ਗਾਥਾ ਜੰਗੀ ਕੈਦੀਆਂ ਵੱਲੋਂ ਕੈਦਖ਼ਾਨਾ ਤੋੜਨ ਦੀ
ਫਰਾਂਸ ਦੇ ਉੱਤਰ ਪੂਰਬੀ ਖ਼ਿੱਤੇ ਲੌਰੇਨ ਵਿੱਚ ਐਪੀਨਲ ਨਾਂਅ ਦਾ ਇੱਕ ਕਮਿਊਨ ਵਸਿਆ ਹੋਇਆ ਹੈ। ਚਾਰ ਸੌ ਵਰ੍ਹੇ ਪੁਰਾਣੀ ਹੈ ਇਸ ਦੀ ਪੈਦਾਇਸ਼। ਸਵਿਟਜ਼ਰਲੈਂਡ ਦੀ ਸਰਹੱਦ ਤੋਂ ਇਹ 109 ਕਿਲੋਮੀਟਰ ਦੇ ਫ਼ਾਸਲੇ ’ਤੇ ਹੈ। ਜਰਮਨੀ ਦੀ ਸਰਹੱਦ ਤੋਂ ਇਸ ਦੀ ਦੂਰੀ 310 ਕਿਲੋਮੀਟਰ ਹੈ। ਦੂਜੇ ਵਿਸ਼ਵ ਯੁੱਧ ਵੇਲੇ ਇੱਥੇ ਜਰਮਨਾਂ ਨੇ ਜੰਗੀ ਕੈਦੀਆਂ ਦਾ ਕੈਂਪ ਕਾਇਮ ਕੀਤਾ ਸੀ। 1941 ਵਿੱਚ ਕਾਇਮ ਕੀਤੇ ਇਸ ਕੈਂਪ ਵਿੱਚ ਪਹਿਲਾਂ ਬੈਲਜੀਅਨ, ਡੱਚ ਤੇ ਫਰਾਂਸੀਸੀ ਜੰਗੀ ਕੈਦੀ ਸਨ। 1943 ਵਿੱਚ ਤਿੰਨ ਹਜ਼ਾਰ ਦੇ ਕਰੀਬ ਹੋਰ ਕੈਦੀ ਪਹੁੰਚੇ ਜੋ ਕਿ ਯੂਰੋਪੀਅਨ ਮੂਲ ਦੇ ਨਹੀਂ ਸਨ।
ਉਹ ਏਸ਼ਿਆਈ ਜਾਂ ਉੱਤਰ ਅਫਰੀਕੀ ਮੁਲਕਾਂ ਤੋਂ ਸਨ। ਇਨ੍ਹਾਂ ਵਿੱਚੋਂ ਵੀ ਬਹੁਤੇ ਬ੍ਰਿਟਿਸ਼ ਭਾਰਤ ਦੇ ਵਸਨੀਕ ਸਨ। ਵੱਖ ਵੱਖ ਮਜ਼ਹਬਾਂ, ਵੱਖ ਵੱਖ ਨਸਲੀ ਮੁਹਾਂਦਰਿਆਂ ਵਾਲੇ: ਪੰਜਾਬੀ ਮੁਸਲਿਮ, ਬਲੋਚ, ਮਰਹੱਟੇ (ਉਦੋਂ ਮਰਾਠਾ ਸ਼ਬਦ ਸਰਕਾਰੀ ਸ਼ਬਦਾਵਲੀ ਦਾ ਹਿੱਸਾ ਨਹੀਂ ਸੀ ਬਣਿਆ), ਮਦਰਾਸੀ, ਬੰਗਾਲੀ, ਗੋਰਖੇ, ਜਾਟ ਅਤੇ ਸਿੱਖ। ਸਿੱਖ
ਵੀ ਬਹੁਤੇ ਸਿੱਖ ਰੈਜੀਮੈਂਟ ਤੋਂ; ਸਾਬਤ ਸੂਰਤ, ਕਕਾਰਾਂ
ਦੇ ਧਾਰਨੀ।
ਫਰਾਂਸੀਸੀ ਲੋਕਾਂ ਨੇ ਸਿੱਖ ਫ਼ੌਜੀ ਪਹਿਲੇ ਵਿਸ਼ਵ ਯੁੱਧ ਦੌਰਾਨ ਦੇਖੇ ਹੋਏ ਸਨ। ਉਨ੍ਹਾਂ ਦੀਆਂ ਯਾਦਗਾਰਾਂ ਵੀ ਫਰਾਂਸ ਤੇ ਬੈਲਜੀਅਮ ਵਿੱਚ ਬਣੀਆਂ ਹੋਈਆਂ ਹਨ। ਪਰ ਨਵੀਂ ਪੀੜ੍ਹੀ, ਖ਼ਾਸ ਕਰ ਕੇ ਬੱਚਿਆਂ ਤੇ ਮੁਟਿਆਰਾਂ ਲਈ ਦਸਤਾਰਾਂ ਵਾਲੇ ਸਿੱਖ ਜੰਗੀ ਕੈਦੀ ਵਿਸ਼ੇਸ਼ ਆਕਰਸ਼ਣ ਦਾ ਵਿਸ਼ਾ ਸਨ। ਜੰਗੀ ਕੈਦੀਆਂ ਦੇ ਕੈਂਪ ਵਿੱਚ ਉਹ ਆਪਣੀ ਜਾਂਬਾਜ਼ੀ ਲਈ ਵੀ ਮਸ਼ਹੂਰ ਸਨ ਅਤੇ ਖੁਸ਼ਮਿਜ਼ਾਜੀ ਲਈ ਵੀ। ਫਰਾਂਸ ਸਥਿਤ ਜਰਮਨ ਮੋਰਚਿਆਂ ਉੱਪਰ ਮਿੱਤਰ ਦੇਸ਼ਾਂ ਦੀਆਂ ਫ਼ੌਜਾਂ (ਖ਼ਾਸ ਕਰ ਕੇ ਅਮਰੀਕਾ, ਬ੍ਰਿਟਿਸ਼ ਤੇ ਕੈਨੇਡੀਅਨ ਬਟਾਲੀਅਨਾਂ) ਦੇ ਫ਼ੈਸਲਾਕੁਨ ਧਾਵੇ ਤੋਂ ਚਾਰ ਹਫ਼ਤੇ ਪਹਿਲਾਂ 11 ਮਈ 1944 ਨੂੰ 67 ਅਮਰੀਕੀ ਬੰਬਾਰ ਜਹਾਜ਼ਾਂ ਨੇ ਐਪੀਨਲ ਕਸਬੇ ਉੱਪਰ ਦਿਨ ਦਿਹਾੜੇ ਜ਼ਬਰਦਸਤ ਧਾਵਾ ਬੋਲਿਆ। ਨਿਸ਼ਾਨਾ ਸੀ ਉੱਥੋਂ ਦਾ ਰੇਲਵੇ ਸਟੇਸ਼ਨ ਅਤੇ ਉਸ ਦੇ ਨੇੜਲੀਆਂ ਫ਼ੌਜੀ ਬੈਰਕਾਂ। ਇਸ ਬੰਬਾਰੀ ਨੇ ਰੇਲਵੇ ਸਟੇਸ਼ਨ ਜਾਂ ਜਰਮਨ ਬੈਰਕਾਂ ਨੂੰ ਤਾਂ ਘੱਟ ਨੁਕਸਾਨ ਪਹੁੰਚਾਇਆ; ਅਸਲ ਕਹਿਰ ਜੰਗੀ ਕੈਦੀਆਂ ਦੇ ਕੈਂਪਾਂ ਉੱਤੇ ਢਾਹਿਆ। ਕੈਂਪਾਂ ਦੀਆਂ ਬਹੁਤੀਆਂ ਇਮਾਰਤਾਂ ਫ਼ਨਾਹ ਹੋ ਗਈਆਂ। ਕਿੰਨੇ ਮਰੇ, ਇਸ ਬਾਰੇ ਸਪੱਸ਼ਟ ਜਾਣਕਾਰੀ ਅਜੇ ਵੀ ਉਪਲਬਧ ਨਹੀਂ। ਬੰਬਾਰੀ ਨੇ ਭਾਰਤੀ ਕੈਦੀਆਂ ਵਾਲੇ ਕੈਂਪ ਦੀ ਇੱਕ ਵਾੜ ਵੀ ਨਸ਼ਟ ਕਰ ਦਿੱਤੀ। ਵਾੜ ਦੇ ਨਸ਼ਟ ਹੋਣ ਅਤੇ ਜਰਮਨ ਰਾਖਿਆਂ ਵਿੱਚ ਫੈਲੇ ਸਹਿਮ ਨੇ ਭਾਰਤੀ ਜੰਗੀ ਕੈਦੀਆਂ ਦੀ ਵੱਡੀ ਗਿਣਤੀ ਨੂੰ ਬਚ ਨਿਕਲਣ ਦਾ ਮੌਕਾ ਪ੍ਰਦਾਨ ਕਰ ਦਿੱਤਾ। ਕੈਂਪ ਦਾ ਸਟੋਰ, ਬੰਬਾਰੀ ਦੀ ਮਾਰ ਤੋਂ ਬਚ ਗਿਆ ਸੀ। ਉਸ ਨੂੰ ਕੈਂਪ ਤੋੜਨ ਦੇ ਚਾਹਵਾਨਾਂ ਨੇ ਲੁੱਟ ਲਿਆ। ਤਕਰੀਬਨ 500 ਕੈਦੀ ਬਚ ਨਿਕਲੇ, ਪਰ ਏਨੇ ਕੁ ਹੀ ਪਿੱਛੇ ਰਹਿ ਗਏ। ਉਹ ਬੰਬਾਰੀ ਕਾਰਨ ਫੱਟੜ ਹੋਏ ਆਪਣੇ ਸਾਥੀਆਂ ਨੂੰ ਉਸੇ ਹਾਲਤ ਵਿੱਚ ਛੱਡ ਜਾਣ ਲਈ ਤਿਆਰ ਨਾ ਹੋਏ। ਇਨ੍ਹਾਂ ਵਿੱਚ ਦੋ ਭਾਰਤੀ ਡਾਕਟਰ - ਡਾ. ਸ਼ਾਮ ਚੰਦ ਸਿਆਲ ਤੇ ਡਾ. ਸਰਦਾਰ ਅਹਿਮਦ ਸ਼ਾਮਿਲ ਸਨ। ਇਨ੍ਹਾਂ ਵਿੱਚੋਂ ਇੱਕ ਮੁਸਲਮਾਨ ਸੀ ਅਤੇ ਦੂਜਾ ਪੰਜਾਬੀ। ਮੁਕੰਦਨ ਨਾਮ ਦਾ ਇੱਕ ਡਾਕੀਆ ਵੀ ਇਸ ਕਰ ਕੇ ਪਿੱਛੇ ਰਹਿ ਗਿਆ ਕਿ ਜੇ ਉਹ ਵੀ ਚਲਾ ਗਿਆ ਤਾਂ ਫੱਟੜਾਂ ਜਾਂ ਮ੍ਰਿਤਕਾਂ ਦੇ ਭਾਰਤ ਵਿਚਲੇ ਸਕੇ ਸਬੰਧੀਆਂ ਤਕ ਚੰਗੀ ਬੁਰੀ ਖ਼ਬਰ ਕੌਣ ਪਹੁੰਚਾਏਗਾ? ਜਿਹੜੇ ਬਚ ਨਿਕਲੇ, ਉਨ੍ਹਾਂ ਨੂੰ ਨਿਰਪੱਖ ਮੁਲਕ ਸਵਿਟਜ਼ਰਲੈਂਡ ਦੀ ਸਰਹੱਦ ਤਕ ਪੁੱਜਣ ਲਈ ਕੀ ਕੀ ਜਫ਼ਰ ਜਾਲਣੇ ਪਏ ਜਾਂ ਫਰਾਂਸੀਸੀ ਲੋਕਾਂ ਨੇ ਉਨ੍ਹਾਂ ਨੂੰ ਜਰਮਨਾਂ ਹਵਾਲੇ ਕਰ ਕੇ ਇਨਾਮ ਸਨਮਾਨ ਲੈਣ ਦੀ ਥਾਂ ਆਪਣੀ ਜਾਨ ਦੀ ਬਾਜ਼ੀ ਲਾ ਕੇ ਉਨ੍ਹਾਂ ਦੀ ਕੀ ਕੀ ਮਦਦ ਕੀਤੀ, ਇਹ ਸਾਰਾ ਬਿਰਤਾਂਤ ਦਿਲਚਸਪ ਅੰਦਾਜ਼ ਵਿੱਚ ਪੇਸ਼ ਕਰਦੀ ਹੈ ਬ੍ਰਿਟਿਸ਼ ਪ੍ਰੋਫੈਸਰ ਤੇ ਲੇਖਕ ਗ਼ੀਅ ਬੋਵਮੈਨ ਦੀ ਕਿਤਾਬ ‘ਦਿ ਗ੍ਰੇਟ ਐਪੀਨਲ ਐਸਕੇਪ’ (ਵੇਸਟਲੈਂਡ ਬੁੱਕਸ; 272 ਪੰਨੇ; 699 ਰੁਪਏ)। ਜਰਮਨ ਜਾਂ ਜਾਪਾਨੀ ਜਾਂ ਇਤਾਲਵੀ ਕੈਂਪਾਂ ਵਿੱਚ ਬ੍ਰਿਟਿਸ਼ ਜਾਂ ਫਰਾਂਸੀਸੀ ਫ਼ੌਜੀਆਂ ਦੇ ਬਚ ਨਿਕਲਣ ਦੀਆਂ ਕਹਾਣੀਆਂ ਪੇਸ਼ ਕਰਨ ਵਾਲੀਆਂ ਦਰਜਨਾਂ ਫਿਲਮਾਂ ਹੌਲੀਵੁੱਡ ਤੇ ਯੂਰੋਪ ਵਿੱਚ ਬਣ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ‘ਗੰਨਜ਼ ਆਫ ਨਵਰੋਨ’ (1961), ‘ਦਿ ਗ੍ਰੇਟ ਐਸਕੇਪ’ (1963; 2023) ਅਤੇ ‘ਦਿ ਬ੍ਰਿਜ ਔਨ ਦਿ ਰਿਵਰ ਕਵਾਈ’ (1957) ਨੂੰ ਕਲਟ ਕਲਾਸਿਕ ਦਾ ਦਰਜਾ ਵੀ ਹਾਸਿਲ ਹੈ। ਪਰ ਐਪੀਨਲ ਜੰਗੀ ਕੈਂਪ ਤੋੜਨ ਅਤੇ 1500 ਦੇ ਕਰੀਬ ਜੰਗੀ ਕੈਦੀਆਂ ਦੇ ਬਚ ਨਿਕਲਣ ਦੀ ਕਹਾਣੀ ਦੀ ਪੇਸ਼ਕਾਰੀ ਕਿਸੇ ਫਿਲਮ ਰਾਹੀਂ ਕੀ ਹੋਣੀ, ਇਸ ਬਾਰੇ ਕੋਈ ਕਿਤਾਬ ਵੀ ਪਹਿਲੀ ਵਾਰ ਛਪੀ ਹੈ। ਕਿਤਾਬ ਦੀ ਭੂਮਿਕਾ ਵਿੱਚ ਬੋਵਮੈਨ ਇਸੇ ਵਿਡੰਬਨਾ ਦਾ ਜ਼ਿਕਰ ਇਨ੍ਹਾਂ ਸ਼ਬਦਾਂ ਨਾਲ ਕਰਦਾ ਹੈ: ‘‘ਗੋਰੀ ਤੇ ਭੂਰੀ ਚਮੜੀ ਦਾ ਫ਼ਰਕ ਇਹੋ ਹੀ ਹੈ। ਗੋਰਿਆਂ ਦੀ ਨਿੱਕੀ ਜਹੀ ਬਹਾਦਰੀ ਵੀ ਸੋਹਲਿਆਂ ਦੀ ਹੱਕਦਾਰ ਬਣ ਜਾਂਦੀ ਹੈ; ਭੂਰਿਆਂ ਦੀ ਜਾਂਬਾਜ਼ੀ ਗੁੰਮਨਾਮੀ ਦੀਆਂ ਪਰਤਾਂ ਵਿੱਚ ਛੁਪੀ ਰਹਿੰਦੀ ਹੈ।’’
ਬੜੀ ਮੁਸ਼ੱਕਤ ਕਰਨੀ ਪਈ ਬੋਵਮੈਨ ਨੂੰ ਇਸ ਕਿਤਾਬ ਲਈ। ਸੱਤ ਵਰ੍ਹੇ ਲੱਗ ਗਏ ਖੋਜ ਸਮੱਗਰੀ ਇਕੱਠੀ ਕਰਦਿਆਂ, ਬਚ ਨਿਕਲਣ ਵਾਲਿਆਂ ਦੇ ਪਰਿਵਾਰਾਂ ਨੂੰ ਭਾਰਤ, ਪਾਕਿਸਤਾਨ, ਨੇਪਾਲ ਜਾਂ ਬੰਗਲਾਦੇਸ਼ ਵਿੱਚ ਮਿਲਦਿਆਂ, ਦੂਜੇ ਵਿਸ਼ਵ ਯੁੱਧ ਦੇ ਸਮਿਆਂ ਦੀ ਨਿੱਜੀ ਖ਼ਤੋ-ਕਿਤਾਬਤ ਨੂੰ ਲੱਭਦਿਆਂ, ਜੰਗੀ ਕੈਦੀਆਂ ਦੇ ਆਪਣੇ ਜਾਂ ਉਨ੍ਹਾਂ ਦੇ ਪਰਿਵਾਰਾਂ ਦੇ ਦਾਅਵਿਆਂ ਦੀ ਤਸਦੀਕ ਕਰਦਿਆਂ। ਇਸ ਅਮਲ ਦੌਰਾਨ ਉਸ ਨੇ ਉਰਦੂ ਵੀ ਸਿੱਖੀ, ਹਿੰਦੀ ਵੀ, ਮਰਾਠੀ ਵੀ ਅਤੇ ਥੋੜ੍ਹੀ ਬਹੁਤ ਪੰਜਾਬੀ ਵੀ। ਫਰੈਂਚ ਤੇ ਜਰਮਨ ਤਾਂ ਉਸ ਨੇ ਪਹਿਲਾਂ ਹੀ ਸਿੱਖੀ ਹੋਈ ਸੀ। ਇਹੋ ਮੁਸ਼ੱਕਤ ਉਸ ਦੇ ਲੇਖਣ ਦਾ ਸ਼ਿੰਗਾਰ ਹੈ। ਹੋਰ
ਤੱਤਾਂ-ਤੱਥਾਂ ਤੋਂ ਇਲਾਵਾ ਸਵਿਟਜ਼ਰਲੈਂਡ ਸੁਰੱਖਿਅਤ ਪੁੱਜਣ ਵਾਲਿਆਂ ਦੇ ਨਾਮ ਤੇ ਰੈਂਕ ਵੀ ਇਸ ਕਿਤਾਬ ਵਿੱਚ ਦਰਜ ਹਨ।
ਕਿਵੇਂ ਸ਼ੁਰੂ ਹੋਈ ਸਮੁੱਚੀ ਕਹਾਣੀ: 25 ਲੱਖ ਭਾਰਤੀ ਫ਼ੌਜੀਆਂ ਨੂੰ ਬ੍ਰਿਟਿਸ਼ ਭਾਰਤ ਦੀ ਸਰਕਾਰ ਨੇ ਉਸ ਜੰਗ ਵਿੱਚ ਝੋਕਿਆ ਜੋ ਭਾਰਤੀਆਂ ਦੀ ਲੜਾਈ ਨਹੀਂ ਸੀ। ਬ੍ਰਿਟਿਸ਼ ਸਾਮਰਾਜ ਆਪਣੀਆਂ ਤੇਲ ਕੰਪਨੀਆਂ ਦਾ ਪੱਛਮ ਏੇਸ਼ਿਆਈ ਕਾਰੋਬਾਰ ਸੁਰੱਖਿਅਤ ਰੱਖਣਾ ਚਾਹੁੰਦਾ ਸੀ। ਇਸ ਲਈ ਭਾਰਤੀ ਫ਼ੌਜੀ ਜਾਂ ਤਾਂ ਜਾਪਾਨ ਦੇ ਖ਼ਿਲਾਫ਼ ਪੂਰਬੀ ਮੋਰਚਿਆਂ ’ਤੇ ਡਾਹੇ ਗਏ ਅਤੇ ਜਾਂ ਫਿਰ ਮੱਧ ਪੂਰਬ ਵਿੱਚ ਇਰਾਕ, ਅਰਬਿਸਤਾਨ ਤੇ ਫ਼ਲਸਤੀਨ ਵਿੱਚ। ਜਦੋਂ ਜਰਮਨ ਜਰਨੈਲ ਰੋਮੇਲ ਨੇ ਉੱਤਰੀ ਅਫਰੀਕਾ ਉੱਤੇ ਧਾਵਾ ਬੋਲਿਆ ਤਾਂ ਭਾਰਤੀ ਬਟਾਲੀਅਨਾਂ ਕਾਹਲ ਨਾਲ ਮਿਸਰ, ਅਲਜੀਰੀਆ, ਮੋਰੱਕੋ ਤੇ ਲਿਬੀਆ ਵੱਲ ਵੀ ਧੱਕ ਦਿੱਤੀਆਂ ਗਈਆਂ। ਬਹੁਤੇ ਫ਼ੌਜੀ ਜਵਾਨ ਉਹ ਸਨ ਜਿਨ੍ਹਾਂ ਨੂੰ ਮਹਿਜ਼ ਛੇ ਹਫ਼ਤੇ ਦੀ ਸਿਖਲਾਈ ਮਿਲੀ ਸੀ। ਉੱਤਰ ਅਫਰੀਕੀ ਮੋਰਚੇ ’ਤੇ ਘੱਟੋ-ਘੱਟ 15 ਹਜ਼ਾਰ ਭਾਰਤੀ ਫ਼ੌਜੀ ਜਰਮਨ, ਇਤਾਲਵੀ ਤੇ ਉਨ੍ਹਾਂ ਦੇ ਸਾਥੀ ਦੇਸ਼ਾਂ ਦੇ ਦਸਤਿਆਂ ਵੱਲੋਂ ਜੰਗੀ ਕੈਦੀ ਬਣਾ ਲਏ ਗਏ। ਇਨ੍ਹਾਂ ਨਾਲ ਪਸ਼ੂਆਂ ਵਾਲਾ ਸਲੂਕ ਕੀਤਾ ਗਿਆ। ਨਾ ਪੂਰਾ ਖਾਣਾ, ਨਾ ਤਨ ਢਕਣ ਲਈ ਕੱਪੜੇ, ਨਾ ਪੀਣ ਲਈ ਪਾਣੀ। ਨਹਾਉਣਾ ਜਾਂ ਕੱਪੜੇ ਧੋਣਾ ਤਾਂ ਦੂਰ ਦੀ ਗੱਲ। ਛੇ ਮਹੀਨੇ ਇਹ ਦਸ਼ਾ ਰਹੀ। ਸਾਰਿਆਂ ਦੇ ਸਿਰਾਂ ਵਿੱਚ ਜੂੰਆਂ ਅਤੇ ਜਿਸਮਾਂ ’ਤੇ ਚੰਮਜੂੰਆਂ। ਕੁਝ ਕੈਦੀ ਆਪੋ ਆਪਣੇ ਵਾੜਿਆਂ ਵਿੱਚੋਂ ਬਚ ਨਿਕਲੇ, ਪਰ ਮਗ਼ਰਬੀ ਰੇਗਿਸਤਾਨ ਦੀ ਕਹਿਰੀ ਤਪਸ਼ ਉਨ੍ਹਾਂ ਨੂੰ ਨਿਗ਼ਲ ਗਈ। ਛੇ ਮਹੀਨੇ ਬਾਅਦ ਤਿੰਨ ਹਜ਼ਾਰ ਤੋਂ ਵੱਧ ਕੈਦੀਆਂ ਨੂੰ ਪਹਿਲਾਂ ਯੂਨਾਨ ਤੇ ਉੱਥੋਂ ਇਟਲੀ ਭੇਜਣ ਦਾ ਹੁਕਮ ਆ ਗਿਆ। ਤਿੰਨ ਮਹੀਨੇ ਬਾਅਦ ਉਹ ਇਟਲੀ ਪਹੁੰਚੇ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਜੂੰਆਂ ਤੋਂ ਮੁਕਤ ਕਰਨ ਦਾ ਆਦੇਸ਼ ਹੋਇਆ। ਇਸ ਅਮਲ ਤੋਂ ਪਹਿਲਾਂ ਉਨ੍ਹਾਂ ਨੂੰ ਸਾਂਝੇ ਤੌਰ ’ਤੇ ਨਹਾਏ ਜਾਣ ਲਈ ਕਿਹਾ ਗਿਆ। ਇਹ ਕੰਮ ਜਬਰੀ ਕੀਤਾ ਗਿਆ ਪੂਰਾ ਨਿਰਵਸਤਰ ਕਰ ਕੇ। ਸਿੱਖ ਫ਼ੌਜੀਆਂ ਨੇ ਇਸ ਦਾ ਇਸ ਆਧਾਰ ’ਤੇ ਵਿਰੋਧ ਕੀਤਾ ਕਿ ਕਛਹਿਰਾ ਉਨ੍ਹਾਂ ਦੇ ਕਕਾਰਾਂ ਦਾ ਹਿੱਸਾ ਹੈ, ਉਹ ਇਹ ਨਹੀਂ ਲਾਹੁਣਗੇ। ਜਦੋਂ ਇਤਾਲਵੀ ਸਾਰਜੈਂਟ ਨੇ ਜ਼ਬਰਦਸਤੀ ਕਰਨੀ ਚਾਹੀ ਤਾਂ ਦਫ਼ੇਦਾਰ ਬੇਅੰਤ ਸਿੰਘ ਨੇ ਉਸ ਨੂੰ ਗਿੱਚੀਓਂ ਫੜ ਲਿਆ ਅਤੇ ਹਵਾ ਵਿੱਚ ਲਟਕਾ ਦਿੱਤਾ। ਉਸ ਨੂੰ ਓਨੀ ਦੇਰ ਤਕ ਨਹੀਂ ਛੱਡਿਆ ਜਦੋਂ ਤੱਕ ਉਹ ਸਿੱਖ ਕੈਦੀਆਂ ਨੂੰ ਉਨ੍ਹਾਂ ਦੀ ਮਰਜ਼ੀ ਮੁਤਾਬਿਕ ਨਹਾਉਣ ਦੀ ਖੁੱਲ੍ਹ ਦੇਣ ਲਈ ਰਾਜ਼ੀ ਨਹੀਂ ਹੋ ਗਿਆ। ਤੀਹ ਵਰ੍ਹਿਆਂ ਦਾ ਬੇਅੰਤ ਸਿੰਘ ਪੰਜਾਬ ਦੇ ਮੌਂਟਗੁਮਰੀ (ਹੁਣ ਸਾਹੀਵਾਲ) ਜ਼ਿਲ੍ਹੇ ਦਾ ਵਸਨੀਕ ਸੀ। ਉਸ ਦਾ ਪਿਤਾ ਫ਼ੌਜਾ ਸਿੰਘ ਪਹਿਲਾ ਵਿਸ਼ਵ ਯੁੱਧ ਲੜਿਆ ਸੀ ਅਤੇ ਮਿਲਟਰੀ ਕਰਾਸ ਨਾਲ ਸਨਮਾਨਿਆ ਗਿਆ ਸੀ। ਉਹ ਸੂਬੇਦਾਰ ਮੇਜਰ ਵਜੋਂ ਰਿਟਾਇਰ ਹੋਇਆ ਸੀ। ਬੇਅੰਤ ਸਿੰਘ ਵੀ 1945 ਵਿੱਚ ਮਿਲਟਰੀ ਕਰਾਸ ਨਾਲ ਨਵਾਜ਼ਿਆ ਗਿਆ। ਉਹ ਦਫ਼ੇਦਾਰ ਮੇਜਰ (ਆਨਰੇਰੀ ਕੈਪਟਨ) ਵਜੋਂ ਰਿਟਾਇਰ ਹੋਇਆ। ਕਮਾਲ ਦੀ ਗੱਲ ਇਹ ਹੋਈ ਕਿ ਆਪਣੇ ਮਾਤਹਿਤਾਂ ਸਾਹਮਣੇ ਹੋਈ ਬੇਇੱਜ਼ਤੀ ਦੇ ਬਾਵਜੂਦ ਇਤਾਲਵੀ ਸਾਰਜੈਂਟ ਨੇ ਬੇਅੰਤ ਸਿੰਘ ਸੰਧੂ ਖ਼ਿਲਾਫ਼ ਕੋਈ ਸ਼ਿਕਾਇਤ ਨਹੀਂ ਕੀਤੀ। ਸਮਝਿਆ ਜਾਂਦਾ ਹੈ ਕਿ ਉਸ ਨੇ ਇਹ ਕਦਮ ਨਮੋਸ਼ੀ ਤੋਂ ਬਚਣ ਲਈ ਚੁੱਕਿਆ। ਸ਼ਿਕਾਇਤ ਕਰਨ ’ਤੇ ਪੜਤਾਲ ਦੌਰਾਨ ਇਹ ਗੱਲ ਸਭ ਪਾਸੇ ਫੈਲ ਜਾਣੀ ਸੀ ਕਿ ਭਾਰਤੀ ਜੰਗੀ ਕੈਦੀ ਨੇ ਇਤਾਲਵੀ ਸਾਰਜੈਂਟ ਡਰਾ ਲਿਆ। ਅਜਿਹੀ ਬਦਨਾਮੀ ਕੋਈ ਵੀ ਫ਼ੌਜੀ ਨਹੀਂ ਖੱਟਣਾ ਚਾਹੁੰਦਾ ਚਾਹੇ ਉਸ ਦੀ ਚਮੜੀ ਗੋਰੀ ਹੋਵੇ ਜਾਂ ਭੂਰੀ ਤੇ ਜਾਂ ਸਿਆਹ। ਦੂਜੇ ਪਾਸੇ, ਦਫ਼ੇਦਾਰ ਬੇਅੰਤ ਸਿੰਘ ਤਾਂ ਜੰਗੀ ਕੈਦੀਆਂ ਦੇ ਸੁਮੱਚੇ ਕੈਂਪ ਵਿੱਚ ਹੀਰੋ ਬਣਨਾ ਹੀ ਸੀ।
* * *
1943 ਵਿੱਚ ਸਥਿਤੀ ਪਲਟਣੀ ਸ਼ੁਰੂ ਹੋ ਗਈ। ਜਰਮਨ ਦਸਤਿਆਂ ਨੇ ਉੱਤਰੀ ਅਫਰੀਕੀ ਮੋਰਚੇ ਦੀ ਕਮਾਨ ਇਤਾਲਵੀ ਫ਼ੌਜ ਹਵਾਲੇ ਕਰ ਦਿੱਤੀ ਅਤੇ ਆਪ ਯੂਰੋਪ ਪਰਤਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਹਾਲਾਤ ਵਿੱਚ ਬ੍ਰਿਟਿਸ਼ ਭਾਰਤੀ ਫ਼ੌਜ ਨੇ ਉਸ ਮੋਰਚੇ ’ਤੇ ਪਹਿਲੀ ਜਿੱਤ ਪ੍ਰਾਪਤ ਕੀਤੀ ਅਤੇ ਸੈਂਕੜੇ ਇਤਾਲਵੀ ਸੈਨਿਕਾਂ ਨੂੰ ਬੰਦੀ ਬਣਾ ਲਿਆ। ਉਨ੍ਹਾਂ ਨਾਲ ਵੀ ਪਸ਼ੂਆਂ ਵਰਗਾ ਵਿਹਾਰ ਕਰਨ ਦੀਆਂ ਧਮਕੀਆਂ ਨੇ ਇਟਲੀ ਅੰਦਰਲੇ ਜੰਗੀ ਕੈਦੀ ਕੈਂਪਾਂ ਦੀ ਦਸ਼ਾ ਸੁਧਾਰਨ ਦਾ ਰਾਹ ਖੋਲ੍ਹ ਦਿੱਤਾ। ਭਾਰਤੀ ਜੇਸੀਓਜ਼ ਲਈ ਵੱਖਰੀ ਮੈੱਸ ਤੇ ਬਿਹਤਰ ਸਹੂਲਤਾਂ ਦਾ ਇੰਤਜ਼ਾਮ ਹੋ ਗਿਆ। ਹੇਠਲੇ ਰੈਂਕਾਂ ਲਈ ਚੰਗੇ ਕੱਪੜੇ ਵੀ ਆ ਗਏ ਅਤੇ ਸੌਣ ਲਈ ਬਿਹਤਰ ਚਟਾਈਆਂ ਵੀ। ਚਾਕਲੇਟ, ਸਿਗਰਟਾਂ, ਚਾਹ-ਪੱਤੀ ਆਦਿ ਵੀ ਰੈੱਡ ਕਰਾਸ ਦੇ ਜ਼ਰੀਏ ਆਉਣ ਲੱਗੇ। ਪਰਿਵਾਰਾਂ ਨੂੰ ਚਿੱਠੀਆਂ
ਭੇਜਣ ਤੇ ਚਿੱਠੀਆਂ ਮੰਗਵਾਉਣ ਦਾ ਇੰਤਜ਼ਾਮ ਵੀ ਹੋ ਗਿਆ। ਧਰਮਾਂ ਮੁਤਾਬਿਕ ਹਲਾਲ ਤੇ ਝਟਕੇ ਦੀ ਆਮਦ ਵੀ ਸ਼ੁਰੂ ਹੋ ਗਈ।
ਮਿੱਤਰ ਦੇਸ਼ਾਂ ਦੀਆਂ ਫ਼ੌਜਾਂ ਦੇ ਇਟਲੀ ਉੱਤੇ ਹਮਲੇ ਦੇ ਮੱਦੇਨਜ਼ਰ ਜੰਗੀ ਕੈਦੀਆਂ ਨੂੰ ਫਰਾਂਸ ਵਿੱਚ ਐਪੀਨਲ ਭੇਜਣ ਅਤੇ ਲੋੜ ਪੈਣ ’ਤੇ ਉੱਥੋਂ ਜਰਮਨੀ ਲਿਜਾਣ ਦਾ ਫ਼ੈਸਲਾ ਜਰਮਨ ਜਰਨੈਲਾਂ ਦੀ ਰਣਨੀਤੀ ਦਾ ਹਿੱਸਾ ਬਣ ਗਿਆ। ਇਹ ਵੀ ਚਰਚਾ ਹੋਈ ਕਿ ਏਸ਼ਿਆਈ ਮੁਹਾਜ਼ ’ਤੇ ਜੰਗੀ ਕੈਦੀਆਂ ਦੀ ਸ਼ਮੂਲੀਅਤ ਰਾਹੀਂ ਆਜ਼ਾਦ ਹਿੰਦ ਫ਼ੌਜ ਖੜ੍ਹੀ ਕਰਨ ਵਾਲੀ ਮਸ਼ਕ, ਯੂਰੋਪੀਅਨ ਮੋਰਚੇ ਉੱਤੇ ਵੀ ਅਜ਼ਮਾਈ ਜਾਵੇ। ਅਜ਼ਮਾਈ ਵੀ ਗਈ, ਖ਼ਾਸ ਕਰ ਕੇ ਐਪੀਨਲ ਕੈਂਪ ਦੇ ਜਰਮਨ ਕਮਾਂਡਰ ਵੱਲੋਂ। ਇਸ ਨੂੰ ਹੁੰਗਾਰਾ ਨਹੀਂ ਮਿਲਿਆ। ਇਹ ਮੰਨਿਆ ਜਾਂਦਾ ਹੈ ਕਿ ਸਿੰਗਾਪੁਰ ਵਾਂਗ ਨੇਤਾ ਜੀ ਸੁਭਾਸ਼ ਬੋਸ, ਜੇਕਰ ਐਪੀਨਲ ਵੀ ਆ ਜਾਂਦੇ ਤਾਂ ਹੁੰਗਾਰਾ ਵੱਖਰੀ ਕਿਸਮ ਦਾ ਹੋਣਾ ਸੀ।
* * *
ਜੰਗੀ ਕੈਦੀਆਂ ਦੇ ਇਤਾਲਵੀ ਕੈਂਪਾਂ ਵਿੱਚ ਇਹ ਪ੍ਰਭਾਵ ਪਕੇਰਾ ਹੋ ਗਿਆ ਕਿ ਭਾਰਤੀ ਮੁਸਲਮਾਨਾਂ ਵਾਂਗ ਸਿੱਖ ਵੀ ਆਪਣੇ ਧਾਰਮਿਕ ਅਕੀਦਿਆਂ ਦੇ ਪੱਕੇ ਪਾਬੰਦ ਹਨ। ਦਫ਼ੇਦਾਰ ਬੇਅੰਤ ਸਿੰਘ ਵਾਲੇ ਕੈਂਪ ਤੋਂ ਇੱਕ ਵੱਖਰੇ ਕੈਂਪ ਵਿੱਚ ਇੱਕ ਇਤਾਲਵੀ ਸਾਰਜੈਂਟ ਨੇ ਜੂੰਆਂ ਕਾਰਨ ਸਿੱਖ ਕੈਦੀਆਂ ਦੇ ਕੇਸ ਤੇ ਦਾੜ੍ਹੀਆਂ ਜਬਰੀ ਕਟਵਾ ਦਿੱਤੀਆਂ। ਇਸ ’ਤੇ ਬਹੁਤ ਰੌਲਾ ਪੈ ਗਿਆ। ਸਿੱਖ ਕੈਦੀਆਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਬਾਕੀ ਧਰਮਾਂ ਵਾਲੇ ਸੈਨਿਕ ਵੀ ਇਸ ਵਿੱਚ ਸ਼ਾਮਿਲ ਹੋ ਗਏ। ਬਾਅਦ ਵਿੱਚ ਇੱਕ ਕਰਨਲ ਨੇ ਆ ਕੇ ਮੁਆਫ਼ੀ ਮੰਗੀ। ਭਾਸ਼ਾਈ ਮੁਸ਼ਕਿਲਾਂ ਕਾਰਨ ਕੁਝ ਬ੍ਰਿਟਿਸ਼ ਕੈਦੀ ਅਫ਼ਸਰਾਂ ਦੀ ਵੀ ਮਦਦ ਲਈ ਗਈ। ਉਨ੍ਹਾਂ ਦੇ ਕਹਿਣ ’ਤੇ ਕੈਂਪ ਦੇ ਸਾਰੇ ਗਾਰਡ ਬਦਲ ਦਿੱਤੇ ਗਏ।
ਬੇਅੰਤ ਸਿੰਘ ਵਾਲੇ ਕੈਂਪ ਵਿੱਚ ਕੁਝ ਵੱਖਰੀ ਕਿਸਮ ਦੇ ਮਸਲੇ ਪੈਦਾ ਹੋ ਗਏ। ਰੈੱਡ ਕਰਾਸ ਰਾਹੀਂ ਆਏ ਖ਼ੁਰਾਕੀ ਪੈਕੇਟ ਤੇ ਚਾਕਲੇਟਾਂ ਤਾਂ ਸਾਰੇ ਫ਼ੌਜੀ ਪਸੰਦ ਕਰਦੇ ਸਨ। ਸਿਗਰਟਾਂ ਦਾ ਕੋਟਾ ਸਿੱਖ ਫ਼ੌਜੀਆਂ ਲਈ ਵੀ ਆਉਣ ਲੱਗਾ। ਪਹਿਲਾਂ ਪਹਿਲ ਤਾਂ ਹੋਰਨਾਂ ਧਰਮਾਂ ਵਾਲਿਆਂ ਦੀ ਮੌਜ ਬਣੀ ਰਹੀ ਕਿਉਂਕਿ ਸਿੱਖ ਕੋਟੇ ਵਾਲੇ ਡੱਬੇ ਉਨ੍ਹਾਂ ਵਿੱਚ ਵੰਡ ਦਿੱਤੇ ਜਾਂਦੇ ਸਨ। ਫਿਰ ਸਿੱਖ ਫ਼ੌਜੀਆਂ ਨੂੰ ਗਿਆਨ ਹੋਇਆ ਕਿ ਇਹ ਡੱਬੇ ਇਤਾਲਵੀ ਨਾਰਾਂ ਨਾਲ ਰੋਮਾਂਸ ਦਾ ਸਾਧਨ ਬਣ ਸਕਦੇ ਹਨ। ਉਹ ਕਾਗਜ਼ਾਂ ਵਿੱਚ ਲਪੇਟ ਕੇ ਇਹ ਡੱਬੇ ਇਨ੍ਹਾਂ ਨਾਰਾਂ ਲਈ ਤੋਹਫ਼ਿਆਂ ਵਜੋਂ ਲੈ ਜਾਂਦੇ ਸਨ। ਕੈਂਪ ਦੀ ਕੰਡਿਆਲੀ ਵਾੜ ਇਕਹਿਰੀ ਸੀ। ਉਸ ਵਾੜ ਦੇ ਅੰਦਰੋਂ ਇਤਾਲਵੀ ਨਾਰਾਂ ਨਾਲ ਦਿਨ ਦਿਹਾੜੇ ਰੋਮਾਂਸ ਦੇ ਅਟਪਟੇ ਦ੍ਰਿਸ਼, ਕੈਂਪ ਦੇ ਗਾਰਡਾਂ ਦੇ ਮਨੋਰੰਜਨ ਦਾ ਵਿਸ਼ਾ ਤਾਂ ਬਣੇ ਹੀ ਰਹੇ, ਰੋਮਾਂਸ ਤੋਂ
ਵਿਹੂਣੇ ਕੈਦੀਆਂ ਦੇ ਹਾਸੇ-ਠੱਠੇ ਤੇ ਕਿੱਸੇ-ਕਹਾਣੀਆਂ ਦਾ ਅੰਗ ਵੀ ਬਣ ਗਏ।
* * *
ਮਿੱਤਰ ਦੇਸ਼ਾਂ ਦੀਆਂ ਫ਼ੌਜਾਂ ਦੇ ਇਟਲੀ ਉੱਪਰ ਹਮਲੇ ਨੇ ਭਾਰਤੀ ਜੰਗੀ ਕੈਦੀਆਂ ਦੇ ਇੱਕ ਪੂਰੇ ਬ੍ਰਿਗੇਡ ਨੂੰ ਐਪੀਨਲ ਭੇਜੇ ਜਾਣ ਦਾ ਰਾਹ ਪੱਧਰਾ ਕਰ ਦਿੱਤਾ। ਇਹ ਕੈਦਖਾਨਾ ਇਨ੍ਹਾਂ ਕੈਦੀਆਂ ਨੂੰ ‘ਐਸ਼ਖਾਨੇ’ ਵਰਗਾ ਮਹਿਸੂਸ ਹੋਇਆ। ਹਰੇਕ ਲਈ ਵੱਖਰਾਬੰਕ, ਸੁਥਰੇ ਕੱਪੜੇ, ਸਾਂਝੇ ਡਾਈਨਿੰਗ ਹਾਲ, ਲਾਂਡਰੀ ਦਾ ਨਿਯਮਿਤ ਪ੍ਰਬੰਧ, ਮਨਪ੍ਰਚਾਵੇ ਵਾਲੇ ਕਮਰੇ ਵਿੱਚ ਰੇਡੀਓ, ਕਈ ਕੈਰਮ ਬੋਰਡ ਤੇ ਇੱਕ ਗ੍ਰਾਮੋਫੋਨ। ਇਸੇ ਗ੍ਰਾਮੋਫੋਨ ’ਤੇ ਰਿਕਾਰਡ ਵਜਾ ਕੇ ਉਹ ਯੂਰੋਪੀਅਨ ਨਾਚਾਂ ਦਾ ਅਭਿਆਸ ਕਰਨ ਲੱਗੇ ਅਤੇ ਨਾਲ ਹੀ ਮੌਕਾ ਮਿਲਣ ’ਤੇ ਫਰਾਂਸੀਸੀ ਨਾਰਾਂ ਦਾ ਸਾਥ ਦੇਣ ਦੇ ਸੁਪਨੇ ਵੀ ਬੁਣਨ ਲੱਗੇ। ਇਨ੍ਹਾਂ ਕੈਦੀਆਂ ਤੋਂ ਕੰਮ ਜ਼ਰੂਰ ਲਿਆ ਜਾਂਦਾ ਸੀ, ਪਰ ਬਹੁਤੀ ਸਖ਼ਤ ਕਿਸਮ ਦਾ ਨਹੀਂ। ਇਸ ਕੰਮ ਬਦਲੇ ਦਿਹਾੜੀ ਵੀ ਮਿਲਦੀ ਸੀ। ਇਸ ਮਿਹਨਤਾਨੇ ਰਾਹੀਂ ਜਮ੍ਹਾਂ ਹੋਈਆਂ ਰਕਮਾਂ, ਕੈਂਪ ਤੋੜਨ ਵਾਲੀ ਘਟਨਾਵਲੀ ਮਗਰੋਂ ਕਈ ਭਾਰਤੀਆਂ ਦੇ ਕੰਮ ਆਈਆਂ। ਕੈਂਪ ਦੇ ਅੰਦਰ ਫੁਟਬਾਲ ਦਾ ਮੈਦਾਨ ਵੀ ਸੀ ਅਤੇ ਕਈ ਵਾਲੀਬਾਲ ਕੋਰਟ ਵੀ। ਇਨ੍ਹਾਂ ਵਿੱਚ ਮੁਕਾਬਲੇ ਚੱਲਦੇ ਹੀ ਰਹਿੰਦੇ ਸਨ। ਦਰਅਸਲ, ਜਿਸ ਦਿਨ ਕੈਂਪ ਉੱਤੇ ਅਮਰੀਕੀ ਬੰਬਾਰੀ ਹੋਈ, ਉਸ ਸਮੇਂ ਸਿੱਖਾਂ ਤੇ ਮਰਹੱਟਿਆਂ ਦਰਮਿਆਨ ਫੁੱਟਬਾਲ ਮੈਚ ਚੱਲ ਰਿਹਾ ਸੀ। ਘੱਟੋ-ਘੱਟ ਇੱਕ ਹਜ਼ਾਰ ਕੈਦੀ ਇਹ ਮੈਚ ਦੇਖਣ ਲਈ ਮੈਦਾਨ ਦੇ ਬਾਹਰ ਜੁੜੇ ਹੋਏ ਸਨ। ਉਨ੍ਹਾਂ ਦੇ ਸ਼ੋਰ ਦੌਰਾਨ ਕਿਸੇ ਨੂੰ ਵੀ ਅਮਰੀਕੀ ਜਹਾਜ਼ਾਂ ਦੀ ਆਮਦ ਦਾ ਪਤਾ ਨਹੀਂ ਲੱਗਿਆ। ਪਹਿਲਾ ਬੰਬ ਡਿੱਗਣ ਨਾਲ ਜਿਹੜਾ ਧਮਾਕਾ ਹੋਇਆ, ਉਸ ਨੇ ਸਾਰਿਆਂ ਨੂੰ ਮੈਦਾਨ ਅੰਦਰ ਲੰਮਲੇਟ ਹੋਣ ਲਈ ਮਜਬੂਰ ਕਰ ਦਿੱਤਾ। ਇਹ ਮਸ਼ਕ ਉਨ੍ਹਾਂ ਦੀਆਂ ਜਾਨਾਂ ਬਚਾ ਗਈ। ਜਦੋਂ ਜਹਾਜ਼ਾਂ ਦੀ ਘੂੰ-ਘੂੰ ਬੰਦ ਹੋਈ ਤਾਂ ਕੈਂਪ ਦੀਆਂ ਇਮਾਰਤਾਂ ਵਾਲੇ ਪਾਸੇ ਦਾ ਹੌਲਨਾਕ ਮੰਜ਼ਰ ਬਹੁਤਿਆਂ ਦੇ ਦਿਲ ਹਿਲਾ ਗਿਆ। ਹਰ ਪਾਸੇ ਇਮਾਰਤੀ ਮਲਬੇ ਤੋਂ ਇਲਾਵਾ ਇਨਸਾਨੀ ਦੇਹਾਂ ਦੇ ਚੀਥੜੇ ਨਜ਼ਰ ਆ ਰਹੇ ਸਨ। ਪਹਿਲਾ ਪ੍ਰਤੀਕਰਮ ਤਾਂ ਜ਼ਖ਼ਮੀਆਂ ਦੀ ਸੰਭਾਲ ਕਰਨ ਅਤੇ ਉਨ੍ਹਾਂ ਨੂੰ ਕੈਂਪ ਦੇ ਹਸਪਤਾਲ ਪਹੁੰਚਾਉਣ ਵਾਲਾ ਸੀ। ਹਸਪਤਾਲ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਸੀ ਅਤੇ ਉੱਥੇ ਡਾ. ਸਰਦਾਰ ਅਹਿਮਦ ਮੌਜੂਦ ਸੀ। ਇਸ ਡਾਕਟਰ ਨੇ ਅਗਲੇ 28 ਘੰਟੇ 42 ਜ਼ਖ਼ਮੀਆਂ ਦੇ ਅੰਗ ਜੋੜਨ, ਉਨ੍ਹਾਂ ਦੇ ਜਿਸਮਾਂ ਵਿੱਚੋਂ ਛੱਰੇ ਕੱਢਣ, ਉਨ੍ਹਾਂ ਦੇ ਫੱਟ ਸਿਉੂਣ ਆਦਿ ’ਤੇ ਲਾਏ। ਉਹ ਓਨੀ ਦੇਰ ਤੱਕ ਇਹ ਕੰਮ ਕਰਦਾ ਰਿਹਾ ਜਦੋਂ ਤਕ ਖ਼ੁਦ ਨਿਢਾਲ ਹੋ ਕੇ ਡਿੱਗ ਨਹੀਂ ਪਿਆ।
ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਤੋਂ ਬਾਅਦ ਪੰਜ ਸੌ ਦੇ ਕਰੀਬ ਕੈਦੀਆਂ ਨੇ ਕੈਦ ਤੋਂ ਮੁਕਤੀ ਪਾਉਣ ਦੇ ਹੀਲੇ-ਵਸੀਲੇ ਸ਼ੁਰੂ ਕਰ ਦਿੱਤੇ। ਰਾਸ਼ਨ ਵਾਲੇ ਸਟੋਰ ਦਾ ਸਲਾਮਤ ਹੋਣਾ ਇਸ ਕੰਮ ਵਿੱਚ ਮਦਦਗਾਰ ਸਾਬਤ ਹੋਇਆ। ਕੈਂਪ ਤੋੜਨ ਦੀਆਂ ਇੱਕਾ-ਦੁੱਕਾ ਘਟਨਾਵਾਂ ਪਹਿਲਾਂ ਵੀ ਹੋ ਚੁੱਕੀਆਂ ਸਨ। ਉਨ੍ਹਾਂ ਵਿੱਚੋਂ ਬਹੁਤੀਆਂ ਨਾਕਾਮ ਰਹੀਆਂ ਸਨ। ਇਸੇ ਨਾਕਾਮੀ ਤੋਂ ਸਬਕ ਇਹੋ ਮਿਲਿਆ ਸੀ ਕਿ ਜੇਕਰ ਸਵਿਟਜ਼ਰਲੈਂਡ ਪਹੁੰਚਣਾ ਹੈ ਤਾਂ ਪੈਦਲ ਜਾਣਾ ਪਵੇਗਾ, ਉਹ ਵੀ ਖੇਤਾਂ ਤੇ ਜੰਗਲਾਂ ਦੇ ਰਸਤੇ। ਲਿਹਾਜ਼ਾ, ਬਹੁਤੇ ਜੰਗੀ ਕੈਦੀ ਨਿੱਕੀਆਂ ਨਿੱਕੀਆਂ ਟੋਲੀਆਂ ਦੇ ਰੂਪ ਵਿੱਚ ਨਿਕਲੇ। ਕੋਈ ਟੋਲੀ ਚਾਰ ਜਣਿਆਂ ਦੀ ਰਹੀ ਅਤੇ ਕੋਈ ਵੀਹ ਦੀ। ਕਈ ਟੋਲੀਆਂ ਭਟਕ ਗਈਆਂ ਅਤੇ ਜਰਮਨ ਫ਼ੌਜੀ ਟੁਕੜੀਆਂ ਵੱਲੋਂ ਫਿਰ ਬੰਦੀ ਬਣਾ ਲਈਆਂ ਗਈਆਂ। ਕੁਝ ਕੈਦੀ, ਜਰਮਨਾਂ ਦੇ ਫਰਾਂਸੀਸੀ ਦਸਤਗੀਰਾਂ (ਟੋਡੀਆਂ) ਨੇ ਜਾਂ ਤਾਂ ਕਾਬੂ ਕਰ ਲਏ ਅਤੇ ਜਾਂ ਬੰਦੂਕਾਂ ਨਾਲ ਫੁੰਡ ਦਿੱਤੇ। ਪਰ ਢਾਈ ਸੌ ਦੇ ਕਰੀਬ ਭਾਰਤੀ ਸਥਾਨਕ ਵਸੋਂ, ਖ਼ਾਸ ਕਰ ਕੇ ਮੁਕਾਮੀ ਕਿਸਾਨਾਂ ਤੇ ਮੁਕਤੀ ਯੋਧਿਆਂ (ਮਾਰਕੁਈਜ਼) ਦੀ ਮਦਦ ਨਾਲ ਸਵਿੱਸ ਬਾਰਡਰ ਤੱਕ ਸੁਰੱਖਿਅਤ ਪਹੁੰਚ ਗਏ। ਕਈਆਂ ਲਈ ਇਸ ਜੱਦੋਜਹਿਦ ਨੇ ਮਹਿਜ਼ 15 ਦਿਨ ਲਏ ਅਤੇ ਕਈ ਹੋਰਨਾਂ ਲਈ ਦੋ ਮਹੀਨੇ। ਜਿਨ੍ਹਾਂ ਫਰਾਂਸੀਸੀਆਂ ਨੇ ਇਹ ਮਦਦ ਕੀਤੀ, ਉਨ੍ਹਾਂ ਨੇ ਆਪਣੀ ਜਾਨ ਤਲੀ ’ਤੇ ਧਰ ਕੇ ਕੀਤੀ। ਬੋਵਮੈਨ ਦੇ ਦੱਸਣ ਅਨੁਸਾਰ ਮਦਦ ਕਰਨ ਵਾਲਿਆਂ ਨੂੰ ਇਹ ਪਤਾ ਸੀ ਕਿ ਜੇਕਰ ਉਹ ਜਰਮਨ ਗਸ਼ਤੀ ਟੁਕੜੀਆਂ ਦੇ ਕਾਬੂ ਆ ਗਏ ਤਾਂ ਭਾਰਤੀ ਕੈਦੀਆਂ ਨੂੰ ਤਾਂ ਵਾਪਸ ‘ਕੈਦੀ ਕੈਂਪਾਂ’ ਵਿੱਚ ਪਰਤਾ ਦਿੱਤਾ ਜਾਵੇਗਾ, ਪਰ ਉਨ੍ਹਾਂ ਦੇ ਫਰੈਂਚ ਮਦਦਗਾਰਾਂ ਨੂੰ ਚੌਰਾਹਿਆਂ ਵਿੱਚ ਖੜ੍ਹੇ ਕਰ ਕੇ ਗੋਲੀਆਂ ਨਾਲ ਉਡਾ ਦਿੱਤਾ ਜਾਵੇਗਾ। ਅਜਿਹੇ ਖ਼ਤਰਿਆਂ ਦੇ ਬਾਵਜੂਦ ਉਨ੍ਹਾਂ ਨੇ ਭਾਰਤੀ ਕੈਦੀਆਂ ਦੀ ਮਦਦ ਕਰਨ ਵਾਲਾ ਰਾਹ ਅਪਣਾਇਆ। ਉਹ ਵੀ ਪੂਰੀ ਅਪਣੱਤ ਨਾਲ। ਇਹ ਵੀ ਜ਼ਿਕਰਯੋਗ ਹੈ ਕਿ ਅਜਿਹੀ ਮਦਦ ਤੋਂ ਪ੍ਰਭਾਵਿਤ ਹੋਏ ਕਈ ਭਾਰਤੀ ਫ਼ੌਜੀਆਂ ਨੇ ਸਵਿਟਜ਼ਰਲੈਂਡ ਜਾਣ ਦੀ ਥਾਂ ਮੁਕਤੀ ਯੋਧਿਆਂ ਦਾ ਸਾਥ ਦੇਣਾ ਵਾਜਬ ਸਮਝਿਆ। ਇਨ੍ਹਾਂ ਵਿੱਚੋਂ ਇੱਕ ਗੋਰਖੇ ਹਰਕੇਸ਼ ਬਹਾਦਰ ਗੁਰੰਗ ਵੱਲੋਂ ਇੱਕ ਜਰਮਨ ਗਸ਼ਤੀ ਪਾਰਟੀ ਦਾ ਖੁਖਰੀ ਨਾਲ ਸਫਾਇਆ ਕਰਨ ਦੀ ਕਹਾਣੀ ‘ਦਿ ਗ੍ਰੇਟ ਐਪੀਨਲ ਐਸਕੇਪ’ ਦਾ ਅਹਿਮ ਅੰਗ ਹੈ। ਦਰਅਸਲ, ਕੈਂਪ ਦੇ 12 ਚੈਪਟਰਾਂ ਵਿੱਚੋਂ ਛੇ, ਭਾਰਤੀ ਕੈਦੀਆਂ ਦੀ ਫਰਾਂਸੀਸੀ ਲੋਕਾਂ ਵੱਲੋਂ ਮਦਦ ਨਾਲ ਜੁੜੀਆਂ ਗਾਥਾਵਾਂ ’ਤੇ ਹੀ ਆਧਾਰਿਤ ਹਨ।
ਆਪਣੇ ਬਿਰਤਾਂਤ ਦੇ ਆਖ਼ਰੀ ਤਿੰਨ ਪੈਰਿਆਂ ਵਿੱਚ ਬੋਵਮੈਨ ਲਿਖਦਾ ਹੈ ਕਿ ਉਸ ਦੀ ਕਿਤਾਬ ‘‘ਮਨੁੱਖੀ ਸਮਰੱਥਾ ਨਾਲ ਜੁੜੀਆਂ ਸੰਭਾਵਨਾਵਾਂ ਦੀ ਗਾਥਾ ਹੈ। ਇਹ ਉਨ੍ਹਾਂ ਯੋਧਿਆਂ ਦੀ ਗਾਥਾ ਹੈ ਜਿਨ੍ਹਾਂ ਨੇ ਮੌਕਾ ਮਿਲਦਿਆਂ ਹੀ ਕਾਰਵਾਈ ਕਰਨ ਦੀ ਜੁਰੱਅਤ ਦਿਖਾਈ; ਸਥਿਤੀ ਨੂੰ ਬੇਕਾਬੂ ਨਹੀਂ ਹੋਣ ਦਿੱਤਾ, ਬੇਤਕਦੀਰੇ ਹੋਣ ਦੇ ਬਾਵਜੂਦ ਉਨ੍ਹਾਂ ਨੇ ਤਕਦੀਰ ਨੂੰ ਮੁੜ ਆਪਣੇ ਕਾਬੂ ’ਚ ਕੀਤਾ ਅਤੇ ਕੈਦਖ਼ਾਨੇ ਦੇ ਮਲਬੇ ਵਿੱਚੋਂ ਆਜ਼ਾਦੀ ਦੇ ਸਰਹੱਦੀ ਥੰਮ੍ਹਲਿਆਂ ਤੱਕ ਪੁੱਜਣ ਦਾ ਸੁਪਨਾ ਸੰਜੋਇਆ। ਜਿਹੜੇ ਇਹ ਸੁਪਨਾ ਸਾਕਾਰ ਨਹੀਂ ਕਰ ਸਕੇ, ਉਹ ਵੀ ਕਿਸੇ ਤਰ੍ਹਾਂ ਊਣੇ ਨਹੀਂ ਸਨ। ਉਨ੍ਹਾਂ ਨੇ ਕੋਸ਼ਿਸ਼ ਤਾਂ ਕੀਤੀ। ... ਭਾਰਤੀ ਜੰਗੀ ਕੈਦੀਆਂ ਨੇ ਉਹ ਸਭ ਕੁਝ ਕੀਤਾ ਜੋ ਗੋਰੇ ਬ੍ਰਿਟਿਸ਼ ਕੈਦੀਆਂ ਨੇ ਕੀਤਾ; ਭਾਸ਼ਾਵਾਂ ਸਿੱਖੀਆਂ, ਸੰਗੀਤ ਨਾਲ ਸਾਂਝ ਪਾਈ, ਸੁਰੰਗਾਂ ਪੁੱਟੀਆਂ, ਵਾੜਾਂ ਤੇ ਕੰਧਾਂ ਵਿੱਚ
ਸੰਨ੍ਹਾਂ ਲਾਉਣ ਦੀਆਂ ਵਿਧੀਆਂ ਅਜ਼ਮਾਈਆਂ ਅਤੇ ਇਸ ਤੋਂ ਵੀ ਵੱਧ, ਜੰਗਲਾਂ-ਬੇਲਿਆਂ ਵਿੱਚ ਲੁਕਣ ਅਤੇ ਬਰਫ਼ਾਨੀ ਨਦੀਆਂ-ਨਾਲਿਆਂ ਨਾਲ ਸਿੱਝਣ ਦੀ ਬਿਹਤਰ ਸਮਰੱਥਾ ਦਿਖਾਈ। ਅਜਿਹੇ ਯੋਧਿਆਂ ਦੀ ਦਾਸਤਾਂ, ਜੱਗ ਜ਼ਾਹਿਰ ਹੋਣੀ ਚਾਹੀਦੀ ਸੀ। ਮੈਂ ਜੋ ਵੀ ਲਿਖਿਆ ਹੈ, ਇਸੇ ਅਕੀਦੇ ਨੂੰ ਮੁੱਖ ਰੱਖ ਕੇ ਲਿਖਿਆ ਹੈ।’’ ਸਜਦੇ ਦਾ ਹੱਕਦਾਰ ਹੈ ਇਹ ਅਕੀਦਾ।