ਸ਼ਬਦਾਂ ਦੀ ਚੋਣ ਤੇ ਕੀਮਤ
ਪ੍ਰਿੰਸੀਪਲ ਵਿਜੈ ਕੁਮਾਰ
ਜਰਮਨ ਦਾ ਪ੍ਰਸਿੱਧ ਸਿੱਖਿਆ ਸ਼ਾਸਤਰੀ ਫਰੋਬੇਲ ਆਪਣੇ ਇੱਕ ਲੇਖ ਵਿੱਚ ਲਿਖਦਾ ਹੈ ਕਿ ਜਦੋਂ ਤੱਕ ਸ਼ਬਦ ਨਿਰਾਕਾਰ ਹੁੰਦੇ ਹਨ, ਉਦੋਂ ਤੱਕ ਉਨ੍ਹਾਂ ਦੀ ਕੋਈ ਕੀਮਤ ਨਹੀਂ ਪੈਂਦੀ ਪਰ ਜਦੋਂ ਇਹ ਮਨੁੱਖੀ ਜ਼ੁਬਾਨ ’ਚੋਂ ਨਿਕਲ ਕੇ ਸਾਕਾਰ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਕੀਮਤ ਪੈਣਾ ਜਾਂ ਅਦਾ ਕਰਨਾ ਮਨੁੱਖ ਵੱਲੋਂ ਸ਼ਬਦਾਂ ਦੀ ਚੋਣ ਕਰਨ ਉੱਤੇ ਨਿਰਭਰ ਕਰਦਾ ਹੈ। ਸ਼ਬਦ ਦੀ ਚੋਣ, ਪੇਸ਼ਕਾਰੀ ਦਾ ਲਹਿਜਾ ਅਤੇ ਪਾਕੀਜ਼ਗੀ ਮਨੁੱਖ ਦੀ ਸੂਝਬੂਝ, ਸੰਗਤ, ਸਹਿਜਤਾ, ਸੁਭਾਅ, ਸਿਆਣਪ, ਜ਼ਿੰਦਗੀ ਪ੍ਰਤੀ ਪ੍ਰਤੀਬੱਧਤਾ ਅਤੇ ਜ਼ਿੰਦਗੀ ਜਿਊਣ ਦੇ ਤਰੀਕੇ ਨੂੰ ਦਰਸਾਉਂਦੇ ਹਨ। ਨਿਰਾਰਥਕ ਸ਼ਬਦ ਵੀ ਸਾਰਥਕ ਸ਼ਬਦਾਂ ਨਾਲ ਜੁੜ ਕੇ ਆਪਣੀ ਕੀਮਤ ਪੁਆ ਲੈਂਦੇ ਹਨ। ਆਪਣੇ ਮਨੋਭਾਵਾਂ ਨੂੰ ਜ਼ਿੰਦਗੀ ਦੇ ਵੱਖ-ਵੱਖ ਮੌਕਿਆਂ ਉੱਤੇ ਬੋਲ ਕੇ ਅਤੇ ਲਿਖ ਕੇ ਪੇਸ਼ ਕਰਨ ਲਈ ਸ਼ਬਦਾਂ ਦੀ ਚੋਣ ਕਰਨਾ ਇੱਕ ਅਨਮੋਲ ਕਲਾ ਹੈ। ਇਹ ਕਲਾ ਹਰ ਵਿਅਕਤੀ ਕੋਲ ਨਹੀਂ ਹੁੰਦੀ। ਜਿਸ ਵਿਅਕਤੀ ਵਿੱਚ ਸਮੇਂ ਅਤੇ ਵਿਅਕਤੀ ਅਨੁਸਾਰ ਸ਼ਬਦਾਂ ਦੀ ਚੋਣ ਕਰਨ ਦੀ ਕਲਾ ਹੁੰਦੀ ਹੈ, ਉਹ ਲੋਕ ਮਨਾਂ ’ਚ ਵਸ ਜਾਂਦਾ ਹੈ। ਪਰਿਵਾਰਕ ਤੇ ਸਮਾਜਿਕ ਰਿਸ਼ਤਿਆਂ ਦੇ ਨਿਭਣ ਦੀ ਬੁਨਿਆਦ ਸ਼ਬਦਾਂ ਦੀ ਚੋਣ ਹੀ ਹੁੰਦੀ ਹੈ। ਡਾਕਟਰ ਏ.ਪੀ.ਜੇ. ਅਬਦੁਲ ਕਲਾਮ ਨੇ ਰਾਸ਼ਟਰਪਤੀ ਦੇ ਅਹੁਦੇ ਉੱਤੇ ਹੁੰਦਿਆਂ ਦੇਸ਼ ਭਰ ਦੇ ਅਧਿਆਪਕਾਂ ਨੂੰ ਮਿਲਦੇ ਹੋਏ ਕਿਹਾ ਸੀ ਕਿ ਬੱਚੇ ਉਨ੍ਹਾਂ ਅਧਿਆਪਕਾਂ ਨੂੰ ਸਦਾ ਹੀ ਯਾਦ ਰੱਖਦੇ ਹਨ ਜਿਨ੍ਹਾਂ ਵਿੱਚ ਆਪਣੇ ਵਿਸ਼ੇ ’ਚ ਮੁਹਾਰਤ ਹੋਣ ਦੇ ਨਾਲ-ਨਾਲ ਬੱਚਿਆਂ ਨਾਲ ਚੰਗਾ ਵਿਹਾਰ ਕਰਨ ਲਈ ਸ਼ਬਦ ਚੋਣ ਦੀ ਕਲਾ ਵੀ ਹੁੰਦੀ ਹੈ ਕਿਉਂਕਿ ਬੱਚਿਆਂ ਦੇ ਮਨ ਬਹੁਤ ਕੋਮਲ ਹੁੰਦੇ ਹਨ। ਉਹ ਸਦਾ ਹੀ ਆਪਣੇ ਅਧਿਆਪਕਾਂ ਤੋਂ ਚੰਗੇ ਵਿਹਾਰ ਦੀ ਉਮੀਦ ਰੱਖਦੇ ਹਨ।
ਸ਼ਬਦ ਉਹੀ ਹੁੰਦੇ ਹਨ ਪਰ ਉਨ੍ਹਾਂ ਨੂੰ ਬੋਲਣ ਅਤੇ ਪੇਸ਼ ਕਰਨ ਦਾ ਸਲੀਕਾ ਤੇ ਲਹਿਜਾ ਸਭ ਦਾ ਵੱਖੋ-ਵੱਖਰਾ ਹੁੰਦਾ ਹੈ। ਸ਼ਬਦਾਂ ਵਿੱਚ ਹੀ ਪਿਆਰ, ਲਗਾਓ, ਆਪਣਾਪਣ, ਹਮਦਰਦੀ, ਅਧੀਨਗੀ ਅਤੇ ਨਿਮਰਤਾ ਹੁੰਦੇ ਹਨ। ਉਹੀ ਸ਼ਬਦ ਘਮੰਡ, ਹਉਮੈਂ, ਖ਼ੁਦੀ ਅਤੇ ਜ਼ੁਬਾਨ ਦੇ ਖਰ੍ਹਵੇਪਣ ਨਾਲ ਲਬਰੇਜ਼ ਹੁੰਦੇ ਹਨ। ਫ਼ਰਕ ਸਿਰਫ਼ ਮਨੁੱਖ ਦੀ ਸਮਝ ਦਾ ਹੁੰਦਾ ਹੈ। ਸ਼ਬਦ ਹੀ ਰਾਜਗੱਦੀ ਉੱਤੇ ਬਿਠਾ ਦਿੰਦੇ ਹਨ। ਸ਼ਬਦ ਹੀ ਜੇਲ੍ਹਾਂ ਅਤੇ ਅਦਾਲਤਾਂ ਤੱਕ ਪਹੁੰਚਾ ਦਿੰਦੇ ਹਨ। ਸ਼ਾਂਤ, ਨਿਮਰ, ਸਹਿਣਸ਼ੀਲ ਸੁਭਾਅ, ਤਹੱਮਲ ਰੱਖਣ ਵਾਲੇ, ਦੂਰਅੰਦੇਸ਼ ਤੇ ਫਰਾਖਦਿਲ ਲੋਕ ਸ਼ਬਦ ਚੋਣ ਕਲਾ ਦੇ ਧਨੀ ਹੁੰਦੇ ਹਨ। ਗੁਸੈਲੇ, ਖ਼ੁਦਗਰਜ਼, ਤੰਗਦਿਲ, ਹੰਕਾਰੀ, ਜ਼ੁਬਾਨ ਦੇ ਕੌੜੇ ਅਤੇ ਲੋਭੀ ਲੋਕ ਸ਼ਬਦ ਚੋਣ ਦੀ ਕਲਾ ਤੋਂ ਵਿਹੂਣੇ ਹੁੰਦੇ ਹਨ। ਚੰਗੇ ਦੁਕਾਨਦਾਰ, ਕਾਮਯਾਬ ਅਧਿਕਾਰੀ, ਸਿਆਣੇ ਮਾਪੇ, ਸੁੱਘੜ ਸਿਆਸਤਦਾਨ, ਹਰਮਨ ਪਿਆਰੇ ਅਧਿਆਪਕ ਹੋਣ ਲਈ ਸ਼ਬਦ ਚੋਣ ਦੀ ਕਲਾ ਵਿੱਚ ਮੁਹਾਰਤ ਹੋਣਾ ਲਾਜ਼ਮੀ ਹੁੰਦਾ ਹੈ। ਮੰਤਰੀਆਂ ਅਤੇ ਉੱਚ ਅਧਿਕਾਰੀਆਂ ਦੇ ਭਾਸ਼ਣ ਪਹਿਲਾਂ ਇਸ ਲਈ ਲਿਖ ਕੇ ਦਿੱਤੇ ਜਾਂਦੇ ਹਨ ਤਾਂ ਕਿ ਉਨ੍ਹਾਂ ਤੋਂ ਕੁਝ ਗ਼ਲਤ ਨਾ ਬੋਲਿਆ ਜਾਵੇ। ਜਿਹੜੇ ਸਿਆਸਤਦਾਨ ਕੋਈ ਸ਼ਬਦ ਗ਼ਲਤ ਬੋਲ ਬੈਠਦੇ ਹਨ, ਉਨ੍ਹਾਂ ਨੂੰ ਆਪਣੇ ਆਪ ਨੂੰ ਠੀਕ ਸਾਬਤ ਕਰਨ ਲਈ ਜਾਂ ਤਾਂ ਇਹ ਕਹਿਣਾ ਪੈਂਦਾ ਹੈ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਜਾਂ ਫੇਰ ਆਪਣੇ ਸ਼ਬਦ ਵਾਪਸ ਲੈਣੇ ਪੈਂਦੇ ਹਨ।
ਦੁਨੀਆ ਦਾ ਨਾਮਵਰ ਚਿੰਤਕ ਮਾਰਟਿਨ ਲੂਥਰ ਕਹਿੰਦਾ ਹੈ ਕਿ ਭੈੜੇ ਸ਼ਬਦ ਬੋਲਣ ਲਈ ਜੀਭ ਨਹੀਂ ਸਗੋਂ ਗ਼ਲਤ ਸ਼ਬਦਾਂ ਦੀ ਚੋਣ ਕਰਨ ਲਈ ਮਨੁੱਖ ਖ਼ੁਦ ਹੀ ਕਸੂਰਵਾਰ ਹੁੰਦਾ ਹੈ। ਗ਼ਲਤੀ ਹੋਣ ’ਤੇ ਮੁਆਫ਼ੀ ਚਾਹੁੰਦਾ ਹਾਂ, ਗੁਸਤਾਖੀ ਹੋ ਗਈ, ਮੈਂ ਆਪਣੀ ਗਲਤੀ ਉੱਤੇ ਬਹੁਤ ਸ਼ਰਮਿੰਦਾ ਹਾਂ, ਮੁੜ ਅਜਿਹਾ ਨਹੀਂ ਹੋਵੇਗਾ ਅਤੇ ਇਹ ਮੇਰੀ ਭੁੱਲ ਸੀ। ਇਹ ਸਾਰੇ ਵਾਕ ਮਨੁੱਖ ਵੱਲੋਂ ਉਦੋਂ ਬੋਲੇ ਜਾਂਦੇ ਹਨ ਜਦੋਂ ਉਹ ਕੋਈ ਗ਼ਲਤੀ ਕਰ ਬੈਠਦਾ ਹੈ ਪਰ ਇਨ੍ਹਾਂ ਸਾਰੇ ਵਾਕਾਂ ਦੇ ਸ਼ਬਦ ਗੁੱਸਾ ਸ਼ਾਂਤ ਕਰ ਦਿੰਦੇ ਹਨ, ਹੋਈ ਗ਼ਲਤੀ ਨੂੰ ਨਜ਼ਰਅੰਦਾਜ਼ ਕਰਨ ਲਈ ਮਜਬੂਰ ਕਰ ਦਿੰਦੇ ਹਨ। ਇਹ ਸ਼ਬਦ ਕਿਸੇ ਵਿਦਵਾਨ ਵਿਅਕਤੀ ਨੇ ਸੋਚ ਸਮਝ ਕੇ ਹੀ ਘੜੇ ਹੋਣਗੇ।
ਇੱਕ ਕਰਮਚਾਰੀ ਨੂੰ ਕੋਈ ਜ਼ਰੂਰੀ ਕੰਮ ਪੈ ਜਾਣ ਕਾਰਨ ਛੁੱਟੀ ਤੋਂ ਦੋ ਘੰਟੇ ਪਹਿਲਾਂ ਘਰ ਜਾਣਾ ਪੈ ਗਿਆ। ਉਹ ਛੁੱਟੀ ਤੋਂ ਪਹਿਲਾਂ ਜਾਣ ਲਈ ਆਪਣੇ ਅਫ਼ਸਰ ਦੀ ਇਜਾਜ਼ਤ ਲੈਣ ਗਿਆ। ਉਸ ਨੇ ਆਪਣੇ ਅਫਸਰ ਨੂੰ ਪੁੱਛਿਆ, ‘‘ਕੀ ਮੈਂ ਛੁੱਟੀ ਤੋਂ ਦੋ ਘੰਟੇ ਪਹਿਲਾਂ ਘਰ ਜਾ ਸਕਦਾ ਹਾਂ?’’ ਅਫ਼ਸਰ ਨੇ ਉਸ ਕਰਮਚਾਰੀ ਨੂੰ ਬਹੁਤ ਹੀ ਪਿਆਰ ਨਾਲ ਕਿਹਾ, ‘‘ਜਨਾਬ, ਤੁਸੀਂ ਛੁੱਟੀ ਤੋਂ ਪਹਿਲਾਂ ਘਰ ਤਾਂ ਚਲੇ ਜਾਓ ਪਰ ਇਹ ਦੱਸੋ ਕਿ ਤੁਸੀਂ ਮੈਥੋਂ ਇਜਾਜ਼ਤ ਲੈ ਰਹੇ ਹੋ ਜਾਂ ਮੈਨੂੰ ਹੁਕਮ ਜਾਰੀ ਕਰ ਰਹੇ ਹੋ?’’ ਉਹ ਕਰਮਚਾਰੀ ਘਰ ਤਾਂ ਚਲਾ ਗਿਆ ਪਰ ਉਸ ਨੂੰ ਆਪਣੇ ਆਪ ਉੱਤੇ ਪਛਤਾਵਾ ਬਹੁਤ ਹੋ ਰਿਹਾ ਸੀ। ਸ਼ਬਦ ਦੀ ਚੋਣ ਵਿੱਚ ਮੁਹਾਰਤ ਹਾਸਲ ਹੋਣਾ ਇਸ ਗੱਲ ਉੱਤੇ ਬਹੁਤ ਨਿਰਭਰ ਕਰਦਾ ਹੈ ਕਿ ਮਨੁੱਖ ਨੂੰ
ਆਪਣੇ ਪਰਿਵਾਰ ਤੋਂ ਕਿਸ ਤਰ੍ਹਾਂ ਦੇ ਸੰਸਕਾਰ ਮਿਲੇ ਹਨ, ਉਸ ਦੀ ਸੰਗਤ ਕਿਹੋ ਜਿਹੇ ਲੋਕਾਂ ਨਾਲ ਹੈ, ਉਸ ਨੇ
ਕਿਹੋ ਜਿਹੇ ਅਧਿਆਪਕਾਂ ਕੋਲ ਸਿੱਖਿਆ ਪ੍ਰਾਪਤ ਕੀਤੀ ਹੈ, ਉਸ ਦੀ ਚੰਗਾ ਸਾਹਿਤ ਪੜ੍ਹਨ ਦੀ ਰੁਚੀ ਕਿਸ ਪੱਧਰ ਦੀ ਹੈ?
ਇੱਕ ਕੁੜੀ ਨੂੰ ਵੇਖਣ ਆਏ ਮੁੰਡੇ, ਉਸ ਦੀ ਭੈਣ ਅਤੇ ਮਾਂ ਨੇ ਕੁੜੀ ਨੂੰ ਤਰ੍ਹਾਂ-ਤਰ੍ਹਾਂ ਦੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਕੁੜੀ ਮੁੰਡਾ ਦੋਵੇਂ ਕਾਫ਼ੀ ਪੜ੍ਹੇ-ਲਿਖੇ ਸਨ। ਮੁੰਡੇ ਵਾਲਿਆਂ ਨੂੰ ਕੁੜੀ ਅਤੇ ਘਰ ਦੋਵੇਂ ਪਸੰਦ ਆ ਗਏ। ਮੁੰਡੇ ਵਾਲਿਆਂ ਨੇ ਵਿਚੋਲੇ ਹੱਥ ਕੁੜੀ ਵਾਲਿਆਂ ਨੂੰ ਸੁਨੇਹਾ ਭੇਜਿਆ ਕਿ ਉਹ ਰਿਸ਼ਤਾ ਕਰਨ ਲਈ ਤਿਆਰ ਹਨ, ਉਹ ਆਪਣੀ ਸਲਾਹ ਦੱਸਣ। ਕੁੜੀ ਦੇ ਪਿਤਾ ਨੇ ਜਵਾਬ ਦਿੱਤਾ ਕਿ ਸਾਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਕਿਉਂਕਿ ਉਨ੍ਹਾਂ ਨੂੰ ਦੂਜੇ ਦੇ ਘਰ ਆ ਕੇ ਬੋਲਣ ਦਾ ਹੀ ਨਹੀਂ ਪਤਾ, ਸਾਡੀ ਨਾਂਹ ਹੈ। ਮਨੁੱਖ ਦੀ ਲਿਆਕਤ ਅਤੇ ਨਜ਼ਾਕਤ ਵਿੱਚ ਸ਼ਬਦ ਚੋਣ ਦਾ ਵੀ ਬਹੁਤ ਮਹਤੱਵ ਹੁੰਦਾ ਹੈ। ਬਹੁਤ ਸਾਰੇ ਲੋਕ ਸਾਰੀ ਉਮਰ ਲੰਘ ਜਾਣ ਦੇ ਬਾਵਜੂਦ ਠੀਕ ਸ਼ਬਦਾਂ ਦੀ ਚੋਣ ਕਰਨਾ ਨਹੀਂ ਸਿੱਖ ਪਾਉਂਦੇ। ਵੱਡੀਆਂ ਕੰਪਨੀਆਂ ਆਪਣੇ ਕਰਮਚਾਰੀਆਂ ਦੀ ਭਰਤੀ ਕਰਨ ਸਮੇਂ ਇੰਟਰਵਿਊ ’ਚ ਉਨ੍ਹਾਂ ਦਾ ਬੋਲਚਾਲ ਦਾ ਸਲੀਕਾ ਵੀ ਵੇਖਦੀਆਂ ਹਨ। ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਲਈ ਇੰਟਰਵਿਊ ਵਿੱਚ ਉਨ੍ਹਾਂ ਦਾ ਬੋਲਚਾਲ ਦਾ ਢੰਗ ਵੀ ਵੇਖਿਆ ਜਾਂਦਾ ਹੈ। ਮਰੀਜ਼ਾਂ ਨਾਲ ਪਿਆਰ ਨਾਲ ਪੇਸ਼ ਆਉਣ ਵਾਲੇ ਡਾਕਟਰ ਉਨ੍ਹਾਂ ਦੀ ਅੱਧੀ ਬਿਮਾਰੀ ਆਪਣੀ ਬੋਲਚਾਲ ਨਾਲ ਠੀਕ ਕਰ ਦਿੰਦੇ ਹਨ। ਮਨੁੱਖ ਦੀ ਜ਼ਿੰਦਗੀ ਦੀ ਕਿੰਨੀ ਵੱਡੀ ਤ੍ਰਾਸਦੀ ਹੈ ਕਿ ਉਹ ਇਹ ਗੱਲ ਚੰਗੀ ਤਰ੍ਹਾਂ ਸਮਝਦਾ ਹੈ ਕਿ ਚੰਗੇ ਸ਼ਬਦ ਹੀ ਦੂਜਿਆਂ ਦਾ ਦਿਲ ਜਿੱਤ ਸਕਦੇ ਹਨ। ਕੌੜੇ ਅਤੇ ਭੈੜੇ ਸ਼ਬਦ ਉਸ ਦਾ ਅਕਸ ਵਿਗਾੜ ਸਕਦੇ ਹਨ, ਲੜਾਈ ਝਗੜੇ ਦਾ ਕਾਰਨ ਬਣ ਸਕਦੇ ਹਨ, ਪਰ ਫਿਰ ਵੀ ਸਾਡੇ ਸਮਾਜ ’ਚ ਉਨ੍ਹਾਂ ਲੋਕਾਂ ਦੀ ਕੋਈ ਘਾਟ ਨਹੀਂ ਜੋ ਚੰਗੇ ਮਾੜੇ ਸ਼ਬਦਾਂ ਵਿੱਚ ਫ਼ਰਕ ਕਰਨਾ ਭੁੱਲ ਬੈਠਦੇ ਹਨ।
ਸੰਪਰਕ: 98726-27136