ਹਵਾਈ ਹਾਦਸਾ ਜੋ ਭੁੱਲਿਆ ਨਹੀਂ
ਕੇ.ਐੱਸ. ਅਮਰ
ਬਾਰਾਂ ਜੂਨ 2025 ਨੂੰ ਅਹਿਮਦਾਬਾਦ ਵਿੱਚ ਹੋਇਆ ਏਅਰ ਇੰਡੀਆ ਦਾ ਜਹਾਜ਼ ਹਾਦਸਾ ਮੈਨੂੰ ਪਰੇਸ਼ਾਨ ਕਰਦਾ ਹੈ, ਜਿਸ ਵਿੱਚ 275 ਦੇ ਕਰੀਬ ਲੋਕ ਮਾਰੇ ਗਏ। ਸੋਸ਼ਲ ਮੀਡੀਆ ’ਤੇ ਲਗਾਤਾਰ ਇਸ ਹਾਦਸੇ ਦੀਆਂ ਆਉਂਦੀਆਂ ਰਹੀਆਂ ਤਸਵੀਰਾਂ ਬੇਚੈਨ ਕਰਦੀਆਂ ਹਨ। ਇੱਕ ਤਸਵੀਰ ਡਾਢੀ ਪਰੇਸ਼ਾਨ ਕਰਦੀ ਹੈ। ਪ੍ਰਤੀਕ ਜੋਸ਼ੀ ਨਾਂ ਦਾ ਵਿਅਕਤੀ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨਾਲ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਲੰਦਨ ਜਾ ਰਿਹਾ ਸੀ। ਇਸ ਹਾਦਸੇ ਦੇ ਸੰਦਰਭ ਵਿੱਚ ਮੈਂ ਹਵਾਈ ਹਾਦਸਿਆਂ ਦਾ ਇਤਿਹਾਸ ਫਰੋਲਣ ਲੱਗ ਪਿਆ। ਇੱਕ ਇਤਿਹਾਸਕ ਹਾਦਸੇ ਬਾਰੇ ਪਤਾ ਲੱਗਿਆ ਜੋ ਪਾਠਕਾਂ ਲਈ ਪੇਸ਼ ਕਰ ਰਿਹਾ ਹਾਂ।
ਬਾਰਾਂ ਅਕਤੂਬਰ 1972, ਉਡਾਨ ਨੰਬਰ 571. ਇਹ ਚਾਰਟਰਡ ਜਹਾਜ਼ ਜ਼ਮੀਨ ਤੋਂ ਹਜ਼ਾਰਾਂ ਫੁੱਟ ਉੱਚੀ ਇੱਕ ਬਰਫ਼ੀਲੀ ਪਹਾੜੀ ਉੱਪਰ ਤਬਾਹ ਹੋ ਗਿਆ ਸੀ। ਇਸ ਹਾਦਸੇ ਵਿੱਚ ਬਚ ਗਏ ਮੁਸਾਫ਼ਿਰਾਂ ਕੋਲ ਜਿਊਂਦੇ ਰਹਿਣ ਲਈ ਬਸ ਇੱਕ ਹੀ ਚਾਰਾ ਸੀ ਕਿ ਉਨ੍ਹਾਂ ਨੂੰ ਆਪਣੇ ਹੀ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਮਿੱਤਰਾਂ ਦਾ ਮਾਸ ਖਾਣਾ ਪਿਆ। ਇਤਿਹਾਸ ਦੀ ਦਿਲ ਦਹਿਲਾ ਦੇਣ ਵਾਲੀ ਇਸ ਕਹਾਣੀ ਦੀ ਸ਼ੁਰੂਆਤ ਦੱਖਣੀ ਅਮਰੀਕੀ ਦੇਸ਼ ਉਰੂਗੁਏ ਤੋਂ ਚਿੱਲੀ ਦੀ ਰਾਜਧਾਨੀ ਸੈਂਟਿਆਗੋ ਲਈ ਇੱਕ ਚਾਰਟਰਡ ਜਹਾਜ਼ ਦੇ ਉਡਾਣ ਭਰਨ ਨਾਲ ਹੋਈ, ਜਿਸ ਵਿੱਚ 45 ਯਾਤਰੀ ਸਵਾਰ ਸਨ। ਇਸ ਵਿੱਚ ਬੈਠੇ ਸਨ ਰਗਬੀ ਖਿਡਾਰੀ, ਉਨ੍ਹਾਂ ਦੇ ਪਰਿਵਾਰਕ ਮੈਂਬਰ, ਉਨ੍ਹਾਂ ਦੇ ਦੋਸਤ ਅਤੇ ਨੌਂ ਕਰੂ ਮੈਂਬਰ। ਮੌਸਮ ਖਰਾਬ ਹੋਣ ਕਾਰਨ ਇਸ ਉਡਾਣ ਨੂੰ ਅਰਜਨਟੀਨਾ ਦੇ ਮੈਂਡੋਜਾ ਸ਼ਹਿਰ ਵਿੱਚ ਲੈਂਡ ਕਰਾਇਆ ਗਿਆ। ਇਹ ਜਹਾਜ਼ ਸਾਰੀ ਰਾਤ ਇੱਥੇ ਹੀ ਰੁਕਿਆ। 13 ਅਕਤੂਬਰ ਨੂੰ ਦੁਪਹਿਰ 2.18 ਵਜੇ ਉਡਾਣ ਫਿਰ ਸ਼ੁਰੂ ਹੋਈ। ਪਾਇਲਟ ਨੂੰ ਪੂਰਾ ਭਰੋਸਾ ਸੀ ਕਿ ਇੱਕ ਘੰਟੇ ਤੱਕ ਸਹੀ ਸਲਾਮਤ ਬਰਫ਼ੀਲੇ ਪਹਾੜ ਪਾਰ ਕਰਕੇ ਆਪਣੀ ਮੰਜ਼ਿਲ ’ਤੇ ਪਹੁੰਚ ਜਾਵਾਂਗੇ, ਪਰ ਮੌਸਮ ਖ਼ਰਾਬ ਹੋਣ ਕਾਰਨ ਪਾਇਲਟ ਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਉਸ ਨੂੰ ਇਹ ਅੰਦਾਜ਼ਾ ਸੀ ਕਿ ਐਂਡੀਜ ਦੀਆਂ ਉੱਚੀਆਂ ਬਰਫ਼ਾਨੀ ਚੋਟੀਆਂ ਨੂੰ ਪਾਰ ਕਰ ਲਿਆ ਹੈ। ਇਹ ਉਸ ਦੀ ਲੋਕੇਸ਼ਨ ਦਾ ਮੋਟਾ ਜਿਹਾ ਅੰਦਾਜ਼ਾ ਸੀ, ਜੋ ਸਹੀ ਨਹੀਂ ਸੀ। ਉਸ ਨੇ ਸੈਂਟਿਆਗੋ ਏਅਰਪੋਰਟ ਏ.ਟੀ.ਸੀ. ਤੋਂ ਜਹਾਜ਼ ਉਤਾਰਨ ਦੀ ਇਜਾਜ਼ਤ ਮੰਗੀ ਤੇ ਏ.ਟੀ.ਸੀ. ਨੇ ਜਹਾਜ਼ ਨੂੰ ਉਤਾਰਨ ਦੀ ਅਨੁਮਤੀ ਦੇ ਦਿੱਤੀ। ਜਿਵੇਂ ਹੀ ਹਵਾਈ ਜਹਾਜ਼ ਹੇਠਾਂ ਆਇਆ ਤਾਂ ਪਾਇਲਟ ਨੂੰ ਖ਼ਰਾਬ ਮੌਸਮ ਕਾਰਨ ਕੁਝ ਵੀ ਦਿਖਾਈ ਨਾ ਦਿੱਤਾ। ਅਜੇ ਤਾਂ ਐਂਡੀਜ ਦੀਆਂ ਪਹਾੜੀਆਂ ਹੀ ਚੱਲ ਰਹੀਆਂ ਸਨ। ਅਚਾਨਕ ਸਾਹਮਣੇ ਇੱਕ ਬਹੁਤ ਵੱਡੀ ਚੱਟਾਨ ਦਿਖਾਈ ਦਿੱਤੀ। ਪਾਇਲਟ ਨੇ ਹਵਾਈ ਜਹਾਜ਼ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਬਹੁਤ ਦੇਰ ਹੋ ਜਾਣ ਕਾਰਨ ਜਹਾਜ਼ ਦਾ ਪਿਛਲਾ ਪਾਸਾ ਬਰਫ਼ੀਲੀ ਚੱਟਾਨ ਨਾਲ ਟਕਰਾ ਕੇ ਵੱਖ ਹੋ ਗਿਆ ਅਤੇ ਪਿਛਲੀ ਸੀਟ ਦੇ ਤਿੰਨ ਯਾਤਰੀ ਹਵਾ ਵਿੱਚ ਉੱਡ ਕੇ ਖ਼ਤਮ ਹੋ ਗਏ। ਇਸ ਟੱਕਰ ਨਾਲ ਜਹਾਜ਼ ਦਾ ਸੰਤੁਲਨ ਵਿਗੜ ਗਿਆ ਅਤੇ ਉਸ ਦਾ ਦੂਜਾ ਪਰ ਵੀ ਪਹਾੜੀ ਨਾਲ ਟਕਰਾ ਕੇ ਟੁੱਟ ਗਿਆ। ਹੁਣ ਸਿਰਫ਼ ਜਹਾਜ਼ ਦਾ ਅਗਲਾ ਹਿੱਸਾ ਹੀ ਬਚਿਆ ਸੀ, ਜਿਸ ਦੀ ਗਤੀ 350 ਕਿਲੋਮੀਟਰ ਪ੍ਰਤੀ ਘੰਟਾ ਸੀ। ਇਸੇ ਰਫ਼ਤਾਰ ਨਾਲ ਹੀ ਜਾ ਕੇ ਉਹ ਇੱਕ ਗਲੇਸ਼ੀਅਰ ਨਾਲ ਟਕਰਾ ਗਿਆ। ਪਾਇਲਟ ਤੁਰੰਤ ਮਾਰੇ ਗਏ ਸਨ। 45 ਵਿੱਚੋਂ 12 ਯਾਤਰੀ ਇਸ ਘਟਨਾ ਵਿੱਚ ਮਾਰੇ ਗਏ ਅਤੇ ਬਹੁਤ ਸਾਰੇ ਜ਼ਖ਼ਮੀ ਹੋ ਗਏ ਸਨ। ਕਰੈਸ਼ ਜਹਾਜ਼ ਜ਼ਮੀਨ ਤੋਂ 3570 ਮੀਟਰ ਦੀ ਉਚਾਈ ’ਤੇ ਐਂਡੀਜ ਦੀ ਕਿਸੇ ਅਣਜਾਣ ਪਹਾੜੀ ਉੱਪਰ ਬਿਖ਼ਰ ਗਿਆ। ਜਲਦੀ ਹੀ ਸ਼ਾਮ ਹੋਣ ਵਾਲੀ ਸੀ। ਇਸ ਤਰ੍ਹਾਂ ਬਚਾਅ ਟੀਮ ਕੋਲ ਉਨ੍ਹਾਂ ਨੂੰ ਲੱਭਣ ਲਈ ਜ਼ਿਆਦਾ ਸਮਾਂ ਨਹੀਂ ਸੀ। ਬਚੇ ਯਾਤਰੀਆਂ ਲਈ ਬਰਫ਼ੀਲੀ ਪਹਾੜੀ ਉੱਪਰ ਰਾਤ ਗੁਜ਼ਾਰਨਾ ਨਾਮੁਮਕਿਨ ਸੀ ਕਿਉਂਕਿ ਇੱਥੇ ਰਾਤ ਦਾ ਤਾਪਮਾਨ ਮਨਫ਼ੀ 30 ਡਿਗਰੀ ਤੱਕ ਚਲਾ ਜਾਂਦਾ ਹੈ।
ਜਲਦੀ ਹੀ ਬਚਾਅ ਕਾਰਜਾਂ ਲਈ ਚਾਰ ਹਵਾਈ ਜਹਾਜ਼ ਰਵਾਨਾ ਕੀਤੇ ਗਏ। ਇਨ੍ਹਾਂ ਚਾਰ ਹਵਾਈ ਜਹਾਜ਼ਾਂ ਨੇ ਐਂਡੀਜ ਦੀਆਂ ਪਹਾੜੀਆਂ ਨੂੰ ਪੂਰੀ ਤਰ੍ਹਾਂ ਖੰਗਾਲ ਲਿਆ ਸੀ। ਇਨ੍ਹਾਂ ਨੂੰ ਕਿਤੇ ਵੀ ਕੁਝ ਨਹੀਂ ਮਿਲਿਆ ਕਿਉਂਕਿ ਜਹਾਜ਼ ਉਸ ਥਾਂ ’ਤੇ ਡਿੱਗਿਆ ਸੀ ਜਿੱਥੇ ਚਿੱਟੇ ਰੰਗ ਦੀ ਬਰਫ਼ ਤੇ ਸੰਘਣੀ ਧੁੰਦ ਸੀ। ਅਗਲੇ ਦਿਨ ਸਵੇਰ 14 ਅਕਤੂਬਰ ਨੂੰ ਸਰਚ ਅਪਰੇਸ਼ਨ ਫਿਰ ਸ਼ੁਰੂ ਕੀਤਾ ਗਿਆ, ਪਰ ਕਾਮਯਾਬੀ ਨਾ ਮਿਲੀ। ਬਚਾਅ ਟੀਮ ਨੂੰ ਸੰਘਣੀ ਧੁੰਦ ਵਿੱਚ ਕੁਝ ਵੀ ਦਿਖਾਈ ਨਹੀਂ ਦਿੱਤਾ। ਬਚੇ ਹੋਏ ਯਾਤਰੀਆਂ ਲਈ ਜਿਊਣਾ ਔਖਾ ਹੋ ਰਿਹਾ ਸੀ। ਯਾਤਰੀ ਬਰਫ਼ ਪਿਘਲਾ ਕੇ ਪਾਣੀ ਦਾ ਪ੍ਰਬੰਧ ਕਰਦੇ ਸਨ। ਜਹਾਜ਼ ਵਿੱਚੋਂ ਖਾਣ-ਪੀਣ ਦੀ ਸਮੱਗਰੀ ਖ਼ਤਮ ਹੋ ਗਈ ਸੀ। ਦਿਨ ਪ੍ਰਤੀ ਦਿਨ ਗੁਜ਼ਰਦਾ ਜਾ ਰਿਹਾ ਸੀ। ਪਿੱਛੋਂ ਕੋਈ ਮਦਦ ਨਹੀਂ ਮਿਲ ਰਹੀ ਸੀ। ਪਹਾੜੀ ਉੱਪਰ ਅੱਠ ਦਿਨ ਲੰਘ ਚੁੱਕੇ ਸਨ। ਬਚਾਅ ਟੀਮ ਵੱਲੋਂ 8 ਦਿਨਾਂ ਤੋਂ ਬਾਅਦ ਤਲਾਸ਼ ਮੁਹਿੰਮ ਦੋ ਮਹੀਨੇ ਲਈ ਰੋਕ ਦਿੱਤੀ ਗਈ ਕਿਉਂਕਿ ਅਕਤੂਬਰ ਵਿੱਚ ਉੱਥੇ ਬਹੁਤ ਜ਼ਿਆਦਾ ਬਰਫ਼ ਪੈਂਦੀ ਹੈ। ਕੁਝ ਯਾਤਰੀਆਂ ਨੂੰ ਜਹਾਜ਼ ਦੇ ਮਲਬੇ ਵਿੱਚੋਂ ਇੱਕ ਰੇਡੀਓ ਮਿਲਿਆ। ਇਸ ਤੋਂ ਉਨ੍ਹਾਂ ਨੂੰ ਇਹ ਸੂਚਨਾ ਮਿਲੀ ਹੈ ਕਿ ਬਚਾਅ ਟੀਮ ਨੇ ਸਰਚ ਅਪਰੇਸ਼ਨ ਮੁਲਤਵੀ ਕਰ ਦਿੱਤਾ ਹੈ। ਯਾਤਰੀਆਂ ਦੇ ਹੋਸ਼ ਉੱਡ ਗਏ। ਠੰਢ ਤੋਂ ਬਚਣ ਲਈ ਯਾਤਰੀ ਜਹਾਜ਼ ਦੀਆਂ ਸੀਟਾਂ ਪਾੜ ਕੇ ਉਸ ਦੀ ਰੂੰ ਨਾਲ ਆਪਣੇ ਸਰੀਰ ਨੂੰ ਢਕਦੇ ਸਨ। ਹੁਣ ਜ਼ਿੰਦਾ ਰਹਿਣ ਲਈ ਉਨ੍ਹਾਂ ਕੋਲ ਸਿਰਫ਼ ਇੱਕ ਹੀ ਵਿਕਲਪ ਸੀ ਕਿ ਮਰੇ ਹੋਏ ਸਾਥੀਆਂ ਅਤੇ ਪਰਿਵਾਰਕ ਮੈਂਬਰਾਂ ਦਾ ਮਾਸ ਖਾ ਕੇ ਢਿੱਡ ਭਰਨਾ। ਹੁਣ ਉਨ੍ਹਾਂ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਜੇਕਰ ਉਹ ਇੱਥੇ ਹੀ ਰਹੇ ਤਾਂ ਉਨ੍ਹਾਂ ਦੀ ਮੌਤ ਯਕੀਨੀ ਹੈ। ਇਸ ਲਈ ਉਨ੍ਹਾਂ ਵਿੱਚੋਂ ਤਿੰਨ ਯਾਤਰੀਆਂ ਨੇ ਬਾਹਰ ਨਿਕਲ ਕੇ ਇੱਧਰ ਉੱਧਰ ਜਾਣ ਦਾ ਮਨ ਬਣਾਇਆ ਤਾਂ ਜੋ ਕੋਈ ਮਦਦ ਮਿਲ ਸਕੇ। 15 ਨਵੰਬਰ ਨੂੰ ਇਹ ਤਿੰਨ ਯਾਤਰੀ ਨਿਕਲ ਪਏ। ਤੁਰਦੇ ਤੁਰਦੇ ਇਨ੍ਹਾਂ ਨੂੰ ਸ਼ਾਮ ਹੋ ਗਈ। ਅਚਾਨਕ ਇਨ੍ਹਾਂ ਦੀ ਨਜ਼ਰ ਜਹਾਜ਼ ਦੇ ਦੂਸਰੇ ਟੁੱਟੇ ਹੋਏ ਹਿੱਸੇ ’ਤੇ ਪਈ। ਉਸ ਦੇ ਮਲਬੇ ਵਿੱਚੋਂ ਇਨ੍ਹਾਂ ਨੂੰ ਖਾਣ ਪੀਣ ਦੀ ਕਾਫ਼ੀ ਸਮੱਗਰੀ ਮਿਲੀ। ਇੱਕ ਰਾਤ ਉਨ੍ਹਾਂ ਨੇ ਇਸ ਮਲਬੇ ਵਿੱਚ ਹੀ ਗੁਜ਼ਾਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਖਾਣ ਪੀਣ ਦੀ ਸਮੱਗਰੀ ਲੈ ਕੇ ਅਗਲੇ ਦਿਨ ਐਂਡੀਜ ਗਲੇਸ਼ੀਅਰ ਪਾਰ ਕਰਨ ਦਾ ਮਨ ਬਣਾਇਆ। ਲਗਾਤਾਰ ਨੌਂ ਦਿਨ ਚੱਲਣ ਤੋਂ ਬਾਅਦ 20 ਦਸੰਬਰ ਨੂੰ ਉਹ ਇੱਕ ਨਦੀ ਕਿਨਾਰੇ ਪਹੁੰਚੇ। ਨਦੀ ਦੇ ਦੂਸਰੇ ਕੰਢੇ ਉਨ੍ਹਾਂ ਨੂੰ ਇੱਕ ਇਨਸਾਨ ਦਿਖਾਈ ਦਿੱਤਾ। ਉਨ੍ਹਾਂ ਉਸ ਨੂੰ ਮਦਦ ਲਈ ਗੁਹਾਰ ਲਗਾਈ। ਉਸ ਨੇ ਇੱਕ ਪੱਥਰ ਨਾਲ ਕਾਗਜ਼ ਅਤੇ ਪੈੱਨ ਲਪੇਟ ਕੇ ਨਦੀ ਦੇ ਦੂਜੇ ਕਿਨਾਰੇ ਵੱਲ ਸੁੱਟਿਆ। ਯਾਤਰੀਆਂ ਨੇ ਕਾਗਜ਼ ਉੱਪਰ ਹਾਦਸੇ ਦੀ ਸਾਰੀ ਘਟਨਾ ਬਿਆਨ ਕਰਕੇ ਦੁਬਾਰਾ ਕਾਗਜ਼ ਉਸ ਵੱਲ ਸੁੱਟ ਦਿੱਤਾ। ਉਸ ਵਿਅਕਤੀ ਨੇ ਤੁਰੰਤ ਫ਼ੌਜ ਨੂੰ ਸੂਚਿਤ ਕੀਤਾ। ਚਿੱਲੀ ਦੀ ਏਅਰ ਫੋਰਸ ਬਚਾਅ ਕਰਕੇ ਇਨ੍ਹਾਂ ਤਿੰਨਾਂ ਯਾਤਰੀਆਂ ਨੂੰ ਹੈਲੀਕਾਪਟਰ ’ਤੇ ਬਿਠਾ ਕੇ ਕਰੈਸ਼ ਹੋਏ ਜਹਾਜ਼ ਦੇ ਮਲਬੇ ਕੋਲ ਪਹੁੰਚੀ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਹਸਪਤਾਲ ਪਹੁੰਚਾ ਦਿੱਤਾ। 22 ਦਸੰਬਰ 1972 ਨੂੰ ਇਸ ਕਰੈਸ਼ ਹੋਏ ਜਹਾਜ਼ ਦੇ ਬਚੇ ਯਾਤਰੀ 70 ਦਿਨਾਂ ਮਗਰੋਂ ਬਚਾਅ ਲਏ ਗਏ। ਇਨ੍ਹਾਂ ਵਿੱਚੋਂ ਸਿਰਫ਼ 16 ਯਾਤਰੀ ਬਚ ਸਕੇ। ਇਹ ਕਹਾਣੀ ਸੱਚ-ਮੁੱਚ ਦਿਲ ਦਹਿਲਾ ਦੇਣ ਵਾਲੀ ਹੈ।
ਸੰਪਰਕ: 94653-69343