ਕੰਮੀਆਂ ਦੇ ਵਿਹੜੇ ਦਾ ਮਘਦਾ ਸੂਰਜ ਸੰਤ ਰਾਮ ਉਦਾਸੀ
ਇਨਕਲਾਬ ਨੂੰ ਮਹਿਬੂਬ ਆਖਣ ਵਾਲੀ ਵਿਦਰੋਹੀ ਆਵਾਜ਼ ਨੂੰ ਸੰਤ ਰਾਮ ਉਦਾਸੀ ਦੇ ਰੂਪ ਵਿੱਚ ਸਾਥੋਂ ਵਿਛੜਿਆਂ ਅੱਜ 39 ਸਾਲ ਬੀਤ ਗਏ ਹਨ। ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਏਸਰ ਵਿੱਚ 20 ਅਪਰੈਲ 1939 ਨੂੰ ਕਿਰਤੀ ਪਰਿਵਾਰ ’ਚ ਪਿਤਾ ਸ੍ਰੀ ਮੇਹਰ ਸਿੰਘ ਅਤੇ ਮਾਤਾ ਧੰਨ ਕੌਰ ਦੇ ਘਰ ਜਨਮੇ ਸੰਤ ਰਾਮ ਉਦਾਸੀ ਨੇ ਜ਼ਿੰਦਗੀ ਦੀ ਹਰ ਤਲਖ਼ ਹਕੀਕਤ ਆਪਣੇ ਹੱਡੀਂ ਹੰਢਾਈ। ਨਿੱਕੇ ਹੁੰਦਿਆਂ ਤੱਤੀ ਰੇਤ ਵਿੱਚ ਨੰਗੇ ਪੈਰੀਂ ਪਸ਼ੂ ਚਾਰੇ, ਜੇਠ-ਹਾੜ੍ਹ ਦੀਆਂ ਧੁੱਪਾਂ ਆਪਣੇ ਪਿੰਡੇ ’ਤੇ ਹੰਢਾਈਆਂ। ਪੋਹ-ਮਾਘ ਦੀ ਸੁੰਨ ਕਰ ਦੇਣ ਵਾਲੀ ਠੰਢ ਆਪਣੇ ਲੀਰਾਂ ਨਾਲ ਢਕੇ ਸਰੀਰ ’ਤੇ ਝੱਲੀ। ਇਨ੍ਹਾਂ ਕੌੜੇ ਅਨੁਭਵਾਂ ’ਚੋਂ ਹੀ ਅੱਗੇ ਚੱਲ ਕੇ ਉਸ ਨੂੰ ਆਪਣੀ ਕਵਿਤਾ ਦੇ ਬਿੰਬ ਵੀ ਮਿਲੇ। ਉਸ ਨੇ ਬਚਪਨ ਵਿੱਚ ਅੰਤਾਂ ਦੀ ਗ਼ਰੀਬੀ ਦੇਖੀ। ਉਹ ਸਮਾਂ ਜਗੀਰੂ ਜਕੜ ਦਾ ਸੀ, ਜਾਤ-ਪਾਤ ਦਾ ਵਿਤਕਰਾ ਵੱਡੇ ਪੱਧਰ ’ਤੇ ਜਾਰੀ ਸੀ ਜਿਸ ਦਾ ਸਰਾਪ ਉਦਾਸੀ ਨੂੰ ਮਿਲਿਆ ਹੋਇਆ ਸੀ। ਰਜਵਾੜਿਆਂ ਦੇ ਜਬਰ ਦਾ ਨਿਸ਼ਾਨਾ ਉਦਾਸੀ ਬਚਪਨ ਤੋਂ ਹੀ ਸੀ। ਇਸੇ ਲਈ ਉਸ ਦੀ ਸਮੁੱਚੀ ਕਵਿਤਾ ਵਿੱਚ ਵਧੇਰੇ ਵਿਦਰੋਹ ਇਨ੍ਹਾਂ ਪਾਤਰਾਂ ਖ਼ਿਲਾਫ਼ ਸੇਧਿਤ ਹੈ।
ਸੰਤ ਰਾਮ ਉਦਾਸੀ ਕਿਰਤੀ ਲੋਕਾਂ ਦੀ ਲੁੱਟ, ਦਮਨ, ਤੰਗੀਆਂ-ਤੁਰਸ਼ੀਆਂ, ਗੁਰਬਤ, ਔਕੜਾਂ ਅਤੇ ਉਨ੍ਹਾਂ ਦੀਆਂ ਸੱਧਰਾਂ ਦਾ ਸਫ਼ਲ ਚਿਤਰਣ ਕਰਦਾ ਸੀ। ਉਹ ਠੋਸ ਰੂਪ ਵਿੱਚ ਜਮਾਤੀ ਵਿਰੋਧੀਆਂ ਤੇ ਲੁਟੇਰਿਆਂ ਦੀ ਸ਼ਨਾਖਤ ਕਰਨ ਵਾਲਾ ਸ਼ਾਇਰ ਸੀ। ਉਦਾਸੀ ਨੇ ਕਿਰਤੀ ਲੋਕਾਂ ਦੇ ਸਿਰਫ਼ ਆਰਥਿਕ ਦਮਨ ਨੂੰ ਆਪਣੇ ਗੀਤਾਂ ਤੇ ਕਵਿਤਾਵਾਂ ਵਿੱਚ ਨਹੀਂ ਢਾਲਿਆ ਸਗੋਂ ਉਨ੍ਹਾਂ ਦੀ ਮਾਨਸਿਕ, ਸਰੀਰਕ, ਮਨੋਵਿਗਿਆਨਕ ਲੁੱਟ ਨੂੰ ਵੀ ਆਪਣੀਆਂ ਰਚਨਾਵਾਂ ਰਾਹੀਂ ਸਫਲਤਾ ਨਾਲ ਉਜਾਗਰ ਕੀਤਾ। ਉਸ ਦੀਆਂ ਅਨੇਕਾਂ ਰਚਨਾਵਾਂ ਉਪਰੋਕਤ ਦੀ ਪੁਸ਼ਟੀ ਕਰਦੀਆਂ ਹਨ, ਜਿਵੇ:
ਸਾਡੇ ਪਿੜ ਵਿੱਚ ਤੇਰੇ ਗਲ ਚਿਥੜੇ,
ਮੇਰੀਏ ਜੁਆਨ ਕਣਕੇ,
ਕੱਲ੍ਹ ਸ਼ਾਹਾਂ ਦੇ ਗੁਦਾਮਾਂ ਵਿੱਚੋਂ ਨਿਕਲੇਂ
ਤੂੰ ਸੋਨੇ ਦਾ ਪਟੋਲਾ ਬਣਕੇ।
ਆਮ ਲੋਕਾਂ ਵਿੱਚ ਉਦਾਸੀ ਦੀ ਮਕਬੂਲੀਅਤ ਦਾ ਕਾਰਨ ਇਹ ਵੀ ਹੈ ਕਿ ਇਹ ਵਿਦਰੋਹੀ ਆਵਾਜ਼ ਉਨ੍ਹਾਂ ਦੇ ਜੀਵਨ ਦਾ ਸੱਚ ਬਿਆਨਦੀ ਹੋਈ ਉਨ੍ਹਾਂ ਦੇ ਹਾਲਾਤ, ਉਨ੍ਹਾਂ ਦੀਆਂ ਤਕਲੀਫਾਂ ਤੇ ਸੁਫ਼ਨਿਆਂ ਨੂੰ ਬਿਆਨਦੀ ਹੈ। ਉਸ ਨੇ ਆਪ ਅਜਿਹੇ ਹਾਲਾਤ ਹੰਢਾਏ। ਇਸ ਲਈ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਲੁੱਟੀ ਜਾ ਰਹੀ ਜਮਾਤ ਦਾ ਅਸਲ ਦੁੱਖ ਤੇ ਉਨ੍ਹਾਂ ਦੀਆਂ ਅਸਲ ਤਕਲੀਫ਼ਾਂ ਕੀ ਹਨ।
ਸਾਲ 1979 ਵਿੱਚ ਉਹ ਇੰਡੀਅਨ ਪੀਪਲਜ਼ ਐਸੋਸ਼ੀਏਸ਼ਨ ਇਨ ਨੌਰਥ ਅਮਰੀਕਾ ਦੇ ਸੱਦੇ ’ਤੇ ਕੈਨੇਡਾ ਗਿਆ, ਜਿੱਥੇ ਉਸ ਨੇ ਕੈਨੇਡਾ ’ਚ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰੋਗਰਾਮ ਕੀਤੇ। ਪੋਰਟ ਅਲਬਰਨੀ ਵਿੱਚ ਕਰਵਾਏ ਪ੍ਰੋਗਰਾਮ ਦੌਰਾਨ ਉਦਾਸੀ ਨੇ ਜਦੋਂ ਹੇਠ ਲਿਖਿਆ ਗੀਤ ਗਾਇਆ ਤਾਂ ਪੰਡਾਲ ਵਿੱਚ ਬੈਠੇ ਸਰੋਤਿਆਂ ਨੇ ਉਨ੍ਹਾਂ ਨੂੰ ਬਹੁਤ ਮਾਣ ਦਿੱਤਾ:
ਚੜ੍ਹਨ ਵਾਲਿਓ ਹੱਕਾਂ ਦੀ ਭੇਟ ਉੱਤੇ,
ਥੋਨੂੰ ਸ਼ਰਧਾ ਦੇ ਫੁਲ ਚੜ੍ਹਾਉਣ ਲੱਗਿਆਂ।
ਥੋਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ,
ਇੱਕ ਦੋ ਪਿਆਰ ਦੇ ਹੰਝੂ ਵਹਾਉਣ ਲੱਗਿਆਂ।
ਥੋਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ,
ਮੁੱਢ ਬੰਨ੍ਹਿਆ ਤੁਸੀਂ ਕਹਾਣੀਆਂ ਦਾ।
ਸਹੁੰ ਖਾਂਦੇ ਹਾਂ ਅਸੀਂ ਜਵਾਨੀਆਂ ਦੀ,
ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ।
ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ,
ਤੇ ਬਲਦੀ ਚਿਖਾ ਹੁਣ ਠੰਢੀ ਨਾ ਹੋਣ ਦੇਣੀ।
ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ,
ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ।
ਖੇਡਣ ਜਾਣਦੇ ਹੜ੍ਹਾਂ ਦੀ ਹਿੱਕ ਅੰਦਰ,
ਤੇ ਸਿਰੀਂ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ।
ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ,
ਤਾਂ ਇਹ ਲੋਥਾਂ ਦੀ ਮੰਡੀ ਨਾ ਹੋਣ ਦੇਣੀ।
ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ,
ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ।
ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ,
ਐਡੀ ਲੰਮੀ ਏ ਸਾਡੀ ਕਤਾਰ ਲੋਕੋ।
ਉਦਾਸੀ ਨੇ ਜੋ ਵੀ ਲਿਖਿਆ, ਸਾਧਾਰਨ ਬੋਲੀ ਵਿੱਚ ਲਿਖਿਆ ਹੈ। ਪੰਜਾਬ ਦਾ ਸ਼ਾਇਦ ਹੀ ਅਜਿਹਾ ਕੋਈ ਕਵੀ ਹੋਵੇਗਾ, ਜਿਸ ਦੇ ਗੀਤਾਂ, ਕਵਿਤਾਵਾਂ ਨੇ ਲੱਖਾਂ ਸਾਧਾਰਨ ਲੋਕਾਂ ਨੂੰ ਹੀ ਨਹੀਂ ਸਗੋਂ ਬੁੱਧੀਜੀਵੀਆਂ ਨੂੰ ਵੀ ਇਨਕਲਾਬੀ ਪੈਂਤੜੇ ਤੱਕ ਪ੍ਰੇਰਿਤ ਕੀਤਾ ਹੋਵੇ।
ਕ੍ਰਾਂਤੀਕਾਰੀ ਲਹਿਰ ਨੂੰ ਵਿਕਸਤ ਕਰਨ ਲਈ ਉਦਾਸੀ ਨੇ ਆਪਣੀਆਂ ਕਵਿਤਾਵਾਂ ਵਿੱਚ ਇਤਿਹਾਸਕ ਸਿੱਖ ਵਿਰਸੇ ਨੂੰ ਵਿਗਿਆਨਕ ਅਰਥ ਦਿੱਤੇ। ਉਹ ਜ਼ੁਲਮ ਖ਼ਿਲਾਫ਼ ਹਰ ਜੱਦੋ-ਜਹਿਦ ਨੂੰ ਕਿਰਤੀ ਜਮਾਤ ਦੀ ਮੁਕਤੀ ਨਾਲ ਜੋੜਦਾ ਹੈ। ਇਤਿਹਾਸਕ ਵਿਰਸੇ ਦੀ ਦੁਰਵਰਤੋਂ ਨੂੰ ਰੋਕਣ ਵਿੱਚ ਉਸ ਦੇ ਗੀਤ ਸਹਾਈ ਹੋਏ ਹਨ। ਉਦਾਸੀ ਨੇ ਇਤਿਹਾਸਕ ਵਿਰਸੇ ਨੂੰ ਨਵੇਂ ਅਰਥ ਦਿੱਤੇ ਹਨ ਜਿਵੇ:
ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ,
ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ।
ਟੁੱਭੀ ਮਾਰ ਕੇ ‘ਸਰਸਾ’ ਦੇ ਰੋੜ੍ਹ ਅੰਦਰ,
ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ।
ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ,
ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ।
ਝੋਰਾ ਕਰੀਂ ਨਾ ਕਿਲ੍ਹੇ ਆਨੰਦਪੁਰ ਦਾ,
ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ।
ਮਾਛੀਵਾੜੇ ਦੇ ਸੱਥਰ ਦੇ ਗੀਤ ਵਿੱਚੋਂ,
ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ।
ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ,
ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ।
ਬਾਪੂ! ਸੱਚੇ ਇੱਕ ਕੌਮੀ ਸਰਦਾਰ ਤਾਈਂ,
ਪੀਰ ਉੱਚ ਦਾ ਵੀ ਬਣਨਾ ਪੈ ਸਕਦੈ।
ਖ਼ੂਨ ਜਿਗਰ ਦੇ ਨਾਲ ਤਾਂ ਜ਼ਫ਼ਰਨਾਮਾ,
ਤੇਰੀ ਕਲਮ ਨੂੰ ਵੀ ਘੜਨਾ ਪੈ ਸਕਦੈ।
(ਪਰ) ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਏਂ,
ਅਜੇ ਤੱਕ ਉਹ ਸਾਡੇ ਹਥਿਆਰ ਜਿਊਂਦੇ।
ਗੂਠਾ ਲਾਇਆ ਨਹੀਂ ਜਿਨ੍ਹਾਂ ਬੇਦਾਵਿਆਂ ’ਤੇ,
ਸਿੰਘ ਅਜੇ ਵੀ ਲੱਖ ਹਜ਼ਾਰ ਜਿਊਂਦੇ।
ਉਦਾਸੀ ਦੀ ਸਮੁੱਚੀ ਕਿਰਤ ਮਿਹਨਤਕਸ਼ ਲੋਕਾਂ ਦਾ ਅਨਮੋਲ ਖ਼ਜ਼ਾਨਾ ਹੈ। ਕਿਸਾਨੀ ਘੋਲਾਂ ’ਚ ਅੱਜ ਵੀ ਉਦਾਸੀ ਦੇ ਬੋਲ ਸਿੱਧ ਹੋ ਰਹੇ ਹਨ। ਅੱਜ ਦੇ ਸਮੇਂ ਵਿੱਚ ਕਿਸਾਨੀ ਲਹਿਰਾਂ ਨੂੰ ਉਦਾਸੀ ਦੀ ਬੜੀ ਲੋੜ ਸੀ। ਉਦਾਸੀ ਜਿਊਂਦਾ ਹੁੰਦਾ ਤਾਂ ਅਜੋਕੇ ਸੰਯੁਕਤ
ਕਿਸਾਨ ਮੋਰਚੇ ਦੀ ਸਟੇਜ ਦਾ ਮੁੱਖ ਬੁਲਾਰਾ ਹੋਣਾ
ਸੀ। ਉਸ ਨੇ ਹਜ਼ਾਰਾਂ ਲੋਕਾਂ ਦੇ ਇਕੱਠ ਵਿੱਚ ਉੱਚੀ ਹੇਕ ਨਾਲ ਗਾਉਣਾ ਸੀ:
ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ,
ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ,
ਅਸੀਂ ਤੋੜ ਦੇਣੀ... ਅਸੀਂ ਤੋੜ ਦੇਣੀ
ਲਹੂ ਪੀਣੀ ਜੋਕ ਹਾਣੀਆਂ।
ਗੱਜਣਗੇ ਸ਼ੇਰ ਜਦੋਂ ਭੱਜਣਗੇ ਕਾਇਰ ਸੱਭੇ,
ਰੱਜਣਗੇ ਕਿਰਤੀ ਕਿਸਾਨ ਮੁੜ ਕੇ,
ਜ਼ਰਾ ਹੱਲਾ ਮਾਰੋ...ਜ਼ਰਾ ਹੱਲਾ ਮਾਰੋ
ਕਿਰਤੀ ਕਿਸਾਨ ਜੁੜ ਕੇ।
ਸੁਣ ਲਵੋ ਕਾਗੋ, ਅਸੀਂ ਕਰ ਦੇਣਾ ਪੁੱਠੇ ਥੋਨੂੰ,
ਘੁੱਗੀਆਂ ਦੇ ਬੱਚਿਆਂ ਨੂੰ ਕੋਹਣ ਵਾਲਿਓ,
ਰੋਟੀ ਬੱਚਿਆਂ ਦੇ... ਰੋਟੀ ਬੱਚਿਆਂ ਦੇ
ਹੱਥਾਂ ਵਿਚੋਂ ਖੋਹਣ ਵਾਲਿਓ।
ਉਦਾਸੀ ਦੇ ਲਿਖੇ ਗੀਤਾਂ ਨੂੰ ਪੰਜਾਬ ਦੇ ਪ੍ਰਸਿੱਧ ਗਾਇਕ ਜਸਬੀਰ ਜੱਸੀ, ਅਰਜਨ ਢਿੱਲੋਂ, ਨਿਮਰਤ ਖਹਿਰਾ, ਕਰਮਜੀਤ ਅਨਮੋਲ, ਰਣਜੀਤ ਬਾਵਾ, ਰਵਿੰਦਰ ਗਰੇਵਾਲ, ਲਖਵਿੰਦਰ ਵਡਾਲੀ, ਸੁਨੰਦਾ ਸ਼ਰਮਾ, ਬਲਬੀਰ ਬੀਰਾ, ਜਸਵੰਤ ਸੰਦੀਲਾ, ਹਰਦੇਵ ਮਾਹੀਨੰਗਲ, ਮੀਨੂੰ ਸਿੰਘ, ਮਨਜੀਤ ਪੱਪੂ, ਦਵਿੰਦਰ ਕੋਹਿਨੂਰ, ਸਿਮਰਤਾ ਰਮਣੀਕ, ਇਕਬਾਲ ਕਲੇਰ, ਕੁਲਵਿੰਦਰ ਕੰਵਲ ਅੱਜ ਵੀ ਸਟੇਜਾਂ ’ਤੇ ਗਾਉਂਦੇ ਹਨ। ਉਦਾਸੀ ਦੇ ਨਾਮ ’ਤੇ ਉਸ ਦੇ ਜੱਦੀ ਪਿੰਡ ਰਾਏਸਰ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖੇਡ ਸਟੇਡੀਅਮ, ਸ਼ਾਨਦਾਰ ਲਾਇਬ੍ਰੇਰੀ ਅਤੇ ਬੱਸ ਸਟੈਂਡ ਬਣੇ ਹੋਏ ਹਨ।
ਇਹ ਇਨਕਲਾਬੀ ਯੋਧਾ ਹਜ਼ੂਰ ਸਾਹਿਬ (ਨਾਂਦੇੜ) ਤੋਂ ਪਰਤਦਾ ਹੋਇਆ ਰੇਲ ਸਫ਼ਰ ਦੌਰਾਨ ਅਚਾਨਕ 6 ਨਵੰਬਰ 1986 ਨੂੰ ਅਲਵਿਦਾ ਆਖ ਗਿਆ। ਜਿਵੇਂ ਉਹ ਕਹਿ ਗਿਆ ਹੋਵੇ, ‘ਹੁਣ ਤੁਹਾਡੀ ਯਾਦ ਵਿੱਚ ਸਾਥੀਓ ਨਾ ਰੋਵਾਂਗਾ ਮੈਂ’। ਉਸ ਦੀ ਕਲਮ ’ਚੋਂ ਉੱਕਰੇ ਸ਼ਬਦ ਇੱਕ ਅਜਿਹਾ ਖ਼ਜ਼ਾਨਾ ਹਨ, ਜਿਸ ਦਾ ਮੁੱਲ ਰਹਿੰਦੀ ਦੁਨੀਆ ਤੱਕ ਨਹੀਂ ਘਟ ਸਕਦਾ ਤੇ ਜਦੋਂ ਤੱਕ ਕਿਰਤੀਆਂ ਦੀ ਲੁੱਟ-ਖਸੁੱਟ ਬੰਦ ਨਹੀਂ ਹੋ ਜਾਂਦੀ, ਉਦੋਂ ਤੱਕ ਉਦਾਸੀ ਦੀ ਕਲਮ ਵਿੱਚੋਂ ਨਿਕਲਿਆ ਹਰ ਹਰਫ਼ ਆਪਣੇ ਅਰਥ ਮੁੜ ਮੁੜ ਉਜਾਗਰ ਕਰਦਾ ਰਹੇਗਾ। ਇਸ ਵਿਰਸੇ ਨੂੰ ਮਿਹਨਤਕਸ਼ ਲੋਕਾਂ ਨੇ ਹੀ ਸੰਭਾਲਣਾ ਹੈ। ਉਦਾਸੀ ਲਿਤਾੜੇ ਜਾ ਰਹੇ ਲੋਕਾਂ ਦਾ ਕਵੀ ਸੀ, ਉਸ ਨੂੰ ਸ਼ਰਧਾਂਜਲੀ ਉਸ ਦੀ ਅਧੂਰੀ ਛੱਡੀ ਜ਼ਿੰਮੇਵਾਰੀ ਨੂੰ ਪੂਰੀ ਕਰਕੇ ਹੀ ਦਿੱਤੀ ਜਾ ਸਕਦੀ ਹੈ:
ਮੇਰੀ ਮੌਤ ’ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ,
ਮੇਰੇ ਲਹੂ ਦਾ ਕੇਸਰ ਰੇਤੇ ’ਚ ਨਾ ਰਲਾਇਓ।
ਮੇਰੀ ਵੀ ਜ਼ਿੰਦਗੀ ਕੀ ? ਬਸ ਬੂਰ ਸਰਕੜੇ ਦਾ,
ਆਹਾਂ ਦਾ ਸੇਕ ਕਾਫ਼ੀ, ਤੀਲ੍ਹੀ ਬੇਸ਼ੱਕ ਨਾ ਲਾਇਓ।
ਹੋਣਾ ਨਹੀਂ ਮੈ ਚਾਹੁੰਦਾ, ਸੜ ਕੇ ਸੁਆਹ ਇਕੇਰਾਂ,
ਜਦ-ਜਦ ਢਲੇਗਾ ਸੂਰਜ, ਕਣ-ਕਣ ਮੇਰਾ ਜਲਾਇਓ।
ਵਲਗਣ ’ਚ ਕੈਦ ਹੋਣਾ, ਮੇਰੇ ਨਹੀਂ ਮੁਆਫ਼ਕ,
ਯਾਰਾਂ ਦੇ ਵਾਂਗ ਅਰਥੀ ਸੜਕਾਂ ’ਤੇ ਹੀ ਜਲਾਇਓ।
ਜੀਵਨ ਤੋਂ ਮੌਤ ਤਾਈਂ, ਆਉਂਦੇ ਬੜੇ ਚੁਰਾਹੇ,
ਜਿਸ ਦਾ ਹੈ ਪੰਧ ਬਿਖੜਾ, ਓਸੇ ਹੀ ਰਾਹ ਲਿਜਾਇਓ।
ਮੇਰੀ ਮੌਤ ’ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ।
ਮੇਰੇ ਲਹੂ ਦਾ ਕੇਸਰ ਰੇਤੇ ’ਚ ਨਾ ਰਲਾਇਓ।
ਸੰਪਰਕ: 94786-81528
