DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੋ ਪਾਣੀ ਅੱਗੇ ਹਾਰੇ ਨਹੀਂ...

ਤਬਾਹੀ, ਬਰਬਾਦੀ ਦੇ ਨਾਲ ਇਹ ਹੜ੍ਹ ਸਾਨੂੰ ਕਿੰਨਾ ਕੁੱਝ ਹੋਰ ਦੇ ਗਏ, ਜੋ ਵਿਰਲਿਆਂ ਨੂੰ ਦਿਸਦੈ। ਹੜ੍ਹ ਏਕਾ ਵੀ ਦੇ ਗਿਆ। ਸਿੱਖ, ਹਿੰਦੂ, ਮੁਸਲਮਾਨ, ਈਸਾਈ ਇੱਕ ਹੋਏ। ਬੰਨ੍ਹਾਂ ’ਤੇ ਲੜਾਈ ਸਭ ਨੇ ਰਲ਼ ਕੇ ਲੜੀ। ਲੰਗਰ ਸਭ ਤੱਕ ਇੱਕੋ ਜਿਹਾ ਪਹੁੰਚਿਆ। ਦਵਾਈ ਦੀ ਲੋੜ ਸਭ ਨੂੰ ਪਈ। ਪਸ਼ੂਆਂ ਨੂੰ ਚਾਰਾ ਸਭ ਨੇ ਰਲ਼ ਕੇ ਪਾਇਆ। ਹਾਂ, ਇਹ ਸਾਡੇ ਸੁਭਾਅ ’ਚ ਸੀ ਤੇ ਹੈ ਕਿ ਅਸੀਂ ਲੜਦੇ-ਲੜਦੇ ‘ਕੱਠੇ ਹੋ ਜਾਂਦੇ ਹਾਂ ਤੇ ‘ਕੱਠੇ ਹੋ ਕੇ ਫੇਰ ਲੜ ਪੈਂਦੇ ਹਾਂ।
  • fb
  • twitter
  • whatsapp
  • whatsapp
Advertisement

ਜਿੱਥੇ ਟਰੈਕਟਰ ਸ਼ੂਕਦੇ ਸੀ, ਅੱਜ ਉਥੇ ਕਿਸ਼ਤੀ ਸ਼ੂਕ ਰਹੀ ਏ। ਲੰਗਰ ਨਾਲ ਭਰੀ; ਤੱਤੀਆਂ ਰੋਟੀਆਂ, ਤੱਤੀ ਦਾਲ਼। ਤਿਰਪਾਲਾਂ, ਪਾਣੀਆਂ ਦੀਆਂ ਬੋਤਲਾਂ, ਬਿਸਕੁਟ ਤੇ ਹੋਰ ਨਿੱਕ-ਸੁੱਕ। ਘਰ ਸੱਤ-ਸੱਤ ਫੁੱਟ ਪਾਣੀ ’ਚ ਘਿਰੇ ਹੋਏ। ‘ਕੱਲੇ-’ਕੱਲੇ ਘਰ ਮੂਹਰੇ ਕਿਸ਼ਤੀ ਰੁਕਦੀ ਹੈ, ‘ਭਾਈ ਪ੍ਰਸ਼ਾਦਾ ਆ ਗਿਆ। ਭਾਂਡਾ ਲੈ ਆਓ ਭਾਈ...।’

ਬੀਬੀ ਬਾਹਰ ਆਉਂਦੀ ਹੈ। ਅੱਧਖੜ ਉਮਰ। ਹੁਣੇ ਰੋ ਕੇ ਹਟੀ ਲੱਗਦੀ ਏ। ਪਾਣੀ ਦੀ ਧਾਰ ਗੱਲ੍ਹਾਂ ‘ਤੇ ਜੰਮੀ ਹੋਈ। ਕਹਿੰਦੀ, ‘ਪੰਜ ਜਣੇ ਆਂ ਬਾਬਾ...।’ ਵੀਹ-ਪੱਚੀ ਰੋਟੀਆਂ ਤੇ ਦਾਲ਼ ਦੇ ਕੇ ਸੀਚੇਵਾਲ ਵਾਲੇ ਬਾਬਾ ਬਲਬੀਰ ਸਿੰਘ ਕਹਿੰਦੇ, ‘ਕੁੜੀਏ ਸਿਲੰਡਰ ਸਲੁੰਡਰ ਭਰਾਉਣ ਵਾਲਾ ਹੋਇਆ ਤਾਂ ਦੱਸ ਦਿਓ, ਕੱਲ੍ਹ ਨੂੰ ਮੁੰਡਾ ਖਾਲੀ ਲੈ ਜਾਊ, ਭਰਿਆ ਦੇ ਜਾਊ।’

Advertisement

ਅਗਲੇ ਘਰ ਮੂਹਰੇ ਕਿਸ਼ਤੀ ਖੜ੍ਹਨ ਤੋਂ ਪਹਿਲਾਂ ਦੋ ਕੁੱਤਿਆਂ ਨੇ ਛੱਤ ਤੋਂ ਰੌਲ਼ਾ ਪਾ ਦਿੱਤਾ। ਉਹ ਜਾਣਦੇ ਨੇ ਕਿ ਹੁਣ ਇਹੀ ਬੰਦੇ ਬਿਸਕੁਟ, ਬਰੈੱਡ ਦੇਣ ਆਉਂਦੇ ਨੇ। ਰੋਟੀ-ਪਾਣੀ ਫੜਾ ਕਿਸ਼ਤੀ ਅੱਗੇ ਤੁਰ ਪੈਂਦੀ ਏ।

ਮੈਂ ਤੇ ਮੇਰੇ ਸਾਥੀ ਵੀ ਕਿਸ਼ਤੀ ‘ਚ ਨੇ। ਕਿਸ਼ਤੀ ਚਾਲਕ ਤੇ ਬਾਬਾ ਦੱਸੀ ਜਾਂਦੈ, ‘ਪਹਿਲੇ ਦਿਨ ਜਦੋਂ ਪਾਣੀ ਚੜ੍ਹਿਆ ਹਾਹਾਕਾਰ ਮੱਚ ਗਈ। ਕਈਆਂ ਨੇ ਛੱਤਾਂ ‘ਤੇ ਪਸ਼ੂ ਚੜ੍ਹਾ ਲਏ। ਕਈਆਂ ਨੇ ਵੇਲ਼ਾ ਸਾਂਭਦਿਆਂ ਰਿਸ਼ਤੇਦਾਰੀਆਂ ‘ਚ ਬੰਨ੍ਹ ਛੱਡੇ। ਕਈਆਂ ਨੇ ਨਿਆਣੇ ਦੂਰ ਛੱਡ ਆਂਦੇ। ਇਹ ਬਹਾਦਰ ਲੋਕ ਨੇ, ਫੌਜੀਆਂ ਵਰਗੇ। ਬਹੁਤੇ ਘਰਾਂ ਨੇ ਆਵਦੀਆਂ ਕਿਸ਼ਤੀਆਂ ਰੱਖੀਆਂ। ਬਾਊਪੁਰ ਜਦੀਦ ਦੇ ਲੋਕ ਪਾਣੀ ਤੋਂ ਬਾਹਲ਼ਾ ਨਹੀਂ ਡਰਦੇ। ਇਹ ਨੱਕੇ ਮੋੜਨ ਤੇ ਨੱਕ ਭੰਨਣ ‘ਚ ਮਾਹਰ ਆ।’

ਪੂਰਾ ਦਿਨ ਵੱਖੋ-ਵੱਖਰੇ ਘਰਾਂ ‘ਚ ਜਾ ਕੇ ਅਸੀਂ ਮੁੜ ਆਏ। ਉੱਚੀ ਥਾਂ ਰਾਸ਼ਨ ਨਾਲ ਲੱਦੀਆਂ ਟਰਾਲੀਆਂ ਇਉਂ ਖੜ੍ਹੀਆਂ, ਜਿਵੇਂ ਮੁੜ ਕਿਸਾਨ ਅੰਦੋਲਨ ਸ਼ੁਰੂ ਹੋਣ ਲੱਗਾ ਹੋਵੇ। ਪਾਣੀ ਮਾਰਿਆਂ ਤੱਕ ਪਾਣੀ ਦੀਆਂ ਬੋਤਲਾਂ ਪੁਚਾਉਣ ਲਈ ਲੋਕ ਕਿਸ਼ਤੀਆਂ ਉਡੀਕ ਰਹੇ ਨੇ। ਜਿੰਨੇ ਲੋਕ ਪਾਣੀ ‘ਚ ਘਿਰੇ, ਉਸ ਤੋਂ ਕਈ ਸੈਂਕੜੇ ਵੱਧ ਮੱਦਦ ਵਾਲੇ ਪਾਣੀ ਪਾਰ ਕਰਨ ਦੀਆਂ ਕੋਸ਼ਿਸ਼ਾਂ ‘ਚ ਲੱਗੇ ਹੋਏ।

ਸਾਰੀ ਰਾਤ ਮੇਰੀ ਪਾਸੇ ਮਾਰਦਿਆਂ ਲੰਘੀ। ਕੈਸੀ ਮਿੱਟੀ ਦੇ ਮਨੁੱਖ ਨੇ ਇਹ। ਪਾਣੀ ਮੂਹਰੇ ਵੀ ਨਹੀਂ ਹਾਰਦੇ। ਮਾਵਾਂ ਦੇ ਕਿੰਨੇ ਵੱਡੇ ਜੇਰੇ। ਚੜ੍ਹਦੀ ਕਲਾ ‘ਚ ਪੁੱਛਦੀਆਂ, ‘ਚਾਹ-ਪਾਣੀ ਪੀ ਕੇ ਜਾਇਓ। ਕਿਸੇ ਹੋਰ ਸੂਬੇ ‘ਚ ਆਫ਼ਤ ਆਵੇ ਤਾਂ ਵੀਹਾਂ ਵਾਲੀ ਪਾਣੀ ਦੀ ਬੋਤਲ ਸੌ ਦੀ ਹੋ ਜਾਂਦੀ। ਏਥੇ ਪਾਣੀ ਪੁਚਾਉਣ ਲਈ ਲੋਕ ਲੜੀ ਜਾਂਦੇ ਨੇ। ਲੰਗਰ ਵਰਤਾਉਣ ਲਈ ਬਹਿਸੀ ਜਾਂਦੇ। ਬਾਬੇ ਨਾਨਕ ਨੇ ਕੈਸੀ ਭਾਵਨਾ ਭਰੀ ਇਨ੍ਹਾਂ ‘ਚ।

ਅਗਲੀ ਸਵੇਰ ਫ਼ਿਰੋਜ਼ਪੁਰ ਦੇ ਪਿੰਡਾਂ ਵੱਲ ਨਿਕਲ ਗਏ। ਗੱਟੀ ਰਾਜੋਕੇ, ਟੇਂਡੀਵਾਲਾ ਤੇ ਹੋਰ ਪਿੰਡ ਦੇਖ ਧਾਹ ਨਿਕਲ ਗਈ। ਇਉਂ ਲੱਗਾ ਇਹ 23 ਜ਼ਿਲ੍ਹਿਆਂ ਵਾਲੇ ਪੰਜਾਬ ਦੇ ਵਾਸੀ ਨਹੀਂ। ਕਿਸੇ ਹੋਰ ਸੂਬੇ ਦੇ ਵਸਨੀਕ ਨੇ ਜਾਂ ਸੱਤਰ ਸਾਲ ਪਹਿਲਾਂ ਵਾਲੇ ਪੰਜਾਬ ਦੇ ਵਾਸੀ। ਪਾਣੀ ਨਾ ਵੀ ਆਉਂਦਾ ਤਾਂ ਵੀ ਹਾਲਾਤ ਹੱਦੋਂ ਵੱਧ ਮਾੜੇ। ਇਹ ਪਾਣੀ ਘਟਣ ਦੀ ਉਡੀਕ ਕਰੀ ਜਾਂਦੇ, ਉਹ ਅੱਗੋਂ ਵਧੀ ਜਾਂਦਾ। ਅੱਸੀਆਂ ਤੋਂ ਉਤੇ ਵਾਲੀ ਬੇਬੇ ਮੂਹਰੇ ਮੈਂ ਤੇ ਹਰਮਨ ਥਿੰਦ ਨੇ ਮਾਈਕ ਕਰ ਦਿੱਤਾ। ਉਹਦੇ ਕੰਬਦੇ ਹੱਥ ਜੋਸ਼ ‘ਚ ਰੁਕ ਗਏ। ਮੱਧਮ ਅਵਾਜ਼ ਤਿੱਖੀ ਹੋ ਗਈ। ਜੋਸ਼ ‘ਚ ਬੋਲੀ, ‘ਸੱਠ-ਪੈਂਹਠ ਵਰ੍ਹੇ ਹੋ ਗਏ ਵਿਆਹ ਕੇ ਆਈ ਨੂੰ। ਮੈਂ ਘਰ ਜੋੜ ਕੇ ਰੱਖਿਆ, ਇਹ ਪਾਣੀ ਵਾਰ-ਵਾਰ ਤੋੜਦਾ ਰਿਹਾ। ਮੈਂ ਘਰ, ਪਿੰਡ ਨਹੀਂ ਛੱਡਿਆ, ਇਹਨੇ ਸਾਡਾ ਕੱਖ ਨਹੀਂ ਛੱਡਿਆ। ਸਾਨੂੰ ਮਾਜਵਾ (ਮੁਆਵਜ਼ਾ) ਨਹੀਂ ਚਾਹੀਦਾ, ਸਾਡੀਆਂ ਪੈਲੀਆਂ ਪੱਕੀਆਂ ਹੋ ਜਾਣ ਬਸ। ਲੀਡਰ ਆਉਂਦੇ, ਤੁਰ ਜਾਂਦੇ। ਵੋਟਾਂ ਵੇਲ਼ੇ ਪਿਓ-ਪਿਓ ਕਰਦੇ, ਜਿੱਤਣ ਪਿੱਛੋਂ ਤੁਸੀਂ ਕੌਣ?’

‘ਥੋਨੂੰ ਤੁਰੰਤ ਕਿਹੜੀ ਚੀਜ਼ ਦੀ ਲੋੜ ਹੈ? ‘ ਮੈਂ ਪੁੱਛਿਆ।

ਬੇਬੇ ਬੋਲੀ, ‘ਬਸ ਪੈਲੀਆਂ ਪੱਕੀਆਂ ਹੋ ਜਾਣ, ਹੋਰ ਕੁਛ ਨੀਂ ਚਾਹੀਦਾ।’

‘ਪੈਲੀਆਂ ਪੱਕੀਆਂ’, ਉਹ ਕਿਵੇਂ?

‘ਪੁੱਤ ਅਸੀਂ ਇਨ੍ਹਾਂ ਨੂੰ ਵਾਹ ਸਕਦੇ ਹਾਂ। ਸਾਡੇ ਨਾਂ ਕੁਛ ਨਹੀਂ। ਗਿਰਦੌਰੀਆਂ ਵੀ ਤੋੜ ਦਿੱਤੀਆਂ। ਕਾਗ਼ਜ਼ਾਂ ‘ਚ ਸਾਡਾ ਨਾਂ ਹੀ ਨਹੀਂ ਬੋਲਦਾ, ਤਾਂ ਸਾਡਾ ਕੀ ਆ ਏਥੇ। ਤੁਸੀਂ ‘ਵਾਜ਼ ਦਿਓ ਉਤਲਿਆਂ ਨੂੰ, ਕੀ ਪਤਾ ਥੋਡੀ ਸੁਣ ਲੈਣ। ਮੈਂ ਕਿੰਨਾ ਕੁ ਚਿਰ ਜਿਊਣਾ। ਅਗਲੇ ਹੜ੍ਹ ਤੱਕ ਮੈਂ ਕਿਹੜਾ ਹੋਣਾ?’

ਬੇਬੇ ਚੁੱਪ ਕਰ ਗਈ। ਮੇਰੀਆਂ ਅੱਖਾਂ ਗਿੱਲੀਆਂ ਹੋ ਗਈਆਂ। ਕਿੰਨੀ ਦਲੇਰ ਹੈ ਬੇਬੇ। ਨਾ ਪਿੰਡ ਛੱਡਿਆ, ਨਾ ਸਿਰੜ। ਬੇਬੇ ਨੇ ਸਾਰੀ ਉਮਰ ਹਾਲਾਤ ਨਾਲ ਲੜਦਿਆਂ ਕੱਢ ਛੱਡੀ। ਪੁੱਤ ਦਿਹਾੜੀ ਜੋਤਾ ਕਰਦੇ। ਸਲਾਮ, ਸੱਚੀਂ ਸਲਾਮ।

ਟੇਂਡੀਵਾਲਾ ਪਿੰਡ ਇਉੁਂ ਹੈ, ਜਿਵੇਂ ਨਿਆਗਰਾ ਫਾਲ ‘ਚ ਵਸਿਆ ਹੋਵੇ। ਕਿਸ਼ਤੀ ਤੋਂ ਬਿਨਾਂ ਕੋਈ ਚਾਰਾ ਨਹੀਂ। ਝੋਨਾ, ਮੱਕੀ, ਕਮਾਦ, ਚਾਰਾ ਕੁੱਛ ਨਹੀਂ। ਉੱਚੀਆਂ ਥਾਵਾਂ ‘ਤੇ ਲੋਕ ਤੇ ਹਰ ਪਾਸੇ ਪਾਣੀ। ਜਿਹੜਾ ਦਰਿਆ ਪਿੰਡ ਤੋਂ ਪੰਜ-ਸੱਤ ਏਕੜ ਪਿਛਾਂਹ ਵਗਦਾ ਸੀ, ਹੁਣ ਸਿਰਫ਼ ਇੱਕ ਏਕੜ ਦੂਰ ਰਹਿ ਗਿਆ। ਲੋਕ ਬਹੁਤੇ ਨੀਵੇਂ ਘਰਾਂ ਨੂੰ ਖੁਦ ਢਾਹ ਕੇ ਇੱਟਾਂ ਕੱਢ ਰਹੇ ਨੇ। ਵੀਹ-ਪੱਚੀ ਬੰਦੇ ਕਾਹਲੀ-ਕਾਹਲੀ ਏਸ ਕੰਮ ਲੱਗੇ ਨੇ। ਪੁੱਛਿਆ ਤਾਂ ਕਹਿੰਦੇ, ‘ਦਰਿਆ ਹੋ ਸਕਦਾ ਪਿੰਡ ‘ਚ ਵੜ ਜਾਵੇ। ਇੱਟਾਂ ਵੀ ਰੋੜ੍ਹ ਕੇ ਲੈ ਜਾਊ। ਅਸੀਂ ਸੋਚਿਆ ਇੱਟਾਂ ਤਾਂ ਬਚਾ ਲਈਏ, ਫੇਰ ਇਹ ਵੀ ਨਹੀਂ ਲੱਭਣੀਆਂ।

ਫ਼ਿਲਮਾਂ ‘ਚ ਪੁਰਾਣਾ ਪੰਜਾਬ ਦਿਖਾਉਣ ਲਈ ਜਿਹੜੇ ਘਰ ਦਿਖਾਏ ਜਾਂਦੇ, ਏਥੇ ਉਹੋ ਜਿਹੇ ਆਮ ਦਿਸਦੇ। ਕਈ ਕੱਚੇ ਵੀ। ਬਹੁਤੇ ਘਰਾਂ ਦੇ ਵਿਹੜੇ ਕੱਚੇ। ਲੋਕ ਚਾਹ-ਪਾਣੀ ਪੁੱਛੀ ਜਾਂਦੇ। ਕਹੀ ਜਾਂਦੇ, ‘ਰੋਟੀ-ਪਾਣੀ ਛਕੇ ਬਿਨਾਂ ਨਹੀਂ ਜਾਣਾ ਬਈ...।’

ਹੜ੍ਹ ਦਾ ਪਾਣੀ ਮੈਨੂੰ ਮੁਗਲਾਂ ਵਰਗਾ ਜਾਪਣ ਲੱਗਾ। ਉਨ੍ਹਾਂ ਨੂੰ ਟੱਕਰਨ ਵਾਲ਼ੇ ਅੱਜ ਨਵੇਂ ਹਾਲਾਤ ਨੂੰ ਟੱਕਰਦੇ। ਰਾਹ ‘ਚ ਲੀਡਰਾਂ ਦੀਆਂ ਕਾਰਾਂ ਘੂਕਾਂ ਪਾਉਂਦੀਆਂ ਜਾਂਦੀਆਂ। ਪੰਜ-ਪੰਜ, ਸੱਤ-ਸੱਤ ਗੱਡੀਆਂ ਅੱਗੇ ਪਿੱਛੇ। ਚਿੱਟੇ ਲੀੜਿਆਂ ਵਾਲੇ ਉੱਤਰਦੇ। ਗ੍ਰੈਮੀ ਐਵਾਰਡ ਜਿੱਤਣ ਵਾਲਿਆਂ ਵਾਂਗ ਹੱਥ ਹਿਲਾਉਂਦੇ। ਆਖਦੇ, ‘ਨਾਲ ਖੜ੍ਹੇ ਹਾਂ, ਨਾਲ ਹਾਂ ਬਸ। ਚਿੰਤਾ ਨਹੀਂ ਕਰਨੀ। ਥੋਡੇ ਪੁੱਤ ਹਾਂ, ਭਰਾ ਹਾਂ।’ ਡੁੱਬੇ ਲੋਕ ਸੋਚੀ ਜਾਂਦੇ ਸਾਡੇ ਪੁੱਤ-ਭਰਾਵਾਂ ਨੂੰ ਸਾਡੇ ਤੋਂ ਕਾਹਦਾ ਖਤਰਾ। ਏਨਾ ਲਾਮ-ਲਾਸ਼ਕਰ ਲੈ ਕੇ ਕਾਹਤੋਂ ਆਏ। ਦੇਣਗੇ ਕੀ? ਕਰਨਗੇ ਕੀ?

ਨੇਤਾ ਜੀ ਕਹਿੰਦੇ, ‘ਪਾਰਟੀ ਦਾ ਹੁਕਮ ਹੋ ਗਿਆ, ਬਸ ਦਿਨ-ਰਾਤ ਨਾਲ ਹਾਂ...।’

ਹੈਂ, ਪਾਰਟੀ ਦਾ ਤਾਂ ਹੁਕਮ ਹੋ ਗਿਆ। ਸਾਡੀ ਬੇਨਤੀ ਦਾ ਕੀ ਬਣਿਆ। ਬੰਨ੍ਹ ਕਿਹੜਾ ਪਹਿਲੀ ਵਾਰ ਟੁੱਟੇ। ਖੇਤ ਕਿਹੜਾ ਪਹਿਲੀ ਵਾਰ ਡੁੱਬੇ। ਪਸ਼ੂ ਕਿਹੜਾ ਪਹਿਲੀ ਵਾਰ ਰੁੜ੍ਹੇ। ਬੰਦੇ ਕਿਹੜਾ ਪਹਿਲੀ ਵਾਰ ਮਰੇ। ਘਰ ਕਿਹੜਾ ਪਹਿਲੀ ਵਾਰ ਢਹੇ।

ਨੇਤਾ ਜੀ ਮਿੰਟੋ-ਮਿੰਟੀ ਭੀੜ ਚੀਰ ਗੱਡੀਆਂ ‘ਚ ਜਾ ਬਹਿੰਦੇ। ਟੂੰ, ਟੂੰ ਕਰਦੀਆਂ ਗੱਡੀਆਂ ਦਿਸਣੋਂ ਬੰਦ ਹੋ ਜਾਂਦੀਆਂ।

ਇਹ ਹਾਲਾਤ ਸਾਰੇ ਹੜ੍ਹ ਪੀੜ੍ਹਤ ਇਲਾਕਿਆਂ ਦੇ ਨੇ। ਏਹੀ ਕੁੱਝ ਸੀ ਤੇ ਹੈ। ਇਹ ਲੋਕ ਮਰਨ ਤੋਂ ਪਹਿਲਾਂ ਜਿਊਣਾ ਚਾਹੁੰਦੇ ਨੇ, ਚੰਗੀ ਤਰ੍ਹਾਂ ਜਿਊਣਾ। ਬਿਨਾਂ ਡਰ ਤੋਂ। ਬਗੈਰ ਪਾਣੀ ਦੇ ਖੌਫ਼ ਤੋਂ। ਪਾਣੀ ਇਨ੍ਹਾਂ ਦੀਆਂ ਉਮੀਦਾਂ ਰੋੜ੍ਹ ਲਿਜਾਂਦਾ। ਘਰ ਦੀਆਂ ਇੱਟਾਂ, ਮਿੱਟੀ ਦਾ ਮੋਹ ਕੈਸਾ ਹੁੰਦੈ, ਇਨ੍ਹਾਂ ਦਾ ਸਿਰੜ ਦੱਸਦਾ। ਸਰਹੱਦੀ ਪਿੰਡ ਦੀ ਇੱਕ ਬੀਬੀ ਨੂੰ ਮੈਂ ਪੁੱਛਿਆ, ‘ਜਦੋਂ ਪਤਾ ਸੀ ਮੌਤ ਆ ਰਹੀ ਏ, ਘਰ ਛੱਡ ਕੈਂਪ ‘ਚ ਚਲੇ ਜਾਂਦੇ।’

ਉਹ ਬੰਬ ਵਾਂਗ ਫਟੀ, ‘ਇਉਂ ਕਿਵੇਂ ਚਲੇ ਜਾਂਦੇ। ਇਨ੍ਹਾਂ ਤਾਂ ਖੇਡ ਬਣਾ ਛੱਡੀ ਆ। ਪਰਲੇ ਦੇਸੋਂ ਠਾਹ-ਠੂਹ ਹੋਵੇ, ਕਹਿੰਦੇ ਪਿੰਡ ਛੱਡ ਦਿਓ। ਬੰਨ੍ਹ ਟੁੱਟੇ, ਕਹਿੰਦੇ ਪਿੰਡ ਛੱਡ ਜਾਓ। ਅਸੀਂ ਇੱਕ-ਇੱਕ ਇੱਟ ’ਕੱਠੀ ਕਰਨ ‘ਤੇ ਵਰ੍ਹੇ ਲਾ ਛੱਡੇ ਤੇ ਇਹ ਕਹਿੰਦੇ, ਘਰ ਛੱਡ ਦਿਓ। ਮਰਾਂਗੇ ਵੀ ਏਥੇ, ਜਿਊਣਾ ਵੀ ਏਥੇ ਹੀ।’

‘ਘਰ ਦੇ ਬੰਦੇ ਕਿੱਥੇ...?’

‘ਬੰਨ੍ਹ ਟੁੱਟਣ ਲੱਗਾ ਸੀ, ਓਧਰ ਗਏ। ਰਾਤ ਨੂੰ ਪਹਿਰਾ ਦਿੰਦੇ ਸਾਰੇ। ਬੰਨ੍ਹ ‘ਚ ਪਾੜ ਨਾ ਪੈ ਜਾਵੇ। ਮਿੱਟੀ ਦੇ ਬੋਰੇ ਭਰ-ਭਰ ਬੰਨ੍ਹ ਲਾਈ ਜਾਂਦੇ। ਜਾ ਕੇ ਵੇਖ ਲਓ।’

ਅੱਗੇ ਬੰਨ੍ਹ ‘ਤੇ ਇੱਕ ਬਾਂਹ ਵਾਲਾ ਮੁੰਡਾ ਸਿਰ ‘ਤੇ ਮਿੱਟੀ ਢੋਅ ਰਿਹਾ। ਉਹਦਾ ਸਾਹ ਚੜ੍ਹਿਆ ਹੋਇਆ, ਪਰ ਪਾਣੀ ਵੱਲ ਦੇਖ ਕਦਮ ਹੋਰ ਤੇਜ਼ ਕਰ ਦਿੰਦਾ। ਅੱਜ ਉਹ ਇੱਕ ਬਾਂਹ ਨਾਲ ਕਈ ਬਾਹਾਂ ਵਾਲਾ ਕੰਮ ਕਰ ਰਿਹੈ। ਲਾਲ ਸੁਰਖ ਚਿਹਰਾ। ਮੁੜ੍ਹਕੇ ਨਾਲ ਭਰਿਆ। ਉਹਦੇ ਕੋਲ ਗੱਲ ਕਰਨ ਦੀ ਵਿਹਲ ਨਹੀਂ। ਉਹਨੂੰ ਸਿਰਫ਼ ਖੁਰਦਾ ਬੰਨ੍ਹ ਦਿਸ ਰਿਹੈ।

ਮੇਰਾ ਜੀਅ ਕੀਤਾ ਇਸ ਬੰਦੇ ਦੇ ਪੈਰਾਂ ਥੱਲੇ ਹੱਥ ਦੇਵਾਂ ਤੇ ਪੁੱਛਾਂ, ‘ਕਿੱਥੋਂ ਲਿਆਉਂਦੇ ਓ ਏਨਾ ਹੌਸਲਾ, ਕੀ ਖਾਂਦੇ ਓ, ਥੋਨੂੰ ਗੁੜ੍ਹਤੀ ਕੀਹਨੇ ਦਿੱਤੀ।’

ਰਮਦਾਸ ਕੋਲ ਇੱਕ ਮੁੰਡਾ ਲੋਕਾਂ ਨੂੰ ਘੇਰ-ਘੇਰ ਚਾਹ ਪਿਆ ਰਿਹੈ। ਕਹਿੰਦਾ, ‘ਆਹ ਸਾਹਮਣਲੇ 16 ਖੇਤ ਮੇਰੇ ਆ ਪਾਣੀ ‘ਚ ਡੁੱਬੇ। ਮੈਂ ਸੋਚਿਆ ਜੋ ਹੋਣਾ ਸੀ, ਹੋ ਗਿਆ, ਜਿੰਨੇ ਜੋਗਾ ਹਾਂ, ਓਨੀ ਕੁ ਸੇਵਾ ਤਾਂ ਕਰ ਛੱਡਾਂ।’

ਹੁਣ ਤਸਵੀਰ ਦਾ ਦੂਜਾ ਪਾਸਾ ਦਿਸਣ ਲੱਗਾ। ਪਾਣੀ ਘਟਿਆ। ਦੂਰ ਛੱਡੇ ਪਸ਼ੂ ਘਰਾਂ ਵੱਲ ਲਿਆਉਣ ਦਾ ਕੰਮ ਸ਼ੁਰੂ ਹੋ ਗਿਆ। ਪਾਣੀ ਦੀ ਤਬਾਹੀ ਦੀ ਗਿਣਤੀ-ਮਿਣਤੀ ਸ਼ੁਰੂ ਹੋ ਗਈ। ਕਿੰਨੇ ਘਰ ਢਹੇ, ਕੀ ਗੁਆਚਿਆ, ਕੀ ਰੁੜ੍ਹਿਆ, ਜਰਬਾਂ-ਤਕਸੀਮਾਂ। ਕੌਣ ਵੱੱਧ ਲੋੜਵੰਦ, ਕੌਣ ਘੱਟ। ਕਾਗ਼ਜ਼ਾਂ ਦਾ ਢਿੱਡ ਭਰਨ ਲੱਗਾ। ਦਿੱਲੀ ਵਾਲੇ ਵਿਤਕਰਾ ਕਰਦੇ, ਪੰਜਾਬ ਵਾਲੇ ਸਿਆਸਤ ਕਰਦੇ, ਸੌਂਕਣਾਂ ਵਾਲੇ ਮਿਹਣੇ ਸ਼ੁਰੂ। ਬੰਨ੍ਹ ਫ਼ਲਾਣੇ ਦੀ ਗ਼ਲਤੀ ਨਾਲ ਟੁੱਟੇ, ਫ਼ਲਾਣੇ ਨੇ ਚਮਕਣ ਲਈ ਨੋਟ ਵੰਡੇ, ਫ਼ਲਾਣਾ ਏਦਾਂ, ਫ਼ਲਾਣਾ ਓਦਾਂ, ਕੰਮ ਸ਼ੁਰੂ। ਇਉਂ ਲੱਗਦੈ ਹੜ੍ਹ ‘ਚ ਡੁੱਬੀ ਕੁਰਸੀ ਬਾਹਰ ਕੱਢ ਸਾਰੇ ਸੁਕਾਉਣ ਦੀਆਂ ਕੋਸ਼ਿਸ਼ਾਂ ‘ਚ ਲੱਗ ਗਏ।

ਹੁਣ ਖੇਤਾਂ ‘ਚ ਟਰੈਕਟਰ ਤੇ ਜੇ.ਸੀ.ਬੀ. ਦਿਸ ਰਹੀਆਂ ਨੇ। ਰੇਤ ਚੁੱਕਣ ਦਾ ਕੰਮ ਸ਼ੁਰੂ। ਰੇਤ ਥੱਲਿਓਂ ਖੇਤ ਲੱਭਣੇ ਸ਼ੁਰੂ। ਖੇਤ ਲੱਭੂ ਤਾਂ ਕਣਕ ਹੋਊ। ਸਿਰੜੀ ਬੰਦੇ ਖੇਤਾਂ ਵਾਲਿਆਂ ਨੂੰ ਫ਼ਸਲਾਂ ਜੋਗੇ ਕਰਨ ਤੁਰ ਪਏ। ਤਮਾਸ਼ਬੀਨ ਘਰ ਬੈਠੇ ਤਮਾਸ਼ਾ ਦੇਖਦੇ, ਨਘੋਚਾਂ ਕੱਢਦੇ, ਨੁਕਸ ਲੱਭਦੇ। ਸ਼ਾਇਦ ਉਨ੍ਹਾਂ ਹਿੱਸੇ ਕੁਦਰਤ ਨੇ ਇਹੀ ਕੁੱਝ ਲਿਖਿਐ।

ਤਬਾਹੀ, ਬਰਬਾਦੀ ਦੇ ਨਾਲ ਇਹ ਹੜ੍ਹ ਸਾਨੂੰ ਕਿੰਨਾ ਕੁੱਝ ਹੋਰ ਦੇ ਗਏ, ਜੋ ਵਿਰਲਿਆਂ ਨੂੰ ਦਿਸਦੈ। ਹੜ੍ਹ ਏਕਾ ਵੀ ਦੇ ਗਿਆ। ਸਿੱਖ, ਹਿੰਦੂ, ਮੁਸਲਮਾਨ, ਈਸਾਈ ਇੱਕ ਹੋਏ। ਬੰਨ੍ਹਾਂ ’ਤੇ ਲੜਾਈ ਸਭ ਨੇ ਰਲ਼ ਕੇ ਲੜੀ। ਲੰਗਰ ਸਭ ਤੱਕ ਇੱਕੋ ਜਿਹਾ ਪਹੁੰਚਿਆ। ਦਵਾਈ ਦੀ ਲੋੜ ਸਭ ਨੂੰ ਪਈ। ਪਸ਼ੂਆਂ ਨੂੰ ਚਾਰਾ ਸਭ ਨੇ ਰਲ਼ ਕੇ ਪਾਇਆ। ਹਾਂ, ਇਹ ਸਾਡੇ ਸੁਭਾਅ ‘ਚ ਸੀ ਤੇ ਹੈ ਕਿ ਅਸੀਂ ਲੜਦੇ-ਲੜਦੇ ‘ਕੱਠੇ ਹੋ ਜਾਂਦੇ ਹਾਂ ਤੇ ‘ਕੱਠੇ ਹੋ ਕੇ ਫੇਰ ਲੜ ਪੈਂਦੇ ਹਾਂ।

ਇਹ ਹੜ੍ਹ ਜਾਂਦੇ-ਜਾਂਦੇ ਕਹਿ ਗਏ, ‘ਅਸੀਂ ਫੇਰ ਆਵਾਂਗੇ। ਤੁਸੀਂ ਆਪਣੀ ਤਿਆਰੀ ਰੱਖਿਓ, ਅਸੀਂ ਆਪਣੀ ਤਿਆਰੀ ‘ਚ ਰਹਾਂਗੇ। ਇੰਝ ਲੱਗਦਾ ਹੜ੍ਹ ਦਾ ਪਾਣੀ ਕਹਿ ਗਿਆ, ‘ਮੈਂ ਥੋਡੇ ਤੋਂ ਕਾਬੂ ਨਹੀਂ ਆਉਣਾ। ਤੁਸੀਂ ਬੰਨ੍ਹ ਪੱਕੇ ਕਰਨੇ ਨਹੀਂ, ਮੈਂ ਹਟਣਾ ਨਹੀਂ। ਨਾ ਥੋਡੇ ਤੋਂ ਦਰਿਆਵਾਂ, ਡਰੇਨਾਂ, ਨਾਲਿਆਂ ਦੀ ਸਫ਼ਾਈ ਹੋਣੀ ਏ। ਤੁਸੀਂ ਆਪਣੀ ਆਦਤ ਤੋਂ ਮਜਬੂਰ ਓ, ਮੈਂ ਆਪਣੀ ਤੋਂ। ਤੁਸੀਂ ਮੈਨੂੰ ਜਾਣਦੇ ਓ, ਮੈਂ ਥੋਨੂੰ। ਜਿਨ੍ਹਾਂ ਦੀਆਂ ਰੈਲੀਆਂ ‘ਚ ਤੁਸੀਂ ਸੱਜੀ ਬਾਂਹ ਖੜ੍ਹੀ ਕਰਕੇ ‘ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ’ ਕਹਿਨੇ ਓਂ, ਉਨ੍ਹਾਂ ਦਾ ਮੈਂ ਕਦੇ ਨੁਕਸਾਨ ਨਹੀਂ ਕੀਤਾ। ਸ਼ਾਇਦ ਨਾ ਹੀ ਕਰ ਸਕਾਂ। 88 ‘ਚ ਵੀ ਨਹੀਂ ਸੀ ਕਰ ਸਕਿਆ, ਹੁਣ 25 ‘ਚ ਵੀ ਨਹੀਂ। ਚੁਣੇ ਹੋਏ ਕਦੇ ਨਹੀਂ ਡੁੱਬੇ, ਚੁਣਨ ਵਾਲੇ ਡੁੱਬਦੇ ਰਹਿਣਗੇ।

ਇਹ ਹੜ੍ਹ ਕਲਾਕਾਰਾਂ, ਸਮਾਜ ਸੇਵੀ ਜਥੇਬੰਦੀਆਂ, ਕਈ ਸੱਚੇ ਆਗੂਆਂ, ਕਲੱਬਾਂ, ਵਿਦੇਸ਼ੀਂ ਵਸਦੇ ਭੈਣ-ਭਾਈਆਂ, ਮੀਡੀਆ, ਵਪਾਰੀਆਂ ਦੀ ਪਰਖ ਕਰਾ ਗਿਆ। ਕਿੰਨਾ ਕੁੱਝ ਕਰਦੇ ਨੇ ਉਹ ਪੰਜਾਬ ਲਈ। ਕਿੰਨਾ ਫ਼ਿਕਰ ਹੈ ਉਨ੍ਹਾਂ ਅੰਦਰ ਆਪਣਿਆਂ ਲਈ? ਡਾਲਰਾਂ, ਪੌਂਡਾਂ, ਦਰਹਾਮਾਂ, ਰੁਪੱਈਆਂ ਦਾ ਮੀਂਹ ਵਰ੍ਹਾ ਛੱਡਦੇ।

ਹਾਂ ਸੱਚ ਇੱਕ ਗੱਲ ਮੇਰੇ ਚੇਤੇ ‘ਚੋਂ ਨਿਕਲ ਨਾ ਜਾਵੇ। ਲੱਕ-ਲੱਕ ਪਾਣੀ ‘ਚ ਖੜ੍ਹੇ ਬਜ਼ੁਰਗ ਨੂੰ ਜਦੋਂ ਪੁੱਛਿਆ, ‘ਬਾਬਾ ਸਭ ਕੁੱਝ ਡੁੱਬਿਆ ਪਿਐ, ਤੁਸੀਂ ਹੱਸੀ ਜਾਨੇ ਓਂ...?’

ਕਹਿੰਦਾ, ‘ਸ਼ੇਰਾ ਇਹ ਪਾਣੀ ਕਿਹੜਾ ਪਹਿਲੀ ਵਾਰ ਆਇਆ। ਅਸੀਂ ਇਹਦੀ ਰਮਜ਼ ਜਾਣਦੇ ਹਾਂ, ਇਹ ਸਾਡੀ। ਪਰ ਹਰ ਵਾਰ ਇਹ ਹਾਰਿਆ। ਇਹ ਪਿੰਡ ਛੱਡ ਕੇ ਚਲਾ ਜਾਂਦਾ, ਅਸੀਂ ਨਹੀਂ ਜਾਂਦੇ।’

ਅੱਜ ਰੇਤ ਦੀ ਭਰੀ ਟਰਾਲੀ ਨੂੰ ਗਹੁ ਨਾਲ ਦੇਖਦਾ ਕਿਸਾਨ ਕਹੀ ਜਾਂਦੈ, ‘ਇਹ ਵਿਕਣੀ ਕਿੱਥੇ, ਕਿਹੜੇ ਭਾਅ, ਕੋਈ ਗਾਹਕ ਵੀ ਲੱਭੀਏ। ਸਾਰੇ ਪਾਸੇ ਰੇਤ ਹੀ ਰੇਤ ਹੈ। ਹੁਣ ਕੀ ਕਰਨਾ।’

ਸੱਚੀਓਂ ਧੰਨ ਹੈ ਪੰਜਾਬ ਦੀ ਧਰਤੀ। ਧੰਨ ਨੇ ਇਸਦੇ ਲੋਕ। ਚੰਗੀ ਕਿਸਮਤ ਸਾਡੀ ਇਸ ਧਰਤੀ ‘ਤੇ ਜੰਮੇ। ਏਥੇ ਸਾਡਾ ਸਸਕਾਰ ਹੋਵੇਗਾ। ਕਿਤੇ ਹੋਰ ਜੰਮਦੇ ਤਾਂ ਸ਼ਾਇਦ ਨੋਟ ਦਾਨ, ਡੀਜ਼ਲ ਦਾਨ, ਰਾਸ਼ਨ ਦਾਨ, ਪਾਣੀ ਦਾਨ, ਦਵਾਈਆਂ ਦਾਨ, ਪਸ਼ੂ ਦਾਨ, ਇੱਟਾਂ ਦਾਨ, ਕਿਤਾਬਾਂ ਦਾਨ ਦੇਖਣ ਨੂੰ ਨਾ ਮਿਲਦੀਆਂ। ਇਹ ਪੰਜਾਬ ਕਦੇ ਨਹੀਂ ਡੁੱਬ ਸਕਦਾ। ਜਿਹੜੇ ਲੋਕ ਹੜ੍ਹ ਨੂੰ ਹਰਾਉਣਾ ਜਾਣਦੇ ਹੋਣ, ਉਹ ਪੰਜਾਬੀ ਕਿਵੇਂ ਮੁੱਕ ਸਕਦੇ, ਉਹ ਪੰਜਾਬ ਕਿਵੇਂ ਮੁੱਕ ਸਕਦਾ।

ਜ਼ਿੰਦਾਬਾਦ, ਜ਼ਿੰਦਾਬਾਦ।

ਸੰਪਰਕ: 98141-78883

Advertisement
×