DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇੱਕ ਦੁਰਲੱਭ ਪੁਸਤਕ ਦੀ ਭਾਲ

ਵਿਸ਼ਵ ਦੇ ਮਹਾਨ ਨਾਵਲਕਾਰ, ਕਹਾਣੀਕਾਰ, ਨਾਟਕਕਾਰ, ਨਿਬੰਧਕਾਰ ਅਤੇ ਵਿਚਾਰਕ ਓਨੋਰੇ ਦ ਬਾਲਜ਼ਾਕ (1799-1850) ਦੇ ਬਹੁਪੱਖੀ ਤੇ ਬਹੁਰੰਗੀ ਜੀਵਨ ’ਤੇ ਆਧਾਰਿਤ ਅਮਰੀਕੀ ਲੇਖਕ ਚਾਰਲਸ ਗੋਰਹਾਮ ਦਾ ਜੀਵਨੀ ਮੂਲਕ ਨਾਵਲ ‘ਵਾਈਨ ਆਫ ਲਾਈਫ’ ਪਹਿਲੀ ਵਾਰ 1958 ਵਿੱਚ ਡਾਇਲ ਪ੍ਰੈੱਸ, ਨਿਊਯਾਰਕ ਤੋਂ ਪ੍ਰਕਾਸ਼ਿਤ...
  • fb
  • twitter
  • whatsapp
  • whatsapp
Advertisement

ਵਿਸ਼ਵ ਦੇ ਮਹਾਨ ਨਾਵਲਕਾਰ, ਕਹਾਣੀਕਾਰ, ਨਾਟਕਕਾਰ, ਨਿਬੰਧਕਾਰ ਅਤੇ ਵਿਚਾਰਕ ਓਨੋਰੇ ਦ ਬਾਲਜ਼ਾਕ (1799-1850) ਦੇ ਬਹੁਪੱਖੀ ਤੇ ਬਹੁਰੰਗੀ ਜੀਵਨ ’ਤੇ ਆਧਾਰਿਤ ਅਮਰੀਕੀ ਲੇਖਕ ਚਾਰਲਸ ਗੋਰਹਾਮ ਦਾ ਜੀਵਨੀ ਮੂਲਕ ਨਾਵਲ ‘ਵਾਈਨ ਆਫ ਲਾਈਫ’ ਪਹਿਲੀ ਵਾਰ 1958 ਵਿੱਚ ਡਾਇਲ ਪ੍ਰੈੱਸ, ਨਿਊਯਾਰਕ ਤੋਂ ਪ੍ਰਕਾਸ਼ਿਤ ਹੋਇਆ ਸੀ ਤੇ ਉਸ ਤੋਂ ਬਾਅਦ ਇਹ ਮੁੜ ਕਦੇ ਨਹੀਂ ਛਪਿਆ। ਸਮਾਂ ਬੀਤਣ ’ਤੇ ਇਸ ਦੀ ਗਿਣਤੀ ਦੁਨੀਆ ਦੀਆਂ ਦੁਰਲੱਭ ਪੁਸਤਕਾਂ ਵਿੱਚ ਹੋਣ ਲੱਗੀ। ਬਾਜ਼ਾਰ ’ਚੋਂ ਪੁਸਤਕ ਓਝਲ ਹੋਈ ਤਾਂ ਉਸ ਦਾ ਲੇਖਕ ਚਾਰਲਸ ਗੋਰਹਾਮ ਵੀ ਅਣਗੌਲਿਆ ਹੀ ਰਿਹਾ। ਇੱਥੋਂ ਤੱਕ ਕਿ ‘ਚੈਂਬਰਜ਼ ਬਾਇਓਗਰਾਫੀਕਲ ਡਿਕਸ਼ਨਰੀ’ ਵਿੱਚ ਵੀ ਉਸ ਦੇ ਜੀਵਨ ਸਬੰਧੀ ਕੋਈ ਸੂਚਨਾ ਦਰਜ ਨਹੀਂ ਹੈ।

ਚਾਰਲਸ ਗੋਰਹਾਮ ਦੇ ਨਾਵਲ ‘ਵਾਈਨ ਆਫ ਲਾਈਫ’ ਦਾ ਨਾਂ ਮੈਂ ਪਹਿਲੀ ਵੇਰਾਂ 1971-72 ਦੇ ਨੇੜੇ‘ਤੇੜੇ ਆਪਣੇ ਬਚਪਨ ਦੇ ਦੋਸਤ ਸੁਰਿੰਦਰ ਸ਼ਰਮਾ ਕੋਲੋਂ ਸੁਣਿਆ ਸੀ। ਉਸ ਨੂੰ ਇਸ ਬਾਰੇ ਜਾਣਕਾਰੀ ਪੰਜਾਬੀ ਦੇ ਅਤਿ ਸਤਿਕਾਰਕ ਬਹੁਵਿਧਾਈ ਲੇਖਕ ਮਰਹੂਮ ਸੁਖਬੀਰ ਤੋਂ ਹਾਸਿਲ ਹੋਈ ਸੀ। ਉਹ ਵਿਸ਼ਵ ਸਾਹਿਤ ਦੇ ਬੜੇ ਗੰਭੀਰ ਪਾਠਕ ਸਨ ਤੇ ਉਨ੍ਹਾਂ ਦੀ ਨਿੱਜੀ ਲਾਇਬ੍ਰੇਰੀ ਤਾਂ ਅਨਮੋਲ ਪੁਸਤਕਾਂ ਦਾ ਭੰਡਾਰ ਸੀ। ਇਹ ਜੀਵਨੀ-ਮੂਲਕ ਨਾਵਲ ਉਨ੍ਹਾਂ ਨੇ ਪਿਛਲੀ ਸਦੀ ਦੇ ਛੇਵੇਂ ਦਹਾਕੇ ਵਿੱਚ ਮੁੰਬਈ ਦੇ ਸਟਰੈਂਡ ਬੁੱਕ ਸਟਾਲ ਤੋਂ ਖਰੀਦ ਕੇ ਪੜ੍ਹਿਆ ਸੀ। ਘਰੇ ਮਿਲਣ ਆਏ ਕਿਸੇ ਦੋਸਤ ਕੋਲ ਇਸ ਨਾਵਲ ਦੀ ਉਨ੍ਹਾਂ ਨੇ ਤਾਰੀਫ਼ ਕੀਤੀ ਤਾਂ ਉਹ ਪੜ੍ਹਨ ਲਈ ਮੰਗ ਕੇ ਲੈ ਗਿਆ। ਸੱਚ ਹੀ ਹੈ ਕਿ ਜੋ ਕਿਤਾਬ ਹੱਥੋਂ ਗਈ ਸੋ ਗਈ। ਰੱਬ ਸਬੱਬੀਂ ਹੀ ਘਰ ਮੁੜਦੀ ਹੈ। ‘ਵਾਈਨ ਆਫ ਲਾਈਫ’ ਮੁੜ ਸੁਖਬੀਰ ਦੇ ਕਦੇ ਹੱਥ ਨਾ ਲੱਗੀ।

Advertisement

ਮੈਂ ਅਤੇ ਸੁਰਿੰਦਰ ਦੋਵਾਂ ਨੇ ਹੀ ਇਸ ਨਾਵਲ ਦੀ ਥਾਂ-ਥਾਂ ਭਾਲ ਕੀਤੀ ਪਰ ਸਾਨੂੰ ਨਾ ਇਹ ਕਿਸੇ ਵੱਡੀ ਤੋਂ ਵੱਡੀ ਲਾਇਬ੍ਰੇਰੀ ’ਚੋਂ ਲੱਭੀ ਤੇ ਨਾ ਹੀ ਕਿਸੇ ਕਿਤਾਬਾਂ ਦੀ ਦੁਕਾਨ ਤੋਂ। ਮੈਨੂੰ 2001 ਵਿੱਚ ਬਤੌਰ ਇਲੈਕਸ਼ਨ ਆਬਜ਼ਰਵਰ ਕੋਲਕਾਤਾ ਜਾਣ ਦਾ ਮੌਕਾ ਮਿਲਿਆ ਤਾਂ ਮੈਂ ਉੱਥੋਂ ਦੀ ਬੁੱਕ ਸਟਰੀਟ ਵਿੱਚ ਇਹ ਕਿਤਾਬ ਲੱਭਣ ਗਿਆ। ਕੋਲਕਾਤਾ ਦੀ ਕਾਲਜ ਸਟਰੀਟ ਦਾ ਬੁੱਕ ਬਾਜ਼ਾਰ ਏਸ਼ੀਆ ਦਾ ਸਭ ਤੋਂ ਵੱਡਾ ਪੁਸਤਕ ਬਾਜ਼ਾਰ ਹੈ ਤੇ ਇਹ ਪੂਰੀ ਦੁਨੀਆ ਵਿੱਚ ਸਭ ਤੋਂ ਵੱਡੀ ਸੈਕੰਡ ਹੈਂਡ ਬੁੱਕ ਮਾਰਕੀਟ ਹੈ। ਪਰ ‘ਵਾਈਨ ਆਫ ਲਾਈਫ’ ਉੱਥੋਂ ਦੇ ਕਿਸੇ ਵੀ ਪੁਸਤਕ ਵਿਕਰੇਤਾ ਕੋਲੋਂ ਨਾ ਮਿਲੀ।

ਮੇਰੀ ਜ਼ਿੰਦਗੀ ਵਿੱਚ 2008 ਤੋਂ ਲੈ ਕੇ 2010 ਤੱਕ ਦਾ ਸਮਾਂ ਸਭ ਤੋਂ ਭਿਆਨਕ ਸਮਾਂ ਸੀ- ਨਿਰਾਸ਼ਾ ਨਾਲ ਭਰਿਆ ਹੋਇਆ। ਮੈਂ ਕਿਸੇ ਲਾ-ਇਲਾਜ ਸਮਝੀ ਜਾਣ ਵਾਲੀ ਬਿਮਾਰੀ ਕਾਰਨ ਬਿਸਤਰ ਨਾਲ ਲੱਗਾ ਹੋਇਆ ਸੀ ਤੇ ਸਰੀਰਕ ਪੀੜ ਕਾਰਨ ਦੁਖੀ ਰਹਿੰਦਾ ਸੀ। ਦਰਦ ਨਿਵਾਰਕ ਗੋਲੀਆਂ ਨਾਲ ਹੀ ਸਮਾਂ ਕੱਟਦਾ ਸੀ। ਅਜਿਹੀ ਸਥਿਤੀ ਵਿੱਚ ਜਦੋਂ ਮੈਂ ਸਰੀਰਕ ਤੇ ਮਾਨਸਿਕ ਤੌਰ ’ਤੇ ਬੇਹੱਦ ਬੇਚੈਨੀ ਅਤੇ ਬੇਵੱਸੀ ਮਹਿਸੂਸ ਕਰ ਰਿਹਾ ਸੀ ਤਾਂ ਸਾਹਿਤ ਅਧਿਐਨ ਦੀ ਮੇਰੀ ਪ੍ਰਵਿਰਤੀ ਨੇ ਮੈਨੂੰ ਬੜਾ ਸਹਾਰਾ ਦਿੱਤਾ ਅਤੇ ਮੇਰੀ ਸੋਚ ਨੂੰ ਸਥਿਰ ਤੇ ਸੰਤੁਲਿਤ ਬਣਾਈ ਰੱਖਿਆ। ਮੈਂ ਤਾਂ ਕਦੇ ਕਲਪਨਾ ਵੀ ਨਹੀਂ ਸੀ ਕਰ ਸਕਦਾ ਕਿ ਮੇਰੀ ਜ਼ਿੰਦਗੀ ਦੇ ਅਜਿਹੇ ਨਾਜ਼ੁਕ ਦੌਰ ਵਿੱਚ ਮੈਨੂੰ ‘ਵਾਈਨ ਆਫ ਲਾਈਫ’ ਟੱਕਰੇਗੀ। ਹੋਇਆ ਇੰਝ ਕਿ ਮੇਰਾ ਇਕਲੌਤਾ ਪੁੱਤਰ ਗੌਰਵ ਲੰਡਨ ਤੋਂ ਪੜ੍ਹ ਕੇ ਆਇਆ ਸੀ ਤੇ ਉਸ ਨੇ ਉੱਥੋਂ ਦੇ ਇੱਕ ਅਜਿਹੇ ਪੁਸਤਕ ਵਿਕਰੇਤਾ ਨਾਲ ਸੰਪਰਕ ਕੀਤਾ ਜੋ ਦੁਰਲੱਭ ਪੁਸਤਕਾਂ ਦਾ ਕਾਰੋਬਾਰ ਕਰਦਾ ਸੀ। ਉਸ ਨੇ ਲਿਟਰੇਰੀ ਲਾਇਸੈਂਸ ਤਹਿਤ ਤਿਆਰ ਕੀਤੀ ਇਸ ਕਿਤਾਬ ਦੀ ਹੂਬਹੂ ਨਕਲ (ਫੇਸੀਮਿਲ ਕਾਪੀ) ਡਾਕ ਰਾਹੀਂ ਭੇਜੀ। ਇਹ ਪਾਰਸਲ ਮੈਨੂੰ 8 ਦਸੰਬਰ 2010 ਨੂੰ ਮਿਲਿਆ। ਉਸ ਸਮੇਂ ਚਿੱਤਰਕਾਰ ਕਵੀ (ਮਰਹੂਮ) ਇਮਰੋਜ਼ ਅਤੇ ਪੰਜਾਬੀ ਦੀ ਲੇਖਿਕਾ ਮਹਿੰਦਰ ਰਿਸ਼ਮ ਮੇਰੀ ਸਿਹਤ ਦਾ ਹਾਲ ਜਾਣਨ ਲਈ ਮੇਰੇ ਕੋਲ ਆਏ ਹੋਏ ਸਨ। ਇਮਰੋਜ਼ ਨੇ ਪਾਰਸਲ ਖੋਲ੍ਹਿਆ ਤੇ ‘ਵਾਈਨ ਆਫ ਲਾਈਫ’ ਨੂੰ ਉਨ੍ਹਾਂ ਦੇ ਮੁਬਾਰਕ ਹੱਥਾਂ ਦੀ ਛੋਹ ਹਾਸਿਲ ਹੋਈ।

ਹਲਚਲ ਭਰਪੂਰ 19ਵੀਂ ਸਦੀ ਦੀ ਪਿੱਠਭੂਮੀ ਤੇ ਬਾਲਜ਼ਾਕ ਦੀ ਜ਼ਿੰਦਗੀ ’ਤੇ ਆਧਾਰਿਤ ਚਾਰਲਸ ਗੋਰਹਾਮ ਦਾ ਇਹ ਨਾਵਲ ਇੱਕ ਸ਼ਾਨਦਾਰ ਤੇ ਸ਼ਾਹਕਾਰ ਰਚਨਾ ਹੈ। ਜੀਵਨੀ ਮੂਲਕ ਨਾਵਲਾਂ ਦੀ ਇੱਕ ਲੇਖਿਕਾ ਨੈਂਸੀ ਹਾਰੇਨ ਅਨੁਸਾਰ, ‘‘ਬਾਲਜ਼ਾਕ- ਦਿ ਗ੍ਰੇਟ ਦੀ ਜ਼ਿੰਦਗੀ ਦਾ ਅਜਿਹਾ ਪ੍ਰਮਾਣਿਕ ਅਤੇ ਪ੍ਰਭਾਵਪੂਰਨ ਚਿਤਰਣ ਤੁਹਾਨੂੰ ਹੋਰ ਕਿੱਧਰੋਂ ਵੀ ਨਹੀਂ ਲੱਭ ਸਕਦਾ। ਮੈਂ ਇਹ ਸੋਚ ਕੇ ਹੈਰਾਨ ਹਾਂ ਕਿ ਕਿਸੇ ਨਾਮਵਰ ਇਤਿਹਾਸਕ ਹਸਤੀ ’ਤੇ ਇੰਨਾ ਸੋਹਣਾ ਨਾਵਲ ਆਖ਼ਰ ਲਿਖਿਆ ਕਿਵੇਂ ਜਾ ਸਕਦਾ ਹੈ? ਇਹ ਇੱਕ ਅਜਿਹਾ ਨਾਵਲ ਹੈ ਜਿਸ ਦੇ ਟਾਈਟਲ ਪੇਜ ’ਤੇ ਮੈਂ ਵਿਸਮਿਕ ਚਿੰਨ (!) ਅੰਕਿਤ ਕਰਨਾ ਚਾਹਾਂਗੀ।’’

ਘਰੇਲੂ ਅੜਚਣਾਂ ਅਤੇ ਆਰਥਿਕ ਮੁਸ਼ਕਿਲਾਂ ਨੂੰ ਦਰਕਿਨਾਰ ਕਰ ਕੇ ਚਾਰਲਸ ਗੋਰਹਾਮ ਨੇ ਦੋ ਸਾਲ ਤੋਂ ਵੱਧ ਦਾ ਸਮਾਂ ਪੈਰਿਸ ਵਿੱਚ ਬਤੀਤ ਕੀਤਾ। ਉਹ ਬਾਲਜ਼ਾਕ ਦੀ ਜ਼ਿੰਦਗੀ ਨਾਲ ਸਬੰਧਿਤ ਸਭ ਥਾਵਾਂ ’ਤੇ ਗਿਆ। ਭਿੰਨ-ਭਿੰਨ ਸਰੋਤਾਂ ਤੋਂ ਉਸ ਦੇ ਜੀਵਨ ਬਾਰੇ ਜਾਣਕਾਰੀ ਹਾਸਿਲ ਕੀਤੀ ਤੇ ਉਸ ਨੇ ਬਾਲਜ਼ਾਕ ਅਤੇ 19ਵੀਂ ਸਦੀ ਦੇ ਪੈਰਿਸ ਨੂੰ ਪੁਨਰ-ਸੁਰਜੀਤ ਕੀਤਾ। ਨਾਵਲ ਦੇ ਸ਼ੁਰੂ ਵਿੱਚ ਚਾਰਲਸ ਗੋਰਹਾਮ ਨੇ ਲਿਖਿਆ ਹੈ ਕਿ ਉਸ ਨੇ ਕਥਾਨਕ ਦੀਆਂ ਲੋੜਾਂ ਅਨੁਸਾਰ ਹੀ ਘਟਨਾਵਾਂ ਦੀ ਚੋਣ ਕੀਤੀ ਹੈ। ਕੁਝ ਦ੍ਰਿਸ਼ ਤੇ ਸੰਵਾਦ ਉਸ ਦੀ ਕਲਪਨਾ ਦੀ ਉਪਜ ਹਨ। ਨਾਵਲ ਪੜ੍ਹਦਿਆਂ ਚਾਰਲਸ ਗੋਰਹਾਮ ਕਿਧਰੇ ਵੀ ਨਜ਼ਰ ਨਹੀਂ ਆਉਂਦਾ। ਉਹ ਖ਼ੁਦ ਹੀ ਬਾਲਜ਼ਾਕ ਹੈ। ਇਸ ਨੂੰ ਸਿਰਜਣਾ ਦਾ ਸਿਖ਼ਰ ਹੀ ਕਿਹਾ ਜਾ ਸਕਦਾ ਹੈ ਕਿ ਜਦੋਂ ਸਿਰਜਕ ਖ਼ੁਦ ਹੀ ਆਪਣੇ ਨਾਇਕ ਦੇ ਕਿਰਦਾਰ ਵਿੱਚ ਢਲ ਜਾਵੇ।

ਚਾਰਲਸ ਗੋਰਹਾਮ ਨੇ ਬਾਲਜ਼ਾਕ ਦੀ ਪੰਘੂੜੇ ਤੋਂ ਲੈ ਕੇ ਕਬਰ ਤੱਕ ਦੀ ਸੰਪੂਰਨ ਜੀਵਨ ਯਾਤਰਾ ਦੀ ਦਿਲ-ਟੁੰਬਵੀਂ ਕਹਾਣੀ ਏਨੀ ਪ੍ਰਮਾਣਿਕਤਾ ਨਾਲ ਬਿਆਨ ਕੀਤੀ ਹੈ ਕਿ ਜਾਪਦਾ ਹੈ ਜਿਵੇਂ ਉਹ ਬਾਲਜ਼ਾਕ ਦੇ ਅੰਗ-ਸੰਗ ਹੀ ਰਿਹਾ ਹੋਵੇ। ਉਸ ਦੀ ਜ਼ਿੰਦਗੀ ਨਾਲ ਸਬੰਧਿਤ ਕੋਈ ਅਜਿਹੀ ਘਟਨਾ ਬਾਕੀ ਬਚੀ ਨਹੀਂ ਜਾਪਦੀ, ਜੋ ਇਸ ਨਾਵਲ ਵਿੱਚ ਬਿਆਨ ਨਾ ਕੀਤੀ ਗਈ ਹੋਵੇ। ਚਾਰਲਸ ਗੋਰਹਾਮ ਨੇ ਆਪਣੇ ਮਹਾਨ ਨਾਇਕ ਦੀ ਗੁੰਝਲਦਾਰ ਸ਼ਖ਼ਸੀਅਤ ਅਤੇ ਉਸ ਦੀ ਅਸੀਮ ਸਿਰਜਣਾ ਪ੍ਰਤਿਭਾ ਨੂੰ ਬੜੀ ਸੂਖ਼ਮਤਾ ਨਾਲ ਉਲੀਕਿਆ ਹੈ। ਬਾਲਜ਼ਾਕ ਜਿਹੋ ਜਿਹਾ ਵੀ ਸੀ, ਖ਼ਰਾ-ਖੋਟਾ, ਖਾਲਸ ਰੂਪ ਵਿੱਚ ਲੇਖਕ ਨੇ ਉਸ ਦੇ ਕਿਰਦਾਰ ਦੀ ਖ਼ਾਕਾਕਸ਼ੀ ਕੀਤੀ ਹੈ। ਬਾਲਜ਼ਾਕ ਦਾ ਸਰਾਪਿਆ ਬਚਪਨ, ਉਸ ਦੀ ਬੇਅੰਤ ਲੇਖਣ ਸ਼ਕਤੀ, ਜ਼ਿਆਦਾ ਤੋਂ ਜ਼ਿਆਦਾ ਧਨ ਕਮਾਉਣ ਲਈ ਉਸ ਦੀਆਂ ਨਾਦਾਨ ਤੇ ਨਾਕਾਮ ਕੋਸ਼ਿਸ਼ਾਂ, ਕਿੰਨੀਆਂ ਹੀ ਔਰਤਾਂ ਨਾਲ ਸਬੰਧ ਸਥਾਪਿਤ ਕਰ ਕੇ ਆਪਣੀ ਇਕੱਲ ਨੂੰ ਭਰਨ ਦੀ ਕੋਸ਼ਿਸ਼, ਸ਼ਾਹੀ ਠਾਠ-ਬਾਠ ਨਾਲ ਜ਼ਿੰਦਗੀ ਜਿਊਣ ਦੀ ਚਾਹਤ, ਲਗਾਤਾਰ ਕਰਜ਼ੇ ਹੇਠ ਰਹਿ ਕੇ ਲੇਖਣ ਕਾਰਜ ਕਰਨ ਦੀ ਮਨੋਵਿਗਿਆਨਕ ਮਜਬੂਰੀ ਤੇ ‘ਦਿ ਹਿਊਮਨ ਕਾਮੇਡੀ’ ਵਰਗੇ ਅਦਭੁੱਤ ਮਹਾਂਗ੍ਰੰਥ ਦੀ ਰਚਨਾ ਉਸ ਨੂੰ ਮਹਾਮਾਨਵ ਅਤੇ ਬੇਹੱਦ ਗਿਆਨਵਾਨ ਦਾ ਦਰਜਾ ਪ੍ਰਦਾਨ ਕਰਦੀ ਹੈ।

ਬਾਲਜ਼ਾਕ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਵੀਹ ਵਰ੍ਹਿਆਂ ਵਿੱਚ 90 ਨਾਵਲ ਤੇ ਕਈ ਕਹਾਣੀਆਂ ਲਿਖੀਆਂ, ਜੋ ‘ਦਿ ਹਿਊਮਨ ਕਾਮੇਡੀ’ ਦੀਆਂ 16 ਜਿਲਦਾਂ ਵਿੱਚ ਸ਼ਾਮਿਲ ਹਨ। ਇਨ੍ਹਾਂ ਵਿੱਚ 2472 ਪਾਤਰ ਹਨ। ਵੰਨ-ਸੁਵੰਨੇ ਪਾਤਰਾਂ ਦੀ ਇੰਨੀ ਵਿਸ਼ਾਲ ਗੈਲਰੀ ਦਾ ਵਿਸ਼ਵ ਸਾਹਿਤ ਵਿੱਚ ਕੋਈ ਸਾਨੀ ਨਹੀਂ ਹੈ। ਇਸ ਨੂੰ ਫਰਾਂਸ ਦੇ ਰਾਜਨੀਤਕ, ਸਮਾਜਿਕ ਅਤੇ ਆਰਥਿਕ ਜੀਵਨ ਦਾ ‘ਰਿਕਾਰਡ ਰੂਮ’ ਕਿਹਾ ਜਾਂਦਾ ਹੈ।

19ਵੀਂ ਸਦੀ ਦਾ ਮਨੁੱਖ ਬਾਲਜ਼ਾਕ ਦੇ ਨਾਵਲਾਂ ਦਾ ਪ੍ਰਮੁੱਖ ਵਿਸ਼ਾ ਹੈ। ਇਸ ਸਦੀ ਨੇ ਮਨੁੱਖ ਨੂੰ ਬਰਾਬਰੀ ਅਤੇ ਆਜ਼ਾਦੀ ਦਾ ਖੁੱਲ੍ਹਾ ਆਸਮਾਨ ਤਾਂ ਦਿੱਤਾ ਪਰ ਧਨ ਦੇ ਪਸਾਰੇ ਨੇ ਉਸ ਨੂੰ ਇਖ਼ਲਾਕੀ ਤੌਰ ’ਤੇ ਬੌਣਾ ਬਣਾ ਛੱਡਿਆ ਸੀ। ਚਾਰਲਸ ਗੋਰਹਾਮ ਨੇ ਇੱਕ ਨਿਪੁੰਨ ਸਮਾਜਸ਼ਾਸਤਰੀ ਅਤੇ ਇਤਿਹਾਸਕਾਰ ਵਾਂਗ ਇਸ ਸਦੀ ਦਾ ਬੇਹੱਦ ਸਜੀਵ ਚਿਤਰਣ ਕੀਤਾ ਹੈ। ‘ਵਾਈਨ ਆਫ ਲਾਈਫ’ ਪੜ੍ਹਦਿਆਂ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ 19ਵੀਂ ਸਦੀ ਦੇ ਪੈਰਿਸ ਵਿੱਚ ਹੀ ਨਹੀਂ, ਸਮੁੱਚੇ ਯੂਰਪ ਵਿੱਚ ਘੁੰਮ ਰਹੇ ਹਾਂ। ਚਾਰਲਸ ਗੋਰਹਾਮ ਦੀ ਕਲਾ ਦਾ ਇਹ ਕਮਾਲ ਹੈ ਕਿ ਉਹ ਥਾਵਾਂ ਅਤੇ ਘਟਨਾਵਾਂ ਦਾ ਮਹਿਜ਼ ਵਰਣਨ ਨਹੀਂ ਕਰਦਾ ਸਗੋਂ ਉਨ੍ਹਾਂ ਨੂੰ ਵਿਖਾਉਂਦਾ ਹੈ।

‘ਵਾਈਨ ਆਫ ਲਾਈਫ’ ਜਿਹੇ ਅਨੂਠੇ ਜੀਵਨੀ ਮੂਲਕ ਨਾਵਲ ਨੂੰ ਪੜ੍ਹ ਕੇ ਅਤੇ ਉਸ ਨੂੰ ਪੰਜਾਬੀ ਵਿੱਚ ‘ਜੀਵਨ ਮਦਿਰਾ’ ਦੇ ਨਾਂ ਹੇਠ ਪੁਨਰ ਸੁਰਜੀਤ ਕਰ ਕੇ ਜੋ ਸੰਤੁਸ਼ਟੀ ਹੋਈ, ਉਸ ਨਾਲ ਮੈਨੂੰ ਚਾਲੀ ਵਰ੍ਹਿਆਂ ਦੀ ਲੰਮੀ ਉਡੀਕ ਸਾਰਥਿਕ ਜਾਪਦੀ ਹੈ। ਬਾਲਜ਼ਾਕ ਦੀ ਵਿਲੱਖਣ ਜੀਵਨ ਪੱਧਤੀ ਅਤੇ ਲੇਖਣ ਸ਼ੈਲੀ ਦਾ ਜਿਸ ਅਪਣੱਤ ਅਤੇ ਸੁਹਿਰਦਤਾ ਨਾਲ ਚਾਰਲਸ ਗੋਰਹਾਮ ਨੇ ਚਿਤਰਣ ਕੀਤਾ ਹੈ, ਉਸ ਦੀ ਖੁਸ਼ਬੂ ਨਾਲ ਸੁਹਿਰਦ ਪਾਠਕ ਵੀ ਸਰਾਬੋਰ ਹੋਣਗੇ- ਇਹ ਮੇਰਾ ਵਿਸ਼ਵਾਸ ਹੈ।

Advertisement
×