DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜ਼ਿੰਦਗੀ ਦਾ ਸੁਨੇਹਾ ਮੌਨਸੂਨ ਪੌਣਾਂ

ਇਹ ਬੜਾ ਹੈਰਾਨ ਕਰਨ ਵਾਲਾ ਤੱਥ ਹੈ ਕਿ ਸਾਡੀ ਭਾਰਤੀ ਲੋਕਾਂ ਦੀ ਖ਼ੁਸ਼ੀ ਅਤੇ ਖੁਸ਼ਹਾਲੀ ਮੌਨਸੂਨ ਪੌਣਾਂ ਨਾਲ ਜੁੜੀ ਹੋਈ ਹੈ। ਮੌਨਸੂਨ ਪੌਣਾਂ ਭਾਰਤ ਦੇ ਅਰਥਚਾਰੇ ਲਈ ਸਭ ਤੋਂ ਵੱਡਾ ਵਰਦਾਨ ਹਨ। ਮਈ ਜੂਨ ਦੇ ਮਹੀਨਿਆਂ ਦੌਰਾਨ ਜੇਠ ਹਾੜ੍ਹ ਦੀ...
  • fb
  • twitter
  • whatsapp
  • whatsapp
Advertisement

ਇਹ ਬੜਾ ਹੈਰਾਨ ਕਰਨ ਵਾਲਾ ਤੱਥ ਹੈ ਕਿ ਸਾਡੀ ਭਾਰਤੀ ਲੋਕਾਂ ਦੀ ਖ਼ੁਸ਼ੀ ਅਤੇ ਖੁਸ਼ਹਾਲੀ ਮੌਨਸੂਨ ਪੌਣਾਂ ਨਾਲ ਜੁੜੀ ਹੋਈ ਹੈ। ਮੌਨਸੂਨ ਪੌਣਾਂ ਭਾਰਤ ਦੇ ਅਰਥਚਾਰੇ ਲਈ ਸਭ ਤੋਂ ਵੱਡਾ ਵਰਦਾਨ ਹਨ। ਮਈ ਜੂਨ ਦੇ ਮਹੀਨਿਆਂ ਦੌਰਾਨ ਜੇਠ ਹਾੜ੍ਹ ਦੀ ਖੁਸ਼ਕ ਗਰਮੀ ਪਿੰਡੇ ਲੂੰਹਦੀ ਹੈ, ਘਾਹ ਸੁੱਕ ਜਾਂਦਾ ਹੈ, ਫੁੱਲ ਬੂਟੇ ਬਿਰਖ ਤਿੱਖੀਆਂ ਧੁੱਪਾਂ ਵਿੱਚ ਹਾਲੋਂ-ਬੇਹਾਲ ਹੋ ਜਾਂਦੇ ਹਨ। ਹਰੇ ਕਚੂਰ ਪੱਤਿਆਂ ਦੀ ਰੌਣਕ ਗੁਆਚ ਜਾਂਦੀ ਹੈ। ਪਸ਼ੂ, ਪੰਛੀ ਪਾਣੀ ਦੀ ਠੰਢਕ ਨੂੰ ਤਰਸ ਜਾਂਦੇ ਹਨ ਤਾਂ ਉਸ ਸਮੇਂ ਮੌਨਸੂਨ ਪੌਣਾਂ ਧਰਤੀ ਲਈ ਜ਼ਿੰਦਗੀ ਦਾ ਸੁਨੇਹਾ ਲੈ ਕੇ ਆਉਂਦੀਆਂ ਹਨ।

ਭੇਜਿਓ ਸੁਨੇਹਾ ਕੋਈ ਕਾਲੀਆਂ ਘਟਾਵਾਂ ਨੂੰ,

Advertisement

ਬਲਦੇ ਬਿਰਖ ਥੋਨੂੰ, ਯਾਦ ਬੜਾ ਕਰਦੇ।

ਹਰ ਸਾਲ ਜੂਨ ਦੇ ਅਖੀਰ ਅਤੇ ਜੁਲਾਈ ਦੇ ਸ਼ੁਰੂ ਹੋਣ ਸਾਰ ਮੌਨਸੂਨ ਪੌਣਾਂ ਦੀ ਆਮਦ ਨਾਲ ਉੱਤਰੀ ਭਾਰਤ ਵਿੱਚ ਪੈਂਦੀ ਖੁਸ਼ਕ ਗਰਮੀ ਤੋਂ ਲੋਕਾਂ ਨੂੰ ਨਿਜਾਤ ਮਿਲਦੀ ਹੈ ਅਤੇ ਮੌਸਮ ਵਿੱਚ ਸਿੱਲ ਹੋਣ ਲੱਗਦੀ ਹੈ। ਘਾਹ ਪੱਠਾ ਜੋ ਲੋਆਂ ਵਿੱਚ ਸੁੱਕ ਜਾਂਦਾ ਹੈ, ਤੇਜ਼ੀ ਨਾਲ ਵਧਣ ਲੱਗਦਾ ਹੈ। ਚਾਰਾ ਚਰਨ ਵਾਲੇ ਪਸ਼ੂਆਂ ਅਤੇ ਇਨ੍ਹਾਂ ਦੀਆਂ ਅਗਲੀਆਂ ਨਸਲਾਂ ਲਈ ਕੁਦਰਤ ਘਾਹ ਪੱਠਾ ਪੈਦਾ ਕਰਦੀ ਹੈ। ਕੁਦਰਤ ਦਾ ਨਿਜ਼ਾਮ ਦੇਖੋ, ਇਨ੍ਹਾਂ ਦਿਨਾਂ ਦੌਰਾਨ ਹੀ ਗਾਵਾਂ ਮੱਝਾਂ ਨੂੰ ਸੂਆ ਪੈਂਦਾ ਹੈ। ਜ਼ਿਆਦਾਤਰ ਪੰਛੀ ਜੂਨ ਵਿੱਚ ਅੰਡੇ ਦਿੰਦੇ ਹਨ। ਇਸ ਤੋਂ ਕੁਝ ਦਿਨਾਂ ਮਗਰੋਂ ਹਵਾ ਵਿੱਚ ਸਿਲਣ ਹੁੰਦੀ ਹੈ ਅਤੇ ਜੀਵਾਣੂ ਤੇਜ਼ੀ ਨਾਲ ਪੈਦਾ ਹੋਣ ਲੱਗਦੇ ਹਨ। ਸੁੰਡੀਆਂ, ਭਮਟਾਂ, ਕੀੜੇ ਮਕੌੜੇ ਪੰਛੀਆਂ ਦਾ ਖਾਜਾ ਬਣਦੇ ਹਨ। ਇਨ੍ਹਾਂ ਜੀਵਾਂ ਦੀ ਗਿਣਤੀ ਵਿੱਚ ਕੁਦਰਤ ਵਾਧਾ ਕਰਨ ਲੱਗਦੀ ਹੈ ਕਿਉਂਕਿ ਨਵੇਂ ਜੀਆਂ ਲਈ ਹੋਰ ਖੁਰਾਕ ਦੀ ਲੋੜ ਹੁੰਦੀ ਹੈ। ਧਰਤੀ ’ਤੇ ਆਏ ਨਵੇਂ ਜੀਵਾਂ ਲਈ ਹੋਰ ਰੁੱਖਾਂ, ਦਰੱਖਤਾਂ, ਬਨਸਪਤੀਆਂ ਘਾਹ ਪੱਠੇ ਦੀ ਵੱਧ ਲੋੜ ਹੁੰਦੀ ਹੈ। ਇਸ ਲਈ ਕੁਦਰਤ ਮੌਨਸੂਨ ਪੌਣਾਂ ਰਾਹੀਂ ਹਰ ਤਰ੍ਹਾਂ ਦੇ ਜੀਅ ਜੰਤ ਦੀ ਨਸਲ ਦਾ ਵਾਧਾ ਕਰਨ ਅਤੇ ਉਨ੍ਹਾਂ ਨੂੰ ਵਿਗਸਣ ਮੌਲਣ ਵਿੱਚ ਵੱਡਾ ਰੋਲ ਅਦਾ ਕਰਦੀਆਂ ਹਨ। ਸਾਡੀ ਧਰਤੀ ਦਾ ਜੀਵਨ ਚੱਕਰ ਪੂਰੀ ਤਰ੍ਹਾਂ ਮੌਨਸੂਨ ਨਾਲ ਜੁੜਿਆ ਹੋਇਆ ਹੈ।

ਕਿਹਾ ਜਾਂਦਾ ਹੈ ਕਿ ਮੌਨਸੂਨ ਸ਼ਬਦ ਅਰਬੀ ਭਾਸ਼ਾ ਤੋਂ ਆਇਆ ਹੈ। ਅਰਬੀ ਭਾਸ਼ਾ ਦਾ ਇੱਕ ਸ਼ਬਦ ਹੈ ਮੋਸਿਨ ਜਿਸ ਦਾ ਅਰਥ ਹੈ ‘ਹਵਾਵਾਂ ਦੀ ਦਿਸ਼ਾ ਦਾ ਮੌਸਮ ਅਨੁਸਾਰ ਬਦਲ ਜਾਣਾ।’ ਮੌਨਸੂਨ ਪੌਣਾਂ ਦੀ ਉਤਪਤੀ ਦਾ ਸਿੱਧਾ ਸਬੰਧ ਸੂਰਜ ਨਾਲ ਹੈ। ਮਈ ਜੂਨ ਦੌਰਾਨ ਸੂਰਜ ਦੀਆਂ ਕਿਰਨਾਂ ਧਰਤੀ ’ਤੇ ਸਿੱਧੀਆਂ ਪੈਂਦੀਆਂ ਹਨ। ਸੂਰਜ ਧਰਤੀ ਦੀ ਕਰਕ ਰੇਖਾ ਵੱਲ ਸੇਧਤ ਹੁੰਦਾ ਹੈ। ਇਸ ਲਈ ਉੱਤਰ ਪੱਛਮੀ ਭਾਗ ਵਿੱਚ ਭਿਆਨਕ ਗਰਮੀ ਪੈਣ ਲੱਗਦੀ ਹੈ। ਇਸ ਨਾਲ ਰਾਜਸਥਾਨ, ਹਰਿਆਣਾ, ਪੰਜਾਬ ਅਤੇ ਪਾਕਿਸਤਾਨ ਦੇ ਕੁਝ ਹਿੱਸਿਆਂ ਵਿੱਚ ਸਖ਼ਤ ਗਰਮੀ ਨਾਲ ਹਵਾ ਦਾ ਦਬਾਅ ਬਹੁਤ ਘੱਟ ਹੋ ਜਾਂਦਾ ਹੈ। ਭਾਰਤ ਦੇ ਕੁਝ ਹੋਰ ਖੇਤਰਾਂ ਤੋਂ ਇਲਾਵਾ ਤਿੱਬਤ ਵਿੱਚ ਇੱਕ ਖ਼ਾਸ ਕੇਂਦਰ ’ਤੇ ਹਵਾ ਦੇ ਘੱਟ ਦਬਾਅ ਦਾ ਇੱਕ ਖ਼ਾਸ ਕੇਂਦਰ ਬਣਦਾ ਹੈ, ਜੋ ਮੌਨਸੂਨੀ ਹਵਾਵਾਂ ਦੀ ਖਿੱਚ ਦਾ ਕੇਂਦਰ ਬਣਦਾ ਹੈ। ਦੂਜੇ ਪਾਸੇ ਇਸ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਹਿੰਦ ਮਹਾਂਸਾਗਰ ਅਤੇ ਅਰਬ ਸਾਗਰ ਦਾ ਤਾਪਮਾਨ ਇਨ੍ਹਾਂ ਦਿਨਾਂ ਦੌਰਾਨ ਘੱਟ ਹੁੰਦਾ ਹੈ। ਇਸ ਲਈ ਇਸ ਖੇਤਰ ਤੋਂ ਹਵਾਵਾਂ ਤੇਜ਼ੀ ਨਾਲ ਘੱਟ ਦਬਾਅ ਵਾਲੇ ਖੇਤਰਾਂ ਵੱਲ ਵਹਿਣ ਲੱਗਦੀਆਂ ਹਨ। ਇਹ ਹਵਾਵਾਂ ਹਜ਼ਾਰਾਂ ਕਿਲੋਮੀਟਰ ਸਮੁੰਦਰ ’ਤੇ ਤਲ ਤੋਂ ਹੋ ਕੇ ਗੁਜ਼ਰਦੀਆਂ ਹਨ। ਇਸ ਲਈ ਇਹ ਸਮੁੰਦਰ ਦੇ ਤਲ ਤੋਂ ਜਲ ਵਾਸ਼ਪ ਵੀ ਨਾਲ ਲੈ ਕੇ ਆਉਂਦੀਆਂ ਹਨ। ਦੱਖਣ-ਪੱਛਮੀ ਮੌਨਸੂਨ ਪੌਣਾਂ ਇੱਕ ਤੋਂ ਪੰਜ ਜੂਨ ਦਰਮਿਆਨ ਕੇਰਲਾ ਦੇ ਤੱਟ ’ਤੇ ਪਹੁੰਚਦੀਆਂ ਹਨ। ਇਨ੍ਹਾਂ ਪੌਣਾਂ ਦਾ ਦੂਜਾ ਵੇਗ ਬੰਬਈ ਤੋਂ ਹੋ ਕੇ ਗੁਜ਼ਰਦਾ ਹੈ ਅਤੇ ਉੱਤਰੀ ਭਾਰਤ ਵੱਲ ਵਧਦਾ ਹੈ। ਇਸੇ ਤਰ੍ਹਾਂ ਇਨ੍ਹਾਂ ਹਵਾਵਾਂ ਦਾ ਤੀਜਾ ਵੇਗ ਗੁਜਰਾਤ ਦੇ ਕੁਝ ਖੇਤਰਾਂ ਤੋਂ ਹੋ ਕੇ ਉੱਤਰੀ ਭਾਰਤ ਵੱਲ ਵਧਦਾ ਹੈ। ਇੱਥੇ ਵਿਲੱਖਣ ਗੱਲ ਇੱਕ ਹੋਰ ਹੈ ਕਿ ਇਸੇ ਸਮੇਂ ਦੌਰਾਨ ਬੰਗਾਲ ਦੀ ਖਾੜੀ ਤੋਂ ਚੱਲੀਆਂ ਮੌਨਸੂਨ ਪੌਣਾਂ ਬੰਗਾਲ ਦੀ ਖਾੜੀ ਵੱਲੋਂ ਸਿੱਧੀਆਂ ਗੰਗਾ ਦੇ ਮੈਦਾਨ ਤੋਂ ਹੁੰਦੀਆਂ ਹੋਈਆਂ ਭਾਰਤ ਦੇ ਦਿੱਲੀ ਹਰਿਆਣਾ ਤੇ ਪੰਜਾਬ ਸਮੇਤ ਹੋਰ ਇਲਾਕਿਆਂ ਵੱਲ ਵਧਦੀਆਂ ਹਨ। ਇਸ ਤਰ੍ਹਾਂ ਜੁਲਾਈ ਮਹੀਨੇ ਦੌਰਾਨ ਇਨ੍ਹਾਂ ਇਲਾਕਿਆਂ ਵਿੱਚ ਵਰਖਾ ਹੋਣ ਲੱਗਦੀ ਹੈ। ਇਹ ਵਰਖਾ ਇਨ੍ਹਾਂ ਇਲਾਕਿਆਂ ਲਈ ਜ਼ਿੰਦਗੀ ਦਾ ਵਰਦਾਨ ਸਾਬਤ ਹੁੰਦੀ ਹੈ। ਪਾਣੀ ਨਾਲ ਲੱਦੀਆਂ ਹਵਾਵਾਂ ਦੇ ਵੇਗ ਨੂੰ ਹੀ ਮੌਨਸੂਨ ਕਿਹਾ ਜਾਂਦਾ ਹੈ। ਇਨ੍ਹਾਂ ਦਾ ਰੁਖ਼ ਭਾਰਤ ਦੀ ਉੱਤਰ ਪੱਛਮ ਦਿਸ਼ਾ ਵੱਲ ਹੋਣ ਲੱਗਦਾ ਹੈ। ਇਹ ਹਵਾਵਾਂ ਜੂਨ ਦੇ ਅਖੀਰ ਜਾਂ ਜੁਲਾਈ ਦੇ ਸ਼ੁਰੂ ਤੱਕ ਭਾਰਤ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਛਾ ਜਾਂਦੀਆਂ ਹਨ ਅਤੇ ਵਰਖਾ ਹੋਣ ਲੱਗਦੀ ਹੈ।

ਪੰਜਾਬ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ’ਤੇ ਪ੍ਰਭਾਵ: ਪੁਰਾਤਨ ਗਰੰਥਾਂ ਸ਼ਾਸਤਰਾਂ ਅਨੁਸਾਰ ਪੰਜਾਬ ਦੀ ਧਰਤੀ ਨੂੰ ਛੇ ਰੁੱਤਾਂ ਦਾ ਦੇਸ਼ ਕਿਹਾ ਗਿਆ ਹੈ। ਧਰਤੀ ’ਤੇ ਬਹੁਤ ਥੋੜ੍ਹੇ ਅਜਿਹੇ ਖਿੱਤੇ ਹਨ, ਜਿੱਥੇ ਹਰ ਦੋ ਮਹੀਨੇ ਬਾਅਦ ਰੁੱਤ ਬਦਲਦੀ ਹੈ। ਪੰਜਾਬ ਵਿੱਚ ਜੇਠ ਹਾੜ ਵਿੱਚ ਪਿੰਡੇ ਨੂੰ ਝੁਲਸਾ ਦੇਣ ਵਾਲੀ ਗਰਮੀ ਪੈਂਦੀ ਹੈ। 23 ਜੂਨ ਤੋਂ ਹਫ਼ਤਾ ਕੁ ਮਗਰੋਂ ਮੌਨਸੂਨੀ ਹਵਾਵਾਂ ਦਾ ਇਸ ਖਿੱਤੇ ਵਿੱਚ ਆਗਮਨ ਹੁੰਦਾ ਹੈ ਤੇ ਗਰਮੀ ਦੀ ਰੁੱਤ ਕਰਵਟ ਬਦਲਦੀ ਹੈ। ਖੁਸ਼ਕ ਗਰਮੀ ਦੀ ਰੁੱਤ ਹੁੰਮਸ ਵਿੱਚ ਤਬਦੀਲ ਹੁੰਦੀ ਹੈ। ਹਵਾ ਵਿੱਚ ਸਿੱਲ੍ਹ ਵਧ ਜਾਂਦੀ ਹੈ। ਤਿੱਖੀ ਧੁੱਪ ਦੀ ਬਜਾਏ ਹੁੰਮਸ ਭਰੇ ਦਿਨਾਂ ਦੀ ਸ਼ੁਰੂਆਤ ਹੁੰਦੀ ਹੈ। ਮਈ ਜੂਨ ਮਹੀਨਿਆਂ ਦੌਰਾਨ ਕਾਂ ਦੀ ਅੱਖ ਨਿਕਲਣ ਵਾਲੀ ਗਰਮੀ ਪੈ ਰਹੀ ਹੁੰਦੀ ਹੈ ਜਦੋਂਕਿ ਜੂਨ ਦੇ ਖ਼ਤਮ ਹੁੰਦਿਆਂ ਹੀ ਕਾਲੀਆਂ ਘਟਾਵਾਂ ਇਸ ਖਿੱਤੇ ਦੀਆਂ ਫ਼ਸਲਾਂ, ਬਿਰਖਾਂ ਅਤੇ ਪਸ਼ੂ ਪੰਛੀਆਂ ਲਈ ਜ਼ਿੰਦਗੀ ਦਾ ਸੁਨੇਹਾ ਬਣ ਕੇ ਅੰਬਰਾਂ ’ਤੇ ਛਾ ਜਾਂਦੀਆਂ ਹਨ। ਆਸਮਾਨ ’ਚ ਕਾਲੇ ਬੱਦਲ ਗਰਜਦੇ ਹਨ ਅਤੇ ਕਾਲੀਆਂ ਘਟਾਵਾਂ ਵਿੱਚ ਉੱਡਦੇ ਚਿੱਟੇ ਬਗਲੇ ਮਨਮੋਹਕ ਦ੍ਰਿਸ਼ ਪੇਸ਼ ਕਰਦੇ ਹਨ। ਛੱਪੜ, ਨਹਿਰਾਂ, ਕੱਸੀਆਂ, ਸੂਏ ਪਾਣੀ ਨਾਲ ਭਰ ਜਾਂਦੇ ਹਨ। ਸਾਉਣ ਦੇ ਕਾਲੇ ਬੱਦਲ ਗਰਜਦੇ ਤੇ ਬਰਸਦੇ ਹਨ। ਲੋਆਂ ਨਾਲ ਬੇਹਾਲ ਹੋਏ ਬਿਰਖਾਂ ਨੂੰ ਦੁਬਾਰਾ ਜ਼ਿੰਦਗੀ ਦਾ ਅਹਿਸਾਸ ਹੋਣ ਲੱਗਦਾ ਹੈ। ਸਾਉਣ ਦੀਆਂ ਠੰਢੀਆਂ ਹਵਾਵਾਂ ਮਨੁੱਖ ਸਮੇਤ ਜੀਵ ਜੰਤੂਆਂ ਅਤੇ ਪਸ਼ੂ ਪੰਛੀਆਂ ਨੂੰ ਠੰਢਕ ਬਖ਼ਸ਼ਦੀਆਂ ਹਨ। ਕੜਕਦੀਆਂ ਧੁੱਪਾਂ ਵਿੱਚ ਫਿੱਕੀ ਪੈਣ ਲੱਗਦੀ ਜੀਵਨ ਤੋਰ ਵਿੱਚ ਦੁਬਾਰਾ ਰਵਾਨੀ ਦਾ ਸੰਚਾਰ ਹੁੰਦਾ ਹੈ।

ਭਾਰਤ ਦੀ ਆਰਥਿਕਤਾ ’ਤੇ ਅਸਰ: ਮੌਨਸੂਨ ਪੌਣਾਂ ਸਿਰਫ਼ ਸਾਡੇ ਦੇਸ਼ ਦੇ ਵਾਤਾਵਰਣ ’ਤੇ ਹੀ ਬਹੁਤ ਵੱਡਾ ਪ੍ਰਭਾਵ ਨਹੀਂ ਪਾਉਂਦੀਆਂ ਸਗੋਂ ਦੇਸ਼ ਦੀ ਆਰਥਿਕਤਾ ਵੀ ਇਸ ਨਾਲ ਜੁੜੀ ਹੋਈ ਹੈ। ਸਾਡੀ ਖੇਤੀ, ਖਾਣ-ਪੀਣ, ਪਹਿਰਾਵਾ, ਖ਼ੁਸ਼ੀਆਂ ਗ਼ਮੀਆਂ ਅਤੇ ਤਿਉਹਾਰ ਆਦਿ ਸਭ ਕੁਝ ਮੌਨਸੂਨ ਤੋਂ ਪ੍ਰਭਾਵਿਤ ਹੁੰਦਾ ਹੈ। ਕੁਦਰਤ ਦਾ ਤਾਣਾਬਾਣਾ ਸਾਡੇ ਜੀਵਨ ਲਈ ਕਿਵੇਂ ਸਹਿਯੋਗ ਕਰਦਾ ਹੈ, ਇਹ ਅਸੀਂ ਮੌਨਸੂਨ ਪੌਣਾਂ ਦੀ ਆਮਦ ਤੋਂ ਸਮਝ ਸਕਦੇ ਹਾਂ। ਸਮੁੰਦਰ ਵਿੱਚ ਹਜ਼ਾਰਾਂ ਕਿਲੋਮੀਟਰ ਦੂਰ ਹਵਾ ਦੇ ਵੱਧ ਦਬਾਅ ਕਾਰਨ ਘੱਟ ਦਬਾਅ ਵੱਲ ਨੂੰ ਹਵਾਵਾਂ ਦਾ ਪਸਾਰ ਸਾਡੀ ਜ਼ਿੰਦਗੀ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਕਰਦਾ ਹੈ। ਸਾਡੀ ਖ਼ੁਸ਼ੀ ਅਤੇ ਖੁਸ਼ਹਾਲੀ ਮੌਨਸੂਨ ਪੌਣਾਂ ਨਾਲ ਜੁੜੀ ਹੋਈ ਹੈ। ਜੇਕਰ ਭਾਰਤ ਵਿੱਚ ਮੌਨਸੂਨ ਦੀ ਆਮਦ ਭਰਵੀਂ ਹੁੰਦੀ ਹੈ ਤਾਂ ਸਾਡੀਆਂ ਫ਼ਸਲਾਂ ਦੇ ਝਾੜ ਚੰਗੇ ਨਿਕਲਦੇ ਹਨ। ਜੇਕਰ ਕਿਸੇ ਸਾਲ ਮੌਨਸੂਨ ਕਮਜ਼ੋਰ ਪੈਂਦੀ ਹੈ ਤਾਂ ਇਸ ਦਾ ਸਿੱਧਾ ਨਾਕਾਰਤਮਿਕ ਅਸਰ ਸਾਡੇ ਦੇਸ਼ ਦੀ ਆਰਥਿਕ ਵਿਵਸਥਾ ’ਤੇ ਪੈਂਦਾ ਹੈ।

ਪੰਜਾਬ ਦੇ ਜਲਵਾਯੂ ’ਤੇ ਅਸਰ: ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਮੌਨਸੂਨੀ ਹਵਾਵਾਂ ਨਾਲ ਆਏ ਬੱਦਲ ਉਨ੍ਹਾਂ ਥਾਵਾਂ ’ਤੇ ਹੀ ਵਰ੍ਹਦੇ ਹਨ, ਜਿੱਥੇ ਹਵਾ ਦੇ ਘੱਟ ਦਬਾਅ ਦਾ ਖੇਤਰ ਬਣਦਾ ਹੈ। ਜਿਵੇਂ ਅਸੀਂ ਪਿਛਲੇ ਅਰਸੇ ਤੋਂ ਰੁੱਖਾਂ ਦਾ ਵੱਡੇ ਪੱਧਰ ’ਤੇ ਕਤਲੇਆਮ ਕੀਤਾ ਹੈ, ਇਸ ਨਾਲ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈਣੇ ਘੱਟ ਹੋ ਗਏ। ਦੂਜੇ ਪਾਸੇ ਪਹਾੜੀ ਖੇਤਰਾਂ ਵਿੱਚ ਇਸ ਨਾਲ ਬੱਦਲ ਫਟਣ ਦੀਆਂ ਘਟਨਾਵਾਂ ਵਧਣ ਲੱਗੀਆਂ ਹਨ। ਭਾਰਤ ਅਤੇ ਏਸ਼ੀਆ ਦੇ ਕੁਝ ਹੋਰ ਦੇਸ਼ਾਂ ਦੇ ਵਿਸ਼ਾਲ ਇਲਾਕਿਆਂ ਵਿੱਚ ਲੰਮਾ ਸਮਾਂ ਲੂਆਂ ਵਗਦੀਆਂ ਰਹੀਆਂ। ਇਹ ਜੀਵਨ ਲਈ ਬੇਹੱਦ ਖ਼ਤਰਨਾਕ ਸਥਿਤੀ ਹੈ। ਜੰਗਲਾਂ ਦਾ ਵੱਡੇ ਪੱਧਰ ’ਤੇ ਖਾਤਮਾ ਹੋਣ ਕਰਕੇ ਮਨੁੱਖ ਸਮੇਤ ਸਭ ਤਰ੍ਹਾਂ ਦੇ ਜੀਵ ਜੰਤੂਆਂ ਲਈ ਵੱਡੇ ਖ਼ਤਰੇ ਪੈਦਾ ਹੋਣ ਲੱਗੇ ਹਨ। ਮੈਦਾਨੀ ਇਲਾਕਿਆਂ ਵਿੱਚ ਮੌਨਸੂਨ ਦੇ ਕਾਲੇ ਬੱਦਲ ਆਉਂਦੇ ਹਨ, ਪਰ ਧਰਤੀ ਦੀ ਤਪਸ਼ ਕਾਰਨ ਬਿਨਾਂ ਵਰ੍ਹੇ ਹੀ ਅਗਾਂਹ ਲੰਘ ਜਾਂਦੇ ਹਨ। ਸਾਲ 2023 ਵਿੱਚ ਪੰਜਾਬ ਵਿੱਚ ਬੜੀ ਅਜੀਬੋ ਗਰੀਬ ਸਥਿਤੀ ਬਣੀ ਜਦੋਂ ਇੱਕ ਪਾਸੇ ਇਸ ਛੋਟੇ ਜਿਹੇ ਸੂਬੇ ਦੇ ਬਹੁਤ ਸਾਰੇ ਇਲਾਕੇ ਹੜ੍ਹ ਦੇ ਪਾਣੀ ਨਾਲ ਭਰੇ ਹੋਏ ਸਨ ਅਤੇ ਦੂਜੇ ਪਾਸੇ ਮਾਲਵੇ ਦਾ ਇੱਕ ਵੱਡਾ ਇਲਾਕਾ ਔੜ ਨਾ ਜੂਝ ਰਿਹਾ ਸੀ। ਮੌਸਮਾਂ ਵਿੱਚ ਆਏ ਇਨ੍ਹਾਂ ਵਿਗਾੜਾਂ ਨਾਲ ਇਸ ਖਿੱਤੇ ਦਾ ਜਨ ਜੀਵਨ ਬਹੁਤ ਪ੍ਰਭਾਵਿਤ ਹੋ ਰਿਹਾ ਹੈ। ਮੀਂਹਾਂ ਝੜੀਆਂ ਨੂੰ ਬੁਲਾਵਾ ਦੇਣ ਵਾਲੇ ਰੁੱਖਾਂ ਨੂੰ ਅੱਗ ਹਵਾਲੇ ਕਰਕੇ ਅਸੀਂ ਪਤਾ ਨਹੀਂ ਕਿਹਾੜੇ ਮੁਨਾਫ਼ਿਆਂ ਦੀ ਭਾਲ ਵਿੱਚ ਹਾਂ? ਸਾਨੂੰ ਸਮਝਣਾ ਪਵੇਗਾ ਕਿ ਇਸ ਧਰਤੀ ’ਤੇ ਰੁੱਖ ਹੋਣਗੇ ਤਾਂ ਹੀ ਇਹ ਬਚੀ ਰਹੇਗੀ; ਜੇਕਰ ਧਰਤੀ ਬਚੇਗੀ ਤਾਂ ਜੀਵਨ ਬਚੇਗਾ।

ਸਾਨੂੰ ਸਭ ਨੂੰ ਇਹ ਸੋਚ ਅਪਣਾਉਣੀ ਚਾਹੀਦੀ ਹੈ ਕਿ ਅਸੀਂ ਬੂਟੇ ਲਾਵਾਂਗੇ, ਰੁੱਖਾਂ ਦੇ ਪਾਲਣਹਾਰ ਬਣਾਂਗੇ ਅਤੇ ਪੰਜਾਬ ਨੂੰ ਹਰਿਆ-ਭਰਿਆ ਕਰਾਂਗੇ। ਰੁੱਖਾਂ ਦੀ ਭਰਮਾਰ ਹੋਵੇਗੀ ਤਾਂ ਇੱਥੇ ਮੌਨਸੂਨੀ ਬੱਦਲਾਂ ਨਾਲ ਸਾਉਣ

ਦੀਆਂ ਝੜੀਆਂ ਲੱਗਣਗੀਆਂ। ਸਾਨੂੰ ਇਸ ਸਮੇਂ ਸੜਕਾਂ ’ਤੇ ਲੋਕਾਂ ਨੂੰ ਰੋਕ ਰੋਕ ਠੰਢਾ ਪਾਣੀ ਪਿਲਾਉਣ ਦੀ

ਓਨੀ ਲੋੜ ਨਹੀਂ ਜਿੰਨੀ ਲੋੜ ਬੂਟੇ ਲਾਉਣ ਅਤੇ ਸੰਭਾਲਣ ਦੀ ਹੈ। ਆਓ, ਆਪਾਂ ਭਗਤ ਪੂਰਨ ਸਿੰਘ ਦੇ ਕਹੇ ਅਨੁਸਾਰ ਪੰਜਾਬ ਦੀ ਧਰਤੀ ਨੂੰ ਇਸ ਸਾਲ ਰੁੱਖਾਂ ਨਾਲ ਭਰ ਦੇਈਏ।

ਸੰਪਰਕ: 98550-51099

Advertisement
×