ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੰਗੋ

‘‘ਚਲ ਛੋੜ ਬਲਵਿੰਦਰਾ ਇਨ ਬਾਤੋਂ ਕਾ ਅਬ ਕਿਆ ਫ਼ਾਇਦਾ, ਥਾਰੇ ਮੇਂ ਵੋ ਮਰਦੋਂ ਵਾਲੀ ਬਾਤ ਨਾਹੀ ਦਿਖਤੀ ਅਰੇ ਜਰਾ ਮਾਰ੍ਹਾ ਵੀ ਜਿਗਰਾ ਦੇਖ, ਮੈਨੇ ਤੋਂ ਰਬ ਕੀ ਤਰ੍ਹਾਂ ਪੂਜਾ ਹੈ ਤੁਮ੍ਹੇ, ਤੁਮਹਾਰੀ ਖ਼ਾਤਿਰ ਆਪਣੇ ਕਬੀਲੇ ਕੇ ਰਸਮੋਂ-ਰਿਵਾਜ ਔਰ ਬਰਸੋਂ ਸੇ...
Advertisement

‘‘ਚਲ ਛੋੜ ਬਲਵਿੰਦਰਾ ਇਨ ਬਾਤੋਂ ਕਾ ਅਬ ਕਿਆ ਫ਼ਾਇਦਾ, ਥਾਰੇ ਮੇਂ ਵੋ ਮਰਦੋਂ ਵਾਲੀ ਬਾਤ ਨਾਹੀ ਦਿਖਤੀ ਅਰੇ ਜਰਾ ਮਾਰ੍ਹਾ ਵੀ ਜਿਗਰਾ ਦੇਖ, ਮੈਨੇ ਤੋਂ ਰਬ ਕੀ ਤਰ੍ਹਾਂ ਪੂਜਾ ਹੈ ਤੁਮ੍ਹੇ, ਤੁਮਹਾਰੀ ਖ਼ਾਤਿਰ ਆਪਣੇ ਕਬੀਲੇ ਕੇ ਰਸਮੋਂ-ਰਿਵਾਜ ਔਰ ਬਰਸੋਂ ਸੇ ਚਲੇ ਆਵਤ ਕਾਇਦੇੇ ਕੋ ਕਿੱਲੀ ਪੇ ਟਾਂਗ ਕਰ ਅਗਰ ਤੁਹਾਰੇ ਸਾਥ ਨਾ ਚਲ ਦੂੰ ਤੋ ਮਾਰ੍ਹਾ ਨਾਮ ਰੰਗੋ ਮਤ ਲਈਓ।’’

‘‘ਤੇਰੇ ਇਨ੍ਹਾਂ ਜਜ਼ਬਾਤ ਦੀ ਮੈਂ ਦਿਲੋਂ ਕਦਰ ਕਰਦਾ ਹਾਂ। ਮੈਨੂੰ ਇਹ ਵੀ ਪਤਾ ਏ ਜੇਕਰ ਮੈਂ ਹੱਸਦਿਆਂ-ਹੱਸਦਿਆਂ ਤੈਥੋਂ ਜਾਨ ਵੀ ਮੰਗ ਲਈ ਤਾਂ ਉਹ ਵੀ ਦੇਣ ਲਈ ਬਹੁਤੀ ਦੇਰ ਨਹੀਂ ਲਾਵੇਂਗੀ।’’

Advertisement

‘‘ਅਰੇ ਅਬ ਨਹੀਂ ਮੈਂ ਦੇਨੇ ਵਾਲੀ ਜਾਨ-ਜੂਨ ਤੁਹਾਰੇ ਕੋ, ਜਬ ਤੂੰ ਖ਼ੁਦ ਹੀ ਮੇਰੇ ਸਾਥ ਕੀਏ ਬਚਨੋਂ ਸੇ ਮੁਕਰ ਰਹਾ ਤੋ ਮੈਂ ਭਲਾ ਕੌਨ ਸੀ ਜਾਨ ਦੂੰ ਤੁਹਾਰੀ ਖ਼ਾਤਰ?’’

‘‘ਚੱਲ ਛੱਡ ਰੰਗੋੋ! ਹਰ ਵੇਲੇ ਹੀ ਨਾ ਆਪਣੇ ਰੰਗਾਂ ’ਚ ਰੰਗੀ ਰਿਹਾ ਕਰ। ਜਦੋਂ ਦੇਖੋ ਹਾਸੇ-ਮਖੌਲ ਤੋਂ ਬਿਨਾਂ ਕੁਝ ਨਹੀਂ ਆਉਂਦਾ ਤੈਨੂੰ। ਕਮ ਸੇ ਕਮ ਕਦੇ ਤਾਂ ਭਾਵੁਕ ਹੋ ਕੇ ਕੋਈ ਡੂੰਘੀ ਸੋਚ ਸੋਚਿਆ ਕਰ। ਬਹੁਤੇ ਹਾਸੇ-ਮਜ਼ਾਕ ਵੀ ਚੰਗੇ ਨਹੀਂ ਹੁੰਦੇ। ਕਈ ਵਾਰ ਜ਼ਿੰਦਗੀ ਬਹੁਤੇ ਹਾਸਿਆਂ ਦੇ ਥੱਲੇ ਕਈ ਦੁੱਖ ਲੁਕੋਈ ਬੈਠੀ ਹੁੰਦੀ ਹੈ।’’

‘‘ਅਰੇ ਕੌਨ ਸੇ ਦੁਖ ਕੀ ਬਾਤ ਕਰੇ। ਤੇਰੀ ਜ਼ਿੰਦਗੀ ਕੋ ਮਾਰ੍ਹੇ ਹੋਤੇ ਦੁਖ ਛੂ ਕਰ ਭੀ ਨਹੀਂ ਲਾਂਗ ਸਕਤਾ, ਮੈਂ ਮਾਰ-ਮਾਰ ਕਰ ਗਰਮ ਚਮਟੇੇ ਸੇ ਦੁਖ ਕੋ ਤੁਹਾਰੀ ਜ਼ਿੰਦਗੀ ਸੇ ਖ਼ਤਮ ਨਾ ਕਰ ਦੂੰ।’’

‘‘ਅੱਛਾ, ਤੂੰ ਦੁੱਖਾਂ ਨੂੰ ਭਜਾਉਣ ਦੀ ਗੱਲ ਕਰਦੀ ਐਂ, ਪਰ ਮੈਨੂੰ ਲੱਗਦਾ ਮੇਰੀ ਇਹ ਗੱਲ ਸੁਣ ਕੇ ਤੂੰ ਖ਼ੁਦ ਦੁੱਖਾਂ ਦਾ ਸਾਗਰ ਨਾ ਬਣ ਜਾਈਂ।’’ ਬਲਵਿੰਦਰ ਮੂੰਹੋਂ ਇਹ ਸ਼ਬਦ ਸੁਣ ਕੇ ਰੰਗੋ ਨੇ ਠੰਢਾ ਹਉਕਾ ਲਿਆ ਤੇ ਗੰਭੀਰ ਹੋ ਕੇ ਬੋਲੀ, ‘‘ਵੇਖੀਂ, ਕਿਤੇ ਕੋਈ ਅਜਿਹੀ ਗੱਲ ਨਾ ਕਹਿ ਦੇਵੀਂ ਜਿਸ ਨਾਲ ਜ਼ਿੰਦਗੀ ਦੇ ਸਾਰੇ ਰੰਗ ਹੀ ਉੱਡ ਜਾਣ ਤੇ ਜ਼ਿੰਦਗੀ ਭਿੱਜੇ ਹੋਏ ਕਾਗਜ਼ ਵਾਂਗ ਸਾਫ਼ ਹੋ ਜਾਵੇ। ਰੱਬ ਦਾ ਵਾਸਤਾ, ਭੁੱਲ ਕੇ ਵੀ ਮੂੰਹੋਂ ਕੋਈ ਅਜਿਹੀ ਗੱਲ ਨਾ ਕਰੀਂ, ਜਿਸ ਨੂੰ ਸੁਣ ਕੇ ਮੈਂ ਧੁਰ ਅੰਦਰ ਤੱਕ ਮਰ ਜਾਵਾਂ। ਪਹਿਲਾਂ ਹੀ ਆਪਣੇ ਵਿਛੋੜੇ ਬਾਰੇ ਸੋਚ ਕੇ ਮੈਂ ਮੋਇਆਂ ਬਰਾਬਰ ਹੋ ਜਾਂਦੀ ਹਾਂ।’’

‘‘ਜਿਊਣਾ-ਮਰਨਾ ਤਾਂ ਉਸ ਉੱਪਰ ਵਾਲੇ ਦੇ ਹੱਥ ਹੈ, ਬਾਕੀ ਰਹੀ ਦੁੱਖਾਂ ਦੀ ਗੱਲ, ਦੁੱਖ-ਸੁਖ ਤਾਂ ਜ਼ਿੰਦਗੀ ਦੇ ਅਜਿਹੇ ਕੱਪੜੇ ਨੇ, ਜੋ ਜ਼ਿੰਦਗੀ ਵਿੱਚ ਹਰ ਇਨਸਾਨ ਨੂੰ ਪਾਉਣੇ ਹੀ ਪੈਂਦੇ ਨੇ। ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਤੇ ਕਰਦਾ ਰਹਾਂਗਾ ਕਿ ਗ਼ਲਤੀ ਨਾਲ ਵੀ ਤੈਨੂੰ ਕਦੇ ਦੁੱਖ ਨਾ ਹੋਣ ਦਿਆਂ ਪਰ ਇੱਕ ਗੱਲ ਯਾਦ ਰੱਖੀਂ ਜਿੱਥੇ ਮਿਲਾਪ ਉੱਥੇ ਵਿਛੋੜਾ, ਜਿੱਥੇ ਸੁਖ ਉੱਥੇ ਦੁੱਖ ਵੀ ਨਾਲ-ਨਾਲ ਰਹਿੰਦੇ ਨੇ।’’

‘‘ਤੇਰੀਆਂ ਗੱਲਾਂ ਸੁਣ ਕੇ ਮੈਨੂੰ ਇੰਝ ਮਹਿਸੂਸ ਹੁੰਦਾ ਏ ਜਿਵੇਂ ਤੇਰੇ ਸ਼ਬਦ ਵਾਰ-ਵਾਰ ਆਪਣੇ ਵਿਛੋੜੇ ਦੀ ਗਵਾਹੀ ਭਰ ਰਹੇ ਹੋਣ।’’ ਇੰਨਾ ਆਖ ਰੰਗੋ ਨੇ ਆਪਣੀਆਂ ਅੱਖਾਂ ’ਚ ਆਏ ਅੱਥਰੂ ਪੂੰਝੇ ਤੇ ਮੁੜ ਬੋਲੀ, ‘‘ਹੁਣ ਉਹ ਸਮਾਂ ਆ ਗਿਐ ਜਦੋਂ ਮੇਰਾ ਬਲਵਿੰਦਰ ਸਦਾ ਲਈ ਮੈਥੋਂ ਖੋਹਿਆ ਜਾਵੇਗਾ ਤੇ ਮੁੜ ਜ਼ਿੰਦਗੀ ਭਰ ਮੈਨੂੰ ਨਹੀਂ ਮਿਲੇਗਾ। ਮੈਂ ਉਸ ਦੇ ਪਿਆਰ ਦੀਆਂ ਯਾਦਾਂ ਨੂੰ ਦਿਲ ਦੀਆਂ ਗਹਿਰਾਈਆਂ ’ਚ ਵਸਾ ਕੇ ਹਸ਼ਰ ਤੱਕ ਉਸ ਦੀ ਉਡੀਕ ਕਰਾਂਗੀ।’’

‘‘ਵੇਖ ਰੰਗੋ! ਇੱਕ ਗੱਲ ਮੈਂ ਤੈਨੂੰ ਸਾਫ਼ ਦੱਸ ਦੇਵਾਂ ਜੇਕਰ ਤੂੰ ਮੇਰੇ ਲਈ ਆਪਣੀਆਂ ਸੱਧਰਾਂ ਦੀ ਕੁਰਬਾਨੀ ਦੇ ਸਕਦੀ ਏਂ ਤਾਂ ਮੈਂ ਤਮਾਮ ਉਮਰ ਆਪਣੇ ਦਿਲ ਵਿੱਚ ਤੇਰੀ ਮੁਹੱਬਤ ਦੇ ਦੀਵੇ ਬਾਲ ਕੇ ਤੇਰਾ ਇੰਤਜ਼ਾਰ ਕਰਦਾ ਰਹਾਂਗਾ। ਮੈਂ ਇੰਨਾ ਵੀ ਜ਼ਾਲਮ ਨਹੀਂ ਕਿ ਜ਼ਿੰਦਗੀ ਦੇ ਮਾਰੂਥਲ ਵਿੱਚ ਤੈਨੂੰ ਇਕੱਲੀ ਨੂੰ ਭਟਕਣ ਲਈ ਛੱਡ ਜਾਵਾਂਗਾ। ਇੱਕ ਬਚਨ ਮੇਰਾ ਹੋਰ ਯਾਦ ਰੱਖੀਂ ਜਿਸ ਦਿਨ ਮੈਂ ਤੇਰਾ ਪਵਿੱਤਰ ਪਿਆਰ ਦਿਲੋਂ ਵਿਸਾਰਿਆ, ਉਹ ਮੇਰੀ ਜ਼ਿੰਦਗੀ ਦਾ ਆਖ਼ਰੀ ਦਿਨ ਹੋਵੇਗਾ।’’ ‘‘ਨਹੀਂ! ਬਲਵਿੰਦਰਾ ਨਹੀਂ! ਮੈਂ ਭਾਵੇਂ ਮਰਾਂ ਜਾਂ ਜੀਵਾਂ ਪਰ ਅੱਜ ਤੋਂ ਬਾਅਦ ਤੇਰੇ ਮੂੰਹੋਂ ਅਜਿਹੇ ਸ਼ਬਦ ਸੁਣਨ ਨੂੰ ਨਾ ਮਿਲਣ। ਹਾਂ ਦੱਸ, ਹੁਣ ਭਲਾ ਕਿਹੜੀ ਗੱਲ ਕਹਿਣੀ ਐ ਤੂੰ।’’

‘‘ਜੇਕਰ ਤੂੰ ਦਿਲ ਪੱਕਾ ਕਰ ਲਿਐ ਤਾਂ ਸੁਣ। ਕੱਲ੍ਹ ਘਰੇ ਇਹ ਗੱਲ ਚੱਲ ਪਈ ਕਿ ਪੜ੍ਹਾਈ ਤਾਂ ਬਲਵਿੰਦਰ ਦੀ ਪੂਰੀ ਹੋ ਗਈ ਬਾਹਲਾ ਪੜ੍ਹਾ ਕੇ ਕਿਹੜਾ ਨੌਕਰੀ ਕਰਾਉਣੀ ਐ... ਪੈਲੀ-ਪੱਠਾ ਸਾਂਭਣ ਲਈ ਸੀਰੀ ਸਾਂਝੀ ਬਥੇਰੇ ਨੇ। ਜੇ ਵਰਕ ਪਰਮਿਟ ਜਾਂ ਕੋਈ ਜੁਗਾੜ ਕਰ ਕੇ ਇਹਨੂੰ ਚਾਚੇ ਕੋਲ ਕੈਨੇਡਾ ਭੇਜ ਦਿੱਤਾ ਜਾਵੇ ਤਾਂ ਚੰਗੀ ਗੱਲ ਐ... ਸੁੱਖ ਨਾਲ ਛੋਟਾ ਆਪੇ ਘਰੇ ਸਾਰ ਲਵੇਗਾ।’’

‘‘ਇਹ ਕਿੱਡੀ ਕੁ ਗੱਲ ਆ, ਤੂੰ ਤਾਂ ਐਵੇਂ ਮੈਨੂੰ ਤਿਲ-ਤਿਲ ਕਰ ਕੇ ਮਾਰ ਰਿਹਾ ਸੀ। ਜੇ ਸਾਲ-ਛੇ ਮਹੀਨੇ ਲਾ ਵੀ ਆਵੇਂਗਾ ਫਿਰ ਕਿਹੜਾ ਪਹਾੜ ਡਿੱਗਣ ਲੱਗਾ ਆਪਣੇ ’ਤੇ!’’

‘‘ਕਮਲੀਏ, ਤੇਰੇ ਭਾਅ ਦਾ ਬਾਹਰ ਜਾਣਾ ਤੇ ਵਾਪਸ ਆਉਣਾ ਕੋਈ ਵੱਡੀ ਗੱਲ ਨ੍ਹੀਂ। ਪਰ ਇਹ ਤਾਂ ਮੈਂ ਜਾਣਦਾ ਹਾਂ, ਬਾਹਰ ਜਾਣ ਵਾਲੇ ਓਧਰਲੀ ਨਿਰਮੋਹੀ ਮਿੱਟੀ ਦੀ ਮਹਿਕ ਅਤੇ ਡਾਲਰਾਂ ਦੀ ਚਮਕ ਵਾਲੀ ਜ਼ਿੰਦਗੀ ਵਿੱਚ ਇਸ ਕਦਰ ਗ਼ਲਤਾਨ ਹੋ ਜਾਂਦੇ ਨੇ ਜਿੱਥੋਂ ਵਾਪਸ ਆਉਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਰਹਿੰਦੀ।’’

‘‘ਅਰੇ ਤੋਂ ਫਿਰ ਬਤਾ, ਕਬ ਜਾ ਰਹਾ ਤੂ ਕਨੇਡਾ-ਸਨੇਡਾ। ਮਾਰ੍ਹੇ ਲਈ ਵੀ ਕੁਛ ਲਿਆਵੇਗਾ ਜਾਂ ਯੋਂ ਹੀ ਖਾਲੀ ਹਾਥ ਲਮਕਾਤੇ ਆ ਜਾਏਗਾ ਅਪਣੀ ਰੰਗੋ ਕੇ ਪਾਸ।’’

‘‘ਅਰੇ ਤੂੰ ਮਾਂਗ ਕਰ ਤੋਂ ਦੇਖ ਤੁਮ੍ਹੇ ਕਿਆ ਚਾਹੀਏ? ਅਗਰ ਪੂਰੀ ਕਨੇਡਾ ਹਨੂੰਮਾਨ ਜੀ ਕੀ ਤਰ੍ਹਾਂ ਆਪਣੀ ਪੀਠ ਪਰ ਨਾ ਲਾਦ ਲੂੰ ਤੋ ਮੁਝੇ ਲੰਬੜਦਾਰਾਂ ਕਾ ਛੋਰਾ ਮਤ ਕਹੀਓ।’’

ਬਲਵਿੰਦਰ ਦੇ ਇਨ੍ਹਾਂ ਸ਼ਬਦਾਂ ਨੇ ਗ਼ਮਗੀਨ ਮਾਹੌਲ ਨੂੰ ਖੁਸ਼ਗਵਾਰ ਕਰ ਦਿੱਤਾ ਤੇ ਮੱਲੋ-ਜੋਰੀ ਆਏ ਹਾਸੇ ਨੂੰ ਰੋਕਦੀ ਹੋਈ ਰੰਗੋ ਕਹਿਣ ਲੱਗੀ, ‘‘ਓ ਮੇਰੇ ਗੁਰੂ, ਹੁਣ ਤਾਂ ਜਾਣ ਦੇ ਮੈਨੂੰ ਘਰੇ। ਮਾਂ ਉਡੀਕਦੀ ਪਈ ਹੋਣੀ ਐ। ਬੜੀ ਮੁਸ਼ਕਿਲ ਨਾਲ ਨਿਕਲੀ ਸੀ ਘਰੋਂ। ਮਾਂ ਨੂੰ ਇਹ ਕਹਿ ਕੇ ਕਿ ਪਿੰਡੋਂ ਕੰਮ ਫੜਨ ਜਾਣਾ ਹੁਕਮੇ ਪੰਡਿਤ ਕੇ। ਬਾਕੀ ਹੁਣ ਦਿਨ ਦਾ ਛਿਪਾਅ ਵੀ ਕਾਫ਼ੀ ਹੋ ਚੱਲਿਆ। ਤੈਨੂੰ ਵੀ ਜਾਣਾ ਚਾਹੀਦੈ ਆਪਣੇ ਪਿੰਡ।’’

ਉਸ ਮੁਲਾਕਾਤ ਤੋਂ ਬਾਅਦ ਕਈ ਮਹੀਨੇ ਗੁਜ਼ਰ ਗਏ। ਇੱਧਰ ਪਿੰਡ ਦੇ ਸਰਪੰਚ ਨੇ ਰੰਗੋ ਦੀ ਮਾਂ ਦੇ ਸਿਰ ’ਤੇ ਕਿਸੇ ਮਰਦ ਦਾ ਆਸਰਾ ਨਾ ਵੇਖਦੇ ਹੋਏ ਮਾਵਾਂ-ਧੀਆਂ ਨੂੰ ਸ਼ਾਮਲਾਟ ਵਿੱਚ ਦੋ ਕਮਰੇ ਖੜ੍ਹੇ ਕਰ ਕੇ ਉਨ੍ਹਾਂ ਨੂੰ ਠਾਹਰ ਬਣਾ ਦਿੱਤੀ। ਓਧਰ ਬਲਵਿੰਦਰ ਦਾ ਵੀਜ਼ਾ ਆਉਣ ਤੋਂ ਬਾਅਦ ਬਹੁਤ ਨਾਂਹ-ਨੁੱਕਰ ਕਰਦਿਆਂ ਵੀ ਉਸ ਦੇ ਪਰਿਵਾਰ ਨੇ ਉਸ ਨੂੰ ਜ਼ਬਰਦਸਤੀ ਲੰਮੇ ਸਮੇਂ ਤੋਂ ਕੈਨੇਡਾ ਰਹਿ ਰਹੇ ਚਾਚੇ ਕੋਲ ਭੇਜ ਦਿੱਤਾ। ਥੋੜ੍ਹਾ ਚਿਰ ਤਾਂ ਜ਼ਿੰਦਗੀ ਝੂਠੀਆਂ ਉਮੀਦਾਂ ਤੇ ਝੂਠੇ ਲਾਰਿਆਂ ਦੇ ਸਿਰ ’ਤੇ ਲੰਘੀ ਪਰ ਬਹੁੁਤਾ ਸਮਾਂ ਦਿਲ ਨੂੰ ਵਸਲਾਂ ਦਾ ਲਾਰਾ ਲਾਉਣਾ ਔਖਾ ਹੋ ਜਾਂਦਾ ਹੈ। ਜ਼ਿੰਦਗੀ ਵਿੱਚ ਜਦੋਂ ਉਮੀਦ ਤੇ ਸਹਾਰੇ ਟੁੱਟਦੇ ਨਜ਼ਰ ਆਉਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਜ਼ਿੰਦਗੀ ਦਾ ਸੰਤਾਪ ਹੰਢਾਉਣ ਨਾਲੋਂ ਇਸ ਦਾ ਮੁਕਾਬਲਾ ਕਰਨਾ ਹੀ ਚੰਗਾ ਹੈ ਕਿਉਂਕਿ ਟੁੱਟੇ ਤਾਰਿਆਂ ਆਸਰੇ ਬਹੁਤੀ ਦੇਰ ਨਹੀਂ ਤੁਰਿਆ ਜਾਂਦਾ। ਇਸੇ ਤਰ੍ਹਾਂ ਵਿਛੋੜੇ ਦੇ ਇੱਕ-ਇੱਕ ਪਲ ਨੂੰ ਹਜ਼ਾਰਾਂ ਸਾਲਾਂ ਵਾਂਗ ਬਤੀਤ ਕਰਦਿਆਂ ਰੰਗੋ ਬਲਵਿੰਦਰ ਦੇ ਪਿੰਡ ਬਿਲਾਸਪੁਰ ਲੋਹੇ ਤੇ ਟੀਨ-ਟੱਪਰ ਦੇ ਕੰਮ ਲਈ ਰੋਜ਼ ਗੇੜਾ ਮਾਰਨ ਲੱਗੀ। ਕਈ ਦਿਨ ਲੰਘ ਜਾਣ ’ਤੇ ਵੀ ਜਦੋਂ ਉਸ ਨੂੰ ਬਲਵਿੰਦਰ ਦੀ ਸੂਹ ਨਾ ਮਿਲੀ ਤਾਂ ਉਸ ਨੇ ਵੱਡਾ ਜਿਗਰਾ ਕਰ ਕੇ ਸਿੱਧਾ ਬਲਵਿੰਦਰ ਦੀ ਮਾਂ ਨੂੰ ਜਾ ਪੁੱਛਿਆ, ‘‘ਹਾਂ ਮਾਈ, ਦੱਸ ਜੇ ਕੋਈ ਤੱਕਲਾ-ਖੁਰਚਣਾ ਚਾਹੀਦਾ ਤਾਂ। ਇਹੋ ਜਿਹਾ ਕੰਮ ਕਰਕੇ ਦਿਆਂਗੀ ਕਿ ਸਾਰੀ ਉਮਰ ਯਾਦ ਰੱਖੇਗੀਂ।’’

ਰੰਗੋ ਦੇ ਹੌਸਲੇ ਨੂੰ ਵੇਖ ਬਲਵਿੰਦਰ ਦੀ ਮਾਂ ਨੇ ਕਿਹਾ, ‘‘ਵੇਖ ਧੀਏ, ਕੰਮ ਤਾਂ ਹਾਲੇ ਕੋਈ ਹੈ ਨ੍ਹੀਂ ਕਰਨ ਵਾਲਾ ਪਰ ਜੇਕਰ ਤੂੰ ਚਾਹੇ ਤਾਂ ਕੁਝ ਵੀ ਦੇ ਜਾਹ। ਨਾਲੇ ਇਹ ਦੱਸ ਬਈ ਤੂੰ ਆਈ ਕਿੱਥੋਂ ਐਂ?’’

‘‘ਆਉਣਾ ਕਿੱਥੋਂ ਐ! ਨਾਲ ਦੇ ਪਿੰਡ ਸੈਦੋਂ ਈ ਡੇਰਾ ਬੀਬੀ ਆਪਣਾ।’’

‘‘ਪਹਿਲਾਂ ਤਾਂ ਤੈਨੂੰ ਕਦੇ ਨਹੀਂ ਵੇਖਿਆ?’’

‘‘ਵੇਖਿਆ ਕਿਉਂ ਨ੍ਹੀਂ ਬੀਬੀ! ਮੈਂ ਤਾਂ ਤੁਹਾਡੇ ਪਿੰਡ ਦੇ ਬੱਚੇ-ਬੱਚੇ ਨੂੰ ਜਾਣਦੀ ਆਂ। ਬਾਕੀ ਤੂੰ ਸੁਣ ਕੇ ਹੈਰਾਨ ਹੋਵੇਂਗੀ ਕਿ ਮੈਨੂੰ ਤਾਂ ਇਹ ਵੀ ਪਤਾ ਕਿ ਤੁਹਾਡਾ ਮੁੰਡਾ ਬਲਵਿੰਦਰ, ਮੈਨੂੰ ਲੱਗਦਾ ਉਹਨੂੰ ਵੀ ਸਾਲ ਹੋ ਚੱਲਿਆ ਕਨੇਡੇ ਗਏ ਨੂੰ। ਹੁਣ ਕਦੋਂ ਆ ਰਿਹਾ ਸਰਦਾਰਨੀਏ, ਕੌਡੀਆਂ ਵਾਲਾ ਘੱਗਰਾ ਲੈਣੈ ਜਦੋਂ ਉਹ ਵਾਪਸ ਆਇਆ।’’

‘‘ਕਿੱਥੇ ਕੁੜੇ ਹਾਲੇ ਗਏ ਨੂੰ ਕੀ ਸਮਾਂ ਹੋਇਆ। ਉਹਦਾ ਚਾਚਾ ਕਹਿੰਦਾ ਸੀ ਜਦੋਂ ਉਹਨੂੰ ਕਾਰਡ-ਸ਼ਾਰਡ ਮਿਲ ਗਿਆ, ਉਦੋਂ ਉਹ ਆਪਣੀ ਮਰਜ਼ੀ ਨਾਲ ਆਊ-ਜਾਊਗਾ।’’ ਇੰਨੀ ਗੱਲ ਸੁਣ ਕੇ ਰੰਗੋ ਦੇ ਦਿਲ ’ਤੇ ਜਿਵੇਂ ਕੋਈ ਪਹਾੜ ਆ ਡਿੱਗਿਆ ਹੋਵੇ। ਉਸ ਦੇ ਧੁਰ ਅੰਦਰੋਂ ਹਾਉਕਾ ਨਿਕਲਿਆ ਤੇ ਅੱਖਾਂ ’ਚ ਅੱਥਰੂ ਸਿੰਮਣ ਲੱਗੇ। ਮਸਾਂ-ਮਸਾਂ ਅੱਥਰੂਆਂ ਨੂੰ ਰੋਕਦੀ ਹੋੋਈ ਰੰਗੋ ਪੱਥਰ ਵਾਂਗ ਅਹਿਲ ਹੋ ਗਏ ਸਰੀਰ ਨੂੰ ਲੈ ਜਿਉਂ ਹੀ ਬਲਵਿੰਦਰ ਦੇ ਘਰੋਂ ਨਿਕਲੀ ਤਾਂ ਉਨ੍ਹਾਂ ਦੇ ਪਿਆਰ ਬਾਰੇ ਜਾਣਦੀ ਬਲਵਿੰਦਰ ਦੀ ਮਾਂ ਦੇ ਮੂੰਹੋਂ ਨਿਕਲਿਆ, ‘‘ਵਾਹ ਨੀ ਸ਼ੇਰਨੀਏ, ਦੁਸ਼ਮਣ ਦੀ ਗੁਫ਼ਾ ਅੰਦਰ ਵੀ ਸ਼ਿਕਾਰ ਕਰਨ ਦਾ ਹੌਸਲਾ ਰੱਖਦੀ ਏਂ। ਤੇਰੇ ਰੰਗ-ਰੂਪ ਨੂੰ ਵੇਖ ਕੇ ਤਾਂ ਕੋਈ ਵੀ ਮੁਰੀਦ ਬਣ ਜਾਵੇ, ਫਿਰ ਮੇਰਾ ਪੁੱਤਰ ਕਿਹੜੇ ਬਾਗ ਦੀ ਮੂਲੀ ਐ। ਉਹ ਕਿੱਥੇ ਜਾਂਦਾ ਸੀ ਤੇਰੇ ਪਿਆਰ ਨੂੰ ਛੱਡ ਕੇ, ਕਿੰਨਾ ਮਨਾਇਆ, ਕਿੰਨਾ ਡਰਾਇਆ। ਤੇਰੀ ਖ਼ਾਤਰ ਉਹ ਕਿੰਨਾ ਹੀ ਸਮਾਂ ਆਪਣੇ ਪਿਓ ਸਾਹਮਣੇ ਵੀ ਅੜਿਆ। ਅਖੀਰ ਬਾਪ ਨੇ ਸ਼ਰੀਕੇ ਦੀਆਂ ਮਿੰਨਤਾਂ ਤਰਲੇ ਕਰਕੇ ਕੰਮ ਸਿਰੇ ਲਾਇਆ।’’

ਸਮਾਂ ਬੀਤਦਾ ਗਿਆ ਤੇ ਰੰਗੋ ਦਾ ਹਾਲ ‘ਰੂਹ ਲੈ ਗਿਆ ਦਿਲਾਂ ਦਾ ਜਾਨੀ ਤੇ ਜਿੰਦਰਾ ਜੰਗਾਲ ਖਾ ਗਿਆ’ ਵਾਲਾ ਹੋ ਗਿਆ ਸੀ। ਜੁਦਾਈ ਦੀ ਅਮਰ ਵੇਲ ਨੇ ਰੰਗੋ ਦੇ ਸਰੀਰ ਦਾ ਸਾਰਾ ਸਤ ਨਿਚੋੜ ਲਿਆ ਸੀ। ਹਵਾ ਦੇ ਵਰੋਲੇ ਵਾਂਗ ਕੰਮ ਕਰਨ ਵਾਲੀ ਰੰਗੋ ਨੂੰ ਮੰਜੇ ’ਤੇ ਪਈ ਦੇਖ ਉਸ ਦੀ ਮਾਂ ਵੀ ਚਿੰਤਾ ’ਚ ਡੁੱਬ ਜਾਂਦੀ।

ਜਿਵੇਂ ਕਹਿੰਦੇ ਨੇ ਕਿ ਕਿਸੇ ਦੇ ਜਾਣ ਨਾਲ ਸਮਾਂ ਨਹੀਂ ਰੁਕਦਾ, ਉਸੇ ਤਰ੍ਹਾਂ ਦਿਨ-ਰਾਤ ਕਰਕੇ ਲੰਘਾਏ ਸਾਲ-ਡੇਢ ਸਾਲ ਦੇ ਵਕਫ਼ੇ ਵਿੱੱਚ ਰੰਗੋ ਨੂੰ ਦੂਸਰੀ ਵੱਡੀ ਸੱਟ ਉਸ ਦੀ ਮਾਂ ਦੇ ਜਹਾਨੋਂ ਰੁਖ਼ਸਤ ਹੋ ਜਾਣ ’ਤੇ ਵੱਜੀ। ਮਾਂ ਦੇ ਤੁਰ ਜਾਣ ਤੋਂ ਬਾਅਦ ਉਹ ਇੰਜ ਸੀ ਜਿਵੇਂ ਵਿਸ਼ਾਲ ਮਾਰੂਥਲ ਵਿੱਚ ਫ਼ਸੀ ਮੂਨ ਹੋਵੇ ਤੇ ਉਸ ਨੂੰ ਕੋਹ-ਕੋਹ ਕੇ ਮਾਰਨ ਲਈ ਸ਼ਿਕਾਰੀ ਚਾਰੇ ਪਾਸਿਆਂ ਤੋਂ ਘੇਰਾ ਪਾਈ ਖੜ੍ਹੇ ਹੋਣ। ਰੰਗੋ ਦੀ ਭੂਆ ਉਸ ਨੂੰ ਆਪਣੇ ਨਾਲ ਸਹੁਰੇ ਘਰ ਦੌਧਰ ਲੈ ਗਈ। ਉਹ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਣੇ ਚਾਹੁੰਦੀ ਸੀ। ਪਹਿਲਾ, ਉਸ ਨੂੰ ਪਤਾ ਸੀ ਕੁੜੀ ਚੰਗੀ ਕਾਰੀਗਰ ਤੇ ਕੰਮ ਦੀ ਛੋਹਲੀ ਹੈ ਤੇ ਦੂਜਾ ਉਹ ਕਿਵੇਂ ਨਾ ਕਿਵੇਂ ਉਸ ਦਾ ਵਿਆਹ ਆਪਣੇ ਛੁੱਟੜ ਦਿਓਰ ਫੱਤੂ ਨਾਲ ਕਰ ਕੇ ਉਸ ਦਾ ਘਰ ਵਸਾਉਣਾ ਚਾਹੁੰਦੀ ਸੀ। ਕੁਝ ਦਿਨ ਰੰਗੋ ਨੇ ਚੁੱਪ ਕਰਕੇ ਕੱਟੇ ਪਰ ਇੱਕ ਦਿਨ ਉਸ ਨੇ ਫੱਤੂ ਦੀਆਂ ਆਪਹੁਦਰੀਆਂ ਦਾ ਜਵਾਬ ਦਿੰਦੇ ਹੋਏ ਸਾਰੇ ਪਰਿਵਾਰ ਸਾਹਮਣੇ ਬੇਖ਼ੌਫ਼ ਹੋ ਕੇ ਆਖ ਸੁਣਾਇਆ, ‘‘ਭੂਆ, ਤੂੰ ਜੋ ਚਾਹੁੰਦੀ ਏਂ ਮੈਨੂੰ ਉਹ ਉੱਕਾ ਈ ਪਸੰਦ ਨ੍ਹੀਂ। ਮੈਂ ਵਿਆਹ ਨਾ ਕਰਾਉਣ ਦਾ ਅਹਿਦ ਕਰ ਚੁੱਕੀ ਆਂ ਪਰ ਕੰਮ ਤੋਂ ਕਦੇ ਮੱਥੇ ਵੱਟ ਨਹੀਂ ਪਾਉਂਦੀ। ਮੈਨੂੰ ਦੁੱਖਾਂ ਦੀ ਝੰਬੀ ਬੇਸਹਾਰਾ ਨਾ ਸਮਝੀਂ ਸਗੋਂ ਇਨ੍ਹਾਂ ਦੁੱਖਾਂ ਨੇ ਤਾਂ ਮੈਨੂੰ ਸ਼ੇਰਨੀ ਵਾਂਗ ਹੋਰ ਨਿਡਰ ਬਣਾ ਦਿੱਤਾ ਹੈ। ਔਖੇ ਵੇਲੇ ਮੇਰਾ ਸਾਥ ਦੇਣ ਦਾ ਤੇਰਾ ਅਹਿਸਾਨ ਮੈਂ ਕਦੇ ਨਹੀਂ ਭੁੱਲਾਂਗੀ ਪਰ ਫੱਤੂ ਨਾਲ ਵਿਆਹ ਲਈ ਮੇਰੀ ਅੱਜ ਵੀ ਨਾਂਹ ਹੈ ਤੇ ਕੱਲ੍ਹ ਵੀ।’’

ਉਸ ਦਿਨ ਤੋਂ ਬਾਅਦ ਭੂਆ ਨੇ ਕਦੇ ਫੱਤੂ ਦੇ ਵਿਆਹ ਵਾਲੀ ਗੱਲ ਨਾ ਤੋਰੀ। ਉਹ ਰੰਗੋ ਨੂੰ ਆਪਣੀ ਆਮਦਨ ਦਾ ਸਾਧਨ ਬਣਾ ਕੇ ਸਦਾ ਲਈ ਘਰ ਰੱਖ ਲੈਣਾ ਚਾਹੁੰਦੀ ਸੀ। ਉਧਰ ਰੰਗੋ ਵੀ ਸਮੇਂ ਦੇ ਨਾਲ ਨਾਲ ਫ਼ਰਜ਼ਾਂ, ਲੋੜਾਂ ਤੇ ਮਜਬੂਰੀਆਂ ਨਾਲ ਜੱਦੋਜਹਿਦ ਕਰਦੀ ਹੋਈ ਬਹੁਤ ਸਾਰੀਆਂ ਯਾਦਾਂ ਤੇ ਚੇਤੇ ਦਿਲੋਂ ਵਿਸਾਰਨ ਲੱਗ ਪਈ ਸੀ। ਹਾਲਾਂਕਿ, ਉਸ ਨੇ ਕੰਮ ਨੂੰ ਆਪਣੀ ਜ਼ਿੰਦਗੀ ਦਾ ਅਸਲ ਮਕਸਦ ਬਣਾ ਲਿਆ ਸੀ ਪਰ ਬਲਵਿੰਦਰ ਦੀ ਮੁਹੱਬਤ ਨੂੰ ਦਿਲੋਂ ਵਿਸਾਰ ਸਕਣਾ ਹਾਲੇ ਵੀ ਉਸ ਲਈ ਔਖਾ ਕੰਮ ਸੀ। ਉਸ ਨਾਲ ਬਿਤਾਏ ਪਲਾਂ ਦੀਆਂ ਯਾਦਾਂ ਆਸਰੇ ਜ਼ਿੰਦਗੀ ਦੇ ਸਭ ਤੋਂ ਮਾਯੂਸ ਕਰ ਦੇਣ ਵਾਲੇ ਪਲ ਗੁਜ਼ਾਰ ਰਹੀ ਰੰਗੋ ਨੇ ਆਪਣੀ ਸੁੱਚੀ ਮੁਹੱਬਤ ਨੂੰ ਦਾਗ਼ ਨਹੀਂ ਲੱਗਣ ਦਿੱਤਾ। ਜਿਵੇਂ ਚਲਦੇ ਹੋਏ ਪਾਣੀ ਤੇ ਬੀਤਿਆ ਹੋਇਆ ਸਮਾਂ ਕਦੇ ਪਿੱਛੇ ਨਹੀਂ ਮੁੜਦੇ, ਇਸੇ ਤਰ੍ਹਾਂ ਰੰਗੋ ਦੀ ਜ਼ਿੰਦਗੀ ਵੀ ਆਪਣੀ ਚਾਲੇ ਅੱਗੇ ਤੁਰਦੀ ਗਈ। ਚਾਰ-ਪੰਜ ਸਾਲ ਬੀਤ ਗਏ। ਜਦੋਂ ਬਲਵਿੰਦਰ ਪੱਕਾ ਹੋ ਕੇ ਪਿੰਡ ਪਰਤਿਆ ਤਾਂ ਆਪਣੇ ਦਿੱਤੇ ਬਚਨ ਅਨੁਸਾਰ ਸਭ ਤੋਂ ਪਹਿਲਾਂ ਪਿੰਡ ਸੈਦੋ ਦੀ ਫਿਰਨੀ ਪਾਰ ਕਰ ਕੇ ਉਸ ਥਾਂ ਪਹੁੰਚਿਆ, ਜਿੱਥੇ ਉਸ ਪਿਛਲੀ ਵਾਰ ਰੰਗੋ ਨੂੰ ਵੇਖਿਆ ਸੀ। ਘਰ ਨੂੰ ਲੱਗਿਆ ਵੱਡਾ ਸਾਰਾ ਜਿੰਦਰਾ ਵੇਖ ਇੱਕ ਵਾਰ ਤਾਂ ਬਲਵਿੰਦਰ ਨੂੰ ਝਟਕਾ ਲੱਗਿਆ ਤੇ ਉਹ ਉਦਾਸ ਹੋ ਗਿਆ।

ਇਸ ਉਦਾਸੀ ਵਿੱਚ ਹੀ ਉਹ ਘਰ ਪਹੁੰਚਿਆ। ਭਾਵੇਂ ਵਿਦੇਸ਼ੋਂ ਪਰਤੇ ਪੁੱਤ ਦੇ ਆਉਣ ਦੀ ਖ਼ੁਸ਼ੀ ਵਿੱਚ ਘਰ ਵਿੱਚ ਵਿਆਹ ਵਰਗਾ ਮਾਹੌਲ ਬਣ ਗਿਆ ਸੀ, ਪਰ ਬਲਵਿੰਦਰ ਨੂੰ ਕੁਝ ਵੀ ਪਸੰਦ ਨਹੀਂ ਸੀ ਆ ਰਿਹਾ। ਉਸ ਨੂੰ ਚਾਰੇ ਪਾਸੇ ਹਲਚਲ ਹੋਣ ਦੇ ਬਾਵਜੂਦ ਇੰਜ ਲੱਗ ਰਿਹਾ ਸੀ, ਜਿਵੇਂ ਉਹ ਰੋਹੀ-ਬੀਆਬਾਨ ਵਿੱਚ ਇਕੱਲਾ ਰਹਿ ਗਿਆ ਹੋਵੇ। ਉਸ ਤਿੰਨ-ਚਾਰ ਦਿਨ ਘਰੇ ਕੱਟੇ ਤੇ ਫਿਰ ਆਪਣੇ ਦੋਸਤ ਗੁਰਸੀਤ ਕੋਲ ਦੌਧਰ ਪਿੰਡ ਜਾਣ ਦਾ ਮਨ ਬਣਾ ਲਿਆ। ਪਿੰਡ ਨੇੜੇ ਹੋਣ ਕਰਕੇ ਵਿਦੇਸ਼ ਵਿੱਚ ਦੋਵੇਂ ਕੁਝ ਹੀ ਦਿਨਾਂ ’ਚ ਚੰਗੇ ਦੋਸਤ ਬਣ ਗਏ ਸਨ। ਗੁਰਸੀਤ ਉਸ ਲਈ ਅਜਿਹਾ ਦੋਸਤ ਸੀ, ਜੋ ਉਸ ਦੇ ਟੁੱਟੇ ਦਿਲ ਦੀ ਦਾਸਤਾਨ ਤੇ ਅਧੂਰੀਆਂ ਸੱਧਰਾਂ ਦਾ ਦੁੱਖ ਸੁਣ ਕੇ ਸੱਚੇ ਦਿਲੋਂ ਉਸ ਨੂੰ ਦਿਲਾਸਾ ਦਿੰਦਾ ਸੀ। ਇਹੀ ਕਾਰਨ ਸੀ ਕਿ ਦੋਵਾਂ ਵਿਚਲੀ ਸਾਂਝ ਕਾਫ਼ੀ ਗੂੜ੍ਹੀ ਹੋ ਗਈ ਸੀ। ਬਲਵਿੰਦਰ ਗੁਰਸੀਤ ਦੇ ਪਿੰਡ ਪਹੁੰਚਿਆ ਤਾਂ ਦੋਵੇਂ ਜੱਫੀ ਪਾ ਕੇ ਇੰਜ ਮਿਲੇ ਜਿਵੇਂ ਕਈ ਸਾਲਾਂ ਬਾਅਦ ਮਿਲ ਰਹੇ ਹੋਣ। ਬਲਵਿੰਦਰ ਦੇ ਚਿਹਰੇ ’ਤੇ ਉਦਾਸੀ ਵੇਖ ਗੁਰਸੀਤ ਨੇ ਪੁੱਛਿਆ ਤਾਂ ਉਸ ਨੇ ਜਵਾਬ ਦਿੱਤਾ, ‘‘ਯਾਰ, ਤੂੰ ਤਾਂ ਮੇਰੇ ਦਿਲ ਦੀ ਹਾਲਤ ਚੰਗੀ ਤਰ੍ਹਾਂ ਜਾਣਦਾ ਏਂ। ਜਦੋਂ ਤੱਕ ਮੈਂ ਰੰਗੋ ਨੂੰ ਮਿਲ ਕੇ ਉਸ ਤੋਂ ਮੁਆਫ਼ੀ ਨਹੀਂ ਮੰਗ ਲੈਂਦਾ ਉਦੋਂ ਤੱਕ ਮੈਨੂੰ ਚੈਨ ਨਹੀਂ ਮਿਲੇਗਾ। ਮੈਂ ਸੋਚ ਲਿਆ ਹੈ ਕਿ ਰੰਗੋ ਨੂੰ ਮਿਲੇ ਬਿਨਾਂ ਮੈਂ ਕੈਨੇਡਾ ਨਹੀ ਜਾਵਾਂਗਾ, ਭਾਵੇਂ ਉਸ ਨੂੰ ਭਾਲਦਿਆਂ ਸਾਰੀ ਜ਼ਿੰਦਗੀ ਲੰਘ ਜਾਵੇ।’’

‘‘ਵਾਹ! ਸ਼ੇਰਾ ਵਾਹ!! ਧੰਨ ਤੇਰੀ ਮੁਹੱਬਤ, ਸਾਥੋਂ ਤਾਂ ਇੰਨੇ ਸਖ਼ਤ ਅਸੂਲ ਨ੍ਹੀਂ ਪੁਗਾਏ ਜਾਣੇ।’’ ਗੁਰਸੀਤ ਨੇ ਆਖਿਆ। ਦੋਵਾਂ ਨੇ ਰਾਤ ਦੀ ਰੋਟੀ ਖਾਧੀ ਤੇ ਸੌਂ ਗਏ। ਅਗਲੀ ਸਵੇਰ ਹਾਲੇ ਬਲਵਿੰਦਰ ਉੱਠਿਆ ਹੀ ਸੀ ਤਾਂ ਗੁਰਸੀਤ ਨੇ ਕਿਹਾ, ‘‘ਸਾਰਾ ਪਰਿਵਾਰ ਵੱਡੀ ਭੂਆ ਜੀ ਨੂੰ ਮਿਲਣ ਕੋਟਕਪੂਰੇ ਜਾ ਰਿਹੈ, ਜੇ ਤੇਰਾ ਵੀ ਇਰਾਦਾ ਹੈ ਤਾਂ ਮਿੰਟ ਮਾਰ ਤੇ ਫਟਾਫਟ ਤਿਆਰ ਹੋ ਜਾ। ਉਂਜ ਵੀ ਤੂੰ ਇਕੱਲਾ ਇੱਥੇ ਕੀ ਕਰੇਂਗਾ।’’ ਗੁਰਸੀਤ ਨੂੰ ਵੈਸੇ ਪਤਾ ਸੀ ਕਿ ਬਲਵਿੰਦਰ ਜਾਣ ਲਈ ਨਹੀਂ ਮੰਨੇਗਾ, ਪਰ ਆਪਣੇ ਮਿੱਤਰ ਨੂੰ ਘਰੇ ਛੱਡ ਕੇ ਜਾਣਾ ਉਸ ਨੂੰ ਸਹੀ ਵੀ ਨਹੀਂ ਸੀ ਲੱਗ ਰਿਹਾ।

ਬਲਵਿੰਦਰ ਨੇ ਆਖਿਆ, ‘‘ਤੁਸੀਂ ਜਾ ਆਓ। ਉਂਜ ਵੀ ਤੁਸੀਂ ਦੁਪਹਿਰ ਬਾਅਦ ਮੁੜ ਹੀ ਆਉਣਾ ਹੈ।’’ ਸਾਰਿਆਂ ਦੇ ਜਾਣ ਮਗਰੋਂ ਬਲਵਿੰਦਰ ਆਪਣੇ ਖ਼ਿਆਲਾਂ ਵਿੱਚ ਡੁੱਬਿਆ ਕੁਰਸੀ ’ਤੇ ਬੈਠਾ ਸੀ ਤਾਂ ਘਰ ਦੇ ਵੱਡੇ ਦਰਵਾਜ਼ੇ ’ਤੇ ਖੜਕਾ ਸੁਣ ਕੇ ਉਸ ਦੇ ਖ਼ਿਆਲਾਂ ਦੀ ਲੜੀ ਟੁੱਟ ਗਈ। ਦਰਵਾਜ਼ਾ ਜ਼ੋਰ ਜ਼ੋਰ ਨਾਲ ਖੜਕ ਰਿਹਾ ਸੀ, ਪਰ ਬਲਵਿੰਦਰ ਇਹ ਸੋਚ ਕੇ ਨਾ ਉੱਠਿਆ ਕਿ ਕੋਈ ਗਲੀ-ਮੁਹੱਲੇ ’ਚੋਂ ਹੋਵੇਗਾ ਤੇ ਆਪੇ ਥੋੜ੍ਹੀ ਦੇਰ ਮਗਰੋਂ ਮੁੜ ਜਾਵੇਗਾ। ਜਦੋਂ ਕਾਫ਼ੀ ਦੇਰ ਦਰਵਾਜ਼ਾ ਖੜਕਣਾ ਬੰਦ ਨਾ ਹੋਇਆ ਤਾਂ ਅਖੀਰ ਬਲਵਿੰਦਰ ਦਰਵਾਜ਼ਾ ਖੋਲ੍ਹਣ ਲਈ ਉੱਠਿਆ। ਜਿਉਂ ਹੀ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਰੰਗੋ ਖੜ੍ਹੀ ਮਿਲੀ। ਉਹ ਮੁਰੰਮਤ ਕੀਤਾ ਖੁਰਚਣਾ ਦੇਣ ਉਨ੍ਹਾਂ ਦੇ ਘਰ ਆਈ ਸੀ। ਦੋਵੇਂ ਕਿੰਨਾ ਹੀ ਚਿਰ ਅਹਿਲ ਖੜ੍ਹੇ ਇੱਕ-ਦੂਜੇ ਨੂੰ ਦੇਖਦੇ ਰਹੇ। ਦੋਵਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਵਗ ਤੁਰੇ। ਉਨ੍ਹਾਂ ਦੋਵਾਂ ਲਈ ਦੁਨੀਆ ਇਸ ਵੇਲੇ ਸੁੰਗੜ ਕੇ ਉਨ੍ਹਾਂ ਦੁਆਲੇ ਇਕੱਠੀ ਹੋ ਗਈ ਸੀ। ਬਿਨਾਂ ਕਿਸੇ ਦੀ ਪਰਵਾਹ ਕੀਤਿਆਂ ਬਲਵਿੰਦਰ ਤੇ ਰੰਗੋ ਨੇ ਇੱਕ ਦੂਜੇ ਨੂੰ ਬਾਹਵਾਂ ’ਚ ਲੈ ਲਿਆ। ਦੋਵੇਂ ਰੱਜ ਕੇ ਰੋਏ ਤੇ ਹੋਰ ਘੁੱਟ ਕੇ ਜੱਫੀ ਪਾ ਲਈ।

ਕੁਝ ਚਿਰ ਬਾਅਦ ਬਲਵਿੰਦਰ ਨੇ ਕਿਹਾ, ‘‘ਤੂੰ ਕਿੱਥੇ ਸੀ ਰੰਗੋ, ਮੈਂ ਤੈਥੋਂ ਆਪਣੇ ਗੁਨਾਹ ਦੀ ਮੁਆਫ਼ੀ ਮੰਗਣ ਲਈ ਤੜਪ ਰਿਹਾ ਸਾਂ। ਤੂੰ ਕਿਵੇਂ ਐਂ?’’

‘‘ਜਦੋਂ ਜ਼ਿੰਦਗੀ ਦਾ ਵਾਵਰੋਲਾ ਤੁਹਾਡੀਆਂ ਜੜ੍ਹਾਂ ਪੁੱਟ ਛੱਡੇ ਤਾਂ ਇਨਸਾਨ ਪੱਲੇ ਦਰ ਦਰ ਦੀਆਂ ਠੋਕਰਾਂ ਹੀ ਰਹਿ ਜਾਂਦੀਆਂ ਨੇ। ਮੈਂ ਵੀ ਆਪਣੀਆਂ ਮਜਬੂਰੀਆਂ ਦੀ ਝੰਬੀ ਹਵਾ ਨਾਲ ਉੱਡ ਕੇ ਇੱਥੇ ਆ ਡਿੱਗੀ ਆਂ। ਮੈਂ ਤੈਨੂੰ ਦੋਸ਼ ਨਹੀਂ ਦਿਆਂਗੀ। ਤੇਰੇ ਹੱਥ-ਵੱਸ ਕੁਝ ਸੀ ਜਾਂ ਨਹੀਂ, ਪਰ ਤੇਰੀਆਂ ਯਾਦਾਂ ਦਾ ਸਰਮਾਇਆ ਮੇਰੇ ਨਾਲ ਸਾਰੀ ਜ਼ਿੰਦਗੀ ਰਹੇਗਾ।’’ ਰੰਗੋ ਨੇ ਉਦਾਸ ਆਵਾਜ਼ ਵਿੱਚ ਕਿਹਾ।

ਬਲਵਿੰਦਰ ਨੇ ਆਪਣੇ ਅੱਥਰੂ ਪੂੰਝੇ ਤੇ ਰੰਗੋ ਦੀ ਠੋਡੀ ਨੂੰ ਆਪਣੇ ਹੱਥ ਦੀਆਂ ਉਂਗਲਾਂ ਆਸਰੇ ਚੁੱਕਦਿਆਂ ਬੋਲਿਆ, ‘‘ਮੈਨੂੰ ਸਹੁੰ ਐ ਤੇਰੀ ਸੁੱਚੀ ਮੁਹੱਬਤ ਦੀ, ਜੇ ਮੈਂ ਇੱਕ ਪਲ ਲਈ ਵੀ ਕਦੇ ਤੈਨੂੰ ਮਨੋਂ ਵਿਸਾਰਿਆ ਹੋਵੇ। ਜੇ ਤੈਨੂੰ ਮੇਰੇ ’ਤੇ ਯਕੀਨ ਨਹੀਂ ਤਾਂ ਗੁਰਸੀਤ ਨੂੰ ਪੁੱਛ ਲਵੀਂ, ਜੋ ਵਿਦੇਸ਼ ਵਿੱਚ ਮੇਰੇ ਹਰ ਦੁੱਖ ਦਾ ਸਾਥੀ ਬਣਿਆ। ਪਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਤੇਰਾ ਇਸ ਘਰ ਨਾਲ ਸਬੰਧ ਕਿੱਦਾਂ ਜੁੜਿਆ?’’

‘‘ਤੂੰ ਇਸ ਘਰ ਦੀ ਗੱਲ ਕਰਦੈਂ, ਹੁਣ ਤਾਂ ਮੇਰਾ ਇਸ ਪਿੰਡ ਦੇ ਬੱਚੇ-ਬੱਚੇ ਨਾਲ ਸਬੰਧ ਬਣ ਗਿਐ। ਬਹੁਤ ਮਾਣ ਕੀਤੈ ਇਸ ਪਿੰਡ ਨੇ ਮੇਰਾ। ਰੱਬ ਵਾਂਗ ਪੂਜਦੇ ਨੇ ਲੋਕ ਮੈਨੂੰ ਤੇ ਮੇਰੇ ਅਸੂਲਾਂ ਨੂੰ। ਮਾਂ ਦੇ ਮਰਨ ਮਗਰੋਂ ਮੇਰੀ ਭੂਆ ਇਸ ਉਮੀਦ ਨਾਲ ਮੈਨੂੰ ਇੱਥੇ ਲੈ ਆਈ ਕਿ ਮੈਥੋਂ ਕਾਲੇ ਬੌਲਦ ਵਾਂਗ ਕੰਮ ਲਵੇਗੀ। ਆਪਣਾ ਛੁੱਟੜ ਦਿਓਰ ਵੀ ਉਸ ਮੇਰੇ ਗਲ ਪਾਉਣਾ ਚਾਹਿਆ ਪਰ ਮੈਂ ਉਸ ਦੇ ਇਰਾਦੇ ਕਾਮਯਾਬ ਨਾ ਹੋਣ ਦਿੱਤੇ। ਮੈਂ ਸਿਰਫ਼ ਕੰਮ ਕੀਤਾ ਤੇ ਖ਼ੁਦ ਨਾਲ ਸੱਚੀ ਰਹੀ। ਮੇਰਾ ਸਿਦਕ ਵੇਖ ਪਿੰਡ ਵਾਲਿਆਂ ਨੇ ਸ਼ਾਮਲਾਟ ਵਿੱਚ ਮੈਨੂੰ ਦੋ ਕਮਰੇ ਪਾ ਦਿੱਤੇ ਤੇ ਕਦੇ ਮੈਨੂੰ ਕਿਸੇ ਚੀਜ਼ ਦੀ ਥੋੜ੍ਹ ਨਹੀਂ ਆਉਣ ਦਿੱਤੀ।’’ ਰੰਗੋ ਜਿਵੇਂ ਇੱਕ ਹੀ ਸਾਹ ’ਚ ਸਾਰੀ ਗੱਲ ਸੁਣਾ ਕੇ ਮਨ ਹਲਕਾ ਕਰ ਲੈਣਾ ਚਾਹੁੰਦੀ ਸੀ। ਕੁਝ ਚਿਰ ਦੀ ਚੁੱਪ ਮਗਰੋਂ ਰੰਗੋ ਨੇ ਪੁੱਛਿਆ, ‘‘ਤੂੰ ਸੁਣਾ ਆਪਣੇ ਕਨੇਡੇ ਦੀਆਂ ਖੈਰਾਂ।’’

‘‘ਕਾਹਦੀਆਂ ਖੈਰਾਂ, ਇਨ੍ਹਾਂ ਸਾਲਾਂ ’ਚ ਤੇਰੇ ਬਿਨਾਂ ਜ਼ਿੰਦਗੀ ਇੰਜ ਗੁਜ਼ਰੀ ਜਿਵੇਂ ਮੈਂ ਜਿਊਂ ਨਹੀਂ ਸੀ ਰਿਹਾ, ਸਿਰਫ਼ ਦਿਨ ਕੱਟ ਰਿਹਾ ਸੀ। ਹਰ ਵੇਲੇ ਬਸ ਤੈਨੂੰ ਮਿਲਣ ਲਈ ਤੜਪ ਰਿਹਾ ਸਾਂ। ਕਿੰਨਾ ਹੀ ਚਿਰ ਹੋ ਗਿਆ ਮੇਰੀ ਚਾਚੀ ਉੱਥੇ ਹੀ ਆਪਣੀ ਰਿਸ਼ਤੇਦਾਰੀ ’ਚ ਕੁੜੀ ਦਾ ਸਾਕ ਕਰਵਾਉਣ ਲਈ ਉਡੀਕ ਰਹੀ ਏ... ਤੂੰ ਕਹੇਂ ਤਾਂ ਮੈਂ ਅੱਜ ਹੀ ਉਸ ਰਿਸ਼ਤੇ ਲਈ ਨਾਂਹ...।’’

‘‘ਨਹੀਂ! ਬਲਵਿੰਦਰਾ ਨਹੀਂ!! ਹੁਣ ਇਹ ਗੱਲ ਨਾ ਕਰ। ਮੇਰੇ ਵਾਂਗ ਕਿਸੇ ਹੋਰ ਕੁੜੀ ਨਾਲ ਧੱਕਾ ਹੋਵੇ, ਮੈਥੋਂ ਇਹ ਬਰਦਾਸ਼ਤ ਨ੍ਹੀਂ ਹੋਣਾ। ਜਦੋਂ ਕੁੜੀਆਂ ਦੇ ਸੁਫ਼ਨੇ ਟੁੱਟਦੇ ਨੇ ਤਾਂ ਉਹ ਦਰਦ ਝੱਲਣਾ ਬਹੁਤ ਔਖਾ ਹੁੰਦੈ। ਇਹ ਦਰਦ ਸਾਰੀ ਉਮਰ ਲਈ ਦਿਲ ਵਿੱਚ ਧੁਖਦਾ ਰਹਿੰਦੈ।’’ ਰੰਗੋ ਨੇ ਬਲਵਿੰਦਰ ਦੀ ਗੱਲ ਵਿੱਚ ਹੀ ਟੋਕਦਿਆਂ ਕਿਹਾ।

‘‘ਰੰਗੋ, ਤੂੰ ਇੱਕ ਵਾਰ ਹਾਂ ਕਹਿ ਦੇ... ਮੇਰਾ ਭਾਵੇਂ ਸਾਰਾ ਕੁਝ ਦਾਅ ’ਤੇ ਲੱਗ ਜਾਵੇ, ਮੈਂ ਹਰ ਹਾਲ ਤੈਨੂੰ ਬਾਹਰ ਲੈ ਜਾਵਾਂਗਾ।’’ ਬਲਵਿੰਦਰ ਨੇ ਰੰਗੋ ਦਾ ਹੱਥ ਆਪਣੇ ਹੱਥਾਂ ’ਚ ਫੜ ਕੇ ਕਿਹਾ।

‘‘ਛੱਡ ਪਰ੍ਹੇ, ਮੈਂ ਤਾਂ ਤੇਰੇ ਪਿਆਰ ਆਸਰੇ ਜਿਊਣਾ ਸਿੱਖ ਗਈ ਆਂ। ਮੁੜ ਵਸਲਾਂ ਦੀ ਉਮੀਦ ਨਾ ਜਗਾ, ਮੇਰਾ ਕਹਿਣਾ ਮੰਨ ਤੇ ਆਪਣੇ ਮਾਪਿਆਂ ਦੀ ਖ਼ੁਸ਼ੀ ਅਤੇ ਇੱਜ਼ਤ ਦਾ ਖ਼ਿਆਲ ਕਰਕੇ ਜ਼ਿੰਦਗੀ ’ਚ ਅੱਗੇ ਵਧ। ਜੇ ਆਹੀ ਕੁਝ ਕਰਨਾ ਸੀ ਤਾਂ ਆਪਾਂ ਬਹੁਤ ਚਿਰ ਪਹਿਲਾਂ ਹੀ ਕਰ ਲੈਂਦੇ ਪਰ ਪਵਿੱਤਰ ਪਿਆਰ ਨੂੰ ਰੋਲਣਾ ਨਾ ਸਾਨੂੰ ਉਦੋਂ ਗਵਾਰਾ ਸੀ ਤੇ ਨਾ ਹੁਣ। ਮੇਰੇ ਲਈ ਜੇ ਕੁਝ ਕਰ ਸਕਦਾ ਏਂ ਤਾਂ ਇੰਨਾ ਜ਼ਰੂਰ ਕਰੀਂ ਕਿ ਜਦੋਂ ਵੀ ਵਤਨ ਗੇੜਾ ਮਾਰੇਂ ਤਾਂ ਮੈਨੂੰ ਜਿਊਂਦੇ ਜੀਅ ਮਿਲ ਜ਼ਰੂਰ ਜਾਵੀਂ। ਹੋਰ ਮੈਂ ਕਿਸੇ ਚੀਜ਼ ਦੀ ਮੰਗ ਨ੍ਹੀਂ ਕਰਦੀ।’’ ਇਹ ਸ਼ਬਦ ਆਖ ਰੰਗੋ ਭਿੱਜੀਆਂ ਅੱਖਾਂ ਨਾਲ ਗੁਰਸੀਤ ਦੇ ਘਰੋਂ ਬਾਹਰ ਚਲੀ ਗਈ।

ਸੰਪਰਕ: 98140-68614

Advertisement
Show comments