DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੰਦੇ ਦੀ ਜੂਨ

ਸੰਤੋਖ ਸਿੰਘ ਦਾ ਖੇਤ ਸੂਏ ਦੇ ਪਰਲੇ ਪਾਰ ਚਕੇਰੀਆਂ ਵਾਲੇ ਪਾਸੇ ਸੀ। ਉਹ ਕੁਝ ਸਾਲ ਤੋਂ ਨਵੇਂ ਬਣੇ ਮਕਾਨ ਵਿੱਚ ਰਹਿੰਦੇ ਸਨ। ਸਾਰਾ ਪਰਿਵਾਰ ਖ਼ੁਸ਼ ਸੀ। ਪੀਣ ਲਈ ਮਿੱਠਾ ਪਾਣੀ, ਖੁੱਲ੍ਹਾ ਤੇ ਸਾਫ਼ ਵਾਤਾਵਰਣ। ਕਈ ਵਾਰ ਖੇਤਾਂ ਵਿੱਚ ਲੱਗੇ ਅਰਜਨ...
  • fb
  • twitter
  • whatsapp
  • whatsapp
Advertisement

ਸੰਤੋਖ ਸਿੰਘ ਦਾ ਖੇਤ ਸੂਏ ਦੇ ਪਰਲੇ ਪਾਰ ਚਕੇਰੀਆਂ ਵਾਲੇ ਪਾਸੇ ਸੀ। ਉਹ ਕੁਝ ਸਾਲ ਤੋਂ ਨਵੇਂ ਬਣੇ ਮਕਾਨ ਵਿੱਚ ਰਹਿੰਦੇ ਸਨ। ਸਾਰਾ ਪਰਿਵਾਰ ਖ਼ੁਸ਼ ਸੀ। ਪੀਣ ਲਈ ਮਿੱਠਾ ਪਾਣੀ, ਖੁੱਲ੍ਹਾ ਤੇ ਸਾਫ਼ ਵਾਤਾਵਰਣ। ਕਈ ਵਾਰ ਖੇਤਾਂ ਵਿੱਚ ਲੱਗੇ ਅਰਜਨ ਦੇ ਰੁੱਖਾਂ ਦੀ ਮਹਿਕ ਤੇ ਸ਼ਰੀਂਹ ਦੇ ਫੁੱਲਾਂ ਦੀ ਖੁਸ਼ਬੂ ਸਵਰਗ ਨੂੰ ਮਾਤ ਪਾ ਦਿੰਦੀ। ਜੇ ਥੋੜ੍ਹੀ ਜਿਹੀ ਤਕਲੀਫ਼ ਸੀ ਤਾਂ ਸਿਰਫ਼ ਇਹੋ ਕਿ ਕਿਸੇ ਛੋਟੀ ਮੋਟੀ ਚੀਜ਼ ਦੀ ਲੋੜ ਹੁੰਦੀ ਤਾਂ ਉਨ੍ਹਾਂ ਨੂੰ ਪਿੰਡ ਲੈਣ ਆਉਣਾ ਪੈਂਦਾ। ਪਿੰਡ ਵਾਲੇ ਘਰ ਦੇ ਨੇੜੇ ਕਈ ਦੁਕਾਨਾਂ ਸਨ। ਇਸ ਲਈ ਉੱਥੇ ਸਾਮਾਨ‌ ਲਿਆਉਣ ਲਈ ਦੂਰ ਨਹੀਂ ਸੀ ਜਾਣਾ ਪੈਂਦਾ।

ਪਿੰਡ ਦਾ ਸੂਆ ਪੱਕਾ ਬਣਨ‌ ਦੀ ਸਕੀਮ ਆ ਗਈ। ਕਿਧਰੇ ਟਰੈਕਟਰ ਟਰਾਲੀਆਂ ਤੇ ਕਿਧਰੇ ਜੇਸੀਬੀ ਮਸ਼ੀਨਾਂ। ਵੱਡੀ ਗਿਣਤੀ ਵਿੱਚ ਮਜ਼ਦੂਰ ਵੀ ਕੰਮ ਕਰਨ ਲਈ ਆ ਗਏ। ਪਟੜੀਆਂ ਤਿਆਰ ਕਰਨ ਲਈ ਰੋਲਰ ਪਹੁੰਚ ਗਏ। ਲੋਕਾਂ ਨੂੰ ਇਹ ਸਭ ਚੀਜ਼ਾਂ ਅਚੰਭਾ ਲੱਗਦੀਆਂ ਸਨ। ਲੋਕ ਬਹੁਤ ਖ਼ੁਸ਼ ਸਨ। ਕੋਈ ਕਹਿ ਰਿਹਾ ਸੀ ਕਿ ਹੁਣ ਸੂਏ ਨੂੰ ਸਾਫ਼ ਕਰਨ ਦੀ ਲੋੜ ਨਹੀਂ। ਕੋਈ ਕਹਿ ਰਿਹਾ ਸੀ ਕਿ ਪਾਣੀ ਵਿਅਰਥ ਨਹੀਂ ਜਾਵੇਗਾ। ਸੰਤੋਖ ਸਿੰਘ ਦਾ ਪਰਿਵਾਰ ਵੀ ਬਹੁਤ ਖ਼ੁਸ਼ ਸੀ ਪਰ ਸੰਤੋਖ ਸਿੰਘ ਆਪ ਖ਼ੁਸ਼ ਨਹੀਂ ਸੀ।ਉਹ ਉਦਾਸ ਸੀ। ਉਸ ਨੂੰ ਕਿਸੇ ਨੇ ਨਾ ਪੁੱਛਿਆ ਕਿ ਉਹ ਸੂਏ ਦੇ ਪੱਕਾ ਹੋਣ ’ਤੇ ਖ਼ੁਸ਼ ਕਿਉਂ ਨਹੀਂ। ਕਬੀਲਦਾਰੀ ਤੋਂ ਮੁਕਤ ਹੋਣ ਕਾਰਨ ਮੁੰਡਿਆਂ ਨੇ ਉਸ ਨੂੰ ਸਾਰੇ ਪਾਸਿਓਂ ਹੀ ਮੁਕਤ ਕਰ‌ ਦਿੱਤਾ। ਬੁਢਾਪੇ ਵਿੱਚ ਤਾਂ ਵੱਡੇ ਵੱਡੇ ਮਹਾਂਰਥੀਆਂ ਨੂੰ ਵੀ ਕੋਈ ਨ੍ਹੀਂ ਪੁੱਛਦਾ। ਫਿਰ ਵਿਚਾਰਾ ਸੰਤੋਖ ਸਿੰਘ ਕੀਹਦਾ ਪਾਣੀਹਾਰ!

Advertisement

ਸੰਤੋਖ ਸਿੰਘ ਨੂੰ ਵੀ ਇਹ ਗੱਲ ਮਹਿਸੂਸ ਹੁੰਦੀ ਸੀ ਕਿ ਉਸ ਦੀ ਪੁੱਛਗਿੱਛ ਘਟ ਗਈ ਹੈ ਪਰ ਪੁਰਾਤਨ ਵਿਚਾਰਾਂ ਦੀ ਗੱਲ ਅਨੁਸਾਰ ਸਿਹਰੇ ਫੂਕਣ ਵਾਲੀ ਗੱਲ ਉਸ ਨੂੰ ਯਾਦ ਆ ਜਾਂਦੀ ਤੇ ਉਹ ਸੋਚਦਾ ਕਿ ਘਰ ਵਿੱਚ ਹੋ ਰਹੀ ਗ਼ਲਤੀ ‌ਵੱਡਾ ਆਦਮੀ ਬਰਦਾਸ਼ਤ ਨਹੀਂ ਕਰ ਸਕਦਾ। ਉਸ ਨੂੰ ਚਾਹੇ ਕੋਈ ਪੁੱਛੇ ਭਾਵੇਂ ਨਾ, ਉਹ ਬੋਲੇ ਬਿਨਾਂ ਨਹੀਂ ਰਹਿ ਸਕਦਾ। ਸੰਤੋਖ ਸਿੰਘ ਨੂੰ ਘਰ ਵਿੱਚ ਭਾਵੇਂ ਕੋਈ ਨਹੀਂ ਸੀ ਪੁੱਛਦਾ, ਪਰ ਫਿਰ ਵੀ ਸੂਝਵਾਨ ਲੋਕ ਉਸ ਤੋਂ ਰਾਇ ਜ਼ਰੂਰ ਲੈਣ ਆਉਂਦੇ। ਉਸ ਦੇ ਕਿਹੜਾ ਧੁੱਪ ਵਿੱਚ ਧੌਲ਼ੇ ‌ਆਏ ਸਨ। ਉਸ ਨੂੰ ਜੀਵਨ ਦਾ ਬਹੁਤ ਤਜਰਬਾ ਸੀ। ਉਹ ਸੋਚ ਰਿਹਾ ਸੀ ਕਿ ਆਦਮੀ ਦੀ ਉਮਰ ਤਾਂ ਪੱਚੀ ਸਾਲ ਹੀ ਹੈ, ਬਾਕੀ ਤਾਂ ਸਾਰੀ ਉਮਰ ਉਸ ਕਹਾਣੀ ਵਾਂਗ ਹੀ ਹੈ ਜੋ ਉਸ ਨੇ ਕਿਸੇ ਸਿਆਣੇ ਆਦਮੀ ਤੋਂ ਸੁਣੀ ਸੀ।ਉਹ ਕਹਾਣੀ ਹੁਣ ਉਸ ਨੂੰ ਵਾਰ ਵਾਰ ਯਾਦ ਆ ਰਹੀ ਸੀ ਪਰ ਉਸ ਦੀ ਇਹ ਕਹਾਣੀ ਕਿਸ ਨੇ ਸੁਣਨੀ ਸੀ? ਇਹ ਤਾਂ ਕੋਈ ਉਸ ਵਰਗਾ ਹੀ ਸੁਣ ਸਕਦਾ ਸੀ। ਉਹ ਘਰੋਂ ਉੱਠ ਕੇ ਬਾਹਰ ਡਹੇ ਮੰਜੇ ’ਤੇ ਬੈਠ ਗਿਆ ਤਾਂ ਕਿ ਕਿਸੇ ਨੂੰ ਮਿਲ ਕੇ ਆਪਣੀ ਉਦਾਸੀ ਨੂੰ ਘੱਟ ਕਰ ਸਕੇ।

ਸੰਤੋਖ ਸਿੰਘ ਬੈਠਾ‌ ਇਧਰ ਉਧਰ ਦੇਖ‌ ਰਿਹਾ ਸੀ ਕਿ ਉਸ ਨੂੰ ‌ਦੇਖ ਸਰਬਣ ਸਿੰਘ ਆ ਗਿਆ। ਉਸ ਨੇ ਨੇੜੇ ਆ ਕੇ ਪੁੱਛਿਆ, ‘‘ਵੱਡੇ ਭਾਈ, ਕਿਵੇਂ ਚਲਦੀ ਐ ਗੱਡੀ?’’

‘‘ਬਸ ਚੱਲੀ‌ ਜਾਂਦੀ‌ ਐ। ਬਸ ਇਹੀ ਬੇਨਤੀ ਐ ਦਾਤੇ ਮੂਹਰੇ ਬਈ ਤੁਰਦੇ ਪ੍ਰਾਣੀਂ ਲੈ ਜੀਂ, ਕਿਸੇ ਦੇ‌ ਮੁਥਾਜ ਨਾ ਕਰੀਂ।’’

‘‘ਬੱਸ ਬੱਸ, ਗੱਲ ਤਾਂ ਐਥੇ ਮੁੱਕਦੀ ਐ। ਬਾਹਲੀ ਵੱਡੀ ਉਮਰ ਦਾ ਵੀ ਕੋਈ ਫਾਇਦਾ ਨ੍ਹੀਂ।’’

‘‘ਰੱਬ ਨੇ ਤਾਂ ਉਮਰ ਛੋਟੀ ਹੀ ਬਣਾਈ ਸੀ ਪਰ ਬੰਦੇ ਨੇ ਮੰਗ ਕੇ ਲੈ ਲੀ।’’

‘‘ਨਾਲੇ ਕਹਿੰਦੇ ਸੌ ਸਾਲ ਦੀ ਹੁੰਦੀ ਐ।’’

‘‘ਨਹੀਂ ਨਹੀਂ, ਸੌ ਦੀ ਤਾਂ ਆਪਾਂ ਬਣਾ ਲੀ।’’

‘‘ਉਹ‌ ਕਿਵੇਂ?’’

‘‘ਜਦੋਂ ਰੱਬ ਉਮਰ ਵੰਡਣ ਲੱਗਿਆ ਤਾਂ ਬੰਦੇ ਨੂੰ ਪੱਚੀ ਸਾਲ ਦੇਤੀ।’’

‘‘ਅੱਛਾ ਜੀ, ਫੇਰ?’’

‘‘ਫੇਰ ਕੀ, ਪੱਚੀ ਸਾਲ ਬੰਦਾ ਬੰਦਿਆਂ ਵਾਲੀ ਉਮਰ ਭੋਗਦੈ।’’

‘‘ਬਾਕੀ ਦਾ ਕਿਵੇਂ ਆਇਆ ਹਿਸਾਬ?’’

‘‘ਬਾਕੀ ਪੱਚੀ ਦੇਤੀ ਗਧੇ ਨੇ।’’

‘‘ਗਧੇ ਨੇ?’’ ਸਰਬਣ ਨੇ ਹੈਰਾਨ ਹੋ ਕੇ ਪੁੱਛਿਆ।

‘‘ਹਾਂ, ਉਹ ਕਹਿੰਦਾ ਮੇਰੇ ਕੋਲ ਵਾਧੂ ਐ ਤੂੰ ਲੈ ਲੈ।’’

‘‘ਠੀਕ ਐ, ਠੀਕ ਐ।’’

‘‘ਹੋਗੀ ਪੰਜਾਹ ਸਾਲ।’’

‘‘ਹੁਣ ਪੰਜਾਹ ਬਾਕੀ ਰਹਿਗੀ।’’

‘‘ਇਹ ਵੀ ਦੱਸਦਾਂ। ਅਗਲੀ ਪੱਚੀ ਦੇਤੀ ਕੁੱਤੇ ਨੇ। ਉਹ ਵੀ ਸਿਆਣਾ ਰਿਹਾ। ਕੌਣ ਨਿੱਤ ਟੁੱਕ ਪਿੱਛੇ ਪੂਛ ਹਿਲਾਵੇ।’’

‘‘ਅਸ਼ਕੇ ਵੱਡੇ ਬਾਈ ਗੱਲ ਕਰਨ ਦੇ।’’

‘‘ਬਾਕੀ ਰਹਿਗੀ ਪੱਚੀ ਸਾਲ। ਹੁਣ ਤੂੰ ਲਾ ਲੱਖਣ, ਉਹ ਕੀਹਨੇ ਦਿੱਤੀ ਹੋਊ?’’

‘‘ਬਾਈ‌, ਮੈਂ ਕੀ ਲੱਖਣ ਲਾਵਾਂ? ਮੈਂ ਤਾਂ ਹੁਣ ਕੁੱਤੇ ਆਲੀ ਜੂਨੀ‌ ਵਿੱਚ ਆਂ। ਹੁਣ ਤੂੰ ਹੀ ਸੌ ਪੂਰੀ ਕਰ।’’

ਸੰਤੋਖ ਸਿੰਘ ਹੱਸਣ ਲੱਗਾ ਤਾਂ ਸਰਬਣ ਵੀ ਹੱਸਿਆ।

‘‘ਚੰਗਾ ਸੁਣ। ਫੇਰ ਮਿਲ ਗਿਆ ਉੱਲੂ। ਉਹ ਕਹਿੰਦਾ ਪੱਚੀ ਮੈਥੋਂ ਲੈ ਲੋ।’’

‘‘ਲੈ ਲਈ ਫੇਰ ਬੰਦੇ ਨੇ ਉੱਲੂ ਤੋਂ ਉਮਰ?’’

‘‘ਐਂ ਸੌ ਬਣਾ ਲਈ। ਹੁਣ ਪੱਚੀ ਭੋਗ ਕੇ ਗਧੇ ਵਾਂਗੂੰ ਕਦੇ ਇਧਰੋਂ ਘੱਟਾ‌ ਢੋਂਹਦੈ ‌ਤੇ ਕਦੇ ਉਧਰੋਂ। ਅੱਗੇ ਚਲਦੀ ਐ ਕੁੱਤੇ ਆਲੀ ਜੂਨੀ‌। ਘਰੇ ਕੋਈ ਪੁੱਛਦਾ ਨ੍ਹੀਂ ਤੇ ਭੌਂਕੇ ਬਿਨਾਂ ਰਿਹਾ ਨ੍ਹੀਂ ਜਾਂਦਾ। ਬਾਕੀ ਰਹਿਗੀ ਪੱਚੀ। ਸਰੀਰ ਸਾਥ ਛੱਡ ਜਾਂਦੈ। ਉੱਲੂ ਵਾਂਗੂੰ ਕਦੇ ਇਧਰ ਦੇਖ ਲਿਆ ਕਦੇ ਉਧਰ ‌ਦੇਖ ਲਿਆ।’’

‘‘ਜਮਾਂ ਠੀਕ ਐ। ਹੁਣ ਆਪਾਂ ਸੱਚੀਓਂ ਕੁੱਤੇ ਦੀ ਜੂਨੀ ਵਿੱਚ ਹਾਂ।’’

ਉਹ ਅਜੇ ਗੱਲਾਂ ਕਰ ਹੀ ਰਹੇ ਸਨ ਕਿ ਸਰਬਣ ਦੇ ਮੁੰਡੇ ਨੇ ਬੋਲ ਮਾਰਿਆ, ‘‘ਬਾਪੂ ਜੀ, ਆ ਜੋ।’’

ਸਰਬਣ ਚਲਾ ਗਿਆ। ਉਸ ਦੇ ਜਾਣ ਤੋਂ ਬਾਅਦ ਸੰਤੋਖ ਸਿੰਘ ਸੋਚੀਂ ਪੈ ਗਿਆ। ਉਹ ਫਿਰ ਮਨੁੱਖ ਦੀ ਉਮਰ ਬਾਰੇ ਸੋਚਣ ਲੱਗਾ। ਉਸ ਦੀਆਂ ਸੋਚਾਂ ਸਮੁੰਦਰ ਦੀ ਲਹਿਰਾਂ ਵਰਗੀਆਂ ਸਨ। ਉਸ ਨੂੰ ਲੱਗ ਰਿਹਾ ਸੀ ਜਿਵੇਂ ਉਹ ਕੁੱਤੇ ਦੀ ਜੂਨੀ ਵਿੱਚ ਹੈ। ਸਾਹਮਣੇ ਬੈਠੇ ਕਾਲੂ ਕੁੱਤੇ ਵਿੱਚੋਂ ਉਸ ਨੂੰ ਆਪਾ‌ ਦਿਖਾਈ ਦੇ ਰਿਹਾ ਸੀ।

ਪੱਕਾ ਸੂਆ ਬਣਨ ਲੱਗ ਪਿਆ।

ਸੰਤੋਖ ਸਿੰਘ ਪੱਕਾ ਸੂਆ ਬਣਨ ਦੀ ਨਿੰਦਾ ਕਰਦਾ ਪਰ ਉਸ ਦੀ ਗੱਲ ਪਰਿਵਾਰਕ ਮੈਂਬਰਾਂ ਨੂੰ ਬੇਤੁਕੀ ਲੱਗਦੀ।

ਇੱਕ ਦਿਨ ਉਹ ਪੱਕੇ ਹੋ ਰਹੇ ਸੂਏ ਨੂੰ ਦੇਖਣ ਲਈ ਚਲਾ ਗਿਆ। ਉਹ ਪੁਲ ’ਤੇ ਬੈਠਾ ਸੂਏ ਨੂੰ ਨਿਹਾਰ ਰਿਹਾ ਸੀ। ਉਸ ਨੇ ਸੂਏ ਦੀਆਂ ਮੋਟੀਆਂ ਮੋਟੀਆਂ ਸੀਮਿੰਟ ਵਾਲੀਆਂ ਤਹਿਆਂ ਦੇਖੀਆਂ। ਸਵੇਰ ਦਾ ਵੇਲਾ ਸੀ। ਪਿੰਡ ਦੇ ਬੱਚੇ ਬੋਹੜ ਹੇਠ ਕਸਰਤ ਕਰ ਰਹੇ ਸਨ। ਉਹ ਸੰਤੋਖ ਸਿੰਘ ਨੂੰ ਸਤਿ ਸ੍ਰੀ ਆਕਾਲ ਕਹਿ ਵਾਪਸ ਆਪਣੀ ਥਾਂ ’ਤੇ ਆ ਗਏ ਪਰ ਉਹ ਅਜੇ ਵੀ ਉੱਥੇ ਹੀ ਖੜ੍ਹਾ ਸੀ। ਉਸ ਨੂੰ ਦੇਖ ਕੇ ਕੁਝ ਮੁੰਡੇ ਉੱਥੇ ਆ ਗਏ। ਉਨ੍ਹਾਂ ਨੇ ਦੇਖਿਆ ਤਾਂ ਸੰਤੋਖ ਸਿੰਘ ਉਦਾਸ ਸੀ, ‘‘ਬਾਬਾ ਜੀ, ਅੱਜ ਤੁਸੀਂ ਉਦਾਸ ਲੱਗਦੇ ਓ?’’ ਬਲਵੀਰ ਨੇ ਪੁੱਛਿਆ।

‘‘ਨਹੀਂ ਪੁੱਤ।’’ ਸੰਤੋਖ ਸਿੰਘ ਨੇ ਇਹ ਕਹਿ ਕੇ ਮੂੰਹ ਪਰ੍ਹਾਂ ਕਰ ਲਿਆ ਕਿ ਕਿਤੇ ਉਸ ਦਾ ਰੋਣ ਹੀ ਨਾ ਨਿਕਲ ਜਾਵੇ। ਬਲਵੀਰ ਸਮਝ ਗਿਆ। ਦੂਜੇ ਲੜਕੇ ਵੀ ਉੱਥੇ ਆ ਗਏ। ਆਖ਼ਰ ਸੰਤੋਖ ਸਿੰਘ ਨੇ ਨਵੀਂ ਜਵਾਨੀ ਨੂੰ ਜਗਾਉਣ ਦਾ‌ ਯਤਨ ਕੀਤਾ। ਉਸ ਨੇ ਮੁੰਡਿਆਂ ਨੂੰ ਪੁੱਛਿਆ, ‘‘ਆਹ ਸੂਆ ਪੱਕਾ ਬਣਦੈ। ਏਸ ਦਾ ਆਪਾਂ ਨੂੰ ਫ਼ਾਇਦਾ‌ ਹੈ ਕਿ ਨੁਕਸਾਨ?’’

‘‘ਫ਼ਾਇਦਾ ਈ ਐ ਬਾਬਾ ਜੀ। ਟੇਲ‌ ’ਤੇ ਪਾਣੀ ਪੂਰਾ ਜਾਊ।’’

‘‘ਅੱਛਾ, ਠੀਕ ਐ।’’

‘‘ਅੱਗੇ ਸੂਆ ਰੋਜ਼ ਈ ਟੁੱਟ ਜਾਂਦਾ। ਸਾਡੀ ਤਾਂ ਅਨੇਕਾਂ ਵਾਰ ਫ਼ਸਲ‌ ਖਰਾਬ ਹੋਈ ਐ। ਮੌਜ ਬਣ ਜੂ।’’

‘‘ਠੀਕ ਐ।’’

‘‘ਆਹ ਦਰੱਖ਼ਤ ਵੀ ਜੇ ਪੱਟੇ ਜਾਣ ਤਾਂ ਵਧੀਆ ਹੋ ਜੇ। ਇਹ ਵੀ ਫ਼ਸਲ ਮਾਰਦੇ ਨੇ।’’

‘‘ਠੀਕ ਐ।’’

‘‘ਮੈਨੂੰ ਲੱਗਦੈ ਨੁਕਸਾਨ ਵੀ ਹੋਊ ਇਹਦਾ।’’

‘‘ਕਾਹਦਾ? ਪੱਕੇ ਸੂਏ ਦਾ?’’

‘‘ਹਾਂ, ਪੱਕੇ ਸੂਏ ਦਾ।’’

‘‘ਨੁਕਸਾਨ ਕੀ ਹੋਣੈ, ਨਾ ਸੂਆ ਟੁੱਟਣ ਡਰ ਨਾ ਪਾਣੀ ਘਟਣ ਦਾ ਡਰ।’’ ‘‘ਪੁੱਤ, ਲੰਮੀ ਸੋਚ ਸੋਚੋ।’’

‘‘ਕਿਵੇਂ ਬਾਬਾ ਜੀ?’’

‘‘ਪਹਿਲਾ ਨੁਕਸਾਨ ਤਾਂ ਇਹ ਹੈ ਕਿ ਆਪਣੀ ਜ਼ਮੀਨ ਕੁਝ ਸਾਲਾਂ ਵਿੱਚ ਹੀ ਬੰਜਰ ਹੋ ਜੂ।’’

‘‘ਬੰਜਰ ਕਿਵੇਂ ਹੋਜੂ?’’

‘‘ਸਾਡੀਆਂ ਜ਼ਮੀਨਾਂ ਸੂਏ ਦੇ ਨੇੜੇ ਨੇ। ਇਨ੍ਹਾਂ ਦਾ ਪਾਣੀ ਮਿੱਠਾ ਐ ਪਰ ਬਾਕੀ ਥਾਈਂ ਨ੍ਹੀਂ। ਜਦੋਂ ਪਾਣੀ ਹੇਠਾਂ ਰਿਸਿਆ ਈ ਨਾ ਤਾਂ ਪਾਣੀ ਥੱਲੇ ਕਿਵੇਂ ਜਾਊਗਾ? ਏਸ ਕਰਕੇ ਹੇਠਲਾ ਪਾਣੀ ਖਾਰਾ ਬਣੂੰ।’’

ਇੱਕ ਮੁੰਡਾ ਦੂਜੇ ਮੁੰਡੇ ਦੀ ਬਾਂਹ ਫੜ ਕੇ ਉੱਥੋਂ ਤੁਰ ਪਿਆ ਤੇ ਕਹਿਣ ਲੱਗਾ, ‘‘ਇਹ ਤਾਂ ਐਵੇਂ ਈ ਮਾਰੀ ‌ਜਾਂਦੈ ਆਵਦੀਆਂ। ਘਰੇ ਕੋਈ ਪੁੱਛਦਾ ਨ੍ਹੀਂ। ਕਦੇ ਸੂਏ ਵੀ ਪਾਣੀ ਨੂੰ ਮਿੱਠਾ ਕਰਦੇ ਨੇ?’’

‘‘ਉਏ, ਖੜ੍ਹ ਜੋ ਚਲਦੇ ਆਂ।’’ ਬਲਵੀਰ ਨੇ ਕਿਹਾ।

‘‘ਨਹੀਂ ਸਾਨੂੰ ਕੰਮ ਐ। ਬਸ ਥੋੜ੍ਹੀ ਜਿਹੀ ਪ੍ਰੈਕਟਿਸ ਕਰਕੇ ਜਾਂਦੇ ਆਂ।’’

ਹੌਲੀ ਹੌਲੀ ਸਾਰੇ ਚਲੇ‌ ਗਏ ਪਰ ਬਲਵੀਰ ਤੇ ਹਰਦੇਵ ਨੇ ਬਾਬੇ ਦੀ ਗੱਲ ਸਮਝਣੀ ਚਾਹੀ। ਉਸ ਨੇ ਬੜੀ ਰੁਚੀ ਨਾਲ ਜਾਣਕਾਰੀ ਲਈ। ਸੰਤੋਖ ਸਿੰਘ ਨੇ ਵੀ ਦੋਵਾਂ ਨੂੰ ਸਾਰੀ ਜਾਣਕਾਰੀ ਦਿੱਤੀ। ਹਰਦੇਵ ਦਾ ਪਿਤਾ ਪਿੰਡ ਦਾ ਸਰਪੰਚ ਸੀ। ਉਹ ਹਰ ਇੱਕ ਦੀ ਗੱਲ ਬੜੇ ਧਿਆਨ ਨਾਲ ਸੁਣਦਾ।

ਰਾਤ ਨੂੰ ਜਦੋਂ ਹਰਦੇਵ ਦਾ ਸਾਰਾ ਪਰਿਵਾਰ ਬੈਠ ਕੇ ਗੱਲਾਂ ਕਰ ਰਹੇ ਸਨ ਤਾਂ ਹਰਦੇਵ ਨੇ ਆਪਣੇ ਪਾਪਾ ਨੂੰ ਬਾਬਾ ਸੰਤੋਖ ਸਿੰਘ ਨਾਲ ਹੋਈ ਸਾਰੀ ਗੱਲ ਦੱਸੀ। ਉਸ ਦੇ ਪਾਪਾ ਦੇ ਵੀ ਇਹ ਗੱਲ ਜਚ ਗਈ।

ਦੂਜੇ ਦਿਨ ਸਰਪੰਚ ਨੇ ਪੰਚਾਇਤ ਬੁਲਾ ਲਈ। ਕਈ ਸਿਆਣੇ ਆਦਮੀ ਤੇ ਪਿੰਡ ਦੇ ਨੰਬਰਦਾਰ ਵੀ ਬੁਲਾ ਲਏ ਗਏ।

ਸੰਤੋਖ ਸਿੰਘ ਨੂੰ ਵੀ ਬੁਲਾਇਆ ਗਿਆ। ਸਰਪੰਚ ਨੇ ਸਾਰਿਆਂ ਨੂੰ ਸਤਿ ਸ੍ਰੀ ਆਕਾਲ ਬੁਲਾ ਕੇ ਮੀਟਿੰਗ ਦੀ ਸ਼ੁਰੂਆਤ ਕੀਤੀ ਤੇ ਸੰਤੋਖ ਸਿੰਘ ਨੂੰ ਪੁੱਛਿਆ, ‘‘ਪੱਕੇ ਸੂਏ ਬਾਰੇ ਥੋਡੇ ਕੀ ਵਿਚਾਰ ਨੇ ਤਾਇਆ ਜੀ?’’

‘‘ਦੇਖੋ ਪੰਚਾਇਤੇ, ਮੈਂ ਹੁਣ ਪਝੰਤਰ ਸਾਲ ਦਾ ਹਾਂ ਤੇ ਮੇਰਾ ਅਗਲੇ ਪਲ ਦਾ ਭਰੋਸਾ ਨਹੀਂ, ਪਰ ਫੇਰ ਵੀ ਬੰਦਾ ਆਸਾਂ ’ਤੇ ਜਿਉਂਦਾ ਹੈ। ਕਿਉਂ ਠੀਕ ਐ?’’

‘‘ਹਾਂ ਚਾਚਾ।’’ ਵਿੱਚੋਂ ਇੱਕ ਨੇ ਕਿਹਾ।

‘‘ਦੇਖੋ ਸੂਆ ਪੱਕਾ ਬਣਨ‌ ਲੱਗਿਐ। ਕਦੇ ਕਿਸੇ ਨੇ ਨਫ਼ਾ ਨੁਕਸਾਨ ਨ੍ਹੀਂ ਸੋਚਿਆ।’’

‘‘ਚਾਚਾ, ਵੱਧ ਪਾਣੀ ਪਊ।’’

‘‘ਪਾਣੀ ਤਾਂ ਵੱਧ ਆਊ ਪਰ ਕਦੇ ਇਹ ਵੀ ਸੋਚਿਐ ਬਈ ਧਰਤੀ ਹੇਠਲਾ ਪਾਣੀ ਖਾਰਾ ਨਿਕਲੂ।’’

‘‘ਖਾਰਾ ਪਾਣੀ ਕਿਵੇਂ ਨਿਕਲੂ?’’

‘‘ਜਦੋਂ ਪਾਣੀ ਹੇਠਾਂ ਰਿਸਿਆ ਈ ਨਾ।’’

‘‘ਆਹ ਤਾਂ ਕਿਸੇ ਨੇ ਸੋਚਿਆ ਈ ਨ੍ਹੀਂ।’’

ਇਹ ਗੱਲ ਸੁਣ ਕੇ ਉਹ ਘੁਸਰ ਮੁਸਰ ਕਰਨ ਲੱਗੇ। ਉਨ੍ਹਾਂ ਦੇ ਵੀ ਗੱਲ ਜਚ ਗਈ।

‘‘ਦੂਜੀ ਗੱਲ ਆਹ ਜਿਹੜੇ ਆਲੇ-ਦੁਆਲੇ ਦਰੱਖ਼ਤ ਲੱਗੇ ਨੇ ਇਹ ਵੀ ਖ਼ਤਮ ਹੋ ਜਾਣਗੇ।’’

‘‘ਇਹ ਤਾਂ ਵਧੀਐ ਜੇ ਖ਼ਤਮ ਹੋ ਜਾਣ। ਐਵੇਂ ਫ਼ਸਲ ਮਾਰਦੇ ਨੇ।’’

‘‘ਨਹੀਂ ਸ਼ੇਰਾ, ਹਵਾ ਵੀ ਸਾਫ਼ ਕਰਦੇ ਨੇ। ਆਪਾਂ ਤਾਂ ਪਟਿਆਂ ਦੇ ਲਾਲਚ ਵਿੱਚ ਸਾਰੇ ਹੀ ਪੱਟਤੇ। ਸਾਹ ਕਿਵੇਂ ਲਵਾਂਗੇ?’’

‘‘ਹਾਂ ਗੱਲ ਤਾਂ ਇਨ੍ਹਾਂ ਦੀ ਬਿਲਕੁਲ ਠੀਕ ਐ।’’

ਸਾਰਿਆਂ ਨੂੰ ਗੱਲ ਠੀਕ ਲੱਗੀ।

‘‘ਹੁਣ ਫੇਰ ਹੱਲ ਵੀ ਤੁਸੀਂ ਦੱਸੋ।’’

‘‘ਸੁਣੋ, ਆਪਾਂ ਸਾਰੇ ਇਕੱਠੇ ਹੋ ਕੇ ਕਹੀਏ ਕਿ ਸਾਡੇ ਸੂਏ ਵਿੱਚ ਇੱਕ ਇੱਕ ਕਿਲੋਮੀਟਰ ’ਤੇ ਬੋਰ ਲਾਉ।’’

‘‘ਉਹਦਾ ਕੀ ਫ਼ਾਇਦਾ?’’

‘‘ਫ਼ਾਇਦਾ ਇਹ ਐ ਕਿ ਬਰਸਾਤ ਵੇਲੇ ਆਪਾਂ ਬੋਰ ਖੋਲ੍ਹ ਦਿਆ ਕਰਾਂਗੇ।ਸਾਰਾ ਪਾਣੀ ਧਰਤੀ ਵਿੱਚ ਜਾਇਆ ਕਰੂ। ਧਰਤੀ ਹੇਠਲਾ ਪਾਣੀ ਸਾਫ਼ ਰਹੂ।’’

‘‘ਫੇਰ ਤਾਂ ਵਾਧੂ ਪਾਣੀ ਵੇਲੇ ਸੂਆ ਵੀ ਨ੍ਹੀਂ ਟੁੱਟਣਾ।’’

‘‘ਹਾਂ, ਨਾਲੇ ਦਰੱਖ਼ਤ ਵੀ ਹਰੇ ਭਰੇ ਰਹਿਣਗੇ।’’

‘‘ਫੇਰ ਆਪਾਂ ਕੱਲ੍ਹ ਨੂੰ ਧਰਨਾ ਲਾ ਲੈਨੇ ਆਂ।’’ ਸੁਰਜੀਤ ਬੋਲਿਆ।

‘‘ਸੁਰਜੀਤ ਸਿੰਹਾਂ, ਧਰਨਾ ਹਰ ਸਮੱਸਿਆ ਦਾ ਹੱਲ ਨਹੀਂ। ਆਪਾਂ ਸਾਰੇ ਇਕੱਠੇ ਹੋ ਕੇ ਨਹਿਰੀ ਮਹਿਕਮੇ ਨੂੰ ਦਰਖਾਸਤ ਦੇਵਾਂਗੇ। ਉਹ ਜ਼ਰੂਰ ਹੱਲ ਕੱਢਣਗੇ।’’

‘‘ਨਹੀਂ ਫੇਰ ਧਰਨਾ ਲਾਵਾਂਗੇ।’’

‘‘ਉਏ ਚੰਗਾ ਪਤੰਦਰਾ, ਲਾ ਲੀਂ ਧਰਨਾ।’’ ਸਰਪੰਚ ਨੇ ਹੱਸਦਿਆਂ ਕਿਹਾ।

ਬੁੱਧਵਾਰ ਦਾ ਦਿਨ ਸੀ। ਸਾਰੇ ਇਕੱਠੇ ਹੋ ਗਏ। ਸਾਰਿਆਂ ਨੇ ਸਲਾਹ ਕੀਤੀ ਕਿ ਨਹਿਰੀ ਮਹਿਕਮੇ ਦੇ ਐਕਸੀਅਨ ਨੂੰ ਮਿਲਿਆ ਜਾਵੇ। ਸੋ ਉਹ ਸਾਰੇ ਦਰਖਾਸਤ ਲੈ ਕੇ ਐਕਸੀਅਨ ਕੋਲ ਪਹੁੰਚ ਗਏ। ਐਕਸੀਅਨ ਸਾਹਿਬ ਨੇ ਉਨ੍ਹਾਂ ਕੋਲੋਂ ਦਰਖਾਸਤ ਫੜ ਕੇ ਕਿਹਾ, ‘‘ਠੀਕ ਐ, ਮੈਂ ਪੂਰੀ ਕੋਸ਼ਿਸ਼ ਕਰ ਕੇ ਤੁਹਾਡੀ ਮੰਗ ਪੂਰੀ ਕਰਵਾਉਣ ਦੀ ਕੋਸ਼ਿਸ਼ ਕਰਾਂਗਾ।’’

ਸਾਰੇ ਜਾਣੇ ਇੱਕ ਉਮੀਦ ਲੈ ਕੇ ਖ਼ੁਸ਼ੀ ਖ਼ੁਸ਼ੀ ਵਾਪਸ ਆ ਗਏ।

ਕੁਝ ਦਿਨਾਂ ਮਗਰੋਂ ਨਹਿਰੀ ਮਹਿਕਮੇ ਵੱਲੋਂ ਸੂਏ ਵਿੱਚ ਇੱਕ-ਇੱਕ ਕਿਲੋਮੀਟਰ ਦੂਰੀ ’ਤੇ ਬੋਰ ਲੱਗਣੇ ਸ਼ੁਰੂ ਹੋ ਗਏ। ਸਰਪੰਚ ਤੇ ਪੂਰੀ ਪੰਚਾਇਤ ਖ਼ੁਸ਼ ਸੀ। ਹਰਦੇਵ ਨੂੰ ਲੱਗ ਰਿਹਾ ਸੀ ਜਿਵੇਂ ਉਸ ਦੀ ਬਦੌਲਤ ਹੀ ਗੱਲ ਸਿਰੇ ਲੱਗੀ ਹੋਵੇ। ਧਰਨਾ ਦੇਣ ਵਾਲਾ ਸੁਰਜੀਤ ਵੀ ਖ਼ੁਸ਼ੀ ਵਿੱਚ ਖੀਵਾ ਹੋ ਰਿਹਾ ਸੀ। ਬਾਬਾ ਸੰਤੋਖ ਸਿੰਘ ਅਜੇ ਵੀ ਇਹੀ ਸੋਚ ਰਿਹਾ ਸੀ ਕਿ ਉਹ ਅਜੇ ਵੀ ਕੁੱਤੇ ਦੀ ਜੂਨੀ ਵਿੱਚ ਹੈ ਜਾਂ ਬੰਦੇ ਦੀ ਜੂਨੀ ਵਿੱਚ? ਆਪਣੇ ਆਪ ਨੂੰ ਮੁੜ ਬੰਦੇ ਦੀ ਜੂਨੀ ਵਿੱਚ ਸਮਝ ਕੇ ਉਹ ਭਾਵੁਕ ਹੋ ਗਿਆ। ਖ਼ੁਸ਼ੀ ਵਿੱਚ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਇਹ ਹੰਝੂ ਉਸ ਦੀਆਂ ਗੱਲ੍ਹਾਂ ਤੋਂ ਹੇਠਾਂ ਕੇ ਉਸ ਦੀ ਬੱਗੀ ਦਾੜ੍ਹੀ ਨੂੰ ਭਿਉਂ ਰਹੇ ਸਨ।

ਸੰਪਰਕ: 94630-20766

Advertisement
×