DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਵੀਂ ਆਸ ਨਾਲ ਬਿਆਸ ਦਾ ਟਾਕਰਾ ਕਰਨ ਵਾਲੇ

ਬਾਬੇ ਨਾਨਕ ਦੀ ਧਰਤੀ ਸੁਲਤਾਨਪੁਰ ਲੋਧੀ ਇਸ ਵੇਲੇ ਹੜ੍ਹ ਮਾਰੀ ਧਰਤ ਵਜੋਂ ਦੁਨੀਆ ਦੇ ਨਕਸ਼ੇ ’ਤੇ ਹੈ । 2019, 2023 ਤੇ ਹੁਣ 2025 ਦੇ ਹੜ੍ਹਾਂ ਦੌਰਾਨ ਤਬਾਹੀ, ਲੋਕਾਂ ਦੇ ਦੁੱਖ ਦੀਆਂ ਕਹਾਣੀਆਂ ਨੇ ਥਾਂ ਮੱਲੀ ਹੋਈ ਏ। ਇਸੇ ਵਰਤਾਰੇ ਵਿੱਚ...
  • fb
  • twitter
  • whatsapp
  • whatsapp
Advertisement

ਬਾਬੇ ਨਾਨਕ ਦੀ ਧਰਤੀ ਸੁਲਤਾਨਪੁਰ ਲੋਧੀ ਇਸ ਵੇਲੇ ਹੜ੍ਹ ਮਾਰੀ ਧਰਤ ਵਜੋਂ ਦੁਨੀਆ ਦੇ ਨਕਸ਼ੇ ’ਤੇ ਹੈ । 2019, 2023 ਤੇ ਹੁਣ 2025 ਦੇ ਹੜ੍ਹਾਂ ਦੌਰਾਨ ਤਬਾਹੀ, ਲੋਕਾਂ ਦੇ ਦੁੱਖ ਦੀਆਂ ਕਹਾਣੀਆਂ ਨੇ ਥਾਂ ਮੱਲੀ ਹੋਈ ਏ। ਇਸੇ ਵਰਤਾਰੇ ਵਿੱਚ ਜਸਵੰਤ ਸਿੰਘ ਕੰਵਲ ਦੇ ਨਾਵਲ ‘ਐਨਿਆਂ ’ਚੋਂ ਉੱਠੇ ਸੂਰਮਾ’ ਨੂੰ ਰੂਪਮਾਨ ਕਰਦੇ ਹੋਏ ਸੁਲਤਾਨਪੁਰ ਲੋਧੀ ਦੇ 14-15 ਪਿੰਡਾਂ ਦੀ ਸੰਗਤ ਉੱਠਦੀ ਏ। ਉਹ ਉੱਠਦੀ ਏ ਤੇ ਬਿਆਸ ਦਰਿਆ ਨਾਲ ਅਸਾਵੀਂ ਜੰਗ ਲੜਦੀ ਏ। ਇਹ ਸੰਗਤ ਮੰਗੂਪੁਰ, ਹੁਸੈਨਪੁਰ ਦੂਲੋਵਾਲ, ਨੂਰੋਵਾਲ, ਬਾਜਾ, ਠੱਟਾ, ਮੁੰਡੀ ਮੋੜ, ਮਹਿਮਦਵਾਲ ਤੇ ਹੋਰ ਨੇੜਲੇ ਪਿੰਡਾਂ ਦੀ ਹੈ।

ਇਹ ਜੰਗ ਬਿਆਸ ਦੇ ਕੰਢੇ ਲੋਕਾਂ ਵੱਲੋਂ ਲਗਾਇਆ ਐਡਵਾਂਸ ਬੰਨ੍ਹ ਬਚਾਉਣ ਦੀ ਏ ਜਿਸ ਨਾਲ 4500 ਏਕੜ ਫਸਲ, ਸਰਕਾਰੀ ਸਕੂਲ ਤੇ ਲੋਕਾਂ ਦੇ ਘਰ ਬਚਦੇ ਸਨ।

Advertisement

ਲੋਕਾਂ ਨੇ 2023 ਦੇ ਹੜ੍ਹ ਤੋਂ ਬਾਅਦ ਆਪਣੇ ਕੋਲੋਂ ਲੱਖਾਂ ਰੁਪਏ ਖਰਚ ਕਰਕੇ ਪਿੰਡ ਬਾਜਾ ਤੋਂ ਖਿਜਰਪੁਰ ਨੇੜੇ ਤੱਕ 8 ਕਿਲੋਮੀਟਰ ਲੰਮਾ ਬੰਨ੍ਹ ਬੰਨ੍ਹਿਆ। ਗੋਇੰਦਵਾਲ ਸਾਹਿਬ ਸਾਹਮਣੇ ਹੋਣ ਕਰਕੇ ਬੰਨ੍ਹ ਦਾ ਨਾਮ ਰੱਖਿਆ ‘ਗੁਰੂ ਅਮਰਦਾਸ ਐਡਵਾਂਸ ਬੰਨ੍ਹ’।

ਜਦ ਇਸ ਮੌਸਮ ’ਚ ਬਿਆਸ ਚੜ੍ਹਿਆ ਤਾਂ ਲੋਕਾਂ ਦੇ ਲਗਾਏ ਐਡਵਾਂਸ ਬੰਨ੍ਹ ਧੜਾਧੜ ਟੁੱਟੇ। ਇਸੇ ਦੌਰਾਨ ਪਿੰਡ ਮੰਗੂਪੁਰ ਵਿਖੇ ਗੁਰਦੁਆਰਾ ਗੁਰੂ ਨਾਨਕ ਨਿਵਾਸ ਵਿਖੇ ਅਰਦਾਸ ਕਰਕੇ ਸੰਗਤ ਨੇ ਬੰਨ੍ਹ ਨੂੰ ਹੋਰ ਮਜ਼ਬੂਤ ਕਰਨ ਲਈ ਪੈਰ ਪੁੱਟਿਆ।

ਖਿਜਰਪੁਰ ਨੇੜੇ ਦਿੱਲੀ-ਕਟੜਾ ਐਕਸਪ੍ਰੈਸਵੇਅ ਦੇ ਪੁਲ ਕੋਲ ਫ਼ੌਜੀਆਂ ਵਾਂਗ ਬੇਸ ਕੈਂਪ ਬਣਾਇਆ। ਮਿੱਟੀ ਦੀ ਸਪਲਾਈ ਲਾਈਨ ਯਕੀਨੀ ਬਣਾਈ। ਲੰਗਰ ਪ੍ਰਸ਼ਾਦੇ ਲਈ ਗੁਰੂਘਰ ਬੇਰ ਸਾਹਿਬ ਨੂੰ ਬੇਨਤੀ ਕੀਤੀ।

ਰਿਕਾਰਡਤੋੜ ਪਾਣੀ ਦੀ ਆਮਦ ਦੇ ਮੱਦੇਨਜ਼ਰ ਬੰਨ੍ਹ ਦੀ ਮਜ਼ਬੂਤੀ ਲਈ ਲੋਕ ਜੁਟ ਗਏ। ਹਰ ਰੋਜ਼ 15-16 ਟਰੈਕਟਰ ਸਾਰਾ ਦਿਨ ਚੱਲਦੇ। ਰਾਤ ਵੇਲੇ ਲੋਕ ਵਾਰੀਆਂ ਬੰਨ੍ਹ ਕੇ ਪਹਿਰਾ ਦਿੰਦੇ। ਜ਼ੋਰਦਾਰ ਮੀਂਹ ਮਿੱਟੀ ਨੂੰ ਖੋਰਦਾ ਪਰ ਜਦ ਵੀ ਸਮਾਂ ਮਿਲਦਾ ਤਾਂ ਲੋਕ ਤੁਰੰਤ ਉਹਦੀ ਮੁਰੰਮਤ ਕਰਦੇ।

ਕਿਸਾਨੀ ਛੋਟੀ ਸੀ। ਸਾਧਨ ਵੀ ਸੀਮਤ ਸਨ, ਪਰ ਭਾਈਚਾਰਕ ਏਕਾ ਪੂਰਾ ਸੀ।

ਪਾਣੀ ਦਾ ਪੱਧਰ ਵਧਦਾ ਗਿਆ ਤੇ ਲੋਕ ਬੰਨ੍ਹ ਨੂੰ ਉਸੇ ਅਨੁਸਾਰ ਉੱਚਾ ਕਰਦੇ ਗਏ। ਡੀਜ਼ਲ ਤੇ ਹੋਰ ਖਰਚ ਵਧਣ ਲੱਗਾ। 17 ਲੱਖ ਦਾ ਡੀਜ਼ਲ ਫੂਕਿਆ ਜਾਂਦਾ ਏ। ਪਰ ਸੰਗਤ ਸਹਾਇਤਾ ਲਈ ਵੀ ਅੱਗੇ ਆਉਣ ਲੱਗੀ। ਸੰਤ ਮਹਾਂਪੁਰਖਾਂ ਸਹਾਇਤਾ ਕੀਤੀ।

ਬਿਆਸ ਦੇ ਪਾਣੀ ਵਿੱਚ ਰਿਕਾਰਡ ਵਾਧਾ ਹੋਇਆ। ਭਾਰੀ ਮੀਂਹ ਕਾਰਨ ਪਠਾਨਕੋਟ ਤੇ ਹੁਸ਼ਿਆਰਪੁਰ ਦੇ ਚੋਆਂ ਤੇ ਚੱਕੀ ਦਰਿਆ ਦੇ ਰਲਦੇ ਪਾਣੀ ਨੇ ਬਿਆਸ ਦੀ ਮਾਰ ਬਹੁਤ ਵਧਾ ਦਿੱਤੀ। ਪਾਣੀ 2.37 ਲੱਖ ਕਿਊਸਿਕ ਨੂੰ ਪਾਰ ਕਰ ਗਿਆ ਜਦੋਂਕਿ ਡਰੇਨੇਜ ਵਿਭਾਗ ਦਾ ਉੱਚਤਮ ਅੰਦਾਜ਼ਾ 1.70 ਲੱਖ ਕਿਊਸਿਕ ਸੀ।

ਇੱਧਰ ਸੰਗਤ ਦੀ ਸ਼ਕਤੀ ਨਾਲ ਬੰਨ੍ਹ ਪੂਰਾ ਮਜ਼ਬੂਤ ਬਣ ਗਿਆ ਤੇ ਡਰੇਨੇਜ ਵਿਭਾਗ ਦੇ ਮਾਹਿਰਾਂ ਅਨੁਸਾਰ ਇਹ 3 ਲੱਖ ਕਿਊਸਿਕ ਤੋਂ ਵੱਧ ਪਾਣੀ ਵੀ ਝੱਲ ਸਕਦਾ ਸੀ।

ਲੋਕਾਂ ਨੂੰ ਲੱਗਾ ਕਿ ਬਾਜ਼ੀ ਲਗਭਗ ਜਿੱਤ ਲਈ ਏ। ਬੰਨ੍ਹ ਪੂਰਾ ਕਾਇਮ ਸੀ। ਕੋਈ ਖ਼ਤਰਾ ਨਹੀਂ ਸੀ।

ਅਚਾਨਕ ਕੂਹਣੀ ਮੋੜ ਆਉਂਦਾ ਏ। ਬਿਆਸ ਵਿੱਚ ਜਦ ਪਾਣੀ ਘਟਦਾ ਏ ਤਾਂ ਉਹ ਆਪਣਾ ਵਹਿਣ ਇੱਕ ਕਿਲੋਮੀਟਰ ਬਦਲ ਲੈਂਦਾ ਏ । ਹੁਣ ਬਿਆਸ ਦਾ ਮੁਹਾਣ ਸਿੱਧਾ ਬੰਨ੍ਹ ਵੱਲ ਸੀ। ਉਹ ਸ਼ੂਕ ਰਿਹਾ ਸੀ। ਧੜਾਧੜ ਜ਼ਮੀਨ ਦਰਿਆ ਬੁਰਦ ਹੋ ਰਹੀ ਸੀ। ਬਿਆਸ ਨੇ ਰਾਤੋ ਰਾਤ ਸਭ ਸਰਕੰਡਾ, ਬੂਝੇ, ਬਰੇਤੇ ਆਪਣੇ ਗਰਭ ਵਿੱਚ ਸਮਾ ਲਏ।

ਇੱਕ ਘੁੰਮਣਘੇਰੀ ਬਣਦੀ ਤੇ ਦਰਿਆ ਕਿੰਨੀ ਕਿੰਨੀ ਧਰਤ ਨਿਗਲ ਲੈਂਦਾ। ਲੋਕਾਂ ਨੇ ਸਟੱਡ ਲਾਉਣੇ ਸ਼ੁਰੂ ਕੀਤੇ। ਸੰਗਤ ਨੇ ਹੰਭਲਾ ਮਾਰਿਆ ਤੇ 35 ਫੁੱਟ ਡੂੰਘੇ ਪਾਣੀ ਵਿੱਚ ਸਟੱਡ ਲਾ ਦਿੱਤੇ। ਕੁਝ ਹੌਸਲਾ ਹੋਇਆ ਤੇ ਧਰਵਾਸ ਬੱਝਾ।

ਸ਼ਾਇਦ ਅਜੇ ਕੁਦਰਤ ਨੇ ਸੰਗਤ ਦੀ ਅਸਲ ਪ੍ਰੀਖਿਆ ਲੈਣੀ ਸੀ। ਉਸ ਸ਼ਾਮ ਮੈਂ ਡਿਊਟੀ ਤੋਂ ਹੋ ਕੇ ਸਿੱਧਾ ਬੰਨ੍ਹ ’ਤੇ ਗਿਆ ਤਾਂ ਸਭ ਕੁਝ ਸਹੀ ਸੀ ਤੇ ਕੋਈ ਚਿੰਤਾ ਵਾਲੀ ਗੱਲ ਨਹੀਂ ਸੀ।

ਅਚਾਨਕ ਉਸ ਰਾਤ ਬਿਆਸ ਨੇ ਏਨੀ ਜ਼ੋਰਦਾਰ ਢਾਹ ਲਾਈ ਕਿ ਰਾਤ 11.30 ਵਜੇ ਬੰਨ੍ਹ ਨੂੰ ਬਿਆਸ ਨੇ ਅੱਧ ਵਿੱਚੋਂ ਪਾੜ ਸੁੱਟਿਆ। ਵੱਟਸਐਪ ਗਰੁੱਪ ਵਿੱਚ ਸੁਨੇਹਾ ਲੱਗਾ ਕਿ ਬੰਨ੍ਹ ਰੁੜ੍ਹ ਚੱਲਿਆ ਏ। ਲੋਕ ਵਾਹੋਦਾਹੀ ਉੱਧਰ ਨੂੰ ਭੱਜੇ।

ਰਾਤ 1 ਵਜੇ ਚਾਚੇ ਰੇਸ਼ਮ ਸਿੰਹੁ ਦਾ ਫੋਨ ਆਇਆ ਤੇ ਕਹਿੰਦਾ, “ਫ਼ੌਜਾਂ ਹਾਰ ਗਈਆਂ ਨੇ।’’ ਮੇਰੀ ਭੁੱਬ ਨਿਕਲ ਗਈ। ਤੁਰੰਤ ਸੰਭਲਿਆ ਤੇ ਸੋਚਿਆ ਕਿ 42 ਦਿਨਾਂ ਤੋਂ ਦਰਿਆ ਨਾਲ ਯੁੱਧ ਲੜ ਰਹੇ ਬੰਦੇ ਬਹੁਤ ਨਿਰਾਸ਼ ਤੇ ਦੁਖੀ ਹੋਣਗੇ, ਉਨ੍ਹਾਂ ਨੂੰ ਢਾਰਸ ਦੀ ਲੋੜ ਏ। ਤੁਰੰਤ ਮੋਟਰਸਾਈਕਲ ਚੁੱਕਿਆ। ਡਾਕਟਰ ਜਸਪਾਲ ਸਿੰਹੁ (ਚਾਚੇ ਦਾ ਪੁੱਤ) ਨੂੰ ਹਾਕ ਮਾਰੀ ਤੇ ਬੰਨ੍ਹ ਨੂੰ ਤੁਰ ਪਏ। ਤੰਬੂ ਵਿੱਚ ਬੇਸ ਕੈਂਪ ਪੁੱਜੇ। ਪਤਾ ਲੱਗਾ ਕਿ ਅਜੇ ਬੰਨ੍ਹ ਦਾ ਕੁਝ ਹਿੱਸਾ ਖੜ੍ਹਾ ਸੀ। ਲੋਕ ਟਰੈਕਟਰਾਂ ਨਾਲ ਰੁੱਖ ਲਿਜਾ ਕੇ ਦਰਿਆ ਦੀ ਢਾਹ ਰੋਕਣ ਲਈ ਰੁੱਖ ਲਗਾ ਰਹੇ ਸਨ। ਮੈਂ ਉਹ ਸਾਰੀ ਰਾਤ ਤੰਬੂ ਵਿੱਚ ਉਨ੍ਹਾਂ ਨਾਲ ਕੱਟੀ। ਉਹ ਸਾਰੇ ਨਿਰਾਸ਼ ਸਨ ਤੇ ਰੱਬ ਨੂੰ ਮਿਹਣੇ ਮਾਰ ਰਹੇ ਸਨ ਕਿ ਉਨ੍ਹਾਂ ਨਾਲ ਕੀ ਹੋ ਰਿਹਾ ਏ, ਪਰ ਗੁਰੂ ਆਸ਼ੇ ਅਨੁਸਾਰ ਵਾਹਿਗੁਰੂ ਦਾ ਜਾਪ ਵੀ ਕਰ ਰਹੇ ਸਨ। ਵਾਹਿਗੁਰੂ ਦੇ ਜਾਪ ਨੇ ਆਲੇ-ਦੁਆਲੇ ਨਵੀਂ ਊਰਜਾ ਦਾ ਸੰਚਾਰ ਕੀਤਾ। ਉਸ ਤੰਬੂ ਵਿੱਚ ਮੌਜੂਦ 35-40 ਯੋਧੇ ਫ਼ਸਲ ਤੇ ਜ਼ਮੀਨ ਬਚਾਉਣ ਲਈ ਹਰ ਲੜਾਈ ਲੜਨ ਲਈ ਤਿਆਰ ਸਨ। ਰੋਜ਼ੀ ਰੋਟੀ ਹੜ੍ਹਦੀ ਦਿਸ ਰਹੀ ਸੀ ਪਰ ਹੌਸਲੇ ਵਿੱਚ ਸਨ। ਮੈਂ ਤਿੰਨ ਘੰਟੇ ਚੁੱਪਚਾਪ ਸੁਣਦਾ ਰਿਹਾ । ਮੈਨੂੰ ਲੱਗਾ ਕਿ ਇਹ ਬੰਦੇ ਸਪਾਰਟਨ ਯੋਧੇ ਨੇ ਜੋ ਆਪਣਾ ਦੇਸ਼ ਬਚਾਉਣ ਲਈ ਮਰਨ ਮਾਰਨ ’ਤੇ ਉਤਾਰੂ ਨੇ। ਤੜਕਸਾਰ ਸਾਹਮਣੇ ਦਰਿਆ ਦੇ ਦੂਜੇ ਪਾਸੇ ਗੁਰੂ ਅਮਰਦਾਸ ਸਾਹਿਬ ਦੇ ਦਰ ਸ੍ਰੀ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤ ਵੇਲੇ ਗੁਰਬਾਣੀ ਦਾ ਪ੍ਰਵਾਹ ਚੱਲਿਆ ਤਾਂ ਜਾਪਿਆ ਕਿ ਇਹ ਸ਼ੇਰ- ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਖ਼ਾਲਸਾ ਫ਼ੌਜ ਦੇ ਉਹ ਸਿਪਾਹੀ ਨੇ ਜੋ ਅਰਦਾਸਾ ਸੋਧ ਕੇ ਅਟਕ ਦਰਿਆ ਨੂੰ ਪਾਰ ਕਰ ਗਏ ਸਨ। ਉਸ ਰਾਤ ਛੇ ਘੰਟੇ ਏਨਾ ਮੀਂਹ ਵਰਿਆ ਕਿ ਬੰਨ੍ਹ ਉੱਪਰ ਥਾਂ-ਥਾਂ ਘਾਲ ਪੈ ਗਏ। ਟਰੈਕਟਰ ਚੱਲਣੇ ਬੰਦ। ਥੋੜ੍ਹਾ ਚਾਨਣ ਹੋਇਆ ਤੇ ਪੋਕਲੇਨ ਮਸ਼ੀਨ ਤੋਰੀ ਕਿ ਬੰਨ੍ਹ ਦੇ ਪਿੱਛੇ ਰਿੰਗ ਬੰਨ੍ਹ (ਸੈਕਿੰਡ ਡਿਫੈਂਸ ਲਾਈਨ) ਲਾਇਆ ਜਾਵੇ। ਜ਼ਮੀਨ ਮਾਲਕ ਅੜ੍ਹ ਗਿਆ। ਉਹਨੂੰ ਮੌਕੇ ’ਤੇ 16 ਲੱਖ ਰੁਪਈਆ ਦੇਣ ਦਾ ਸਮਝੌਤਾ ਕੀਤਾ ਪਰ ਸਮਾਂ ਗਵਾਚ ਗਿਆ। ਬੰਨ੍ਹ ਕੇਵਲ ਇੱਕ ਵੱਟ ਮਾਤਰ ਰਹਿ ਗਿਆ।

ਹੌਸਲੇ ਟੁੱਟ ਚੁੱਕੇ ਸਨ। ਰੌਲਾ ਪੈ ਗਿਆ ਕਿ ਬੰਨ੍ਹ ਚੰਦ ਮਿੰਟਾਂ ਦੀ ਖੇਡ ਏ। ਮੀਡੀਆ ਹੀ ਮੀਡੀਆ। ਰਿੰਗ ਬੰਨ੍ਹ ਲਾਉਣ ਵਾਲੀ ਪੋਕਲੇਨ ਵੀ ਕੱਢ ਲਈ ਕਿ ਕਿਤੇ ਉਹ ਬੰਨ੍ਹ ਟੁੱਟਣ ਵੇਲੇ ਪਾਣੀ ਵਿੱਚ ਨਾ ਫਸ ਜਾਵੇ। ਸੰਗਤ ਬੇਸ ਕੈਂਪ ਵੱਲ ਮੁੜਨ ਲੱਗੀ। ਜੇ ਕੋਈ ਬੰਨ੍ਹ ਵੱਲ ਜਾ ਰਿਹਾ ਹੁੰਦਾ ਤਾਂ ਮੂੰਹੋ ਨਿਕਲਦਾ ਹੁਣ ਕੀ ਰਹਿ ਗਿਆ। ਸਭ ਆਸਾਂ ਉਮੀਦਾਂ ਟੁੱਟ ਗਈਆਂ, ਹੰਭ ਹਾਰ ਗਏ। ਅਚਾਨਕ ਬੋਲੇ ਸੋ ਨਿਹਾਲ ਦਾ ਜੈਕਾਰਾ ਗੂੰਜਦਾ ਏ। ਕੁਝ ਨੌਜਵਾਨ ਸਾਹਮਣੇ 80-90 ਮੀਟਰ ਦੂਰ ਖੜ੍ਹੇ 15-16 ਵੱਡੇ ਸਫੈਦਿਆਂ ਨੂੰ ਵੱਢ ਕੇ ਦਰਿਆ ਦੇ ਮੂੰਹ ਵਿੱਚ ਦੇਣ ਲਈ ਉੱਠਦੇ ਨੇ ਤਾਂ ਜੋ ਢਾਹ ਨੂੰ ਕੁਝ ਦੇਰ ਤੱਕ ਰੋਕਿਆ ਜਾ ਸਕੇ। ਕੋਈ ਅਦੁੱਤੀ ਸ਼ਕਤੀ ਉਨ੍ਹਾਂ ’ਤੇ ਮਿਹਰਬਾਨ ਹੁੰਦੀ ਏ। ਇਕਹਿਰੇ ਸਰੀਰਾਂ ਵਾਲੇ ਮੁੰਡੇ ਚੰਦ ਪਲਾਂ ਵਿੱਚ ਸਾਰੇ ਸਫ਼ੈਦੇ ਝੋਨੇ ਵਿਚਦੀ ਮੋਢਿਆਂ ਉਪਰ ਚੁੱਕ ਕੇ ਢਾਹ ਰੋਕਣ ਲਈ ਲਾਉਂਦੇ ਨੇ ਤੇ ਜੈਕਾਰੇ ਲਾਉਂਦੇ ਨੇ। ਦੇਖਾ ਦੇਖੀ ਸੰਗਤ ਰੁਕਦੀ ਏ। ਦੁਬਾਰਾ ਹੌਸਲਾ ਬੰਨ੍ਹਕੇ ਸੰਗਤ ਮਿੱਟੀ ਦੇ ਬੋਰੇ ਲਾਉਣ ਲੱਗਦੀ ਏ। ਪੋਕਲੇਨ ਮਸ਼ੀਨ ਦੁਬਾਰਾ ਸੱਦੀ ਜਾਂਦੀ ਏ ਰਿੰਗ ਬੰਨ੍ਹ ਬੰਨਣ ਲਈ। ਹੌਸਲੇ ਨੇ ਆਸ ਜਗਾਈ। ਚਾਰ ਪੋਕਲੇਨ ਮਸ਼ੀਨਾਂ ਮੰਗਵਾਈਆਂ ਜਾਂਦੀਆਂ ਨੇ।

ਸ਼ੋਸਲ ਮੀਡੀਆ ’ਤੇ ਅਪੀਲ ਜਾਰੀ ਹੁੰਦੀ ਏ ਕਿ ਖਿਜਰਪੁਰ ਨੇੜੇ ਮਿੱਟੀ ਦੇ ਭਰੇ ਹੋਏ ਬੋਰੇ ਲੈ ਕੇ ਪੁੱਜੋ। ਆਦਮਪੁਰ, ਬਰਨਾਲੇ, ਭੋਗਪੁਰ, ਤਲਵੰਡੀ ਭਾਈ ਤੋਂ ਮਿੱਟੀ ਦੀ ਸੇਵਾ ਲੈ ਕੇ ਤੁਰੇ ਹੋਏ ਨੌਜਵਾਨ ਟਰੈਕਟਰਾਂ ਦੇ ਮੂੰਹ ਖਿਜਰਪੁਰ ਵੱਲ ਤੋਰ ਲੈਂਦੇ ਨੇ। ਸੰਗਤ ਡਟੀ ਹੈ ਕਿ ਜਿੰਨੀ ਦੇਰ ਪਿੱਛੇ ਰਿੰਗ ਬੰਨ੍ਹ ਨਹੀਂ ਬੱਝਦਾ ਮੁੱਖ ਬੰਨ੍ਹ ਦੇ 150 ਫੁੱਟ ਪਾੜ ਵਿੱਚੋਂ ਦਰਿਆ ਦਾ ਪਾਣੀ ਬਾਹਰ ਨਾ ਵਗੇ। ਕੌਤਕ ਵਰਤਦਾ ਏ। ਸੰਗਤ ਦਰਿਆ ਦੇ ਸ਼ੂਕਦੇ ਪਾਣੀ ਨੂੰ ਸੱਤ ਘੰਟੇ ਰੋਕਣ ਵਿੱਚ ਕਾਮਯਾਬ ਰਹੀ। ਏਨੇ ਵਿੱਚ ਦਰਿਆ ਦੇ ਕੰਢੇ ਜਾਨ ਦਾ ਖ਼ਤਰਾ ਮੁੱਲ ਲੈ ਕੇ ਜੈਨਰੇਟਰ ਪਹੁੰਚਾਇਆ ਜਾਂਦਾ ਏ। ਲਾਈਟਾਂ ਜਗਦੀਆਂ ਨੇ। ਪੋਕਲੇਨ ਮਸ਼ੀਨਾਂ ਦੀਆਂ ਬਕਟਾਂ ਇਵੇਂ ਆ ਰਹੀਆਂ ਸਨ ਜਿਵੇਂ ਇੱਲਾਂ ਦਾ ਝੁੰਡ ਗੇੜੇ ਮਾਰਦਾ ਹੋਵੇ। ਰਾਤ 10 ਵਜੇ ਰਿੰਗ ਬੰਨ੍ਹ ਮੁਕੰਮਲ ਹੁੰਦਾ ਏ ਤੇ ਰਾਤ 10.10 ਵਜੇ ਮੁੱਖ ਬੰਨ੍ਹ ਪੂਰੀ ਤਰ੍ਹਾਂ ਟੁੱਟ ਜਾਂਦਾ ਏ। ਲੱਗਾ ਕਿ ਸ਼ਾਇਦ ਪਰਮਾਤਮਾ ਸੰਗਤ ਦਾ ਕੋਈ ਇਮਤਿਹਾਨ ਲੈ ਰਿਹਾ ਸੀ, ਜਿਸ ਵਿੱਚੋਂ ਉਸ ਨੇ ਆਪ ਹੀ ਹੌਸਲਾ ਤੇ ਸ਼ਕਤੀ ਦੇ ਕੇ ਪਾਰ ਲੰਘਾਉਣਾ ਸੀ। ਉਸ ਰਾਤ ਕੇਵਲ ਬੰਨ੍ਹ ਹੀ ਨਹੀਂ ਬਚਦਾ ਸਗੋਂ 15 ਪਿੰਡਾਂ ਦੇ ਲੋਕਾਂ ਦੀ ਹੱਕ ਸੱਚ ਦੀ 4500 ਏਕੜ ਫ਼ਸਲ ਤੇ ਸਭ ਤੋਂ ਵੱਧ ਉਨ੍ਹਾਂ ਦਾ ਰੱਬ ’ਤੇ ਵਿਸ਼ਵਾਸ ਬੱਝਦਾ ਏ। ਬਚਦਾ ਏ ਕਿ ਸੱਚੇ ਦਿਲੋਂ ਕੀਤੀ ਮਿਹਨਤ, ਸਿਰੜ ਨੂੰ ਪਰਮਾਤਮਾ ਆਪ ਸਹਾਈ ਹੋ ਕੇ ਨਿਵਾਜਦਾ ਏ। ਹੁਣ ਤੱਕ ਬਜ਼ੁਰਗਾਂ ਕੋਲੋਂ 1988 ਤੇ 1993 ਵਿੱਚ ਦਰਿਆ ਦੇ ਉਜਾੜੇ ਤੋਂ ਬਾਅਦ ਵਸੇਬੇ ਦੀਆਂ ਕਹਾਣੀਆਂ ਸੁਣਦੇ ਸਾਂ ਪਰ ਸ਼ਾਇਦ ਹੁਣ ਅਸੀਂ ਵੀ ਅਗਲੀ ਪੀੜ੍ਹੀ ਨੂੰ ਇਹ ਚੜ੍ਹਦੀ ਕਲਾ ਵਾਲੀ ਗਾਥਾ ਸੁਣਾਉਣ ਦੇ ਕਾਬਿਲ ਹੋਵਾਂਗੇ।

* ਜ਼ਿਲ੍ਹਾ ਲੋਕ ਸੰਪਰਕ ਅਫਸਰ, ਕਪੂਰਥਲਾ

ਸੰਪਰਕ: 97800-33132

Advertisement
×