DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲਾਵਾਂ ਦੀ ਲਾਜ

ਅਮਨਦੀਪ ਕੌਰ ਹਾਕਮ ਸਿੰਘ ਵਾਲਾ ਕਥਾ ਪ੍ਰਵਾਹ ‘‘ਧੀ ਬਣ ਕੇ ਮੰਨ ਜਾ। ਕਾਹਨੂੰ ਸਾਨੂੰ ਨਰਕਾਂ ਦੇ ਭਾਗੀ ਬਣਨ ’ਤੇ ਮਜਬੂਰ ਕਰਦੀ ਹੈਂ ਧੀਏ!’’ ਵਿਹੜੇ ’ਚ ਝਾੜੂ ਲਗਾਉਂਦੀ ਰੂਪੀ ਨੂੰ ਉਸ ਦੀ ਸੱਸ ਸ਼ਾਮੋ ਨੇ ਬੜੇ ਤਰਲੇ ਨਾਲ ਇਹ ਗੱਲ ਆਖੀ।...
  • fb
  • twitter
  • whatsapp
  • whatsapp
Advertisement

ਅਮਨਦੀਪ ਕੌਰ ਹਾਕਮ ਸਿੰਘ ਵਾਲਾ

ਕਥਾ ਪ੍ਰਵਾਹ

Advertisement

‘‘ਧੀ ਬਣ ਕੇ ਮੰਨ ਜਾ। ਕਾਹਨੂੰ ਸਾਨੂੰ ਨਰਕਾਂ ਦੇ ਭਾਗੀ ਬਣਨ ’ਤੇ ਮਜਬੂਰ ਕਰਦੀ ਹੈਂ ਧੀਏ!’’ ਵਿਹੜੇ ’ਚ ਝਾੜੂ ਲਗਾਉਂਦੀ ਰੂਪੀ ਨੂੰ ਉਸ ਦੀ ਸੱਸ ਸ਼ਾਮੋ ਨੇ ਬੜੇ ਤਰਲੇ ਨਾਲ ਇਹ ਗੱਲ ਆਖੀ।

‘‘ਮਾਂ, ਕੀ ਹੋ ਗਿਆ ਤੈਨੂੰ? ਹੁਣ ਤੈਥੋਂ ਵੀ ਮੈਂ ਜਰੀ ਨਹੀਂ ਜਾਂਦੀ...’’ ਰੂਪੀ ਦੀ ਇਹ ਗੱਲ ਸੁਣ ਜਿਵੇਂ ਸ਼ਾਮੋ ਦੀ ਧਾਹ ਨਿਕਲ ਗਈ। ਉਹ ਅੱਗੇ ਕੁਝ ਨਾ ਬੋਲੀ ਤੇ ਰਸੋਈ ਵਿੱਚ ਜਾ ਕੇ ਚਾਹ ਧਰਨ ਲੱਗ ਗਈ ਕਿਉਂਕਿ ਸ਼ਾਮੋ ਦੇ ਪਤੀ ਬਿੱਕਰ ਸਿੰਹੁ ਨੇ ਅੱਜ ਖੇਤ ਦਿਹਾੜੀਆਂ ਦੀ ਚਾਹ ਲੈ ਕੇ ਜਾਣਾ ਸੀ। ਰੂਪੀ ਸ਼ਾਮੋ ਦੀ ਇੱਕੋ ਇੱਕ ਚਾਵਾਂ ਸ਼ਗਨਾਂ ਨਾਲ ਵਿਆਹ ਕੇ ਲਿਆਂਦੀ ਨੂੰਹ ਸੀ, ਪਰ ਇਹ ਪਹਿਲਾਂ ਵਾਲੀ ਰੂਪੀ ਨਾ ਰਹੀ। ਹੁਣ ਇਸ ਦੇ ਚਿਹਰੇ ’ਤੇ ਕੋਈ ਖ਼ੁਸ਼ੀ ਨਾ ਦਿਸਦੀ। ਬਸ ਮੁਰਝਾਇਆ ਚਿਹਰਾ। ਮਹਿਜ਼ ਇਕੱਤੀ ਸਾਲਾਂ ਦੀ ਉਮਰ ’ਚ ਇੰਝ ਲੱਗਦਾ ਜਿਵੇਂ ਰੂਪੀ ਦੁੱਖ ਸਹਿੰਦੀ ਸਹਿੰਦੀ ਉਮਰੋਂ ਪਹਿਲਾਂ ਹੀ ਬੁੱਢੀ ਹੋ ਗਈ ਹੋਵੇ। ਉਸ ਦੀ ਇਹ ਹਾਲਤ ਹੁਣ ਉਸ ਦੀ ਸੱਸ ਤੋਂ ਦੇਖੀ ਨਹੀਂ ਸੀ ਜਾਂਦੀ। ਚੌਵੀ ਕੁ ਸਾਲਾਂ ਦੀ ਰੂਪੀ ਦਾ ਰਿਸ਼ਤਾ ਸ਼ਾਮੋ ਦੀ ਗੁਆਂਢਣ ਮੀਤੋ ਨੇ ਹੀ ਆਪਣੀ ਰਿਸ਼ਤੇਦਾਰੀ ’ਚੋਂ ਕਰਵਾਇਆ ਸੀ। ਮੀਤੋ, ਰੂਪ ਕੌਰ ਜਿਸ ਨੂੰ ਰੂਪੀ ਵੀ ਆਖਦੇ, ਦੀ ਭੂਆ ਲੱਗਦੀ ਸੀ। ਮੀਤੋ ਨੇ ਸ਼ਾਮੋ ਦੇ ਇਕਲੌਤੇ ਪੁੱਤ ਗੁਰਜੀਤ ਉਰਫ਼ ਜੀਤੇ ਨੂੰ ਇਹ ਸਾਕ ਤਾਂ ਕਰਵਾਇਆ ਕਿ ਮੁੰਡੇ ਨੂੰ ਸੁੱਖ ਨਾਲ ਚਾਰ ਕਿੱਲੇ ਜ਼ਮੀਨ ਆਉਂਦੀ ਹੈ, ਪੜ੍ਹਿਆ ਲਿਖਿਆ ਹੈ ਤੇ ਪ੍ਰਾਈਵੇਟ ਕੰਪਨੀ ਵਿੱਚ ਮੈਨੇਜਰ ਦੀ ਨੌਕਰੀ ਕਰਦਾ ਹੈ, ਘਰ ਤਿੰਨ ਜੀਅ ਨੇ ਕੁੜੀ ਰਾਜ ਕਰੇਗੀ। ਸਾਰਾ ਦਿਨ ਹੱਸਦੀ ਰਹਿੰਦੀ ਰੂਪੀ ਦੇ ਰੂਪ ਦੀ ਗੱਲ ਹੀ ਵੱਖਰੀ ਸੀ। ਉਹ ਆਪਣੀ ਸੱਸ ਨੂੰ ਬੜਾ ਮੋਹ ਕਰਦੀ ਤੇ ਸ਼ਾਮੋ ਨੇ ਵੀ ਉਸ ਦੇ ਚਾਅ ਪੂਰੇ ਕਰਨ ’ਚ ਕੋਈ ਕਮੀ ਨਹੀਂ ਛੱਡੀ ਸੀ। ਜਦੋਂ ਵਿਆਹੀ ਆਈ ਸੀ ਤਾਂ ਉਸ ਦੇ ਚਿਹਰੇ ਦਾ ਨੂਰ ਵੇਖ ਲੋਕੀਂ ਆਖਦੇ, ‘‘ਨੀ ਸ਼ਾਮੋ, ਤੂੰ ਤਾਂ ਸੱਚੀਂ ਚੰਨ ਧਰਤੀ ’ਤੇ ਲਾਹ ਲਿਆਂਦਾ! ਤੈਨੂੰ ਤਾਂ ਮੀਤੋ ਨੇ ਤਾਰਤਾ ਭਾਈ।’’ ਰੂਪੀ ਤੇ ਗੁਰਜੀਤ ਲਾਵਾਂ ਵੇਲੇ ਕਿੰਨੇ ਖ਼ੁਸ਼ ਸੀ। ਵਿਚੋਲਣ ਮੀਤੋ ਨੇ ਆਖਿਆ ਸੀ, ‘‘ਭਾਈ, ਹੁਣ ਰਲ਼ ਮਿਲ਼ ਰਹਿਣਾ। ਗੁਰੂਘਰ ਲਈਆਂ ਲਾਵਾਂ ਦੀ ਲਾਜ ਰੱਖਿਓ ਦੋਵੇਂ। ਐਵੇਂ ਨਾ ਨਿਆਣ ਮੱਤ ’ਚ ਲੜੀ ਜਾਇਓ।’’ ਜੀਤੇ ਨੇ ਰੂਪੀ ਵੱਲ ਵੇਖਦਿਆਂ ਮੁਸਕਰਾ ਕੇ ਪੁੱਛਿਆ, ‘‘ਦੱਸ ਹੁਣ ਬੇਬੇ ਦੀ ਨੂੰਹ ਰਾਣੀਏ ਲੜਦੀ ਤਾਂ ਨਹੀਂ?’’ ਰੂਪੀ ਦਾ ਚਿਹਰਾ ਸੰਗ ਨਾਲ ਲਾਲ ਹੋ ਕੇ ਹੋਰ ਸੋਹਣਾ ਲੱਗਣ ਲੱਗਿਆ। ਉਸ ਨੇ ਬਿਨਾਂ ਕੁਝ ਜਵਾਬ ਦਿੱਤੇ ਬਸ ਸੋਹਣੀ ਮੁਸਕਾਨ ਰਾਹੀਂ ਹੀ ਜੀਤੇ ਦੀ ਗੱਲ ਦੀ ਹਾਮੀ ਭਰੀ। ਸ਼ਾਮੋ ਅਤੇ ਉਸ ਦੇ ਪਤੀ ਦਾ ਸੁਭਾਅ ਬੜਾ ਹੀ ਮਜ਼ਾਹੀਆ ਤੇ ਮੋਹਖੋਰਾ ਸੀ। ਇਸੇ ਲਈ ਮੀਤੋ ਨੂੰ ਰੂਪੀ ਦਾ ਭੋਰਾ ਫ਼ਿਕਰ ਨਹੀਂ ਸੀ। ਉਹ ਗੁਆਂਢ ’ਚ ਰਹਿੰਦੀ ਹੋਣ ਕਰਕੇ ਇੱਕ-ਦੋ ਦਿਨ ਬਾਅਦ ਰੂਪੀ ਕੋਲ ਗੇੜਾ ਜ਼ਰੂਰ ਮਾਰਦੀ। ਰੂਪੀ ਤੇ ਜੀਤੇ ਨੇ ਬੜੇ ਸੋਹਣੇ ਢੰਗ ਨਾਲ ਇਹ ਨਵਾਂ ਸਫ਼ਰ ਸ਼ੁਰੂ ਕਰ ਲਿਆ ਸੀ। ਸ਼ਾਮੋ ਥੋੜ੍ਹੇ ਕੁ ਦਿਨਾਂ ਬਾਅਦ ਹੀ ਆਖ ਦਿੰਦੀ, ‘‘ਜਾ ਭਾਈ, ਦੋਵੇਂ ਜੀਅ ਘੁੰਮ ਫਿਰ ਆਓ। ਤੁਹਾਡੀ ਜਵਾਨ ਉਮਰ ਐ ਹੱਸਣ ਖੇਡਣ ਦੇ ਦਿਨ ਨੇ। ਇਕੱਠਿਆਂ ਸਮਾਂ ਬਿਤਾਇਆ ਕਰੋ।’’ ਕਈ ਵਾਰ ਸ਼ਾਮ ਕੌਰ ਜੀਤੇ ਨੂੰ ਝਿੜਕਦੀ ਤਾਂ ਰੂਪੀ ਪਾਸੇ ਖੜ੍ਹ ਨੀਵੀਂ ਪਾ ਹੱਸੀ ਜਾਂਦੀ ਤੇ ਕਈ ਵਾਰ ਉਸ ਨੂੰ ਵੇਖ ਜੀਤੇ ਦਾ ਵੀ ਹਾਸਾ ਨਿਕਲ ਜਾਂਦਾ। ਰੂਪੀ ਦਾ ਸਹੁਰਾ ਬਿੱਕਰ ਸਿੰਹੁ ਵੀ ਉਸ ਨੂੰ ਧੀਆਂ ਵਾਂਗ ਮਾਣ ਸਤਿਕਾਰ ਦਿੰਦਾ। ਕਦੇ ਸ਼ਹਿਰ ਜਾਂਦਾ ਤਾਂ ਉਚੇਚੇ ਤੌਰ ’ਤੇ ਪੁੱਛ ਕੇ ਜਾਂਦਾ, ‘‘ਭਾਈ, ਮੈਂ ਸ਼ਹਿਰ ਚੱਲਿਆਂ। ਜੇ ਕੁਝ ਖਾਣ ਨੂੰ ਮੰਗਵਾਉਣਾ ਤਾਂ ਦੱਸ ਦਿਓ।’’ ਰੂਪੀ ਇਸ ਘਰ ਦੀ ਰਾਣੀ ਸੀ। ਸਾਰੇ ਪਰਿਵਾਰ ਨੇ ਉਸ ਨੂੰ ਇੰਨਾ ਮਾਣ ਦਿੱਤਾ ਕਿ ਉਸ ਨੂੰ ਪੇਕਾ ਘਰ ਵੀ ਭੁੱਲਣ ਲੱਗਿਆ ਸੀ। ਉਹ ਵੀ ਸਾਰਿਆਂ ਦਾ ਸਤਿਕਾਰ ਕਰਦੀ ਤੇ ਸ਼ਾਮੋ ਨਾਲ ਭੱਜ ਭੱਜ ਕੰਮ ਕਰਵਾਉਂਦੀ। ਦੋਵੇਂ ਨੂੰਹ ਸੱਸ ਰਲਮਿਲ ਰਹਿੰਦੀਆਂ। ਘਰ ਸਵਰਗ ਜਾਪਦਾ। ਵਿਆਹ ਤੋਂ ਇੱਕ ਸਾਲ ਬਾਅਦ ਹੀ ਜੀਤੇ ਨੇ ਵਿਦੇਸ਼ ਜਾਣ ਦੀ ਜ਼ਿੱਦ ਫੜ ਲਈ। ਉਹ ਆਖਦਾ, ‘‘ਮੈਨੂੰ ਕੰਪਨੀ ਵਾਲੇ ਭੇਜ ਰਹੇ ਨੇ। ਮੈਂ ਕੰਮ ਲਈ ਹੀ ਜਾਣਾ ਹੈ!’’ ਉਸ ਦੀ ਗੱਲ ਸੁਣ ਕੇ ਬਿੱਕਰ ਸਿੰਹੁ ਨੇ ਸਖ਼ਤੀ ਨਾਲ ਆਖ ਦਿੱਤਾ, ‘‘ਵੇਖ ਜੀਤੇ, ਜਾਂ ਤਾਂ ਰੂਪੀ ਨੂੰ ਨਾਲ ਲੈ ਕੇ ਜਾ, ਨਹੀਂ ਤਾਂ ਤੂੰ ਵੀ ਰਹਿਣ ਦੇ। ਜਵਾਕੜੀ ਕਿਵੇਂ ਰਹੂ ਇੱਕਲੀ? ਜੇ ਤੇਰੀ ਕੰਪਨੀ ਵਾਲੇ ਨਹੀਂ ਮੰਨਦੇ ਤਾਂ ਗੋਲ਼ੀ ਮਾਰ ਅਜਿਹੀ ਨੌਕਰੀ ਨੂੰ। ਆਪਾਂ ਵਾਹੀ ਕਰ ਲਵਾਂਗੇ।’’ ਸ਼ਾਮੋ ਨੇ ਵੀ ਇਹੋ ਆਖ ਸੁਣਾਇਆ ਪਰ ਜੀਤਾ ਆਪਣੀ ਗੱਲ ’ਤੇ ਅੜਿਆ ਰਿਹਾ। ਅਗਲੇ ਦਿਨ ਕੰਮ ਤੋਂ ਆਉਣ ਸਾਰ ਉਸ ਨੇ ਪੈਰੋਂ ਬੂਟ ਲਾਹੇ ਤੇ ਸਿੱਧਾ ਆਪਣੇ ਕਮਰੇ ਵਿੱਚ ਜਾ ਕੇ ਪੈ ਗਿਆ। ਸ਼ਾਮੋ ਨੇ ਰੂਪੀ ਨੂੰ ਆਖਿਆ, ‘‘ਜਾ ਵੇਖ ਪੁੱਤ, ਜੀਤੇ ਨੂੰ ਪਾਣੀ ਧਾਣੀ ਦੇ। ਆਪੇ ਇੱਕ ਦੋ ਦਿਨਾਂ ’ਚ ਠੀਕ ਹੋਜੂ। ਐਵੇਂ ਜਿੱਦਾਂ ਕਰਦਾ ਰਹਿੰਦੈ।’’ ਉਹ ਕਮਰੇ ’ਚ ਗਈ ਤਾਂ ਜੀਤੇ ਨੇ ਗੁੱਸੇ ਨਾਲ ਆਖਿਆ, ‘‘ਹੁਣ ਤੂੰ ਵੀ ਇਹੀ ਆਖੇਂਗੀ ਕਿ ਨਾ ਜਾ ਬਾਹਰ!’’ ਪਰ ਉਸ ਨੇ ਹੱਸ ਕੇ ਆਖਿਆ, ‘‘ਨਾ ਨਾ ਮੈਂ ਨਹੀਂ ਆਖਦੀ। ਮੈਂ ਤਾਂ ਆਪ ਤੁਹਾਨੂੰ ਜਹਾਜ਼ ਚੜ੍ਹਾ ਕੇ ਆਊਂ’’ ਤੇ ਉੱਚੀ ਉੱਚੀ ਹੱਸਣ ਲੱਗੀ ਪਰ ਅੰਦਰੋਂ ਉਸ ਦਾ ਦਿਲ ਟੁੱਟ ਰਿਹਾ ਸੀ ਕਿਉਂਕਿ ਉਹ ਇੱਕ ਪਲ ਵੀ ਉਸ ਤੋਂ ਦੂਰ ਨਹੀਂ ਸੀ ਹੋਣਾ ਚਾਹੁੰਦੀ ਸੀ। ਜੀਤਾ ਮੁਸਕੁਰਾਇਆ ਤੇ ਆਖਣ ਲੱਗਾ, ‘‘ਪੱਕਾ ਇਹੀ ਗੱਲ ਐ ਨਾ? ਕਿਤੇ ਮੁੱਕਰ ਨਾ ਜਾਵੀਂ। ਨਾਲੇ ਬਾਹਰ ਜਾ ਕੇ ਮੈਂ ਕੰਮ ਮੁਕਾ ਕੇ ਥੋੜ੍ਹੇ ਚਿਰ ਬਾਅਦ ਹੀ ਪਰਤ ਆਉਣਾ ਹੈ। ਦੱਸ ਤੂੰ ਬੇਬੇ ਬਾਪੂ ਨੂੰ ਮਨਾ ਲਵੇਂਗੀ?’’ ਜੀਤੀ ਨੇ ਭਰੇ ਮਨ ਨਾਲ ਹਾਮੀ ਭਰੀ ਤੇ ਉੱਠ ਕੇ ਸ਼ਾਮੋ ਕੋਲ ਚਲੀ ਗਈ। ਉਸ ਨੇ ਸ਼ਾਮੋ ਨੂੰ ਬਹੁਤ ਮਿੰਨਤਾਂ ਨਾਲ ਮਨਾਇਆ ਤੇ ਬਿੱਕਰ ਸਿੰਹੁ ਤੋਂ ਵੀ ਹਾਂ ਕਰਵਾਈ। ਕੁਝ ਦਿਨਾਂ ਬਾਅਦ ਹੀ ਜੀਤਾ ਬਾਹਰ ਚਲਾ ਗਿਆ ਤੇ ਰੂਪੀ ਨੇ ਕਿੰਨੇ ਹੀ ਦਿਨ ਜੀਅ ਨਾ ਲਾਇਆ। ਜੀਤਾ ਉਸ ਨੂੰ ਆਥਣ ਸਵੇਰ ਫੋਨ ਕਰਦਾ ਪਰ ਕੁਝ ਦਿਨਾਂ ਬਾਅਦ ਹੀ ਉਸ ਨੇ ਫੋਨ ਕਰਨਾ ਜਿਵੇਂ ਬੰਦ ਹੀ ਕਰ ਦਿੱਤਾ। ਜਦੋਂ ਕਦੇ ਬਿੱਕਰ ਉਸ ਨੂੰ ਫੋਨ ’ਤੇ ਆਉਣ ਲਈ ਕਹਿੰਦਾ ਤਾਂ ਉਹ ਕਿਸੇ ਕੰਮ ਦਾ ਬਹਾਨਾ ਲਾ ਕੇ ਟਾਲ ਦਿੰਦਾ। ਕਈ ਦਿਨ ਜੀਤੇ ਨੇ ਫੋਨ ਨਾ ਕੀਤਾ ਤਾਂ ਰੂਪੀ ਨੇ ਉਸ ਨੂੰ ਆਪ ਹੀ ਫੋਨ ਕੀਤਾ। ਉਸ ਨੇ ਰੁਝੇਵਾਂ ਦੱਸ ਕੇ ਫੋਨ ਕੱਟ ਦਿੱਤਾ। ਰੂਪੀ ਨੇ ਉਸ ਦਿਨ ਕੁਝ ਨਾ ਖਾਧਾ। ਅਗਲੇ ਦਿਨ ਦੁਪਹਿਰੇ ਜੀਤੇ ਦਾ ਫੋਨ ਆਇਆ ਤਾਂ ਉਸ ਨੂੰ ਚਾਅ ਚੜ੍ਹ ਗਿਆ। ਉਹ ਕਾਹਲੀ ਨਾਲ ਫੋਨ ਲੈ ਕੇ ਆਪਣੇ ਕਮਰੇ ’ਚ ਜਾ ਗੱਲ ਕਰਨ ਲੱਗੀ। ਸੁੱਖ-ਸਾਂਦ ਪੁੱਛਣ ਮਗਰੋਂ ਜੀਤਾ ਕੁਝ ਅਜੀਬ ਜਿਹੇ ਵਿਹਾਰ ਨਾਲ ਆਖਣ ਲੱਗਾ, ‘‘ਰੂਪੀ, ਮੈਨੂੰ ਆਉਂਦੀ ਚਾਰ ਕਿੱਲੇ ਜ਼ਮੀਨ ਤੂੰ ਭਾਵੇਂ ਸਾਰੀ ਰੱਖ ਲੈ, ਪਰ ਮੇਰੀ ਉਡੀਕ ਨਾ ਕਰੀਂ। ਮੈਂ ਇੱਥੇ ਆਪਣੀ ਕੰਪਨੀ ’ਚ ਕੰਮ ਕਰਦੀ ਇੱਕ ਕੁੜੀ ਨਾਲ ਆਇਆ ਹਾਂ। ਅਸੀਂ ਇੱਥੇ ਇਕੱਠੇ ਰਹਿੰਦੇ ਹਾਂ। ਤੂੰ ਏਦਾਂ ਸਮਝ ਲੈ ਕਿ ਮੈਂ ਉਸ ਨਾਲ ਵਿਆਹ ਕਰਵਾ ਲਿਆ।’’ ਉਸ ਦੀ ਗੱਲ ਸੁਣ ਕੇ ਰੂਪੀ ਦੇ ਹੱਥੋਂ ਫੋਨ ਹੇਠਾਂ ਡਿੱਗ ਪਿਆ ਤੇ ਉਸ ਨੇ ਜੀਤੇ ਨੂੰ ਕੋਈ ਸਵਾਲ ਨਾ ਕੀਤਾ। ਦੁਪਹਿਰ ਦੀ ਆਪਣੇ ਕਮਰੇ ’ਚ ਪਈ ਆਥਣ ਤੱਕ ਬਾਹਰ ਨਾ ਨਿਕਲੀ। ਉਸ ਨੂੰ ਜਿਵੇਂ ਆਸਮਾਨ ਆਪਣੇ ਸਿਰ ’ਤੇ ਡਿੱਗਿਆ ਜਾਪਿਆ। ਸ਼ਾਮੋ ਨੇ ਉਸ ਨੂੰ ਕਈ ਵਾਰ ਗੱਲ ਪੁੱਛੀ ਪਰ ਉਹ ਕੁਝ ਨਾ ਬੋਲੀ। ਬਿੱਕਰ ਸਿੰਹੁ ਖੇਤੋਂ ਆਇਆ ਤਾਂ ਉਸ ਨੇ ਸ਼ਾਮੋ ਤੇ ਰੂਪੀ ਨੂੰ ਚੁੱਪ ਵੇਖ ਕੇ ਪੁੱਛਿਆ, ‘‘ਕਿਵੇਂ ਅੱਜ ਨੂੰਹ ਸੱਸ ਲੜ ਤਾਂ ਨਹੀਂ ਪਈਆਂ!’’ ‘‘ਲੜਨਾ ਕਾਹਨੂੰ!’’ ਸ਼ਾਮੋ ਨੇ ਉਦਾਸ ਮਨ ਨਾਲ ਆਖਿਆ, ‘‘ਆਹ ਰੂਪੀ ਨੂੰ ਜੀਤੇ ਦਾ ਫੋਨ ਆਇਆ ਸੀ। ਉਦੋਂ ਦੀ ਬੁੱਤ ਬਣੀ ਪਈ ਐ, ਕੁਝ ਦੱਸਦੀ ਵੀ ਨਹੀਂ।’’ ‘‘ਪੁੱਤ ਰੂਪੀ, ਕੀ ਗੱਲ ਹੋਗੀ ਭਾਈ? ਆਪਾਂ ਹੁਣੇ ਜੀਤੇ ਨੂੰ ਫੋਨ ਲਾ ਕੇ ਗੱਲ ਕਰਦੇ ਆਂ। ਕੁਝ ਕਿਹਾ ਉਸ ਨੇ ਤੈਨੂੰ? ਮੈਨੂੰ ਹੁਣੇ ਦੱਸ ਦੇਵਾਂ ਉਹਨੂੰ ਪਤਾ।’’

ਰੂਪੀ ਕੁਝ ਨਾ ਬੋਲੀ। ਬਿੱਕਰ ਸਿੰਹੁ ਨੇ ਹਰਖ ਵਿੱਚ ਕਾਹਲੀ ਨਾਲ ਜੀਤੇ ਨੂੰ ਫੋਨ ਮਿਲਾਇਆ ਤਾਂ ਸਤਿ ਸ੍ਰੀ ਅਕਾਲ ਬੁਲਾਉਣ ਤੋਂ ਬਾਅਦ ਜੀਤਾ ਬੋਲਿਆ, ‘‘ਬਾਪੂ ਜੀ, ਰੂਪੀ ਨੇ ਤੁਹਾਨੂੰ ਦੱਸ ਹੀ ਦਿੱਤਾ ਹੋਣੈ ਬਈ ਮੈਂ ਇੱਥੇ ਵਿਆਹ ਕਰਵਾ ਲਿਆ। ਤੁਸੀਂ ਮੇਰੇ ਹਿੱਸੇ ਆਉਂਦੀ ਸਾਰੀ ਜ਼ਮੀਨ ਰੂਪੀ ਦੇ ਨਾਂ ਕਰਵਾ ਦਿਓ ਤੇ ਉਹ ਵੀ ਆਪਣੀ ਮਰਜ਼ੀ ਨਾਲ ਹੋਰ ਥਾਂ ਵਿਆਹ ਕਰਵਾ ਲਵੇ। ਤੁਸੀਂ ਭਾਵੇਂ ਪੰਚਾਇਤ ’ਚ ਗੱਲ ਕਰ ਲਓ, ਮੈਨੂੰ ਇਤਰਾਜ਼ ਨਹੀਂ।’’ ਉਸ ਦੀਆਂ ਗੱਲਾਂ ਸੁਣ ਕੇ ਉਹ ਸੁੰਨ ਹੋ ਗਿਆ। ਕੁਝ ਦੇਰ ਦੀ ਚੁੱਪ ਮਗਰੋਂ ਉਹ ਲਗਾਤਾਰ ਉੱਚੀ ਉੱਚੀ ਜੀਤੇ ਨੂੰ ਗਾਲ੍ਹਾਂ ਕੱਢਦਾ ਹੋਇਆ ਆਖਣ ਲੱਗਾ, ‘‘ਓਏ ... ਕੀ ਕਮੀ ਐ ਕੁੜੀ ’ਚ? ਕਿਸੇ ਦੀ ਧੀ ਡੋਬ ਕੇ ਤੂੰ ਸੁਖ ਨਹੀਂ ਪਾਉਣਾ...।’’ ਬਿੱਕਰ ਸਿੰਹੁ ਦਾ ਗੱਚ ਭਰ ਆਇਆ। ਜੀਤੇ ਨੇ ਫੋਨ ਕੱਟ ਦਿੱਤਾ

ਉਸ ਰਾਤ ਘਰ ਦੇ ਕਿਸੇ ਜੀਅ ਨੇ ਰੋਟੀ ਨਾ ਖਾਧੀ। ਅਗਲੀ ਸਵੇਰ ਬਿੱਕਰ ਸਿੰਹੁ ਨੇ ਰੂਪੀ ਨੂੰ ਆਖਿਆ, ‘‘ਪੁੱਤ, ਰੋਟੀ ਖਾ ਤੇ ਨਾਲੇ ਆਵਦੀ ਮਾਂ ਨੂੰ ਖੁਆ। ਫੇਰ ਆਪਾਂ ਥਾਣੇ ਚੱਲਣੈ।’’

ਰੂਪੀ ਨੇ ਹੈਰਾਨੀ ਨਾਲ ਪੁੱਛਿਆ, ‘‘ਬਾਪੂ ਜੀ, ਥਾਣੇ ਕੀ ਕਰਨੈ?’’

‘‘ਓਹੋ ਲੈ ਘੱਟ ਮਾੜੀ ਕੀਤੀ ਜੀਤੇ ਨੇ ਤੇਰੇ ਨਾਲ! ਬਿਨਾਂ ਤਲਾਕ ਲਏ ਉਹ ਵਿਆਹ ਕਿਵੇਂ ਕਰਵਾ ਸਕਦੈ? ਨਾਲੇ ਉਸ ਨੂੰ ਹੋਰ ਵਿਆਹ ਦਾ ਜਿਹੜਾ ਭੂਤ ਚੜ੍ਹਿਐ ਮੈਂ ਲਾਹ ਕੇ ਰਹੂੰ। ਤੂੰ ਮੈਨੂੰ ਮੇਰੇ ਪੁੱਤ ਤੋਂ ਵੀ ਵਧ ਕੇ ਹੈਂ ਰੂਪੀ।ਚੱਲ ਰੋਟੀ ਖਾ ਚੱਲੀਏ।’’

‘‘ਰੋਟੀ ਤਾਂ ਮੈਂ ਖਾ ਲਵਾਂਗੀ, ਬਾਪੂ ਜੀ। ਪਰ ਥਾਣੇ ਨਹੀਂ ਜਾਣਾ।’’

‘‘ਕਿਉਂ ਨਹੀਂ ਜਾਣਾ? ਹਾਲੇ ਹੋਰ ਕੁਝ ਉਡੀਕਦੀ ਐਂ ਬਈ ਕੱਲ੍ਹ ਨੂੰ ਤੇਰੇ ਬਰਾਬਰ ਲਿਆ ਬਿਠਾਏ ਕਿਸੇ ਨੂੰ? ਇਹ ਨਹੀਂ ਜਰਿਆ ਜਾਣਾ ਸਾਥੋਂ।’’

ਰੂਪੀ ਨੇ ਰਿਪੋਰਟ ਲਿਖਾਉਣ ਲਈ ਹਾਮੀ ਨਾ ਭਰੀ।

ਅੱਕ ਕੇ ਬਿੱਕਰ ਸਿੰਹੁ ਆਖਣ ਲੱਗਾ, ‘‘ਚੰਗਾ। ਤੂੰ ਨਾ ਜਾ। ਮੈਂ ਆਪ ਹੀ ਥਾਣੇ ਜਾ ਕੇ ਦੱਸਦਾਂ।’’ ਉਸ ਨੇ ਸ਼ਾਮੋ ਨੂੰ ਆਖਿਆ, ‘‘ਆਜਾ ਚੱਲੀਏ ਤੇ ਉਸਦੀ ਕਰਤੂਤ ਦੱਸੀਏ।’’

ਰੂਪੀ ਨੇ ਰੋਂਦਿਆਂ ਸ਼ਾਮੋ ਦੇ ਪੈਰ ਫੜ ਲਏ ਤੇ ਆਖਣ ਲੱਗੀ, ‘‘ਮਾਂ ਬਣਕੇ ਮੇਰੀ ਗੱਲ ਮੰਨ ਲਉ। ਆਪਾਂ ਕਿਸੇ ਨੂੰ ਕੁਝ ਵੀ ਨਹੀਂ ਦੱਸਣਾ। ਮੈਂ ਸਾਰੀ ਉਮਰ ਤੁਹਾਡਾ ਪੁੱਤ ਬਣ ਕੇ ਇੱਥੇ ਹੀ ਤੁਹਾਡੇ ਨਾਲ ਰਹੂੰ।’’ ਉਸ ਦੀ ਗੱਲ ਸੁਣ ਕੇ ਸ਼ਾਮੋ ਧਾਹਾਂ ਮਾਰ ਕੇ ਰੋਂਦੀ, ਜੀਤੇ ਨੂੰ ਗਾਲ੍ਹਾਂ ਕੱਢਣ ਲੱਗੀ, ‘‘ਤੂੰ ਮੇਰੀ ਕੁੱਖ ਨੂੰ ਦਾਗ਼ ਲਾਇਆ ਵੇ ਪੁੱਤਾ! ਕਿਸੇ ਦੀ ਸੋਨੇ ਵਰਗੀ ਧੀ ਰੋਲ਼ ਦਿੱਤੀ ਵੇ ਵੈਰੀਆ!’’

ਰੂਪੀ ਉਸ ਨੂੰ ਚੁੱਪ ਕਰਵਾਉਣ ਲੱਗੀ। ਬਿੱਕਰ ਸਿੰਹੁ ਨਿਢਾਲ ਹੋ ਕੇ ਭੁੰਜੇ ਹੀ ਬਹਿ ਗਿਆ। ਉਸ ਨੂੰ ਯਕੀਨ ਨਹੀਂ ਆਉਂਦਾ ਸੀ ਕਿ ਉਸ ਦਾ ਸਵਰਗਾਂ ਵਰਗਾ ਘਰ ਪਲਾਂ ’ਚ ਉਜੜ ਗਿਆ। ਬਹੁਤ ਵਿਰਲਾਪ ਮਗਰੋਂ ਸ਼ਾਮੋ ਸਿਰ ਫੜ ਕੇ ਬਹਿ ਗਈ ਤੇ ਆਖਣ ਲੱਗੀ, ‘‘ਰੂਪੀ, ਪੁੱਤ ਤੂੰ ਉਸ ਨਿਰਮੋਹੇ ਨੂੰ ਪੁੱਛ ਤਾਂ ਸਹੀ ਤੇਰੇ ’ਚ ਕਮੀ ਕੀ ਹੈ? ਉਹ ਵਿਆਹ ਕਿਵੇਂ ਕਰਵਾ ਸਕਦੈ? ਹਾਲੇ ਤਾਂ ਤੇਰੇ ਚੂੜੇ ਦਾ ਰੰਗ ਵੀ ਫਿੱਕਾ ਨਹੀਂ ਪਿਆ।’’

ਰੂਪੀ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਉਹ ਉੱਚੀ ਉੱਚੀ ਰੋਂਦਿਆਂ ਆਖਣ ਲੱਗੀ, ‘‘ਮਾਂ, ਤੁਸੀਂ ਮੇਰੇ ਪੇਕੇ ਘਰ ਕਿਸੇ ਨੂੰ ਨਹੀਂ ਦੱਸਣਾ।’’ ‘‘ਪਰ ਧੀਏ ਆਹ ਜੋ ਜੱਗੋਂ ਤੇਰ੍ਹਵੀਂ ਤੇਰੇ ਨਾਲ ਹੋਈ ਐ ਇਹ ਭਲਾ ਲੁਕਾਉਣ ਵਾਲੀ ਗੱਲ ਹੈ? ਕਿਸੇ ਨਾ ਕਿਸੇ ਦਿਨ ਤਾਂ ਪਤਾ ਲੱਗਣਾ ਹੀ ਐ। ਤੈਨੂੰ ਉਸ ਨਿਰਮੋਹੇ ’ਤੇ ਇੰਨਾ ਤਰਸ ਕਿਉਂ ਆਉਂਦੈ? ਰੂਪੀ, ਉਹਨੇ ਤੇਰੇ ਨਾਲ ਬਹੁਤ ਵਧੀਕੀ ਕੀਤੀ ਹੈ। ਇਹ ਬਖ਼ਸ਼ਣਯੋਗ ਨਹੀਂ। ਤੂੰ ਉਸ ’ਤੇ ਕੇਸ ਕਰ ਦੇ। ਅਸੀਂ ਤੇਰੇ ਨਾਲ ਖੜ੍ਹੇ ਹਾਂ ਪੁੱਤ।’’

‘‘ਬੇਸ਼ੱਕ ਉਹ ਸਾਡਾ ਇੱਕੋ-ਇੱਕ ਪੁੱਤ ਹੈ, ਪਰ ਉਹ ਤੇਰਾ ਦੋਸ਼ੀ ਹੈ। ਕਮਲੇ ਨੇ ਲਾਵਾਂ ਦੀ ਲਾਜ ਵੀ ਨਾ ਰੱਖੀ।’’ ਇੰਨਾ ਆਖ ਸ਼ਾਮੋ ਫਿਰ ਰੋਣ ਲੱਗੀ। ਆਥਣੇ ਮੀਤੋ ਕਿਸੇ ਕੰਮ ਉਨ੍ਹਾਂ ਦੇ ਘਰ ਆਈ ਤਾਂ ਚੁੱਪ ਪਸਰੀ ਵੇਖ ਬੋਲੀ, ‘‘ਕੁੜੇ ਚਾਹ ਨਾ ਪਿਆਉਣੀ ਪੈ ਜਾਏ ਤਾਂ ਕਰਕੇ ਨੂੰਹ ਸੱਸ ਕੁਸਕਦੀਆਂ ਵੀ ਨਹੀਂ।’’

ਰੂਪੀ ਨੇ ਉਸ ਦੀ ਗੱਲ ਸੁਣ ਆਖਿਆ, ‘‘ਭੂਆ, ਆ ਜਾ ਲੰਘ ਆ। ਚਾਹ ਬਣਗੀ ਸਮਝ।’’ ਰੂਪੀ ਨੂੰ ਇੰਝ ਸੁਸਤ ਜਿਹੀ ਵੇਖ ਉਸ ਨੇ ਸ਼ਾਮੋ ਨੂੰ ਪੁੱਛਿਆ, ‘‘ਕੁੜੇ ਸੁੱਖ ਐ, ਕੀ ਗੱਲ ਇੰਜ ਢੇਰੀ ਢਾਹੀ ਬੈਠੀ ਐਂ?’’

ਸ਼ਾਮੋ ਨੇ ਭਰੇ ਗਲ਼ ਨਾਲ ਕਿਹਾ, ‘‘ਮੀਤੋ, ਅਸੀਂ ਤੇਰੀ ਭਤੀਜੀ ਦੇ ਦੋਖੀ ਆਂ। ਸਾਡਾ ਮੁੰਡਾ ਮਾੜੀ ਕਰ ਗਿਆ ਕੁੜੀ ਨਾਲ।’’

ਮੀਤੋ ਨੇ ਘਾਬਰ ਕੇ ਪੁੱਛਿਆ, ‘‘ਕੁੜੇ ਸ਼ਾਮੋ, ਸਿੱਧੀ ਗੱਲ ਦੱਸ। ਮੇਰੇ ਹੌਲ ਪੈਣ ਵਾਲਾ ਕਰਤਾ ਤੂੰ ਤਾਂ।’’

‘‘ਕੀ ਦੱਸਾਂ... ਜੀਤੇ ਨੇ ਓਧਰ ਵਿਆਹ ਕਰਵਾ ਲਿਆ। ਅੱਗਿਓਂ ਕਹਿੰਦਾ, ਮੇਰੇ ਨਾਂ ਆਉਂਦੀ ਜ਼ਮੀਨ ਰੂਪੀ ਨੂੰ ਦੇ ਕੇ ਪੇਕੇ ਤੋਰ ਦਿਓ।’’ ਗੱਲ ਸੁਣ ਕੇ ਮੀਤੋ ਜੋ ਅਵਾ-ਤਵਾ ਮੂੰਹ ’ਚ ਆਇਆ ਬੋਲਣ ਲੱਗੀ। ਉਸ ਦਾ ਬੀਪੀ ਵਧ ਗਿਆ ਤੇ ਤ੍ਰੇਲੀਆਂ ਆਉਣ ਲੱਗੀਆਂ। ਉਹ ਗੁੱਸੇ ’ਚ ਸ਼ਾਮੋ ਦੇ ਘਰੋਂ ਤੁਰ ਪਈ ਤੇ ਜਾ ਕੇ ਨੂੰਹ ਤੋਂ ਰੂਪੀ ਦੇ ਪੇਕਿਆਂ ਨੂੰ ਫੋਨ ਕਰਵਾ ਕੇ ਪਿੰਡ ਆਉਣ ਲਈ ਆਖਿਆ।

ਅਗਲੇ ਦਿਨ ਹੀ ਰੂਪੀ ਦੇ ਮਾਤਾ ਪਿਤਾ ਉਸ ਦੇ ਘਰ ਪਹੁੰਚੇ। ਮੀਤੋ ਨੂੰ ਵੀ ਸੱਦਿਆ। ਰੂਪੀ ਦਾ ਮੁਰਝਾਇਆ ਚਿਹਰਾ ਵੇਖ ਉਸ ਦੀ ਮਾਂ ਨੂੰ ਜਾਪਿਆ ਕਿ ਸ਼ਾਇਦ ਨੂੰਹ ਸੱਸ ਦੀ ਕੋਈ ਮਾੜੀ ਮੋਟੀ ਗੱਲ ਹੋ ਗਈ ਹੋਵੇ। ਜਿਉਂ ਹੀ ਸ਼ਾਮੋ ਨੇ ਸਾਰਿਆਂ ਨੂੰ ਚਾਹ ਪਿਆ ਕੇ ਗੱਲਾਂ ਦਾ ਸਿਲਸਿਲਾ ਤੋਰਨਾ ਚਾਹਿਆ ਤਾਂ ਉਸ ਤੋਂ ਕੁਝ ਵੀ ਬੋਲਿਆ ਨਾ ਗਿਆ। ਆਖ਼ਰ ਰੂਪੀ ਦੇ ਪਿਤਾ ਨੇ ਪੁੱਛਿਆ, ‘‘ਰੂਪੀ ਪੁੱਤ, ਕਿਸੇ ਖ਼ਾਸ ਗੱਲ ਲਈ ਬੁਲਾਇਐ?’’ ਤਾਂ ਉਹ ਵੀ ਚੁੱਪ ਹੀ ਰਹੀ। ਉਨ੍ਹਾਂ ਨੂੰ ਚੁੱਪ ਵੇਖ ਮੀਤੋ ਭਰੇ ਗੱਚ ਨਾਲ ਬੋਲੀ, ‘‘ਸੋਹਣੇ ਵੀਰ, ਮੈਂ ਤੇਰੀ ਧੀ ਦੀ ਦੋਖੀ ਹਾਂ।’’ ‘‘ਪਰ ਗੱਲ ਕੀ ਹੋਈ?’’ ਸੋਹਣ ਸਿੰਹੁ ਨੇ ਚਿੰਤਾ ਵਿੱਚ ਪੁੱਛਿਆ।

‘‘ਬਸ ਪੁੱਛ ਨਾ... ਜੀਤਾ ਡੋਬ ਗਿਆ ਆਪਣੀ ਰੂਪੀ ਨੂੰ। ਉਸ ਨੇ ਬਾਹਰ ਜਾ ਕੇ ਹੋਰ ਹੀ ਚੰਨ ਚਾੜ੍ਹ ਦਿੱਤਾ। ਉੱਥੇ ਵਿਆਹ ਕਰਵਾ ਲਿਆ ਉਸ ਨੇ। ਮੈਨੂੰ ਤਾਂ ਭਾਈ ਨੀਵੇਂ ਥਾਂ ਬਿਠਾ ਕੇ ਜੁੱਤੀਆਂ ਮਾਰਿਓ ਭਾਵੇਂ! ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਕਦੇ ਇਹ ਪਾਪ ਨਾ ਕਰਦੀ।’’ ਰੂਪੀ ਦੀ ਮਾਂ ਨੂੰ ਇੰਨਾ ਹਰਖ ਚੜ੍ਹਿਆ ਕਿ ਉਹ ਬਿੱਕਰ ਸਿੰਹੁ ਤੇ ਸ਼ਾਮੋ ਨੂੰ ਬੁਰਾ ਭਲਾ ਆਖਣ ਲੱਗੀ, ਪਰ ਉਹ ਦੋਵੇਂ ਭੋਰਾ ਨਾ ਕੁਸਕੇ। ਚੁੱਪ ਕਰਕੇ ਨੀਵੀਂ ਪਾ ਸੁਣੀ ਗਏ। ਜਦੋਂ ਉਸ ਦੇ ਮਾਪਿਆਂ ਨੇ ਬੋਲਣ ਵਾਲੀ ਹੱਦ ਟੱਪ ਦਿੱਤੀ ਤਾਂ ਰੂਪੀ ਨੇ ਉੱਚੀ ਉੱਚੀ ਆਖਿਆ, ‘‘ਬਸ ਕਰੋ ਸਾਰੇ। ਇਹ ਰੌਲਾ ਤੁਸੀਂ ਮੇਰੇ ਕਰਕੇ ਹੀ ਪਾ ਰਹੇ ਹੋ ਨਾ! ਮੈਨੂੰ ਇੱਥੇ ਰਹਿਣ ’ਚ ਕੋਈ ਤਕਲੀਫ਼ ਨਹੀਂ। ਮੈਂ ਇਸ ਘਰ ਵਿਆਹ ਕੇ ਆਈ ਹਾਂ ਤੇ ਇੱਥੇ ਹੀ ਰਹੂੰ, ਭਾਵੇਂ ਜੀਤਾ ਮੇਰੇ ਕੋਲ ਮੁੜੇ ਜਾਂ ਨਾ।’’

ਰੂਪੀ ਦੀ ਗੱਲ ਸੁਣ ਕੇ ਸੋਹਣ ਸਿੰਹੁ ਗੁੱਸੇ ’ਚ ਬੋਲਿਆ, ‘‘ਕੁੜੀਏ, ਤੇਰੀ ਨਿਆਣ ਮੱਤ ਐ। ਇੰਜ ਨਹੀਂ ਉਮਰਾਂ ਲੰਘਦੀਆਂ ਹੁੰਦੀਆਂ। ਕਦੋਂ ਤੱਕ ਉਡੀਕੀ ਜਾਏਂਗੀ ਐਸੇ ਬੇਗੈਰਤ ਨੂੰ ਜਿਹੜਾ ਸਾਲ ’ਚ ਧੋਖਾ ਦੇ ਗਿਆ? ਤੂੰ ਸਾਡੇ ਨਾਲ ਚੱਲ। ਜਦੋਂ ਕੋਰਟ ’ਚ ਕੇਸ ਕੀਤਾ ਤੇ ਉਹਦੇ ਮਾਂ ਪਿਉ ਨੂੰ ਜੇਲ੍ਹ ਜਾਣਾ ਪਿਆ, ਵੇਖੀਂ ਕਿਵੇਂ ਭੱਜਿਆ ਆਉਂਦਾ। ਬਿਨਾਂ ਤਲਾਕ ਵਿਆਹ ਕਰਵਾਉਣ ਦਾ ਸੁਆਦ ਤਾਂ ਉਹਨੂੰ ਹੁਣ ਆਊ,’’ ਸੋਹਣ ਸਿੰਹੁ ਦਾ ਗੁੱਸਾ ਜਾਇਜ਼ ਸੀ।

ਬਿੱਕਰ ਸਿੰਹੁ ਨੇ ਹੱਥ ਜੋੜ ਆਖਿਆ, ‘‘ਭਾਈ ਸੋਹਣੇ, ਰੂਪੀ ਸਾਡੀ ਵੀ ਕੁਝ ਲੱਗਦੀ ਹੈ। ਜੇ ਮੈਨੂੰ ਪਤਾ ਹੁੰਦਾ ... ਨੇ ਇੰਜ ਕਰਨੀ ਐ ਤਾਂ ਮੈਂ ਕਦੇ ਤੇਰੀ ਧੀ ਲਈ ਦੁੱਖ ਨਾ ਸਹੇੜਦਾ। ਜਿੱਥੋਂ ਤੱਕ ਕੇਸ ਕਰਨ ਦੀ ਗੱਲ ਹੈ ਉਹ ਭਾਵੇਂ ਤੂੰ ਅੱਜ ਕਰ ਦੇ। ਅਸੀਂ ਤੇਰੀ ਧੀ ਦੇ ਦੋਸ਼ੀ ਹਾਂ। ਜੇਲ੍ਹ ਕੱਟਣ ਨੂੰ ਅਸੀਂ ਪਛਤਾਵਾ ਸਮਝਾਂਗੇ। ਸਾਡੇ ਵੱਸ ਹੋਰ ਕੁਝ ਨਹੀਂ। ਬਾਕੀ ਜਿਹੜੀ ਸਜ਼ਾ ਦਿਓਂ ਮਨਜ਼ੂਰ ਹੈ।’’ ਬਿੱਕਰ ਸਿੰਹੁ ਨੂੰ ਇੰਜ ਹੱਥ ਜੋੜੀ ਖੜ੍ਹਾ ਵੇਖ ਕੇ ਰੂਪੀ ਦਾ ਰੋਣ ਨਿਕਲ ਗਿਆ। ਉਸ ਨੇ ਆਖਿਆ, ‘‘ਬਾਪੂ ਜੀ, ਤੁਸੀਂ ਕੁਝ ਨਹੀਂ ਕੀਤਾ ਤੁਸੀਂ ਕਿਉਂ ਸਜ਼ਾ ਭੁਗਤੋ?’’ ਰੂਪੀ ਦੀ ਮਾਂ ਸਾਰਾ ਕੁਝ ਮੱਥੇ ’ਤੇ ਹੱਥ ਰੱਖੀ ਸੁਣ ਰਹੀ ਸੀ। ਉਹ ਵਿੱਚੋਂ ਹੀ ਬੋਲੀ, ‘‘ਰੂਪੀ, ਤੂੰ ਹੁਣੇ ਫੋਨ ਕਰ ਉਸ ਨੂੰ। ਮੈਂ ਪੁੱਛਾਂ ਉਹਨੇ ਇਹ ਕੀ ਗੱਲ ਕੀਤੀ? ਭਲਾ ਇਹ ਬੰਦਿਆਂ ਵਾਲੇ ਕੰਮ ਐ?’’ ਰੂਪੀ ਨੇ ਫੋਨ ਕਰਨ ਤੋਂ ਨਾਂਹ ਕਰ ਦਿੱਤੀ ਪਰ ਸੋਹਣ ਸਿੰਘ ਨੇ ਆਪਣੇ ਫੋਨ ਤੋਂ ਜੀਤੇ ਨੂੰ ਫੋਨ ਕੀਤਾ ਤਾਂ ਉਸ ਨੇ ਸਤਿਕਾਰ ਸਹਿਤ ‘ਸਤਿ ਸ੍ਰੀ ਅਕਾਲ’ ਬੁਲਾਈ। ਸੋਹਣ ਸਿੰਘ ਗੁੱਸੇ ’ਚ ਸੀ। ਉਸ ਨੇ ਪੈਂਦੀ ਸੱਟੇ ਪੁੱਛ ਲਿਆ, ‘‘ਜੀਤੇ, ਆਹ ਰੂਪੀ ਭਲਾ ਜੋ ਕਹਿੰਦੀ ਐ ਉਹ ਸੱਚ ਹੈ?’’

‘‘ਹਾਂ ਜੀ, ਸੱਚ ਹੈ,’’ ਜੀਤੇ ਨੇ ਪੂਰੀ ਦਲੇਰੀ ਨਾਲ ਕਿਹਾ। ਸੋਹਣ ਸਿੰਹੁ ਫਿਰ ਬੋਲਿਆ, ‘‘ਤੈਨੂੰ ਸੰਗ ਸ਼ਰਮ ਨਹੀਂ ਆਈ? ਭਲਾ ਕੀ ਕਮੀ ਐ ਸਾਡੀ ਧੀ ’ਚ?’’ ‘‘ਨਾ ਨਾ ਜੀ, ਰੂਪੀ ’ਚ ਕੋਈ ਕਮੀ ਨਹੀਂ। ਬੜੀ ਸਚਿਆਰੀ ਸਿਆਣੀ ਹੈ ਉਹ ਤਾਂ।’’ ‘‘...ਤੇ ਫੇਰ ਤੂੰ ਉਸ ਨਾਲ ਐਸਾ ਕਹਿਰ ਕਿਉਂ ਕਮਾਇਆ, ਦੱਸ ਮੈਨੂੰ?’’

‘‘ਡੈਡੀ ਜੀ, ਮੈਂ ਪਹਿਲਾਂ ਹੀ ਇੱਕ ਕੁੜੀ ਨਾਲ ਪਿਆਰ ਕਰਦਾ ਸੀ ਤੇ ਹੁਣ ਉਸੇ ਨਾਲ ਹਾਂ ਬਾਹਰ।’’

ਸੋਹਣ ਸਿੰਹੁ ਹੋਰ ਗੁੱਸੇ ਨਾਲ ਆਖਣ ਲੱਗਾ, ‘‘ਫਿਰ ਤੂੰ ਸਾਡੀ ਧੀ ਨਾਲ ਵਿਆਹ ਕਿਉਂ ਕਰਾਇਆ ਸੀ?’’

‘‘ਕਿਉਂਕਿ ਉਹ ਕੁੜੀ ਹਾਲੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਤੇ ਮਾਂ ਬਾਪੂ ਨੂੰ ਮੇਰੇ ਵਿਆਹ ਦੀ ਕਾਹਲੀ ਤੇ ਚਾਅ ਸੀ। ਮਾਂ ਦੇ ਚਾਵਾਂ ਕਰਕੇ ਮੈਂ ਇਹ ਵਿਆਹ ਕਰਵਾਇਆ।’’

‘‘ਓਏ ਵਿਆਹ ਗੁੱਡੇ ਗੁੱਡੀਆਂ ਦੀ ਖੇਡ ਐ? ਬਈ ਤੂੰ ਚਿੱਤ ਪਰਚਾਉਣ ਨੂੰ ਕਰਵਾ ਲਿਆ...।’’

ਗੱਲ ਕਾਫ਼ੀ ਵਧ ਗਈ ਸੀ। ਸੋਹਣ ਸਿੰਹੁ ਗਾਲ੍ਹਾਂ ਕੱਢਣ ਲੱਗਿਆ, ਪਰ ਰੂਪੀ ਨੇ ਰੋਂਦੇ ਹੋਏ ਆਖਿਆ, ‘‘ਡੈਡੀ ਜੀ, ਤੁਸੀਂ ਕੋਈ ਕਾਰਵਾਈ ਨਹੀਂ ਕਰਨੀ। ਮੈਂ ਇੱਥੇ ਹੀ ਰਹੂੰਗੀ।’’

‘‘ਕਮਲੀ ਹੋਈ ਐਂ ਤੂੰ!’’ ਉਸ ਦੀ ਮਾਂ ਗੁੱਸੇ ਵਿੱਚ ਬੋਲੀ।

ਸੋਹਣ ਸਿੰਹੁ ਗੁੱਸੇ ’ਚ ਮੀਤੋ ਨੂੰ ਬਾਹਰ ਸੱਦ ਕੇ ਲੈ ਗਿਆ ਤੇ ਆਖਣ ਲੱਗਾ, ‘‘ਅਸੀਂ ਕੁੜੀ ਨੂੰ ਨਾਲ ਲਿਜਾ ਕੇ ਸਮਝਾਵਾਂਗੇ ਤੇ ਕੇਸ ਕਰਾਂਗੇ ਇਨ੍ਹਾਂ ’ਤੇ। ਫੇਰ ਨਾ ਆਖੀਂ!’’

‘‘ਮੈਂ ਕੀ ਆਖਣੈ ਭਾਈ? ਹੁਣ ਭਾਣਾ ਵਰਤ ਗਿਆ। ਤੁਸੀਂ ਆਵਦੀ ਪੂਰੀ ਕਾਰਵਾਈ ਕਰੋ।’’ ਇੰਨੀ ਗੱਲ ਕਰ ਉਹ ਅੰਦਰ ਆ ਗਏ। ਮਾਂ ਨੇ ਉਸ ਨੂੰ ਆਖਿਆ, ‘‘ਚੱਲ ਕੁੜੀਏ ਸਾਡੇ ਨਾਲ ਥਾਣੇ ਰਿਪੋਰਟ ਕਰਵਾਈਏ। ਇਨ੍ਹਾਂ ਨੂੰ ਬੰਦੇ ਬਣਾਵਾਂਗੇ।’’

ਰੂਪੀ ਆਪਣੀ ਗੱਲ ’ਤੇ ਡਟੀ ਰਹੀ ਤੇ ਕਹਿਣ ਲੱਗੀ, ‘‘ਮਾਂ, ਮੈਂ ਕੋਈ ਬਿਆਨ ਨਹੀਂ ਦੇਣਾ। ਮੈਨੂੰ ਸਭ ਮਨਜ਼ੂਰ ਹੈ। ਮੈਂ ਇੱਥੇ ਹੀ ਰਹੂੰ।’’ ‘‘ਵੇਖ ਲੈ ਰੂਪੀ, ਜੇ ਅੱਜ ਸਾਡੇ ਨਾਲ ਨਾ ਗਈ ਤਾਂ ਤੈਨੂੰ ਇਨਸਾਫ਼ ਨਹੀਂ ਮਿਲਣਾ। ਸਾਰੀ ਉਮਰ ਕੱਢਣੀ ਸੌਖੀ ਨਹੀਂ ਧੀਏ। ਠੰਢੇ ਮਨ ਨਾਲ ਸੋਚ।’’

ਬਿੱਕਰ ਸਿੰਹੁ ਨੇ ਵੀ ਭਰੇ ਮਨ ਨਾਲ ਆਖਿਆ, ‘‘ਧੀਏ, ਤੂੰ ਆਪਣੇ ਪਿਤਾ ਨਾਲ ਜਾਂਦੀ ਰਹਿ। ਸਾਡੇ ਕੋਲ ਰਹਿ ਕੇ ਕੀ ਕਰੇਂਗੀ? ਐਵੇਂ ਕਿਉਂ ਸਾਡੇ ਪਿੱਛੇ ਉਮਰ ਭਰ ਦਾ ਦੁੱਖ ਸਹੇੜਦੀ ਐਂ? ਤੂੰ ਜਦੋਂ ਮਰਜ਼ੀ ਸਾਰੀ ਜ਼ਮੀਨ ਦੀ ਰਜਿਸਟਰੀ ਕਰਵਾ ਲੈ ਤੇ ਭਾਵੇਂ ਕੇਸ ਵੀ ਕਰ ਦੇ, ਅਸੀਂ ਜੇਲ੍ਹ ਕੱਟਣ ਨੂੰ ਵੀ ਤਿਆਰ ਹਾਂ, ਧੀਏ। ਪਰ ਤੂੰ ਸਾਡੇ ਧੋਖੇਬਾਜ਼ ਪੁੱਤ ਪਿੱਛੇ ਜ਼ਿੰਦਗੀ ਨਾ ਰੋਲ।’’

ਉਹ ਕੋਈ ਗੱਲ ਮੰਨਣ ਨੂੰ ਤਿਆਰ ਨਾ ਹੋਈ। ਆਖ਼ਰ ਮੀਤੋ ਨੂੰ ਕਿਹਾ ਗਿਆ ਕਿ ਕੁੜੀ ਨੂੰ ਸਮਝਾਵੇ। ਉਸ ਨੇ ਵੀ ਪੂਰੀ ਵਾਹ ਲਾਈ। ਰੂਪੀ ਆਖਣ ਲੱਗੀ, ‘‘ਭੂਆ, ਤੂੰ ਭੁੱਲ ਗਈ ਜਿਸ ਦਿਨ ਗੁਰੂਘਰ ਸਾਡੀਆਂ ਲਾਵਾਂ ਹੋਈਆਂ ਸਨ ਤੂੰ ਹੀ ਤਾਂ ਆਖਿਆ ਸੀ ਕਿ ਗੁਰੂਘਰ ਲਈਆਂ ਲਾਵਾਂ ਦੀ ਲਾਜ ਰੱਖਿਓ। ਹੁਣ ਮੈਂ ਉਸ ਵਾਅਦੇ ਤੋਂ ਬਾਗ਼ੀ ਕਿਵੇਂ ਹੋ ਜਾਵਾਂ?’’ ‘‘ਹਾਂ ਰੂਪੀ, ਮੈਂ ਆਖਿਆ ਸੀ ਪਰ ਤੁਹਾਨੂੰ ਦੋਵਾਂ ਨੂੰ ਹੀ ਇਹ ਗੱਲ ਨਿਭਾਉਣ ਲਈ ਕਿਹਾ ਸੀ। ਜਦੋਂ ਜੀਤੇ ਨੇ ਹੀ ਕੋਈ ਕਦਰ ਨਹੀਂ ਸਮਝੀ ਤਾਂ ਤੂੰ ਇਕੱਲੀ ਇਸ ਗੱਲ ਨੂੰ ਕਿਵੇਂ ਨਿਭਾਵੇਂਗੀ? ਧੀਏ, ਪਹਾੜ ਵਰਗੀ ਜ਼ਿੰਦਗੀ ਸੌਖੀ ਨਹੀਂ ਨਿਕਲਣੀ। ਤੇਰੀ ਹਾਲੇ ਉਮਰ ਹੀ ਕੀ ਐ? ਬਸ ਤੂੰ ਮੇਰੀ ਗੱਲ ਮੰਨ ਤੇ ਪਿਓ ਨਾਲ ਉਠਜਾ ਚੁੱਪ ਕਰਕੇ। ਉਹ ਉੱਥੇ ਜਾ ਕੇ ਤੇਰੇ ਲਈ ਕੋਈ ਹੀਲਾ ਵਸੀਲਾ ਕਰਨਗੇ।’’

‘‘ਮੈਂ ਨਹੀਂ ਜਾਣਾ ਭੂਆ।’’

ਮੀਤੋ ਵੀ ਉਸ ਨੂੰ ਸਮਝਾ ਸਮਝਾ ਥੱਕ ਗਈ ਪਰ ਰੂਪੀ ਨਹੀਂ ਮੰਨੀ। ਅੰਤ ਉਸ ਦੇ ਮਾਪੇ ਗੁੱਸੇ ਨਾਲ ਪਿੰਡ ਪਰਤ ਗਏ। ਉਨ੍ਹਾਂ ਨੂੰ ਲੱਗਿਆ ਕਿ ਕੁਝ ਦਿਨਾਂ ਬਾਅਦ ਉਹ ਆਪੇ ਸਮਝ ਜਾਵੇਗੀ ਤੇ ਪੇਕੇ ਆ ਜਾਵੇਗੀ। ਉਨ੍ਹਾਂ ਦੇ ਤੁਰਨ ਲੱਗਿਆਂ ਉਸ ਨੇ ਆਪਣੇ ਪਿਤਾ ਤੋਂ ਵਾਅਦਾ ਲਿਆ ਕਿ ਜਦੋਂ ਤੱਕ ਉਹ ਨਾ ਕਹੇ, ਕੋਈ ਕਾਰਵਾਈ ਨਹੀਂ ਕਰਨੀ। ਆਖ਼ਰ ਉਨ੍ਹਾਂ ਨੂੰ ਧੀ ਦੇ ਮੋਹ ਅੱਗੇ ਝੁਕਣਾ ਪਿਆ ਤੇ ਉਹ ਚੰਗਾ ਕਹਿ ਕੇ ਤੁਰ ਪਏ। ਉਨ੍ਹਾਂ ਦੇ ਜਾਣ ਮਗਰੋਂ ਰੂਪੀ ਨੇ ਬਿੱਕਰ ਅਤੇ ਸ਼ਾਮੋ ਤੋਂ ਆਪਣੇ ਪਿਤਾ ਦੇ ਵਿਹਾਰ ਬਾਰੇ ਮੁਆਫ਼ੀ ਮੰਗੀ ਤਾਂ ਸ਼ਾਮੋ ਉਸ ਨੂੰ ਗਲ ਲਾ ਰੋਣ ਲੱਗੀ ਤੇ ਕਿਹਾ, ‘‘ਧੀਏ, ਤੂੰ ਕਿਉਂ ਆਵਦੀ ਫੁੱਲਾਂ ਵਰਗੀ ਜਿੰਦ ਨੂੰ ਵਿਛੋੜੇ ਦਾ ਰੋਗ ਲਾਉਣ ਲਈ ਹਾਮੀ ਭਰਦੀ ਐਂ। ਹਾਲੇ ਵੀ ਤੇਰੇ ਅੱਗੇ ਸਾਰੀ ਜ਼ਿੰਦਗੀ ਪਈ ਐ। ਤੂੰ ਆਵਦਾ ਕੁਝ ਸੋਚ ਵਿਚਾਰ ਧੀਏ।’’

ਪਰ ਰੂਪੀ ਨੇ ਚੁੱਪ ਕਰਕੇ ਘਰ ਦਾ ਕੰਮ ਕਰਨਾ ਸ਼ੁਰੂ ਕੀਤਾ ਤੇ ਆਥਣ ਦਾ ਰੋਟੀ ਟੁੱਕ ਬਣਾ ਕੇ ਬਿੱਕਰ ਸਿੰਹੁ ਅਤੇ ਸ਼ਾਮੋ ਨੂੰ ਆਵਾਜ਼ ਮਾਰੀ। ਸਾਰੇ ਇਕੱਠੇ ਰੋਟੀ ਖਾਣ ਲੱਗੇ। ਬਿੱਕਰ ਦਾ ਜੀਅ ਕਰਦਾ ਕਿ ਜੀਤੇ ਦੀ ਥਾਂ ਉਹ ਆਪ ਰੂਪੀ ਦੇ ਪੈਰੀਂ ਹੱਥ ਲਾ ਕੇ ਮੁਆਫ਼ੀ ਮੰਗੇ। ਉਹ ਸੋਚ ਰਿਹਾ ਸੀ ਕਿ ਕਿੰਨੀ ਸਿਆਣੀ ਕੁੜੀ ਨੂੰ ਦਾਗ਼ ਲਾਇਆ ਸਾਡੇ ਕਪੂਤ ਨੇ, ਜੇ ਪਤਾ ਹੁੰਦਾ ਤਾਂ ਉਸ ਨੂੰ ਕਦੇ ਨਾ ਵਿਆਹੁੰਦਾ।

ਖ਼ੈਰ, ਕਈ ਦਿਨ ਲੰਘ ਗਏ। ਜੀਤੇ ਦਾ ਇੱਕ ਦਿਨ ਮੀਤੋ ਨੂੰ ਫੋਨ ਆਇਆ। ਉਸ ਨੇ ਜੀਤੇ ਦੀ ਬਹੁਤ ਝਾੜਝੰਬ ਕੀਤਾ। ਬਹੁਤ ਅਵਾ-ਤਵਾ ਬੋਲਿਆ ਪਰ ਜੀਤੇ ਨੇ ਚੁੱਪ ਕਰਕੇ ਸਭ ਸੁਣਿਆ। ਜਦੋਂ ਉਹ ਥੱਕ ਕੇ ਚੁੱਪ ਕਰ ਗਈ ਤਾਂ ਉਸ ਨੇ ਪੁੱਛਿਆ, ‘‘ਤਾਈ, ਰੂਪੀ ਪੇਕੇ ਗਈ ਜਾਂ ਨਹੀਂ?’’

ਮੀਤੋ ਗੁੱਸੇ ’ਚ ਬੋਲੀ, ‘‘ਵੇ ਨਹੀਂ ਗਈ... ਉਹ ਤਾਂ ਖੌਰੇ ਕਿਹੜੀ ਮਿੱਟੀ ਦੀ ਬਣੀ ਐ ਥੱਕ ਗਏ ਅਸੀਂ ਉਹਨੂੰ ਸਮਝਾ ਕੇ ਪਰ ਉਹ ਕੋਈ ਰੱਬੀ ਰੂਹ ਹੀ ਐ ਜਿਹੜੀ ਧੋਖਾ ਜਰ ਕੇ ਵੀ ਤੇਰੇ ਮਾਂ ਪਿਓ ਦੀ ਸੇਵਾ ਕਰਨ ਲਈ ਜ਼ਿੰਦਗੀ ਦਾਅ ’ਤੇ ਲਾਉਣ ਲਈ ਤਿਆਰ ਹੋ ਗਈ। ਉਹ ਤਾਂ ਕਹਿੰਦੀ ਕਿ ਸਾਰੀ ਜ਼ਿੰਦਗੀ ਲਾਵਾਂ ਦੀ ਲਾਜ ਰੱਖਾਂਗੀ।’’

‘‘ਓ ਹੋ... ਉਹ ਹਾਸੇ ਠੱਠੇ ਵਿੱਚ ਕਹੀਆਂ ਗੱਲਾਂ ਨੂੰ ਕਿੰਨਾ ਗੰਭੀਰ ਲੈਂਦੀ ਹੈ। ਕਮਲੀ ਹੀ ਐ ਉਹ। ਤਾਈ, ਉਸ ਨੂੰ ਸਮਝਾ ਕੇ ਤੋਰ ਦਿਓ ਬਈ ਇੱਥੇ ਕੀ ਕਰੂਗੀ।’’

‘‘ਜੋ ਮਰਜ਼ੀ ਕਰੇ। ਤੂੰ ਤਾਂ ਆਵਦੇ ਬੁੱਲ੍ਹੇ ਲੁੱਟ। ਪੁੱਤਾ, ਚੰਗਾ ਨਹੀਂ ਕੀਤਾ ਤੂੰ ਸੋਨੇ ਵਰਗੀ ਰੇਤ ਰਲਾਤੀ ਵੇ।’’

ਮੀਤੋ ਦਾ ਗੁੱਸਾ ਵਧਦਾ ਵੇਖ ਜੀਤੇ ਨੇ ਫੋਨ ਕੱਟ ਦਿੱਤਾ।

ਉਹ ਆਪਣੇ ਘਰ ਵੀ ਕਈ ਵਾਰ ਫੋਨ ਕਰਦਾ ਪਰ ਬਿੱਕਰ ਤੇ ਸ਼ਾਮੋ ’ਚੋਂ ਕੋਈ ਉਸ ਨਾਲ ਗੱਲ ਨਾ ਕਰਦਾ। ਬਿੱਕਰ ਤਾਂ ਕਈ ਵਾਰ ਉੱਚੀ ਉੱਚੀ ਗਾਲ੍ਹਾਂ ਕੱਢਣ ਲੱਗ ਜਾਂਦਾ ਤੇ ਫੇਰ ਜੀਤਾ ਕਈ ਮਹੀਨੇ ਫੋਨ ਹੀ ਨਾ ਕਰਦਾ। ਸਮਾਂ ਬੀਤਦਾ ਗਿਆ। ਛੇ ਸਾਲ ਲੰਘ ਗਏ। ਇਸ ਦੌਰਾਨ ਜੀਤੇ ਨੇ ਪੰਜ ਛੇ ਵਾਰ ਫੋਨ ’ਤੇ ਗੱਲ ਕਰਦਿਆਂ ਉਸ ਨੂੰ ਪੇਕੇ ਜਾਣ ਲਈ ਕਿਹਾ, ਪਰ ਰੂਪੀ ਇਹੀ ਆਖਦੀ, ‘‘ਮੈਂ ਤਾਂ ਲਾਵਾਂ ਦੀ ਲਾਜ ਰੱਖੂੰਗੀ। ਤੂੰ ਭਾਵੇਂ ਦਗਾ ਦੇ ਗਿਆ ਪਰ ਮੈਂ ਸਾਰੀ ਜ਼ਿੰਦਗੀ ਵਾਅਦਾ ਨਿਭਾਵਾਂਗੀ।’’ ਉਹ ਰੂਪੀ ਨੂੰ ਬਹੁਤ ਵਾਰ ਆਖਦਾ, ‘‘ਤੈਨੂੰ ਕੋਈ ਚੰਗਾ ਮੁੰਡਾ ਮਿਲ ਜਾਊ। ਤੂੰ ਜ਼ਿੱਦ ਛੱਡ ਦੇ।’’

ਇਸ ਦੇ ਬਾਵਜੂਦ ਉਹ ਨਾ ਮੰਨੀ। ਇੱਕ ਦਿਨ ਜੀਤੇ ਨੇ ਬਹੁਤ ਗੁੱਸੇ ’ਚ ਆਖਿਆ, ‘‘ਅੱਜ ਤੋਂ ਬਾਅਦ ਤੈਨੂੰ ਫੋਨ ਨਹੀਂ ਕਰਦਾ। ਮੈਂ ਖੌਰੇ ਕਿੰਨੀ ਵਾਰ ਸਮਝਾ ਸਮਝਾ ਥੱਕ ਗਿਆ। ਤੂੰ ਮੰਨਦੀ ਹੀ ਨਹੀਂ।’’ ਉਸ ਦਿਨ ਤੋਂ ਬਾਅਦ ਜੀਤੇ ਨੇ ਕਦੇ ਫੋਨ ਨਾ ਕੀਤਾ। ਮਾਪੇ ਥੋੜ੍ਹੇ ਚਿਰ ਬਾਅਦ ਹੀ ਉਸ ਨੂੰ ਮਿਲਣ ਆਉਂਦੇ ਤੇ ਇਹੀ ਸਮਝਾਉਂਦੇ ਕਿ ਸਾਡੇ ਨਾਲ ਚੱਲ। ਉਹ ਹਰ ਵਾਰ ਟਾਲ ਦਿੰਦੀ। ਉਸ ਦੇ ਪਿਤਾ ਨੇ ਵੀ ਹੁਣ ਉਸ ਦੀ ਜ਼ਿੱਦ ਅੱਗੇ ਹਾਰ ਮੰਨ ਲਈ ਤੇ ਉਸ ਨੂੰ ਪੇਕੇ ਆਉਣ ਲਈ ਕਹਿਣਾ ਛੱਡ ਦਿੱਤਾ। ਇਸੇ ਤਰ੍ਹਾਂ ਸਮਾਂ ਲੰਘਦਾ ਗਿਆ। ਰੂਪੀ ਹਰ ਸਾਲ ਆਪਣੇ ਵਿਆਹ ਦੀ ਵਰ੍ਹੇਗੰਢ ’ਤੇ ਤਿਆਰ ਹੁੰਦੀ, ਗੁਰੂਘਰ ਜਾਂਦੀ, ਨਵਾਂ ਸੂਟ ਪਾਉਂਦੀ ਤੇ ਕਿੰਨਾ ਹੀ ਚਿਰ ਉਹ ਸਮਾਂ ਯਾਦ ਕਰਦੀ ਜਦੋਂ ਜੀਤੇ ਨੇ ਉਸ ਨਾਲ ਲਾਵਾਂ ਲਈਆਂ ਸਨ। ਉਸ ਵੱਲ ਵੇਖ ਵੇਖ ਸ਼ਾਮੋ ਜਿਵੇਂ ਅੱਧੀ ਰਹਿ ਗਈ ਸੀ। ਇਨ੍ਹਾਂ ਛੇ ਸਾਲਾਂ ’ਚ ਉਨ੍ਹਾਂ ਨੇ ਵੀ ਉਸ ਨੂੰ ਪੇਕੇ ਜਾਣ ਲਈ ਹਜ਼ਾਰਾਂ ਵਾਰ ਆਖਿਆ, ਪਰ ਉਹ ਮੰਨੀ ਨਹੀਂ। ਜਿਵੇਂ ਉਸ ਦੀ ਰੂਹ ਇਸ ਘਰ ਨਾਲ ਵਿਆਹੀ ਗਈ ਹੋਵੇ। ਹੁਣ ਉਹ ਤੀਹ ਸਾਲਾਂ ਦੀ ਹੋ ਗਈ ਤੇ ਉਸ ਦਾ ਚਿਹਰਾ ਦਿਨੋਂ ਦਿਨ ਮੁਰਝਾ ਰਿਹਾ ਸੀ। ਫਿਰ ਵੀ ਉਹ ਉਨ੍ਹਾਂ ਸਾਹਮਣੇ ਕਦੇ ਜ਼ਾਹਰ ਨਾ ਹੋਣ ਦਿੰਦੀ। ਪਤਾ ਤਾਂ ਉਨ੍ਹਾਂ ਨੂੰ ਵੀ ਸੀ ਕਿ ਏਡਾ ਦੁੱਖ ਸਹਾਰਨਾ ਕਿਹੜਾ ਸੌਖਾ ਹੈ। ਇੱਕ ਦਿਨ ਬਿੱਕਰ ਸਿੰਹੁ ਨੇ ਕਾਗਜ਼ ਤਿਆਰ ਕਰਵਾ ਕੇ ਜ਼ਮੀਨ ਨਾਂ ਕਰਵਾਉਣ ਲਈ ਆਖਿਆ ਪਰ ਉਸ ਨੇ ਨਾਂਹ ਕਰ ਦਿੱਤੀ। ਕਈ ਦਿਨਾਂ ਤੋਂ ਉਹ ਕੁਝ ਜ਼ਿਆਦਾ ਹੀ ਉਦਾਸ ਸੀ। ਉਸ ਨੂੰ ਸੀਨੇ ’ਚ ਦਰਦ ਮਹਿਸੂਸ ਹੁੰਦਾ ਸੀ। ਉਸ ਨੇ ਸ਼ਾਮੋ ਨੂੰ ਇਸ ਬਾਰੇ ਦੱਸਿਆ ਤਾਂ ਉਹ ਰੂਪੀ ਤੇ ਮੀਤੋ ਨੂੰ ਨਾਲ ਲੈ ਕੇ ਡਾਕਟਰ ਕੋਲ ਚਲੀਆਂ ਗਈਆਂ। ਡਾਕਟਰ ਨੇ ਜਾਂਚ ਕੀਤੀ। ਰਿਪੋਰਟ ਇੱਕ ਹਫ਼ਤੇ ਤੱਕ ਆਉਣ ਬਾਰੇ ਕਹਿ ਕੇ ਉਨ੍ਹਾਂ ਨੂੰ ਤੋਰ ਦਿੱਤਾ। ਜਿਸ ਦਿਨ ਰਿਪੋਰਟ ਫੜਨ ਜਾਣਾ ਸੀ ਸ਼ਾਮੋ ਨੂੰ ਬੁਖ਼ਾਰ ਸੀ। ਉਸ ਨੇ ਮੀਤੋ ਨੂੰ ਰੂਪੀ ਨਾਲ ਭੇਜ ਦਿੱਤਾ। ਕਾਫ਼ੀ ਸਮੇਂ ਬਾਅਦ ਉਨ੍ਹਾਂ ਦੀ ਵਾਰੀ ਆਈ। ਰੂਪੀ ਨੂੰ ਪਹਿਲਾਂ ਹੀ ਕੋਈ ਅਣਹੋਣੀ ਹੋਈ ਜਾਪਦੀ ਸੀ। ਉਸ ਨੇ ਮੀਤੋ ਨੂੰ ਕਿਹਾ, ‘‘ਭੂਆ, ਤੂੰ ਬਾਹਰੋਂ ਦੋ ਕੱਪ ਚਾਹ ਫੜ ਲਿਆ। ਰਿਪੋਰਟ ਫੜ ਕੇ ਮੈਂ ਤੇਰੇ ਕੋਲ ਹੀ ਆਈ ਤੇ ਦਵਾਈ ਆਪਾਂ ਬਾਹਰੋਂ ਲੈ ਲਵਾਂਗੇ।’’ ਮੀਤੋ ਨੇ ਹਾਮੀ ਭਰੀ। ਰੂਪ ਕੌਰ ਦਾ ਨਾਮ ਬੋਲਿਆ ਗਿਆ ਤਾਂ ਉਹ ਡਾਕਟਰ ਕੋਲ ਅੰਦਰ ਗਈ। ਡਾਕਟਰ ਨੇ ਉਸ ਨੂੰ ਆਰਾਮ ਨਾਲ ਬੈਠਣ ਲਈ ਆਖਿਆ ਤੇ ਕਾਗਜ਼ ’ਤੇ ਕੁਝ ਲਿਖਦੇ ਹੋਏ ਬੋਲੀ, ‘‘ਬੇਟਾ, ਤੁਹਾਨੂੰ ਛਾਤੀ ਦੇ ਕੈਂਸਰ ਦੀ ਸ਼ਿਕਾਇਤ ਹੈ। ਖ਼ੂਨ ’ਚ ਬਿਮਾਰੀ ਦੇ ਕੁਝ ਅੰਸ਼ ਮਿਲੇ ਹਨ ਪਰ ਘਬਰਾਉਣ ਦੀ ਲੋੜ ਨਹੀਂ। ਇਹ ਦਵਾਈ ਖਾਓ ਇੱਕ ਦੋ ਮਹੀਨੇ। ਫੇਰ ਵੇਖਾਂਗੇ ਤੇ ਫ਼ਿਕਰ ਬਿਲਕੁਲ ਨਹੀਂ ਕਰਨੀ ਬੇਟਾ। ਖਾਣ ਪੀਣ ਚੰਗਾ ਰੱਖਿਓ।’’ ਇਹ ਕਹਿ ਕੇ ਉਸ ਨੇ ਦਵਾਈ ਵਾਲੀ ਪਰਚੀ ਤੇ ਰਿਪੋਰਟ ਉਸ ਵੱਲ ਵਧਾ ਦਿੱਤੀ। ਉਹ ਇੱਕ ਵਾਰ ਤਾਂ ਫ਼ਿਕਰ ਕਰ ਗਈ ਪਰ ਫਿਰ ਹੌਸਲੇ ਨਾਲ ਮਨ ਨੂੰ ਤਸੱਲੀ ਦੇ ਕੇ ਆਖਣ ਲੱਗੀ, ‘‘ਚੱਲੋ ਪਹਾੜ ਜਿੱਡੀ ਜ਼ਿੰਦਗੀ ਦਾ ਕੁਝ ਤਾਂ ਭਾਰ ਘਟਿਆ।’’ ਉਹ ਰਿਪੋਰਟ ਲੈ ਕੇ ਬਾਹਰ ਆਈ ਤਾਂ ਮੀਤੋ ਚਾਹ ਦੇ ਗਲਾਸ ਲਈ ਉਸ ਦਾ ਇੰਤਜ਼ਾਰ ਕਰ ਰਹੀ ਸੀ। ਉਸ ਨੇ ਕਾਹਲੀ ਨਾਲ ਪੁੱਛਿਆ, ‘‘ਰੂਪੀ ਪੁੱਤ, ਕੀ ਕਹਿੰਦੀ ਡਾਕਟਰਨੀ?’’

‘‘ਆਖਣਾ ਕੀ ਐ ਭੂਆ! ਇਹ ਤਾਂ ਐਵੇਂ ਰਿਪੋਰਟ ’ਤੇ ਪੈਸੇ ਲਵਾਏ ਇਨ੍ਹਾਂ ਨੇ। ਕੁਝ ਨ੍ਹੀਂ ਹੋਇਆ। ਕਹਿੰਦੇ, ਤੇਜ਼ਾਬ ਬਣਦਾ ਬਸ ਉਹਦੀ ਦਵਾਈ ਲੈਣੀ ਐ ਬਾਹਰੋਂ,’’ ਤੇ ਉਹ ਨਾ ਚਾਹੁੰਦੇ ਹੋਏ ਵੀ ਚਾਹ ਪੀਣ ਲੱਗੀ।

ਸਾਰੇ ਰਾਹ ਕੁਝ ਨਾ ਬੋਲੀ। ਘਰ ਪਰਤੀ ਤਾਂ ਸ਼ਾਮੋ ਫ਼ਿਕਰ ਨਾਲ ਪੁੱਛਣ ਲੱਗੀ, ‘‘ਧੀਏ, ਸਭ ਠੀਕ ਤਾਂ ਹੈ?’’

‘‘ਹਾਂ ਮਾਂ, ਸਭ ਠੀਕ ਐ। ਥੋੜ੍ਹਾ ਬਹੁਤ ਗੈਸ ਤੇਜ਼ਾਬ ਬਣਨ ਕਾਰਨ ਦਰਦ ਹੁੰਦਾ ਸੀ। ਹੁਣ ਆਰਾਮ ਐ।’’

‘‘ਚੱਲ ਸ਼ੁਕਰ ਐ ਪੁੱਤ, ਮੇਰੇ ਤਾਂ ਸਾਹ ਸੁੱਕੇ ਪਏ ਸੀ।’’

ਰੂਪੀ ਨੂੰ ਇਸੇ ਤਰ੍ਹਾਂ ਦਰਦ ਵਿੱਚ ਦਵਾਈ ਖਾਂਦਿਆਂ ਅੱਠ ਨੌਂ ਮਹੀਨੇ ਲੰਘ ਗਏ। ਉਹ ਪਹਿਲਾਂ ਨਾਲੋਂ ਕਾਫ਼ੀ ਕਮਜ਼ੋਰ ਹੋ ਗਈ।

ਫੱਗਣ ਦੀ ਰੁੱਤ ਸੀ। ਅੱਜ ਉਸ ਦੇ ਵਿਆਹ ਦੀ ਸੱਤਵੀਂ ਵਰ੍ਹੇਗੰਢ ਸੀ। ਉਹ ਅੱਜ ਬਹੁਤ ਦੇਰ ਤੱਕ ਨਹਾਉਂਦੀ ਰਹੀ। ਉਸ ਨੇ ਆਪਣੇ ਲਾਵਾਂ ਵੇਲੇ ਪਾਏ ਸੂਟ ਨੂੰ ਰੱਜ ਕੇ ਵੇਖਿਆ ਤੇ ਉਸ ਦੀ ਧਾਹ ਨਿੱਕਲ ਗਈ। ਸ਼ਾਮੋ ਨੂੰ ਯਾਦ ਸੀ ਕਿ ਅੱਜ ਉਸ ਦੀ ਵਰ੍ਹੇਗੰਢ ਹੈ ਤੇ ਹਰ ਸਾਲ ਰੂਪੀ ਤਿਆਰ ਹੋ ਕੇ ਗੁਰੂਘਰ ਜਾਂਦੀ ਹੈ। ਅੱਜ ਵੀ ਉਹ ਤਿਆਰ ਹੋਈ ਪਰ ਅੱਜ ਉਸ ਦੇ ਮੁਰਝਾਏ ਚਿਹਰੇ ’ਤੇ ਜਿਵੇਂ ਕੋਈ ਨੂਰ ਸੀ। ਜਿਵੇਂ ਉਹ ਸੱਤ ਸਾਲ ਪਹਿਲਾਂ ਵਿਆਹੀ ਆਈ ਸੀ ਅੱਜ ਵੀ ਉਵੇਂ ਹੀ ਜਚ ਰਹੀ ਸੀ। ਉਸ ਨੇ ਆਪਣੇ ਵਿਆਹ ਵਾਲਾ ਸੂਟ ਪਾਇਆ ਜੋ ਉਸ ਨੂੰ ਕੁਝ ਖੁੱਲ੍ਹਾ ਹੋ ਗਿਆ ਸੀ ਪਰ ਫੇਰ ਵੀ ਸੋਹਣਾ ਲੱਗਦਾ ਸੀ। ਕਿੰਨੇ ਸਾਲਾਂ ਬਾਅਦ ਅੱਜ ਉਸ ਨੇ ਆਪਣੇ ਹੱਥਾਂ ’ਚ ਲਾਲ ਰੰਗ ਦੀਆਂ ਚੂੜੀਆਂ ਪਾਈਆਂ, ਹਾਰ ਸ਼ਿੰਗਾਰ ਕੀਤਾ। ਆਪਣੇ ਵਿਆਹ ਵਾਲੀ ਫੋਟੋ ਜਿਸ ’ਚ ਉਸ ਨੇ ਜੀਤੇ ਦੇ ਹੱਥਾਂ ’ਚ ਹੱਥ ਪਾਇਆ ਸੀ, ਨੂੰ ਕਿੰਨਾ ਚਿਰ ਵੇਖਦੀ ਰਹੀ। ਉਸ ਦਾ ਦਿਲ ਉੱਚੀ ਉੱਚੀ ਧਾਹਾਂ ਮਾਰ ਰਿਹਾ ਸੀ। ਉਹ ਉੱਠੀ ਤੇ ਗੁਰੂਘਰ ਜਾਣ ਲਈ ਸ਼ਾਮੋ ਨੂੰ ਆਵਾਜ਼ ਦਿੱਤੀ, ‘‘ਮਾਂ, ਆਉ ਚੱਲੀਏ।’’ ਪਰ ਤੁਰਦੇ ਸਮੇਂ ਉਸ ਨੂੰ ਧਰਤੀ ਘੁੰਮਦੀ ਨਜ਼ਰ ਆਉਂਦੀ ਸੀ। ਉਹ ਮਸਾਂ ਗੁਰੂਘਰ ਪਹੁੰਚੀ ਤੇ ਫੇਰ ਮੱਥਾ ਟੇਕ ਕਾਹਲੀ ਨਾਲ ਘਰ ਮੁੜ ਆਈਆਂ। ਸ਼ਾਮੋ ਨੇ ਉਸ ਨੂੰ ਪੁੱਛਿਆ, ‘‘ਰੂਪੀ, ਕੀ ਗੱਲ ਪੁੱਤ? ਤੂੰ ਘਬਰਾਈ ਜਿਹੀ ਲੱਗਦੀ ਐਂ।’’ ਉਹ ਬੋਲੀ, ‘‘ਨਾ ਮਾਂ ਕੁਝ ਨਹੀਂ। ਬਸ ਉਂਝ ਹੀ।’’

ਘਰੇ ਪਹੁੰਚ ਉਹ ਸਿੱਧੀ ਆਪਣੇ ਕਮਰੇ ’ਚ ਗਈ, ਅਲਮਾਰੀ ਖੋਲ੍ਹੀ ਤੇ ਕਿੰਨਾ ਚਿਰ ਕਮਰੇ ’ਚੋਂ ਬਾਹਰ ਨਾ ਆਈ ਤਾਂ ਸ਼ਾਮੋ ਨੇ ਰੋਟੀ-ਟੁੱਕ ਆਪ ਹੀ ਬਣਾਇਆ। ਉਸ ਦੀ ਰੋਟੀ ਲੈ ਕੇ ਕਮਰੇ ਵੱਲ ਨੂੰ ਹੋ ਤੁਰੀ। ਕਮਰੇ ’ਚ ਪਹੁੰਚ ਥਾਲੀ ਉਸ ਦੇ ਹੱਥੋਂ ਛੁੱਟ ਗਈ। ਰੂਪੀ ਡਿੱਗੀ ਪਈ ਸੀ। ਸ਼ਾਮੋ ਨੇ ਉਸ ਨੂੰ ਹਲੂਣਿਆ। ‘‘ਰੂਪੀ ਰੂਪੀ’’ ਕਹਿ ਧਾਹਾਂ ਮਾਰਨ ਲੱਗੀ। ਬਿੱਕਰ ਵੀ ਬਾਹਰੋਂ ਅੰਦਰ ਆਇਆ। ਕਾਹਲੀ ਨਾਲ ਪਿੰਡੋਂ ਡਾਕਟਰ ਬੁਲਾਇਆ ਪਰ ਭਾਣਾ ਵਰਤ ਚੁੱਕਿਆ ਸੀ। ਰੂਪੀ ਨੇ ਅੱਜ ਪਹਾੜ ਜਿੱਡੀ ਜ਼ਿੰਦਗੀ ਨੂੰ ਅਲਵਿਦਾ ਆਖ ਦਿੱਤਾ ਸੀ। ਉਹ ਜਿਹੜੇ ਸੂਟ ’ਚ ਜੀਤੇ ਦੀ ਵਹੁਟੀ ਬਣ ਇਸ ਘਰ ’ਚ ਆਈ ਸੀ ਅੱਜ ਓਸੇ ’ਚ ਇੱਥੋਂ ਵਿਦਾ ਹੋ ਗਈ ਸੀ। ਅਲਮਾਰੀ ਵਿੱਚੋਂ ਕੱਢੇ ਕਿੰਨੇ ਹੀ ਖ਼ਤ ਉਸ ਦੇ ਆਸੇ-ਪਾਸੇ ਖਿੱਲਰੇ ਪਏ ਸਨ, ਜੋ ਉਹ ਜੀਤੇ ਨੂੰ ਲਿਖਦੀ ਸੀ ਪਰ ਕਦੇ ਭੇਜਦੀ ਨਹੀਂ ਸੀ। ਸ਼ਾਇਦ ਉਸ ਨੇ ਗੁਰੂਘਰ ਤੋਂ ਆ ਕੇ ਜੀਤੇ ਨਾਲ ਜੁੜੀ ਹਰ ਯਾਦ ਨੂੰ ਆਪਣੇ ਦਿਲ ਨਾਲ ਲਾਇਆ ਹੋਵੇਗਾ ਤੇ ਕਿੰਨੀਆਂ ਹੀ ਪੀੜਾਂ ਸੀਨੇ ’ਚ ਲੈ ਕੇ ਉਹ ਅੱਖਾਂ ਮੀਟ ਗਈ ਸੀ। ਖੌਰੇ ਦੁੱਖ ਸਹਿੰਦਿਆਂ ਉਸ ਨੇ ਐਸਾ ਭਿਆਨਕ ਰੋਗ ਲਾ ਲਿਆ ਸੀ। ਬਿੱਕਰ ਸਿੰਹੁ ਤੇ ਸ਼ਾਮੋ ਨੂੰ ਕੋਈ ਹੋਸ਼ ਨਹੀਂ ਸੀ। ਸ਼ਾਮੋ ਵੈਣ ਪਾਉਂਦੀ ਆਖ ਰਹੀ ਸੀ, ‘‘ਵੇ ਰੂਪੀ ਨੇ ਮਰ ਕੇ ਵੀ ਲਾਵਾਂ ਦੀ ਲਾਜ ਰੱਖ ਲਈ... ਵੇ ਤੂੰ ਜਿਊਂਦੇ ਜੀਅ ਹੀ ਉਸ ਦੀ ਲਾਜ ਨਾ ਰੱਖ ਸਕਿਆ... ਪੁੱਤਾ ਧੋਖਾ ਕਰ ਗਿਆ ਵੇ ਰੱਬ ਵਰਗੀ ਨਾਲ...’’ ਇੰਨਾ ਆਖ ਉਹ ਬੇਸੁੱਧ ਹੋ ਗਈ। ਮੀਤੋ ਵੀ ਵੈਣ ਪਾਉਂਦੀ ਆਖ ਰਹੀ ਸੀ, ‘‘ਨੀ ਧੀਏ, ਲਾਵਾਂ ਦੀ ਲਾਜ ਕਿਵੇਂ ਰੱਖਦੇ ਨੇ ਤੂੰ ਸਾਬਿਤ ਕਰਤਾ... ਧੀਏ ਤੇਰਾ ਦੇਣ ਕਿਵੇਂ ਦੇਵਾਂਗੇ ਅਸੀਂ...!’’ ਇਸ ਮੌਕੇ ਜਿਵੇਂ ਸਾਰਾ ਪਿੰਡ ਹੀ ਆਣ ਖੜ੍ਹਾ ਸੀ। ਸਾਰੇ ਆਖ ਰਹੇ ਸਨ, ‘‘ਭਾਈ, ਕੁੜੀ ਕਾਹਦੀ ਸੀ ਨਿਰਾ ਰੱਬ ਸੀ। ਨਹੀਂ ਅੱਜਕੱਲ੍ਹ ਕੌਣ ਉਡੀਕਦੈ ਕਿਸੇ ਨੂੰ...।’’

ਸੰਪਰਕ: 98776-54596

Advertisement
×