ਸਿੱਖ ਸੰਘਰਸ਼ ਦੀ ਕਹਾਣੀ, ਦਸਤਾਵੇਜ਼ਾਂ ਦੀ ਜ਼ੁਬਾਨੀ
ਸੁਰਿੰਦਰ ਸਿੰਘ ਤੇਜ
ਸਾਡੇ ਵਿੱਚੋਂ ਕਿੰਨਿਆਂ ਕੁ ਨੂੰ ਇਹ ਪਤਾ ਹੈ ਕਿ ਸਿੱਖ ਮਿਸਲਾਂ ਦਾ ਸੰਕਲਪ 1850ਵਿਆਂ ਦੌਰਾਨ ਸ੍ਰੀ ਅਕਾਲ ਤਖ਼ਤ ’ਤੇ ਰੱਖੀਆਂ ਜਾਂਦੀਆਂ ਉਨ੍ਹਾਂ ਫਾਈਲਾਂ ਤੋਂ ਸ਼ੁਰੂ ਹੋਇਆ ਜਿਨ੍ਹਾਂ ਵਿੱਚ ਸਿੱਖ ਸਰਦਾਰ ਆਪੋ-ਆਪਣੇ ਵੱਲੋਂ ਜਿੱਤੇ ਇਲਾਕਿਆਂ ਦੀ ਜਾਣਕਾਰੀ ਦਰਜ ਕਰਦੇ ਸਨ; ਜਾਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਹਦੂਦ ਦੇ ਅੰਦਰ ਬੁੱਤਾਂ ਜਾਂ ਮੂਰਤੀਆਂ ਦੇ ਅਸਥਾਪਨ ਦੀ ਪ੍ਰਥਾ (ਕੁਪ੍ਰਥਾ) ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਦੌਰਾਨ ਸ਼ੁਰੂ ਹੋਈ; ਜਾਂ 1872 ਵਿੱਚ 63 ਨਾਮਧਾਰੀਆਂ (ਕੂਕਿਆਂ) ਨੂੰ ਗੋਲਿਆਂ ਨਾਲ ਉਡਾਉਣ ਵਾਸਤੇ ਤੋਪਾਂ ਪਟਿਆਲਾ ਰਿਆਸਤ ਦੇ ਮਹਾਰਾਜਾ ਮਹਿੰਦਰ ਸਿੰਘ ਵੱਲੋਂ ਮੁਹੱਈਆ ਕਰਵਾਈਆਂ ਗਈਆਂ; ਜਾਂ ਬ੍ਰਿਟਿਸ਼ ਹਕੂਮਤ ਨੇ ਹਿੰਦੂਆਂ ਜਾਂ ਮੁਸਲਮਾਨਾਂ ਦੇ ਧਾਰਮਿਕ ਪ੍ਰਬੰਧਾਂ ਵਿੱਚ ਦਖ਼ਲ ਦੇਣ ਤੋਂ ਹਮੇਸ਼ਾਂ ਪਰਹੇਜ਼ ਕੀਤਾ, ਪਰ ਸਿੱਖਾਂ ਦੇ ਗੁਰਅਸਥਾਨਾਂ ਨੂੰ ਆਪਣੇ ਕੰਟਰੋਲ ਹੇਠਾਂ ਰੱਖਣਾ ਕਿਉਂ ਚੁਣਿਆ; ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1947 ਤੋਂ ਪਹਿਲਾਂ ਵੱਖਰੇ ਸਿੱਖ ਮੁਲਕ ਦੀ ਸਥਾਪਨਾ ਦੀ ਕਿਉਂ ਵਕਾਲਤ ਕੀਤੀ?
ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਅਤੇ ਹੋਰ ਢੇਰ ਸਾਰੀ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ ਜਗਤਾਰ ਸਿੰਘ ਦੀ ਗਰੰਥਨੁਮਾ ਕਿਤਾਬ ‘‘ਸਿੱਖ ਸਟ੍ਰਗਲ ਡੌਕੂਮੈਂਟਸ 1920-2022’’ (ਆਕਾਰ ਬੁੱਕਸ; 680 ਪੰਨੇ; 2495 ਰੁਪਏ)। ਧਾਰਮਿਕ ਉਲਾਰ ਤੋਂ ਮੁਕਤ, ਨਿੱਗਰ ਜਾਣਕਾਰੀਆਂ ਨਾਲ ਭਰਪੂਰ, ਅਕਾਦਮਿਕ ਪੱਖੋਂ ਖੋਜਪੂਰਨ ਅਤੇ ਮੌਜੂਦਾ ਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਸਿੱਖ ਇਤਿਹਾਸ ਤੇ ਸਿੱਖ ਸਿਧਾਂਤ ਦੇ ਅਧਿਐਨ ਵਾਸਤੇ ਬਿਹਤਰੀਨ ਹਵਾਲਾ ਪੁਸਤਕ ਹੈ ਜਗਤਾਰ ਸਿੰਘ ਦਾ ਇਹ ਉਪਰਾਲਾ। ਉਹ ਸਾਡੇ ਖ਼ਿੱਤੇ ਵਿੱਚ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਨਾਮਵਰ ਪੱਤਰਕਾਰ ਵਜੋਂ ਜਾਣੇ ਜਾਂਦੇ ਰਹੇ ਹਨ। ਪਰ ਪਿਛਲੇ ਪੰਜ-ਛੇ ਵਰ੍ਹਿਆਂ ਤੋਂ ਉਨ੍ਹਾਂ ਨੇ ਸਰਗਰਮ ਪੱਤਰਕਾਰੀ ਦੀ ਥਾਂ ਇਤਿਹਾਸਕਾਰੀ ਦਾ ਪੱਲਾ ਫੜ ਕੇ ਅੰਗਰੇਜ਼ੀ ਵਿੱਚ ਜਿਹੜੀਆਂ ਤਿੰਨ ਜ਼ਿਕਰਯੋਗ ਪੁਸਤਕਾਂ ‘‘ਖ਼ਾਲਿਸਤਾਨ ਸਟ੍ਰਗਲ: ਏ ਨੌਨ-ਮੂਵਮੈਂਟ’’, ‘‘ਕਾਲੇ ਪਾਣੀ’’ ਤੇ (ਹੁਣ) ‘‘ਸਿੱਖ ਸਟ੍ਰਗਲ ਡੌਕੂਮੈਂਟਸ’’ ਪਾਠਕਾਂ ਦੀ ਨਜ਼ਰ ਕੀਤੀਆਂ ਹਨ, ਉਹ ਸਾਡੇ ਖ਼ਿੱਤੇ ਦੀ ਤਵਾਰੀਖ਼ ਨੂੰ ਸਦੀਵਤਾ ਪ੍ਰਦਾਨ ਕਰਨ ਵਾਲਾ ਕਾਰਜ ਹੈ।
ਜਿਵੇਂ ਕਿ ਨਾਮ ਤੋਂ ਹੀ ਸਪਸ਼ਟ ਹੈ, ‘‘ਸਿੱਖ ਸਟ੍ਰਗਲ ਡੌਕੂਮੈਂਟਸ’’ ਬੁਨਿਆਦੀ ਤੌਰ ’ਤੇ ਇਤਿਹਾਸਕ ਦਸਤਾਵੇਜ਼ਾਂ ਦਾ ਸੰਗ੍ਰਹਿ ਹੈ। 560 ਪੰਨਿਆਂ ਦੇ ਆਸ-ਪਾਸ ਹਨ ਇਹ ਦਸਤਾਵੇਜ਼। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸੰਬਰ 1921 ਵਿੱਚ ਪ੍ਰਿੰਸ ਆਫ ਵੇਲਜ਼ (ਬ੍ਰਿਟਿਸ਼ ਯੁਵਰਾਜ) ਦੀ ਹਿੰਦ ਫੇਰੀ ਦੇ ਬਾਈਕਾਟ ਦੇ ਮਤੇ ਤੋਂ ਸ਼ੁਰੂ ਹੁੰਦੇ ਹਨ ਇਹ ਦਸਤਾਵੇਜ਼ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਸਿਆਸੀ ਪਾਰਟੀਆਂ- ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਚੋਣ ਮਨੋਰਥ ਪੱਤਰਾਂ ਤਕ ਪਹੁੰਚਦੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਦਸਤਾਵੇਜ਼ ਅਕਾਲੀ ਮੋਰਚਿਆਂ, ਦੇਸ਼ ਦੀ ਵੰਡ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਿੱਖ ਭਾਈਚਾਰੇ ਦੀਆਂ ਚਾਹਨਾਵਾਂ ਤੇ ਉਮਾਹਾਂ, ਪੰਜਾਬ ਦੇ ਸਿਆਹ ਦਿਨਾਂ ਦੀਆਂ ਘਟਨਾਵਾਂ ਤੇ ਉਨ੍ਹਾਂ ਨਾਲ ਜੁੜੇ ਕਿਰਦਾਰਾਂ ਦੇ ਬਿਆਨਾਤ ਅਤੇ ਸਿਆਹ ਦਿਨਾਂ ਤੋਂ ਬਾਅਦ ਦੀ ਸਿਆਸਤ ਦਾ ਪ੍ਰਮਾਣਿਕ ਬਿਰਤਾਂਤ ਹਨ। ਇਨ੍ਹਾਂ ਨੂੰ ਤਰਤੀਬ ਵੀ ਇਸ ਢੰਗ ਨਾਲ ਦਿੱਤੀ ਗਈ ਹੈ ਕਿ ਖੋਜਾਰਥੀ ਤਾਂ ਕੀ, ਸਾਧਾਰਨ ਪਾਠਕ ਨੂੰ ਵੀ ਹਰ ਦਸਤਾਵੇਜ਼ ਨਾਲ ਜੁੜੀ ਘਟਨਾ-ਲੜੀ ਦੀ ਤਹਿ ਤਕ ਪੁੱਜਣ ਵਿੱਚ ਦਿੱਕਤ ਨਾ ਆਵੇ। ਇਹ ਸਚਮੁੱਚ ਹੀ ਸ਼ਲਾਘਾਯੋਗ ਉੱਦਮ ਹੈ।
ਦਸਤਾਵੇਜ਼ਾਂ ਵਾਲੀ ਜੜ੍ਹਤ ਤੋਂ ਪਹਿਲਾਂ ਇਨ੍ਹਾਂ ਦਾ ਮਹੱਤਵ ਸਮਝਾਉਣ-ਦਰਸਾਉਣ ਵਾਲੇ ਪੰਜ ਅਧਿਆਇ, ਦਸਤਾਵੇਜ਼ਾਂ ਜਿੰਨੇ ਹੀ ਮਹੱਤਵਪੂਰਨ ਹਨ। ਇਹ ਸਿੱਖ ਭਾਈਚਾਰੇ ਦੇ ਹੁਣ ਤਕ ਦੇ ਇਤਿਹਾਸ ਨੂੰ ‘ਕੁੱਜੇ ਵਿੱਚ ਸਮੁੰਦਰ ਬੰਦ ਕਰਨ’ ਵਰਗੀ ਸ਼ੈਲੀ ਤੇ ਸਾਰਥਿਕਤਾ ਨਾਲ ਪੇਸ਼ ਕਰਦੇ ਹਨ। ਉਂਜ, 100 ਪੰਨਿਆਂ ਵਿੱਚ ਫੈਲੇ ਇਹ ਅਧਿਆਇ, ਅਮੂਮਨ, ਤੱਥ ਬਿਆਨ ਕਰਦੇ ਹਨ, ਨਤੀਜੇ ਤੱਕ ਪੁੱਜਣਾ ਪਾਠਕ ’ਤੇ ਛੱਡ ਦਿੰਦੇ ਹਨ। ਇਹ ਅਧਿਆਏ ਹਨ: 1. ਪੰਜਾਬ : ਸਿੱਖਾਂ ਦੀ ਸਰਜ਼ਮੀਂ; 2. ਬਸਤੀਵਾਦੀ ਨਿਜ਼ਾਮ ਨਾਲ ਮੇਲਜੋਲਵਾਦੀ ਰਿਸ਼ਤਾ; 3. 1947 ਤੱਕ ਸਿੱਖ ਅਲਹਿਦਗੀਪਸੰਦੀ ਦੇ ਰੰਗ; 4. 1947-1966 ਦੌਰਾਨ ਸ਼ਨਾਖ਼ਤੀ ਦਾਅਵੇਦਾਰੀ; ਅਤੇ 5. ਖ਼ੁਦਮੁਖ਼ਤਾਰੀ ਤੋਂ ਖਾਲਿਸਤਾਨ। ਇਨ੍ਹਾਂ ਪੰਜਾਂ ਚੈਪਟਰਾਂ ਅੰਦਰ ਦਰਜ ਕੁਝ ਅਹਿਮ ਤੱਥ ਇਸ ਤਰ੍ਹਾਂ ਹਨ:
• ਆਜ਼ਾਦੀ ਤੋਂ ਬਾਅਦ ਵਾਲੇ ਭਾਰਤ ਵਿੱਚ ਸਿੱਖ ਸੰਘਰਸ਼ 1949 ਵਿੱਚ ਸ਼ੁਰੂ ਹੋਇਆ। ਇਸ ਪੇਚੀਦਾ ਸੰਘਰਸ਼ ਦੀ ਬੁਨਿਆਦ ਸੀ ਖ਼ੁਦਮੁਖ਼ਤਾਰ ਪੰਜਾਬ (ਸਿੱਖ ਹੋਮਲੈਂਡ) ਦੀ ਮੰਗ ਜਿੱਥੇ ਸਿੱਖ ਆਜ਼ਾਦੀ ਨਾਲ ਵਿਚਰ ਸਕਣ। 1980ਵਿਆਂ ਵਿੱਚ ਜਿਹੜੀ ਇੰਤਹਾਪਸੰਦ ਲਹਿਰ ਪੰਜਾਬ ਵਿੱਚ ਉੱਭਰੀ, ਉਹ 1949 ਵਿੱਚ ਆਰੰਭ ਹੋਏ ਖ਼ੁਦਮੁਖ਼ਤਾਰੀ ਦੇ ਸੰਕਲਪ ਦਾ ਹੀ ਇੱਕ ਰੂਪ ਸੀ।
• ਬਾਕੀ ਮੁਲਕ ਬਾਅਦ ਵਿੱਚ ਗ਼ੁਲਾਮ ਹੋਇਆ; ਪੰਜਾਬ ਉੱਪਰ ਵਿਦੇਸ਼ੀ ਹਮਲਾਵਰਾਂ ਦਾ ਕਬਜ਼ਾ 1021 ਈਸਵੀ ਵਿੱਚ ਹੋਇਆ। ਖ਼ੈਬਰ ਦੱਰੇ ਰਾਹੀਂ ਆਏ ਹਮਲਾਵਰ ਸਿੱਖ ਸਾਮਰਾਜ (1799-1849) ਦੀ ਸਥਾਪਨਾ ਤੱਕ ਪੰਜਾਬ ਨੂੰ ਕੁੱਟਦੇ ਤੇ ਲੁੱਟਦੇ ਰਹੇ।
• ਗੁਰੂ ਨਾਨਕ ਦੇਵ ਜੀ ਵੱਲੋਂ ਸਥਾਪਿਤ ਸਿੱਖ ਧਰਮ ਨੇ ਪੰਜਾਬ ਨੂੰ ਨਵੀਂ ਸ਼ਨਾਖ਼ਤ ਪ੍ਰਦਾਨ ਕੀਤੀ। ਇਹ ਧਰਮ (1526 ਵਿੱਚ) ਉਜ਼ਬੇਕ ਜਰਨੈਲ ਬਾਬੁਰ ਵੱਲੋਂ ਉੱਤਰ ਭਾਰਤ ਵਿੱਚ ਮੁਗ਼ਲ ਸਾਮਰਾਜ ਦੀ ਸਥਾਪਨਾ ਅਤੇ ਇਸ ਸਾਮਰਾਜ ਦੇ ਉਭਾਰ-ਵਿਸਥਾਰ ਦੇ ਨਾਲੋ ਨਾਲ ਵਧਦਾ ਫੈਲਦਾ ਗਿਆ।
• ਗੁਰੂ ਨਾਨਕ ਦਾ ਫਲਸਫ਼ਾ ਇਨਕਲਾਬੀ ਸੀ। ਇਹ ਲੋਕਾਂ ਨੂੰ ਜਾਤ-ਪਾਤ ਦੀਆਂ ਬੰਦਿਸ਼ਾਂ ਤੇ ਸੌੜੀਆਂ ਧਾਰਮਿਕ ਵਲਗਣਾਂ ਦਾ ਤਿਆਗ ਕਰਨ ਅਤੇ ਇਨਸਾਨੀਅਤ ਤੇ ਬਰਾਬਰੀ ਦਾ ਪੱਲਾ ਫੜਨ ਦਾ ਸੱਦਾ ਦਿੰਦਾ ਸੀ। ਇਨਸਾਨੀਅਤ ਦਾ ਸੁਨੇਹਾ ਦੇਣ ਦੇ ਬਾਵਜੂਦ ਗੁਰੂ ਨਾਨਕ ਦੀ ਸੁਰ ਸੰਘਰਸ਼ਮਈ ਸੀ। ਉਨ੍ਹਾਂ ਨੇ ਸਮੇਂ ਦੇ ਹਾਕਮਾਂ ਖ਼ਿਲਾਫ਼ ਵੀ ਸਖ਼ਤ ਭਾਸ਼ਾ ਵਰਤੀ ਅਤੇ ਧਰਮ-ਗੁਰੂਆਂ ਤੇ ਉਨ੍ਹਾਂ ਦੀਆਂ ਕੁਰੀਤੀਆਂ ਖ਼ਿਲਾਫ਼ ਵੀ ਆਵਾਜ਼ ਬੁਲੰਦ ਕੀਤੀ। ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਨੇ ਬਦਲਵੇਂ ਹਕੂਮਤੀ ਹਾਲਾਤ ਮੁਤਾਬਿਕ ਸਿੱਖ ਧਰਮ ਨੂੰ ਸੰਤ-ਸਿਪਾਹੀ ਦੇ ਸੰਕਲਪ ਰਾਹੀਂ ਜੁਝਾਰੂ ਬਾਣਾ ਪ੍ਰਦਾਨ ਕੀਤਾ। ਇਸ ਪਰਿਵਰਤਨ ਪਿੱਛੇ ਪੰਜਵੇਂ ਤੇ ਨੌਵੇਂ ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਦੀ ਵੀ ਅਹਿਮ ਭੂਮਿਕਾ ਰਹੀ।
• ਦਸਵੇਂ ਗੁਰੂ ਵੱਲੋਂ ਲਿਆਂਦੇ ਪਰਿਵਰਤਨ ਦਾ ਸਿਖਰ 1799 ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਿੱਖ ਸਾਮਰਾਜ ਦੀ ਸਥਾਪਨਾ ਸੀ। ਉਂਜ, ਇਸ ਸਾਮਰਾਜ ਦੀ ਬੁਨਿਆਦ ਬਾਬਾ ਬੰਦਾ ਸਿੰਘ ਬਹਾਦਰ ਨੇ ਮਈ 1710 ਵਿੱਚ ਸੂਬਾ ਸਰਹਿੰਦ ਉੱਪਰ ਜਿੱਤ ਰਾਹੀਂ ਰੱਖ ਦਿੱਤੀ ਸੀ।
• ਸਿੱਖ ਸਾਮਰਾਜ ਸਿਰਫ਼ ਪੰਜਾਬ ਭਾਵ ਪੰਜ ਦਰਿਆਵਾਂ ਦੀ ਧਰਤ ਤੱਕ ਮਹਿਦੂਦ ਨਹੀਂ ਸੀ। ਉੱਤਰ ਤੇ ਉੱਤਰ-ਪੱਛਮ ਵਿੱਚ ਦੱਰਾ-ਖ਼ੈਬਰ ਤੋਂ ਅਫ਼ਗ਼ਾਨਿਸਤਾਨ ਦੀ ਸੁਲੇਮਾਨ ਪਰਬਤਮਾਲਾ, ਦੱਖਣੀ ਹਿੰਦੂਕੁਸ਼ ਪਰਬਤਮਾਲਾ, ਚਿਤਰਾਲ, ਸਵਾਤ ਤੇ ਹਜ਼ਾਰਾ ਵਾਦੀਆਂ ਅਤੇ ਉੱਤਰ-ਪੂਰਬ ਵਿੱਚ ਪੂਰੀ ਕਸ਼ਮੀਰ ਵਾਦੀ ਤੇ ਲੱਦਾਖ਼ ਖ਼ਿੱਤੇ ਇਸ ਸਾਮਰਾਜ ਦਾ ਹਿੱਸਾ ਸਨ। (ਚਿਤਰਾਲ, ਸਵਾਤ, ਗਿਲਗਿਤ ਤੇ ਬਾਲਟਿਸਤਾਨ ਅਜਕੱਲ੍ਹ ਪਾਕਿਸਤਾਨ ਦੇ ਸਭ ਤੋਂ ਰਮਣੀਕ ਖ਼ਿੱਤੇ ਮੰਨੇ ਜਾਂਦੇ ਹਨ। ਦੁਨੀਆ ਦੀ ਦਸ ਸਭ ਤੋਂ ਉੱਚੀਆਂ ਪਰਬਤੀ ਚੋਟੀਆਂ ਵਿੱਚੋਂ ਪੰਜ ਇਸੇ ਇਲਾਕੇ ਵਿੱਚ ਸਥਿਤ ਹਨ।) ਦੱਖਣ-ਪੱਛਮ ਵਿੱਚ ਸਤਲੁਜ ਦਰਿਆ ਇਸ ਸਾਮਰਾਜ ਦੀ ਹੱਦ ਸੀ (ਮੌਜੂਦਾ ਹਿਮਾਚਲ ਪ੍ਰਦੇਸ਼ ਦਾ ਅੱਧਾ ਹਿੱਸਾ ਖ਼ਾਲਸਾ ਸਾਮਰਾਜ ਦੇ ਅਧਿਕਾਰ ਹੇਠ ਸੀ।)
• ਸਿੱਖਾਂ ਦਾ ਸਮੇਂ ਦੀ ਹਕੂਮਤ ਨਾਲ ਟਕਰਾਅ ਗੁਰੂ ਨਾਨਕ ਦੇਵ ਜੀ ਦੇ ਜ਼ਮਾਨੇ ਵਿੱਚ ਸ਼ੁਰੂ ਹੋ ਗਿਆ ਸੀ ਜਦੋਂ ਧਾੜਵੀ ਦੇ ਰੂਪ ਵਿੱਚ ਆਏ ਬਾਬੁਰ ਨੇ 1520 ਵਿੱਚ ਸੈਦਪੁਰ (ਹੁਣ ਏਮਨਾਬਾਦ) ਵਿੱਚ ਬਾਬਾ ਨਾਨਕ ਨੂੰ ਕੁਝ ਸਮੇਂ ਲਈ ਨਜ਼ਰਬੰਦ ਕਰ ਦਿੱਤਾ ਸੀ। (ਇੱਥੇ ਜ਼ਿਕਰਯੋਗ ਹੈ ਕਿ ਬਾਬੁਰ ਨੇ 1526 ਵਿੱਚ ਦਿੱਲੀ ਫ਼ਤਹਿ ਕਰਨ ਤੋਂ ਪਹਿਲਾਂ ਹਿੰਦੋਸਤਾਨ ਉੱਤੇ ਚਾਰ ਧਾਵੇ ਲੁੱਟਾਂ-ਖੋਹਾਂ ਕਰਨ ਅਤੇ ਹਕੂਮਤ-ਏ-ਦਿੱਲੀ ਦੀ ਤਾਕਤ ਦਾ ਜਾਇਜ਼ਾ ਲੈਣ ਵਾਸਤੇ ਕੀਤੇ ਸਨ। ਇਹ ਚਾਰ ਧਾਵੇ ਮੁੱਖ ਤੌਰ ’ਤੇ ਪੰਜਾਬ ਤਕ ਹੀ ਸੀਮਤ ਰਹੇ ਸਨ।) ਬਾਦਸ਼ਾਹ ਅਕਬਰ ਦੇ ਰਾਜ-ਕਾਲ ਤੋਂ ਪਹਿਲਾਂ ਅਤੇ ਇਸ ਰਾਜ-ਕਾਲ ਦੌਰਾਨ ਸਿੱਖ ਮੱਤ, ਹਕੂਮਤੀ ਦਖ਼ਲ ਤੋਂ ਬਚਿਆ ਰਿਹਾ। ਪਰ ਪੰਜਵੇਂ ਗੁਰੂ ਦੀ ਸ਼ਹਾਦਤ ਮਗਰੋਂ ਛੇਵੇਂ ਨਾਨਕ, ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖੀ ਨੂੰ ਸਮੇਂ ਦੇ ਹਾਲਾਤ ਮੁਤਾਬਿਕ ਢਾਲਦਿਆਂ ਮੀਰੀ-ਪੀਰੀ ਦਾ ਸੰਕਲਪ ਅਪਣਾਇਆ। ਉਨ੍ਹਾਂ ਨੇ ਸਿੱਖੀ ਦੇ ਰੂਹਾਨੀ ਕੇਂਦਰ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਉਸਾਰ ਕੇ ਸਿੱਖ ਮੱਤ ਨੂੰ ਨਵੀਂ ਦਿਸ਼ਾ ਤੇ ਗਤੀਸ਼ੀਲਤਾ ਬਖ਼ਸ਼ੀ। ਖ਼ਾਲਸਾ, ਮੀਰੀ-ਪੀਰੀ ਦੇ ਇਸੇ ਸੰਕਲਪ ਦਾ ਵਿਸਥਾਰਤ ਰੂਪ ਸੀ।
• ਇਸੇ ਸੰਕਲਪ ਕਾਰਨ ‘ਬਾਬਰ ਦੇ ਘਰਾਣੇ’ ਅਤੇ ‘ਨਾਨਕ ਦੇ ਘਰਾਣੇ’ ਦਰਮਿਆਨ ਰਿਸ਼ਤੇ ਦਾ ਨਵਾਂ ਪੜਾਅ ਸ਼ੁਰੂ ਹੋਇਆ। ਇਸ ਰਿਸ਼ਤੇ ਵਿੱਚ ਸਦਭਾਵ ਦੀ ਥਾਂ ਟਕਰਾਅ ਜ਼ਿਆਦਾ ਪ੍ਰਮੁੱਖ ਰਿਹਾ। ਅਕਾਲ ਤਖ਼ਤ ਸਿੱਖ ਪ੍ਰਭੂਸੱਤਾ ਦਾ ਪ੍ਰਤੀਕ ਸੀ। ਇਹ ਸਮੇਂ ਦੀ ਹਕੂਮਤ ਦੀਆਂ ਅੱਖਾਂ ਵਿੱਚ ਰੜਕਣਾ ਹੀ ਸੀ।
• ਗੁਰੂ ਹਰਗੋਬਿੰਦ ਸਾਹਿਬ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਹੁਕਮਾਂ ਦੇ ਤਹਿਤ 6 ਵਰ੍ਹਿਆਂ ਤਕ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਰਹੇ। ਆਪਣੀ ਰਿਹਾਈ ਤੋਂ ਬਾਅਦ ਉਨ੍ਹਾਂ ਨੇ ਕੀਰਤਪੁਰ ਸਾਹਿਬ ਵਸਾਉਣਾ ਅਤੇ ਉੱਥੇ ਖ਼ੁਦ ਜਾ ਵਸਣਾ ਜਾਇਜ਼ ਸਮਝਿਆ। ਸਿੱਖੀ ਦੇ ਧੁਰੇ ਨੂੰ ਅੰਮ੍ਰਿਤਸਰ ਤੋਂ ਕੀਰਤਪੁਰ ਲਿਜਾਣਾ ਸਿੱਖ ਧਰਮ ਨੂੰ ਨਵੀਆਂ ਲੀਹਾਂ ’ਤੇ ਜਥੇਬੰਦ ਕਰਨ ਦਾ ਨੀਤੀਗਤ ਫ਼ੈਸਲਾ ਸੀ। ਇਸ ਫ਼ੈਸਲੇ ਦੇ ਬਾਵਜੂਦ ਅਕਾਲ ਤਖ਼ਤ ਦੇ ਸੰਸਥਾਗਤ ਮਹੱਤਵ ਵਿੱਚ ਕਮੀ ਨਹੀਂ ਆਈ। ਮਸਲੇ ਵਿਚਾਰਨ ਤੇ ਉਨ੍ਹਾਂ ਦਾ ਵਿਚਾਰਧਾਰਕ ਤੋੜ ਲੱਭਣ ਦੀ ਜਮਹੂਰੀ ਪ੍ਰਥਾ, ਜੋ ਅਕਾਲ ਤਖ਼ਤ ’ਤੇ ਉਪਜੀ, ਉਹ ਅੱਗੇ ਵੀ ਬਰਕਰਾਰ ਰਹੀ। ਸਰਬਤ ਖ਼ਾਲਸਾ ਤੇ ਗੁਰਮਤਾ ਇਸੇ ਪਰੰਪਰਾ ਦੀ ਉਪਜ ਸਨ।
• ਨੌਵੇਂ ਨਾਨਕ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਸਿੱਖ ਸੰਕਲਪ ਦੀ ਨੁਹਾਰ ਬਦਲੀ। ਇਹ ਜਾਬਰਾਂ ਨਾਲ ਲੋਹਾ ਲੈਣ ਵਾਲਾ ਧਰਮ ਬਣ ਗਿਆ। ਧਰਮਯੁੱਧ ਦਾ ਸਿਧਾਂਤ ਦਸਵੇਂ ਗੁਰੂ ਦੀ ਦੇਣ ਸੀ। ਇਹ ਸਿਧਾਂਤ ਸਿੱਖ ਧਰਮ ਦੇ ਵਿਕਾਸ-ਵਿਗਾਸ ਦਾ ਹਿੱਸਾ ਬਣ ਗਿਆ।
• ਕੀਰਤਪੁਰ ਤੋਂ ਆਨੰਦਪੁਰ ਸਾਹਿਬ ਸਿੱਖ ਸਰਗਰਮੀਆਂ ਦਾ ਕੇਂਦਰ ਬਣਨ ਦੇ ਬਾਵਜੂਦ ਦਰਬਾਰ ਸਾਹਿਬ, ਅੰਮ੍ਰਿਤਸਰ ਵੱਲ ਵੀ ਕਲਗੀਧਰ ਦਾ ਧਿਆਨ ਰਿਹਾ। ਉਨ੍ਹਾਂ ਨੇ ਇਸ ਅਸਥਾਨ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਭਾਈ ਮਨੀ ਸਿੰਘ ਨੂੰ ਸੌਂਪੀ। ਉਹ 1699 ਤੋਂ 1734 ਵਿੱਚ (ਆਪਣੀ ਸ਼ਹਾਦਤ ਤਕ) ਇਸ ਦੇ ਪ੍ਰਬੰਧਕ ਰਹੇ। ਉਸ ਜ਼ਮਾਨੇ ’ਚ ਸਿੱਖਾਂ ਦੇ ਸਿਰਾਂ ਦਾ ਮੁੱਲ ਪੈਣ ਤੋਂ ਉਪਜੇ ਹਾਲਾਤ ਕਾਰਨ ਦਰਬਾਰ ਸਾਹਿਬ ਦੇ ਪ੍ਰਬੰਧ ਦੀ ਵਾਗਡੋਰ ਉਦਾਸੀ ਪੰਥ ਦੇ ਹੱਥਾਂ ਵਿੱਚ ਪਹੁੰਚ ਗਈ। ਫਿਰ ਵੀ ਨਿਹੰਗ ਸਿੰਘਾਂ ਦਾ ਇੱਕ ਜਥਾ ਅਕਾਲ ਤਖ਼ਤ ’ਤੇ ਦਰਬਾਰ ਸਾਹਿਬ ਦੀ ਸੁਰੱਖਿਆ ਲਈ ਸਿੱਧੇ-ਅਸਿੱਧੇ ਰੂਪ ਵਿੱਚ ਡਟਿਆ ਰਿਹਾ।
• ਸਿੱਖ ਸਿਧਾਂਤ ਦੇ ਧੁਰੇ ਵਜੋਂ ਅਕਾਲ ਤਖ਼ਤ ਦੀ ਮਾਨਤਾ ਅਕਾਲੀ ਫੂਲਾ ਸਿੰਘ ਵੱਲੋਂ ਇਸ ਦੀ ਸਾਂਭ-ਸੰਭਾਲ ਆਰੰਭੇ ਜਾਣ ਨਾਲ ਬਹਾਲ ਹੋਈ। ਉਨ੍ਹਾਂ ਨੇ ਉਦਾਸੀਆਂ ਵੱਲੋਂ ਚਲਾਈਆਂ ਜਾ ਰਹੀਆਂ ਕੁਰੀਤੀਆਂ ਦਾ ਅੰਤ ਕੀਤਾ। ਮਹਾਰਾਜਾ ਰਣਜੀਤ ਸਿੰਘ ਨੂੰ ਵੀ ਪੰਥਕ ਮਰਿਆਦਾ ਦੀ ਉਲੰਘਣਾ ਦੇ ਦੋਸ਼ ਵਿੱਚ ਕੋਰੜੇ ਮਾਰੇ ਜਾਣ ਦੀ ਤਨਖ਼ਾਹ ਉਨ੍ਹਾਂ ਨੇ ਹੀ ਲਾਈ। ਪਰ 1823 ਵਿੱਚ ਨੌਸ਼ਹਿਰੇ ਦੀ ਜੰਗ ਵਿੱਚ ਉਨ੍ਹਾਂ ਦੀ ਸ਼ਹਾਦਤ ਮਗਰੋਂ ਦਰਬਾਰ ਸਾਹਿਬ ਦੀ ਮਰਿਆਦਾ ਵਿੱਚ ਉਦਾਸੀ ਤੇ ਬ੍ਰਾਹਮਣੀ ਰਹੁ-ਰੀਤਾਂ ਦੀ ਵਾਪਸੀ ਹੋ ਗਈ।
• ਜਿਹੜੇ ਹੋਰ ਪੰਥਕ ਆਗੂ ਅਕਾਲ ਤਖ਼ਤ ਦੇ ਜਥੇਦਾਰ (ਜਾਂ ਪ੍ਰਬੰਧਕ) ਰਹੇ, ਉਨ੍ਹਾਂ ਵਿੱਚ ਬਾਬਾ ਦਰਬਾਰਾ ਸਿੰਘ, ਨਵਾਬ ਕਪੂਰ ਸਿੰਘ ਤੇ ਬੁੱਢਾ ਦਲ ਦੇ ਜਥੇਦਾਰ ਬਾਬਾ ਹਨੂੰਮਾਨ ਸਿੰਘ ਸ਼ਾਮਿਲ ਹਨ।
• ਬੰਦਾ ਬਹਾਦਰ ਤੋਂ ਬਾਅਦ ਦੇ ਦਿਨਾਂ ਦੌਰਾਨ ਅਕਾਲ ਤਖ਼ਤ, ਸਰਬਤ ਖ਼ਾਲਸਾ ਤੇ ਗੁਰਮਤਾ ਪਰੰਪਰਾਵਾਂ ਦਾ ਧੁਰਾ ਬਣਿਆ ਰਿਹਾ। ਪੰਥ ਨਾਲ ਜੁੜੇ ਫ਼ੈਸਲੇ ਇਨ੍ਹਾਂ ਜਮਹੂਰੀ ਪਰੰਪਰਾਵਾਂ ਮੁਤਾਬਿਕ ਹੀ ਲਏ ਜਾਂਦੇ ਰਹੇ। 1733 ਵਿੱਚ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਵੱਲੋਂ ਕੀਤੀ ਗਈ ਜੰਗਬੰਦੀ ਦੀ ਪੇਸ਼ਕਸ਼ ਦੇ ਪ੍ਰਸੰਗ ਵਿੱਚ ਵਿਸਾਖੀ ਮੌਕੇ ਅਕਾਲ ਤਖ਼ਤ ’ਤੇ ਸਰਬਤ ਖ਼ਾਲਸਾ ਬੁਲਾਇਆ ਗਿਆ। ਜ਼ਕਰੀਆ ਖ਼ਾਨ ਨੇ ਸਿੰਘਾਂ ਨੂੰ ਸੂਬੇ ਵਿੱਚ ਅਮਨ-ਚੈਨ ਬਣਾਈ ਰੱਖਣ ਬਦਲੇ ਤਿੰਨ ਪਰਗਨਿਆਂ- ਦੀਪਾਲਪੁਰ, ਕੰਗਣਵਾਲ ਤੇ ਝਬਾਲ ਦੀ ਜਗੀਰ ਦੇਣ ਦਾ ਵਾਅਦਾ ਕੀਤਾ। ਇਸ ਜਗੀਰ ਦਾ ਸਾਲਾਨਾ ਮਾਲੀਆ ਇੱਕ ਲੱਖ ਰੁਪਏ ਸੀ। ਇਸ ਪੇਸ਼ਕਸ਼ ਨੂੰ ਗੁਰਮਤਾ ਪਾ ਕੇ ਸਵੀਕਾਰ ਕੀਤਾ ਗਿਆ ਅਤੇ ਇਸੇ ਰਾਹੀਂ ਭਾਈ ਕਪੂਰ ਸਿੰਘ ਨੂੰ ‘ਨਵਾਬ’ ਦੀ ਉਪਾਧੀ ਮਿਲੀ। 1745, 1748,1762, 1765, 1766, 1798 ਤੇ 1805 ਵਿੱਚ ਅਕਾਲ ਤਖ਼ਤ ’ਤੇ ਸਰਬਤ ਖ਼ਾਲਸਾ ਸਮਾਗਮ ਹੋਣ ਦਾ ਰਿਕਾਰਡ ਮੌਜੂਦ ਹੈ।
• 1740ਵਿਆਂ ਵਿੱਚ ਮੁਗ਼ਲ ਹਕੂਮਤ ਕਮਜ਼ੋਰ ਪੈਂਦਿਆਂ ਸਿੱਖਾਂ ਨੇ ਇਲਾਕਿਆਂ ਉੱਤੇ ਕਬਜ਼ੇ ਸ਼ੁਰੂ ਕਰ ਦਿੱਤੇ। ਇਹ ਕਬਜ਼ੇ ਆਪਸੀ ਝੇੜਿਆਂ ਵਿੱਚ ਵੀ ਬਦਲਣ ਲੱਗੇ। ਇਨ੍ਹਾਂ ਨੂੰ ਰੋਕਣ ਲਈ ਅਕਾਲ ਤਖ਼ਤ ’ਤੇ ਫਾਈਲਾਂ (ਮਿਸਲਾਂ) ਰੱਖੀਆਂ ਜਾਣ ਲੱਗੀਆਂ। ਹਰ ਜਥੇ ਦੇ ਕਬਜ਼ੇ ਵਾਲੇ ਇਲਾਕੇ ਦਾ ਰਿਕਾਰਡ ਉਸ ਦੀ ਮਿਸਲ ਵਿੱਚ ਹੁੰਦਾ ਸੀ। ਜਥਿਆਂ ਦੇ ਆਗੂਆਂ ਦੇ ਆਪਸੀ ਝਗੜੇ ਦੀ ਸੂਰਤ ਵਿੱਚ ਫ਼ੈਸਲਾ ਅਕਾਲ ਤਖ਼ਤ ’ਤੇ ਸੰਭਾਲੀ ਮਿਸਲ ਮੁਤਾਬਿਕ ਲਿਆ ਜਾਂਦਾ ਸੀ। ਇਸ ਤਰ੍ਹਾਂ ਮਿਸਲ ਨਾਲ ਜੁੜੇ ਸਰਦਾਰ ਨੂੰ ਮਿਸਲਦਾਰ ਕਿਹਾ ਜਾਣ ਲੱਗਾ। ਮਿਸਲਦਾਰੀ, ਅਕਾਲ ਤਖ਼ਤ ਦੀ ਅਗਵਾਈ ਹੇਠ ਵਿਕਸਤ ਹੋਈ ਕਨਫੈਡਰਲ ਪ੍ਰਣਾਲੀ ਦੀ ਸ਼ਾਨਦਾਰ ਮਿਸਾਲ ਸੀ।
• ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਵੇਲੇ ਉਪਰੋਕਤ ਕਨਫੈਡਰਲ ਪ੍ਰਣਾਲੀ ਗਾਇਬ ਹੋ ਗਈ। ਕਈ ਤਵਾਰੀਖਸਾਜ਼ ਸਿੱਖ ਜਮਹੂਰੀਅਤ ਦੇ ਅਜਿਹੇ ਖ਼ਾਤਮੇ ਨੂੰ ਪੰਥ ਦਾ ਬਹੁਤ ਵੱਡਾ ਨੁਕਸਾਨ ਮੰਨਦੇ ਹਨ। ਇਸ ਸਬੰਧੀ ਕਈਆਂ ਨੇ ਤਾਂ ਬਹੁਤ ਤੁਰਸ਼ ਭਾਸ਼ਾ ਵੀ ਵਰਤੀ ਹੈ। ਇਹ ਰਾਇ ਪ੍ਰਗਟਾਈ ਗਈ ਕਿ ਪੰਥ-ਪ੍ਰਧਾਨੀ ਦੇ ਜਜ਼ਬੇ ਜਾਂ ਪੰਥਕ ਹਿੱਤਾਂ ਨੂੰ ਮੁਗ਼ਲ ਬਾਦਸ਼ਾਹ ਫਰੁਖ਼ਸੀਅਰ ਤੋਂ ਬਾਅਦ ਸਭ ਤੋਂ ਵੱਧ ਢਾਹ ਮਹਾਰਾਜਾ ਰਣਜੀਤ ਸਿੰਘ ਨੇ ਲਾਈ।
• ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਦੌਰਾਨ ਹੀ ਸ੍ਰੀ ਦਰਬਾਰ ਸਾਹਿਬ ਦੀ ਹਦੂਦ ਵਿੱਚ ਬੁੱਤ ਤੇ ਮੂਰਤੀਆਂ ਲਾਉਣ ਦਾ ਰਿਵਾਜ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਦਾ ਬੁੱਤ ਲਾਇਆ ਗਿਆ। ਇਹ ਚੰਬਾ ਰਿਆਸਤ ਦੇ ਰਾਜੇ ਨੇ ਮਹਾਰਾਜੇ ਨੂੰ ਭੇਟ ਕੀਤਾ ਸੀ। ਫਿਰ, ਗੁਰੂ ਨਾਨਕ ਸਾਹਿਬ ਦੀ ਇੱਕ ਛੋਟੀ ਜਿਹੀ ਮੂਰਤੀ, ਹਰਿਮੰਦਰ ਸਾਹਿਬ ਅੰਦਰ ਸਥਾਪਿਤ ਕੀਤੀ ਗਈ। ਮਹਾਰਾਜੇ ਵੇਲੇ ਹੀ ਉਦਾਸੀ ਸਾਧੂ-ਸੰਤਾਂ ਦੀ ਸ੍ਰੀ ਦਰਬਾਰ ਸਾਹਿਬ ਸਮੇਤ ਵੱਖ ਵੱਖ ਗੁਰਅਸਥਾਨਾਂ ਅੰਦਰ ਵਾਪਸੀ ਹੋਈ।
• 1880ਵਿਆਂ ਵਿੱਚ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦਵਾਰ ਨੇੜੇ ਦਸਾਂ ਗੁਰੂਆਂ ਦੀਆਂ ਮੂਰਤੀਆਂ ਦੇ ਅਸਥਾਪਨ ਦਾ ਵਿਚਾਰ ਬਣਾਇਆ। ਇਸ ਦਾ ਸਿੱਖ ਭਾਈਚਾਰੇ ਵੱਲੋਂ ਤਿੱਖਾ ਵਿਰੋਧ ਹੋਣ ਕਾਰਨ ਇਸ ਨੂੰ ਤਿਆਗ ਦਿੱਤਾ ਗਿਆ। ਉਂਜ, ਦਰਬਾਰ ਸਾਹਿਬ ਦੀ ਹਦੂਦ ਵਿੱਚੋਂ ਮੂਰਤੀਆਂ ਮਈ 1905 ਵਿੱਚ ਹਟਾਈਆਂ ਗਈਆਂ।
• 1849 ਵਿੱਚ ਪੰਜਾਬ ਦੇ ਬ੍ਰਿਟਿਸ਼ ਸਾਮਰਾਜ ਵਿੱਚ ਰਲੇਵੇਂ ਮਗਰੋਂ ਵੀ ਸਿੱਖ ਸੰਘਰਸ਼ ਦੀ ਅੱਗ ਧੁਖ਼ਦੀ ਰਹੀ। ਬਾਕੀ ਸਾਰੇ ਸਿੱਖ ਸਰਦਾਰਾਂ ਨੇ ਆਪੋ ਆਪਣੇ ਹਥਿਆਰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨਾਲ ਸਬੰਧਿਤ ਹਾਕਮਾਂ ਦੇ ਸਪੁਰਦ ਕਰ ਦਿੱਤੇ, ਪਰ ਭਾਈ ਮਹਾਰਾਜ ਸਿੰਘ ਤੇ ਕਰਨਲ ਰਛਪਾਲ ਸਿੰਘ ਨੇ ਅਜਿਹਾ ਨਹੀਂ ਕੀਤਾ। ਭਾਈ ਮਹਾਰਾਜ ਸਿੰਘ ਨੂੰ 29 ਦਸੰਬਰ 1849 ਨੂੰ ਆਦਮਪੁਰ (ਜਲੰਧਰ) ਤੋਂ ਗ੍ਰਿਫ਼ਤਾਰ ਕਰ ਕੇ ਸਿੰਗਾਪੁਰ ਜਲਾਵਤਨ ਕੀਤਾ ਗਿਆ ਅਤੇ ਉੱਥੋਂ ਦੀ ਜੇਲ੍ਹ ’ਚ 1856 ਵਿੱਚ ਉਨ੍ਹਾਂ ਦੇ ਅਕਾਲ ਚਲਾਣੇ ਤਕ ਨਜ਼ਰਬੰਦ ਰੱਖਿਆ। ਉਹ ਭਾਰਤੀ ਉਪ-ਮਹਾਂਦੀਪ ਤੋਂ ਜਲਾਵਤਨ ਕੀਤੇ ਪਹਿਲੇ ਆਜ਼ਾਦੀ ਘੁਲਾਟੀਏ ਸਨ।
• ਕੂਕਾ ਲਹਿਰ ਪੰਜਾਬ ਵਿੱਚ ਬ੍ਰਿਟਿਸ਼ ਹਾਕਮਾਂ ਖ਼ਿਲਾਫ਼ ਪਹਿਲੀ ਜਥੇਬੰਦਕ ਬਗ਼ਾਵਤੀ ਲਹਿਰ ਸੀ। 1872 ਵਿੱਚ 66 ਕੂਕਿਆਂ ਨੂੰ ਮਾਲੇਰਕੋਟਲਾ ਵਿਖੇ ਤੋਪਾਂ ਨਾਲ ਉਡਾਇਆ ਗਿਆ। ਇਹ ਤੋਪਾਂ ਪਟਿਆਲਾ ਦੇ ਮਹਾਰਾਜਾ ਮਹਿੰਦਰ ਸਿੰਘ ਨੇ ਮੁਹੱਈਆ ਕਰਵਾਈਆਂ। ਉਨ੍ਹਾਂ ਨੇ ਅਜਿਹਾ ਕਰਨ ਤੋਂ ਇਲਾਵਾ ਉਪਰੋਕਤ ਵਹਿਸ਼ਤੀ ਕਾਰਵਾਈ ਲਈ ਪੰਜਾਬ ਸਰਕਾਰ ਦੇ ਕਾਰਜਕਾਰੀ ਸਕੱਤਰ ਨੂੰ ਪ੍ਰਸ਼ੰਸਾ ਪੱਤਰ ਵੀ ਲਿਖਿਆ।
ਸਿੱਖ ਸੰਘਰਸ਼ ਦੀ ਕਹਾਣੀ, ਦਸਤਾਵੇਜ਼ਾਂ ਦੀ ਜ਼ੁਬਾਨੀ
• ਕੂਕੇ ਜਾਂ ਨਾਮਧਾਰੀ ਪਹਿਲੇ ਅਜਿਹੇ ਸਿਆਸੀ ਕੈਦੀ ਸਨ ਜਿਨ੍ਹਾਂ ਨੂੰ ਨਜ਼ਰਬੰਦੀ ਲਈ ਕਾਲੇ ਪਾਣੀ (ਅੰਡੇਮਾਨ-ਨਿਕੋਬਾਰ ਦੀਪ ਸਮੂਹ) ਭੇਜਿਆ ਗਿਆ।
• ਬ੍ਰਿਟਿਸ਼ ਹਾਕਮਾਂ ਨੇ ਖ਼ਾਲਸਾ ਰਾਜ ਹੜੱਪਣ ਤੋਂ ਬਾਅਦ ਮੁਸਲਿਮ ਤੇ ਹਿੰਦੂ ਧਰਮਾਂ ਦੇ ਮਾਮਲਿਆਂ ਵਿੱਚ ਕੋਈ ਦਖ਼ਲ ਨਹੀਂ ਦਿੱਤਾ, ਪਰ ਸਿੱਖਾਂ ਦੇ ਧਾਰਮਿਕ ਮਾਮਲਿਆਂ ਨੂੰ ਕੰਟਰੋਲ ਵਿੱਚ ਰੱਖਣ ਦਾ ਸਿਲਸਿਲਾ 1850 ਤੋਂ ਸ਼ੁਰੂ ਹੋ ਗਿਆ। ਗੁਰਅਸਥਾਨਾਂ ਨੂੰ ਉਦਾਸੀ ਮਹੰਤਾਂ ਦੇ ਕਬਜ਼ੇ ਵਿੱਚੋਂ ਛੁਡਾਉਣ ਦੇ ਯਤਨਾਂ ਦਾ ਸਰਕਾਰੀ ਤੌਰ ’ਤੇ ਵਿਰੋਧ ਇਸ ਬਿਨਾਅ ’ਤੇ ਕੀਤਾ ਜਾਂਦਾ ਰਿਹਾ ਕਿ ਇਸ ਨਾਲ ਹਿੰਦੂਆਂ ਤੇ ਸਿੱਖਾਂ ਵਿੱਚ ਦੁਫ਼ੇੜ ਪਵੇਗੀ।
• ਇਸਾਈ ਮਿਸ਼ਨਰੀਆਂ ਨੇ ਆਪਣੇ ਮੱਤ ਦਾ ਪ੍ਰਚਾਰ ਰਿਆਸਤੀ ਪੰਜਾਬ ਵਿੱਚ ਤਾਂ 1820ਵਿਆਂ ਤੋਂ ਸ਼ੁਰੂ ਕਰ ਦਿੱਤਾ ਸੀ। 1850ਵਿਆਂ ਤੋਂ ਬਾਅਦ ਇਸ ਨੂੰ ਸਾਬਕਾ ਖ਼ਾਲਸਾ ਰਾਜ ਵਾਲੇ ਇਲਾਕਿਆਂ ਤੱਕ ਵੀ ਪਹੁੰਚਾ ਦਿੱਤਾ ਗਿਆ। 1870ਵਿਆਂ ’ਚ ਇੱਕ ਪਾਸੇ ਤਾਂ ਆਰੀਆ ਸਮਾਜ ਪੰਜਾਬ ਦੇ ਹਿੰਦੂ ਭਾਈਚਾਰੇ ਤੋਂ ਇਲਾਵਾ ਸਿੱਖ ਭਾਈਚਾਰੇ ਵਿੱਚ ਵੀ ਪੈਰ ਪਸਾਰਨ ਲੱਗਾ, ਦੂਜੇ ਪਾਸੇ ਇਸਾਈ ਮਿਸ਼ਨਰੀ ਵੀ ਸਿੱਖੀ ਸਫ਼ਾਂ ਨੂੰ ਖ਼ੋਰਾ ਲਾਉਣ ਲੱਗੇ। 1873 ਵਿੱਚ ਚਾਰ ਸਿੱਖ ਵਿਦਿਆਥੀਆਂ ਵੱਲੋਂ ਇਸਾਈ ਬਣਨਾ ਸਿੱਖ ਭਾਈਚਾਰੇ ਵਿੱਚ ਨਵੇਂ ਰੋਹ ਦਾ ਬਾਇਜ਼ ਬਣਿਆ।
• ਇਸ ਰੋਹ ਅਤੇ ਸਿੱਖ ਮਰਿਆਦਾ ਦੇ ਪ੍ਰਚਾਰ-ਪਸਾਰ ਦੇ ਜਜ਼ਬੇ ਸਦਕਾ ਸਿੰਘ ਸਭਾ ਲਹਿਰ ਵਜੂਦ ਵਿੱਚ ਆਈ। ਅੰਮ੍ਰਿਤਸਰ ਵਿੱਚ ਸਥਾਪਿਤ ਹੋਈ ਪਹਿਲੀ ਸਿੰਘ ਸਭਾ ਦੇ ਪ੍ਰਧਾਨ ਠਾਕੁਰ ਸਿੰਘ ਸੰਧਾਵਾਲੀਆ ਤੇ ਸਕੱਤਰ ਗਿਆਨੀ ਗਿਆਨ ਸਿੰਘ ਸਨ। ਇਹ ਲਹਿਰ ਸਿੱਖ ਸਮਾਜ ਤੇ ਸਿੱਖ ਚਿੰਤਨ ਵਿੱਚੋਂ ਕੁਰੀਤੀਆਂ ਦੂਰ ਕਰਨ ਵਿੱਚ ਸਹਾਈ ਹੋਈ।
• ਇਸ ਲਹਿਰ ਦੇ ਮੋਢੀਆਂ ਵਿੱਚੋਂ ਭਾਵੇਂ ਬਹੁਗਿਣਤੀ ਸਰਕਾਰ-ਪੱਖੀਆਂ ਦੀ ਸੀ, ਪਰ ਇਸ ਨੇ ਸਿੱਖ ਸੰਘਰਸ਼ ਦੀ ਨਵੀਂ ਬੁਨਿਆਦ ਰੱਖਣ ਦਾ ਰਾਹ ਜ਼ਰੂਰ ਪੱਧਰਾ ਕੀਤਾ। ਇਹੋ ਕੁਝ ਚੀਫ ਖ਼ਾਲਸਾ ਦੀਵਾਨ ਦੀ 1902 ਵਿੱਚ ਸਥਾਪਨਾ ਬਾਰੇ ਕਿਹਾ ਜਾ ਸਕਦਾ ਹੈ। ਇਸ ਸੰਸਥਾ ਦੀਆਂ ਵਿਦਿਅਕ ਕਾਨਫੰਰਸਾਂ ਨੇ ਸਿੱਖ ਸਮਾਜ ਵਿੱਚ ਸਕੂਲਾਂ-ਕਾਲਜਾਂ ਦੀ ਸਥਾਪਨਾ ਦੀ ਬਿਰਤੀ ਪੈਦਾ ਕੀਤੀ। ਸਿੰਘ ਸਭਾ ਲਹਿਰ ਦੇ ਯਤਨਾਂ ਸਦਕਾ ਹੀ ਅਕਤੂਬਰ 1909 ਵਿੱਚ ਇੰਪੀਰੀਅਲ ਲੈਜਿਸਲੇਟਿਵ ਕਾਉਂਸਿਲ ਨੇ ਆਨੰਦ ਮੈਰਿਜ ਐਕਟ ਪਾਸ ਕੀਤਾ। ਇਹ ਪਹਿਲੀ ਵਾਰ ਸੀ ਜਦੋਂ ਇੱਕ ਸਿੱਖੀ ਪ੍ਰਥਾ ਨੂੰ ਕਾਨੂੰਨ ਵਜੋਂ ਮਾਨਤਾ ਮਿਲੀ। ਸਿੱਖ ਮੱਤ ਨੂੰ ਸਰਕਾਰੀ ਤੌਰ ’ਤੇ ਅਲਹਿਦਾ ਧਰਮ ਮੰਨਣ ਵਾਲਾ ਇਹ ਪਹਿਲਾ ਕਦਮ ਸੀ।
• ਸਿੰਘ ਸਭਾ ਲਹਿਰ ਨੂੰ ਹੁਲਾਰੇ ਤੇ ਹੁੰਗਾਰੇ ਦੀ ਤਸਦੀਕ ਇਸ ਤੱਥ ਤੋਂ ਹੁੰਦੀ ਹੈ ਕਿ ਫ਼ੌਜ ਵਿੱਚ ਵੀ ਸਿੰਘ ਸਭਾਵਾਂ ਕਾਇਮ ਹੋਣ ਲੱਗੀਆਂ। 1898 ਵਿੱਚ ਇੱਕ ਸਿੱਖ ਫ਼ੌਜੀ ਯੂਨਿਟ (ਕੰਪਨੀ ਨੰਬਰ 14) ਨੇ ਆਪਣੇ ਕਮਾਂਡਿੰਗ ਅਫਸਰ ਦੀ ਪ੍ਰਵਾਨਗੀ ਨਾਲ ਪਹਿਲੀ ਸਿੰਘ ਸਭਾ ਕਾਇਮ ਕੀਤੀ।
• 15 ਨਵੰਬਰ 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੋਈ। ਇਸ ਸਥਾਪਨਾ ਦੇ ਨਾਲ ਹੀ ਸਿੱਖ ਭਾਈਚਾਰੇ ਤੇ ਬ੍ਰਿਟਿਸ਼ ਹਕੂਮਤ ਦਰਮਿਆਨ ਟਕਰਾਅ ਦਾ ਯੁੱਗ ਸ਼ੁਰੂ ਹੋਇਆ। ਸ਼੍ਰੋਮਣੀ ਕਮੇਟੀ ਵਿੱਚੋਂ ਹੀ ਸ਼੍ਰੋਮਣੀ ਅਕਾਲੀ ਦਲ ਉਪਜਿਆ ਅਤੇ ਗੁਰਦੁਆਰਾ ਸੁਧਾਰ ਲਹਿਰ ਪੂਰੇ ਸ਼ਿੱਦਤੀ ਤੇ ਸਿਰੜੀ ਸਰੂਪ ਵਿੱਚ ਪ੍ਰਚੰਡ ਹੋਈ। 1925 ਵਿੱਚ ਸਿੱਖ ਗੁਰਦੁਆਰਾ ਐਕਟ ਰਾਹੀਂ ਸ਼੍ਰੋਮਣੀ ਕਮੇਟੀ ਨੂੰ ਵਿਧਾਨਕ ਰੁਤਬਾ ਮਿਲ ਗਿਆ। ਇਸ ਨੇ ਸਿੱਖ ਸੰਘਰਸ਼ ਦੇ ਅਗਲੇ ਅਵਤਾਰਾਂ ਦੀ ਲੜੀ ਦਾ ਮੁੱਢ ਬੰਨ੍ਹਿਆ। ਇਹ ਲੜੀ ਜਿਵੇਂ ਕਿ ਕਿਤਾਬ ਅੰਦਰਲੇ ਦਸਤਾਵੇਜ਼ਾਂ ਤੋਂ ਸਪੱਸ਼ਟ ਹੈ, ਹੁਣ ਵੀ ਜਾਰੀ ਹੈ।
• ਬ੍ਰਿਟਿਸ਼ ਸਰਕਾਰ ਵੱਲੋਂ 1925 ਤੋਂ ਬਾਅਦ ਕੁਝ ਸੁਲ੍ਹਾਵਾਦੀ ਰੁਖ਼ ਅਪਣਾਏ ਜਾਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦਾ ਰੁਖ਼ ਟਕਰਾਅ ਵਾਲਾ ਰਿਹਾ। ਕਾਂਗਰਸ ਨਾਲ ਵੀ ਇਸ ਦੇ ਰਿਸ਼ਤੇ ਵਿੱਚ ਕਦੇ ਨਰਮੀ, ਕਦੇ ਗਰਮੀ ਵਾਲਾ ਸਿਲਸਿਲਾ ਚਲਦਾ ਰਿਹਾ।
• 1945 ਵਿੱਚ ਬ੍ਰਿਟਿਸ਼ ਵਾਇਸਰੌਇ, ਲਾਰਡ ਵੇਵਲ ਵੱਲੋਂ ਬੁਲਾਈ ਸ਼ਿਮਲਾ ਕਾਨਫਰੰਸ ਵਿੱਚ ਸਿੱਖਾਂ ਦੀ ਨੁਮਾਇੰਦਗੀ ਮਾਸਟਰ ਤਾਰਾ ਸਿੰਘ ਨੇ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿੱਖ ਸਿਰਫ਼ ਮੁਲਕ ਦੀ ਆਜ਼ਾਦੀ ਦੇ ਮੁੱਦੇ ’ਤੇ ਕਾਂਗਰਸ ਦੀ ਹਮਾਇਤ ਕਰਦੇ ਹਨ। ਇਸੇ ਤਰ੍ਹਾਂ ਉਹ ਜਿਨਾਹ (ਮੁਸਲਿਮ ਲੀਗ) ਦੀ ਪਾਕਿਸਤਾਨ ਦੀ ਮੰਗ ਨਾਲ ਵੀ ਸਹਿਮਤ ਹਨ ਬਸ਼ਰਤੇ ਉਹ (ਜਿਨਾਹ) ਵੱਖਰੇ ਸਿੱਖ ਰਾਜ ਦੀ ਸਥਾਪਨਾ ਪ੍ਰਤੀ ਸਹਿਮਤੀ ਜਤਾਉਣ।
• ਫਰਵਰੀ 1946 ਦੀਆਂ ਪ੍ਰਾਂਤਕ ਅਸੈਂਬਲੀ ਚੋਣਾਂ ਵਿੱਚ ਕੋਈ ਵੀ ਪਾਰਟੀ ਬਹੁਮਤ ਹਾਸਲ ਨਾ ਕਰ ਸਕੀ। ਇਹ ਚੋਣਾਂ ਧਰਮਾਂ ਦੀ ਵਸੋਂ ਦੀ ਅਨੁਪਾਤਕ ਪ੍ਰਤੀਨਿਧਤਾ ਮੁਤਾਬਿਕ ਹੋਈਆਂ। ਕਾਂਗਰਸ ਨੂੰ 51 ਹਿੰਦੂ ਸੀਟਾਂ ਵਿੱਚੋਂ 40, ਮੁਸਲਿਮ ਲੀਗ ਨੂੰ 85 ਵਿੱਚੋਂ 73 ਅਤੇ ਅਕਾਲੀ ਦਲ ਨੂੰ 34 ਸਿੱਖ ਸੀਟਾਂ ਵਿੱੱਚੋਂ 22 ਮਿਲੀਆਂ। ਇਨ੍ਹਾਂ ਚੋਣਾਂ ਕਾਰਨ ਨੁਕਸਾਨ ਇਹ ਹੋਇਆ ਕਿ ਪੰਜਾਬੀ, ਪੰਜਾਬੀ ਨਾ ਰਹਿ ਕੇ ਹਿੰਦੂ, ਮੁਸਲਿਮ ਤੇ ਸਿੱਖ ਦੇ ਠੱਪਿਆਂ ਦੇ ਗ਼ੁਲਾਮ ਹੋ ਗਏ। ਸਰਕਾਰ ਯੂਨੀਅਨਿਸਟ ਪਾਰਟੀ ਦੀ ਅਗਵਾਈ ਹੇਠ ਕਾਂਗਰਸ ਤੇ ਅਕਾਲੀ ਦਲ ਦੀ ਮਦਦ ਨਾਲ ਬਣੀ। ਉਸ ਪਾਰਟੀ ਨੂੰ ਸਾਰੇ ਫ਼ਿਰਕਿਆਂ ਦੀਆਂ 20.61 ਫ਼ੀਸਦੀ ਵੋਟਾਂ ਮਿਲੀਆਂ ਸਨ। ਇਸ ਤੋਂ ਪੰਜਾਬ ਦੇ ਮੁਸਲਿਮ ਭਾਈਚਾਰੇ ਵਿੱਚ ਕੜਵਾਹਟ ਵਧੀ। ਇਹੋ ਕੜਵਾਹਟ ’47 ਦੇ ਫਸਾਦਾਂ ਦੀ ਇੱਕ ਮੁੱਖ ਵਜ੍ਹਾ ਬਣੀ।
• ਮੁਲਕ ਦੀ ਆਜ਼ਾਦੀ ਦੀ ਸੂਰਤ ਵਿੱਚ ਸਿੱਖ ਭਾਈਚਾਰੇ ਦੇ ਹਿੱਤ ਰੁਲ ਜਾਣ ਦੀ ਚਿੰਤਾ ਪ੍ਰਗਟਾਉਣ ਅਤੇ ਸਿੱਖ ਸ਼ਨਾਖ਼ਤ ਦੀ ਹਿਫ਼ਾਜ਼ਤ ਉੱਤੇ ਜ਼ੋਰ ਦੇਣ ਵਾਲੇ ਦੋ ਮਤੇ ਸ਼੍ਰੋਮਣੀ ਕਮੇਟੀ ਨੇ ਫਰਵਰੀ 1943 ਅਤੇ ਮਾਰਚ 1946 ਵਿੱਚ ਪਾਸ ਕੀਤੇੇ। 1946 ਵਾਲਾ ਮਤਾ ਵੱਧ ਸਪੱਸ਼ਟ-ਬਿਆਨੀ ਵਾਲਾ ਸੀ। ਇਸ ਨੇ ‘ਸਿੱਖਾਂ ਨੂੰ ਵੱਖਰੀ ਕੌਮ’ ਐਲਾਨਿਆ। ਇਸ ਮਤੇ ਤੋਂ ਚੰਦ ਦਿਨ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੀ ਲਾਹੌਰ ਕਾਨਫਰੰਸ ਵਿੱਚ ਸਿੱਖ ਰਾਜ ਦੀ ਮੰਗ ਕਰਨ ਵਾਲਾ ਮਤਾ ਪਾਸ ਕੀਤਾ। ਅਕਾਲੀ ਨੇਤਾ ਮਾਸਟਰ ਤਾਰਾ ਸਿੰਘ ਨੇ ਅਪਰੈਲ 1946 ਵਿੱਚ ਪੰਜਾਬ ਦੇ ਗਵਰਨਰ ਬਰਟ੍ਰੈਂਡ ਗਲੈੱਸੀ ਨੂੰ ਲਿਖੇ ਪੱਤਰ ਵਿੱਚ ਜਮਨਾ ਤੋਂ ਚਨਾਬ ਦਰਮਿਆਨ ਵੱਖਰੇ ਰਾਜ (ਖਾਲਿਸਤਾਨ) ਦੀ ਮੰਗ ਕੀਤੀ।
• 1947 ਵਿੱਚ ਹਿੰਦ ਦੇ ਬਟਵਾਰੇ ਤੇ ਪਾਕਿਸਤਾਨ ਦੀ ਸਥਾਪਨਾ ਕਾਰਨ ਹੋਏ ਕਤਲੇਆਮ ਦੇ ਬਾਵਜੂਦ ਭਾਰਤੀ ਪੰਜਾਬ ਵਿੱਚ ਹਿੰਦੂ-ਸਿੱਖਾਂ ਦਰਮਿਆਨ ਵੰਡੀਆਂ ਨੇ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ। ਹਿੰਦੂ ਬਹੁਗਿਣਤੀਵਾਦ ਨੇ ਸਿੱਖ ਬਹੁਗਿਣਤੀ ਵਾਲੇ ਵੱਖਰੇ ਸੂਬੇ ਦੀ ਮੰਗ ਨੂੰ ਵੱਖਵਾਦੀ ਦੱਸ ਕੇ ਫ਼ਿਰਕਾਪ੍ਰਸਤੀ ਨੂੰ ਹਵਾ ਦੇਣੀ ਸ਼ੁਰੂ ਕਰ ਦਿੱਤੀ। ਹਿੰਦੂ ਲੀਡਰਸ਼ਿਪ ਨੇ ਹਿੰਦੀ ਨੂੰ ਪੰਜਾਬੀ ਹਿੰਦੂਆਂ ਦੀ ਜ਼ੁਬਾਨ ਲਿਖਾਏ ਜਾਣ ਦਾ ਹੋਕਾ ਵੀ ਦਿੱਤਾ। ਲਿਹਾਜ਼ਾ, ਸਿੱਖ ਧਰਮ ਦੀ ਪੈਦਾਇਸ਼ ਤੋਂ ਘੱਟੋਘੱਟ 2100 ਸਾਲ ਪਹਿਲਾਂ ਪੈਦਾ ਹੋਈ ਪੰਜਾਬੀ ਜ਼ੁਬਾਨ ਉੱਪਰ ਸਿਰਫ਼ ਸਿੱਖਾਂ ਦੀ ਜ਼ੁਬਾਨ ਹੋਣ ਦਾ ਠੱਪਾ ਲੱਗਣ ਲੱਗਾ। ਇਸ ਤੋਂ ਸਿੱਖ ਬਹੁਗਿਣਤੀ ਵਾਲੇ ਵੱਖਰੇ ‘ਪੰਜਾਬੀ ਸੂਬੇ’ ਦੀ ਮੰਗ ਨੇ ਸਿਰ ਚੁੱਕ ਲਿਆ।
• ਡੇਢ ਦਹਾਕੇ ਤੋਂ ਵੱਧ ਲੰਮੇ ਸੰਘਰਸ਼ ਤੋਂ ਬਾਅਦ 1 ਨਵੰਬਰ 1966 ਨੂੰ ਪੰਜਾਬ ਦਾ ਪੁਨਰਗਠਨ ਹੋਇਆ। ਇਸ ਪੁਨਰਗਠਨ ਰਾਹੀਂ ਹਰਿਆਣਾ ਦਾ ਜਨਮ ਹੋਇਆ ਅਤੇ ਪਹਾੜੀ ਇਲਾਕੇ (ਉਦੋਂ ਕੇਂਦਰੀ ਪ੍ਰਦੇਸ਼) ਹਿਮਾਚਲ ਦਾ ਹਿੱਸਾ ਬਣਾ ਦਿੱਤੇ ਗਏ। 18 ਸਤੰਬਰ 1966 ਨੂੰ ਸੰਸਦ ਵੱਲੋਂ ਪਾਸ ਕੀਤੇ ਪੰਜਾਬ ਪੁਨਰਗਠਨ ਐਕਟ ਤੋਂ ਇਹ ਸਪੱਸ਼ਟ ਹੋ ਗਿਆ ਕਿ ਕੇਂਦਰ ਦੀ ਕਾਂਗਰਸ ਸਰਕਾਰ, ਪੰਜਾਬ ਨਾਲ ਪੱਖਪਾਤ ਤੋਂ ਪਰਹੇਜ਼ ਨਹੀਂ ਕਰ ਰਹੀ। ਰਾਜਧਾਨੀ ਚੰਡੀਗੜ੍ਹ, ਪੰਜਾਬ ਨੂੰ ਨਾ ਮਿਲਣੀ ਇਸ ਪੱਖਪਾਤ ਦੀ ਨੰਗੀ-ਚਿੱਟੀ ਮਿਸਾਲ ਸੀ। ਅਗਲੇ ਮੋਰਚਿਆਂ ਅਤੇ ਫਿਰ 1980ਵਿਆਂ ਵਾਲੇ ਵੱਖਵਾਦੀ ਸੰਘਰਸ਼ ਦਾ ਮੁੱਢ ਉਸ ਸਮੇਂ ਤੋਂ ਬੱਝ ਗਿਆ। ਅਕਾਲੀ ਦਲ ਦਾ 1973 ਵਾਲਾ ਆਨੰਦਪੁਰ ਸਾਹਿਬ ਮਤਾ ਇਸੇ ਸੰਘਰਸ਼ ਦੇ ਉਦਗ਼ਮ ਦੀ ਮਿਸਾਲ ਸੀ।
• 1984 ਦੇ ਸਾਕਾ ਨੀਲਾ ਤਾਰਾ ਨੇ ਖ਼ੁਦਮੁਖ਼ਤਾਰੀ ਦੀ ਥਾਂ ਖਾਲਿਸਤਾਨ ਦੀ ਮੰਗ ਨੂੰ ਬਲ ਬਖ਼ਸ਼ਿਆ। ਇਹ ਮੰਗ ਰਸਮੀ ਤੌਰ ’ਤੇ 15 ਮਾਰਚ 1981 ਨੂੰ 54ਵੀਂ ਸਰਬ ਹਿੰਦ ਸਿੱਖ ਵਿਦਿਅਕ ਕਾਨਫਰੰਸ ਵਿੱਚ ਅਮਰੀਕਾ ਰਹਿੰਦੇ ਧਨਾਢਾ ਸਿੱਖ ਗੰਗਾ ਸਿੰਘ ਢਿੱਲੋਂ ਨੇ ਪਹਿਲੀ ਵਾਰ ਰਸਮੀ ਤੌਰ ’ਤੇ ਉਠਾਈ ਸੀ। ਇਹ ਕਾਨਫਰੰਸ ਚੰਡੀਗੜ੍ਹ ਵਿੱਚ ਚੀਫ ਖ਼ਾਲਸਾ ਦੀਵਾਨ ਨੇ ਕਰਵਾਈ ਸੀ। ਦੀਵਾਨ ਨੇ ਬਾਅਦ ਵਿੱਚ ਇਸ ਸਬੰਧੀ ਮਤਾ ਵਾਪਸ ਲੈ ਲਿਆ।
• 1984 ਵਾਲੇ ਘਟਨਾਕ੍ਰਮ ਤੋਂ ਬਾਅਦ ਜੋ ਕੁਝ ਵਾਪਰਿਆ, ਉਸ ਤੋਂ ਮੌਜੂਦਾ ਪੀੜ੍ਹੀਆਂ ਵਾਕਿਫ਼ ਹੀ ਹਨ। ਬੜੀ ਤ੍ਰਾਸਦਿਕ ਹੈ ਇਹ ਸਾਰੀ ਘਟਨਾਵਲੀ। 1997 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਅਕਾਲੀ ਦਲ ਹੋਰਨਾਂ ਸਿਆਸੀ ਪਾਰਟੀਆਂ ਨਾਲੋਂ ਕਿਸੇ ਵੀ ਤਰ੍ਹਾਂ ਵੱਖਰਾ ਨਹੀਂ ਰਿਹਾ। ਹੁਣ ਤਾਂ ਉਹ ਸਿਆਸੀ ਤੌਰ ’ਤੇ ਵੀ ਹਾਸ਼ੀਏ ’ਤੇ ਹੈ।
ਉਪਰੋਕਤ ਸਮੁੱਚਾ ਬਿਰਤਾਂਤ ਦਰਸਾਉਂਦਾ ਹੈ ਕਿ ਕਿਤਾਬ ਕਿੰਨੀ ਮਿਹਨਤ ਜਾਂ ਜਨੂੰਨੀ ਸ਼ਿੱਦਤ ਨਾਲ ਵਜੂਦ ਵਿੱਚ ਆਈ ਹੈ। ਦਸਤਾਵੇਜ਼ ਕਿਸ ਰੂਪ ਵਿੱਚ ਹਨ, ਇਨ੍ਹਾਂ ਦੀ ਅੰਸ਼ਕ ਜਹੀ ਝਲਕ ਇਸ ਲੇਖ ਦੇ ਨਾਲ ਮੌਜੂਦ ਡੱਬੀਆਂ ਰਾਹੀਂ ਪਾਠਕਾਂ ਦੀ ਨਜ਼ਰ ਹੈ।
ਤਿਰੰਗੇ ਦੇ ਖ਼ਿਲਾਫ਼ ਸ਼੍ਰੋਮਣੀ ਕਮੇਟੀ ਦਾ ਮਤਾ, 1930
(ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 30 ਅਗਸਤ 1930 ਨੂੰ ਅਕਾਲ ਤਖ਼ਤ ’ਤੇ ਹੋਈ ਤੀਜੀ ਜਨਰਲ ਬਾਡੀ ਮੀਟਿੰਗ ਵਿੱਚ ਅਕਾਲੀ ਦਲ ਦੇ ਸਟੈਂਡ ਦੀ ਤਾਈਦ ਕਰਦੀ ਹੈ।)
ਸ਼੍ਰੋਮਣੀ ਅਕਾਲੀ ਦਲ ਇਸ ਤੱਥ ਦਾ ਸਖ਼ਤ ਨੋਟਿਸ ਲੈਂਦਾ ਹੈ ਕਿ ਆਲ ਇੰਡੀਆ ਕਾਂਗਰਸ ਨੇ ਆਪਣੇ ਕੌਮੀ ਝੰਡੇ ਵਿੱਚ ਖ਼ਾਲਸੇ ਦੇ ਰੰਗ ਨੂੰ ਸ਼ਾਮਿਲ ਨਹੀਂ ਕੀਤਾ। ਖ਼ਾਲਸਾ ਪੰਥ ਇਸ ਦੇ ਖ਼ਿਲਾਫ਼ ਤਿੱਖਾ ਰੋਸ ਪ੍ਰਗਟਾਉਂਦਾ ਹੈ। ਪਰ ਕਿਉਂਕਿ ਇਸ ਸਮੇਂ ਮੁਲਕ ਦੀ ਆਜ਼ਾਦੀ ਲਈ ਜੱਦੋਜਹਿਦ ਚੱਲ ਰਹੀ ਹੈ, ਇਸ ਲਈ ਖ਼ਾਲਸਾ ਪੰਥ ਮੁਲਕ ਦੀ ਸੇਵਾ ਵਿੱਚ ਪਿੱਛੇ ਨਹੀਂ ਰਹਿਣਾ ਚਾਹੁੰਦਾ। ਇਸ ਕਰ ਕੇ ਇਹ ਐਲਾਨ ਕੀਤਾ ਜਾਂਦਾ ਹੈ ਕਿ ਜਿੱਥੇ ਕਿਤੇ ਵੀ ਸਿੱਖ ਹਨ, ਉਹ ਇਹ ਪ੍ਰਣ ਕਰਨ ਕਿ ਉਹ ਮੁਲਕ ਦੀ ਆਜ਼ਾਦੀ ਲਈ ਖ਼ਾਲਸੇ ਦੇ ਝੰਡੇ ਹੇਠ ਸੰਘਰਸ਼ ਕਰਨਗੇ, ਕਾਂਗਰਸ ਦੇ ਝੰਡੇ ਹੇਠ ਨਹੀਂ।
ਖ਼ਾਲਿਸਤਾਨ ਪ੍ਰਤੀ ਪਹਿਲਾ ਪ੍ਰਗਟਾਵਾ, 1940
ਵੀਰ ਸਿੰਘ ਭੱਟੀ ਲਿਖਿਤ
ਵੀਰ ਸਿੰਘ ਭੱਟੀ ਨੇ 1940 ਵਿੱਚ ‘ਖ਼ਾਲਿਸਤਾਨ’ ਸਿਰਲੇਖ ਵਾਲਾ ਇੱਕ ਪੈਂਫਲਿਟ ਲਿਖਿਆ ਜਿਸ ਮੁਤਾਬਿਕ ਇਹ ਮੁਲਕ ਪੱਛਮ ਵਿੱਚ ਪਾਕਿਸਤਾਨ ਤੇ ਪੂਰਬ ਵਿੱਚ ਹਿੰਦੋਸਤਾਨ ਅੰਦਰ ਹੋਣਾ ਚਾਹੀਦਾ ਹੈ। ਇਸ ਪ੍ਰਸਤਾਵਿਤ ਸਿੱਖ ਰਾਜ ਦੀਆਂ ਸਰਹੱਦਾਂ ਉੱਤਰ ਵਿੱਚ ਕਸ਼ਮੀਰ, ਉੱਤਰ-ਪੱਛਮ ਅਤੇ ਪੱਛਮ ਤੇ ਦੱਖਣ-ਪੱਛਮ ਵਿੱਚ ਦਰਿਆ ਚਨਾਬ ਦੇ ਨਾਲ ਨਾਲ, ਦੱਖਣ ਵਿੱਚ ਰਾਜਪੂਤਾਨਾ ਤੇ ਕੱਛ ਦੀ ਖਾੜੀ, ਪੂਰਬ ਵਿੱਚ ਜਮਨਾ ਅਤੇ ਉੱਤਰ-ਪੂਰਬ ਵਿੱਚ ਸ਼ਿਮਲਾ ਪਹਾੜੀਆਂ ਤੇ ਕੁੱਲੂ ਦੀਆਂ ਰਿਆਸਤਾਂ ਸਮੇਤ ਹੋਣ। ਕਿਉਂਕਿ ਇਹ ਸਿੱਖ ਰਾਜ ਹੋਵੇਗਾ, ਇਸ ਲਈ ਇਸ ਨੂੰ ਖ਼ਾਲਿਸਤਾਨ ਕਹਿਣਾ ਅਢੁਕਵਾਂ ਨਹੀਂ। ਇਸ ਵਿੱਚ ਮੋਟੇ ਤੌਰ ’ਤੇ ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਕਪੂਰਥਲਾ, ਕਲਸੀਆਂ ਆਦਿ ਸਿੱਖ ਰਿਆਸਤਾਂ, ਮਾਲੇਰਕੋਟਲਾ, ਸ਼ਿਮਲਾ ਪਹਾੜੀਆਂ ਵਾਲੀਆਂ ਰਿਆਸਤਾਂ, ਲੁਧਿਆਣਾ, ਜਲੰਧਰ, ਕੁੱਲੂ, ਅੰਬਾਲਾ, ਫਿਰੋਜ਼ਪੁਰ, ਲਾਹੌਰ, ਅੰਮ੍ਰਿਤਸਰ, ਲਾਇਲਪੁਰ, ਗੁੱਜਰਾਂਵਾਲਾ, ਸ਼ੇਖੂਪੁਰਾ, ਮੌਂਟਗੁਮਰੀ, ਹਿਸਾਰ, ਰੋਹਤਕ, ਕਰਨਾਲ, ਮੁਲਤਾਨ ਤੇ ਦਿੱਲੀ ਦੇ ਜ਼ਿਲ੍ਹੇ/ਡਿਵੀਜ਼ਨਾਂ ਸ਼ਾਮਿਲ ਹੋਣ। ਇਸ ਨੂੰ ਸਿੰਧ, ਬਹਾਵਲਪੁਰ ਤੇ ਰਾਜਪੂਤਾਨਾ ਵਿੱਚ ਪਤਲੇ ਜਿਹੇ ਗਲਿਆਰੇ ਪ੍ਰਦਾਨ ਕੀਤੇ ਜਾਣ ਤਾਂ ਜੋ ਸਿੱਖ ਰਾਜ ਕੱਛ ਦੀ ਖਾੜੀ ਤੱਕ ਪਹੁੰਚ ਸਕੇ। ਬੰਦਰਗਾਹ ਤੋਂ ਬਿਨਾਂ ਇਹ ਰਾਜ ਘੁੱਟਿਆ ਜਿਹਾ ਰਹੇਗਾ ਅਤੇ ਵਪਾਰ ਲਈ ਇਸ ਨੂੰ ਦੂਜਿਆਂ ’ਤੇ ਨਿਰਭਰ ਹੋਣਾ ਪਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਿੰਸ ਆਫ ਵੇਲਜ਼ (ਬ੍ਰਿਟਿਸ਼ ਯੁਵਰਾਜ) ਦੇ ਬਾਈਕਾਟ ਦਾ ਸੱਦਾ
ਦਸੰਬਰ, 1921
(ੳ) ਬ੍ਰਿਟਿਸ਼ ਸਰਕਾਰ ਨੇ ਗੁਰਦੁਆਰਾ ਸੁਧਾਰ ਲਹਿਰ ਨੂੰ ਕੁਚਲਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਹੋਰ ਵੀ ਵੱਧ ਨਾਇਨਸਾਫ਼ੀ ਦਰਬਾਰ ਸਾਹਿਬ ਦੀ ਚਾਬੀਆਂ ਜ਼ਬਤ ਕਰ ਕੇ ਕੀਤੀ ਹੈ। ਇਸ ਲਈ, ਸ਼੍ਰੋਮਣੀ ਕਮੇਟੀ ਇਹ ਫ਼ੈਸਲਾ ਕਰਦੀ ਹੈ ਕਿ ਪ੍ਰਿੰਸ ਆਫ ਵੇਲਜ਼ ਦੀ ਆਗਾਮੀ ਭਾਰਤ ਫੇਰੀ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ। ਜਿਸ ਦਿਨ ਉਹ ਇਸ ਧਰਤ ’ਤੇ ਪੈਰ ਧਰੇ, ਉਸ ਦਿਨ ਹੜਤਾਲ ਰੱਖੀ ਜਾਵੇ।
(ਅ) ਉਹ ਜਿਸ ਸ਼ਹਿਰ ਵਿੱਚ ਵੀ ਜਾਂਦਾ ਹੈ, ਉੱਥੋਂ ਦਾ ਹਰ ਸਿੱਖ ਉਸ ਦਾ ਬਾਈਕਾਟ ਕਰੇ।
(ੲ) ਉਸ ਦੇ ਮਾਣ-ਸਤਿਕਾਰ ਵਿੱਚ ਇੰਤਜ਼ਾਮੇ ਕਿਸੇ ਵੀ ਪ੍ਰੋਗਰਾਮ ਵਿੱਚ ਕੋਈ ਵੀ ਸਿੱਖ ਹਿੱਸਾ ਨਾ ਲਵੇ।
(ਸ) ਕਿਸੇ ਵੀ ਗੁਰਦੁਆਰੇ ਜਾਂ ਸਿੱਖ ਆਸ਼ਰਮ ਵਿੱਚ ਉਸ ਦੀ ਫੇਰੀ ਸਮੇਂ ਉਸ ਦਾ ਸਵਾਗਤ ਨਾ ਕੀਤਾ ਜਾਵੇ।
(ਨੋਟ : ਇਹ ਪੂਰਾ ਮਤਾ ਨਹੀਂ, ਮਤੇ ਦਾ ਅਹਿਮ ਹਿੱਸਾ ਹੈ)