ਗਈ?’’
‘‘ਵਾਪਸ ਜਾ ਕੇ ਮੈਂ ਵੀ ਧੀ ਨੂੰ ਮਿਲਾਂਗਾ। ਤਿੰਨ ਸਾਲ ਹੋ ਗਏ, ਜਦੋਂ ਦਾ ਉਸ ਨੇ ਆਪਣੀ ਮਰਜ਼ੀ ਨਾਲ ਅੰਤਰਜਾਤੀ ਵਿਆਹ ਕਰਵਾਇਆ, ਕਦੇ ਨਹੀਂ ਮਿਲਿਆ ਉਸ ਨੂੰ। ਹੁਣ ਜਾਊਂ ਮਿਲਣ ਉਸ ਨੂੰ।’’ ਛਾਤੀ ਤੋਂ ਵੱਡਾ ਬੋਝ ਲਹਿੰਦਾ ਮਹਿਸੂਸ ਹੋ ਰਿਹਾ ਸੀ।
‘‘ਨਾਲੇ ਭਾਈ ਸਾਹਿਬ, ਮੈਂ ਕਿਸੇ ਤੀਰਥ ਅਸਥਾਨ ਦਾ ਬਹਾਨਾ ਵੀ ਨਹੀਂ ਲਾਉਣਾ। ਕਿਉਂ ਲਾਵਾਂ? ਧੀ ਹੈ ਮੇਰੀ। ਮੋਢਿਆਂ ’ਤੇ ਚੁੱਕ ਕੇ ਖਿਡਾਇਆ ਉਹਨੂੰ... ਮੇਰਾ ਖ਼ੂਨ ਐ। ਮੈਂ ਜਾਊਂ ਧੀ ਨੂੰ ਮਿਲਣ।’’
ਹੁਣ ਮੋਢਾ ਉਸ ਦਾ ਸੀ ਤੇ ਸਿਰ ਮੇਰਾ। ਮੈਂ ਰੋ ਰਿਹਾ ਸਾਂ। ਉਹ ਥਾਪੜ ਰਿਹਾ ਸੀ। ਉਸ ਨੇ ਓਨਾ ਚਿਰ ਮੇਰਾ ਸਿਰ ਆਪਣੇ ਮੋਢੇ ’ਤੋਂ ਨਹੀਂ ਚੁੱਕਿਆ ਜਿੰਨਾ ਚਿਰ ਤੱਕ ਟਰੇਨ ਬਾਰਾਬੰਕੀ ਦੇ ਸਟੇਸ਼ਨ ’ਤੇ ਰੁਕ ਨਹੀਂ ਗਈ।
ਸੰਪਰਕ: 98726-40994