ਐਮਰਜੈਂਸੀ ਵਿਰੋਧੀ ਅਕਾਲੀ ਮੋਰਚੇ ਦੀ ਅਸਲ ਕਹਾਣੀ
ਗੁਰਦਰਸ਼ਨ ਸਿੰਘ ਬਾਹੀਆ
ਐੱਸਜੀਪੀਸੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਮੁਲਕ ਵਿੱਚ ਐਮਰਜੈਂਸੀ ਲਾਏ ਜਾਣ ਦੀ ਖ਼ਬਰ 26 ਜੂਨ 1975 ਦੀ ਸਵੇਰ ਨੂੰ ਉਸ ਵੇਲੇ ਮਿਲੀ ਜਦੋਂ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰਿੰਸੀਪਲ ਭਰਪੂਰ ਸਿੰਘ ਦੇ ਘਰ ਨਾਸ਼ਤਾ ਕਰ ਰਹੇ ਸਨ। ਉਨ੍ਹਾਂ ਦੇ ਨਿੱਜੀ ਸਹਾਇਕ ਅਬਿਨਾਸ਼ੀ ਸਿੰਘ ਨੇ ਟੈਲੀਫੋਨ ਉੱਤੇ ਇਹ ਖ਼ਬਰ ਦਿੰਦਿਆਂ ਦੱਸਿਆ ਕਿ ਮੁਲਕ ਭਰ ਵਿੱਚ ਵਿਰੋਧੀ ਪਾਰਟੀਆਂ ਦੇ ਆਗੂਆਂ ਦੀਆਂ ਧੜਾਧੜ ਗ੍ਰਿਫ਼ਤਾਰੀਆਂ ਹੋ ਰਹੀਆਂ ਹਨ, ਇਸ ਲਈ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਆ ਜਾਣਾ ਚਾਹੀਦਾ ਹੈ।
ਜਥੇਦਾਰ ਟੌਹੜਾ ਨਾਸ਼ਤਾ ਕਰ ਕੇ ਤੁਰੰਤ ਸ੍ਰੀ ਦਰਬਾਰ ਸਾਹਿਬ ਨੂੰ ਤੁਰ ਪਏ। ਜਦੋਂ ਉਹ ਭੰਡਾਰੀ ਪੁਲ ਉੱਤੋਂ ਦੀ ਲੰਘ ਰਹੇ ਸਨ ਤਾਂ ਪੀ.ਟੀ.ਆਈ. ਦੇ ਪੱਤਰਕਾਰ ਜੇ.ਐਨ. ਸ਼ਰਮਾ ਨੇ ਇਸ਼ਾਰਾ ਕਰ ਕੇ ਉਨ੍ਹਾਂ ਦੀ ਗੱਡੀ ਰੁਕਵਾ ਲਈ। ਐਮਰਜੈਂਸੀ ਉੱਤੇ ਆਪਣਾ ਪ੍ਰਤੀਕਰਮ ਦੇਣ ਲਈ ਪੁੱਛਣ ਉੱਤੇ, ਜਥੇਦਾਰ ਟੌਹੜਾ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਇਲਾਹਾਬਾਦ ਹਾਈ ਕੋਰਟ ਦਾ ਫ਼ੈਸਲਾ ਕਾਇਮ ਰੱਖੇ ਜਾਣ ਤੋਂ ਤੁਰੰਤ ਬਾਅਦ ਇੰਦਰਾ ਗਾਂਧੀ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ ਪਰ ਉਸ ਨੇ ਅਸਤੀਫ਼ਾ ਦੇਣ ਦੀ ਬਜਾਇ ਐਮਰਜੈਂਸੀ ਲਾ ਕੇ ਤਾਨਾਸ਼ਾਹਾਂ ਵਾਲਾ ਕੰਮ ਕੀਤਾ ਹੈ, ਇਸ ਦੇ ਨਤੀਜੇ ਬਹੁਤ ਬੁਰੇ ਹੋਣਗੇ, ਇਸ ਮੁਲਕ ਲਈ ਵੀ ਤੇ ਇੰਦਰਾ ਗਾਂਧੀ ਲਈ ਵੀ। ਦੂਜੇ ਦਿਨ ਅਖ਼ਬਾਰਾਂ ਵਿੱਚ ਅਕਾਲੀ ਆਗੂਆਂ ਵਿੱਚੋਂ ਸਿਰਫ਼ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਹੀ ਐਮਰਜੈਂਸੀ ਵਿਰੋਧੀ ਬਿਆਨ ਛਪਿਆ ਸੀ।
ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਜਥੇਦਾਰ ਟੌਹੜਾ ਨੇ ਆਪਣੇ ਸਟਾਫ਼ ਨਾਲ ਸਲਾਹ ਕਰ ਕੇ ਫ਼ੈਸਲਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਤਤਕਾਲੀਨ ਮੀਟਿੰਗ ਬੁਲਾਈ ਜਾਣੀ ਚਾਹੀਦੀ ਹੈ। ਜਦੋਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਗਏ ਤਾਂ ਉੱਥੇ ਜਿੰਦਰਾ ਲੱਗਿਆ ਹੋਇਆ ਸੀ। ਜਿੰਦਰਾ ਤੋੜ ਕੇ ਵਰਕਿੰਗ ਕਮੇਟੀ ਮੈਂਬਰਾਂ ਦੇ ਨਾਂ-ਪਤੇ ਕੱਢੇ ਗਏ ਅਤੇ ਜਥੇਦਾਰ ਟੌਹੜਾ ਨੇ ਆਪਣੇ ਵੱਲੋਂ ਤਾਰਾਂ ਦੇ ਕੇ 29 ਜੂਨ ਨੂੰ ਐਮਰਜੈਂਸੀ ਨਾਲ ਉਤਪੰਨ ਹੋਈ ਸਥਿਤੀ ਉੱਤੇ ਵਿਚਾਰ ਕਰਨ ਲਈ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਲਈ।
29 ਜੂਨ ਦੀ ਇਹ ਮੀਟਿੰਗ ਬਹੁਤ ਭਰਵੀਂ ਹੋਈ। ਮੀਟਿੰਗ ਵਿੱਚ ਤਕਰੀਬਨ ਸਾਰੇ ਹੀ ਵਿਅਕਤੀਆਂ ਦਾ ਇਹੋ ਕਹਿਣਾ ਸੀ ਕਿ ਅਕਾਲੀ ਦਲ ਨੂੰ ਮੋਰਚਾ ਨਹੀਂ ਲਾਉਣਾ ਚਾਹੀਦਾ। ਭੁਪਿੰਦਰ ਸਿੰਘ ਮਾਨ ਨੇ ਤਾਂ ਇੱਥੋਂ ਤੱਕ ਕਿਹਾ, ‘‘ਸਾਡੀ ਦਸ਼ਾ ਤਾਂ ਇਹ ਐ ਬਈ ਅਸੀਂ ਖੂਹ ’ਚ ਛਾਲ ਮਾਰਨੀ ਐ। ਮਾਰਨੀ ਵੀ ਸਭ ਤੋਂ ਪਹਿਲਾਂ ਅਰ ਮਾਰਨੀ ਵੀ ਉਸ ਖੂਹ ’ਚ ਹੈ ਜਿਹੜਾ ਸਭ ਤੋਂ ਪਹਿਲਾਂ ਆਵੇ।’’ ਉਨ੍ਹਾਂ ਕਿਹਾ ਕਿ ਜਦੋਂ ਕਿਸੇ ਅਕਾਲੀ ਆਗੂ ਨੂੰ ਗ੍ਰਿਫ਼ਤਾਰ ਹੀ ਨਹੀਂ ਕੀਤਾ ਗਿਆ ਤਾਂ ਅਕਾਲੀਆਂ ਨੂੰ ਕੀ ਲੋੜ ਹੈ ਮੋਰਚਾ ਲਾਉਣ ਦੀ। ਸਭ ਨੇ ਕਿਹਾ ਕਿ ਬਿਲਕੁਲ ਮੋਰਚੇ ਦੀ ਗੱਲ ਨਹੀਂ ਕਰਨੀ, ਹਾਂ ਜੇ ਗ੍ਰਿਫ਼ਤਾਰੀਆਂ ਹੁੰਦੀਆਂ ਹਨ ਤਾਂ ਕੋਈ ਉਜ਼ਰ ਨਹੀਂ ਕਰਨਾ। ਇਸ ਮੀਟਿੰਗ ਵਿੱਚ ਜਨ ਸੰਘ ਦੇ ਆਗੂ ਯੱਗ ਦੱਤ ਦੀ ਜਥੇਦਾਰ ਟੌਹੜਾ ਨੂੰ ਲਿਖੀ ਗਈ ਉਹ ਚਿੱਠੀ ਵੀ ਪੜ੍ਹ ਕੇ ਸੁਣਾਈ ਗਈ ਜਿਸ ਵਿੱਚ ਉਸ ਨੇ ਬੜੇ ਜਜ਼ਬਾਤੀ ਰੌਂਅ ਵਿੱਚ ਅਕਾਲੀਆਂ ਨੂੰ ਮੋਰਚਾ ਲਾਉਣ ਲਈ ਕਿਹਾ ਸੀ।
ਮੀਟਿੰਗ ਵਿੱਚ ਆਪਣੀਆਂ ਆਪਣੀਆਂ ਸਲਾਹਾਂ ਦੇਣ ਤੋਂ ਬਾਅਦ ਸਾਰਿਆਂ ਨੇ ਅਕਾਲੀ ਦਲ ਦੇ ਪ੍ਰਧਾਨ ਮੋਹਨ ਸਿੰਘ ਤੁੜ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਅੰਤਿਮ ਫ਼ੈਸਲਾ ਕਰਨ ਦੇ ਅਧਿਕਾਰ ਦੇ ਦਿੱਤੇ। ਉਸੇ ਰਾਤ ਹੋਈ ਮੀਟਿੰਗ ਵਿੱਚ ਜਥੇਦਾਰ ਟੌਹੜਾ ਪਾਰਟੀ ਦੇ ਇੱਕ ਹੋਰ ਸੀਨੀਅਰ ਆਗੂ ਜਗਦੇਵ ਸਿੰਘ ਤਲਵੰਡੀ ਨੂੰ ਵੀ ਨਾਲ ਲੈ ਗਏ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਜਦੋਂ ਜਥੇਦਾਰ ਟੌਹੜਾ ਦੀ ਰਾਇ ਪੁੱਛੀ ਗਈ ਤਾਂ ਉਨ੍ਹਾਂ ਕਿਹਾ, ‘‘ਮੈਂ ਤਾਂ ਸਿਰਫ਼ ਏਨਾ ਹੀ ਫ਼ਰਜ਼ ਨਿਭਾਇਆ ਹੈ ਕਿ ਤੁਹਾਡੀ ਗ਼ੈਰਹਾਜ਼ਰੀ ਵਿੱਚ ਪਾਰਟੀ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਦਿੱਤੀ ਹੈ। ਹੁਣ ਫ਼ੈਸਲਾ ਅਕਾਲੀ ਦਲ ਨੇ ਕਰਨਾ ਹੈ, ਮੈਂ ਬਤੌਰ ਸ਼੍ਰੋਮਣੀ ਕਮੇਟੀ ਪ੍ਰਧਾਨ ਉਸ ਦੀ ਪ੍ਰੋੜ੍ਹਤਾ ਕਰਨੀ ਹੈ। ਉਹ ਮੈਂ ਕਰਾਂਗਾ, ਜਿਹੜਾ ਵੀ ਫ਼ੈਸਲਾ ਤੁਸੀਂ ਕਰੋਗੇ।’’ ਪਰ ਤਿੰਨੇ ਅਕਾਲੀ ਆਗੂ ਹੀ ਕਹਿਣ ਲੱਗੇ ਕਿ ਤੁਸੀਂ ਆਪਣੀ ਰਾਇ ਤਾਂ ਦਿਓ। ਜਥੇਦਾਰ ਟੌਹੜਾ ਨੇ ਪੁੱਛਿਆ ਕਿ ਤੁਸੀਂ ਮੋਰਚਾ ਲਾਉਣਾ ਚਾਹੁੰਦੇ ਹੋ? ਬਾਕੀਆਂ ਵੱਲੋਂ ਹਾਂ ਕਹਿਣ ਉੱਤੇ ਜਥੇਦਾਰ ਟੌਹੜਾ ਨੇ ਕਿਹਾ ਕਿ ਇਸ ਵਿੱਚ ਆਮ ਵਰਕਰਾਂ ਅਤੇ ਲੋਕਾਂ ਦੀ ਥਾਂ ਸਿਰਫ਼ 500-1000 ਚੋਣਵੇਂ ਆਗੂ ਹੀ ਗ੍ਰਿਫ਼ਤਾਰੀਆਂ ਦੇਣ ਕਿਉਂਕਿ ਐਮਰਜੈਂਸੀ ਲੰਮੀ ਵੀ ਚੱਲ ਸਕਦੀ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਅਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਆਪਾਂ ਨੂੰ ਜਨਤਕ ਮੋਰਚਾ ਲਾਉਣਾ ਚਾਹੀਦਾ ਹੈ।
ਜਨਤਕ ਮੋਰਚਾ ਲਾਉਣ ਦੇ ਫ਼ੈਸਲੇ ਤੋਂ ਬਾਅਦ ਪਹਿਲਾ ਜਥਾ ਲੈ ਕੇ ਜਾਣ ਬਾਰੇ ਚਰਚਾ ਦੌਰਾਨ ਜਥੇਦਾਰ ਟੌਹੜਾ ਨੇ ਬੀਰਦਵਿੰਦਰ ਸਿੰਘ ਦਾ ਨਾਂ ਸੁਝਾਇਆ ਪਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜਥੇਦਾਰ ਜਗਦੇਵ ਸਿੰਘ ਤਲਵੰਡੀ ਤੋਂ ਬਿਨਾਂ ਆਪਾਂ ਤਿੰਨਾਂ ਨੂੰ ਹੀ ਪਹਿਲੇ ਜਥੇ ਵਿੱਚ ਜਾਣਾ ਚਾਹੀਦਾ ਹੈ। ਜਥੇਦਾਰ ਟੌਹੜਾ ਨੇ ਤਾਂ ਇਸ ਤਜਵੀਜ਼ ਦੀ ਹਾਮੀ ਭਰ ਦਿੱਤੀ ਪਰ ਜਥੇਦਾਰ ਤਲਵੰਡੀ ਕਹਿਣ ਲੱਗੇ ਕਿ ਉਹ ਇਕੱਲੇ ਬਾਹਰ ਰਹਿ ਕੇ ਮੋਰਚਾ ਨਹੀਂ ਚਲਾ ਸਕਣਗੇ। ਉਨ੍ਹਾਂ ਸ਼ਰਤ ਲਾ ਦਿੱਤੀ ਕਿ ਜੇ ਉਨ੍ਹਾਂ ਨੂੰ ਮੋਰਚਾ ਚਲਾਉਣ ਦੀ ਜ਼ਿੰਮੇਵਾਰੀ ਦੇਣੀ ਹੈ ਤਾਂ ਜਥੇਦਾਰ ਟੌਹੜਾ ਉਨ੍ਹਾਂ ਦੀ ਸਹਾਇਤਾ ਲਈ ਬਾਹਰ ਰਹਿਣ। ਆਖ਼ਰ ਇਹ ਫ਼ੈਸਲਾ ਹੋਇਆ ਕਿ 9 ਜੁਲਾਈ ਨੂੰ ਮੋਹਨ ਸਿੰਘ ਤੁੜ ਅਤੇ ਪ੍ਰਕਾਸ਼ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹਿਲਾ ਜਥਾ ਲੈ ਕੇ ਜਾਣਗੇ।
ਅਕਾਲੀ ਵਰਕਰਾਂ ਨੂੰ ਮੋਰਚੇ ਲਈ ਲਾਮਬੰਦ ਕਰਨ ਲਈ ਮੋਹਨ ਸਿੰਘ ਤੁੜ ਨੂੰ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਦਿੱਤੇ ਗਏ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਕਿਹਾ ਗਿਆ ਕਿ ਉਹ ਜਲੰਧਰ, ਲੁਧਿਆਣਾ, ਰੋਪੜ, ਪਟਿਆਲਾ ਅਤੇ ਸੰਗਰੂਰ ਦੇ ਵਰਕਰਾਂ ਨੂੰ ਪ੍ਰੇਰਿਤ ਕਰਨਗੇ। ਕਪੂਰਥਲਾ, ਫ਼ਰੀਦਕੋਟ, ਮੁਕਤਸਰ ਅਤੇ ਬਠਿੰਡਾ ਜ਼੍ਹਿਲਿਆਂ ਦੀ ਜ਼ਿੰਮੇਵਾਰੀ ਪ੍ਰਕਾਸ਼ ਸਿੰਘ ਬਾਦਲ ਨੇ ਲੈ ਲਈ। ਛੇ ਜੁਲਾਈ ਨੂੰ ਅਗਲੀ ਮੀਟਿੰਗ ਰੱਖ ਕੇ ਇਹ ਅਕਾਲੀ ਆਗੂ ਆਪੋ-ਆਪਣੇ ਇਲਾਕਿਆਂ ਨੂੰ ਤੁਰ ਗਏ।
ਜਥੇਦਾਰ ਗੁਰਚਰਨ ਸਿੰਘ ਟੌਹੜਾ ਜਦੋਂ 6 ਜੁਲਾਈ ਨੂੰ ਵਾਪਸ ਅੰਮ੍ਰਿਤਸਰ ਪਹੁੰਚੇ ਤਾਂ ਉਨ੍ਹਾਂ ਨੇ ਉੱਥੋਂ ਦੀਆਂ ਅਕਾਲੀ ਸਫ਼ਾਂ ਵਿੱਚ ਆਪਣੇ ਵਿਰੁੱਧ ਕੀਤਾ ਜਾ ਰਿਹਾ ਇਹ ਪ੍ਰਚਾਰ ਸੁਣਿਆ ਕਿ ਉਨ੍ਹਾਂ ਦਾ ਅੰਦਰਖਾਤੇ ਇੰਦਰਾ ਗਾਂਧੀ ਨਾਲ ਕੋਈ ਸੌਦਾ ਹੋਇਆ ਹੈ, ਇਸੇ ਲਈ ਐਮਰਜੈਂਸੀ ਵਿਰੁੱਧ ਮੋਰਚਾ ਨਹੀਂ ਸੀ ਲੱਗਣ ਦੇਣਾ ਚਾਹੁੰਦਾ। ਜਥੇਦਾਰ ਟੌਹੜਾ ਵਿਰੁੱਧ ਇਹ ਪ੍ਰਚਾਰ ਮੋਹਨ ਸਿੰਘ ਤੁੜ ਅਤੇ ਪ੍ਰਕਾਸ਼ ਸਿੰਘ ਬਾਦਲ ਨਾਲ ਸਬੰਧਿਤ ਵਿਅਕਤੀ ਕਰ ਰਹੇ ਸਨ।
ਛੇ ਜੁਲਾਈ ਦੀ ਮੀਟਿੰਗ ਵਿੱਚ ਪ੍ਰਕਾਸ਼ ਸਿੰਘ ਬਾਦਲ ਤਾਂ ਆਏ ਹੀ ਨਹੀਂ।ਮੋਹਨ ਸਿੰਘ ਤੁੜ ਨੂੰ ਜਥੇਦਾਰ ਟੌਹੜਾ ਨੇ ਆਪਣੇ ਖ਼ਿਲਾਫ਼ ਕੀਤੇ ਜਾ ਰਹੇ ਭੰਡੀ ਪ੍ਰਚਾਰ ਸਬੰਧੀ ਬੜੇ ਸਖ਼ਤ ਲਹਿਜੇ ਵਿੱਚ ਪੁੱਛਿਆ ਤਾਂ ਪਹਿਲਾਂ ਤਾਂ ਉਹ ਮੁੱਕਰ ਹੀ ਗਏ। ਜਦੋਂ ਜਥੇਦਾਰ ਟੌਹੜਾ ਨੇ ਇੱਕ ਖ਼ਾਸ ਵਿਅਕਤੀ ਦਾ ਨਾਂ ਲੈ ਕੇ ਕਿਹਾ ਕਿ ਤੁਸੀਂ ਖ਼ੁਦ ਇਸ ਬੰਦੇ ਨੂੰ ਇਹ ਗੱਲਾਂ ਕਹੀਆਂ ਹਨ ਤਾਂ ਛਿੱਥੇ ਪੈ ਕੇ ਕਹਿਣ ਲੱਗੇ, ‘‘ਚੱਲੋ ਛੱਡੋ ਗੁੱਸੇ ਨੂੰ। ਮੈਂ ਅੱਜ ਆਪਣੇ ਅਕਾਲ ਤਖ਼ਤ ਸਾਹਿਬ ’ਤੇ ਜਿਹੜਾ ਦੀਵਾਨ ਲੱਗੂ, ਉਹਦੇ ’ਚ ਸਾਰੀ ਪੁਜ਼ੀਸ਼ਨ ਸਾਫ਼ ਕਰ ਦੇਣੀ ਐ।’’ ਜਥੇਦਾਰ ਟੌਹੜਾ ਨੇ ਕਿਹਾ ਕਿ ਹੁਣ ਤਾਂ ਇਹ ਭੰਡੀ ਪ੍ਰਚਾਰ ਪੰਜ-ਦਸ ਬੰਦਿਆਂ ਤੱਕ ਹੀ ਸੀਮਤ ਹੈ, ਭਰੇ ਦੀਵਾਨ ਵਿੱਚ ਇਹ ਮਾਮਲਾ ਕੈ ਜਾਣ ਦਾ ਮਤਲਬ ਹੈ ਕਿ ਇਹ ਭੰਡੀ ਪ੍ਰਚਾਰ ਹਰ ਅਕਾਲੀ ਵਰਕਰ ਦੇ ਕੰਨਾਂ ਵਿੱਚ ਪਵੇ।
ਜਥੇਦਾਰ ਟੌਹੜਾ ਨੇ ਇਸ ਭੰਡੀ ਪ੍ਰਚਾਰ ਤੋਂ ਖ਼ਫ਼ਾ ਹੋ ਕੇ ਜਥੇਦਾਰ ਮੋਹਨ ਸਿੰਘ ਤੁੜ ਨੂੰ ਕਿਹਾ ਕਿ ਉਹ ਹੁਣ ਬਾਹਰ ਰਹਿਣ ਦੀ ਥਾਂ ਮੋਰਚੇ ਦੇ ਪਹਿਲੇ ਦਿਨ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬਜਾਇ ਪਟਿਆਲਾ ਕਚਹਿਰੀਆਂ ਵਿੱਚ ਆਪਣੇ ਜਥੇ ਸਮੇਤ ਗ੍ਰਿਫ਼ਤਾਰੀ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਮੋਰਚਾ ਧਾਰਮਿਕ ਮਾਮਲੇ ਦੀ ਥਾਂ ਨਿਰੋਲ ਰਾਜਸੀ ਮੁੱਦੇ ਉੱਤੇ ਲੱਗ ਰਿਹਾ ਹੈ, ਇਸ ਲਈ ਇਹ ਲਾਜ਼ਮੀ ਨਹੀਂ ਕਿ ਗ੍ਰਿਫ਼ਤਾਰੀ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੀ ਤੁਰਿਆ ਜਾਵੇ। ਜਥੇਦਾਰ ਟੌਹੜਾ ਨੇ ਇਹ ਵੀ ਕਿਹਾ ਕਿ ਜਿੰਨੇ ਵਰਕਰ ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਤੁੜ ਦੇ ਜਥਿਆਂ ਵਿੱਚ ਹੋਣਗੇ ਉਸ ਤੋਂ ਵੱਧ ਉਹ ਨਹੀਂ ਲੈ ਕੇ ਜਾਣਗੇ ਤਾਂ ਕਿ ਇਨ੍ਹਾਂ ਆਗੂਆਂ ਦੀ ਹੇਠੀ ਨਾ ਹੋਵੇ।
ਜਥੇਦਾਰ ਮੋਹਨ ਸਿੰਘ ਤੁੜ ਨੇ ਜਥੇਦਾਰ ਟੌਹੜਾ ਨੂੰ ਕਿਹਾ, ‘‘ਨਹੀਂ ਨਹੀਂ, ਤੂੰ ਠਹਿਰ। ਤੂੰ ਗੁੱਸਾ ਕਰ ਗਿਐ।’’ ਉਨ੍ਹਾਂ ਕਿਹਾ, ‘‘ਗੁੱਸਾ ਤਾਂ ਕੁਦਰਤੀ ਐ। ਇਹ ਇਲਜ਼ਾਮ ਬੇਹੂਦਾ ਨੇ, ਜਿਸਦਾ ਕੋਈ ਮੂੰਹ ਸਿਰ ਨਹੀਂ। ਜਿੰਦਰੇ ਤੋੜ ਕੇ ਮੀਟਿੰਗ ਤਾਂ ਮੈਂ ਬੁਲਾਈ ਐ। ਐਮਰਜੈਂਸੀ ਖ਼ਿਲਾਫ਼ ਬਿਆਨ ਥੋਡਾ ਕਿਸੇ ਦਾ ਅੱਜ ਤਾਈਂ ਨ੍ਹੀਂ ਆਇਆ। ਮੇਰੇ ’ਕੱਲੇ ਦਾ ਪ੍ਰਤੀਕਰਮ ਆਇਆ। ਤੁਸੀਂ ਪ੍ਰਚਾਰ ਇਹ ਕਰੋ ਕਿ ਮੈਂ ਇੰਦਰਾ ਨਾਲ ਰਲਿਆ ਹੋਇਆਂ। ਮੈਨੂੰ ਬੜਾ ਅਫ਼ਸੋਸ ਐ।’’ ਜਥੇਦਾਰ ਟੌਹੜਾ ਜਦੋਂ ਆਪਣਾ ਇਹ ਫ਼ੈਸਲਾ ਸੁਣਾ ਕੇ ਪਟਿਆਲੇ ਨੂੰ ਤੁਰ ਆਏ ਤਾਂ ਉਸ ਪਿੱਛੋਂ ਪ੍ਰਕਾਸ਼ ਸਿੰਘ ਬਾਦਲ ਵੀ ਅੰਮ੍ਰਿਤਸਰ ਪਹੁੰਚ ਗਏ।
ਜਥੇਦਾਰ ਟੌਹੜਾ ਨੇ ਪਟਿਆਲੇ ਆ ਕੇ ਆਪਣੇ ਜਥੇ ਸਮੇਤ ਗ੍ਰਿਫ਼ਤਾਰੀ ਦੇਣ ਲਈ ਤਿਆਰੀ ਵਿੱਢ ਦਿੱਤੀ। ਜਥੇਦਾਰ ਮੋਹਨ ਸਿੰਘ ਤੁੜ ਅਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਦਸਤਖ਼ਤ ਹੇਠ ਜਥੇਦਾਰ ਟੌਹੜਾ ਨੂੰ ਲਿਖੀ ਗਈ ਚਿੱਠੀ 8 ਜੁਲਾਈ ਨੂੰ ਸਵੇਰੇ 5 ਵਜੇ ਹੀ ਇੱਕ ਖ਼ਾਸ ਏਲਚੀ ਰਾਹੀਂ ਉਨ੍ਹਾਂ ਨੂੰ ਦਿੱਤੀ ਗਈ। ਚਿੱਠੀ ਵਿੱਚ ਦੋਹਾਂ ਅਕਾਲੀ ਆਗੂਆਂ ਨੇ ਜਥੇਦਾਰ ਟੌਹੜਾ ਨੂੰ ਵੱਡਾ ਭਰਾ ਕਹਿੰਦਿਆਂ ਨਿਮਰਤਾ ਨਾਲ ਬੇਨਤੀ ਕੀਤੀ ਕਿ ਉਹ ਇੱਕ ਵਾਰੀ ਅੰਮ੍ਰਿਤਸਰ ਆ ਕੇ ਉਨ੍ਹਾਂ ਨੂੰ ਜ਼ਰੂਰ ਮਿਲਣ, ਫਿਰ ਭਾਵੇਂ ਗ੍ਰਿਫ਼ਤਾਰੀ ਪਟਿਆਲੇ ਤੋਂ ਹੀ ਦੇ ਦੇਣ। ਜਥੇਦਾਰ ਟੌਹੜਾ ਇਹ ਸੋਚ ਕੇ ਅੰਮ੍ਰਿਤਸਰ ਪਹੁੰਚ ਗਏ ਕਿ ਬਖੇੜਾ ਨਹੀਂ ਵਧਾਉਣਾ ਚਾਹੀਦਾ।
ਅਕਾਲੀ ਆਗੂਆਂ ਦੀ ਫਿਰ ਹੋਈ ਮੀਟਿੰਗ ਵਿੱਚ ਜਥੇਦਾਰ ਟੌਹੜਾ ਨੂੰ ਨਿਮਰਤਾ ਨਾਲ ਕਿਹਾ ਗਿਆ ਕਿ ਉਹ ਪਿਛਲੀਆਂ ਗੱਲਾਂ ਭੁੱਲ ਜਾਣ ਤੇ ਪਾਰਟੀ ਆਗੂਆਂ ਨਾਲ ਹੀ ਗ੍ਰਿਫ਼ਤਾਰੀ ਦੇਣ। ਉਨ੍ਹਾਂ ਇਹ ਗੱਲ ਮੰਨ ਲਈ। ਜਥੇਦਾਰ ਟੌਹੜਾ ਪੁੱਛਣ ਲੱਗੇ ਕਿ ਇਹ ਦੱਸੋ ਕਿ ਲੋਕਾਂ ਵਿੱਚ ਕਿੰਨਾ ਕੁ ਉਤਸ਼ਾਹ ਹੈ ਮੋਰਚੇ ਲਈ। ਸਾਰਿਆਂ ਨੇ ਹੀ ਕਿਹਾ ਕਿ ਉਤਸ਼ਾਹ ਤਾਂ ਕੋਈ ਹੈ ਨਹੀਂ। ਆਤਮਾ ਸਿੰਘ ਅਤੇ ਕਿਰਪਾਲ ਸਿੰਘ ਚੱਕ ਸ਼ੇਰੇਵਾਲਾ ਸਮੇਤ ਕਈ ਸੀਨੀਅਰ ਅਕਾਲੀ ਆਗੂ ਇਸ ਮੀਟਿੰਗ ਵਿੱਚ ਇਹ ਕਹਿਣ ਲਈ ਹੀ ਉਚੇਚੇ ਤੌਰ ਉੱਤੇ ਆਏ ਕਿ ਮੋਰਚਾ ਨਾ ਲਾਇਆ ਜਾਵੇ ਪਰ ਫ਼ੈਸਲਾ ਮੋਰਚਾ ਲਾਉਣ ਦਾ ਹੋ ਗਿਆ। ਫਿਰ ਵਿਚਾਰ ਹੋਣ ਲੱਗਿਆ ਕਿ ਪਹਿਲੇ ਜਥੇ ਵਿੱਚ ਕੌਣ ਕੌਣ ਜਾਵੇ। ਪ੍ਰਕਾਸ਼ ਸਿੰਘ ਬਾਦਲ ਕਹਿਣ ਲੱਗੇ ਕਿ ਇੱਕ ਤਾਂ ਉਹ ਖ਼ੁਦ ਜਾਣਗੇ, ਦੂਜੇ ਜਥੇਦਾਰ ਗੁਰਚਰਨ ਸਿੰਘ ਟੌਹੜਾ, ਤੀਜੇ ਜਗਦੇਵ ਸਿੰਘ ਤਲਵੰਡੀ, ਚੌਥੇ ਆਤਮਾ ਸਿੰਘ ਤੇ ਜਦੋਂ ਉਹ ਪੰਜਵੇਂ ਦਾ ਨਾਂ ਲੈਣ ਲੱਗੇ ਤਾਂ ਜਥੇਦਾਰ ਟੌਹੜਾ ਕਹਿਣ ਲੱਗੇ, ‘‘ਚਾਰ ਨਾਂ ਤੁਸੀਂ ਦੇ ਦਿੱਤੇ ਹਨ, ਹੁਣ ਪੰਜਵਾਂ ਮੈਂ ਦੇਵਾਂਗਾ। ਉਹ ਹੈ ਬਸੰਤ ਸਿੰਘ ਖ਼ਾਲਸਾ ਕਿਉਂਕਿ ਕੋਈ ਦਲਿਤ ਸ਼੍ਰੇਣੀ ਵਿੱਚੋਂ ਵੀ ਚਾਹੀਦਾ ਹੈ।’’ ਇਸ ਉੱਤੇ ਜਸਵਿੰਦਰ ਸਿੰਘ ਬਰਾੜ ਨੇ ਬਹੁਤ ਰੌਲਾ ਪਾਇਆ ਕਿ ਜਨਰਲ ਸਕੱਤਰ ਹੋਣ ਨਾਤੇ ਉਸ ਨੂੰ ਵੀ ਪਹਿਲੇ ਜਥੇ ਵਿੱਚ ਸ਼ਾਮਲ ਕੀਤਾ ਜਾਵੇ।
ਅਖੀਰ 9 ਜੁਲਾਈ 1975 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਐਮਰਜੈਂਸੀ ਵਿਰੋਧੀ ਮੋਰਚਾ ਸ਼ੁਰੂ ਹੋਇਆ। ਪਹਿਲੇ ਦਿਨ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੀਨੀਅਰ ਅਕਾਲੀ ਆਗੂ ਜਗਦੇਵ ਸਿੰਘ ਤਲਵੰਡੀ, ਆਤਮਾ ਸਿੰਘ ਅਤੇ ਬਸੰਤ ਸਿੰਘ ਖ਼ਾਲਸਾ ਨੇ ਗ੍ਰਿਫ਼ਤਾਰੀ ਦਿੱਤੀ। ਉਸੇ ਦਿਨ ਹੀ ਪ੍ਰੇਮ ਸਿੰਘ ਲਾਲਪੁਰਾ ਨੇ ਤਰਨ ਤਾਰਨ ਤੋਂ ਗ੍ਰਿਫ਼ਤਾਰੀ ਦਿੱਤੀ।
ਪੰਜਾਬੀ ਖ਼ਾਸ ਕਰ ਕੇ ਸਿੱਖ ਹਲਕਿਆਂ ਵਿੱਚ ਇਹ ਬਹਿਸ ਹਮੇਸ਼ਾ ਚੱਲਦੀ ਰਹੀ ਹੈ ਕਿ ਕੀ ਸ਼੍ਰੋਮਣੀ ਅਕਾਲੀ ਦਲ ਨੂੰ ਐਮਰਜੈਂਸੀ ਵਿਰੁੱਧ ਮੋਰਚਾ ਲਾਉਣਾ ਚਾਹੀਦਾ ਸੀ ਜਾਂ ਨਹੀਂ। ਕੇਂਦਰ ਸਰਕਾਰ ਖ਼ਾਸ ਕਰ ਕੇ ਸ੍ਰੀਮਤੀ ਇੰਦਰਾ ਗਾਂਧੀ ਨਾਲ ਟਕਰਾਅ ਦਾ ਅਸਲ ਮੁੱਢ ਇਸ ਮੋਰਚੇ ਨਾਲ ਹੀ ਬੱਝਿਆ ਸਮਝਿਆ ਜਾਂਦਾ ਹੈ ਜਿਸ ਵਿੱਚੋਂ ਹੀ ਸ੍ਰੀ ਦਰਬਾਰ ਸਾਹਿਬ ਉੱਤੇ ਹੋਈ ਫ਼ੌਜੀ ਕਾਰਵਾਈ ਨਿਕਲੀ।
(ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਆਡੀਓ ਰਿਕਾਰਡਿੰਗ ਉੱਤੇ ਆਧਾਰਿਤ)
ਸੰਪਰਕ: 98789-50565