ਚਿਣਗ ਬਗੈਰ ਭਾਂਬੜ ਨਹੀਂ ਮੱਚਦਾ
ਦੀਪਤੀ ਬਬੂਟਾ
ਜਿਸ ਨੂੰ ਸ਼ੌਕ ਹੈ ਉਹ ਸੱਤ ਪਰਦਿਆਂ ’ਚ ਵੀ ਨੱਚ ਲੈਂਦਾ ਹੈ, ਜਿਸ ਨੂੰ ਸ਼ੌਕ ਨਹੀਂ ਉਹਨੂੰ ਦੁਨੀਆ ਦੀ ਸਭ ਤੋਂ ਵੱਡੀ ਸਟੇਜ ਮੁਹੱਈਆ ਕਰਵਾ ਦਿਉ, ਉਹ ਪੈਰ ਨਹੀਂ ਚੁੱਕ ਸਕੇਗਾ।
ਚਿਣਗ ਨਾਲ ਗਿੱਲਾ ਬਾਲਣ ਵੀ ਭਾਂਬੜ ਬਣਾਇਆ ਜਾ ਸਕਦਾ ਹੈ, ਪਰ ਜਿੱਥੇ ਚਿਣਗ ਹੀ ਨਹੀਂ ਹੋਵੇਗੀ ਉੱਥੇ ਸੁੱਕਾ ਫੂਸ ਵੀ ਫੁੱਸ ਪਟਾਕਾ ਹੋ ਜਾਵੇਗਾ।
ਇੱਕ ਇਨਸਾਨ ਕੋਲ ਸਾਰੀਆਂ ਸੁਖ-ਸਹੂਲਤਾਂ ਹਨ, ਫਿਰ ਵੀ ਉਹ ਸ਼ਰਮ ਦੀਆਂ ਸਾਰੀਆਂ ਲੋਈਆਂ ਲਾਹ ਕੇ ਛੋਟੇ ਤੋਂ ਛੋਟਾ ਕੰਮ ਬੜੇ ਉਤਸ਼ਾਹ ਨਾਲ ਹੱਥੀਂ ਕਰਨ ਲਈ ਤਤਪਰ ਹੋ ਜਾਵੇਗਾ। ਇਸ ਦਾ ਇੱਕ ਹੀ ਕਾਰਨ ਹੈ ਉਸ ਵਿਅਕਤੀ ਅੰਦਰ ਉਸ ਕੰਮ ਪ੍ਰਤੀ ਸ਼ੌਕ ਦਾ ਹੋਣਾ। ਇੱਕ ਵਿਅਕਤੀ ਭੁੱਖਾ ਮਰਦਾ ਹੋਵੇਗਾ, ਪਰ ਦਿੱਤਾ ਗਿਆ ਕੰਮ ਨੇਪਰੇ ਨਹੀਂ ਚਾੜ੍ਹ ਸਕੇਗਾ ਕਿਉਂਕਿ ਉਸ ਅੰਦਰ ਉਹ ਕੰਮ ਕਰਨ ਪ੍ਰਤੀ ਰੁਚੀ ਹੀ ਨਹੀਂ ਹੈ। ਸ਼ੌਕ ਕਮਾਈ ਦਾ ਸਾਧਨ ਬਣ ਸਕਦਾ ਹੈ, ਪਰ ਜਿਸ ਕੰਮ ਵਿੱਚ ਤੁਹਾਡੀ ਰੁਚੀ ਨਹੀਂ ਉਹ ਚੱਲਿਆ-ਚਲਾਇਆ ਕੰਮ ਵੀ ਘਾਟੇ ਦਾ ਸੌਦਾ ਹੋ ਕੇ ਰਹਿ ਜਾਵੇਗਾ।
ਮੇਰੀ ਇੱਕ ਸਹੇਲੀ ਹੈ। ਸਾਦ-ਮੁਰਾਦੀ। ਸੁੱਘੜ-ਸਿਆਣੀ। ਗੁਣਾਂ ਦੀ ਗੁਥਲੀ। ਪਤੀਵਰਤਾ, ਮਮਤਾ ਦੀ ਮੂਰਤ। ਘੱਟ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਸੰਪੂਰਨ ਔਰਤ ਜਿਸ ਦਾ ਸੂਰਜ ਰਸੋਈ ਦੀ ਖਿੜਕੀ ’ਚੋਂ ਚੜ੍ਹਦਾ ਤੇ ਰਸੋਈ ਦੀ ਖਿੜਕੀ ਵਿੱਚ ਹੀ ਅਸਤ ਹੁੰਦਾ ਹੈ। ਉਸ ਦੀ ਪੂਰੀ ਦੁਨੀਆ ਘਰ ਦੀ ਬੁੱਕਲ ’ਚ ਸਮਾਈ ਹੋਈ ਹੈ।
ਹੁਣ ਜੇ ਉਸ ਦੇ ਪਤੀ ਦੀ ਗੱਲ ਕਰੀਏ ਤਾਂ ਬੜਾ ਸਰਗਰਮ ਸੁਪਨਸਾਜ਼ ਵਿਅਕਤੀ ਹੈ। ਜ਼ਿੰਦਗੀ ਨੂੰ ਹੁਲਾਸ ਨਾਲ ਜਿਊਣ ਵਾਲਾ। ਪੂਰੀ ਦੁਨੀਆ ਨੂੰ ਕਲਾਵੇ ਭਰਨ ਦੀ ਬਿਰਤੀ ਵਾਲਾ। ਉਸ ਦੇ ਪਤੀ ਦੀ ਦੁਨੀਆ ਘਰ ਦੀ ਦਹਿਲੀਜ਼ ਤੋਂ ਖੁੱਲ੍ਹੇ ਆਸਮਾਨ ਵੱਲ ਖੁੱਲ੍ਹਦੀ ਹੈ। ਸੁਪਨਿਆਂ ਦੇ ਅੰਬਰ ਗਾਹੁਣ ਦਾ ਚਾਹਵਾਨ ਉਹ ਬੰਦਾ ਮੇਰੀ ਸਹੇਲੀ ਨੂੰ ਵੀ ਆਪਣੀਆਂ ਉਡਾਰੀਆਂ ਦੀ ਹਮਸਫ਼ਰ ਬਣਾਉਣ ਦੀ ਚੱਤੋ-ਪਹਿਰ ਚਾਰਾਜੋਈ ਕਰਦਾ ਹੈ। ਜਦੋਂ ਵੀ ਮਿਲੇਗੀ ਕਹੇਗਾ, ‘‘ਮੈਂ ਇਸ ਦੀ ਸੰਗ ਖੋਲ੍ਹਣਾ ਚਾਹੁੰਨਾ। ਇਹ ਸਭ ਕੁਝ ਕਰ ਸਕਦੀ ਹੈ, ਪਰ ਖੁੱਲ੍ਹਦੀ ਹੀ ਨਹੀਂ।’’
ਉਸ ਦੀ ਇਹ ਗੱਲ ਮੇਰੀ ਆਪਣੀ ਵਿਚਾਰਧਾਰਾ ਨੂੰ ਚੁਣੌਤੀ ਦਿੰਦੀ ਲੱਗਣ ਲੱਗਦੀ ਹੈ। ਮੈਂ ਅਕਸਰ ਨੌਜਵਾਨ ਮੁੰਡਿਆਂ ਨਾਲ ਗੱਲ ਕਰਦਿਆਂ ਕਹਿੰਦੀ ਹਾਂ, ‘‘ਮੁੰਡਿਆਂ ਵਾਂਗ ਕੁੜੀਆਂ ਦੇ ਵੀ ਜ਼ਿੰਦਗੀ ’ਚ ਕੁਝ ਕਰ ਗੁਜ਼ਰਨ ਦੇ ਸੁਪਨੇ ਹੁੰਦੇ ਹਨ, ਅਰਮਾਨ ਹੁੰਦੇ ਹਨ। ਵਿਆਹ ਤੋਂ ਬਾਅਦ ਹੋਏ ਨਵੇਂ ਜਨਮ ਨੂੰ ਸੰਵਾਰਦੀਆਂ ਕੁੜੀਆਂ ਆਪਣੇ ਸੁਪਨੇ ਕਿੱਥੇ ਗੁਆ ਬੈਠਦੀਆਂ ਹਨ, ਉਹ ਖ਼ੁਦ ਵੀ ਨਹੀਂ ਜਾਣਦੀਆਂ। ਮੇਰੀ ਇੱਕ ਗੱਲ ਮੰਨਿਓ, ਵਿਆਹ ਤੋਂ ਬਾਅਦ ਤੁਸੀਂ ਆਪਣੀਆਂ ਪਤਨੀਆਂ ਦੇ ਸੁਪਨਿਆਂ ਦੇ ਕਾਤਲ ਨਾ ਬਣਿਉ। ਜਿੱਥੋਂ ਤੱਕ ਹੋ ਸਕੇ ਆਪਣੀ ਘਰ-ਗ੍ਰਹਿਸਥੀ ਦੇ ਬਰਾਬਰ ਦੇ ਰਥਵਾਨ ਬਣਦੇ ਹੋਏ, ਇੱਕ-ਦੂਜੇ ਦੇ ਸੁਪਨਿਆਂ ਦੇ ਪੂਰਕ ਵੀ ਬਣਿਉ। ਫੇਰ ਦੇਖਿਓ ਜ਼ਿੰਦਗੀ ਕਿੰਨੀ ਰੰਗੀਨ ਤੇ ਖ਼ੂਬਸੂਰਤ ਹੋ ਜਾਵੇਗੀ।’’
ਆਪਣੇ ਇਹ ਵਿਚਾਰ ਜਦੋਂ ਮੈਂ ਆਪਣੀ ਸਹੇਲੀ ਤੇ ਉਸ ਦੇ ਹਮਸਫ਼ਰ ’ਤੇ ਲਾਗੂ ਕਰਨ ਦੀ ਕੋਸ਼ਿਸ਼ ਕਰਦੀ ਹਾਂ ਤਾਂ ਸੋਚੀਂ ਪੈ ਜਾਂਦੀ ਹਾਂ। ਮਨ ਵਿੱਚ ਆਉਂਦਾ ਹੈ ਕਿ ਆਪਣੀ ਸਹੇਲੀ ਦੇ ਪਤੀ ਨੂੰ ਸਮਝਾਵਾਂ, ‘‘ਭਾਈ, ਉਹ ਤੇਰੇ ਵਰਗੀ ਨਹੀਂ, ਆਪਣੇ ਆਪ ਵਰਗੀ ਹੈ। ਤੇਰੀ ਲਿਆਂਦੀ ਡਰੈੱਸ ਮਹਿੰਗੀ ਹੋ ਸਕਦੀ ਹੈ, ਸੋਹਣੀ ਹੋ ਸਕਦੀ ਹੈ, ਆਧੁਨਿਕ ਤੇ ਆਕਰਸ਼ਕ ਹੋ ਸਕਦੀ ਹੈ, ਪਰ ਉਹ ਉਸ ਸੂਟ ਵਿੱਚ ਖ਼ੁਦ ਨੂੰ ਸਹਿਜ ਮਹਿਸੂਸ ਕਰਦੀ ਹੈ, ਜੋ ਉਸ ਨੇ ਹੱਥੀਂ ਸਿਉਂ ਕੇ ਪਾਇਆ ਹੋਵੇ ਜਾਂ ਕਿਸੇ ਸਾਧਾਰਨ ਬੂਟੀਕ ਤੋਂ ਖਰੀਦਿਆ ਹੋਵੇ। ਅਸਲ ਵਿੱਚ ਉਹ ਆਪਣੇ ਅੰਦਰ ਨਾਲ ਉਵੇਂ ਹੀ ਓਨੀ ਪੱਕੀ ਤਰ੍ਹਾਂ ਜੁੜੀ ਹੋਈ ਹੈ, ਜਿੰਨਾ ਤੂੰ ਆਪਣੇ-ਆਪ ਨਾਲ। ਤੇਰਾ ਸ਼ੌਕ ਆਕਾਸ਼ ਹੈ ਤਾਂ ਉਸ ਦਾ ਘਰ-ਗ੍ਰਹਿਸਥੀ। ਇਨਸਾਨ ਜਿਸ ਮਾਹੌਲ ਵਿੱਚ ਜੰਮਿਆ, ਪਲ਼ਿਆ ਤੇ ਵਧਿਆ-ਫੁਲਿਆ ਹੁੰਦਾ ਹੈ, ਉਹ ਉਵੇਂ ਦਾ ਹੀ ਬਣ ਜਾਂਦਾ ਹੈ। ਇੱਕ ਕਹਾਵਤ ਹੈ, ਵਾਦੜੀਆਂ-ਸਜਾੜਦੀਆਂ ਨਿਭਣ ਸਿਰਾਂ ਦੇ ਨਾਲ ਭਾਵ ਜਨਮ ਤੋਂ ਪਈਆਂ ਆਦਤਾਂ ਮਰਨ ਤੱਕ ਇਨਸਾਨ ਦੇ ਨਾਲ ਚੱਲਦੀਆਂ ਹਨ। ਤੁਸੀਂ ਕਿਸੇ ਨੂੰ ਥੋੜ੍ਹਾ-ਬਹੁਤ ਨਿਖਾਰ ਤਾਂ ਕਰ ਸਕਦੇ ਹੋ, ਪਰ ਪੂਰੀ ਤਰ੍ਹਾਂ ਆਪਣੇ ਮੁਤਾਬਿਕ ਢਾਲ ਨਹੀਂ ਸਕਦੇ। ਮੇਕਅੱਪ ਆਰਟਿਸਟ ਕਿਸੇ ਘੱਟ ਖ਼ੂਬਸੂਰਤ ਵਿਅਕਤੀ ਨੂੰ ਆਪਣੇ ਮੇਕਅੱਪ ਆਰਟ ਨਾਲ ਸਿਰੇ ਦੀ ਖ਼ੂਬਸੂਰਤੀ ਵਿੱਚ ਢਾਲ ਸਕਦਾ ਹੈ, ਪਰ ਉਸ ਦੀ ਇਹ ਕਲਾ ਸਬੰਧਿਤ ਵਿਅਕਤੀ ਨੂੰ ਆਪਣੇ-ਆਪ ਦੇ ਨਕਲੀ ਹੋਣ ਦੇ ਭਰਮ ’ਚ ਪਾ ਦੇਵੇਗੀ। ਇੱਥੇ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ: ਕਾਲੇ ਕਦੀ ਨਾ ਹੋਏ ਬੱਗੇ, ਭਾਵੇਂ ਸੌ ਮਣ ਸਾਬਣ ਲੱਗੇ। ਇੱਥੇ ਭਾਵ ਰੰਗ ਤੋਂ ਨਹੀਂ, ਹਰ ਮਨੁੱਖ ਦੀਆਂ ਆਦਤਾਂ ਤੋਂ ਹੈ।
ਤੁਸੀਂ ਵੇਖਿਆ ਹੋਵੇਗਾ ਕਿ ਸਾਧਾਰਨ ਜਿਹੇ ਔਰਤਾਂ ਜਾਂ ਪੁਰਸ਼ ਬਿਨਾਂ ਕਿਸੇ ਕੋਲੋਂ ਸਿੱਖੇ ਇੰਨੀ ਮਟਕ ਨਾਲ ਲਹਿਰਾ ਕੇ ਨੱਚਦੇ ਹਨ ਕਿ ਉਨ੍ਹਾਂ ਦੇ ਦੇਹ ਸੁਰਤਾਲ ਹੋ ਸਿਰਫ਼ ਤੇ ਸਿਰਫ਼ ਨਾਚ ਹੋ ਜਾਂਦੀ ਹੈ। ਉਹ ਸਰੀਰ ਨਹੀਂ, ਅਸਲ ਵਿੱਚ ਸਬੰਧਿਤ ਵਿਅਕਤੀ ਵਿਸ਼ੇਸ਼ ਦਾ ਸ਼ੌਕ ਹੀ ਨੱਚ ਰਿਹਾ ਹੁੰਦਾ ਹੈ।
ਸਾਡੇ ਸਾਹਮਣੇ ਅਣਗਿਣਤ ਮਿਸਾਲਾਂ ਹਨ, ਜਿੱਥੇ ਕਿਸੇ ਦਾ ਸ਼ੌਕ ਉਸ ਲਈ ਸਥਾਪਤੀ ਦਾ ਜ਼ਰੀਆ ਬਣ ਗਿਆ। ਮਿਲਖਾ ਸਿੰਘ ਆਪਣੇ ਦੌੜਨ ਦੇ ਸ਼ੌਕ ਸਦਕਾ ‘ਫਲਾਈਂਗ ਸਿੱਖ’ ਵਜੋਂ ਇਤਿਹਾਸ ਦਾ ਸੁਨਿਹਰੀ ਪੰਨਾ ਹੋ ਗਿਆ। ਇਸੇ ਸਦਕਾ ਮੈਰੀਕੋਮ ਵਿਸ਼ਵ ਜੇਤੂ ਮੁੱਕੇਬਾਜ਼ ਅਤੇ ਨੇਜ਼ਾਬਾਜ਼ ਨੀਰਜ ਚੋਪੜਾ ‘ਗੋਲਡਨ ਬੌਇ’ ਹੋ ਗਏ।
ਸ਼ੌਕ ਨਾਲ ਕੋਈ ਵੀ ਐਵਰੈਸਟ ਫ਼ਤਹਿ ਕਰ ਸਕਦਾ ਹੈ ਜਦੋਂਕਿ ਬਿਨਾਂ ਸ਼ੌਕ ਤੋਂ ਇੱਕ ਪੁਲਾਂਘ ਪੁੱਟਣੀ ਵੀ ਭਾਰੀ ਹੋ ਜਾਂਦੀ ਹੈ।
ਪੰਜਾਬੀ ਦੀ ਇੱਕ ਲੋਕ ਬੋਲੀ ਹੈ: ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂੰਹ; ਬੋਲੀ ਮੈਂ ਪਾਵਾਂ, ਨੱਚ ਗਿੱਧੇ ਵਿੱਚ ਤੂੰ। ਇਹ ਲੋਕ ਬੋਲੀ ਇਨਸਾਨੀ ਸ਼ੌਕ ਦੀਆਂ ਭਾਵਨਾਵਾਂ ਦੀ ਸ਼ਾਹਦੀ ਭਰਦੀ ਹੈ। ਇਸ ਲਈ ਕੁਝ ਵੀ ਕਰਨ ਤੋਂ ਪਹਿਲਾਂ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਜੋ ਤੁਸੀਂ ਕਰਨ ਜਾ ਰਹੇ ਹੋ, ਉਸ ਕੰਮ ਨੂੰ ਕਰਨ ਲਈ ਦਿਮਾਗ਼ ਤੋਂ ਪਹਿਲਾਂ ਦਿਲ ਹੁੰਗਾਰਾ ਭਰਦਾ ਹੈ ਜਾਂ ਨਹੀਂ। ਕਿਸੇ ਦੀ ਪਾਈ ਬੋਲੀ ’ਤੇ ਉਦੋਂ ਹੀ ਲੱਕ ਮਟਕਾਇਆ ਜਾ ਸਕਦਾ ਹੈ ਜੇ ਅੱਡੀ ਮਾਰ ਕੇ ਧਰਤ ਹਿਲਾਉਣ ਦਾ ਸ਼ੌਕ ਹੋਵੇ। ਕਿਸੇ ਦਾ ਦਬਾਅ ਨਾ ਤਾਂ ਕਿਸੇ ਦੇ ਸ਼ੌਕ ਨੂੰ ਮਾਰ ਸਕਦਾ ਹੈ ਤੇ ਨਾ ਹੀ ਕਿਸੇ ਦਾ ਦਬਾਅ ਕਿਸੇ ’ਚ ਜਬਰੀ ਕੋਈ ਸ਼ੌਕ ਪੈਦਾ ਕਰ ਸਕਦਾ ਹੈ।
ਸੰਪਰਕ: 98146-70707