DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੰਡਨ ਦੀ ਅੱਖ ਅਤੇ ਸਿੱਖ ਰਾਜ ਦਾ ਆਖ਼ਰੀ ਸੂਰਜ

ਅਸੀਂ ਸਿੱਖ ਰਾਜ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਤੁਰ ਪਏ। ਵਾਟ ਕਾਫ਼ੀ ਲੰਮੀ ਸੀ ਪਰ ਇੰਗਲੈਂਡ ਦੀਆਂ ਸੜਕਾਂ ਅਤੇ ਨਵੀਆਂ ਨਕੋਰ ਸਾਫ਼ ਸੁਥਰੀਆਂ ਗੱਡੀਆਂ ਉੱਤੇ ਜਾਣਾ ਕੋਈ ਮੁਸ਼ਕਿਲ ਨਹੀਂ ਲੱਗਦਾ। ਲੰਡਨ ਸ਼ਹਿਰ ਦੀ ਭਾਰੀ ਟ੍ਰੈਫਿਕ ਭਰੀਆਂ ਸੜਕਾਂ ਤੋਂ ਬਾਹਰ ਨਿਕਲ ਛੇਤੀ ਹੀ ਸਾਡੀ ਕਾਰ ਸਟੇਟ ਹਾਈਵੇਅ ’ਤੇ ਦੌੜਨ ਲੱਗੀ। ਮੇਰੇ ਦਿਲ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਚਾਲੀ ਸਾਲਾਂ ਦਾ ਸੁਨਹਿਰੀ ਇਤਿਹਾਸ ਘੁੰਮ ਰਿਹਾ ਸੀ।
  • fb
  • twitter
  • whatsapp
  • whatsapp
Advertisement

ਵਲਾਇਤ ਦਾ ਨਾਂ ਸੁਣਦਿਆਂ ਹੀ ਚੇਤਿਆਂ ਦੀ ਸਰਦਲ ਉੱਤੇ ਗ਼ੁਲਾਮੀ ਦੀਆਂ ਜ਼ੰਜੀਰਾਂ ਦਾ ਲੰਮਾ ਇਤਿਹਾਸ ਘੁੰਮਣ ਲੱਗਦਾ ਹੈ ਅਤੇ ਗੋਰਿਆਂ ਦੀਆਂ ਚਤੁਰ ਚਲਾਕੀਆਂ ਵੀ ਸਮਝ ਆਉਂਦੀਆਂ ਹਨ। ਫਿਰ ਵੀ ਵਲਾਇਤ ਦੇਖਣ ਦੀ ਇੱਛਾ ਹਰ ਬੰਦੇ ਅੰਦਰ ਜਾਗਦੀ ਹੈ ਕਿ ਦੇਖ ਕੇ ਤਾਂ ਆਈਏ ਉਹ ਦੇਸ਼ ਜਿੱਥੋਂ ਦੇ ਗੋਰਿਆਂ ਨੇ ਸਾਰੀ ਦੁਨੀਆ ’ਤੇ ਰਾਜ ਕੀਤਾ।ਛੋਟੇ ਹੁੰਦਿਆਂ ਅਕਸਰ ਹੀ ਸੁਣਦੇ ਸੀ ਕਿ ਅੰਗਰੇਜ਼ਾਂ ਦੇ ਰਾਜ ਵਿੱਚ ਕਦੇ ਸੂਰਜ ਨਹੀਂ ਸੀ ਡੁੱਬਦਾ। ਜਦੋਂ ਜਵਾਨ ਹੋਏ ਚਾਰ ਅੱਖਰ ਪੜ੍ਹੇ ਤਾਂ ਫਿਰ ਇਸ ਕਹਾਵਤ ਦਾ ਸੱਚ ਪਤਾ ਲੱਗਾ। ਬਹੁਤ ਪਹਿਲਾਂ ਵਲਾਇਤ ਬਾਰੇ ਕਈ ਗੀਤ ਵੀ ਬਹੁਤ ਮਸ਼ਹੂਰ ਹੋਏ। ਮਹਿੰਦਰ ਸਿੰਘ ਕੋਮਲ ਦਾ ਲਿਖਿਆ ਤੇ ਗੁਲਸ਼ਨ ਕੋਮਲ ਦਾ ਗਾਇਆ ਗੀਤ ਅਕਸਰ ਹੀ ਰੇਡੀਓ ’ਤੇ ਸੁਣਦੇ ਹੁੰਦੇ ਸਾਂ:

ਕੱਢਣਾ ਰੁਮਾਲ ਦੇ ਗਿਉਂ ਵੇ

Advertisement

ਆਪ ਬਹਿ ਗਿਉਂ ਵਲਾਇਤ ਵਿੱਚ ਜਾ ਕੇ

ਕੀ ਲੱਭਾ ਬੇਦਰਦਾ ਵੇ

ਸਾਡੀ ਅੱਲੜਾਂ ਦੀ ਨੀਂਦ ਗੁਆ ਕੇ...

ਖ਼ੈਰ, ਕਦੇ ਕਦੇ ਦਿਲ ਵਿੱਚ ਵਲਾਇਤ ਦੇਖਣ ਦੀ ਇੱਛਾ ਜਾਗਦੀ ਰਹੀ ਪਰ ਨੌਕਰੀ ਦੌਰਾਨ ਛੁੱਟੀ ਮਨਜ਼ੂਰ ਕਰਾਉਣ ਦੇ ਝੰਜਟ ਕਰਨ ਤੋਂ ਟਾਲਾ ਵੱਟਦਿਆਂ ਚੁੱਪ ਕਰ ਜਾਣਾ। ਫਿਰ ਜਦੋਂ 2022 ਵਿੱਚ ਸੇਵਾਮੁਕਤ ਹੋਇਆ ਤਾਂ ਵਲਾਇਤ ਦੇਖਣ ਦਾ ਸਬੱਬ ਬਣ ਗਿਆ। ਮੇਰੇ ਵੱਡੇ ਭੈਣ ਜੀ ਦਾ ਵੱਡਾ ਪੁੱਤਰ ਭਾਵ ਮੇਰਾ ਵੱਡਾ ਭਾਣਜਾ ਹਰਦੇਵ ਸਿੰਘ ਪੰਨੂ ਕਾਫ਼ੀ ਸਾਲਾਂ ਤੋਂ ਇੰਗਲੈਂਡ ਵਿੱਚ ਰਹਿੰਦਾ ਹੈ। ਉਸ ਨੇ ਸਪਾਂਸਰਸ਼ਿਪ ਭੇਜੀ ਤਾਂ ਮੇਰਾ ਵੀਜ਼ਾ ਲੱਗ ਗਿਆ। ਇਉਂ ਮੈਂ 30 ਮਾਰਚ 2023 ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਹਵਾਈ ਜਹਾਜ਼ ਰਾਹੀਂ ਇੰਗਲੈਂਡ ਦੇ ਹੀਥਰੋ ਹਵਾਈ ਅੱਡੇ ’ਤੇ ਰਾਤ ਦੇ ਲਗਭਗ ਅੱਠ ਵਜੇ ਪਹੁੰਚ ਗਿਆ। ਹਰਦੇਵ ਸਿੰਘ ਪੰਨੂ ਤੇ ਉਸ ਦੀ ਧਰਮ ਪਤਨੀ ਸਿਮਰਨ ਪੰਨੂ ਨੇ ਬੜੀ ਗਰਮਜੋਸ਼ੀ ਨਾਲ ਮੇਰਾ ਸੁਆਗਤ ਕੀਤਾ। ਹੀਥਰੋ ਏਅਰਪੋਰਟ ਤੋਂ ਅਸੀਂ ਪੰਦਰਾਂ-ਵੀਹ ਮਿੰਟਾਂ ਵਿੱਚ ਹੀ ਘਰ ਪਹੁੰਚ ਗਏ।

ਇਹ ਜਾਣ ਕੇ ਮੈਨੂੰ ਹੋਰ ਵੀ ਖ਼ੁਸ਼ੀ ਹੋਈ ਕਿ ਮੇਰੇ ਮਿੱਤਰ ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ ਦੇ ਵੱਡੇ ਭਰਾ ਡਾਕਟਰ ਸੁਰਿੰਦਰ ਸਿੰਘ ਔਜਲਾ ਦਾ ਘਰ ਵੀ ਨਜ਼ਦੀਕ ਹੀ ਹੈ। ਦੂਜੇ ਦਿਨ ਹੀ ਸੁਰਿੰਦਰ ਸਿੰਘ ਔਜਲਾ ਤੇ ਉਨ੍ਹਾਂ ਦੀ ਧਰਮ ਪਤਨੀ ਕੁਲਬੀਰ ਕੌਰ ਔਜਲਾ ਵੀ ਮਿਲਣ ਆ ਪਹੁੰਚੇ।

ਇੱਕ ਦਿਨ ਆਰਾਮ ਕਰਨ ਤੋਂ ਬਾਅਦ ਅਗਲੇ ਦਿਨ ਦੁਪਹਿਰ ਤੋਂ ਬਾਅਦ ਹਰਦੇਵ ਸਿੰਘ ਪਰਿਵਾਰ ਸਮੇਤ ਮੈਨੂੰ ਟਾਵਰ ਬ੍ਰਿਜ ਤੇ ਆਸ-ਪਾਸ ਦੀਆਂ ਥਾਵਾਂ ਦਿਖਾਉਣ ਲੈ ਗਏ। ਮੌਸਮ ਬਹੁਤ ਹੀ ਵਧੀਆ ਅਤੇ ਸੁਹਾਵਣਾ ਸੀ। ਹਲਕੀ ਹਲਕੀ ਸਰਦੀ ਮਹਿਸੂਸ ਹੋ ਰਹੀ ਸੀ। ਸੂਰਜ ਤਾਂ ਇੱਥੇ ਕਦੇ ਕਦੇ ਹੀ ਦਰਸ਼ਨ ਦਿੰਦਾ ਹੈ। ਹਰ ਰੋਜ਼ ਅੰਬਰ ਚਿੱਟੇ ਕਪਾਹ ਵਰਗੇ ਬੱਦਲਾਂ ਨਾਲ ਢੱਕਿਆ ਰਹਿੰਦਾ ਹੈ। ਕਦੋਂ ਦੁਪਹਿਰ ਢਲਦੀ ਤੇ ਕਦੋਂ ਸ਼ਾਮ ਪੈਂਦੀ ਇਹ ਤਾਂ ਬਸ ਘੜੀ ਉੱਤੇ ਸਮਾਂ ਦੇਖਣ ਤੋਂ ਹੀ ਪਤਾ ਲੱਗਦਾ ਹੈ। ਅਸੀਂ ਗੱਡੀ ਪਾਰਕ ਕਰਕੇ ਥੇਮਸ ਦਰਿਆ ਵੱਲ ਹੋ ਤੁਰੇ। ਪੁਲ ਉੱਤੇ ਤੁਰਦਿਆਂ ਸਾਹਮਣੇ ਹਾਊਸਜ਼ ਆਫ ਪਾਰਲੀਮੈਂਟ ਉੱਤੇ ਨਜ਼ਰ ਪਈ। ਬਿੱਗ ਬੈਨ ਘੜੀ ਦੀ ਸੂਈ ਸ਼ਾਮ ਦੇ ਚਾਰ ਵਜਾ ਰਹੀ ਸੀ। ਪੁਲ ਦੇ ਦੂਜੇ ਪਾਸੇ ਇੱਕ ਬਹੁਤ ਵੱਡਾ ਗੋਲ ਅੰਡਾਕਾਰ ਪੰਘੂੜਾ ਹੌਲੀ ਹੌਲੀ ਘੁੰਮ ਰਿਹਾ ਸੀ। ਇਸੇ ਨੂੰ ਹੀ ‘ਲੰਡਨ ਆਈ’ (ਲੰਡਨ ਦੀ ਅੱਖ) ਕਿਹਾ ਜਾਂਦਾ ਹੈ। ਸ਼ਾਇਦ ਇਸ ਲਈ ਕਿ ਘੁੰਮਦੇ ਹੋਏ ਜਦੋਂ ਤੁਹਾਡੀ ਬੋਗੀ (Capsules) ਸਭ ਤੋਂ ਉੱਪਰ ਪਹੁੰਚ ਜਾਂਦੀ ਹੈ ਤਾਂ ਇਸ ਦੀ ਸਿਖਰ ਤੋਂ ਖ਼ੂਬਸੂਰਤ ਲੰਡਨ ਸ਼ਹਿਰ ਦਾ 360 ਡਿਗਰੀ ਦ੍ਰਿਸ਼ ਤੁਹਾਨੂੰ ਨਜ਼ਰ ਆਉਣ ਲੱਗਦਾ ਹੈ।

ਸਾਡਾ ਪ੍ਰੋਗਰਾਮ ਇਸੇ ਨੂੰ ਹੀ ਦੇਖਣ ਦਾ ਸੀ। ਹਰਦੇਵ ਸਿੰਘ ਨੇ ਇਸ ਦੀ ਬੁਕਿੰਗ ਘਰ ਤੋਂ ਹੀ ਕਰਵਾ ਲਈ ਸੀ। ਸੋ ਅਸੀਂ ਆਪਣੇ ਮਿੱਥੇ ਹੋਏ ਸਮੇਂ ’ਤੇ ਜਾ ਕੇ ਕਤਾਰ ਵਿੱਚ ਖੜ੍ਹੇ ਹੋ ਗਏ। ਇੱਥੇ ਹਰ ਵਿਅਕਤੀ ਆਪਣੀ ਕਤਾਰ ਵਿੱਚ ਹੀ ਰਹਿੰਦਾ ਹੈ। ਇੱਕ ਦੂਜੇ ਤੋਂ ਅੱਗੇ ਲੰਘਣ ਦੀ ਕਿਸੇ ਨੂੰ ਕੋਈ ਕਾਹਲ਼ ਨਹੀਂ ਹੁੰਦੀ। ਸਲੀਕੇ ਭਰਿਆ ਵਰਤਾਉ ਦੇਖ ਕੇ ਬਹੁਤ ਹੀ ਚੰਗਾ ਲੱਗਦਾ ਹੈ।

ਲੰਡਨ ਆਈ ਥੇਮਸ ਦਰਿਆ ਦੇ ਦੱਖਣੀ ਕਿਨਾਰੇ ਉੱਤੇ ਸਥਿਤ ਹੈ। ਇਹ ਸੰਸਾਰ ਦਾ ਸਭ ਤੋਂ ਉੱਚਾ ਤੋੜੇਦਾਰ ਝੂਲਾ (Cantilevered Observation wheel) ਹੈ। ਇਹ ਯੂ ਕੇ ਆਉਣ ਵਾਲੇ ਸੈਲਾਨੀਆਂ ਲਈ ਸਭ ਤੋਂ ਵੱਧ ਖਿੱਚ ਦਾ ਕੇਂਦਰ ਹੈ, ਜਿੱਥੇ ਹਰ ਸਾਲ ਲਗਭਗ ਤੀਹ ਲੱਖ ਸੈਲਾਨੀ ਆਉਂਦੇ ਹਨ।

ਲੰਡਨ ਆਈ 135 ਮੀਟਰ (443 ਫੁੱਟ) ਉੱਚਾ ਅਤੇ 120 ਮੀਟਰ (394 ਫੁੱਟ) ਵਿਆਸ (ਡਾਇਆਮੀਟਰ) ਵਾਲਾ ਝੂਲਾ ਹੈ। ਇਸ ਚੱਕਰ ਵਿੱਚ ਅੰਡਾਕਾਰ 32 ਬੋਗੀਆਂ (Capsules) ਹਨ ਜਿਨ੍ਹਾਂ ਉੱਤੇ 1ਤੋਂ 12 ਤੱਕ ਅਤੇ 14 ਤੋਂ 33 ਤੱਕ ਨੰਬਰ ਲੱਗੇ ਹੋਏ ਹਨ। 13 ਦੇ ਅੰਕ ਨੂੰ ਅਸ਼ੁਭ ਮੰਨਦੇ ਹੋਏ ਛੱਡਿਆ ਗਿਆ ਹੈ। ਹਰ ਬੋਗੀ ਵਿੱਚ 25 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਹੈ।ਇਹ 0.9 ਕਿਲੋਮੀਟਰ ਪ੍ਰਤੀ ਘਟਾ ਦੀ ਰਫ਼ਤਾਰ ਨਾਲ ਘੁੰਮਦਾ ਹੈ ਅਤੇ ਲਗਭਗ ਅੱਧੇ ਘੰਟੇ ਵਿੱਚ ਇੱਕ ਚੱਕਰ ਪੂਰਾ ਕਰਦਾ ਹੈ। ਹਰੇਕ ਬੋਗੀ ਗਰਾਊਂਡ ਲੈਵਲ ’ਤੇ ਆ ਕੇ ਲਗਭਗ 30 ਸਕਿੰਟ ਤੋਂ ਲੈ ਕੇ ਇੱਕ ਮਿੰਟ ਤੱਕ ਇਸ ਦੇ ਬਰਾਬਰ ਚੱਲਣ ਲੱਗਦੀ ਹੈ। ਇਹ ਹੌਲੀ ਹੌਲੀ ਆਪਣੀ ਰਫ਼ਤਾਰ ਨਾਲ ਤੁਰੀ ਜਾਂਦੀ ਹੈ। ਇਸ ਦੀ ਗਤੀ ਨੂੰ ਇਸ ਤਰ੍ਹਾਂ ਨਿਯੰਤਰਨ ਕੀਤਾ ਗਿਆ ਹੈ ਕਿ ਹਰੇਕ ਯਾਤਰੀ ਬਹੁਤ ਆਰਾਮ ਨਾਲ ਇਸ ਵਿੱਚੋਂ ਉਤਰ ਜਾਂਦਾ ਹੈ ਤੇ ਫਿਰ ਸਵਾਰ ਹੋਣ ਵਾਲਾ ਬਹੁਤ ਆਰਾਮ ਨਾਲ ਇਸ ਵਿੱਚ ਚੜ੍ਹ ਜਾਂਦਾ ਹੈ। ਸੋ ਸਾਡੀ ਵਾਰੀ ਆਉਣ ’ਤੇ ਅਸੀਂ ਵੀ ਇਸ ਵਿੱਚ ਸਵਾਰ ਹੋ ਗਏ। ਇਹ ਬਹੁਤ ਹੀ ਰੁਮਾਂਚ ਭਰਿਆ ਲੱਗ ਰਿਹਾ ਸੀ। ਜਿਉਂ ਜਿਉਂ ਅਸੀਂ ਉੱਪਰ ਵੱਲ ਨੂੰ ਜਾ ਰਹੇ ਸੀ। ਲੰਡਨ ਸ਼ਹਿਰ ਹੇਠਾਂ ਵੱਲ ਨੂੰ ਖਿਸਕਦਾ ਜਾਂਦਾ ਮਹਿਸੂਸ ਹੋ ਰਿਹਾ ਸੀ। ਪੂਰੇ ਸਿਖਰ ’ਤੇ ਜਾ ਕੇ ਲੰਡਨ ਸ਼ਹਿਰ ਦੀਆਂ ਉੱਚੀਆਂ ਉੱਚੀਆਂ ਇਮਾਰਤਾਂ ਦਾ ਅਦਭੁੱਤ ਨਜ਼ਾਰਾ ਵੇਖ ਕੇ ਮੈਂ ਅਚੰਭਤ ਹੋ ਗਿਆ। ਲੰਡਨ ਦਾ ਨਾ ਭੁੱਲਣ ਵਾਲਾ ਨਜ਼ਾਰਾ ਸਾਡੇ ਸਾਹਮਣੇ ਸੀ। ਹੇਠਾਂ ਥੇਮਸ ਦਰਿਆ ਵਿੱਚ ਚੱਲ ਰਹੀਆਂ ਕਿਸ਼ਤੀਆਂ ਅਤੇ ਫੈਰੀਜ਼ (ਛੋਟੇ ਸਮੁੰਦਰੀ ਜਹਾਜ਼) ਆਪਣੇ ਪਿੰਡ ਦੇ ਛੱਪੜ ਵਿੱਚ ਤੈਰਦੀਆਂ ਬੱਤਖਾਂ ਵਾਂਗ ਨਜ਼ਰ ਆ ਰਹੀਆਂ ਸਨ। ਥੇਮਸ ਦਰਿਆ ਦੇ ਦੋਹਾਂ ਕੰਢਿਆਂ ਦੇ ਨਾਲ ਨਾਲ ਬਣੀਆਂ ਸੜਕਾਂ ਉੱਤੇ ਤੁਰ ਰਹੇ ਲੋਕ ਬੌਣੇ ਬੌਣੇ ਨਜ਼ਰ ਆ ਰਹੇ ਸਨ। ਦਰਿਆ ਦੇ ਦੂਸਰੇ ਪਾਸੇ ਹਾਊਸਜ਼ ਆਫ ਪਾਰਲੀਆਮੈਂਟ ਅਤੇ ਬਿੱਗ ਬੈਨ ਬਹੁਤ ਖ਼ੂਬਸੂਰਤ ਨਜ਼ਰ ਆ ਰਹੇ ਸਨ। ਹੌਲੀ ਹੌਲੀ ਸਾਡੀ ਬੋਗੀ ਵੀ ਸਿਖਰ ਤੋਂ ਹੇਠਾਂ ਵੱਲ ਖਿਸਕਣ ਲੱਗੀ। ਦੂਰ ਤੱਕ ਨਜ਼ਰ ਮਾਰਦਿਆਂ ਮੇਰੇ ਅਚੇਤ ਮਨ ਵਿੱਚ ਫਿਲਮ ‘ਬਲੈਕ ਪ੍ਰਿੰਸ’ ਦਾ ਗੀਤ ‘ਮੈਨੂੰ ਦਰਦਾਂ ਵਾਲਾ ਦੇਸ਼ ਅਵਾਜ਼ਾਂ ਮਾਰਦਾ’ ਗੂੰਜਣ ਲੱਗਾ ਤੇ ਮੈਨੂੰ ਸਿੱਖ ਰਾਜ ਦਾ ਆਖ਼ਰੀ ਸੂਰਜ ਮਹਾਰਾਜਾ ਦਲੀਪ ਸਿੰਘ ਯਾਦ ਆਇਆ। ਮੈਂ ਇਕਦਮ ਹਰਦੇਵ ਨੂੰ ਪੁੱਛਿਆ ਕਿ “ਲੰਡਨ ਆਈ ਤੋਂ ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰ ਨਜ਼ਰ ਨਹੀਂ ਆਉਂਦੀ?’’ ਉਸ ਨੇ ਦੱਸਿਆ ਕਿ ਲੰਡਨ ਤੋਂ ਉੱਤਰ ਪੂਰਬ ਵਿੱਚ ਕੋਈ 75 ਮੀਲ ਭਾਵ ਲਗਭਗ 121 ਕਿਲੋਮੀਟਰ ਦੂਰ ਐਲਵਡਨ (ਸਫਕ) ਪਿੰਡ ਦੀ ਸੇਂਟ ਐਂਡਰਿਊ ਐਂਡ ਸੇਂਟ ਪੈਟਰਿਕ ਚਰਚ ਵਿੱਚ ਉਨ੍ਹਾਂ ਦੀ ਸਮਾਧ ਹੈ। ਮਹਾਰਾਜਾ ਦਲੀਪ ਸਿੰਘ 55 ਸਾਲ ਦੀ ਉਮਰ ਵਿੱਚ ਹੀ 22 ਅਕਤੂਬਰ 1893 ਨੂੰ ਪੈਰਿਸ (ਫਰਾਂਸ) ਵਿਖੇ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੇ ਬੱਚਿਆਂ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਇੰਗਲੈਂਡ ਲਿਆ ਕੇ ਐਲਵਡਨ ਸਥਿਤ ਚਰਚ ਵਿੱਚ ਇਸਾਈ ਧਰਮ ਦੀਆਂ ਰਹੁ-ਰੀਤਾਂ ਅਨੁਸਾਰ ਸਪੁਰਦ-ਏ-ਖ਼ਾਕ ਕੀਤਾ ਗਿਆ। ਉਂਝ ਮਹਾਰਾਜਾ ਦਲੀਪ ਸਿੰਘ ਜੀ ਦੀ ਆਖ਼ਰੀ ਇੱਛਾ ਸੀ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਪੰਜਾਬ (ਹਿੰਦੋਸਤਾਨ) ਵਿੱਚ ਸਿੱਖ ਮਰਿਆਦਾ ਅਨੁਸਾਰ ਕੀਤਾ ਜਾਵੇ ਜੋ ਕਿ ਅੰਗਰੇਜ਼ ਸਰਕਾਰ ਨੇ ਪੂਰੀ ਨਾ ਹੋਣ ਦਿੱਤੀ। ਮੈਂ ਹਰਦੇਵ ਸਿੰਘ ਕੋਲ ਉਹ ਸਥਾਨ ਦੇਖਣ ਦੀ ਆਪਣੀ ਇੱਛਾ ਪ੍ਰਗਟਾਈ। ਹਰਦੇਵ ਸਿੰਘ ਨੇ ਸੁਰਿੰਦਰ ਸਿੰਘ ਔਜਲਾ ਨਾਲ ਫੋਨ ’ਤੇ ਗੱਲ ਕਰਕੇ ਅਗਲੇ ਦਿਨ ਹੀ ਉੱਥੇ ਜਾਣ ਦਾ ਪ੍ਰੋਗਰਾਮ ਬਣਾ ਲਿਆ। ਇਸ ਲਈ ਅਗਲੀ ਸਵੇਰ ਸੁਰਿੰਦਰ ਸਿੰਘ ਔਜਲਾ ਤਿਆਰ ਹੋ ਕੇ ਸਾਡੇ ਕੋਲ ਪਹੁੰਚ ਗਏ ਤੇ ਅਸੀਂ ਤਿੰਨੇ ਮੈਂ, ਹਰਦੇਵ ਸਿੰਘ ਅਤੇ ਸੁਰਿੰਦਰ ਔਜਲਾ ਸਿੱਖ ਰਾਜ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਤੁਰ ਪਏ। ਵਾਟ ਕਾਫ਼ੀ ਲੰਮੀ ਸੀ ਪਰ ਇੰਗਲੈਂਡ ਦੀਆਂ ਸੜਕਾਂ ਅਤੇ ਨਵੀਆਂ ਨਕੋਰ ਸਾਫ਼ ਸੁਥਰੀਆਂ ਗੱਡੀਆਂ ਉੱਤੇ ਜਾਣਾ ਕੋਈ ਮੁਸ਼ਕਿਲ ਨਹੀਂ ਲੱਗਦਾ। ਲੰਡਨ ਸ਼ਹਿਰ ਦੀ ਭਾਰੀ ਟ੍ਰੈਫਿਕ ਭਰੀਆਂ ਸੜਕਾਂ ਤੋਂ ਬਾਹਰ ਨਿਕਲ ਛੇਤੀ ਹੀ ਸਾਡੀ ਕਾਰ ਸਟੇਟ ਹਾਈਵੇਅ ’ਤੇ ਦੌੜਨ ਲੱਗੀ। ਦੂਰ ਦੂਰ ਤੱਕ ਹਰਿਆਲੀ ਭਰੇ ਖੇਤਾਂ ਦਾ ਮਨਮੋਹਕ ਨਜ਼ਾਰਾ ਵੇਖ ਦਿਲ ਸ਼ਰਸ਼ਾਰ ਹੋਈ ਜਾ ਰਿਹਾ ਸੀ। ਸਾਰੇ ਰਾਹ ਹਲਕੀ ਹਲਕੀ ਬਾਰਸ਼ ਹੁੰਦੀ ਰਹੀ। ਸੜਕ ਦੇ ਦੋਵੇਂ ਪਾਸਿਆਂ ਉੱਤੇ ਬਹੁਤ ਹੀ ਖ਼ੂਬਸੂਰਤ ਰੁੱਖ ਲੱਗੇ ਹੋਏ ਸਨ। ਮੇਰੇ ਦਿਲ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਚਾਲੀ ਸਾਲਾਂ ਦਾ ਸੁਨਹਿਰੀ ਇਤਿਹਾਸ ਘੁੰਮ ਰਿਹਾ ਸੀ। ਡੇਢ ਦੋ ਘੰਟੇ ਦੇ ਸਫ਼ਰ ਤੋਂ ਬਾਅਦ ਅਸੀਂ ਉਸ ਚਰਚ ਦੇ ਗੇਟ ਕੋਲ ਪਹੁੰਚ ਗਏ, ਜਿਸ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਸਮਾਧ ਸੀ। ਅਸੀਂ ਚਰਚ ਦੇ ਬਾਹਰ ਲੱਗੇ ਸਾਧਾਰਨ ਜਿਹੇ ਗੇਟ ਨੂੰ ਹੌਲੀ ਜਿਹੀ ਸਰਕਾ ਕੇ ਅੰਦਰ ਦਾਖਲ ਹੋ ਗਏ। ਹਲਕੀ ਹਲਕੀ ਬਾਰਸ਼ ਹੋ ਰਹੀ ਸੀ। ਅਸੀਂ ਆਪਣੀਆਂ ਛੱਤਰੀਆਂ ਤਾਣ ਲਈਆਂ ਜੋ ਤੁਰਨ ਵੇਲੇ ਗੱਡੀ ਵਿੱਚ ਰੱਖ ਲਈਆਂ ਸਨ ਕਿਉਂਕਿ ਇੱਥੇ ਮੌਸਮ ਦਾ ਕੋਈ ਭਰੋਸਾ ਨਹੀਂ ਹੁੰਦਾ। ਦੂਰ ਤੱਕ ਕਰਾਸ ਚਿੰਨ੍ਹ ਲੱਗੀਆਂ ਕਬਰਾਂ ਹੀ ਕਬਰਾਂ ਵਿਚਦੀ ਅਸੀਂ ਹੋਰ ਅੱਗੇ ਵਧੇ ਪਰ ਸਾਨੂੰ ਮਹਾਰਾਜਾ ਦਲੀਪ ਸਿੰਘ ਦੀ ਸਮਾਧ ਕਿਤੇ ਨਜ਼ਰ ਨਾ ਆਈ। ਆਸੇ ਪਾਸੇ ਕੋਈ ਹੈ ਵੀ ਨਹੀਂ ਸੀ, ਜਿਸ ਕੋਲੋਂ ਪੁੱਛ ਲੈਂਦੇ। ਚਰਚ ਦੀ ਵੱਡੀ ਸਾਰੀ ਇਮਾਰਤ ਵਿੱਚੋਂ ਦੀ ਲੰਘ ਕੇ ਅਸੀਂ ਉਸ ਦੇ ਪੱਛਮ ਵਾਲੇ ਪਾਸੇ ਹੋ ਤੁਰੇ। ਸਾਰੀਆਂ ਕਬਰਾਂ ਸਾਧਾਰਨ ਜਿਹੀਆਂ ਬਣੀਆਂ ਹੋਈਆਂ ਸਨ। ਫਿਰ ਸਾਡੀ ਨਜ਼ਰ ਮਾਰਬਲ ਨਾਲ ਬਣੀਆਂ ਤਿੰਨ ਸਮਾਧਾਂ ਉੱਤੇ ਪਈ ਜਿਨ੍ਹਾਂ ਉੱਤੇ ਗੁਲਦਸਤੇ ਪਏ ਸਨ। ਅਸੀਂ ਉਸ ਵੱਲ ਹੋ ਤੁਰੇ। ਜਾ ਕੇ ਵੇਖਿਆ ਤਾਂ ਉਨ੍ਹਾਂ ਵਿੱਚੋਂ ਇੱਕ ਉੱਤੇ ਉੱਕਰਿਆ ਹੋਇਆ ਸੀ ‘In Memory Of DULEEP SINGH K.G.C.S.I. (Knight Grand Commander of the Order of the Star of India) Maharaja Of Lahore’। ਮੇਰਾ ਖ਼ਿਆਲ ਹੈ ਕਿ ਇਸ ਨੂੰ ਮਹਾਰਾਜਾ ਔਫ ਪੰਜਾਬ ਲਿਖਣਾ ਚਾਹੀਦਾ ਸੀ। ਦੂਜੀ ਉੱਤੇ ਮਹਾਰਾਣੀ ਬੰਬਾ ਦਲੀਪ ਸਿੰਘ ਅਤੇ ਤੀਜੀ ਉੱਤੇ ਉਨ੍ਹਾਂ ਦੇ ਪੁੱਤਰ ਪ੍ਰਿੰਸ ਅਲਬਰਟ ਐਡਵਰਡ ਅਲੈਗਜ਼ੈਂਡਰ ਦਲੀਪ ਸਿੰਘ ਉੱਕਰਿਆ ਹੋਇਆ ਸੀ। ਅਸੀਂ ਗੁਲਦਸਤਾ ਭੇਟ ਕਰਕੇ ਕੁਝ ਸਮਾਂ ਉੱਥੇ ਰੁਕੇ। ਮੈਂ ਸੋਚ ਰਿਹਾ ਸੀ ਕਿ ਜੇਕਰ ਸਿੱਖ ਰਾਜ ਪੀੜ੍ਹੀ ਦਰ ਪੀੜ੍ਹੀ ਚਲਦਾ ਰਹਿੰਦਾ ਤਾਂ ਅੱਜ ਪੰਜਾਬ ਦੀ ਤਸਵੀਰ ਹੋਰ ਤਰ੍ਹਾਂ ਦੀ ਹੁੰਦੀ ਤੇ ਅਸੀਂ ਵੀ ਦੁਨੀਆ ਦੇ ਨਕਸ਼ੇ ’ਤੇ ਇੱਕ ਅਮੀਰ ਦੇਸ਼ ਪੰਜਾਬ ਦੇ ਨਾਗਰਿਕ ਹੁੰਦੇ। ਫਿਰ ਅਸੀਂ ਵਾਪਸੀ ਪਾ ਲਈ।ਗੱਡੀ ਆਪਣੀ ਪੂਰੀ ਰਫ਼ਤਾਰ ਨਾਲ ਜਾ ਰਹੀ ਸੀ। ਮੇਰੇ ਦਿਲ ਅੰਦਰ ਅਜੀਬ ਜਿਹੀ ਖਲਬਲੀ ਮੱਚ ਉੱਠੀ। ਮੈਂ ਆਪਣੀਆਂ ਅੱਖਾਂ ਨੂੰ ਬੰਦ ਕਰ ਲਿਆ। ਹੰਝੂਆਂ ਦੀ ਘਰਾਲ ਮੇਰੇ ਨੈਣਾਂ ’ਚੋਂ ਵਹਿ ਤੁਰੀ। ਇੱਕ ਹਾਉਕਾ ਮੇਰੇ ਦਿਲ ਅੰਦਰ ਡੂੰਘਾ ਲਹਿ ਗਿਆ। ਫਿਰ ਉਹੀ ਗੀਤ ਮੈਨੂੰ ਦਰਦਾਂ ਵਾਲਾ ਦੇਸ਼ ਆਵਾਜ਼ਾਂ ਮਾਰਦਾ ਮੇਰੇ ਦਿਲ ਵਿੱਚ ਗੂੰਜਣ ਲੱਗ ਪਿਆ। ਮੈਂ ਸੋਚ ਰਿਹਾ ਸੀ ਕਿ ਲੰਡਨ ਆਈ ਤੋਂ ਸਿਰਫ਼ ਲੰਡਨ ਹੀ ਦਿਸਦਾ ਹੈ। ਦਰਦਾਂ ਵਾਲੇ ਦੇਸ਼ ਦੇ ਮਹਾਰਾਜਾ ਦਲੀਪ ਸਿੰਘ ਨੂੰ ਤਾਂ ਦਿਲ ਦੀਆਂ ਅੱਖਾਂ ਨਾਲ ਹੀ ਵੇਖਿਆ ਜਾ ਸਕਦਾ ਹੈ।

ਸੰਪਰਕ: 98724-39278

Advertisement
×