DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਡੇ ਚੁੱਪ ਰਹਿਣ ਦੇ ਮਾਅਨੇ

ਸਵਰਾਜਬੀਰ ਇਹ ਸਮਾਂ ਯੂਨਾਨੀ ਨਾਟਕਕਾਰਾਂ ਐਸਕਲਸ ਤੇ ਸੋਫਕਲੀਜ਼ ਤੋਂ ਲੈ ਕੇ ਸ਼ੇਕਸਪੀਅਰ, ਵਾਲਟ ਵਿਟਮੈਨ, ਲਿਓ ਟਾਲਸਟਾਏ, ਬਰਤੋਲਤ ਬਰੈਖ਼ਤ ਤੇ ਹੋਰਨਾਂ ਨੂੰ ਯਾਦ ਕਰਨ ਦਾ ਹੈ; ਉਨ੍ਹਾਂ ਸਭ ਨੂੰ ਜਿਨ੍ਹਾਂ ਨੇ ਜੰਗ ਤੇ ਅਮਨ ਬਾਰੇ ਲਿਖਿਆ, ਮਨੁੱਖਤਾ ਤੇ ਅਮਨ ਦੇ ਹੱਕ...
  • fb
  • twitter
  • whatsapp
  • whatsapp
Advertisement

ਸਵਰਾਜਬੀਰ

ਇਹ ਸਮਾਂ ਯੂਨਾਨੀ ਨਾਟਕਕਾਰਾਂ ਐਸਕਲਸ ਤੇ ਸੋਫਕਲੀਜ਼ ਤੋਂ ਲੈ ਕੇ ਸ਼ੇਕਸਪੀਅਰ, ਵਾਲਟ ਵਿਟਮੈਨ, ਲਿਓ ਟਾਲਸਟਾਏ, ਬਰਤੋਲਤ ਬਰੈਖ਼ਤ ਤੇ ਹੋਰਨਾਂ ਨੂੰ ਯਾਦ ਕਰਨ ਦਾ ਹੈ; ਉਨ੍ਹਾਂ ਸਭ ਨੂੰ ਜਿਨ੍ਹਾਂ ਨੇ ਜੰਗ ਤੇ ਅਮਨ ਬਾਰੇ ਲਿਖਿਆ, ਮਨੁੱਖਤਾ ਤੇ ਅਮਨ ਦੇ ਹੱਕ ਵਿਚ, ਜੰਗ ਦੇ ਵਿਰੁੱਧ। ਇਨ੍ਹਾਂ ਸਮਿਆਂ ਵਿਚ ਹੀ ਇੰਗਲੈਂਡ ਦੇ ਨਾਵਲਕਾਰ ਜੌਹਨ ਲੇ ਕੈਰੇ (John Le Carre) ਦੀ ਯਾਦ ਆਉਂਦੀ ਹੈ ਜਿਸ ਨੇ ਇੰਗਲੈਂਡ ਦੀਆਂ ਖ਼ੁਫ਼ੀਆ ਏਜੰਸੀਆਂ ਐੱਮਆਈ ਫਾਈਵ, ਐੱਮਆਈ ਸਿਕਸ, ਅਮਰੀਕੀ ਖ਼ੁਫ਼ੀਆ ਏਜੰਸੀ ਸੀਆਈਏ, ਰੂਸੀ ਖ਼ੁਫ਼ੀਆ ਏਜੰਸੀ ਕੇਜੀਬੀ ਅਤੇ ਦੁਨੀਆ ਦੇ ਸਮੁੱਚੀ ਖ਼ੁਫ਼ੀਆ ਤੰਤਰ ਬਾਰੇ ਨਾਵਲ ਲਿਖੇ। ਨਾਵਲ ਦੇ ਖੇਤਰ ਵਿਚ ਇਹ ਕਿਹਾ ਜਾਂਦਾ ਹੈ ਕਿ ਵੱਡਾ ਨਾਵਲਕਾਰ ਉਹ ਹੁੰਦਾ ਹੈ ਜੋ ਨਾਵਲਕਾਰੀ ਤੇ ਗਿਆਨ ਦੇ ਕਿਸੇ ਹੋਰ ਖੇਤਰ ਵਿਚਕਾਰਲੀ ਹੱਦਬੰਦੀ ਨੂੰ ਤੋੜਦਾ ਹੈ ਜਿਵੇਂ ਟਾਲਸਟਾਏ ਨੇ ਨਾਵਲਕਾਰੀ ਤੇ ਇਤਿਹਾਸ ਵਿਚਕਾਰਲੀ ਹੱਦਬੰਦੀ ਨੂੰ ਤੋੜਿਆ, ਦਾਸਤੋਵਸਕੀ ਨੇ ਮਨੋਵਿਗਿਆਨ ਤੇ ਨਾਵਲਕਾਰੀ, ਯਾਂ ਪਾਲ ਸਾਰਤਰ ਨੇ ਫਲਸਫ਼ੇ ਤੇ ਨਾਵਲਕਾਰੀ, ਕੁਰਤ ਵੋਨਰਗੈਟ ਨੇ ਸਾਇੰਸ ਫਿਕਸ਼ਨ ਤੇ ਨਾਵਲਕਾਰੀ ਵਿਚਕਾਰਲੀਆਂ ਹੱਦਬੰਦੀਆਂ ਨੂੰ ਤੋੜਿਆ; ਗੁੰਟਰ ਗਰਾਸ ਤੇ ਗੈਬਰੀਅਲ ਗਾਰਸ਼ੀਆ ਮਾਰਖੇਜ਼ ਨੇ ਯਥਾਰਥ ਦੀਆਂ ਹੱਦਾਂ ਨੂੰ ਤੋੜਿਆ ਤੇ ਇਸ ਤਰ੍ਹਾਂ ਇਨ੍ਹਾਂ ਨਾਵਲਕਾਰਾਂ ਨੇ ਮਹਾਨ ਸਾਹਿਤ ਰਚਿਆ। ਜੌਹਨ ਲੇ ਕੈਰੇ ਨੇ ਖ਼ੁਫ਼ੀਆ ਨਾਵਲਕਾਰੀ ਤੇ ਸਾਹਿਤਕ ਨਾਵਲਕਾਰੀ ਵਿਚਲੀਆਂ ਹੱਦਾਂ ਨੂੰ ਤੋੜਿਆ। ਉਹ ਖ਼ੁਦ ਇੰਗਲੈਂਡ ਦੀਆਂ ਖ਼ੁਫ਼ੀਆ ਏਜੰਸੀਆਂ ਐੱਮਆਈ ਫਾਈਵ ਤੇ ਐੱਮਆਈ ਸਿਕਸ ਵਿਚ ਕੰਮ ਕਰਦਾ ਰਿਹਾ ਸੀ ਤੇ ਉਸ ਨੇ ‘ਏ ਪਰਫੈਕਟ ਸਪਾਈ’, ‘ਰਸ਼ੀਆ ਹਾਊਸ’, ‘ਦਿ ਸੀਕਰੇਟ ਪਿਲਗਰਿਮੇਜ’, ‘ਦਿ ਸਪਾਈ ਹੂ ਕੇਮ ਇਨ ਫਰੌਮ ਦਿ ਕੋਲਡ’ ਜਿਹੇ ਸ਼ਾਹਕਾਰ ਨਾਵਲ ਲਿਖੇ।

Advertisement

ਇਨ੍ਹਾਂ ਸਮਿਆਂ ਵਿਚ ਜੌਹਨ ਲੇ ਕੈਰੇ ਦੀ ਯਾਦ ਇਸ ਲਈ ਆ ਰਹੀ ਹੈ ਕਿ ਉਹ ਚੁੱਪ ਰਹਿਣ ਵਾਲਾ ਸਾਹਿਤਕਾਰ ਨਹੀਂ ਸੀ। ਉਹ ਦੁਨੀਆ ਵਿਚ ਤਾਕਤ ਦੇ ਸੰਤੁਲਨ ਦੇ ਸਿਧਾਂਤਾਂ, ਸਿਆਸੀ ਨੈਤਿਕਤਾ, ਰਾਜਨੀਤਕ ਅਮਲ ਦੀਆਂ ਸੀਮਾਵਾਂ, ਫ਼ੌਜੀ ਤਾਕਤ ਦੀ ਵਰਤੋਂ ਦੇ ਸਿੱਟਿਆਂ ਅਤੇ ਇਨ੍ਹਾਂ ਵਿਚਲੇ ਰਿਸ਼ਤਿਆਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਅਮਰੀਕਾ ਦੇ ਇਰਾਕ ’ਤੇ ਕੀਤੇ ਹਮਲੇ ਬਾਰੇ ਉਸ ਦੇ 2003 ਵਿਚ ਲਿਖੇ ਸ਼ਬਦ ਇਲਹਾਮੀ ਹੋ ਨਿੱਬੜੇ ਹਨ। ਉਸ ਨੇ ਆਪਣੇ ਲੇਖ ‘ਅਮਰੀਕਾ ਪਾਗਲ ਹੋ ਗਿਆ ਹੈ (United States of America Has Gone Mad)’ ਵਿਚ ਲਿਖਿਆ, ‘‘ਅਮਰੀਕਾ ਇਤਿਹਾਸਕ ਪਾਗਲਪਣ ਦੇ ਦੌਰ ਵਿਚ ਦਾਖ਼ਲ ਹੋ ਗਿਆ ਹੈ... ਇਹ ਮੈਕਾਰਥੀਇਜ਼ਮ ਦੇ ਦੌਰ (ਜਦੋਂ ਅਮਰੀਕਾ ਵਿਚ ਖੱਬੇ ਪੱਖੀਆਂ ਨੂੰ ਨਿਸ਼ਾਨਾ ਬਣਾਇਆ ਗਿਆ) ਤੋਂ ਕਿਤੇ ਖ਼ਤਰਨਾਕ ਹੈ, ਤੇ ਕਿਤੇ ਖ਼ਤਰਨਾਕ ਹੈ ‘ਬੇਅ ਆਫ ਪਿਗਜ਼’ (ਜਦੋਂ ਅਮਰੀਕਾ ਨੇ 1961 ਵਿਚ ਕਿਊਬਾ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ) ਵਾਲੀ ਘਟਨਾ ਤੋਂ। ਲੰਮੇ ਸਮੇਂ ਦੇ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਇਹ ਦੌਰ ਵੀਅਤਨਾਮ ਜੰਗ ਨਾਲੋਂ ਕਿਤੇ ਜ਼ਿਆਦਾ ਬਿਪਤਾਜਨਕ ਹੋਣ ਦੀ ਸੰਭਾਵਨਾ ਰੱਖਦਾ ਹੈ।’’

2003 ਵਿਚ ਅਮਰੀਕਾ, ਇੰਗਲੈਂਡ ਤੇ ਉਨ੍ਹਾਂ ਦੇ ਸਹਿਯੋਗੀ ਦੇਸ਼ਾਂ ਨੇ ਇਰਾਕ ’ਤੇ ਹਮਲਾ ਇਹ ਕਹਿੰਦਿਆਂ ਕੀਤਾ ਸੀ ਕਿ ਇਰਾਕ ਕੋਲ ਵੱਡੇ ਪੱਧਰ ’ਤੇ ਸਮੂਹਿਕ ਤਬਾਹੀ ਕਰਨ ਵਾਲੇ ਹਥਿਆਰ ਹਨ। ਅਮਰੀਕੀ ਫ਼ੌਜਾਂ ਨੇ ਇਰਾਕ ਨੂੰ ਤਬਾਹ ਕਰ ਦਿੱਤਾ, ਇਮਾਰਤਾਂ, ਹਸਪਤਾਲ, ਸਕੂਲ ਸਭ ਮਿੱਟੀ ਵਿਚ ਮਿਲਾ ਦਿੱਤੇ ਪਰ ਉਨ੍ਹਾਂ ਨੂੰ ਸਮੂਹਿਕ ਤਬਾਹੀ ਕਰਨ ਵਾਲੇ ਹਥਿਆਰ ਨਾ ਲੱਭੇ ਕਿਉਂਕਿ ਇਰਾਕ ਕੋਲ ਅਜਿਹੇ ਹਥਿਆਰ ਹੈ ਹੀ ਨਹੀਂ ਸਨ। ਵੱਖ ਵੱਖ ਅੰਦਾਜ਼ਿਆਂ ਅਨੁਸਾਰ 2003 ਤੋਂ 2011 ਤਕ ਚੱਲੀ ਇਸ ਜੰਗ ਵਿਚ 1.5 ਲੱਖ ਤੋਂ 6.5 ਲੱਖ ਲੋਕ ਮਾਰੇ ਗਏ, ਇਰਾਕ ਦਾ ਸਿਆਸੀ ਤੇ ਸਮਾਜਿਕ ਤਾਣਾ-ਬਾਣਾ/ਸ਼ੀਰਾਜ਼ਾ ਬਿਖਰ ਗਿਆ; ਸਿਆਸਤ ਦੇ ਨਕਸ਼ ਵਿਗੜ ਗਏ; ਮੁਲਕ ਤਬਾਹ ਹੋ ਗਿਆ। ਅਮਰੀਕਾ ਨੇ ਇਹੀ ਕਹਾਣੀ ਲਿਬੀਆ ਤੇ ਸੀਰੀਆ ਵਿਚ ਦੁਹਰਾਈ; ਚੰਗੇ ਭਲੇ ਵੱਸਦੇ ਦੇਸ਼ਾਂ ਦੀ ਸਿਆਸੀ ਤੋਰ ਲੀਹੋਂ ਲੱਥ ਗਈ, ਦੇਸ਼ ਖਾਨਾਜੰਗੀ ਦਾ ਸ਼ਿਕਾਰ ਹੋਏ, ਵੱਡੇ ਪੱਧਰ ’ਤੇ ਤਬਾਹੀ ਹੋਈ, ਹਜ਼ਾਰਾਂ ਜਾਨਾਂ ਗਈਆਂ। 2003 ਤੋਂ ਸ਼ੁਰੂ ਹੋਇਆ ਇਹ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਤੇ 2025 ਵਿਚ ਇਸ ਜਬਰ ਨੇ ਨਵੀਆਂ ਸਿਖ਼ਰਾਂ ਛੂਹੀਆਂ ਹਨ। ਗਾਜ਼ਾ ਵਿਚ 2023 ਤੋਂ ਹੋ ਰਹੀ ਨਸਲਕੁਸ਼ੀ ਅਤੇ ਹੁਣ ਅਮਰੀਕਾ ਤੇ ਇਜ਼ਰਾਈਲ ਦੇ ਇਰਾਨ ’ਤੇ ਹਮਲਿਆਂ ਨੇ ਕੌਮਾਂਤਰੀ ਕਾਨੂੰਨ ਤੇ ਨੈਤਿਕ ਵਿਧੀ-ਵਿਧਾਨ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ।

ਜਦੋਂ ਜਬਰ ਹੋ ਰਿਹਾ ਹੋਵੇ ਤਾਂ ਉਸ ਦਾ ਵਿਰੋਧ ਹੁੰਦਾ ਹੈ। ਦੂਜੀ ਆਲਮੀ ਜੰਗ ਤੋਂ ਬਾਅਦ ਦੁਨੀਆ ਭਰ ਵਿਚ ਅਮਨ ਲਹਿਰ ਚੱਲੀ ਜਿਸ ਦੀ ਗੂੰਜ ਸਾਰੇ ਦੇਸ਼ ਤੇ ਪੰਜਾਬ ਵਿਚ ਵੀ ਸੁਣਾਈ ਦਿੱਤੀ। ਪੰਜਾਬ ਵਿਚ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਨੇ ਇਸ ਲਹਿਰ ਨੂੰ ਸਥਾਨਕ ਸਭਿਆਚਾਰਕ ਨਕਸ਼ ਦਿੱਤੇ। ਤੇਰਾ ਸਿੰਘ ਚੰਨ ਦੇ ਇਹ ਬੋਲ ‘ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ’ ਪੰਜਾਬ ਵਿਚ ਅਮਨ ਲਹਿਰ ਦਾ ਪਛਾਣ-ਬੋਲ ਬਣ ਗਿਆ। ਤੇਰਾ ਸਿੰਘ ਚੰਨ, ਜਗਦੀਸ਼ ਫਰਿਆਦੀ, ਜੋਗਿੰਦਰ ਬਾਹਰਲਾ, ਅਮਰਜੀਤ ਗੁਰਦਾਸਪੁਰੀ, ਸੁਰਿੰਦਰ ਕੌਰ, ਮੱਲ੍ਹ ਸਿੰਘ ਰਾਮਪੁਰੀ, ਹੁਕਮ ਚੰਦ ਖਲੀਲੀ, ਬਲਰਾਜ ਸਾਹਨੀ, ਨਿਰੰਜਨ ਸਿੰਘ ਮਾਨ, ਪ੍ਰੀਤ ਮਾਨ ਤੇ ਪੰਜਾਬ ਦੇ ਉੱਘੇ ਲੇਖਕ (ਜਿਵੇਂ ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਸੰਤੋਖ ਸਿੰਘ ਧੀਰ ਆਦਿ) ਤੇ ਕਲਾਕਾਰ ਅਮਨ ਲਹਿਰ ਦੇ ਬੁਲਾਰੇ ਬਣ ਕੇ ਉੱਭਰੇ। ਵੀਅਤਨਾਮ ਜੰਗ ਦੌਰਾਨ ਪੰਜਾਬ ਇਕਸੁਰ ਹੋ ਕੇ ਅਮਰੀਕਾ ਦੀਆਂ ਸਾਮਰਾਜੀ ਨੀਤੀਆਂ ਵਿਰੁੱਧ ਬੋਲਿਆ ਤੇ ‘ਤੇਰਾ ਨਾਮ, ਮੇਰਾ ਨਾਮ ਵੀਅਤਨਾਮ’ ਪੰਜਾਬ ਦੇ ਸਾਮਰਾਜ-ਵਿਰੋਧ ਦੇ ਪਛਾਣ-ਬੋਲ ਬਣੇ। ਇਹ ਉਹੀ ਸਮੇਂ ਸਨ ਜਦੋਂ ਅਮਰੀਕਾ ਕੋਰੀਆ, ਵੀਅਤਨਾਮ ਤੇ ਕਈ ਹੋਰ ਦੇਸ਼ਾਂ ਵਿਚ ਸਿੱਧਾ ਦਖ਼ਲ ਦੇ ਕੇ ਜੰਗਾਂ ਕਰਵਾ ਰਿਹਾ ਸੀ।

ਦੁਨੀਆ ਵਿਚ ਅਮਰੀਕਾ ਦੀਆਂ ਇਨ੍ਹਾਂ ਕਾਰਵਾਈਆਂ ਦੇ ਵਿਰੁੱਧ ਅਮਨ ਲਹਿਰ ਤਾਂ ਚੱਲੀ ਹੀ ਪਰ ਇੱਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਦੇਸ਼ ਸਮੂਹਿਕ ਰੂਪ ਵਿਚ ਕੀ ਸਟੈਂਡ ਲੈਂਦਾ ਹੈ। ਭਾਰਤ ਇੱਕ ਨਵਾਂ ਆਜ਼ਾਦ ਹੋਇਆ ਦੇਸ਼ ਸੀ, ਗ਼ਰੀਬੀ ਤੇ ਪੱਛੜੇਪਣ ਨਾਲ ਜੂਝਦਾ ਹੋਇਆ। ਇਸ ਦਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸੀ ਜੋ ਬਹੁਤ ਸਾਰੇ ਖੱਬੇ ਪੱਖੀਆਂ ਦੀਆਂ ਨਜ਼ਰਾਂ ਵਿਚ ਭਾਰਤ ਦੀ ਬੁਰਜੁਆਈ ਦਾ ਪ੍ਰਤੀਨਿਧ ਤੇ ਉਨ੍ਹਾਂ ਦੀ ਸੇਵਾ ਕਰਨ ਵਾਲਾ ਸੀ ਅਤੇ ਸੱਜੇ ਪੱਖੀਆਂ ਦੀਆਂ ਨਜ਼ਰਾਂ ਵਿਚ ਭਾਰਤ ਨੂੰ ਸਮਾਜਵਾਦੀ ਰਾਹ-ਰਸਤੇ ’ਤੇ ਤੋਰਨ ਵਾਲਾ। ਨਹਿਰੂ ਨੇ ਦੁਨੀਆ ਵਿਚਲੇ ਤਾਕਤ ਦੇ ਤਵਾਜ਼ਨ ਨੂੰ ਦੇਖਦੇ ਹੋਏ ਉਸ ਸਮੇਂ ਦੀਆਂ ਵਿਸ਼ਵ ਸ਼ਕਤੀਆਂ ਅਮਰੀਕਾ ਤੇ ਸੋਵੀਅਤ ਯੂਨੀਅਨ ਤੋਂ ਬਰਾਬਰ ਦੂਰੀ ਰੱਖਣ ਦਾ ਰਸਤਾ ਅਪਣਾਇਆ ਤੇ ਦੁਨੀਆ ਵਿਚ ਗੁੱਟ-ਨਿਰਲੇਪ (Non-aligned) ਲਹਿਰ ਦਾ ਬਾਨੀ ਬਣਿਆ। ਇਸ ਲਹਿਰ ਦੇ ਹੋਰ ਪ੍ਰਮੁੱਖ ਆਗੂਆਂ ਵਿਚ ਘਾਨਾ ਦਾ ਰਾਸ਼ਟਰਪਤੀ ਕਵਾਮੇ ਅੰਕਰੂਮਾਹ (Kwome Nkrumah), ਯੂਗੋਸਲਾਵੀਆ ਦਾ ਰਾਸ਼ਟਰਪਤੀ ਜੋਸਿਫ ਟੀਟੋ ਤੇ ਮਿਸਰ ਦਾ ਰਾਸ਼ਟਰਪਤੀ ਜਮਾਲ ਅਬਦਲ ਨਾਸਿਰ ਸ਼ਾਮਿਲ ਸਨ। ਇਹ ਲਹਿਰ ਸਾਮਰਾਜਵਾਦ ਤੇ ਬਸਤੀਵਾਦ ਦਾ ਵਿਰੋਧ ਕਰਨ ਵਾਲੀ ਪ੍ਰਮੁੱਖ ਲਹਿਰ ਬਣੀ।

ਗੁੱਟ-ਨਿਰਲੇਪ ਲਹਿਰ ਦਾ ਆਗਾਜ਼ 1961 ਵਿਚ ਹੋਇਆ ਸੀ ਪਰ ਇਸ ਤੋਂ ਪਹਿਲਾਂ ਨਹਿਰੂ ਨੇ ਉੱਤਰੀ ਕੋਰੀਆ ਤੇ ਦੱਖਣੀ ਕੋਰੀਆ ਵਿਚਕਾਰ ਜੰਗ ਅਤੇ ਅਮਰੀਕਾ ਦੇ ਦਖ਼ਲ ਵਿਰੁੱਧ ਸਟੈਂਡ ਲਿਆ।

ਇਸ ਸਬੰਧ ਵਿਚ ਨਹਿਰੂ ਤੇ ਸੋਵੀਅਤ ਯੂਨੀਅਨ ਦੇ ਆਗੂ ਜੋਸੇਫ ਸਟਾਲਿਨ ਵਿਚਕਾਰ ਹੋਈ ਖ਼ਤੋ-ਕਿਤਾਬਤ ਮਹੱਤਵਪੂਰਨ ਹੈ। ਇਕ ਖ਼ਤ ਵਿਚ ਨਹਿਰੂ ਨੇ ਸਟਾਲਿਨ ਨੂੰ ਲਿਖਿਆ, ‘‘ਮੈਨੂੰ ਅਮਨ ਕਾਇਮ ਕਰਨ ਲਈ ਤੁਹਾਡੇ ਦ੍ਰਿੜ੍ਹ ਇਰਾਦੇ ’ਤੇ ਵਿਸ਼ਵਾਸ ਹੈ ਤੇ ਮੈਂ ਤੁਹਾਨੂੰ ਇਹ ਨਿੱਜੀ ਅਪੀਲ ਕਰਨ ਦਾ ਸਾਹਸ ਕਰਦਾ ਹਾਂ ਕਿ ਤੁਸੀਂ ਉਸ ਸਾਂਝੇ ਨਿਸ਼ਾਨੇ ਤੱਕ ਪਹੁੰਚਣ ਲਈ ਆਪਣੇ ਅਖਤਿਆਰਾਂ ਤੇ ਪ੍ਰਭਾਵ ਦਾ ਇਸਤੇਮਾਲ ਕਰੋ ਜਿਸ ’ਤੇ ਮਨੁੱਖਤਾ ਦਾ ਕਲਿਆਣ ਨਿਰਭਰ ਹੈ।’’ ਸਟਾਲਿਨ ਨੇ ਜਵਾਬ ਦਿੱਤਾ, ‘‘ਮੈਂ ਅਮਨ ਲਈ ਤੁਹਾਡੀ ਪਹਿਲਕਦਮੀ ਦਾ ਸਵਾਗਤ ਕਰਦਾ ਹਾਂ। ਮੈਂ ਤੁਹਾਡੇ ਇਸ ਵਿਚਾਰ ਨਾਲ ਸਹਿਮਤ ਹਾਂ ਕਿ ਕੋਰੀਆ ਦੇ ਮਸਲੇ ਦਾ ਹੱਲ ਸੁਰੱਖਿਆ ਕੌਂਸਲ ਰਾਹੀਂ ਹੋਣਾ ਚਾਹੀਦਾ ਹੈ ਤੇ ਇਸ ਵਿਚ ਪੰਜੇ ਤਾਕਤਾਂ, ਜਿਨ੍ਹਾਂ ਵਿਚ ਪੀਪਲਜ਼ ਗੌਰਮਿੰਟ ਆਫ ਚਾਈਨਾ ਵੀ ਸ਼ਾਮਿਲ ਹੋਵੇ, ਨੂੰ ਇਸ ਕਾਰਜ ਵਿਚ ਸਹਾਈ ਹੋਣਾ ਚਾਹੀਦਾ ਹੈ।’’ ਨਹਿਰੂ ਨੇ ਇਸ ਖ਼ਤ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਉਹ ਦੂਸਰੇ ਦੇਸ਼ਾਂ ਨਾਲ ਗੱਲਬਾਤ ਸ਼ੁਰੂ ਕਰ ਰਿਹਾ ਹੈ।

ਨਹਿਰੂ ਨੇ ਅਮਰੀਕਾ, ਚੀਨ, ਇੰਗਲੈਂਡ, ਕੈਨੇਡਾ ਤੇ ਹੋਰ ਦੇਸ਼ਾਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਤੇ ਭਾਰਤ ਦੇ ਸੰਯੁਕਤ ਰਾਸ਼ਟਰ ਤੇ ਸੰਯੁਕਤ ਰਾਸ਼ਟਰ ਤੋਂ ਬਾਹਰ ਕੀਤੇ ਗਏ ਯਤਨਾਂ ਨਾਲ ਇਸ ਜੰਗ ਵਿਚ 1953 ਵਿਚ ਜੰਗਬੰਦੀ ਕਰਾਉਣੀ ਸੰਭਵ ਹੋਈ। ਜੰਗ ਤੋਂ ਬਾਅਦ ਵੱਡਾ ਮਸਲਾ ਜੰਗੀ ਕੈਦੀਆਂ ਦਾ ਸੀ; ਭਾਰਤ ਨੂੰ ਉਸ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ ਜਿਸ ਨੇ ਜੰਗੀ ਕੈਦੀਆਂ ਨੂੰ ਆਪੋ-ਆਪਣੇ ਦੇਸ਼ ਪਹੁੰਚਾਉਣਾ ਸੀ; ਇਸ ਲਈ ਭਾਰਤ ਨੇ 6000 ਫ਼ੌਜੀ ਵੀ ਤਾਇਨਾਤ ਕੀਤੇ।

ਅਮਰੀਕਾ ਇਸ ਜੰਗ ਵਿਚ ਨਹਿਰੂ ਦੀ ਭੂਮਿਕਾ ਤੋਂ ਕਾਫ਼ੀ ਨਾਰਾਜ਼ ਸੀ। ਅਮਰੀਕੀ ਰਾਸ਼ਟਰਪਤੀ ਹੈਰੀ ਟਰੂਮੈਨ ਨੇ ਕਿਹਾ, ‘‘ਕੋਰੀਆ ਵਿਚ ਸਾਡਾ ਜੰਗ ਵਿਚ ਹਾਰਨ ਦਾ ਕਾਰਨ ਉਸ (ਨਹਿਰੂ) ਦਾ ਰਵੱਈਆ ਹੈ।’’ ਇਸ ਦੇ ਬਾਵਜੂਦ ਅਮਰੀਕਾ ਨੇ ਕਈ ਵਾਰ ਭਾਰਤ ਨੂੰ ਵਿਚੋਲਗੀ ਕਰਨ ਲਈ ਕਿਹਾ। ਇਸ ਕਾਰਜ ਵਿਚ ਇੰਗਲੈਂਡ ਤੇ ਕੈਨੇਡਾ ਕਈ ਮੌਕਿਆਂ ’ਤੇ ਭਾਰਤ ਦੀਆਂ ਤਜਵੀਜ਼ਾਂ ਦੇ ਹੱਕ ਵਿਚ ਅਮਰੀਕਾ ਵਿਰੁੱਧ ਭੁਗਤੇ।

ਉਪਰੋਕਤ ਬਹਿਸ ਦਾ ਮੰਤਵ ਇਹ ਦਰਸਾਉਣਾ ਹੈ ਕਿ ਕੌਮਾਂਤਰੀ ਕਾਨੂੰਨ ਤੇ ਨੈਤਿਕਤਾ ਦੀ ਪੈਰਵੀ ਕਰਦੇ ਹੋਏ ਕੋਈ ਵੀ ਦੇਸ਼ ਦੁਨੀਆ ਵਿਚ ਹੋ ਰਹੀਆਂ ਜੰਗਾਂ ਸਮੇਂ ਜੰਗਬੰਦੀ ਤੇ ਅਮਨ ਕਾਇਮ ਕਰਾਉਣ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ ਜੋ ਨਹਿਰੂ ਦੀ ਕਿਆਦਤ ਵਿਚ ਭਾਰਤ ਨੇ 1950-1953 ਵਿਚ ਕੋਰੀਆ ਦੀ ਜੰਗ ਵਿਚ ਨਿਭਾਈ। ਇਸ ਤੋਂ ਬਾਅਦ ਵੀ ਭਾਰਤ ਕੌਮਾਂਤਰੀ ਮੰਚ ’ਤੇ ਵੀਅਤਨਾਮ, ਦੱਖਣੀ ਅਫਰੀਕਾ, ਫਲਸਤੀਨ ਤੇ ਬਸਤੀਵਾਦ ਤੇ ਸਾਮਰਾਜਵਾਦ ਦੁਆਰਾ ਲਿਤਾੜੇ ਜਾਂਦੇ ਦੇਸ਼ਾਂ ਦੇ ਹੱਕ ਵਿਚ ਖੜ੍ਹਦਾ ਰਿਹਾ। ਸਾਡੇ ਲਈ ਆਪਣੇ ਆਪ ਤੋਂ ਪੁੱਛਣ ਵਾਲਾ ਸਵਾਲ ਇਹ ਹੈ ਕਿ ਭਾਰਤ ਦੀ ਉਸ ਵਿਦੇਸ਼ ਨੀਤੀ ਦੇ ਨੈਤਿਕ ਪੱਧਰ ਤੇ ਰੁਤਬੇ ਦੀ ਅੱਜ ਕੀ ਸਥਿਤੀ ਹੈ।

ਅਫ਼ਸੋਸਨਾਕ ਤੱਥ ਇਹ ਹੈ ਕਿ ਭਾਰਤ ਨੇ ਕੌਮਾਂਤਰੀ ਮਸਲਿਆਂ ਵਿਚ ਨੈਤਿਕ ਪੈਂਤੜੇ ਲੈਣੇ ਛੱਡ ਦਿੱਤੇ ਹਨ। ਵੀਹਵੀਂ ਸਦੀ ’ਚ ਫ਼ਲਸਤੀਨ ਦੀ ਵੱਡੀ ਹਮਾਇਤ ਕਰਨ ਵਾਲੇ ਭਾਰਤ ਨੇ ਇਜ਼ਰਾਈਲ ਦੁਆਰਾ ਗਾਜ਼ਾ ਵਿਚ ਕੀਤੀ ਜਾ ਰਹੀ ਨਸਲਕੁਸ਼ੀ ਦਾ ਡਟ ਕੇ ਵਿਰੋਧ ਨਹੀਂ ਕੀਤਾ। ਭਾਰਤ ਦੀ ਪ੍ਰਮੁੱਖ ਸਿਆਸੀ ਪਾਰਟੀ ਭਾਰਤੀ ਜਨਤਾ ਪਾਰਟੀ ਇਸ ਸਬੰਧ ਵਿਚ ਖ਼ਾਮੋਸ਼ ਰਹੀ ਹੈ। ਹਕੀਕਤ ਇਹ ਹੈ ਕਿ ਭਾਰਤ ਇਜ਼ਰਾਈਲ ਦੀ ਜਾਬਰਾਨਾ ਹਕੂਮਤ ਦਾ ਨਜ਼ਦੀਕੀ ਅਤੇ ਹਮਾਇਤੀ ਹੈ। ਇਹ ਹੀ ਨਹੀਂ, ਭਾਰਤ ਨੇ ਅਮਰੀਕਾ ਦੇ ਇਰਾਨ, ਸੀਰੀਆ, ਲਿਬੀਆ ਤੇ ਹੋਰ ਦੇਸ਼ਾਂ ਵਿਚ ਕੀਤੇ ਗਏ ਅਣਮਨੁੱਖੀ ਕਾਰਿਆਂ ਦਾ ਵੀ ਡਟ ਕੇ ਵਿਰੋਧ ਨਹੀਂ ਕੀਤਾ। ਇਸ ਸਭ ਨੇ ਭਾਰਤ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਦੇ ਨਾਲ ਨਾਲ ਦੇਸ਼ ਦੇ ਲੋਕਾਂ ਦੀ ਵੱਡੀ ਗਿਣਤੀ ਨੂੰ ਮੁਸਲਿਮ-ਵਿਰੋਧ ਦੀ ਜ਼ਹਿਰੀਲੀ ਚਾਸ਼ਨੀ ਪਿਲਾ ਕੇ ਇੱਕ ਅਨੈਤਿਕ ਦਲਦਲ ਵਿਚ ਧੱਕ ਦਿੱਤਾ ਗਿਆ ਹੈ। ਭਾਰਤ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਾਉਣ ਦੇ ਦਾਅਵੇ ਕਰਦਾ ਹੈ। ਅਜਿਹੇ ਦਾਅਵੇ ਕਰਨ ਵਾਲੇ ਦੇਸ਼ ਨੂੰ ਵਿਸ਼ਵ ਮੰਚ ’ਤੇ ਉਹ ਨੈਤਿਕ ਪੈਂਤੜੇ ਲੈਣੇ ਚਾਹੀਦੇ ਹਨ ਜੋ ਮਨੁੱਖਤਾ ਦੇ ਹੱਕ ਵਿਚ ਤੇ ਜਬਰ-ਜ਼ੁਲਮ ਦੇ ਵਿਰੁੱਧ ਹੋਣ ਪਰ ਇਸ ਤਰ੍ਹਾਂ ਨਹੀਂ ਹੋ ਰਿਹਾ।

ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਵਿਸ਼ਵ ਦੇ ਸਿਆਸੀ ਮੰਚ ’ਤੇ ਭਾਰਤ ਏਨਾ ਬੇਵੱਸ, ਏਨਾ ਨਿਤਾਣਾ ਤੇ ਨੈਤਿਕਤਾ ਤੋਂ ਹੀਣਾ ਕਦੇ ਨਹੀਂ ਸੀ ਹੋਇਆ ਜਿੰਨਾ ਹੁਣ ਹੈ। ਇਸ ਖੋਖ਼ਲੇਪਣ ਤੇ ਬੇਵੱਸੀ ਨੂੰ ਛੁਪਾਉਣ ਲਈ ਕੇਂਦਰ ਵਿੱਚ ਸੱਤਾਧਾਰੀ ਪਾਰਟੀ ਦੇ ਆਗੂ ਸ਼ਬਦਾਂ ਦੀ ਮਾਇਆ-ਨਗਰੀ ਉਸਾਰਦੇ ਤੇ ਅੰਧ-ਰਾਸ਼ਟਰਵਾਦ ਦੇ ਵੱਡੇ ਵੱਡੇ ਫੋਕੇ ਦਾਅਵੇ ਕਰਦੇ ਹਨ। ਇਕ ਹੋਰ ਇਤਫ਼ਾਕ ਇਹ ਹੈ ਕਿ ਇਸ ਸਮੇਂ ਦੇ ਦੁਨੀਆ ਦੇ ਪ੍ਰਮੁੱਖ ਆਗੂਆਂ ਡੋਨਲਡ ਟਰੰਪ, ਵਲਾਦੀਮੀਰ ਪੂਤਿਨ, ਨਰਿੰਦਰ ਮੋਦੀ, ਬੈਜਾਂਮਿਨ ਨੇਤਨਯਾਹੂ, ਜ਼ੈਲਿੰਸਕੀ ਆਦਿ ਦੇ ਸੋਚ-ਸੰਸਾਰ ਅਜੀਬ ਤਰ੍ਹਾਂ ਨਾਲ ਮਿਲਦੇ ਜੁਲਦੇ ਹਨ। 2017 ਵਿਚ ਜੌਹਨ ਲੇ ਕੈਰੇ ਨੇ ਕਿਹਾ ਸੀ ਕਿ ਅਮਰੀਕਾ ਵਿਚ ਡੋਨਲਡ ਟਰੰਪ ਦੀ ਚੜ੍ਹਤ ਤੇ 1930ਵਿਆਂ ਵਿਚ ਯੂਰੋਪ ਵਿਚ ਆਏ ਫਾਸ਼ੀਵਾਦੀ ਉਭਾਰ ਵਿਚ ਜ਼ਹਿਰੀਲੀ ਤਰ੍ਹਾਂ ਦੀ ਸਮਾਨਤਾ ਹੈ; ਨਸਲੀ ਨਫ਼ਰਤ ਨੂੰ ਉਭਾਰਨਾ, ਤੱਥਾਂ ਨੂੰ ਝੂਠੀਆਂ ਖ਼ਬਰਾਂ (ਫ਼ੇਕ ਨਿਊਜ਼) ਕਹਿਣਾ, ਸੰਵਿਧਾਨ ਤੇ ਕਾਨੂੰਨ ਦੀ ਪਰਵਾਹ ਨਾ ਕਰਨਾ, ਜੌਹਨ ਲੇ ਕੈਰੇ ਅਨੁਸਾਰ ਫਾਸ਼ੀਵਾਦ ਦੇ ਉਭਾਰ ਦੀਆਂ ਨਿਸ਼ਾਨੀਆਂ ਹਨ ਤੇ ਇਹ ਸਭ ਦੇਸ਼ਾਂ ਵਿਚ ਵਾਪਰ ਰਿਹਾ ਹੈ ਅਮਰੀਕਾ, ਇਜ਼ਰਾਈਲ, ਪੋਲੈਂਡ, ਹੰਗਰੀ, ਭਾਰਤ ਸਭ ਵਿਚ।

ਪੰਜਾਬ ਵਿਚ ਇਜ਼ਰਾਈਲ ਦੇ ਗਾਜ਼ਾ ’ਤੇ ਅਣਮਨੁੱਖੀ ਹਮਲਿਆਂ ਤੇ ਅਮਰੀਕਾ ਤੇ ਇਜ਼ਰਾਈਲ ਦੇ ਇਰਾਨ ’ਤੇ ਹਮਲਿਆਂ ਵਿਰੁੱਧ ਆਵਾਜ਼ਾਂ ਉੱਠੀਆਂ ਹਨ, ਖ਼ਾਸਕਰ ਖੱਬੇ ਪੱਖੀ ਧਿਰਾਂ ਵੱਲੋਂ; ਸਪੱਸ਼ਟ ਹੈ ਕਿ ਇਹ ਧਿਰਾਂ ਹੁਣ ਕਮਜ਼ੋਰ ਹਨ ਤੇ ਇਸ ਲਈ ਇਹ ਆਵਾਜ਼ਾਂ ਵੀ ਕਮਜ਼ੋਰ ਹਨ ਪਰ ਇਨ੍ਹਾਂ ਆਵਾਜ਼ਾਂ ਦੀ ਮਨੁੱਖੀ ਤੇ ਨੈਤਿਕ ਅਹਿਮੀਅਤ ਬਹੁਤ ਜ਼ਿਆਦਾ ਹੈ। ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਪੰਜਾਬ, ਜੋ ਨਾਨਕ-ਪ੍ਰਸਤਾਂ ਦੀ ਭੂਮੀ ਹੈ, ਤੋਂ ਇਨ੍ਹਾਂ ਜਾਬਰਾਨਾ ਹਮਲਿਆਂ ਵਿਰੁੱਧ ਇਕੱਠੀ ਤੇ ਸਮੂਹਿਕ ਆਵਾਜ਼ ਕਿਉਂ ਨਹੀਂ ਉੱਠੀ। ਕੀ ਨਾਨਕ-ਪ੍ਰਸਤ ਨਹੀਂ ਜਾਣਦੇ ਕਿ ਜੋ ਇਜ਼ਰਾਈਲ ਗਾਜ਼ਾ ਵਿਚ ਕਰ ਰਿਹਾ ਹੈ ਉਹ ਮਨੁੱਖਤਾ ਦਾ ਘਾਣ ਹੈ; ਗਾਜ਼ਾ ਵਿਚ ਹੋ ਰਿਹਾ ਜ਼ੁਲਮ ਬਾਬਰ ਦੇ ਹਿੰਦੋਸਤਾਨ ’ਤੇ ਕੀਤੇ ਜ਼ੁਲਮਾਂ ਤੋਂ ਕਿਤੇ ਜ਼ਿਆਦਾ ਹੈ; ਬਾਬਰ ਦੇ ਹਮਲੇ ਵਿਰੁੱਧ ਲਿਖਦਿਆਂ ਬਾਬਾ ਨਾਨਕ ਜੀ ਨੇ ਕਿਹਾ ਸੀ, ‘‘ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ।।’’

ਹੁਣ ਤਾਂ ਮਾਰ ਪੈਣ ਦੀਆਂ ਹੱਦਾਂ ਹੀ ਟੁੱਟ ਗਈਆਂ ਹਨ। ਬੱਚੇ, ਔਰਤਾਂ, ਬੁੱਢੇ, ਜਵਾਨ, ਸਕੂਲ, ਹਸਪਤਾਲ, ਆਸਰਾ ਘਰ, ਸਭ ਇਜ਼ਰਾਈਲ ਦੇ ਹਮਲਿਆਂ ਦਾ ਸ਼ਿਕਾਰ ਹੋਏ ਹਨ; ਇਹ ਨਸਲਕੁਸ਼ੀ ਹੈ ਤੇ ਪੰਜਾਬ ਵਿਚ ਇਸ ਵਿਰੁੱਧ ਸਮੂਹਿਕ ਆਵਾਜ਼ ਦਾ ਨਾ ਹੋਣਾ, ਪੰਜਾਬ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ- ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ - ਦਾ ਅਜਿਹੀ ਨਸਲਕੁਸ਼ੀ ਦੇ ਵਿਰੁੱਧ ਨਾ ਬੋਲਣਾ ਪੰਜਾਬ ਦੀ ਲੋਕਾਈ ਦੀ ਸਮੂਹਿਕ ਖ਼ਾਮੋਸ਼ੀ ਦਾ ਪ੍ਰਤੀਕ ਹੈ। ਇਸ ਵਿਚ ਕਸੂਰ ਲੋਕਾਈ ਦਾ ਨਹੀਂ, ਸਾਡੇ ਸਿਆਸੀ ਆਗੂਆਂ ਤੇ ਦਾਨਿਸ਼ਵਰਾਂ ਦਾ ਹੈ।

ਇਹ ਸਾਡੀ ਸਮੂਹਿਕ ਅਸੰਵੇਦਨਸ਼ੀਲਤਾ ਦਾ ਪ੍ਰਤੀਕ ਵੀ ਹੈ ਅਤੇ ਸਮਾਜ ਵਿਚ ਪੱਸਰ ਰਹੇ ਅਨੈਤਿਕ ਦਲਦਲ ਦਾ ਵੀ। ਜ਼ਰੂਰਤ ਹੈ ਕਿ ਪੰਜਾਬ ਦੇ ਲੋਕ ਸਿਰਫ਼ ਆਪਣੇ ਆਪ ਤੱਕ ਮਹਿਦੂਦ ਨਾ ਰਹਿਣ ਸਗੋਂ ਦੁਨੀਆ ਵਿਚ ਹਰ ਥਾਂ ’ਤੇ ਹੋ ਰਹੇ ਅਨਿਆਂ ਵਿਰੁੱਧ ਆਵਾਜ਼ ਉਠਾਉਣ ਭਾਵੇਂ ਉਹ ਪੰਜਾਬ ਵਿਚ ਹੋਵੇ, ਮਨੀਪੁਰ ਵਿਚ ਜਾਂ ਗਾਜ਼ਾ ਵਿਚ। ਅਨਿਆਂ ਵਿਰੁੱਧ ਆਵਾਜ਼ ਉਠਾਉਣ ਨਾਲ ਹੀ ਕਿਸੇ ਕੌਮ ਦਾ ਸੱਚ ਤੇ ਸਿਦਕ ਕਾਇਮ ਹੁੰਦੇ ਹਨ। ਜੇ ਪੰਜਾਬੀ ਕੌਮ ਨੇ ਆਪਣੀ ਨਾਨਕ-ਵਿਰਾਸਤ ਨੂੰ ਕਾਇਮ ਰੱਖਣਾ ਹੈ ਤਾਂ ਉਸ ਨੂੰ ਪੰਜਾਬ ਤੇ ਪੰਜਾਬ ਤੋਂ ਬਾਹਰ ਹੋ ਰਹੇ ਹਰ ਅਨਿਆਂ ਵਿਰੁੱਧ ਪੈਂਤੜੇ ਲੈਣ ਦੀ ਜ਼ਰੂਰਤ ਹੈ। ਜ਼ਰੂਰਤ ਹੈ ਕਿ ਪੰਜਾਬ ਦੇ ਦਾਨਿਸ਼ਵਰ, ਸਿਆਸੀ ਆਗੂ, ਜਨਤਕ ਜਥੇਬੰਦੀਆਂ, ਕਿਰਤੀ ਤੇ ਹੋਰ ਵਰਗਾਂ ਦੇ ਲੋਕ ਅਮਰੀਕਾ ਤੇ ਉਸ ਦੇ ਹਮਾਇਤੀਆਂ ਵੱਲੋਂ ਕਾਰਪੋਰੇਟੀ ਨਿਜ਼ਾਮ ਹੇਠਾਂ ਬਣ-ਉਸਰ ਰਹੇ ਅਨੈਤਿਕ ਖਲਾਅ ਵਿਰੁੱਧ ਲਾਮਬੰਦ ਹੋਣ ਤੇ ਇਕੱਠੇ ਹੋ ਕੇ ਆਵਾਜ਼ ਉਠਾਉਣ। ਅਮਰੀਕਾ ਤੇ ਕਾਰਪੋਰੇਟ ਸੰਸਾਰ ਦੇ ‘ਇਤਿਹਾਸਕ ਪਾਗਲਪਣ’ ਦਾ ਵਿਰੋਧ ਕਰਨ ਲਈ ਸਭ ਲੋਕ-ਪੱਖੀ ਤਾਕਤਾਂ ਦਾ ਏਕਾ ਜ਼ਰੂਰੀ ਹੈ। ਭਾਵੇਂ ਇਰਾਨ ਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਹੋ ਗਈ ਹੈ ਪਰ ਇਹ ਖ਼ਤਰਨਾਕ ਦੌਰ ਦੀ ਤੋਰ ਦੀ ਤੇਜ਼ੀ ਵਿਚ ਅਜੇ ਕਮੀ ਨਹੀਂ ਆਈ।

Advertisement
×